ਪੰਜਾਬੀਓ! ਭਾਜਪਾ ਦੇ ਮਗਰਮੱਛ ਦੇ ਹੰਝੂਆਂ ਤੋਂ ਸਾਵਧਾਨ

ਜੰਗ ਸਿੰਘ
ਫੋਨ: 91-94170-95965
ਮੌਜੂਦਾ ਭਾਰਤੀ ਜਨਤਾ ਪਾਰਟੀ (ਭਾਜਪਾ), ਜਿਸ ਦਾ ਪਹਿਲਾ ਨਾਂ ਜਨ ਸੰਘ ਸੀ, ਦੇ ਪਿਛੋਕੜ ‘ਤੇ ਝਾਤ ਮਾਰੀਏ ਤਾਂ ਇਸ ਪਾਰਟੀ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਦਾ ਜਿੰਨਾ ਘਾਣ ਕੀਤਾ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਪੰਜਾਬ ਨੂੰ ਸੌੜ੍ਹਾ ਕਰਾਉਣ ਪਿਛੋਂ ਰਲ ਮਿਲ ਕੇ ਪਿਆਰ ਨਾਲ ਰਹਿੰਦੇ ਪੰਜਾਬੀਆਂ ਵਿਚ ਇਨ੍ਹਾਂ ਨੇ ਐਸੇ ਬੀਜ ਬੋਏ ਕਿ ਹਿੰਦੂਆਂ ਤੇ ਸਿੱਖਾਂ ਦੀ ਆਪਸੀ ਸਾਂਝ ਤਹਿਸ ਨਹਿਸ ਹੋ ਗਈ। ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬੀ ਹਿੰਦੂਆਂ ਨੂੰ ਧਰਮ ਦਾ ਵਾਸਤਾ ਦੇ ਕੇ ਹਿੰਦੀ ਬੋਲੀ ਲਿਖਵਾਉਣਾ, ਪੰਜਾਬ ਵਿਚੋਂ ਹਿਮਾਚਲ, ਹਰਿਆਣਾ ਵਖਰਾ ਕਰਾ ਕੇ ਇਸ ਨੂੰ ਛੋਟਾ ਕਰਨ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਸ਼ਾਸ਼ਿਤ ਬਣਾਉਣ ਵਿਚ ਇਸ ਪਾਰਟੀ ਦੇ ਕਾਂਗਰਸ ਪਾਰਟੀ ਵਿਚ ਛਿਪੇ ਹੋਏ ਗੁਲਜਾਰੀ ਲਾਲ ਨੰਦਾ, ਜੋ ਕੁਝ ਸਮਾਂ ਕਾਰਜਕਾਰੀ ਪ੍ਰਧਾਨ ਮੰਤਰੀ ਰਹੇ ਸਨ, ਦੀ ਪੰਜਾਬ ਤੇ ਪੰਜਾਬੀ ਵਿਰੋਧੀ ਸੋਚ ਦਾ ਨਤੀਜਾ ਸੀ।

ਜਿਸ ਪਾਰਟੀ ਦੇ ਆਗੂ ‘ਆਂਡੇ ਕਿਤੇ ਤੇ ਕੁੜ੍ਹ ਕੁੜ੍ਹ ਕਿਤੇ’ ਦੀ ਨੀਤੀ ‘ਤੇ ਚਲਦਿਆਂ ਪੰਜਾਬ ਤੇ ਪੰਜਾਬੀਆਂ ਦਾ ਇੰਨਾ ਘਾਣ ਕਰਾ ਚੁਕੇ ਹਨ, ਉਹ ਅੱਜ ਪੰਜਾਬ ਤੇ ਪੰਜਾਬੀਆਂ ਦੇ ਇੰਨੇ ਹਿਤੈਸ਼ੀ ਕਿਵੇਂ ਬਣ ਗਏ?
ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੋਦੀ ਸਰਕਾਰ ਨੂੰ ਪੰਜ ਸਾਲ ਦੇ ਰਾਜ ਦੌਰਾਨ ਉਹ ਸਿੱਖ ਕੈਦੀ ਨਜ਼ਰ ਨਹੀਂ ਆਏ, ਜੋ ਕਾਫੀ ਸਮੇਂ ਤੋਂ ਆਪਣੀ ਸਜ਼ਾ ਪੂਰੀ ਕਰ ਚੁਕੇ ਸਨ, ਉਨ੍ਹਾਂ ਵਿਚੋਂ ਕੁਝ ਨੂੰ ਇਕ ਦਮ ਰਿਹਾ ਕਰ ਦੇਣਾ ਜਦੋਂਕਿ ਲੋਕ ਆਗੂ ਮਨਜੀਤ ਸਿੰਘ ਧੰਨੇਰ, ਜੋ ਕਿਰਨਜੀਤ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਸੀ ਤੇ ਗਲਤ ਸਜ਼ਾ ਕਾਰਨ ਜੇਲ੍ਹ ਵਿਚ ਬੰਦ ਸੀ, ਨੂੰ ਬਰਨਾਲਾ ਜੇਲ੍ਹ ਵਿਚੋਂ ਰਿਹਾ ਕਰਾਉਣ ਲਈ ਇਕ ਲੋਕ ਲਹਿਰ ਬਣ ਗਈ ਸੀ, ਪਰ ਉਸ ਨੂੰ ਰਿਹਾ ਕੀਤੇ ਜਾਣਾ ਵੀ ਇਸੇ ਕੜੀ ਵਿਚ ਦੇਖਿਆ ਜਾਣ ਲੱਗਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਸੀ। ਇਸ ਵੇਲੇ ਲਾਏ ਉਦਘਾਟਨੀ ਪੱਥਰ ‘ਤੇ ਪੰਜਾਬੀ ਬੋਲੀ ਨਾ ਲਿਖੇ ਜਾਣਾ ਇਸ ਸਰਕਾਰ ਵਲੋਂ ‘ਇਕ ਰਾਸ਼ਟਰ, ਇਕ ਭਾਸ਼ਾ’ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ।
ਇਸ ਸਾਰੇ ਵਰਤਾਰੇ ਨੂੰ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿੱਖ ਜਥੇਬੰਦੀਆਂ ਮੂਕ ਦਰਸ਼ਕ ਬਣ ਕੇ ਮਾਂ ਬੋਲੀ ਨਾਲ ਹੋ ਰਹੇ ਧੱਕੇ ਨੂੰ ਵੇਖਦੀਆਂ ਰਹੀਆਂ। ਕਿਸੇ ਨੇ ਵੀ ਇਸ ਮੌਕੇ ਪੰਜਾਬੀ ਨੂੰ ਵਿਸਾਰੇ ਜਾਣ ਦੀ ਗੱਲ ਨਾ ਕੀਤੀ। ਜਦੋਂ ਪੱਥਰ ਲੱਗ ਗਿਆ ਤੇ ਜਦੋਂ ਪੰਜਾਬੀਆਂ ਨੇ ਵੇਖਿਆ ਤਾਂ ਉਨ੍ਹਾਂ ਭਾਜਪਾ ਦੀ ਫਿਰਕੂ ਸੋਚ ਦਾ ਸਖਤ ਵਿਰੋਧ ਸ਼ੁਰੂ ਕਰ ਦਿੱਤਾ। ਇਸ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਕਿ ਇਸ ਉਦਘਾਟਨੀ ਪੱਥਰ ਨੂੰ ਸੋਧ ਕੇ ਪਹਿਲੇ ਨੰਬਰ ‘ਤੇ ਪੰਜਾਬੀ, ਦੂਜੇ ਨੰਬਰ ‘ਤੇ ਹਿੰਦੀ ਅਤੇ ਤੀਜੇ ਨੰਬਰ ‘ਤੇ ਅੰਗਰੇਜ਼ੀ ਵਿਚ ਲਿਖੇ ਜਾਣ ਦੀ ਆਗਿਆ ਦਿਤੀ ਜਾਵੇ। ਪੱਤਰ ਮਿਲਦੇ ਹੀ ਪ੍ਰਵਾਨਗੀ ਦੇ ਦੇਣਾ ਆਦਿ ਗੱਲਾਂ ਸਾਬਤ ਕਰਦੀਆਂ ਹਨ ਕਿ ਭਾਜਪਾ ਅਤੇ ਪੰਜਾਬ ਵਿਚ ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਇਕ ਤਰ੍ਹਾਂ ਹਾਲਤ ਪਤਲੀ ਕਰਕੇ ਨੀਂਦ ਉਡਾ ਦਿਤੀ ਹੈ।
ਭਾਜਪਾ ਸਰਕਾਰ ਹੁਣ ਪੰਜਾਬ ਦੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਭਰਮਾ ਕੇ ਪੰਜਾਬ ਵਿਚ ਆਪਣੀ ਸਿਆਸੀ ਸਥਿਤੀ ਨੂੰ ਠੀਕ ਕਰਨਾ ਚਾਹੁੰਦੀ ਹੈ। ਉਹੀ ਭਾਜਪਾ ਦੇ ਆਗੂ ਜੋ ਡੀਂਗਾਂ ਮਾਰ ਰਹੇ ਸਨ ਕਿ “ਪੰਜਾਬ ਦੇ ਪਿੰਡਾਂ ਦੇ ਲੋਕ ਭਾਜਪਾ ਦੇ ਮੈਂਬਰ ਬਣਨ ਦੇ ਇੱਛੁਕ ਹਨ, ਅਸੀਂ ਸੌ ਮੈਂਬਰ ਬਣਾਉਣਾ ਵੱਡੀ ਜਿੱਤ ਸਮਝਦੇ ਸਾਂ, ਪਰ ਪਿੰਡਾਂ ਦੇ ਲੋਕਾਂ ਵਲੋਂ ਇੰਨਾ ਸਹਿਯੋਗ ਮਿਲ ਰਿਹਾ ਹੈ ਕਿ ਉਹ ਹਜਾਰ ਤੋਂ ਵੱਧ ਇਸ ਪਾਰਟੀ ਦੇ ਮੈਂਬਰ ਬਣਦੇ ਹਨ।”
ਪਰ ਪੰਜਾਬ ਵਾਸੀਆਂ ਨੇ ਸਾਬਤ ਕਰ ਦਿਤਾ ਹੈ ਕਿ ਇਥੋਂ ਦੇ ਲੋਕ ਭਾਜਪਾ ਦੇ ਪਿਛਲੇ ਕਿਰਦਾਰ ਨੂੰ ਹਾਲੇ ਭੁੱਲੇ ਨਹੀਂ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਪਹਿਲਾਂ ਜੋ ਦੋ ਸੀਟਾਂ ਜਿਤਾਈਆਂ ਸਨ, ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੋਹਾਂ ਸੀਟਾਂ ‘ਤੇ ਹਰਾ ਕੇ ਭਾਜਪਾ ‘ਤੇ ਹੂੰਝਾ ਫੇਰ ਦਿੱਤਾ ਹੈ। ਆਪਣੀ ਹਾਲਤ ਪੰਜਾਬ ਵਿਚ ਬਿਹਤਰ ਬਣਾਉਣ ਲਈ ਇਹ ਸਿੱਖ ਤੇ ਪੰਜਾਬ ਹਿਤੈਸ਼ੀ ਕੰਮ ਕਰਕੇ ਆਪਣੀ ਹਾਲਤ ਸੁਧਾਰਨਾ ਚਾਹੁੰਦੀ ਹੈ। ਇਸ ਗੱਲੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਪਾਰਟੀ ਭਵਿਖ ਵਿਚ ਹੋਰ ਵੀ ਕਈ ਕੰਮ ਕਰਕੇ ਪੰਜਾਬੀਆਂ ਨੂੰ ਭਰਮਾਉਣ ਦਾ ਯਤਨ ਕਰੇਗੀ।
ਪੰਜਾਬ ਦੇ ਲੋਕ ਜਾਣਦੇ ਹਨ ਕਿ ਇਸ ਪਾਰਟੀ ਦਾ ਨਾਂ ਭਾਵੇਂ ਜੰਨ ਸੰਘ ਹੋਵੇ ਜਾਂ ਫਿਰ ਬਦਲ ਕੇ ਭਾਰਤੀ ਜਨਤਾ ਪਾਰਟੀ ਜਾਂ ਕੋਈ ਹੋਰ, ਪੰਜਾਬ ਦੇ ਲੋਕ ਕਦੀ ਵੀ ਇਨ੍ਹਾਂ ਅਤੇ ਇਨ੍ਹਾਂ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਫਿਰ ਮੂੰਹ ਨਹੀਂ ਲਾਉਣ ਲੱਗੇ। ਆਪਣੇ ਆਪ ਨੂੰ 70 ਸਾਲਾ ਦੀ ਰਾਜਨੀਤੀ ਦਾ ਘਾਗ ਸਮਝਦੇ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਕਹਿੰਦੇ ਨਹੀਂ ਸੀ ਥਕਦੇ ਕਿ ਭਾਜਪਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਅੱਜ ਇਹ ਰਿਸ਼ਤਾ ਭਾਜਪਾ ਨੇ ਤਾਰ ਤਾਰ ਕਰਕੇ ਰੱਖ ਦਿਤਾ ਹੈ। ਬਾਦਲ ਸਾਹਿਬ ਦੀ ਪਾਰਟੀ ਦਾ ਨਹੁੰ ਭਾਜਪਾ ਨੇ ਲਾਹ ਕੇ ਅਹੁ ਮਾਰਿਆ।
