ਲੇਖਕ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ 30 ਸਾਲ ਪ੍ਰੋਫੈਸਰ ਰਿਹਾ ਹੈ; ਉਸ ਦੇ ਸੁਲਤਾਨਪੁਰ ਲੋਧੀ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਕਈ ਲੇਖ ਛਪ ਚੁਕੇ ਹਨ। ਉਸ ਨੇ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਨੇੜਿਓਂ ਦੇਖਿਆ-ਘੋਖਿਆ ਹੈ। ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮ ਮੌਕੇ ਜਿਸ ਤਰ੍ਹਾਂ ਇਕ-ਦੂਜੇ ਤੋਂ ਅੱਗੇ ਲੰਘਣ ਦੀ ਹੋੜ ਲੱਗੀ ਅਤੇ ਜਿਸ ਤਰ੍ਹਾਂ ਇਨ੍ਹਾਂ ਸਮਾਗਮਾਂ ਦੇ ਅਸਲ ਮਕਸਦ ਨੂੰ ਅੱਖੋਂ ਪਰੋਖੇ ਕੀਤਾ ਗਿਆ, ਇਸ ਸਭ ਉਤੇ ਲੇਖਕ ਨੇ ਮਿਕਨਾਤੀਸੀ ਨਿਗ੍ਹਾ ਮਾਰੀ ਹੈ।
-ਸੰਪਾਦਕ
ਡਾ. ਆਸਾ ਸਿੰਘ ਘੁੰਮਣ
ਨਡਾਲਾ, ਕਪੂਰਥਲਾ
ਫੋਨ: 91-97798-53245
ਜਗਤ ਗੁਰੂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆਂ ‘ਚ ਵੱਸੀ ਨਾਨਕ ਨਾਮ ਲੇਵਾ ਸੰਗਤਾਂ ਨੇ ਪਿਛਲੇ ਦਿਨੀਂ ਬੜੇ ਚਾਹ, ਉਮਾਹ ਅਤੇ ਉਤਸ਼ਾਹ ਨਾਲ ਮਨਾਇਆ। ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਕਰਕੇ ਨਨਕਾਣਾ ਸਾਹਿਬ ਤੋਂ ਬਿਨਾ ਦੇਹੁਰਾ (ਹੁਣ ਡੇਰਾ) ਬਾਬਾ ਨਾਨਕ ਅਤੇ ਬਾਰਡਰ ਦੇ ਦੂਜੇ ਪਾਸੇ ਵੀ ਕਈ ਸਮਾਗਮ ਹੋਏ, ਪਰ ਬਹੁਤੇ ਸਮਾਗਮਾਂ ਦਾ ਧੁਰਾ ਸੁਲਤਾਨਪੁਰ ਲੋਧੀ ਹੀ ਰਿਹਾ, ਜਿੱਥੇ ਨਵਾਬ ਦੌਲਤ ਖਾਨ ਲੋਧੀ ਦੇ ਸ਼ਾਸਕ ਹੁੰਦਿਆਂ ਗੁਰੂ ਜੀ ਆਪਣੇ ਭੈਣ-ਭਣੋਈਏ ਕੋਲ ਲੰਮਾ ਸਮਾਂ ਰਹੇ ਅਤੇ ਸ਼ਾਹੀ ਮੋਦੀਖਾਨੇ ਦੀਆਂ ਸੇਵਾਵਾਂ ਨਿਭਾਉਂਦੇ ਰਹੇ। ਇਹ ਮੰਨਣਾ ਪਵੇਗਾ ਕਿ ਇਸ ਮਹਾਂ-ਸਮਾਗਮ ਨੂੰ ਕਾਮਯਾਬੀ ਨਾਲ ਸਿਰੇ ਚੜ੍ਹਾਉਣ ਵਿਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਿੱਖਾਂ ਦੀ ਪਾਰਲੀਮੈਂਟ ਅਖਵਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਰੋਲ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਭਾਵੇਂ ਗੋਬਿੰਦ ਸਿੰਘ ਲੌਂਗੋਵਾਲ ਸਨ, ਪਰ 550 ਸਾਲਾ ਪ੍ਰੋਗਰਾਮਾਂ ਨੂੰ ਸਿਰੇ ਚੜ੍ਹਾਉਣ ਦੀ ਡਿਊਟੀ ਬੀਬੀ ਜਗੀਰ ਕੌਰ ਦੀ ਲਾਈ ਗਈ ਸੀ।
ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਆਪਣਾ ਬਣਦਾ ਹਿੱਸਾ ਬਣਾਉਣ ਵਾਸਤੇ ਕਰੋੜਾਂ ਰੁਪਏ ਖਰਚੇ। ਕਪੂਰਥਲਾ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ, ਕੁਝ ਸੜਕਾਂ ਨੂੰ ਨੈਸ਼ਨਲ ਹਾਈਵੇ ਐਲਾਨਿਆ ਅਤੇ ਸੁਲਤਾਨਪੁਰ ਲੋਧੀ ‘ਚ ਬਹੁਤ ਆਹਲਾ ਰੇਲਵੇ ਸਟੇਸ਼ਨ ਬਣਾਇਆ। ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਬੇਰ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਭਾਵੇਂ ਸਿੱਧੇ ਤੌਰ ‘ਤੇ ਜਾਣ ਸਕਣਾ ਔਖਾ ਹੈ ਕਿ ਪੰਜਾਬ ਸਰਕਾਰ ਨੇ 550 ਸਾਲਾ ਗੁਰਪੁਰਬ ਮਨਾਉਣ ‘ਤੇ ਕਿੰਨਾ ਖਰਚਾ ਕੀਤਾ, ਪਰ ਸਮਝਿਆ ਜਾਂਦਾ ਹੈ ਕਿ ਸਿੱਧੇ-ਅਸਿੱਧੇ ਰੂਪ ਵਿਚ ਇਹ 550 ਕਰੋੜ ਦੇ ਕਰੀਬ ਹੋ ਸਕਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰੂਆਂ ਦੀ ਸਹੂਲਤ ਲਈ ਕਰੋੜਾਂ ਰੁਪਏ ਖਰਚ ਕੇ ਸਰਾਵਾਂ ਬਣਾਈਆਂ ਅਤੇ ਖਾਸ ਤੌਰ ‘ਤੇ ਬੇਰ ਸਾਹਿਬ ਦੇ ਆਲੇ-ਦੁਆਲੇ ਨੂੰ ਇਸ ਵਿਸ਼ੇਸ਼ ਸਮਾਗਮ ਲਈ ਅਪਡੇਟ ਕੀਤਾ। ਕੌਮਾਂਤਰੀ ਕੀਰਤਨ ਸਮਾਗਮ ਹੋਏ ਅਤੇ ਅਖੰਡ ਪਾਠਾਂ ਦੇ ਭੋਗ ਪਏ। ਸੁਲਤਾਨਪੁਰ ਲੋਧੀ ਨੂੰ ਚਿੱਟੀ ਕੂਚੀ ਫਿਰਵਾਉਣ ਦਾ ਕੰਮ ਅਕਾਲੀ ਦਲ ਨੇ ਆਪਣੀ ਜੇਬ ਵਿਚੋਂ ਕੀਤਾ।
