ਆਫੀਆ ਸਦੀਕੀ ਦਾ ਜਹਾਦ-17

ਤੁਸੀਂ ਪੜ੍ਹ ਚੁੱਕੇ ਹੋæææਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239
ਉਜ਼ੇਰ ਪਰਾਚਾ ਦੇ ਕੇਸ ਦਾ ਉਨ੍ਹਾਂ ਦਿਨਾਂ ‘ਚ ਅਖਬਾਰਾਂ ‘ਚ ਖੂਬ ਰੌਲਾ ਪੈ ਰਿਹਾ ਸੀ। ਖਾਲਿਦ ਸ਼ੇਖ ਮੁਹੰਮਦ (ਕੇæਐਸ਼ਐਮæ) ਤੋਂ ਲੈ ਕੇ ਹੁਣ ਤੱਕ ਫੜੇ ਗਏ ਬੰਦਿਆਂ ‘ਚੋਂ ਸਭ ਤੋਂ ਪਹਿਲਾਂ ਮੁਕੱਦਮਾ ਉਜ਼ੇਰ ਪਰਾਚਾ ‘ਤੇ ਚੱਲਿਆ। ਨਿਊ ਯਾਰਕ ਦੀ ਕੋਰਟ ਵਿਚ ਉਸ ਨੇ ਉਹੀ ਬਿਆਨ ਦਿੱਤਾ ਜੋ ਉਸ ਨੇ ਪਹਿਲਾਂ ਐਫ਼ਬੀæਆਈæ ਕੋਲ ਦਿੱਤਾ ਸੀ। ਉਸ ਨੇ ਕਿਹਾ ਕਿ ਨਾ ਹੀ ਉਸ ਨੂੰ ਅਲ-ਕਾਇਦਾ ਬਾਰੇ ਕੋਈ ਪਤਾ ਸੀ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਪਲਾਟ ਬਾਰੇ। ਉਸ ਨੇ ਕੋਰਟ ਨੂੰ ਦੱਸਿਆ ਕਿ ਉਸ ਨੇ ਸਿਰਫ ਮਜੀਦ ਖਾਨ ਦੀ ਐਪਲੀਕੇਸ਼ਨ, ਇੰਮੀਗਰੇਸ਼ਨ ਨੂੰ ਭੇਜੀ ਸੀ ਅਤੇ ਦੂਜਾ ਉਸ ਨੇ ਮਾਜੀਦ ਖਾਨ ਬਣ ਕੇ ਇੰਮੀਗਰੇਸ਼ਨ ਨੂੰ ਫੋਨ ਕੀਤਾ ਸੀ। ਉਹ ਸੋਚਦਾ ਸੀ ਕਿ ਉਸ ਦਾ ਇੰਨਾ ਹੀ ਜੁਰਮ ਹੈ ਕਿ ਉਸ ਨੇ ਇੰਮੀਗਰੇਸ਼ਨ ਨੂੰ ਝੂਠ ਬੋਲਿਆ, ਪਰ ਉਸ ਦਾ ਵਕੀਲ ਸਭ ਸਮਝਦਾ ਸੀ। ਵਕੀਲ ਨੇ ਗਵਾਹਾਂ ਵਗੈਰਾ ਨੂੰ ਅਦਾਲਤ ‘ਚ ਪੇਸ਼ ਕਰਨ ਦੀ ਮੰਗ ਕੀਤੀ, ਪਰ ਸਰਕਾਰੀ ਵਕੀਲ ਇਹ ਕੁਝ ਨਹੀਂ ਹੋਣ ਦੇਣਾ ਚਾਹੁੰਦਾ ਸੀ; ਕਿਉਂਕਿ ਗਵਾਹ ਤਾਂ ਅਫਗਾਨਿਸਤਾਨ ਦੀਆਂ ਉਜਾੜਾਂ ‘ਚ ਕਿਧਰੇ ਗੁਪਤ ਜੇਲ੍ਹਾਂ ਅੰਦਰ ਬੰਦ ਸਨ। ਗਵਾਹਾਂ ਤੋਂ ਉਸ ਦਾ ਮਤਲਬ ਸੀ, ਕੇæਐਸ਼ਐਮæ ਉਸ ਦਾ ਭਾਣਜਾ ਅਲੀ ਜਾਂ ਮਜੀਦ ਖਾਨ। ਸਰਕਾਰ ਡਰਦੀ ਸੀ ਕਿ ਜੇ ਇਨ੍ਹਾਂ ਗਵਾਹਾਂ ਨੂੰ ਅਦਾਲਤ ‘ਚ ਪੇਸ਼ ਕਰਨਾ ਪਿਆ ਤਾਂ ਬਹੁਤ ਸਾਰੇ ਭੇਤ ਬਾਹਰ ਆ ਜਾਣਗੇ। ਉਜ਼ੇਰ ਦਾ ਵਕੀਲ ਸਰਕਾਰ ਦਾ ਡਰ ਤਾੜ ਗਿਆ। ਉਸ ਨੇ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਗਵਾਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇ, ਤੇ ਜਾਂ ਫਿਰ ‘ਪਲੀ ਬਾਰਗੇਨਿੰਗ’ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਨੇ ਵੀ ‘ਪਲੀ ਬਾਰਗੇਨਿੰਗ’ ਬਾਰੇ ਸੋਚ ਲਿਆ।
ਵਕੀਲ ਨੇ ਉਜ਼ੇਰ ਨੂੰ ‘ਗਿਲਟੀ ਪਲੀ’ ਕਰ ਦੇਣ ਲਈ ਸਮਝਾਇਆ ਤੇ ਦੱਸਿਆ ਕਿ ਇਸ ਤਰ੍ਹਾਂ ਸਰਕਾਰ ਨਾਲ ਡੀਲ ਹੋ ਜਾਵੇਗੀ ਤੇ ਉਹ ਸਜ਼ਾ ਘੱਟ ਕਰ ਦੇਵੇਗੀ, ਪਰ ਉਜ਼ੇਰ ਉਸ ਦੀ ਗੱਲ ਨਾ ਮੰਨਿਆ। ਉਸ ਦਾ ਸੋਚਣਾ ਸੀ ਕਿ ਸਿਰਫ ਕਿਸੇ ਹੋਰ ਦੇ ਨਾਂ ‘ਤੇ ਇੰਮੀਗਰੇਸ਼ਨ ਨੂੰ ਫੋਨ ਕਰ ਦੇਣ ਦੀ ਕਿੰਨੀ ਕੁ ਸਜ਼ਾ ਹੋ ਸਕਦੀ ਹੈ। ਦੂਜੀ ਗੱਲ ਇਹ ਵੀ ਸੀ ਕਿ ਉਸ ਨੂੰ ਜੋ ਵਕੀਲ ਮਿਲਿਆ ਸੀ, ਉਹ ਸਰਕਾਰ ਵੱਲੋਂ ਦਿੱਤਾ ਗਿਆ ਸੀ। ਇਸ ਕਰ ਕੇ ਉਜ਼ੇਰ ਉਸ ‘ਤੇ ਪੂਰਾ ਭਰੋਸਾ ਨਹੀਂ ਕਰ ਰਿਹਾ ਸੀ। ਉਹ ਛੋਟੀ ਉਮਰ ਦਾ ਅਣਭੋਲ ਜਿਹਾ ਮੁੰਡਾ ਸੀ ਅਤੇ ਨਾ ਹੀ ਉਹ ਇਸ ਕਿਸਮ ਦੇ ਕਾਨੂੰਨੀ ਪੇਚਾਂ ‘ਚ ਕਦੇ ਪਿਆ ਸੀ। ਇਸ ਕਰ ਕੇ ਉਸ ਵੇਲੇ ਉਹ ਮੌਕੇ ਦੀ ਨਜ਼ਾਕਤ ਨਾ ਸਮਝ ਸਕਿਆ ਤੇ ਇਹ ਨਾ ਜਾਣ ਸਕਿਆ ਕਿ ਉਹ ਕਿੰਨੇ ਵੱਡੇ ਚੱਕਰਵਿਊ ‘ਚ ਫਸਿਆ ਹੋਇਆ ਹੈ। ਉਸ ਨੇ ‘ਗਿਲਟੀ ਪਲੀ’ ਕਰਨ ਤੋਂ ਇਨਕਾਰ ਕਰ ਦਿੱਤਾ। ਕੇਸ ਚੱਲਿਆ ਤਾਂ ਜਿਊਰੀ ਨੇ ਉਸ ਨੂੰ ਦੋਸ਼ੀ ਸਾਬਤ ਕਰਦਿਆਂ ਉਮਰ ਕੈਦ ਸੁਣਾ ਦਿੱਤੀ।