ਬਾਦਲ ਸਾਹਿਬ ਨੂੰ ਇਹ ਵੀ ਚੇਤੇ ਰੱਖ ਲੈਣਾ ਚਾਹੀਦਾ ਹੈ ਕਿ ਭਾਜਪਾ ਨੇ ਹੁਸ਼ਿਆਰੀ ਤੇ ਚਲਾਕੀ ਨਾਲ ਉਨ੍ਹਾਂ ਕੋਲੋਂ ਅਜਿਹੇ ਪੰਜਾਬ ਤੇ ਪੰਜਾਬੀ ਵਿਰੋਧੀ ਕੰਮ ਕਰਵਾਏ ਜਿਨ੍ਹਾਂ ਨੂੰ ਪੰਜਾਬੀ ਕਦੀ ਮੁਆਫ ਨਹੀਂ ਕਰ ਸਕਦੇ, ਜਿਵੇਂ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਫਿਰ ਦੋਸ਼ੀਆਂ ਨੂੰ ਨਾ ਫੜ੍ਹਨਾ, ਸ਼ਾਂਤਮਈ ਰੋਸ ਪ੍ਰਗਟਾ ਰਹੇ ਲੋਕਾਂ ‘ਤੇ ਪੁਲਿਸ ਦੀਆਂ ਗੋਲੀਆਂ ਨਾਲ ਦੋ ਨੌਜੁਆਨਾਂ ਨੂੰ ਸ਼ਹੀਦ ਕਰਵਾ ਦੇਣਾ, ਸਿਰਫ ਵੋਟਾਂ ਲਈ ਬਿਨ ਮੁਆਫੀ ਮੰਗੇ ਸਿਰਸੇ ਵਾਲੇ ਬਾਬੇ ਨੂੰ ਸਿੱਖ ਪੰਥ ਦੇ ਪੰਜ ਜਥੇਦਾਰਾਂ ਕੋਲੋਂ ਮਾਫੀ ਦੁਆ ਕੇ ਅਕਾਲ ਤਖਤ ਦੀ ਮਹਾਨਤਾ ਨੂੰ ਢਾਹ ਲਾਉਣ ਦੀ ਕੋਝੀ ਕਾਰਵਾਈ ਕਰਾਉਣੀ। ਅਜਿਹੇ ਹੋਰ ਕਈ ਪੁੱਠੇ ਕੰਮ ਕਰਵਾ ਕੇ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਿੱਖਾਂ ਵਿਚ ਹਾਸੋ ਹੀਣੀ ਬਣਾ ਦਿਤੀ ਹੈ। 95 ਵਰ੍ਹਿਆਂ ਦੇ ਬਾਦਲ ਸਾਹਿਬ ਦੀ ਹਾਲਤ ਪੰਜਾਬ ਵਿਚ ਪਾਣੀ ਤੋਂ ਵੀ ਪਤਲੀ ਕਰ ਦਿਤੀ ਹੈ।
ਭਾਜਪਾ ਵਲੋਂ ਇਸ ਸਮੇਂ ਵਹਾਏ ਜਾਂਦੇ ਹੰਝੂ ਸਿਰਫ ਤੇ ਸਿਰਫ ਮਗਰਮੱਛ ਦੇ ਹੰਝੂ ਹਨ! ਇਹ ਅਸਲ ਵਿਚ ਇਕੋ ਇਕ ਨਾਅਰੇ ਤੇ ਕੰਮ ਕਰ ਰਹੀ ਹੈ ‘ਹਿੰਦੂ, ਹਿੰਦੀ, ਹਿੰਦੋਸਤਾਨ’ ਜੋ ਬੜੀ ਘਾਤਕ ਨੀਤੀ ਹੈ। ਦੇਸ਼, ਜਿਸ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਪੁੱਠਾ ਗੇੜ ਦਿਤਾ ਜਾ ਰਿਹਾ ਹੈ, ਨੂੰ ਬਚਾਉਣ ਲਈ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਹਮੇਸ਼ਾ ਦੇਸ਼ ਦੀ ਹਰ ਪੱਖੋਂ ਅਗਵਾਈ ਕਰਦਾ ਆਇਆ ਹੈ ਭਾਵੇਂ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦਾ ਹੋਵੇ, ਚਾਹੇ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਕਰਨ ਦਾ।