ਸਾਰੀਆਂ ਧਿਰਾਂ 550 ਸਾਲਾ ਪ੍ਰਕਾਸ਼ ਪੁਰਬ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਪਿੱਠ ‘ਤੇ ਆਪਣੇ ਹੱਥੀਂ ਸ਼ਾਬਾਸ਼ੀ ਦੇ ਸਕਦੀਆਂ ਹਨ, ਪਰ ਇਸ ਸਾਰੇ ਕੁਝ ਵਿਚ ਸਭ ਤੋਂ ਵੱਧ ਕੇਂਦਰ ਸਰਕਾਰ ਆਪਣੀ ਸੂਝ-ਬੂਝ ਕਰਕੇ ਵਾਦ-ਵਿਵਾਦ ਤੋਂ ਉਪਰ ਰਹੀ ਅਤੇ ਬੁਨਿਆਦੀ ਤੇ ਸਾਰਥਕ ਫੈਸਲੇ ਕਰਨ ਵਿਚ ਕਾਮਯਾਬ ਰਹੀ। ਅਕਤੂਬਰ-ਨਵੰਬਰ ਵਿਚ ਕਰੀਬ ਇੱਕ ਕਰੋੜ ਸਿੱਖ ਸੰਗਤ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ਬਣਾਉਣ ਦਾ ਕੰਮ ਮੁੱਖ ਤੌਰ ‘ਤੇ ਪੰਜਾਬ ਸਰਕਾਰ ਦਾ ਸੀ। ਉਲੀਕੇ ਪ੍ਰੋਗਰਾਮ ਮੁਤਾਬਕ ਕਈ ਟੋਟੇ ਅਧੂਰੇ ਹੀ ਰਹੇ। ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਖੇ ਬਹੁਤ ਮਿਆਰੀ ਬੱਸ ਅੱਡਾ ਤਿਆਰ ਕੀਤਾ। ਆਵਾਜਾਈ ਲਈ ਵੇਈਂ ‘ਤੇ ਦੋ ਹੋਰ ਪੱਕੇ ਪੁਲ ਅਤੇ ਤਿੰਨ ਪੈਦਲ-ਪੁਲ ਉਸਾਰੇ ਗਏ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਹਿਯੋਗ ਨਾਲ ਸਰਕਾਰ ਨੇ ਬੇਰ ਸਾਹਿਬ ਤੋਂ ਅੱਗੇ ਤੱਕ ਅਤੇ ਉਧਰੋਂ ਸੰਤ ਘਾਟ ਤੱਕ ਵੇਈਂ ਦੇ ਦੋਹੀਂ ਪਾਸੀਂ ਪੱਥਰ ਤੇ ਗਰਿਲਾਂ ਲਵਾ ਦਿੱਤੀਆਂ।
ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ ਵਿਚ ਪਹੁੰਚਣ ਵਾਲੀਆਂ ਸੰਗਤਾਂ ਲਈ ਰਿਹਾਇਸ਼, ਲੰਗਰ, ਟਰੈਫਿਕ ਪ੍ਰਬੰਧ, ਸਫਾਈ, ਜੰਗਲ ਪਾਣੀ ਦੀ ਵਿਵਸਥਾ, ਆਉਣ-ਜਾਣ ਦੀ ਸੁਵਿਧਾ, ਸੁਰੱਖਿਆ-ਪ੍ਰਬੰਧ, ਦੂਰ ਦੂਰ ਤੱਕ ਲਾਈਟ-ਸੁਵਿਧਾ ਆਦਿ ਵਿਚ ਪੰਜਾਬ ਸਰਕਾਰ ਬਹੁਤ ਹੱਦ ਤੱਕ ਕਾਮਯਾਬ ਰਹੀ। 550 ਸਾਲਾ ਪੁਰਬ ਮਨਾਉਂਦਿਆਂ ਪੰਜਾਬ ਸਰਕਾਰ ਸਾਹਮਣੇ ਇੱਕੋ-ਇੱਕ ਮਾਡਲ ਸੀ ਤੇ ਉਹ ਸੀ ਸਿੱਖ ਸੰਗਤਾਂ ਦੇ ਮਨਾਂ ਵਿਚ ਘਰ ਕਰ ਚੁਕਾ 2017 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਗਿਆ 350 ਸਾਲਾ ਪ੍ਰਕਾਸ਼ ਪੁਰਬ, ‘ਨਿਤਿਸ਼ ਮਾਡਲ।’
ਹਾਲਾਂਕਿ ਪੁਰਾਣੀ ਪੀੜ੍ਹੀ 1969 ਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਖਿਆਲ ਵਿਚ ਲਿਆਉਂਦੀ ਰਹੀ ਅਤੇ 1999 ਵਾਲੇ ਅਨੰਦਪੁਰ ਸਾਹਿਬ ਦੇ 300 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਵੀ। ਗੁਰੂ ਨਾਨਕ ਦੇਵ ਦਾ 500 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਮੇਂ 1969 ਵਿਚ ਪੇਂਡੂ ਖੇਤਰ ਵਿਚ 38 ਕਾਲਜ ਖੋਲ੍ਹੇ ਗਏ, ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਗਈ ਅਤੇ ਪਿੰਡ ਪਿੰਡ ਬਿਜਲੀ ਪਹੁੰਚਾਉਣ ਦਾ ਟੀਚਾ ਪ੍ਰਾਪਤ ਕੀਤਾ ਗਿਆ। ਖਾਲਸਾ ਸਾਜਨਾ ਦਿਵਸ ਮੌਕੇ ਅਨੰਦਪੁਰ ਸਾਹਿਬ ਵਿਖੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਖਾਲਸਾ ਸਾਜਣ ਦੇ ਅਸਲ ਮੰਤਵ ਨੂੰ ਨੁਮਾਇਆ ਕੀਤਾ ਗਿਆ। ਦੁਨੀਆਂ ਵਿਚ ਵਿਚਰ ਰਹੇ ਮਹਾਨ ਸਿੱਖਾਂ ਦਾ ਨਿਸ਼ਾਨ-ਏ-ਖਾਲਸਾ ਅਵਾਰਡ ਨਾਲ ਸਨਮਾਨ ਕੀਤਾ ਗਿਆ। ਖਾਲਸਾ ਵਿਰਾਸਤੀ ਅਜੂਬਾ ਬਣਾਇਆ ਗਿਆ। ਉਸ ਸਮੇਂ ਅਨੰਦਪੁਰ ਸਾਹਿਬ ਵਿਖੇ ਅਲੌਕਿਕ ਸ਼ਰਧਾ ਦਾ ਵਹਿੰਦਾ ਸਮੁੰਦਰ ਇੱਕ ਕ੍ਰਿਸ਼ਮਈ ਦ੍ਰਿਸ਼ ਸੀ। ਨਿਤਿਸ਼ ਮਾਡਲ ਵਿਚ ਪ੍ਰਬੰਧਕੀ ਕੁਸ਼ਲਤਾ ਵੀ ਸੀ ਅਤੇ ਅਡੋਲ, ਸ਼ਾਂਤ ਆਸਥਾ ਦਾ ਪ੍ਰਵਾਹ ਵੀ ਸੀ।
ਸੁਲਤਾਨਪੁਰ ਲੋਧੀ ਵਿਖੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਲਾਹਾ ਲੈਣ ਦੀ ਰੱਸਾਕਸ਼ੀ ਖੂਬ ਉਭਰ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ। ਭਾਵੇਂ ਮੁੱਖ ਤੌਰ ‘ਤੇ ਸੰਗਤਾਂ ਇਸ ਪੱਖ ਤੋਂ ਬੇ-ਨਿਆਜ਼ ਰਹੀਆਂ, ਪਰ ਕਈ ਦਿਨ ਪਹਿਲਾਂ ਤੋਂ ਮਕਸਦ-ਮੂਲਕ ਸ਼ਰਧਾ ਦਾ ਮੁਜਾਹਰਾ ਹੋਣਾ ਸ਼ੁਰੂ ਹੋ ਗਿਆ ਸੀ। ਦੋਹਾਂ ਧਿਰਾਂ ਦਾ ਰੋਸ਼ਨੀਆਂ ਦੇ ਤਮਾਸ਼ੇ ਰਾਹੀਂ ਸੰਗਤਾਂ ਨੂੰ ਮੋਹਣ ਅਤੇ ਪ੍ਰਭਾਵਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲੱਗਾ ਰਿਹਾ। ਸੰਗਤਾਂ ਵਿਚ ਨੌਜੁਆਨ ਪੀੜ੍ਹੀ ਹੀ ਨਹੀਂ, ਉਨ੍ਹਾਂ ਦੇ ਮਾਪੇ ਵੀ ‘550 ਸਾਲ, ਗੁਰੂ ਬਾਬੇ ਦੇ ਨਾਲ’ ਨਹੀਂ, ‘550 ਸਾਲ, ਸੈਲਫੀਆਂ ਦੇ ਨਾਲ’ ਮਨਾਉਂਦੇ ਰਹੇ। (ਬਾਗਬਾਨੀ ਵਿਭਾਗ, ਪੰਜਾਬ ਨੇ ਵੇਈਂ ਦੇ ਕੰਢੇ ‘ਤੇ ਫੁੱਲ ਲਾ ਕੇ ਉਥੇ ‘ਸੈਲਫੀ ਪੁਆਇੰਟ’ ਵੀ ਬਣਾਏ)
ਜੇ ਸ਼੍ਰੋਮਣੀ ਕਮੇਟੀ ਕੋਲ ਪ੍ਰਬੰਧਕ ਹੋਣ ਨਾਤੇ ਸ਼ਰਧਾਵਾਨ ਤੇ ਦਰਸ਼ਨ-ਅਭਿਲਾਸ਼ੀ ਸੰਗਤਾਂ ਲਈ ਨਤਮਸਤਕ ਹੋਣ ਵਾਸਤੇ ਗੁਰੂ ਅਸਥਾਨ ਸਨ ਤਾਂ ਸਰਕਾਰ ਕੋਲ ਸੰਗਤਾਂ ਨੂੰ ਖਿੱਚਣ ਲਈ ਜਗਮਗਾਉਂਦੇ-ਚਮਚਮਾਉਂਦੇ ਪੰਡਾਲ ਸਨ, ਮਲਟੀ-ਮੀਡੀਆ ਮਿਊਜ਼ੀਅਮ ਸਨ, ਥੀਏਟਰ ਸਨ, ਡਿਜ਼ੀਟਲ ਸ਼ੋਅ ਸਨ, ਨੁਮਾਇਸ਼ਾਂ ਸਨ, ਗਾਇਕ-ਕਲਾਕਾਰ ਸਨ। ਆਪਣੇ ਵੱਲ ਆਕਰਸ਼ਿਤ ਕਰਨ ਅਤੇ ਆਪਣਾ ਪ੍ਰਭਾਵ ਛੱਡਣ ਦੀ ਪ੍ਰਵਿਰਤੀ ਸੰਤਾਂ-ਮਹਾਂਪੁਰਖਾਂ ਦੇ ਲੰਗਰਾਂ ਵਿਚ ਵੀ ਖੂਬ ਦੇਖੀ ਗਈ, ਜੋ ਮਨ ਲੁਭਾਉਣੇ ਪਦਾਰਥਾਂ ਦੀ ਸੇਵਾ ਵੀ ਕਰ ਰਹੇ ਸਨ, ਨੁਮਾਇਸ਼ ਵੀ ਕਰ ਰਹੇ ਸਨ ਅਤੇ ਮੀਡੀਆ ਰਾਹੀਂ ਆਪਣੇ 550 ਪਕਵਾਨਾਂ ਦੀ ਮਸ਼ਹੂਰੀ ਵੀ ਕਰ ਰਹੇ ਸਨ। ਰੱਜੀਆਂ-ਪੁੱਜੀਆਂ ਸੰਗਤਾਂ ਵੀ ਪੀਜ਼ਿਆਂ, ਬਰਗਰਾਂ, ਨੂਡਲਾਂ ਦੇ ਮਜ਼ੇ ਲੁੱਟਦੀਆਂ ਰਹੀਆਂ। ਸੰਗਤਾਂ ਭੁੱਖੇ-ਭਾਣੇ ਅਧਿਆਤਮਵਾਦੀ ਸਾਧੂਆਂ ਨੂੰ ਲੰਗਰ ਛਕਾਉਣ ਵਾਲੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਤੱਕ ਉਸ ਦੇ ਚੇਲੇ ਬਹੁਤ ਅੱਗੇ ਨਿਕਲ ਚੁਕੇ ਸਨ। ਅੰਮ੍ਰਿਤ ਵੇਲੇ ਗੁਰਦੁਆਰਾ ਬੇਰ ਸਾਹਿਬ ਦੇ ਦੁਆਲੇ ਲਾਊਡ ਸਪੀਕਰਾਂ ਦਾ ਸਿੱਧਾ ਮੁਕਾਬਲਾ ਹਉਮੈ-ਭੇੜ ਦੀ ਵਿਸ਼ੇਸ਼ ਨੁਮਾਇਸ਼ ਸੀ।