ਇਹ ਕੇਸ ਬੰਦ ਡੱਬੇ ਵਾਂਗੂੰ ਬੰਦ ਹੀ ਰਹਿ ਗਿਆ ਤਾਂ ਮੁਹੰਮਦ ਮਾਯੂਸ ਹੋ ਗਿਆ। ਉਸ ਦੀ ਆਫੀਆ ਬਾਰੇ ਕੁਝ ਪਤਾ ਲੱਗਣ ਦੀ ਉਮੀਦ ਅਧੂਰੀ ਰਹਿ ਗਈ। ਉਸ ਨੂੰ ਵੀ ਆਫੀਆ ਦਾ ਬਹੁਤ ਫਿਕਰ ਸੀ। ਨਾਲ ਹੀ ਮਾਂ ਅਤੇ ਫੌਜ਼ੀਆ ਦਾ ਵੀ, ਪਰ ਉਸ ਦੇ ਘਰ ਦੇ ਹਾਲਾਤ ਇਜਾਜ਼ਤ ਨਹੀਂ ਦਿੰਦੇ ਸਨ ਕਿ ਉਹ ਨੌਕਰੀ ਛੱਡ ਕੇ ਇੱਧਰ ਉਧਰ ਭਟਕਦਾ ਫਿਰੇ। ਉਹ ਕਈ ਦਿਨ ਉਦਾਸ ਰਿਹਾ। ਫਿਰ ਉਸ ਨੇ ਆਪਣੀ ਘਰਵਾਲੀ ਨਾਲ ਗੱਲ ਤੋਰੀ। ਹੌਲੀ-ਹੌਲੀ ਉਸ ਨੇ ਘਰਵਾਲੀ ਨੂੰ ਇਸ ਗੱਲ ਲਈ ਮਨਾ ਲਿਆ ਕਿ ਉਹ ਬੱਸ ਇੱਕ ਵਾਰ ਆਫੀਆ ਦੀ ਭਾਲ ਲਈ ਜਾਵੇਗਾ। ਮੁੜ ਕੇ ਕਦੇ ਉਹ ਇਸ ਮਾਮਲੇ ‘ਚ ਨਹੀਂ ਪਵੇਗਾ। ਨੌਕਰੀ ਤੋਂ ਛੁੱਟੀ ਲੈ ਕੇ ਉਹ ਪਾਕਿਸਤਾਨ ਜਾ ਪਹੁੰਚਿਆ। ਉਥੇ ਜਾ ਕੇ ਉਸ ਨੇ ਮਾਂ ਅਤੇ ਫੌਜ਼ੀਆ ਨਾਲ ਅੱਗੇ ਦੀ ਸਕੀਮ ਬਣਾਈ। ਫੈਸਲਾ ਹੋਇਆ ਕਿ ਉਹ ਆਪਣੇ ਮਾਮੇ ਫਾਰੂਕੀ ਦੀ ਮਦਦ ਲਵੇ। ਅਗਲੇ ਦਿਨ ਉਹ ਇਸਲਾਮਾਬਾਦ ਚਲਿਆ ਗਿਆ। ਫਾਰੂਕੀ ਵੀ ਇਸ ਮਾਮਲੇ ‘ਚ ਪੈ ਕੇ ਹੁਣ ਤੱਕ ਬਹੁਤ ਮੁਸੀਬਤਾਂ ਝੱਲ ਚੁਕਾ ਸੀ, ਪਰ ਉਹ ਸੋਚਦਾ ਸੀ ਕਿ ਆਫੀਆ ਉਸ ਦੀ ਸਕੀ ਭਾਣਜੀ ਹੈ, ਜੇ ਉਹ ਮਦਦ ਨਾ ਕਰੇਗਾ ਤਾਂ ਹੋਰ ਕੌਣ ਕਰੇਗਾ। ਆਖਰ ਵਿਚਾਰ-ਚਰਚਾ ਤੋਂ ਬਾਅਦ ਉਸ ਨੇ ਮੁਹੰਮਦ ਨੂੰ ਕਿਹਾ, “ਇੱਥੇ ਜ਼ਹੀਰ ਖਾਂ ਨਾਮ ਦਾ ਬੰਦਾ ਐ, ਉਹ ਸ਼ਾਇਦ ਆਪਣੀ ਕੋਈ ਮਦਦ ਕਰ ਸਕੇ, ਪਰæææ।” ਫਾਰੂਕੀ ਗੱਲ ਕਰਦਾ ਕਰਦਾ ਚੁੱਪ ਹੋ ਗਿਆ।
“ਪਰ ਕੀ ਅੰਕਲ?” ਮੁਹੰਮਦ ਨੇ ਉਸ ਦੀ ਚੁੱਪ ਤੋੜੀ।
“ਗੱਲ ਇਹ ਐ ਕਿ ਇੱਥੇ ਇੱਕ ਜਥੇਬੰਦੀ ਬਣੀ ਐ ਜਿਸ ਦਾ ਮੁੱਖ ਮਕਸਦ ਗੁੰਮ ਹੋ ਚੁੱਕੇ ਬੰਦਿਆਂ ਨੂੰ ਭਾਲਣਾ ਹੈ। ਜ਼ਹੀਰ ਖਾਂ ਉਸ ਜਥੇਬੰਦੀ ਦਾ ਮੁਖੀ ਐ, ਪਰ ਨਾਲ ਈ ਇਹ ਵੀ ਸੁਣਿਐਂ ਕਿ ਇਹ ਬੰਦਾ ਪਹਿਲਾਂ ਆਈæਐਸ਼ਆਈæ ਦਾ ਅਫਸਰ ਰਹਿ ਚੁੱਕਾ ਐ।”
“ਫਿਰ ਕੀ ਐ ਅੰਕਲ; ਆਪਾਂ ਤਾਂ ਪਤਾ ਈ ਲਗਾਉਣਾ ਐਂ ਕਿ ਸ਼ਾਇਦ ਇਨ੍ਹਾਂ ਨੂੰ ਆਫੀਆ ਦੇ ਬਾਰੇ ‘ਚ ਕੁਛ ਮਾਲੂਮੀਆਤ ਹੋਵੇ।”
“ਪੁੱਤਰਾ ਗੱਲ ਇਹ ਐ ਕਿ ਆਈæਐਸ਼ਆਈæ ਦੇ ਲਫੜਿਆਂ ਤੋਂ ਹਰ ਕੋਈ ਡਰਦਾ ਐ। ਕੀ ਪਤਾ ਐ ਕਿ ਇਹ ਬੰਦਾ, ਜ਼ਹੀਰ ਖਾਂ ਵਿਖਾਵੇ ਦੇ ਤੌਰ ‘ਤੇ ਈ ਗੁੰਮਸ਼ੁਦਾ ਬੰਦਿਆਂ ਦੀ ਭਾਲ ‘ਚ ਲੱਗਿਆ ਹੋਵੇ ਤੇ ਅਸਲ ਖੇਲ੍ਹ ਇਸ ਦਾ ਕੋਈ ਹੋਰ ਹੋਵੇ।”
“ਅੰਕਲ ਹੋਰ ਕੋਈ ਰਾਹ ਵੀ ਤਾਂ ਨ੍ਹੀਂ ਐ। ਪਤਾ ਨ੍ਹੀਂ ਆਪਣੇ ਮੁਲਕ ਨੂੰ ਕੀ ਹੋ ਗਿਐ ਕਿ ਕਿਸੇ ‘ਤੇ ਭਰੋਸਾ ਈ ਨ੍ਹੀਂ ਕੀਤਾ ਜਾ ਸਕਦਾ। ਕੋਈ ਪਤਾ ਨ੍ਹੀਂ ਕੌਣ ਕਿਸ ਦੇ ਲਈ ਕੰਮ ਕਰ ਰਿਹੈ। ਸਰਕਾਰ ਦੇ ਬੰਦੇ ਸਰਕਾਰ ਦੇ ਵਿਚ ਰਹਿੰਦੇ ਹੋਏ ਅਤਿਵਾਦੀਆਂ ਦੀ ਮਦਦ ਕਰ ਰਹੇ ਨੇ। ਉਧਰ ਅਤਿਵਾਦੀ ਗੌਰਮਿੰਟ ਦੀ ਮਦਦ ਕਰਨ ਲੱਗੇ ਹੋਏ ਨੇ। ਮੈਂ ਤਾਂ ਅਜਿਹੀਆਂ ਗੱਲਾਂ ਸੁਣ ਸੁਣ ਕੇ ਅੱਕ ਚੁੱਕਾਂ। ਜੇ ਮੇਰੀ ਆਪਣੀ ਭੈਣ ਦਾ ਮਸਲਾ ਨਾ ਹੋਵੇ ਤਾਂ ਮੈਂ ਇਸ ਮੁਲਕ ‘ਚ ਇੱਕ ਪਲ ਵੀ ਨਾ ਰੁਕਾਂ।”
“ਠੀਕ ਐ ਫਿਰ ਤੂੰ ਜ਼ਹੀਰ ਖਾਂ ਨੂੰ ਮਿਲ ਕੇ ਵੇਖ ਲੈ। ਖਬਰੇ ਗੱਲ ਕਿਸੇ ਰਾਹ ਪੈ ਜਾਵੇ। ਉਂਜ ਉਸ ਤੋਂ ਸਾਵਧਾਨ ਰਹੀਂ। ਮੇਰਾ ਮਤਲਬ ਆਪਣੇ ਬਾਰੇ ਜ਼ਿਆਦਾ ਗੱਲ ਨਾ ਕਰੀਂ। ਬੱਸ ਗੱਲ ਆਫੀਆ ਤੱਕ ਈ ਸੀਮਤ ਰੱਖੀਂ।”
