ਸਿੱਖ-ਚੇਤਿਆਂ ‘ਚੋਂ ਕਿਰ ਗਿਆ ਭਾਈ ਮਰਦਾਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਤਕਨਾਲੋਜੀ ਦੀਆਂ ਤੰਦਾਂ ਫਰੋਲਦਿਆਂ ਮਨੁੱਖ ਲਈ ਇਸ ਦੀਆਂ ਨਿਆਮਤਾਂ ਗਿਣੀਆਂ ਸਨ, ਪਰ ਨਾਲ ਹੀ ਉਨ੍ਹਾਂ ਸੁਚੇਤ ਕੀਤਾ ਸੀ ਕਿ ਤਕਨਾਲੋਜੀ ਨੇ ਜਿਥੇ ਸੁੱਖ-ਸਹੂਲਤਾਂ ਪੈਦਾ ਕੀਤੀਆਂ, ਵਿਗਿਆਨਕ ਲੱਭਤਾਂ ਨਾਲ ਬਿਜਨਸ, ਖੇਡਾਂ, ਵਿਗਿਆਨ, ਵਿਦਿਆ, ਸਿਹਤ, ਮਨੋਰੰਜਨ ਅਤੇ ਰੋਜ਼ਾਨਾ ਜੀਵਨ ਦੇ ਵਿਭਿੰਨ ਖੇਤਰਾਂ ਵਿਚ ਜ਼ਿਕਰਯੋਗ ਬਿਹਤਰੀਨ ਤਬਦੀਲੀਆਂ ਲਿਆਂਦੀਆਂ ਹਨ,

ਉਥੇ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਗੁਰੂ ਨਾਨਕ ਦੇਵ ਜੀ ਦੇ ਪੱਕੇ ਸੰਗੀ ਸਾਥੀ ਭਾਈ ਮਰਦਾਨੇ ਦੀ ਗੱਲ ਕੀਤੀ ਹੈ ਕਿ ਅੱਜ ਭਾਈ ਮਰਦਾਨਾ ਸਾਡੇ ਚੇਤਿਆਂ ਵਿਚੋਂ ਵਿਸਰਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸ਼ੱਕ ਜਾਹਰ ਕੀਤਾ ਹੈ ਕਿ ਕਿਤੇ ਅਜਿਹਾ ਭਾਈ ਮਰਦਾਨੇ ਦੇ ਕਥਿਤ ਛੋਟੀ ਜਾਤ ‘ਮਿਰਾਸੀ’ ਵਿਚੋਂ ਹੋਣ ਕਰਕੇ ਤਾਂ ਨਹੀਂ ਹੋ ਰਿਹਾ। ਜੇ ਅਜਿਹਾ ਹੈ ਤਾਂ ਇਹ ਸਾਡੀ ਸੌੜੀ ਸੋਚ ਹੈ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਭਾਈ ਮਰਦਾਨਾ, ਬਾਬੇ ਨਾਨਕ ਦਾ ਬਚਪਨ ਦਾ ਸਾਥੀ, ਉਸ ਦਾ ਗਰਾਈਂ, ਮਹਾਂ-ਰਬਾਬੀ ਅਤੇ ਜਾਤ ਦਾ ਮਰਾਸੀ, ਪਰ ਮਹਾਨ ਵਿਅਕਤੀ। ਪਾਕ ਸੋਚ ਵਿਚੋਂ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਜੀਵਨ-ਭਰ ਦੇ ਸਾਥ ਦਾ ਆਗਾਜ਼। ਭਾਈ ਮਰਦਾਨਾ, ਸੰਗੀਤ ਦਾ ਭਰ ਵਗਦਾ ਦਰਿਆ ਜਿਸ ਨੇ ਬਾਬਾ ਨਾਨਕ ਦੇ ਬਾਣੀ-ਬੋਲਾਂ ਦੀ ਰੂਹਾਨੀਅਤ ਨੂੰ ਰਬਾਬੀ ਰੰਗਤ ਨਾਲ ਐਸਾ ਰੰਗਿਆ ਕਿ ਅਨੂਠਾ ਰਸ, ਗੁਰ-ਪ੍ਰਵਚਨਾਂ ‘ਚ ਰਮ ਗਿਆ। ਭਾਈ ਮਰਦਾਨੇ ਨੇ ਬਾਬੇ ਨਾਨਕ ਦਾ ਸਭ ਤੋਂ ਵੱਧ ਸਾਥ ਮਾਣਿਆ, ਗੁਰਬਾਣੀ ਨੂੰ ਉਗਮਦਿਆਂ, ਉਚਾਰਦਿਆਂ, ਗਾਉਂਦਿਆਂ ਵੀ ਦੇਖਿਆ ਅਤੇ ਸੁਣਿਆ ਵੀ। ਖੁਦ ਵੀ ਇਸ ਦੀ ਰੂਹਾਨੀਅਤ ਵਿਚ ਰੰਗਿਆ ਗਿਆ ਅਤੇ ਨਾਲ ਹੀ ਦੁਨੀਆਂ ਨੂੰ ਇਸ ‘ਚ ਰੰਗੇ ਜਾਣ ਦੇ ਅਲੌਕਿੱਕ ਦ੍ਰਿਸ਼ ਨੂੰ ਵੀ ਆਪਣੇ ਦੀਦਿਆਂ ਵਿਚ ਕੈਦ ਕੀਤਾ।
ਭਾਈ ਮਰਦਾਨੇ ਦੀ ਮਹਾਨਤਾ, ਵਿਲੱਖਣਤਾ ਅਤੇ ਮਹਿਮਾ ਬਾਰੇ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿਚ ਵੀ ਉਚਾਰਿਆ ਹੈ, “ਜਾ ਕਉ ਮਿਹਰ ਮਿਹਰ ਮਿਹਰਵਾਨਾ। ਸੋਈ ਮਰਦੁ ਮਰਦੁ ਮਰਦਾਨਾ।” ਭਾਈ ਗੁਰਦਾਸ ਨੇ ਆਪਣੀ ਵਾਰ ਵਿਚ ਉਚਾਰਿਆ ਹੈ, “ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ।” ਅਜਿਹਾ ਭਾਈ ਮਰਦਾਨਾ ਅੱਜ ਕੱਲ ਸਿੱਖ-ਚੇਤਿਆਂ ਵਿਚੋਂ ਗੁੰਮ ਹੈ ਕਿਉਂਕਿ ਕੋਈ ਵੀ ਭਾਈ ਮਰਦਾਨੇ ਵਰਗਾ ਬਣਨਾ ਹੀ ਨਹੀਂ ਚਾਹੁੰਦਾ।
ਭਾਈ ਮਰਦਾਨਾ ਕਿਸੇ ਨੂੰ ਯਾਦ ਨਹੀਂ। ਕੋਈ ਨਹੀਂ ਉਸ ਦੀਆਂ ਬਾਤਾਂ ਪਾਉਂਦਾ। ਕੋਈ ਸੋਚਦਾ ਹੀ ਨਹੀਂ ਕਿ ਬਾਬਾ ਨਾਨਕ ਦੇ ਸਭ ਤੋਂ ਕਰੀਬੀ ਸਾਥੀ ਨੂੰ ਲੋਕ-ਮਨਾਂ ਵਿਚੋਂ ਕਿਸ ਨੇ, ਕਦੋਂ ਅਤੇ ਕਿਹੜੀ ਤਰਕੀਬ ਨਾਲ ਅਲੋਪ ਕੀਤਾ? ਇਸ ਦੇ ਕੀ ਕਾਰਨ ਨੇ? ਕਿਹੜੀ ਮੰਦ-ਭਾਵਨਾ ਨਾਲ ਭਾਈ ਮਰਦਾਨੇ ਦੀ ਜੀਵਨ-ਸਾਧਨਾ ਨੂੰ ਬੀਤੇ ਵਕਤ ਦਾ ਪਾਟਿਆ ਵਰਕਾ ਬਣਾਇਆ ਗਿਆ?