ਇਸ ਸਾਰੇ ਮੇਲੇ-ਗੇਲੇ ਵਿਚ ਮਹਾਨ ਫਿਲਾਸਫਰ ਗੁਰੂ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਮੂਲਕ-ਭਾਵਨਾ ਕਿਤੇ ਨੁਮਾਇਆ ਨਾ ਹੋ ਸਕੀ। ਗੁਰਦੁਆਰਾ ਬੇਰ ਸਾਹਿਬ ਵਿਖੇ ਇਸ ਗੁਰਪੁਰਬ ‘ਤੇ ਪਹਿਲਾਂ ਨਾਲੋਂ ਵੱਡੇ ਕਵੀ ਦਰਬਾਰ ਅਤੇ ਕਵੀਸ਼ਰੀ ਦਰਬਾਰ ਕੀਤੇ ਗਏ। ਢਾਡੀ ਪਹਿਲਾਂ ਵਾਂਗ ਸੋਹਣੀਆਂ ਵਾਰਾਂ ਗਾਉਂਦੇ ਰਹੇ। ਕਥਾਵਾਂ ਅਤੇ ਕੀਰਤਨ ਦਾ ਪ੍ਰਵਾਹ ਆਮ ਵਾਂਗ ਚੱਲਦਾ ਰਿਹਾ, ਪਰ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਐਤਕੀਂ ਹਾਸ਼ੀਏ ਤੋਂ ਵੀ ਕਿਤੇ ਦੂਰ ਹੀ ਰੱਖਿਆ ਗਿਆ। ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਇੱਕ ਵੀ ਤਕੜਾ ਕੌਮਾਂਤਰੀ ਸੈਮੀਨਾਰ ਜਾਂ ਗੁਰਬਾਣੀ ਸੰਮੇਲਨ ਨਾ ਹੋ ਸਕਿਆ, ਜੋ ਚਿਰੰਜੀਵੀ ਪ੍ਰਭਾਵ ਛੱਡ ਜਾਂਦਾ। ਗੁਰੂ ਜੀ ਜਿਹੇ ਮਹਾਨ ਰਾਗ-ਗਿਆਤਾ ਦੀ ਯਾਦ ਵਿਚ ਇੱਕ ਵੀ ਯਾਦਗਾਰੀ ਮਹਾਂ ਸੰਗੀਤ ਸੰਮੇਲਨ ਨਾ ਹੋ ਸਕਿਆ। ਸਭ ਧਰਮਾਂ ਤੋਂ ਬਰਾਬਰ ਸਤਿਕਾਰ ਪ੍ਰਾਪਤ ਕਰਨ ਵਾਲੇ ਗੁਰੂ ਬਾਬੇ ਦੀ ਯਾਦ ਵਿਚ ਸੁਲਤਾਨਪੁਰ ਲੋਧੀ ਵਿਖੇ ਇੱਕ ਵੀ ਸਰਬ-ਧਰਮ ਪਾਏਦਾਰ ਕੌਮਾਂਤਰੀ ਗੋਸ਼ਟੀ ਨਾ ਹੋ ਸਕੀ। ਗੁਰੂ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਖੋਜ ਕਾਰਜ ਗੁੱਠੇ ਲੱਗੇ ਰਹੇ। ਸ਼੍ਰੋਮਣੀ ਕਮੇਟੀ ਆਪਣੇ ਪਹਿਲਾਂ ਛਪੇ ਸਾਹਿਤ ਦੀ ਵੀ ਪ੍ਰਦਰਸ਼ਨੀ ਨਾ ਲਾ ਸਕੀ। ਸ਼੍ਰੋਮਣੀ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਜੋ ਦੋ ਕਿਤਾਬਚੇ ਰਿਲੀਜ਼ ਕੀਤੇ ਗਏ, ਉਨ੍ਹਾਂ ਵਿਚਲੀਆਂ ਗਲਤੀਆਂ ਅਤੇ ਵਿਵਾਦਗ੍ਰਸਤ ਧਾਰਨਾਵਾਂ ਕਰਕੇ ਉਨ੍ਹਾਂ ‘ਤੇ ਪਾਬੰਦੀ ਲਾਉਣੀ ਪਈ।