“ਠੀਕ ਐ ਅੰਕਲ ਤੁਸੀਂ ਮੈਨੂੰ ਉਸ ਦਾ ਪਤਾ-ਠਿਕਾਣਾ ਲਿਆ ਦਿਉ। ਫਿਰ ਮੈਂ ਵੇਖਦਾ ਆਂ ਕਿ ਅੱਗੇ ਕੀ ਕਰਾਂ।”
ਅਗਲੇ ਦਿਨ ਫਾਰੂਕੀ ਨੇ ਮੁਹੰਮਦ ਨੂੰ ਜ਼ਹੀਰ ਖਾਂ ਦਾ ਅਤਾ-ਪਤਾ ਲਿਆ ਦਿੱਤਾ। ਉਸ ਨੇ ਫੋਨ ਕਰ ਕੇ ਉਸ ਤੋਂ ਇਹ ਕਹਿੰਦਿਆਂ ਮੁਲਾਕਾਤ ਲਈ ਵਕਤ ਮੰਗਿਆ ਕਿ ਉਹ ਆਪਣੇ ਕਿਸੇ ਸਰਕਾਰ ਦੁਆਰਾ ਗੁੰਮ ਕਰ ਦਿੱਤੇ ਗਏ ਰਿਸ਼ਤੇਦਾਰ ਬਾਰੇ ਪਤਾ ਕਰਨਾ ਚਾਹੁੰਦਾ ਹੈ। ਉਸ ਨੂੰ ਸ਼ਾਮ ਦਾ ਵਕਤ ਮਿਲ ਗਿਆ। ਸ਼ਾਮ ਵੇਲੇ ਉਹ ਜ਼ਹੀਰ ਖਾਂ ਦੇ ਦੋ ਮੰਜ਼ਿਲਾ ਘਰ ‘ਚ ਦਾਖਲ ਹੋਇਆ। ਇਹ ਰੋਜ਼ਿਆਂ ਦੇ ਦਿਨ ਸਨ। ਉਸ ਦੇ ਘਰ ‘ਚ ਕਾਫੀ ਸਾਰੇ ਲੋਕ ਰੋਜ਼ਾ ਖੋਲ੍ਹਣ ਲਈ ਇਕੱਠੇ ਹੋਏ ਬੈਠੇ ਸਨ। ਰੋਜ਼ਾ ਖੋਲ੍ਹਣ ਤੋਂ ਪਿੱਛੋਂ ਜ਼ਹੀਰ ਖਾਂ ਨੇ ਮੁਹੰਮਦ ਨੂੰ ਆਪਣੇ ਕਮਰੇ ‘ਚ ਬੁਲਾ ਲਿਆ। ਉਸ ਨੇ ਮੁਹੰਮਦ ਵੱਲ ਗਹੁ ਨਾਲ ਵੇਖਿਆ ਤੇ ਫਿਰ ਹੌਲੀ ਜਿਹੇ ਬੋਲਿਆ, “ਬੋਲੋ ਬਰਖੁਰਦਾਰ, ਤੁਸੀਂ ਕਿਸ ਗੱਲ ਦੇ ਸਿਲਸਲੇ ਵਿਚ ਮੈਨੂੰ ਮਿਲਣ ਆਏ ਓ?”
“ਜੀ ਮੈਂ ਫੋਨ ‘ਤੇ ਵੀ ਦੱਸਿਆ ਸੀ ਕਿ ਮੇਰੀ ਭੈਣ ਗੁੰਮ ਐ। ਉਸ ਨੂੰ ਗੁੰਮ ਹੋਈ ਨੂੰ ਕਾਫੀ ਸਮਾਂ ਬੀਤ ਗਿਐ। ਉਸੇ ਬਾਰੇ ਥਾਂ ਥਾਂ ਪਤਾ ਕਰਦਾ ਘੁੰਮ ਰਿਹਾ ਆਂ।”
“ਕੀ ਨਾਂ ਐ ਤੇਰੀ ਭੈਣ ਦਾ?”
“ਜੀ ਉਸ ਦਾ ਨਾਂ ਆਫੀਆ ਸਦੀਕੀ ਐ।”
“ਹੈਂ! ਆਫੀਆ ਸਦੀਕੀ?” ਜ਼ਹੀਰ ਖਾਂ ਇਉਂ ਬੋਲਿਆ ਜਿਵੇਂ ਠੂੰਹੇਂ ਨੇ ਡੰਗ ਮਾਰਿਆ ਹੋਵੇ। ਫਿਰ ਉਹ ਹੌਲੀ ਹੌਲੀ ਸੰਭਲ ਗਿਆ। ਮੁਹੰਮਦ ਵੀ ਹੈਰਾਨ ਹੋਇਆ ਕਿ ਆਫੀਆ ਦਾ ਨਾਂ ਸੁਣ ਕੇ ਇਹ ਇਉਂ ਕਿਉਂ ਬੁੜਕ ਕੇ ਉਠਿਆ! ਕੰਧ ਵੱਲ ਵੇਖਦਾ ਜ਼ਹੀਰ ਖਾਂ ਬੋਲਿਆ, “ਮੈਂ ਤਾਂ ਇਹ ਨਾਂ ਈ ਪਹਿਲੀ ਵਾਰ ਸੁਣਿਆ ਐ। ਮੈਨੂੰ ਇਸ ਲੜਕੀ ਬਾਰੇ ਕੋਈ ਪਤਾ ਨ੍ਹੀਂ। ਕਿਸੇ ਹੋਰ ਬਾਰੇ ਗੱਲ ਕਰਨੀ ਐ ਤਾਂ ਦੱਸ?”
“ਮੇਰੀ ਭੈਣ ਤੋਂ ਬਿਨਾਂ ਮੈਨੂੰ ਹੋਰ ਕਿਸੇ ਨਾਲ ਕੋਈ ਸਰੋਕਾਰ ਨ੍ਹੀਂ।”
“ਆਹ ਸਾਰੀਆਂ ਔਰਤਾਂ ਨੂੰ ਵੇਖ ਰਿਹੈਂ?” ਜ਼ਹੀਰ ਖਾਂ ਨੇ ਸਾਹਮਣੇ ਇਸ਼ਾਰਾ ਕਰਦਿਆਂ ਗੱਲ ਹੋਰ ਹੀ ਪਾਸੇ ਮੋੜ ਲਈ।
“ਜੀ।” ਮੁਹੰਮਦ ਉਤਾਵਲਾ ਜਿਹਾ ਹੁੰਦਾ ਬੋਲਿਆ।
“ਇਨ੍ਹਾਂ ਸਭਨਾਂ ਨੇ ਕੋਈ ਨਾ ਕੋਈ ਖੋਇਆ ਐ। ਕਿਸੇ ਦਾ ਘਰਵਾਲਾ ਜਹਾਦ ‘ਚ ਸ਼ਹੀਦ ਹੋ ਗਿਆ। ਕਿਸੇ ਦਾ ਪੁੱਤਰ ਅਫਗਾਨਿਸਤਾਨ ਦੀ ਜੰਗ ਦੀ ਬਲੀ ਚੜ੍ਹ ਗਿਆ। ਪਤਾ ਨ੍ਹੀਂ ਕਿੰਨਿਆਂ ਕੁ ਘਰਾਂ ਦੇ ਜੀਅ, ਆਈæਐਸ਼ਆਈæ ਖਾ ਗਈ। ਇੱਥੇ ਹਰ ਕੋਈ ਆਪਣੇ ਗੁਆਚਿਆਂ ਨੂੰ ਭਾਲਦਾ ਫਿਰਦਾ ਐ।”
“ਜੀ ਉਹ ਸਭ ਤਾਂ ਠੀਕ ਐ, ਪਰ ਇਸ ਗੱਲ ਨਾਲ ਮੇਰਾ ਕੀ ਤੁਅੱਲਕ ਐ। ਮੈਨੂੰ ਤਾਂ ਪਤਾ ਲੱਗਿਆ ਸੀ ਕਿ ਤੁਹਾਡੀ ਜਥੇਬੰਦੀ ਆਈæਐਸ਼ਆਈæ ਜਾਂ ਅਮਰੀਕਨ ਐਫ਼ਬੀæਆਈæ ਦੁਆਰਾ ਚੁੱਕ ਕੇ ਗੁੰਮ ਕਰ ਦਿੱਤੇ ਗਏ ਲੋਕਾਂ ਦੀ ਭਾਲ ਕਰਨ ‘ਚ ਮਦਦ ਕਰਦੀ ਐ। ਬੱਸ ਇਸੇ ਕਰ ਕੇ ਮੈਂ ਤੁਹਾਡੇ ਕੋਲ ਆਇਆ ਆਂ।”
“ਤੂੰ ਇਉਂ ਕਰ, ਆਪਣਾ ਪਤਾ ਠਿਕਾਣਾ ਲਿਖਾ ਦੇ, ਤੇ ਕੱਲ੍ਹ ਨੂੰ ਇੱਥੇ ਈ ਮੈਨੂੰ ਮਿਲੀਂ। ਮੈਂ ਤੈਨੂੰ ਸਾਡੇ ਅੱਗੇ ਦੇ ਕਿਸੇ ਲੀਡਰ ਨਾਲ ਮਿਲਾਊਂਗਾ। ਉਹ ਸ਼ਾਇਦ ਤੇਰੀ ਭੈਣ ਨੂੰ ਲੱਭਣ ‘ਚ ਕੋਈ ਮਦਦ ਕਰ ਸਕੇ।”
“ਜੀ ਠੀਕ ਐ, ਪਰ ਇੱਕ ਸੁਆਲ ਐ ਜੇ ਇਜਾਜ਼ਤ ਹੋਵੇ ਤਾਂæææ?”