ਸਿਰਫ਼ ਭਾਈ ਮਰਦਾਨਾ ਹੀ ਗੁੰਮ ਨਹੀਂ ਹੋਇਆ, ਇਸ ਨਾਲ ਬਹੁਤ ਕੁਝ ਅਸੀਂ ਵੀ ਗਵਾ ਲਿਆ ਏ। ਬਹੁਤ ਕੁਝ ਅਚੇਤ ਤੇ ਸੁਚੇਤ ਰੂਪ ਵਿਚ ਸਾਡੀ ਸੋਚ ਵਿਚੋਂ ਖੁਦ ਹੀ ਅਲੋਪ ਹੋ ਗਿਆ ਅਤੇ ਇਸ ਦਾ ਸਾਨੂੰ ਅਹਿਸਾਸ ਹੀ ਨਹੀਂ ਹੋਇਆ। ਇਸ ਅਹਿਸਾਸ-ਹੀਣਤਾ ਦਾ ਰੋਗ ਹੀ ਮਨੁੱਖੀ ਮਾਨਸਿਕਤਾ ਦੇ ਵਿਗਾੜਾਂ ਦਾ ਕਾਰਨ ਹੈ, ਅਤੇ ਇਸੇ ਦਾ ਖ਼ਮਿਆਜ਼ਾ ਅਜੋਕਾ ਸਿੱਖ ਭੁਗਤ ਰਿਹਾ।
ਭਾਈ ਮਰਦਾਨਾ ਗੁੰਮ ਹੋਇਆ ਤਾਂ ਉਸ ਸਾਂਝ ਦਾ ਮਰਸੀਆ ਵੀ ਪੜ੍ਹਿਆ ਗਿਆ, ਜੋ ਬਾਬੇ ਨਾਨਕ ਨੇ ਨੀਵੀਂ ਜਾਤ ਦੇ ਬਚਪਨੀ ਸਾਥੀ ਨਾਲ ਨਿਭਾਈ ਸੀ। ਜਾਤ-ਪਾਤ ਦੀ ਵਲਗਣ ਨੂੰ ਤੋੜਿਆ ਅਤੇ ਇਸ ਵਿਚੋਂ ਹੀ ਪਰਮ ਮਨੁੱਖ ਦੇ ਆਪਣੇ ਵਰਗੇ ਪਾਕ ਮਨੁੱਖ ਨਾਲ ਪਾਕ ਸਬੰਧਾਂ ਦਾ ਮੁੱਢ ਬੰਨਿਆ ਸੀ, ਪਰ ਅਸੀਂ ਇਸ ਮਿਟਾਏ ਹੋਏ ਪਾੜੇ ਨੂੰ ਮੁੜ ਸਿਰਜਣ ਦੇ ਰਾਹ ਤੁਰ ਪਏ ਹਾਂ। ਸਿੱਖੀ-ਸੰਦੇਸ਼ ਤਾਂ ਜੋੜਨ ਅਤੇ ਫੈਲਣ ਦਾ ਨਾਮ ਸੀ, ਪਰ ਇਹ ਕੇਹੀ ਤਰਾਸਦੀ ਹੈ ਕਿ ਸਿੱਖੀ ਹੁਣ ਡੇਰਿਆਂ, ਵੱਖ-ਵੱਖ ਫਿਰਕਿਆਂ ਅਤੇ ਜਾਤਾਂ ਦੇ ਗੁਰਦੁਆਰਿਆਂ ਵਿਚ ਤਕਸੀਮ ਹੋ ਗਈ ਹੈ। ਹਰੇਕ ਦਾ ਆਪੋ-ਆਪਣਾ ਮੁਫਾਦ, ਆਪੋ ਆਪਣੀ ਡੱਫਲੀ ਤੇ ਆਪੋ-ਆਪਣਾ ਰਾਗ, ਗਾਇਬ ਹੋਈ ਸਰਬ-ਸਮੁੱਚਤਾ ਕਾਰਨ। ਸਿੱਖੀ-ਸੋਚ ਦੇ ਘਾਣ ਦਾ ਕੌਣ ਏ ਕਸੂਰਵਾਰ?
ਭਾਈ ਮਰਦਾਨਾ ਜਦ ਸਿੱਖ ਮਨਾਂ ਵਿਚੋਂ ਗਾਇਬ ਹੋਇਆ ਤਾਂ ਉਸ ਦਾਈਏ ਅਤੇ ਵਿਸ਼ਵਾਸ ਨੇ ਆਤਮਘਾਤ ਕਰ ਲਿਆ ਜਿਸ ਦਾਈਏ ਨਾਲ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਉਦਾਸੀਆਂ ਦਾ ਸਾਥੀ ਬਣਾਇਆ ਸੀ। ਹੁਣ ਤਾਂ ਕਿਸੇ ‘ਤੇ ਦਾਈਆ ਹੀ ਨਹੀਂ ਰਿਹਾ। ਅਸੀਂ ਤਾਂ ਆਪਣਿਆਂ ‘ਤੇ ਵੀ ਵਿਸ਼ਵਾਸ ਕਰਨ ਤੋਂ ਡਰਦੇ ਹਾਂ ਕਿਉਂਕਿ ਆਪਣੇ ਹੀ ਪਿੱਠ ਵਿਚ ਛੁਰੀ ਮਾਰਨ ਤੋਂ ਵੇਲਾ ਨਹੀਂ ਖੁੰਝਾਉਂਦੇ। ਬਾਬੇ ਨਾਨਕ ਦਾ ਉਹ ਵਿਸ਼ਵਾਸ ਜੋ ਉਨ੍ਹਾਂ ਭਾਈ ਮਰਦਾਨੇ ‘ਤੇ ਕੀਤਾ ਸੀ, ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਹੁਣ ਕੋਈ ਵੀ ਭਾਈ ਮਰਦਾਨਾ ਬਣਨ ਲਈ ਤਿਆਰ ਨਹੀਂ। ਅਜੋਕੇ ਮਖੌਟਾਧਾਰੀ ਆਪਣੀਆਂ ਗਿਣਤੀਆਂ-ਮਿਣਤੀਆਂ ਵਿਚ ਹੀ ਉਲਝੇ, ਮਨਾਂ ਵਿਚ ਭਾਈ ਮਰਦਾਨੇ ਵਰਗੀ ਸਮਰਪਿੱਤ ਸੋਚ ਦਾ ਸੂਰਜ ਕਿਵੇਂ ਉਗਾ ਸਕਦੇ ਹਨ? ਸਾਡੇ ਮਨਾਂ ‘ਚੋਂ ਗੁੰਮ ਗਿਆ ਸੂਰਜ ਸਿਰਫ ਸਾਨੂੰ ਹਨੇਰ ਢੋਣ ਲਈ ਹੀ ਮਜਬੂਰ ਕਰੇਗਾ ਜੋ ਅਸੀਂ ਕਰ ਰਹੇ ਹਾਂ।
ਭਾਈ ਮਰਦਾਨਾ ਜਦ ਅਜੋਕੇ ਦੁਨਿਆਵੀ ਦਾਇਰੇ ਵਿਚੋਂ ਮਨਫੀ ਹੁੰਦਾ ਏ ਤਾਂ ਗਾਇਬ ਹੁੰਦੀ ਏ ਉਸ ਦੀ ਰਬਾਬ, ਸਰੋਦ, ਸੰਗੀਤ ਤੇ ਗੁਰਬਾਣੀ ਦਾ ਸੁੰਦਰ ਸਾਥ, ਇਲਾਹੀ ਬੋਲਾਂ ਵਿਚੋਂ ਉਗਮਦੀ ਅੰਬਰੀਂ ਪਰਵਾਜ਼ ਅਤੇ ਅਨੂਠਾ ਅੰਦਾਜ਼। ਸਰੋਤਿਆਂ ਦੇ ਮਨਾਂ ਵਿਚ ਪੈਂਦਾ ਅਮਿੱਟ ਪ੍ਰਭਾਵ ਜਿਸ ਨੇ ਸਿੱਖ-ਸੋਚ ਨੂੰ ਸਾਰੇ ਪਾਸੇ ਫੈਲਾਉਣ ਵਿਚ ਅਹਿਮ ਰੋਲ ਨਿਭਾਇਆ ਅਤੇ ਬੋਧ-ਬੋਲਾਂ ਨੇ ਸਦੀਵੀ ਪ੍ਰਭਾਵ ਪਾਇਆ। ਰਬਾਬ ਨੇ ਸੰਗੀਤ ਨੂੰ ਸ਼ੋਰ ਤੋਂ ਦੂਰ ਰੱਖਿਆ। ਇਸ ਦੀ ਪਾਕੀਜ਼ਗੀ ਤੇ ਪਹਿਚਾਣ ਨੂੰ ਕਦੇ ਆਂਚ ਨਹੀਂ ਆਉਣ ਦਿਤੀ। ਰਬਾਬ ਨੂੰ ਗਵਾ ਕੇ ਅਜੋਕੇ ਸੰਗੀਤ ਨੇ ਸਾਨੂੰ ਸ਼ੋਰ, ਸੰਤਾਪ ਅਤੇ ਸਹਿਮ ਹੀ ਦਿਤਾ ਜਿਸ ਨੇ ਸਮਾਜਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਦਿਤਾ ਏ।
ਭਾਈ ਮਰਦਾਨੇ ਦੀ ਗੈਰ-ਹਾਜ਼ਰੀ ਕਾਰਨ, ਮਰਦਾਨੇ ਵਾਲੀ ਨਿਰ-ਸੁਆਰਥ ਸੋਚ ਵੀ ਤਿਲਾਂਜਲੀ ਦੇ ਗਈ ਹੈ। ਭਾਈ ਮਰਦਾਨੇ ਨੇ ਬਾਬੇ ਨਾਨਕ ਦੇ ਸਾਥ ਨੂੰ ਅੰਤਰੀਵ ਵਿਚ ਮਾਣਿਆ। ਇਸ ਦੇ ਸੁਖਨ ਅਤੇ ਆਤਮਿਕ ਰਸ ਵਿਚ ਖੁਦ ਨੂੰ ਰੰਗ ਲਿਆ। ਕੋਈਂ ਨਹੀਂ ਸੀ ਉਸ ਦੀ ਮਾਇਕ ਲੋੜ, ਮੰਗ ਜਾਂ ਅੜੀ। ਸਿਰਫ ਦੋਸਤੀ ਅਤੇ ਸਾਂਝ ਦਾ ਸੀ ਮਾਣ, ਪਰ ਅੱਜ ਕੱਲ ਤਾਂ ਰਬਾਬੀ-ਰੰਗਤ ਵਿਕਦੀ, ਕੀਰਤਨ ਤੇ ਕਥਾ ਵਿਕਾਉ ਅਤੇ ਬਾਣੀ-ਬੋਲਾਂ ਨੂੰ ਉਚਾਰਣ ਦੀ ਵੀ ਬੋਲੀ ਲੱਗਦੀ। ਗੁਰ-ਸ਼ਬਦ ਦੀ ਲੋਰ ਨੂੰ ਭਾਈ ਮਰਦਾਨੇ ਵਰਗੀ ਸ਼ਰਧਾ ਤੇ ਸਮਰਪਣ ਨਾਲ ਮਨ ਦੀ ਤਰਜ਼ੀਹ ਬਣਾਉਣਾ, ਹੁਣ ਤਰਜ਼ੀਹ ਨਹੀਂ ਰਿਹਾ। ਹੁਣ ਸਿਰਫ ਇਕ ਕਿੱਤਾ। ਇਸ ‘ਚੋਂ ਮੋਟੀ ਕਮਾਈ ਕਰਨਾ, ਜ਼ਿਆਦਾਤਰ ਲੋਕਾਂ ਦਾ ਕਸਬ ਤੇ ਵਪਾਰ?