ਇਨ੍ਹਾਂ ਸਾਰੇ ਜਸ਼ਨਾਂ ਵਿਚ ਭਾਈ ਮਰਦਾਨਾ, ਦੌਲਤ ਖਾਨ ਲੋਧੀ, ਰਾਏ ਬੁਲਾਰ, ਭਾਈਆ ਜੈ ਰਾਮ ਦੀ ਉਪਲ ਬਰਾਦਰੀ, ਭਾਈ ਫਰਿੰਦਾ, ਭਗੀਰਥ, ਪੈੜਾ ਮੋਖਾ, ਸੀਹਾਂ ਉਪਲ, ਸੈਦੋ ਜੱਟ, ਬਾਲਾ ਸੰਧੂ ਆਦਿ ਦੀਆਂ ਪੈੜਾਂ ਲੱਭਣ ਦੀ ਕੋਈ ਗੱਲ ਨਾ ਹੋ ਸਕੀ। ਸਰਕਾਰ ਨੇ ਜਿਨ੍ਹਾਂ 550 ਵਿਸ਼ੇਸ਼ ਵਿਅਕਤੀਆਂ ਦੇ ਸਨਮਾਨ ਲਈ ਪੀ. ਟੀ. ਯੂ. ਦਾ ਲੱਖਾਂ ਰੁਪਏ ਦਾ ਖਰਚਾ ਕਰਵਾਇਆ, ਸੰਗਤਾਂ ਵਿਚ ਕੋਈ ਸੁਨੇਹਾ ਨਾ ਦੇ ਸਕਿਆ। ਇਸ ਲਿਸਟ ਵਿਚ ਵੀ ਕਈ ਸ਼ਖਸੀਅਤਾਂ ਵਿਵਾਦਗ੍ਰਸਤ ਸਨ। ਸ਼੍ਰੋਮਣੀ ਕਮੇਟੀ ਨੇ ਜਿਨ੍ਹਾਂ 101 ਵਿਅਕਤੀਆਂ ਦਾ ਸਨਮਾਨ ਕਰਨਾ ਸੀ, ਉਨ੍ਹਾਂ ਦਾ ਕੀ ਬਣਿਆ, ਬਾਬਾ ਨਾਨਕ ਹੀ ਜਾਣੇ!
ਸੁਲਤਾਨਪੁਰ ਲੋਧੀ ਅਤੇ ਪਵਿੱਤਰ ਵੇਈਂ ਲਈ ਸਭ ਤੋਂ ਵੱਧ ਕੰਮ ਕਰਨ ਵਾਲੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਵਾਲੇ ਦਿਨ ਉਨ੍ਹਾਂ ਦੇ ਮੋਦੀ ਦੇ ਨਜ਼ਦੀਕ ਹੋਣ ‘ਤੇ ਸਿਕਿਉਰਿਟੀ ਵਾਲਿਆਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਪਾਸੇ ਕਰ ਦਿੱਤਾ ਕਿ ਲਿਸਟ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ। ਬੇਰ ਸਾਹਿਬ ਤੋਂ ਸੰਤ ਘਾਟ ਤੱਕ ਦਾ ਵੇਈਂ ਕਿਨਾਰਾ ਸੰਗਤਾਂ ਲਈ ਅਥਾਹ ਸ਼ਰਧਾ-ਮਾਰਗ ਹੋਣਾ ਚਾਹੀਦਾ ਸੀ, ਪਰ ਉਸ ਨੂੰ ਸੁਰੱਖਿਆ ਦੇ ਨਾਂ ਥੱਲੇ ਬੰਦ ਕਰ ਦਿੱਤਾ ਗਿਆ।
ਇਹ ਪਹਿਲੀ ਵਾਰ ਸੀ ਕਿ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਸਬੰਧੀ ਕਈ ਆਧਾਰ-ਰਹਿਤ ਭਰਮ-ਭੁਲੇਖੇ ਉਭਰ ਕੇ ਸਾਹਮਣੇ ਆਏ। ਬੇਰ ਸਾਹਿਬ ਨੂੰ ਪਹਿਲੀ ਵਾਰੀ ਖਰਬੂਜੇ ਸ਼ਾਹ ਨਾਲ ਜੋੜ ਕੇ ਬਾਬੇ ਨੂੰ ਕਰਾਮਾਤੀ ਬਾਬਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਹਾਂਗੀਰੀ ਪੁਲ ਨੂੰ ਗੁਰੂ ਜੀ ਦੇ ਸਮੇਂ ਦਾ ਇਤਿਹਾਸਕ ਪੁਲ ਦੱਸਿਆ ਗਿਆ। ਸੰਤ ਘਾਟ ਬਾਰੇ ਮੁੱਦਤਾਂ ਤੋਂ ਚੱਲੀ ਆ ਰਹੀ ਸਿੱਖ ਰਵਾਇਤ ਨੂੰ ਉਲਟਾ-ਪੁਲਟਾ ਕੀਤਾ ਗਿਆ। ਬੇਬੇ ਨਾਨਕੀ ਦੇ ਗ੍ਰਹਿ-ਅਸਥਾਨ ‘ਤੇ ਨਵੇਂ ਬਣੇ ਗੁਰਦੁਆਰੇ ਨੂੰ ਬੇਬੇ ਨਾਨਕੀ ਦਾ ਘਰ ਕਿਹਾ ਜਾ ਰਿਹਾ ਸੀ। ਹਦੀਰੇ ਦੀ ਇਤਿਹਾਸਕ ਸੂਰਤ ਪਲਸਤਰ ਥੱਲੇ ਦਬਣ ਕਰਕੇ ਉਸ ਨੂੰ ਗੁਰੂ ਜੀ ਦੇ ਸਮੇਂ ਦਾ ਮਕਬਰਾ ਦੱਸਿਆ ਜਾ ਰਿਹਾ ਸੀ।
ਦੂਜੇ ਪਾਸੇ, ਸੁਚੇਤ ਸੰਗਤਾਂ ਵਾਰ ਵਾਰ ਸੁਆਲ ਕਰ ਰਹੀਆਂ ਸਨ ਕਿ ਧਾਰਮਿਕਤਾ ਵਿਚ ਸਿਆਸਤ ਏਨਾ ਜ਼ੋਰ ਕਿਉਂ ਪਕੜ ਰਹੀ ਸੀ? ਦੇਸ਼ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਜਾਂ ਹੋਰ ਇਸ ਤਰ੍ਹਾਂ ਦੇ ਅਹੁਦਿਆਂ ‘ਤੇ ਸੁਭਾਇਮਾਨ ਜਾਂ ਸੁਭਾਇਮਾਨ ਰਹਿ ਚੁਕੇ ਪ੍ਰਮੁੱਖ ਵਿਅਕਤੀ ਕੀ ਆਮ ਸ਼ਰਧਾਵਾਨਾਂ ਵਾਂਗ ਮੱਥਾ ਟੇਕਣ ਨਹੀਂ ਸਨ ਆ ਸਕਦੇ? ਕੀ ਉਨ੍ਹਾਂ ਦੇ ਬੋਲਣ ਲਈ ਗੁਰੂ ਘਰ ਦੀਆਂ ਗੋਲਕਾਂ ਜਾਂ ਪੰਜਾਬ ਜਿਹੇ ਗਰੀਬ ਸੂਬੇ ਦੇ ਖਜਾਨੇ ਵਿਚੋਂ ਕਰੋੜਾਂ ਰੁਪਏ ਖਰਚ ਕਰਨੇ ਜ਼ਰੂਰੀ ਸਨ? ਕੀ ਉਨ੍ਹਾਂ ਦੇ ਬੋਲ ਰੇਡੀਓ, ਟੀ. ਵੀ. ਰਾਹੀਂ ਨਹੀਂ ਸਨ ਪ੍ਰਸਾਰਿਤ ਕੀਤੇ ਜਾ ਸਕਦੇ?
ਆਤਮ-ਚਿੰਤਨ ਦੇ ਇਹ ਸੁਆਲ ਇੱਕ ਚੰਗਾ ਰੁਝਾਨ ਕਿਹਾ ਜਾ ਸਕਦਾ ਹੈ। ਸਮੇਂ ਦੀਆਂ ਸਰਕਾਰਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਹ ਸੋਚਣ ਸਮਝਣ ਦੀ ਲੋੜ ਹੈ ਕਿ ਧਰਮ ਧਰਮ ਹੁੰਦਾ ਹੈ, ਸਿਆਸਤ ਸਿਆਸਤ ਹੁੰਦੀ ਹੈ।