“ਹਾਂ ਬੋਲੋ।”
“ਇਹ ਗੁੰਮਸ਼ੁਦਾ ਲੋਕਾਂ ਦੀ ਭਾਲ ਤੁਸੀਂ ਕਾਨੂੰਨੀ ਢੰਗ ਨਾਲ ਕਰਦੇ ਓਂ? ਮੇਰਾ ਮਤਲਬ ਅਦਾਲਤ ਰਾਹੀਂ ਪਟੀਸ਼ਨ ਵਗੈਰਾ ਪਾ ਕੇ ਕਰਦੇ ਓਂ ਕਿ ਵੈਸੇ ਆਪਣੇ ਤੌਰ ‘ਤੇ ਈ?”
“ਸਾਡਾ ਕੋਈ ਵੀ ਢੰਗ ਹੋਵੇ, ਤੈਨੂੰ ਤੇਰੇ ਕੰਮ ਤੱਕ ਮਤਲਬ ਹੋਣਾ ਚਾਹੀਦਾ ਐ। ਤੂੰ ਕੱਲ੍ਹ ਨੂੰ ਆ ਜਾਵੀਂ।” ਇੰਨਾ ਕਹਿੰਦਾ ਜ਼ਹੀਰ ਖਾਂ ਉਠ ਕੇ ਚਲਾ ਗਿਆ ਤੇ ਮੁਹੰਮਦ ਘਰ ਮੁੜ ਆਇਆ। ਫਾਰੂਕੀ ਵੀ ਉਸ ਨਾਲ ਕਰਾਚੀ ਹੀ ਆ ਗਿਆ ਸੀ, ਇਸ ਕਰ ਕੇ ਜਦੋਂ ਮੁਹੰਮਦ ਮੁੜਿਆ ਤਾਂ ਉਹ ਵੀ ਘਰ ਹੀ ਸੀ। ਉਸ ਨੇ ਘਰ ਆ ਕੇ ਜ਼ਹੀਰ ਖਾਂ ਨੂੰ ਹੋਈ ਗੱਲਬਾਤ ਦੱਸੀ ਤਾਂ ਫਾਰੂਕੀ ਬੋਲਿਆ, “ਮੈਂ ਤਾਂ ਤੈਨੂੰ ਪਹਿਲਾਂ ਹੀ ਉਥੇ ਭੇਜ ਕੇ ਰਾਜ਼ੀ ਨ੍ਹੀਂ ਸੀ। ਮੈਨੂੰ ਅੱਜ ਹੀ ਇੱਕ ਹੋਰ ਗੱਲ ਪਤਾ ਲੱਗੀ ਐ।”
“ਉਹ ਕੀ?”
“ਅਮਰੀਕੀ ਪੱਤਰਕਾਰ ਡੇਨੀਅਲ ਪਰਲ ਗੁੰਮ ਹੋ ਜਾਣ ਤੋਂ ਪਹਿਲਾਂ ਇਸੇ ਜ਼ਹੀਰ ਖਾਂ ਦੇ ਘਰ ਗਿਆ ਸੀ। ਉਸ ਪਿੱਛੋਂ ਉਸ ਦੀ ਲਾਸ਼ ਹੀ ਮਿਲੀ ਸੀ।”
“ਉਹ ਮਾਈ ਗਾਡ! ਇਹ ਸਭ ਕੀ ਹੋ ਰਿਹਾ ਐ। ਇਹ ਲੋਕਾਂ ਨੂੰ ਲੱਭਣ ‘ਚ ਮਦਦ ਕਰ ਰਹੇ ਨੇ ਕਿ ਲੋਕਾਂ ਨੂੰ ਗੁੰਮ ਕਰਨ ‘ਚ ਰੁੱਝੇ ਹੋਏ ਨੇ। ਤੁਸੀਂ ਦੱਸ ਰਹੇ ਸੀ ਕਿ ਇਹ ਬੰਦਾ ਆਈæਐਸ਼ਆਈæ ਦਾ ਪਹਿਲਾਂ ਦਾ ਕੋਈ ਅਫਸਰ ਐ ਪਰ ਮੈਨੂੰ ਸ਼ੱਕ ਪੈਂਦਾ ਐ ਕਿ ਇਹ ਅਲ-ਕਾਇਦਾ ਨਾਲ ਵੀ ਜੁੜਿਆ ਹੋਇਆ ਐ।”
“ਬੱਸ ਚੁੱਪ ਈ ਭਲੀ ਐ।”
“ਅੰਕਲ ਆਫੀਆ ਨੂੰ ਪਾਕਿਸਤਾਨ ਦਾ ਬੱਚਾ ਬੱਚਾ ਜਾਣਦਾ ਐ ਤੇ ਉਹ ਕਹਿੰਦਾ ਕਿ ਉਸ ਨੇ ਤਾਂ ਇਹ ਨਾਂ ਕਦੇ ਸੁਣਿਆ ਈ ਨ੍ਹੀਂ।”
“ਪਤਾ ਨ੍ਹੀਂ ਸਰਕਾਰ ਕੀ ਖੇਡ, ਖੇਡ ਰਹੀ ਐ। ਕਿਸੇ ਦੀ ਕੁਝ ਸਮਝ ‘ਚ ਨ੍ਹੀਂ ਆ ਰਿਹਾ। ਪਿੱਛੇ ਜਿਹੇ ਗੁੰਮ ਹੋਏ ਲੋਕਾਂ ਦੇ ਕਈ ਪਰਿਵਾਰਾਂ ਨੇ ਇਕੱਠੇ ਹੋ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਸੀ। ਚੀਫ ਜਸਟਿਸ ਇਫਤਿਖਾਰ ਚੌਧਰੀ ਨੇ ਇਹ ਪਟੀਸ਼ਨ ਮਨਜ਼ੂਰ ਕਰਦਿਆਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ। ਉਸ ਦੇ ਕਈ ਚੰਗੇ ਨਤੀਜੇ ਵੀ ਆਏ ਸਨ, ਕਿਉਂਕਿ ਜਸਟਿਸ ਚੌਧਰੀ ਨੇ ਸਫਾਈ ਦੇਣ ਲਈ ਹੁਕਮਰਾਨਾਂ ਨੂੰ ਅਦਾਲਤ ‘ਚ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਜ਼ਿਆਦਾ ਦਬਾਅ ਪੈਣ ਕਰ ਕੇ ਆਈæਐਸ਼ਆਈæ ਨੇ ਕਾਫੀ ਸਾਰੇ ਲੋਕ ਛੱਡ ਵੀ ਦਿੱਤੇ ਸਨ, ਪਰ ਸਭ ਨੂੰ ਡਰਾ ਧਮਕਾ ਕੇ ਛੱਡਿਆ ਗਿਆ ਸੀ ਕਿ ਜੇ ਬਾਹਰ ਜਾ ਕੇ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਦੁਬਾਰਾ ਫੜ ਲਏ ਜਾਵੋਗੇ। ਆਖਰ ਲੋਕਾਂ ਦੀ ਇਹ ਉਮੀਦ ਵੀ ਖਤਮ ਹੋ ਗਈ।”
“ਉਹ ਕਿਉਂ?”