ਭਾਈ ਮਰਦਾਨੇ ਦੇ ਗੁੰਮ ਹੋਣ ਨਾਲ ਬੇਬੇ ਨਾਨਕੀ ਦੀ ਬੇਫਿਕਰੀ ਨੂੰ ਵੀ ਘੁਣ ਖਾ ਗਿਆ ਕਿਉਂਕਿ ਭਾਈ ਮਰਦਾਨੇ ਸਦਕਾ ਹੀ ਬੇਬੇ ਨਾਨਕੀ ਬੇਫਿਕਰ ਹੋ ਗਈ ਸੀ ਜਦ ਬਾਬਾ ਨਾਨਕ ਉਦਾਸੀ ‘ਤੇ ਤੁਰਨ ਲੱਗਾ ਸੀ। ਉਸ ਨੂੰ ਪਤਾ ਸੀ ਕਿ ਵੀਰ ਨਾਨਕ ਨਾਲ ਉਸ ਦਾ ਸਾਥੀ ਭਾਈ ਮਰਦਾਨਾ ਸਦਾ ਪ੍ਰਛਾਵੇਂ ਵਾਂਗ ਰਹੇਗਾ। ਉਨ੍ਹਾਂ ਦੀਆਂ ਕਠਿਨਾਈਆਂ ਅਤੇ ਦੁੱਖ ਸਾਂਝੇ ਹੋਣਗੇ। ਉਹ ਸਫਰ ਨੂੰ ਸੁਖਾਵਾਂ ਬਣਾਈ ਰੱਖੇਗਾ। ਉਹ ਇਕ ਜੋਤ ਦੋਏ ਮੂਰਤੀ ਵਾਂਗ ਉਦਾਸੀ ਦੇ ਸਫਰ ਨੂੰ ਨਵੀਂ ਬੁਲੰਦੀ ਦੇਣਗੇ। ਬੇਬੇ ਨਾਨਕੀ ਦੀ ਬੇਫਿਕਰੀ ਨੂੰ ਖੋਹਣ ਲਈ ਕੌਣ ਨੇ ਕਸੂਰ ਵਾਰ? ਕੌਣ ਨੇ ਜਿਨ੍ਹਾਂ ਨੇ ਭਾਈ ਮਰਦਾਨੇ ਨੂੰ ਸਿੱਖ ਵਿਰਾਸਤ ‘ਚੋਂ ਗਾਇਬ ਕੀਤਾ? ਧਾਰਮਿਕ ਸਮਾਗਮਾਂ ਵਿਚੋਂ ਜਦ ਭਾਈ ਮਰਦਾਨਾ ਹੀ ਗਾਇਬ ਕਰ ਦਿਤਾ ਜਾਵੇ ਤਾਂ ਨਾਨਕ ਸੋਚ ਅਤੇ ਉਸ ਦੇ ਸਾਥ ਵਿਚੋਂ ਉਗਮਿਆ ਬਹੁਤ ਕੁਝ ਖੁਦ-ਬ-ਖੁਦ ਹੀ ਖਤਮ ਹੋ ਜਾਂਦਾ ਏ। ਅਜਿਹਾ ਹੀ ਅਜੋਕੇ ਜਸ਼ਨਾਂ ਵਿਚ ਹੋਇਆ। ਅਜਿਹਾ ਵਰਤਾਰਾ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਜਾਰੀ ਰੱਖਣਾ ਏ ਜੇ ਇਸ ਨੂੰ ਸੁਚੇਤ ਹੋ ਕੇ ਰੋਕਿਆ ਨਾ ਗਿਆ। ਹੁਣ ਨਹੀਂ ਕਿਧਰੇ ਮਿਲਦਾ ਭਾਈ ਮਰਦਾਨੇ ਵਰਗਾ ਸਫਰ ਦਾ ਸਾਥੀ, ਜਿਸ ਦੇ ਸਾਥ ਵਿਚੋਂ ਅਲਹਾਮ ਅਤੇ ਬੰਦਗੀ ਨੂੰ ਨਵੀਂਆਂ ਬੁਲੰਦੀਆਂ ਮਿਲੀਆਂ ਹੋਣ, ਜਿਸ ਦੀ ਮੌਜੂਦਗੀ ਨਾਲ ਮਨ ‘ਚ ਉਪਜੀ ਬੇਫਿਕਰੀ, ਨਵੀਂਆਂ ਪੈੜਾਂ ਸਿਰਜਣ ਅਤੇ ਨਵੇਂ ਕੀਰਤੀਮਾਨ ਸਥਾਪਤ ਕਰਨ ਵਿਚ ਪਹਿਲ ਬਣੇ।
ਭਾਈ ਮਰਦਾਨਾ ਜੇ ਗੁੰਮ ਜਾਵੇ ਤਾਂ ਬਾਬੇ ਨਾਨਕ ਦੀ ਬਾਣੀ ਲਈ ਰਬਾਬ ਦੀਆਂ ਤਰੰਗਾਂ ‘ਚ ਪੈਦਾ ਹੋਇਆ ਸਰੋਦੀਪਣ, ਸੋਗ ਹੀ ਬਣ ਸਕਦਾ। ਭਾਈ ਮਰਦਾਨੇ ਨੂੰ ਵਿਸਾਰਨਾ, ਇਕ ਚਸ਼ਮਦੀਦ ਨੂੰ ਚੇਤਿਆਂ ਵਿਚੋਂ ਵਿਸਾਰਨ ਦਾ ਗੁਨਾਹ। ਸਾਕੀ ਅਤੇ ਸਖੀ ਨੂੰ ਯਾਦ ਨਾ ਕਰਨ ਲਈ ਤਨਖਾਹਦਾਰ, ਜਿਸ ਨੇ ਸਿੱਧ-ਗੋਸ਼ਟਿ ਨੂੰ ਆਪਣੇ ਕੰਨਾਂ ਨਾਲ ਸੁਣਿਆ, ਕਾਜ਼ੀ ਦਸਤਗੀਰ ਨਾਲ ਰਚਾਈ ਗੁਫ਼ਤਗੂ ਨੂੰ ਅੱਖੀਂ ਡਿੱਠਾ ਅਤੇ ਪੰਡਤਾਂ ਨਾਲ ਕੀਤੇ ਨਾਨਕ-ਪ੍ਰਵਚਨਾਂ ਨੂੰ ਰੂਹ ਵਿਚ ਸਮੋਇਆ, ਜੋ ਭੁੱਖ, ਪਿਆਸ, ਕਸ਼ਟ ਅਤੇ ਦੁੱਖਾਂ ਤੋਂ ਨਿਰਲੇਪ ਰਹਿ, ਬਾਬੇ ਨਾਨਕ ਦਾ ਸਾਥ ਨਿਭਾਉਂਦਾ ਰਿਹਾ। ਬਹੁਤ ਕੁਝ ਆਪਣੀ ਝੋਲੀ ਵਿਚ ਪਵਾਉਂਦਾ ਰਿਹਾ ਜੋ ਸਿਰਫ ਉਸ ਦਾ ਹੀ ਹਾਸਲ ਸੀ, ਹਾਸਲ ਹੈ ਅਤੇ ਸਦੀਵੀ ਰਹੇਗਾ। ਭਾਈ ਮਰਦਾਨੇ ਨੂੰ ਬਾਬਾ ਨਾਨਕ ਦੇ ਨਾਲ ਉਨ੍ਹਾਂ ਰਾਹਾਂ, ਥਾਂਵਾਂ, ਤੀਰਥਾਂ, ਮੰਦਿਰਾਂ, ਮੱਠਾਂ, ਮਸਜਿਦਾਂ ਆਦਿ ‘ਤੇ ਜਾਣ, ਵੱਖੋ-ਵੱਖਰੇ ਖਿੱਤੇ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬੋਲੀਆਂ ਵਿਚ ਗੱਲਾਂ ਕਰਨ, ਉਨ੍ਹਾਂ ਵਰਗੇ ਹੋਣ, ਉਨ੍ਹਾਂ ‘ਚ ਰਚਣ-ਮਿਚਣ ਅਤੇ ਉਨ੍ਹਾਂ ਨੂੰ ਆਪਣਾ ਬਣਾਉਣ ਦਾ ਕੇਹਾ ਮਾਣ ਸੀ ਕਿ ਉਹ ਉਨ੍ਹਾਂ ਵਿਚ ਉਨ੍ਹਾਂ ਦੇ ਆਪਣੇ ਹੀ ਬਣ ਜਾਂਦੇ ਸਨ। ਇਸ ਕਰਕੇ ਨਾਨਕ-ਸੋਚ ਨੂੰ ਹਰ ਫਿਰਕੇ, ਕਬੀਲੇ ਅਤੇ ਖਿੱਤੇ ਦੇ ਲੋਕਾਂ ਨੇ ਰੂਹ ਨਾਲ ਅਪਨਾਇਆ। ਇਸ ਸੋਚ ਦੇ ਚਿਰਾਗ ਹੁਣ ਤੀਕ ਵੀ ਜਗ ਰਹੇ ਨੇ। ਪਰ ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਇਨ੍ਹਾਂ ਨੂੰ ਬੁਝਾਉਣ ਵੱਲ ਉਲਾਰ ਤਾਂ ਹੋਏ ਹਾਂ, ਪਰ ਨਾਨਕ-ਜੋਤ ਨੇ ਕਦੇ ਨਹੀਂ ਬੁਝਣਾ। ਸਗੋਂ ਸਦੀਵੀ ਜਗਦੇ ਰਹਿਣਾ ਕਿਉਂਕਿ ਸੂਰਜ ਕਦੇ ਵੀ ਠੰਡੇ ਨਹੀਂ ਹੁੰਦੇ ਅਤੇ ਇਨ੍ਹਾਂ ਦੀ ਤਾਸੀਰ ਹੀ ਚਾਨਣ ਵੰਡਦੇ ਰਹਿਣਾ ਹੁੰਦੀ।
ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਉਸ ਪ੍ਰਣ ਨੂੰ ਵੀ ਤੋੜ ਰਹੇ ਹਾਂ ਜੋ ਪ੍ਰਣ ਭਾਈ ਮਰਦਾਨੇ ਨੇ ਉਦਾਸੀ ਤੋਂ ਪਰਤ ਕੇ, ਰਾਏ ਭੌਇ ਦੀ ਤਲਵੰਡੀ ਪਹੁੰਚਣ ‘ਤੇ ਬਾਬੇ ਨਾਨਕ ਨਾਲ ਕੀਤਾ ਸੀ ਕਿ ਤਲਵੰਡੀ ਜਾ ਕੇ ਉਹ ਆਪਣੇ ਸਾਥੀ ਬਾਬੇ ਨਾਨਕ ਬਾਰੇ ਕੁਝ ਨਹੀਂ ਦੱਸੇਗਾ। ਮਾਤਾ ਤ੍ਰਿਪਤਾ ਨੇ ਹੀ ਭਾਈ ਮਰਦਾਨੇ ਦੇ ਨੈਣਾਂ ਵਿਚ ਆਪਣੇ ਪੁੱਤ ਦਾ ਅਕਸ ਦੇਖ ਲਿਆ ਸੀ ਅਤੇ ਹੌਲੀ ਹੌਲੀ ਉਸ ਦੇ ਪਿੱਛੇ ਤੁਰਦੀ ਆਪਣੇ ਨਾਨਕ ਪੁੱਤਰ ਨੂੰ ਮਿਲਣ ਤੁਰ ਪਈ ਸੀ, ਪਰ ਭਾਈ ਮਰਦਾਨੇ ਨੇ ਪ੍ਰਣ ਨਹੀਂ ਸੀ ਤੋੜਿਆ। ਅਸੀਂ ਤਾਂ ਨਿੱਕੇ ਜਿਹੇ ਲਾਲਚ, ਮਾਇਕ ਫਾਇਦੇ ਜਾਂ ਰੁਤਬੇ ਦੀ ਪ੍ਰਾਪਤੀ ਖਾਤਰ ਕੀਤੇ ਵਚਨ ਤੋੜਨ ਜਾਂ ਮੁੱਕਰਨ ਵਿਚ ਪਲ ਵੀ ਨਹੀਂ ਲਾਉਂਦੇ। ਕਦੇ ਭਾਈ ਮਰਦਾਨੇ ਵਰਗੀ ਪ੍ਰਣ-ਪਕਿਆਈ ਨੂੰ ਮਨ-ਦ੍ਰਿੜਤਾ ਬਣਾਉਣਾ, ਬਾਬੇ ਨਾਨਕ ਦੀਆਂ ਰਹਿਮਤਾਂ ਦੀ ਬਖਸ਼ਿਸ਼ ਹੋਵੇਗੀ। ਮਨ ਦੀ ਤਕੜਾਈ ਅਤੇ ਪਕਿਆਈ ਮਨੁੱਖੀ ਸ਼ਖਸੀਅਤ ਦਾ ਅਜਿਹਾ ਮਜੀਠ ਰੰਗ ਏ ਜਿਸ ਦੇ ਫਿੱਕੇ ਹੋਣ ਦੀ ਕਦੇ ਵੀ ਸੰਭਾਵਨਾ ਨਹੀਂ ਹੁੰਦੀ। ਇਹ ਰੰਗ ਸਦਾ ਸਦੀਵ। ਭਾਈ ਮਰਦਾਨੇ ਨੂੰ ਭੁਲਾਉਣ ਦੀ ਥਾਂ, ਲੋੜ ਹੈ ਹੁਣ ਵੀ ਵਾਪਸ ਪਰਤੀਏ। ਆਪਣੇ ਪੁਰਖਿਆਂ ਦੇ ਬੋਲਾਂ ਤੇ ਕੀਰਤੀਆਂ ‘ਤੇ ਮਾਣ ਕਰੀਏ ਅਤੇ ਉਨ੍ਹਾਂ ਦੇ ਪੈਰ-ਚਿੰਨਾਂ ‘ਤੇ ਚੱਲਣ ਦਾ ਉਦਮ ਕਰੀਏ।