“ਕਿਉਂਕਿ ਪਹਿਲਾਂ ਤਾਂ ਪਰੈਜ਼ੀਡੈਂਟ ਮੁਸ਼ੱਰਫ ਨੇ ਚੀਫ ਜਸਟਿਸ ਚੌਧਰੀ ‘ਤੇ ਦਬਾਅ ਪਾਇਆ ਕਿ ਉਹ ਇਹ ਪਟੀਸ਼ਨ ਵਾਲਾ ਕੰਮ ਬੰਦ ਕਰ ਦੇਵੇ ਪਰ ਜਦੋਂ ਉਹ ਨਾ ਹਟਿਆ ਤਾਂ ਮੁਸ਼ੱਰਫ ਨੇ ਉਸ ਨੂੰ ਮੁਅੱਤਲ ਕਰ ਦਿੱਤਾ।”
“ਭਾਈ ਜਾਨ ਉਦੋਂ ਕੁਝ ਉਮੀਦ ਬੱਝੀ ਸੀ ਕਿ ਸ਼ਾਇਦ ਚੀਫ ਜਸਟਿਸ ਚੌਧਰੀ ਦੇ ਹੁਕਮ ਨਾਲ ਹੋ ਰਹੀਆਂ ਇਨਕੁਆਰੀਆਂ ਕਰ ਕੇ ਹੀ ਕਿਧਰੇ ਆਫੀਆ ਦਾ ਭੇਤ ਖੁੱਲ੍ਹ ਜਾਵੇ, ਪਰ ਉਦੋਂ ਨੂੰ ਇਸ ਦੁਸ਼ਟ ਮੁਸ਼ੱਰਫ ਦਾ ਬੇੜਾ ਬਹਿ ਗਿਆ।” ਚੁੱਪ ਬੈਠੀ ਇਸਮਤ ਵੀ ਗੱਲਬਾਤ ‘ਚ ਹਿੱਸਾ ਲੈਣ ਲੱਗੀ।
“ਆਪਾ ਗੱਲ ਇਹ ਐ ਕਿ ਆਪਣੇ ਹੁਕਮਰਾਨ ਅਮਰੀਕਾ ਦੇ ਇਸ਼ਾਰਿਆਂ ‘ਤੇ ਨੱਚਦੇ ਨੇ। ਜਿਵੇਂ ਉਹ ਕਹੇ, ਉਵੇਂ ਕਰਦੇ ਨੇ। ਅਮਰੀਕਾ ਨ੍ਹੀਂ ਚਾਹੁੰਦਾ ਕਿ ਉਸ ਦੀਆਂ ਗੁਪਤ ਜੇਲ੍ਹਾਂ ਵਿਚ ਬੰਦ ਕੀਤੇ ਲੋਕਾਂ ਬਾਰੇ ਬਾਹਰ ਭੇਤ ਨਿੱਕਲੇ। ਇਸੇ ਕਰ ਕੇ ਉਸ ਨੇ ਮੁਸ਼ੱਰਫ ਨੂੰ ਕਹਿ ਕੇ ਚੀਫ ਜਸਟਿਸ ਚੌਧਰੀ ਨੂੰ ਈ ਪਾਸੇ ਕਰ ਦਿੱਤਾ।”
“ਅਮਰੀਕਾ ਤਾਂ ਆਪਣੇ ਹੋਰ ਵੀ ਭਰੋਸੇਬੰਦ ਚਮਚੇ ਨੂੰ ਅੱਗੇ ਲਿਆਉਣ ਲੱਗਿਆ ਸੀ ਪਰ ਉਸ ਨੂੰ ਅੱਲਾ ਨੇ ਆਪ ਈ ਸਜ਼ਾ ਦੇ ਦਿੱਤੀ।”
“ਤੁਸੀਂ ਕਿਸ ਦੀ ਗੱਲ ਕਰਦੇ ਓਂ?”
“ਬੇਨਜ਼ੀਰ ਦੀ, ਹੋਰ ਕਿਸ ਦੀ? ਭੁੱਟੋ ਦੀ ਲਾਡਲੀ ਆਈ ਸੀ ਇੱਥੇ ਸ਼ਾਂਤੀ ਸਥਾਪਤ ਕਰਨ। ਸਾਰਾ ਮੁਲਕ ਚੂੰਡ ਕੇ ਖਾ ਗਈ ਤੇ ਫਿਰ ਕਹਿੰਦੀ ਕਿ ਮੈਂ ਮੁਸ਼ੱਰਫ ਨਾਲ ਮਿਲ ਕੇ ਸਰਕਾਰ ਬਣਾਵਾਂਗੀ ਤੇ ਲੋਕਾਂ ਨੂੰ ਇਨਸਾਫ ਦੁਆਵਾਂਗੀ, ਪਰ ਇਹ ਨ੍ਹੀਂ ਪਤਾ ਕਿ ਇਨਸਾਫ ਤਾਂ ਤੇਰੀ ਉਡੀਕ ਕਰ ਰਿਹਾ ਐ। ਦੋ ਮਹੀਨੇ ਨ੍ਹੀਂ ਕੱਢੇ ਕਿ ਅਗਲਿਆਂ ਨੇ ਜਹੱਨਮ ਦਾ ਟਿਕਟ ਕੱਟ ਦਿੱਤਾ।”
“ਪਤਾ ਨ੍ਹੀਂ ਇਸ ਮੁਲਕ ਦਾ ਕੀ ਬਣੂੰਗਾ। ਪਹਿਲਾਂ ਹੀ ਚੀਫ ਜਸਟਿਸ ਚੌਧਰੀ ਦੇ ਮੁਅੱਤਲ ਹੋਣ ਵਾਲੇ ਮਸਲੇ ਕਰ ਕੇ ਥਾਂ ਥਾਂ ਧਰਨੇ ਮੁਜ਼ਾਹਰੇ ਹੋ ਰਹੇ ਨੇ। ਫਿਰ ਫੌਜ, ਲਾਲ ਮਸਜਿਦ ‘ਚ ਜਾ ਵੜੀ। ਉਥੇ ਸੈਂਕੜੇ ਲੋਕ ਮਾਰੇ ਗਏ। ਉਸ ਪਿੱਛੋਂ ਬੇਨਜੀਰ ਭੁੱਟੋ ਵਾਲਾ ਹਾਦਸਾ ਹੋ ਗਿਆ।”
“ਤੁਸੀਂ ਰਾਜਨੀਤੀ ਦੀਆਂ ਗੱਲਾਂ ਛੱਡੋ। ਆਪਾਂ ਆਫੀਆ ਬਾਰੇ ਕੁਛ ਸੋਚੀਏ।”
“ਆਪਾ, ਅਸੀਂ ਉਸ ਦਿਨ ਦੇ ਇੱਕ ਪਲ ਲਈ ਵੀ ਚੈਨ ਨਾਲ ਨ੍ਹੀਂ ਬੈਠੇ ਜਦੋਂ ਦੀ ਆਫੀਆ ਗੁੰਮ ਹੋਈ ਹੈ, ਪਰ ਸ਼ਾਇਦ ਅੱਲਾ ਨੂੰ ਮਨਜ਼ੂਰ ਈ ਨ੍ਹੀਂ ਕਿ ਉਸ ਦਾ ਕੋਈ ਪਤਾ ਲੱਗੇ।” ਫਾਰੂਕੀ ਨੇ ਭੈਣ ਦਾ ਦਿਲ ਧਰਾਇਆ।
“ਸੁਣਿਐਂ ਕਿ ਅਮਰੀਕਾ ਨੇ ਅਫਗਾਨਿਸਤਾਨ ‘ਚ ਬਹੁਤ ਹੀ ਭੈੜੀਆਂ ਜੇਲ੍ਹਾਂ ਬਣਾਈਆਂ ਹੋਈਆਂ ਨੇ ਜਿਥੇ ਹਰ ਰੋਜ਼ ਬੇਕਸੂਰਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ। ਪਤਾ ਨ੍ਹੀਂ ਮੇਰੀ ਧੀ ਕਿਨ੍ਹਾਂ ਭੋਰਿਆਂ ‘ਚ ਮੌਤ ਦੀਆਂ ਘੜੀਆਂ ਗਿਣ ਰਹੀ ਹੋਊਗੀ।” ਇਸਮਤ ਰੋਣ ਲੱਗੀ।
“ਆਪਾ ਤੂੰ ਇਹ ਰੋਣਾ-ਧੋਣਾ ਬੰਦ ਕਰ। ਇਸ ਨਾਲ ਕੋਈ ਮਸਲਾ ਹੱਲ ਨ੍ਹੀਂ ਹੋਣ ਲੱਗਿਆ।”
“ਭਾਈ ਜਾਨ ਕਰੋ ਨਾ ਕੁਛ ਫੇਰ। ਇਸ ਤਰ੍ਹਾਂ ਗੱਲਾਂ ਕਰਦਿਆਂ ਤਾਂ ਸਾਲਾਂ ਦੇ ਸਾਲ ਬੀਤ ਗਏ ਨੇ।”
“ਆਪਾ ਤੂੰ ਈ ਦੱਸ ਕੀ ਕਰੀਏ? ਕੀ ਐ ਆਪਣੇ ਹੱਥ ਵੱਸ।” ਫਾਰੂਕੀ ਦਾ ਵੀ ਦਿਲ ਭਰ ਆਇਆ ਤੇ ਉਸ ਨੇ ਜੇਬ ‘ਚੋਂ ਰੁਮਾਲ ਕੱਢਦਿਆਂ ਅੱਥਰੂ ਪੂੰਝੇ।
“ਭਾਈ ਜਾਨ ਤੁਸੀਂ ਵਾਨ ਰਿਡਲੀ ਦਾ ਸ਼ੋਅ ਵੇਖਦੇ ਹੁੰਦੇ ਓਂ?” ਇਸਮਤ ਨੇ ਗੱਲ ਬਦਲੀ।
“ਇਹ ਕੌਣ ਐਂ?”
“ਇਹ ਕੋਈ ਇੰਗਲੈਂਡ ਦੀ ਜ਼ਨਾਨੀ ਐ। ਕ੍ਰਿਸਚਨ ਤੋਂ ਮੁਸਲਮਾਨ ਬਣੀ ਐ। ਇਹ ਟੀæਵੀæ ਸ਼ੋਅ ਚਲਾਉਂਦੀ ਐ। ਇਸ ਦਾ ਮੁੱਖ ਮੁੱਦਾ ਮੁਸਲਮਾਨਾਂ ‘ਤੇ ਹੋ ਰਹੇ ਅੱਤਿਆਚਾਰ ਹੁੰਦਾ ਐ। ਖਾਸ ਕਰ ਕੇ ਦਹਿਸ਼ਤਵਾਦ ਦੀ ਆੜ ‘ਚ ਆਮ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮ।”
“ਅੱਛਾ!।”
“ਹਾਂ। ਪਿਛਲੇ ਹਫਤੇ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਸੀ, ‘ਅਫਗਾਨਿਸਤਾਨ ਦੀਆਂ ਭਿਆਨਕ ਗੁਪਤ ਜੇਲ੍ਹਾਂ ‘ਚ ਲੁਕੋ ਕੇ ਰੱਖੇ ਗਏ ਨਿਰਦੋਸ਼ ਲੋਕ,’ ਜਿਨ੍ਹਾਂ ਖਿਲਾਫ ਕੇਸ ਕੋਈ ਨ੍ਹੀਂ ਬਣਦਾ। ਉਨ੍ਹਾਂ ਗਰੀਬਾਂ ਦੀ ਕਿਧਰੇ ਸੁਣਵਾਈ ਨ੍ਹੀਂ ਹੁੰਦੀ ਤੇ ਉਹ ਇਸੇ ਤਰ੍ਹਾਂ ਜ਼ੁਲਮ ਨਾ ਸਹਿੰਦੇ ਮੌਤ ਦੀ ਗੋਦ ‘ਚ ਜਾ ਪੈਂਦੇ ਨੇ। ਉਨ੍ਹਾਂ ਦੀ ਗ੍ਰਿਫਤਾਰੀ ਕਿਧਰੇ ਵੀ ਨ੍ਹੀਂ ਵਿਖਾਈ ਗਈ ਹੁੰਦੀ, ਇਸ ਕਰ ਕੇ ਉਹ ਦੁਨੀਆਂ ਲਈ ਭੇਤ ਬਣ ਕੇ ਰਹਿ ਜਾਂਦੇ ਨੇ।”
“ਤੇਰਾ ਮਤਲਬæææ।” ਫਾਰੂਕੀ ਗਹੁ ਨਾਲ ਇਸਮਤ ਵੱਲ ਝਾਕਿਆ।
“ਹਾਂ ਹਾਂ ਮੈਂ ਉਹੀ ਗੱਲ ਕਰ ਰਹੀ ਆਂ। ਪਿਛਲੇ ਹਫਤੇ ਉਸ ਨੇ ਆਫੀਆ ਦਾ ਮੁੱਦਾ ਉਠਾਇਆ ਸੀ। ਉਸ ਦੇ ਪ੍ਰੋਗਰਾਮ ‘ਚ ਕੋਈ ਮੁਅੱਜ਼ਮ ਬੇਗ ਨਾਂ ਦਾ ਆਦਮੀ ਆਇਆ ਸੀ। ਉਹ ਦੱਸ ਰਿਹਾ ਸੀ ਕਿ ਉਸ ਨੂੰ ਵੀ ਸ਼ੱਕ ਦੇ ਆਧਾਰ ‘ਤੇ ਫੜਿਆ ਗਿਆ ਸੀ। ਉਸ ਨੂੰ ਅਫਗਾਨਿਸਤਾਨ ਦੀ ਕਿਸੇ ਗੁਪਤ ਜੇਲ੍ਹ ‘ਚ ਰੱਖਿਆ ਗਿਆ ਸੀ। ਉਸ ‘ਤੇ ਬੜਾ ਤਸ਼ੱਦਦ ਹੋਇਆ, ਪਰ ਜਿਹੜੀ ਖਾਸ ਗੱਲ ਉਸ ਨੇ ਦੱਸੀ, ਉਹ ਇਹ ਸੀ ਕਿ ਉਸ ਨੂੰ ਹਰ ਰੋਜ਼ ਕਿਸੇ ਜ਼ਨਾਨੀ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ। ਜਿਵੇਂ ਕਿਸੇ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੋਵੇ ਤੇ ਉਹ ਇਸ ਨੂੰ ਨਾ ਸਹਾਰਦੀ ਹੋਈ ਚੀਕਦੀ ਕੁਰਲਾਉਂਦੀ ਹੋਵੇ। ਇਹ ਹਰ ਰੋਜ਼ ਦਾ ਵਰਤਾਰਾ ਸੀ। ਉਹ ਜਿੰਨਾ ਚਿਰ ਉਥੇ ਰਿਹਾ, ਇਹ ਚੀਕਾਂ ਸੁਣਦਾ ਰਿਹਾ।”
ਇਸਮਤ ਗੱਲ ਕਰਦੀ ਚੁੱਪ ਹੋਈ ਤੇ ਉਸ ਨੇ ਅੱਖਾਂ ਪੂੰਝੀਆਂ, ਪਰ ਕਿਸੇ ਨੇ ਬੋਲ ਕੇ ਉਸ ਦੀ ਗੱਲ ‘ਚ ਵਿਘਨ ਪਾਉਣਾ ਠੀਕ ਨਾ ਸਮਝਿਆ। ਉਹ ਫਿਰ ਬੋਲਣ ਲੱਗੀ, “ਬੇਗ ਨੇ ਦੱਸਿਆ ਕਿ ਉਹ ਕਈ ਵਾਰੀ ਉਸ ਨੂੰ ਕੈਦ ਰੱਖਣ ਵਾਲਿਆਂ ਨੂੰ ਪੁੱਛਦਾ ਕਿ ਇਹ ਔਰਤ ਕੌਣ ਐ ਜੋ ਰੋ ਕੁਰਲਾ ਰਹੀ ਐ, ਪਰ ਉਹ ਹਮੇਸ਼ਾ ਇਹ ਕਹਿ ਕੇ ਟਾਲ ਦਿੰਦੇ ਕਿ ਇਹ ਤਾਂ ਟੇਪਾਂ ‘ਚ ਭਰੀ ਹੋਈ ਆਵਾਜ਼ ਐ ਜੋ ਉਸ ਨੂੰ ਸਿਰਫ ਡਰਾਉਣ ਲਈ ਵਰਤੀ ਜਾਂਦੀ ਐ; ਪਰ ਅਸਲੀਅਤ ਹੋਰ ਸੀæææ।” ਉਹ ਜ਼ਰਾ ਰੁਕੀ ਤੇ ਫਿਰ ਬੋਲਣ ਲੱਗੀ।
“ਉਸ ਨੂੰ ਕਿਸੇ ਦਿਨ ਇੱਕ ਲੋਕਲ ਅਫਗਾਨੀ ਪੁਲਿਸ ਵਾਲੇ ਨੇ ਦੱਸਿਆ ਕਿ ਇਹ ਕੋਈ ਟੇਪ ਵਗੈਰਾ ਨ੍ਹੀਂ ਐ। ਇਹ ਅਸਲੀ ਔਰਤ ਐ ਜੋ ਨਾਲ ਦੀ ਕੋਠੜੀ ‘ਚ ਬੰਦ ਐ। ਇਸ ਔਰਤ ਦੇ ਪਹਿਨਣ ਵਾਲੇ ਕੱਪੜਿਆਂ ‘ਤੇ ਕੈਦੀ ਨੰਬਰ 650 ਲਿਖਿਆ ਹੋਇਆ ਐ। ਉਸ ਦੀ ਹਰ ਰੋਜ਼ ਤਫਤੀਸ਼ ਹੁੰਦੀ ਐ ਤੇ ਉਦੋਂ ਈ ਉਹ ਰੋਂਦੀ ਕੁਰਲਾਉਂਦੀ ਐ। ਫਿਰ ਮੁਅੱਜ਼ਮ ਬੇਗ ਨੇ ਇੱਕ ਦਿਨ ਉਸ ਔਰਤ ਦਾ ਚਿਹਰਾ ਵੀ ਵੇਖ ਲਿਆ।”
“ਅੱਛਾ! ਕੀ ਉਹ ਉਸ ਨੂੰ ਪਛਾਣ ਸਕਿਆ?” ਫਾਰੂਕੀ ਨੇ ਉਤਸ਼ਾਹ ਨਾਲ ਪੁੱਛਿਆ।