ਭਾਈ ਮਰਦਾਨਾ ਜਦ ਭੁੱਲਦਾ ਤਾਂ ਅਸੀਂ ਉਸ ਦਾਤ ਤੋਂ ਮਹਿਰੂਮ ਹੋ ਜਾਂਦੇ ਹਾਂ ਜੋ ਭਾਈ ਮਰਦਾਨੇ ਨੇ ਆਪਣੇ ਆਖਰੀ ਵਕਤ ਬਾਬੇ ਨਾਨਕ ਦੀ ਰਹਿਮਤ ‘ਚੋਂ ਪਾਈ ਸੀ ਜਦ ਬਾਬੇ ਨਾਨਕ ਦੀ ਬੁੱਕਲ ਵਿਚ ਉਸ ਨੇ ਸਾਹਾਂ ਨੂੰ ਆਖਰੀ ਅਲਵਿਦਾ ਕਹੀ। ਉਸ ਸਾਥ ਨੂੰ ਨਵਾਂ ਅੰਜ਼ਾਮ ਦਿਤਾ ਕਿ ਜਦ ਦਿਲਾਂ ਦੀ ਸਾਂਝ ਹੁੰਦੀ ਤਾਂ ਸਾਹਾਂ ਦਾ ਸਫਰ, ਸਾਥੀ ਦੇ ਸਾਥ ਵਿਚ ਪੂਰਾ ਕਰਨ ਲੱਗਿਆਂ ਅਕਹਿ ਅਨੰਦ ਤੇ ਸੰਤੁਸ਼ਟੀ ਹਾਸਲ ਹੁੰਦੀ। ਇਕ ਸੁਖਨ ਤੇ ਸਕੂਨ ਦੀ ਪ੍ਰਾਪਤੀ। ਭਟਕਣਾ ਤੋਂ ਨਿਜ਼ਾਤ। ਮਨ ਦੀ ਤ੍ਰਿਪਤੀ ਦਾ ਅਹਿਸਾਸ। ਇਹ ਸਿਰਫ ਭਾਈ ਮਰਦਾਨੇ ਵਰਗੀ ਰੱਬੀ ਰੂਹ ਹੀ ਪ੍ਰਾਪਤ ਕਰ ਸਕੀ ਜਿਸ ਨੂੰ ਬਾਬੇ ਨਾਨਕ ਦੀ ਨੇੜਤਾ ਨਸੀਬ ਹੋਈ। ਕਿਥੇ ਹੈ, ਅਜਿਹੀ ਨੇੜਤਾ? ਕੌਣ ਨਿਭਾਉਂਦਾ ਏ ਅਜਿਹੀ ਦੋਸਤੀ? ਕਿਸ ਨੂੰ ਪਤਾ ਹੈ ਅਜਿਹੇ ਸਬੰਧਾਂ ਦੀ ਸਾਰਥਕਤਾ ਅਤੇ ਸਦੀਵਤਾ ਦੀ ਸਾਰ ਦਾ? ਕੌਣ ਨੇ ਜਿਨ੍ਹਾਂ ਨੂੰ ਬਾਬੇ ਨਾਨਕ ਅਤੇ ਭਾਈ ਮਰਦਾਨੇ ਦੀ ਆਪਸੀ ਗੁਫ਼ਤਗੂ ਵਿਚ ਅਧਿਆਤਮਕਤਾ ਅਤੇ ਰੂਹਾਨੀਅਤ ਦੇ ਦੀਦਾਰੇ ਨਹੀਂ ਹੁੰਦੇ? ਕੀ ਉਹ ਲੋਕ ਇਸ ਦ੍ਰਿਸ਼ ਨੂੰ ਆਪਣੇ ਮਨ-ਮੰਦਿਰ ਵਿਚ ਸਾਖਸ਼ਾਤ ਕਰ ਸਕਣਗੇ ਜਿਨ੍ਹਾਂ ਦੀ ਮਾਨਸਿਕਤਾ ਵਿਚ ਲਾਲਚ ਅਤੇ ਨਿੱਜ-ਪ੍ਰਸਤੀ ਹਾਵੀ ਹੋਵੇ? ਭਾਈ ਮਰਦਾਨੇ ਵਰਗੀ ਅਪਣੱਤ ਅਤੇ ਮੋਹ ਦੀ ਦਾਸਤਾਨ, ਇਕ ਸਦੀਵੀ ਮਿਸਾਲ। ਅਸੀਂ ਇਸ ਮਿਸਾਲ ਨੂੰ ਸਮਝਣ ਤੋਂ ਹੀਣੇ, ਮਿਸਾਲ ਬਣਨਾ ਤਾਂ ਦੂਰ ਦੀ ਗੱਲ।
ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਬਾਬੇ ਨਾਨਕ ਦੇ ਉਸ ਸਬੱਬ ਨੂੰ ਵੀ ਭੁੱਲ ਬੈਠੈ ਹਾਂ ਜਿਸ ਰਾਹੀਂ ਬਾਬੇ ਨਾਨਕ ਨੇ ਸੱਜਣ ਠੱਗ ਨੂੰ ਨੇਕਨੀਤੀ ਦਾ ਪਾਠ ਪੜ੍ਹਾਇਆ ਅਤੇ ਮਾਨਵਤਾ ਦੇ ਮਾਰਗ ਤੋਰਿਆ ਸੀ; ਜਿਸ ਰਾਹੀਂ ਵਲੀ ਕੰਧਾਰੀ ਦਾ ਹੰਕਾਰ ਤੋੜਿਆ ਅਤੇ ਉਸ ਦੇ ਮਨ ਵਿਚ ਕੋਮਲਤਾ ਤੇ ਅਪਣੱਤ ਦੀਆਂ ਭਾਵਨਾਵਾਂ ਪੈਦਾ ਕਰਨ ਵਿਚ ਸਕਾਰਤਮਕ ਰੋਲ ਨਿਭਾਇਆ। ਭਾਈ ਮਰਦਾਨਾ, ਬਾਬੇ ਨਾਨਕ ਦੀ ਹਰੇਕ ਉਦਾਸੀ ਵਿਚ ਨਵੀਂਆਂ ਪੈੜਾਂ ਸਿਰਜਣ, ਸੁਗਮ ਸੰਦੇਸ਼ ਦੇਣ ਅਤੇ ਸਮਾਜਿਕ ਸੁਹਜ ਤੇ ਸਦਭਾਵਨਾ ਦੇ ਪੈਗਾਮ ਦਾ ਸਬੱਬ ਬਣਿਆ। ਅਸੀਂ ਤਾਂ ਬਾਬੇ ਨਾਨਕ ਦੇ ਉਸ ਅਜ਼ੀਮ ਸਬੱਬ ਨੂੰ ਭੁਲਾ ਕੇ, ਅਜਿਹੇ ਸਬੱਬ ਸਿਰਜਣ ਲਈ ਕਾਹਲੇ ਹਾਂ ਜੋ ਕੁਮੱਤ, ਕਪਟ ਅਤੇ ਕੁਹਜ ਦਾ ਮਾਰਗ-ਦਰਸ਼ਨ ਕਰਦੇ, ਜਿਹੜੇ ਕਮੀਨਗੀ, ਕਮੀਆਂ ਅਤੇ ਕੁਤਾਹੀਆਂ ਵੰਨੀਂ ਪ੍ਰੇਰਤ ਕਰਦੇ, ਜੋ ਰਾਹਾਂ ਦੀ ਨਿਸ਼ਾਨਦੇਹੀ ਕਰਨ ਤੇ ਸੁਚਾਰੂ ਸੋਚ ਮਸਤਕ ਦੇ ਨਾਮ ਕਰਨ ਦੀ ਬਜਾਏ ਕਾਲਖਾਂ ਵਣਜਣ ਲਈ ਉਤਸੁੱਕ ਨੇ। ਅਜਿਹੇ ਸਬੱਬਾਂ ਕਾਰਨ ਅਜੋਕਾ ਮਨੁੱਖ ਰਸਾਤਲ ਵੰਨੀਂ ਗਰਕ ਰਿਹਾ ਏ ਜਿਸ ‘ਚੋਂ ਮਨੁੱਖਤਾ ਏ ਮਨਫ਼ੀ। ਕਦੇ ਮਰਦਾਨੇ ਵਰਗਾ ਸਬੱਬ ਸਿਰਜਣਾ, ਤੁਹਾਨੂੰ ਸਬੱਬ ਰਾਹੀਂ ਸੁਘੜ-ਸੰਦੇਸ਼ ਦੇਣ ਦੀ ਸੱਚੀ ਸਾਰਥਕਤਾ ਸਮਝ ਆ ਜਾਵੇਗੀ।
ਭਾਈ ਮਰਦਾਨੇ ਨੂੰ ਚੇਤਿਆਂ ‘ਚੋਂ ਵਿਸਾਰ ਕੇ, ਅਸੀਂ ਬਾਬੇ ਨਾਨਕ ਦੀ ਉਸ ਉਦਾਸੀ ਨੂੰ ਭੁੱਲ ਗਏ, ਜੋ ਉਨ੍ਹਾਂ ਨੇ ਆਪਣੇ ਸਾਥੀ ਦੇ ਸਦਾ ਲਈ ਤੁਰ ਜਾਣ ਤੋਂ ਬਾਅਦ ਉਦਾਸ ਪਲਾਂ ਵਿਚ ਅਰੰਭੀ ਸੀ। ਕਿਰਤ ਦੀ ਉਦਾਸੀ। ਕਰਤਾਰਪੁਰ ਵਿਚ ਕਿਰਤ ਕਰਨ ਅਤੇ ਵੰਡ ਛੱਕਣ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦਾ ਉਦਮ ਤੇ ਉਪਰਾਲਾ। ਕਿਰਤ-ਧਰਮ ਵਿਚ ਨਵੀਆਂ ਉਚਾਈਆਂ ਦੇਣ ਵਾਲੇ ਬਾਬੇ ਨਾਨਕ ਦਾ ਕੇਹਾ ਪਿਆਰ ਅਤੇ ਸਬੰਧ ਸੀ ਭਾਈ ਮਰਦਾਨੇ ਨਾਲ ਕਿ ਉਹ ਫਿਰ ਬਾਹਰਲੀ ਉਦਾਸੀ ‘ਤੇ ਨਹੀਂ ਗਏ, ਸਗੋਂ ਕਿਰਤ-ਉਦਾਸੀ ਵਿਚੋਂ ਜੀਵਨੀ ਸੁਚਮ ਅਤੇ ਉਚਮ ਨੂੰ ਨਵੀਆਂ ਤਰਜ਼ੀਹਾਂ ਦੇ ਕੇ ਸਮੁੱਚੀ ਲੋਕਾਈ ਨੂੰ ਜੀਵਨ-ਸੇਧਾਂ ਨਾਲ ਨਿਵਾਜਿਆ। ਆਮ ਲੋਕਾਂ ਵਿਚ ਆਮ ਜਹੇ ਬਣ ਕੇ, ਮਾਨਵੀ ਸੰਦੇਸ਼ ਨੂੰ ਲੋਕ-ਮਨਾਂ ਵਿਚ ਸਦੀਵੀ ਉਕਰ ਦਿਤਾ ਜੋ ਇਨ੍ਹਾਂ ਉਪਦੇਸ਼ਾਂ ਤੋਂ ਬਹੁਤ ਦੂਰ ਸਨ। ਕੌਣ ਤੁਰਦਾ ਹੈ ਅਜੇਹੀ ਉਦਾਸੀ ‘ਤੇ? ਅੱਜ ਕੱਲ ਅਸੀਂ ਆਪਣੇ ਪਿਆਰੇ ਦੇ ਤੁਰ ਜਾਣ ‘ਤੇ, ਕੁਝ ਹੀ ਦਿਨਾਂ ਵਿਚ ਤੁਰ ਗਿਆਂ ਨੂੰ ਭੁਲਾ ਕੇ ਫਿਰ ਕਪਟੀ ਚਾਲਾਂ, ਕੂੜ-ਵਪਾਰ ਅਤੇ ਕੋਝੀਆਂ ਚਾਲਾਂ ਵਿਚ ਖੁਦ ਨੂੰ ਉਲਝਾ ਲੈਂਦੇ ਹਾਂ। ਸਾਨੂੰ ਤਾਂ ਯਾਦ ਹੀ ਨਹੀਂ ਰਹਿੰਦੀ ਕਰਮ-ਧਰਮ ਅਤੇ ਕਿਰਤ ਵਿਚਲੀ ਸੁੱਚਮਤਾ ਅਤੇ ਉਚਮਤਾ ਦੀ ਅਹਿਮੀਅਤ। ਕਿੰਨੇ ਕੁ ਨੇ ਅਜੋਕੇ ਡੇਰੇਦਾਰ ਅਤੇ ਧਾਰਮਿਕ ਰਹਿਨੁਮਾ, ਜਿਨ੍ਹਾਂ ਨੇ ਹੱਥੀਂ ਕਿਰਤ ਕਰਕੇ ਆਪਣੇ ਜੀਵਨ ਨੂੰ ਸੰਵਾਰਿਆ ਹੋਵੇ ਅਤੇ ਲੋਕਾਂ ਲਈ ਮਿਸਾਲ ਬਣੇ ਹੋਣ? ਭਾਈ ਮਰਦਾਨੇ ਨੂੰ ਭੁਲਾ ਕੇ ਅਸੀਂ ਕਿਰਤ-ਉਦਾਸੀ ਤੋਂ ਹੀ ਦੂਰ ਨਹੀਂ ਹੋਏ ਸਗੋਂ ਖੁਦ ਤੋਂ ਵੀ ਬਹੁਤ ਦੂਰ ਹੋ ਗਏ ਹਾਂ। ਖੁਦ ਤੋਂ ਦੂਰੀ ਹੀ ਮਨੁੱਖੀ-ਮਨ ਵਿਚ ਪੈਦਾ ਹੋਈ ਨੀਚਤਾ ਅਤੇ ਰਸਾਤਲ-ਗਰਕਣੀ ਦਾ ਕਾਰਨ ਏ।
ਅਸੀਂ ਤਾਂ ਭਾਈ ਮਰਦਾਨੇ ਦੀ ਰੂਹ ਨੂੰ ਵੀ ਨਹੀਂ ਬਖ਼ਸ਼ਿਆ। ਉਸ ਦੀ ਰੂਹ-ਵਿਲਕਣੀ ਸੁਣਨ ਤੋਂ ਇਨਕਾਰੀ। ਇਹ ਕੇਹੀ ਵਿਡੰਭਣਾ ਹੈ ਕਿ ਭਾਈ ਮਰਦਾਨਾ ਦੇ ਵਾਰਸਾਂ ਵਿਚ ਵਸਦੀ ਉਸ ਰੱਬੀ ਰੂਹ ਨੂੰ ਰਬਾਬ ਦੀਆਂ ਤਰੰਗਾਂ ਛੇੜਨ ਅਤੇ ਗੁਰਬਾਣੀ ਨੂੰ ਰਬਾਬੀ ਰੰਗਤ ਵਿਚ ਰੰਗ ਕੇ ਸ਼ਰਧਾਲੂਆਂ ਤੀਕ ਪਹੁੰਚਾਣ ਦੇ ਪਰਉਪਕਾਰੀ ਕਰਮ ਤੋਂ ਵੀ ਵਰਜ ਦਿਤਾ। ਉਨ੍ਹਾਂ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਹੀ ਨਹੀਂ ਕਰਨ ਦਿਤਾ ਜੋ ਕੀਰਤਨ ਰੂਪੀ ਇਬਾਦਤ ਕਰਨ ਲਈ ਉਚੇਚੇ ਤੌਰ ‘ਤੇ ਦੂਸਰੇ ਦੇਸ਼ ਤੋਂ ਆਏ ਹੋਣ। ਇਹ ਕੇਹੀ ਅਕ੍ਰਿਤਘਣਤਾ ਅਤੇ ਖੁਨਾਮੀ ਏ ਜਿਸ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ। ਭਾਈ ਮਰਦਾਨੇ ਦੀ ਰੂਹ, ਉਸ ਕੀਰਤਨ ਤੋਂ ਵਿਰਵੀ ਕਰ ਦਿਤੀ ਗਈ, ਜਿਹੜਾ ਕੀਰਤਨ ਉਸ ਨੇ ਬਾਬੇ ਨਾਨਕ ਦੀ ਸੰਗਤ ਵਿਚ ਸਾਰੀ ਉਮਰ ਕੀਤਾ ਸੀ। ਕੀ ਜਵਾਬ ਦੇਵਾਂਗੇ ਅਸੀਂ ਮਰਦਾਨੇ ਦੀ ਰੂਹ ਨੂੰ? ਮਰਿਆਦਾ ਨੂੰ ਬਾਣੀ ਤੋਂ ਉਚਤਮ ਕਿਸ ਨੇ ਬਣਾਇਆ? ਭਾਈ ਮਰਦਾਨੇ ਦੀ ਰੂਹ ਤਾਂ ਹੁਣ ਬੀਤੇ ਪਲਾਂ ਵਿਚੋਂ ਹੀ ਸੰਤੁਸ਼ਟੀ ਭਾਲਦੀ ਹੋਵੇਗੀ ਜਦ ਉਦਾਸੀਆਂ ਦੌਰਾਨ ਬਾਬਾ ਨਾਨਕ ਕਹਿੰਦੇ ਸਨ ਕਿ ਭਾਈ ਮਰਦਾਨਿਆ ਰਬਾਬ ਛੇੜ, ਬਾਣੀ ਆਈ ਏ। ਭਾਈ ਮਰਦਾਨੇ ਦੀ ਰਬਾਬ ਅਤੇ ਬਾਬੇ ਨਾਨਕ ਦੇ ਬੋਲ ਸਮੁੱਚੀ ਕਾਇਨਾਤ ਨੂੰ ਮੰਤਰ-ਮੁਗਧ ਕਰ ਦਿੰਦੇ ਸਨ। ਇਹ ਅਨੂਠਾ ਸੰਗਮ, ਫ਼ਿਜ਼ਾ ਦਾ ਅਜਿਹਾ ਹਾਸਲ ਹੁੰਦਾ ਸੀ ਕਿ ਜੀਵਨ-ਨਾਦ ਨੂੰ ਨਵੇਂ ਅਰਥ, ਅਦਬ ਅਤੇ ਅਕੀਦਤ ਪ੍ਰਾਪਤ ਹੁੰਦੀ ਸੀ।
ਦੇਖ ਭਾਈ ਮਰਦਾਨਿਆ, ਕੇਹੇ ਰੁੱਤਾਂ ਦੇ ਮਿਜ਼ਾਜ਼ ਕਿ ਸ਼ੋਰ ਵਿਚੋਂ ਭਾਲੀਏ, ਸੰਗੀਤ ਦਾ ਰਿਆਜ਼। ਫਿਜ਼ਾ ਵਿਚ ਨਾ ਗੂੰਜਦਾ, ਅਨਹਦ ਅਲਾਪ। ਤੇ ਨਾ ਹੀ ਰਬਾਬ ਕਰੇ, ਜਪੁ ਜੀ ਦਾ ਜਾਪ। ਵਿਕਦੀਆਂ ਨੇ ਸੁਰਾਂ, ਤੇ ਵਿਕਾਊ ਅੰਦਾਜ਼ ਏ। ਹਉਕਿਆਂ ਦੇ ਪੱਲੇ, ਮਰੀ ਸੋਚ ਦਾ ਖ਼ੁਆਬ ਏ।
ਭਾਈ ਮਰਦਾਨੇ ਨੂੰ ਭੁੱਲਣ ਵਾਲਿਓ! ਅਜਿਹੇ ਬੇਨਜ਼ੀਰ ਬਜੁਰਗਾਂ ਨੂੰ ਕਦੇ ਨਾ ਭੁਲਾਓ ਜੋ ਸਾਡੀ ਵਿਰਾਸਤ ਨੇ, ਜਿਨ੍ਹਾਂ ਦਾ ਇਤਿਹਾਸ ਵਿਚ ਮਾਣ-ਮੱਤਾ ਸਥਾਨ ਏ, ਜਿਨ੍ਹਾਂ ਦੇ ਭਰਾਤਰੀ-ਭਾਵ, ਭਗਤੀ ਅਤੇ ਬੰਦਗੀ ਵਿਚੋਂ ਹੀ ਰੱਬੀ ਰੂਹ ਨੂੰ ਮਕਸਦ ਪੂਰਤੀ ਲਈ ਅਜ਼ਲੀ ਸਾਥ ਨਸੀਬ ਹੋਇਆ ਸੀ, ਜਿਸ ਦੀਆਂ ਸੁਰਾਂ ਵਿਚ ਬਾਣੀ-ਬੋਧ ਨੂੰ ਸੰਗੀਤਕ ਪ੍ਰਵਾਜ਼ ਮਿਲਦੀ ਸੀ। ਬਾਬੇ ਨਾਨਕ ਦੀ ਸਮੁੱਚੀ ਬਾਣੀ ਨੂੰ ਰਬਾਬੀ ਰੰਗਤ ਦੇਣ ਵਾਲੇ ਮਹਾਨ ਰਬਾਬੀ ਨੂੰ ਭੁੱਲਣ ਦੇ ਗੁਨਾਹਗਾਰ ਨਾ ਬਣੋ। ਆਉਣ ਵਾਲੀਆਂ ਪੀੜ੍ਹੀਆਂ ਕਦੇ ਮੁਆਫ਼ ਨਹੀਂ ਕਰਨਗੀਆਂ। ਮਰਦਾਨੇ ਦੀ ਵੰਸ਼ ਨੂੰ ਮਾਣ ਸਤਿਕਾਰ ਜਰੂਰ ਦਿਓ। ਉਨ੍ਹਾਂ ਦੇ ਕੀਰਤਨ-ਰਸ ਨਾਲ ਆਪਣੀਆਂ ਮਲੀਨ ਆਤਮਾਵਾਂ ਧੋਵੋ। ਖੁਦ ਨੂੰ ਆਤਮਕ ਦਰ ਵੰਨੀਂ ਤੋਰੋ ਕਿਉਂ ਕਿ ਮਰਦਾਨੇ ਦੀ ਰੂਹ ਤਾਂ ਉਸ ਦੀ ਰਬਾਬ ਅਤੇ ਉਸ ਦੀਆਂ ਆਉਣ ਵਾਲੀਆਂ ਨਸਲਾਂ ਵਿਚ ਹੀ ਵੱਸਦੀ ਹੈ ਜਿਨ੍ਹਾਂ ਨੇ ਹੁਣ ਤੀਕ ਰਬਾਬ ਅਤੇ ਰਬਾਬੀ ਅੰਦਾਜ਼ ਰਾਹੀਂ ਗੁਰਬਾਣੀ ਕੀਰਤਨ ਨੂੰ ਰੂਹ-ਰੰਗ ਦਾ ਹਿੱਸਾ ਬਣਾਇਆ ਹੈ। ਸ਼ਾਇਦ ਇਨ੍ਹਾਂ ਜਸ਼ਨਾਂ ਵਿਚੋਂ ਮਰਦਾਨੇ ਦੀ ਅਲੋਪਤਾ ਨੂੰ ਹੁਣ ਵੀ ਯਾਦ ਕਰਕੇ ਮਨ ਨੂੰ ਕੁਝ ਸਕੂਨ ਤਾਂ ਦਿਤਾ ਹੀ ਜਾ ਸਕਦੈ।
ਹੁਣ ਦੇਖਣਾ ਹੋਵੇਗਾ ਕਿ ਕਿੰਨੇ ਕੁ ਸਿੱਖ ਭਾਈ ਮਰਦਾਨੇ ਦੀ ਯਾਦ ਨੂੰ ਨਤਮਸਤਕ ਹੁੰਦੇ ਆ?