“ਉਦੋਂ ਤਾਂ ਉਸ ਨੇ ਕੀ ਪਛਾਣਨਾ ਸੀ, ਪਰ ਉਸੇ ਪ੍ਰੋਗਰਾਮ ‘ਤੇ ਰਿਡਲੀ ਨੇ ਉਸ ਦੇ ਸਾਹਮਣੇ ਆਫੀਆ ਦੀ ਫੋਟੋ ਕਰ ਦਿੱਤੀ ਤੇ ਪੁੱਛਿਆ ਕਿ ਕੀ ਉਹ ਇਸ ਕੁੜੀ ਵਰਗੀ ਲੱਗਦੀ ਸੀ। ਇਸ ‘ਤੇ ਉਹ ਝੱਟ ਬੋਲਿਆ, ਹਾਂ ਇਹ ਫੋਟੋ ਉਸੇ ਕੁੜੀ ਦੀ ਐ।”
ਇਸ ਪਿੱਛੋਂ ਉਥੇ ਕੋਈ ਨਾ ਬੋਲਿਆ। ਸਾਰੇ ਸੁੰਨ ਹੋ ਗਏ। ਇਸਮਤ ਨੇ ਲੰਬਾ ਹੌਕਾ ਭਰਿਆ ਤੇ ਆਪਣੀ ਗੱਲ ਅੱਗੇ ਤੋਰੀ।
“ਇੰਨਾ ਹੀ ਨ੍ਹੀਂ, ਫਿਰ ਰਿਡਲੀ ਨੇ ਉਨ੍ਹਾਂ ਪੰਜ ਤਾਲਿਬਾਨ ਨਾਲ ਹੋਈ ਇੰਟਰਵਿਊ ਵਿਖਾਈ ਜਿਹੜੇ ਬਗਰਾਮ ਸ਼ਹਿਰ ਦੀ ਉਸੇ ਜੇਲ੍ਹ ‘ਚੋਂ ਭੱਜਣ ਵਿਚ ਕਾਮਯਾਬ ਹੋ ਗਏ ਸਨ। ਉਨ੍ਹਾਂ ਨੇ ਆਪਣੀ ਇੰਟਰਵਿਊ ‘ਚ ਮੰਨਿਆ ਸੀ ਕਿ ਉਨ੍ਹਾਂ ਨੇ ਵੀ ਉਸ ਔਰਤ ਦੀਆਂ ਚੀਕਾਂ ਸੁਣੀਆਂ ਸਨ। ਪਿੱਛੋਂ ਉਸ ਨੂੰ ਵੇਖਿਆ ਵੀ ਸੀ। ਉਨ੍ਹਾਂ ਮੁਤਾਬਕ ਉਹ 650 ਨੰਬਰ ਕੈਦੀ, ਆਫੀਆ ਸਦੀਕੀ ਹੀ ਸੀ।
ਇਸਮਤ ਨੇ ਗੱਲ ਖਤਮ ਕੀਤੀ ਤਾਂ ਕਾਫੀ ਦੇਰ ਸਾਰੇ ਚੁੱਪ ਬੈਠੇ ਰਹੇ। ਫਿਰ ਫਾਰੂਕੀ ਬੋਲਿਆ, “ਆਪਾ ਤੂੰ ਹੀ ਦੱਸ ਫਿਰ ਆਫੀਆ ਨੂੰ ਹੁਣ ਕਿੱਥੇ ਭਾਲੀਏ?”
“ਗੱਲ ਤਾਂ ਭਾਈ ਜਾਨ ਮੈਂ ਵੀ ਸਮਝਦੀ ਆਂ, ਪਰ ਕਿਸੇ ‘ਤੇ ਇਤਬਾਰ ਈ ਨ੍ਹੀਂ ਆਉਂਦਾ। ਕੀ ਪਤਾ ਐ ਕਿ ਕੌਣ ਸਹੀ ਐ। ਹੋ ਸਕਦੈ, ਵਾਨ ਰਿਡਲੀ ਝੂਠੀ ਹੋਵੇ ਤੇ ਆਪਣਾ ਸ਼ੋਅ ਵੇਚਣ ਦੀ ਮਾਰੀ ਇਹ ਸਭ ਕਰ ਰਹੀ ਹੋਵੇ।”
“ਆਪਾ, ਇਹ ਬੜਾ ਵੱਡਾ ਭੰਬਲਭੂਸਾ ਐ। ਪਤਾ ਨ੍ਹੀਂ ਕਿ ਅੱਗੇ ਕੀ ਹੋਣੈ।”
ਉਹ ਗੱਲਾਂ ਕਰ ਹੀ ਰਹੇ ਸਨ ਕਿ ਫੋਨ ਖੜਕਿਆ। ਇਸਮਤ ਨੇ ਅਗਾਂਹ ਹੋ ਕੇ ਫੋਨ ਚੁੱਕ ਲਿਆ। ਉਧਰੋਂ ਬਿਨਾਂ ਆਪਣਾ ਨਾਂ ਵਗੈਰਾ ਦੱਸਿਆਂ ਈ ਕੋਈ ਬੋਲਣ ਲੱਗਿਆ, “ਤੁਸੀਂ ਫਿਰ ਤੋਂ ਆਫੀਆ ਨੂੰ ਲੱਭਣ ਤੁਰ ਪਏ ਓਂ। ਤੁਹਾਨੂੰ ਚੈਨ ਦੀ ਜ਼ਿੰਦਗੀ ਜਿਉਣਾ ਚੰਗਾ ਨ੍ਹੀਂ ਲੱਗਦਾ?”
“ਨ੍ਹੀਂ ਜੀ ਅਜਿਹੀ ਤਾਂ ਕੋਈ ਗੱਲ ਨ੍ਹੀਂ, ਪਰ ਤੁਸੀਂ ਕੌਣ ਓਂ?”
“ਤੇਰਾ ਪੁੱਤਰ ਅਮਰੀਕਾ ਤੋਂ ਚੱਲ ਕੇ ਇੱਥੇ ਆਫੀਆ ਨੂੰ ਲੱਭਣ ਆਇਆ ਐ। ਚੰਗਾ ਇਹੀ ਐ ਕਿ ਇਹ ਵਾਪਸ ਚਲਿਆ ਜਾਵੇ। ਨ੍ਹੀਂ ਤਾਂ ਇਸ ਦੀ ਖੈਰ ਨ੍ਹੀਂ।”
“ਕਿੱਥੇ ਐ ਮੇਰੀ ਬੱਚੀ? ਉਸ ਬਾਰੇ ਕੁਛ ਦੱਸ ਸਕਦੇ ਓਂ?” ਇਮਸਤ ਤੜਫ ਕੇ ਬੋਲੀ।
“ਉਹ ਠੀਕ ਠਾਕ ਐ। ਉਸ ਨੂੰ ਕੋਈ ਖਤਰਾ ਨ੍ਹੀਂ ਪਰ ਜੇ ਤੁਸੀਂ ਉਸ ਨੂੰ ਭਾਲਣ ਵਾਲਾ ਸਿਲਸਿਲਾ ਬੰਦ ਨਾ ਕੀਤਾ ਤਾਂ ਜ਼ਰੂਰ ਉਸ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾਉਗੇ। ਨਾਲ ਈ ਆਪਣੀਆਂ ਜ਼ਿੰਦਗੀਆਂ ਦੀ ਵੀ ਬਰਬਾਦੀ ਕਰਵਾਉਗੇ।” ਇੰਨਾ ਕਹਿ ਕੇ ਉਧਰੋਂ ਕਿਸੇ ਨੇ ਫੋਨ ਕੱਟ ਦਿੱਤਾ।
“ਕੌਣ ਸੀ?” ਫਾਰੂਕੀ ਉਠ ਕੇ ਇਸਮਤ ਦੇ ਕੋਲ ਆ ਗਿਆ।
“ਉਹੀ ਧਮਕੀਆਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਐ। ਕਹਿੰਦੈ ਕਿ ਜੇ ਆਫੀਆ ਦੀ ਭਲੀ ਚਾਹੁੰਦੇ ਓ ਤਾਂ ਆਪਣੇ ਪੁੱਤਰ ਨੂੰ ਕਹਿ ਦਿਉ ਕਿ ਵਾਪਸ ਅਮਰੀਕਾ ਮੁੜ ਜਾਵੇ।”
ਇਸ ਗੱਲ ਦੇ ਉਤਰ ‘ਚ ਫਾਰੂਕੀ ਨੇ ਕਿਹਾ ਤਾਂ ਕੁਝ ਨਾ, ਪਰ ਉਸ ਨੂੰ ਜ਼ਹੀਰ ਖਾਂ ਯਾਦ ਆ ਗਿਆ। ਉਹ ਕੁਝ ਦੇਰ ਚੁੱਪ ਰਹਿੰਦਾ ਬੋਲਿਆ, “ਆਪਾ ਮੈਂ ਇੱਕ ਗੱਲ ਕਹਿਣੀ ਚਾਹੁੰਨਾਂ।”
“ਜੀ ਭਾਈ ਜਾਨ ਦੱਸੋ ਕੀ ਗੱਲ ਐ?”
“ਮੇਰਾ ਖਿਆਲ ਐ ਕਿ ਮੁਹੰਮਦ ਨੂੰ ਵਾਪਸ ਅਮਰੀਕਾ ਮੁੜ ਜਾਣਾ ਚਾਹੀਦੈ। ਕਿਤੇ ਇੱਕ ਕੰਮ ਠੀਕ ਕਰਦੇ ਕਰਦੇ ਕਿਸੇ ਨਵੇਂ ਲਫੜੇ ‘ਚ ਨਾ ਫਸ ਜਾਈਏ।”
“ਭਾਈ ਜਾਨ ਤੁਹਾਡੀ ਗੱਲ ਮੈਨੂੰ ਬਿਲਕੁਲ ਠੀਕ ਜਾਪਦੀ ਐ। ਪਹਿਲਾਂ ਵੀ ਮੈਂ ਐਵੇਂ ਜਜ਼ਬਾਤੀ ਹੋਈ ਨੇ ਇਸ ਨੂੰ ਇੱਥੇ ਸੱਦ ਲਿਆ। ਹੁਣ ਮੈਂ ਸੋਚਦੀ ਆਂ ਕਿ ਜਿੰਨੀ ਜਲਦੀ ਹੋ ਸਕੇ ਇਸ ਨੂੰ ਵਾਪਸ ਮੁੜ ਜਾਣਾ ਚਾਹੀਦਾ ਐ।”
“ਜੇ ਇਹ ਗੱਲ ਐ ਤਾਂ ਮੈਂ ਕੱਲ੍ਹ ਨੂੰ ਹੀ ਇਸ ਦੀ ਟਿਕਟ ਦਾ ਪ੍ਰਬੰਧ ਕਰਵਾ ਦਿੰਨਾਂ।”
ਫਿਰ ਉਨ੍ਹਾਂ ਦੀ ਇਸ ਗੱਲ ‘ਤੇ ਸਹਿਮਤੀ ਹੋ ਗਈ। ਅਗਲੇ ਦਿਨ ਫਾਰੂਕੀ ਨੇ ਟਿਕਟ ਦਾ ਪਤਾ ਕਰਵਾਇਆ। ਦੋ ਦਿਨ ਬਾਅਦ ਦੀ ਉਨ੍ਹਾਂ ਨੂੰ ਸੀਟ ਮਿਲ ਗਈ। ਅਗਲੇ ਦੋ ਦਿਨ ਉਹ ਹੋਰ ਕਈ ਵੱਡੇ ਬੰਦਿਆਂ ਨੂੰ ਮਿਲੇ ਤੇ ਆਫੀਆ ਬਾਰੇ ਪਤਾ-ਸਤਾ ਕੀਤਾ, ਪਰ ਉਸ ਦਾ ਕੋਈ ਪਤਾ ਨਾ ਲੱਗਿਆ। ਤੀਜੇ ਦਿਨ ਫਾਰੂਕੀ, ਮੁਹੰਮਦ ਨੂੰ ਕਰਾਚੀ ਦੇ ਏਅਰਪੋਰਟ ਤੋਂ ਅਮਰੀਕਾ ਦੀ ਫਲਾਈਟ ‘ਚ ਚੜ੍ਹਾ ਆਇਆ। ਇਸ ਪਿੱਛੋਂ ਉਹ ਵਾਪਸ ਇਸਲਾਮਾਬਾਦ ਚਲਾ ਗਿਆ। ਅਗਲੇ ਕਈ ਦਿਨ ਉਹ ਬੜਾ ਅੱਪਸੈੱਟ ਰਿਹਾ। ਫਿਰ ਨਿੱਤ ਦੀ ਤਰ੍ਹਾਂ ਜ਼ਿੰਦਗੀ ਆਪਣੀ ਰੇੜ੍ਹੇ ਪੈ ਗਈ।
ਉਧਰ ਲੋਕਾਂ ਵਿਚ ਆਫੀਆ ਦਾ ਮਾਮਲਾ ਠੰਢਾ ਪੈਂਦਾ ਜਾ ਰਿਹਾ ਸੀ ਕਿਉਂਕਿ ਹੁਣ ਚੀਫ ਜਸਟਿਸ ਚੌਧਰੀ ਨੂੰ ਬਹਾਲ ਕਰਵਾਉਣ ਦੀ ਮੁਹਿੰਮ ਤੇਜ਼ ਹੋ ਗਈ ਸੀ। ਇਵੇਂ ਹੀ ਹੁੰਦਾ ਸੀ। ਜਦੋਂ ਕਦੇ ਆਫੀਆ ਦੀ ਗੱਲ ਮੀਡੀਏ ‘ਚ ਆਉਣ ਲੱਗਦੀ ਤਾਂ ਲੋਕਾਂ ਦਾ ਰੋਹ ਜਾਗ ਉਠਦਾ ਤੇ ਉਹ ਸੜਕਾਂ ‘ਤੇ ਨਿਕਲ ਆਉਂਦੇ, ਪਰ ਉਦੋਂ ਨੂੰ ਕੋਈ ਹੋਰ ਮੁੱਦਾ ਸਾਹਮਣੇ ਆ ਜਾਂਦਾ ਤਾਂ ਲੋਕ ਉਧਰ ਨੂੰ ਉਲਾਰ ਹੋ ਜਾਂਦੇ। ਵੈਸੇ ਵੀ ਬਹੁਤ ਘੱਟ ਪਾਕਿਸਤਾਨੀ ਲੋਕਾਂ ਨੂੰ ਪਤਾ ਸੀ ਕਿ ਆਈæਐਸ਼ਆਈæ ਜਾਂ ਅਮਰੀਕਨ ਐਫ਼ਬੀæਆਈæ ਆਫੀਆ ਦੇ ਮਗਰ ਇਸ ਤਰ੍ਹਾਂ ਕਿਉਂ ਹੱਥ ਧੋ ਕੇ ਪਈ ਹੋਈ ਹੈ; ਜਾਂ ਫਿਰ ਜੇ ਉਹ ਉਨ੍ਹਾਂ ਦੀ ਹਿਰਾਸਤ ਵਿਚ ਹੈ ਤਾਂ ਵੀ ਇਹ ਮਾਮਲਾ ਕੀ ਹੈ! ਆਮ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਸੀ ਕਿ ਉਹ ਕੇæਐਸ਼ਐਮæ ਦੇ ਭਾਣਜੇ ਅਲੀ ਦੀ ਦੂਜੀ ਬੀਵੀ ਹੈ। ਇਸ ਬਲੋਚੀ ਪਰਿਵਾਰ ਦਾ ਪੂਰਾ ਕਿੱਸਾ ਵੀ ਲੋਕਾਂ ਨੂੰ ਮਾਲੂਮ ਨਹੀਂ ਸੀ। ਆਫੀਆ ਅਮਰੀਕਾ ਰਹਿ ਕੇ ਕੀ ਕਰਦੀ ਰਹੀ, ਜਾਂ ਇੱਥੇ ਆ ਕੇ ਕਿਸ ਕਿਸਮ ਦੀਆਂ ਕਾਰਵਾਈਆਂ ‘ਚ ਹਿੱਸਾ ਲੈਂਦੀ ਰਹੀ, ਜਾਂ ਉਸ ਦਾ ਜਹਾਦ ਵੱਲ ਉਲਾਰ ਹੋਣਾ, ਅਜਿਹੀਆਂ ਕਿਸੇ ਵੀ ਗੱਲਾਂ ਦਾ ਲੋਕਾਂ ਨੂੰ ਪਤਾ ਨਹੀਂ ਸੀ। ਲੋਕ ਸਮਝ ਰਹੇ ਸਨ ਕਿ ਇਸ ਦੁਖਿਆਰੀ ਔਰਤ ਨੂੰ ਦੁਨੀਆਂ ਦੀ ਸੁਪਰ ਪਾਵਰ, ਅਮਰੀਕਾ ਤੰਗ ਕਰ ਰਿਹਾ ਹੈ। ਇਸੇ ਕਰ ਕੇ ਲੋਕਾਂ ਨੂੰ ਆਫੀਆ ਸਦੀਕੀ ਨਾਲ ਹਮਦਰਦੀ ਸੀ।
(ਚੱਲਦਾ)

Be the first to comment

Leave a Reply

Your email address will not be published.