ਜੋਗੀ ਜੋਗੜੇ ਤੋਂ ਸਿੱਧੀ ਮਾਰਗ

ਗੁਲਜ਼ਾਰ ਸਿੰਘ ਸੰਧੂ
ਹਥਲਾ ਲੇਖ 1947 ਦੇ ਸਮਿਆਂ ਬਾਰੇ ਹੈ। ਉਸ ਵੇਲੇ ਦੇ ਵਰਤ ਵਰਤਾਰੇ, ਔਕੜਾਂ, ਉਮੰਗਾਂ ਤੇ ਦੇਸ਼ ਵੰਡ ਦੀ ਮਾਰ ਥੱਲੇ ਆਏ ਲੋਕਾਂ ਬਾਰੇ। ਇਨ੍ਹਾਂ ਗੱਲਾਂ ਦਾ ਚੇਤਾ ਕਰਵਾਉਣ ਵਾਲੀ ਮਨਮੋਹਨ ਸਿੰਘ ਢਿੱਲੋਂ ਦੀ ਪੁਸਤਕ ‘ਜ਼ਿੰਦਗੀ ਦੇ ਆਰ ਪਾਰ’ ਹੈ। ਲੇਖਕ ਮੇਰੀ ਮਾਸੀ ਦਾ ਭਤੀਜਾ ਹੈ। ਉਹ ਪੰਜਾਬੀ ਟ੍ਰਿਬਿਊਨ ਲਈ ਅੰਮ੍ਰਿਤਸਰ ਤੋਂ ਖਬਰਾਂ ਭੇਜਦਾ ਹੈ, ਕੋਈ ਚਾਰ ਦਹਾਕਿਆਂ ਤੋਂ। ਪੁਸਤਕ ਵਿਚ ਸ਼ਾਮਲ ਕੀਤੇ ਉਸ ਦੇ ਨਿੱਕੇ-ਵੱਡੇ ਲੇਖ ਉਸ ਦੀ ਬਾਰੀਕਬੀਨੀ ਦਾ ਸ਼ੀਸ਼ਾ ਹਨ। ਮੇਰੀ ਮਾਸੀ ਦਾ ਭਤੀਜਾ ਹੋਣ ਕਰਕੇ ਮੈਂ ਕੱਲ ਤੱਕ ਉਸ ਨੂੰ ਘਰ ਦਾ ਜੋਗੀ ਜੋਗੜਾ ਹੀ ਸਮਝਦਾ ਰਿਹਾ ਹਾਂ। ਹੁਣ ਪਤਾ ਲੱਗਾ ਕਿ ਉਹ ਵੀ ਸਿੱਧ ਹੈ। ਉਸ ਦੀ ਲੇਖਣੀ ਵਿਚ ਦਮ ਹੈ, ਤਾਂ ਹੈਰਾਨ ਹੋਣਾ ਕੁਦਰਤੀ ਸੀ।

ਸਭ ਤੋਂ ਪਹਿਲਾਂ ‘ਮਾਂ ਦੇ ਸੰਸਕਾਰ’ ਪੜ੍ਹੀ। ਲੇਖਕ ਦੀ ਮਾਂ ਤੇ ਆਪਣੀ ਮਾਸੀ ਬਾਰੇ ਮੈਂ ਆਪਣੀ ਮਾਸੀ ਦੇ ਦਿਆਲੂ ਸੁਭਾਅ ਤੋਂ ਜਾਣੂ ਸਾਂ, ਪਰ ਲੇਖ ਵਿਚ ਉਸ ਬਿਜਲੀ ਦਾ ਨਕਸ਼ਾ ਹੈ, ਜੋ ਮਨਮੋਹਨ ਦੇ ਬਚਪਨ ਵਿਚ ਉਨ੍ਹਾਂ ਦੇ ਘਰ ਡਿੱਗੀ ਸੀ। ਧਮਾਕੇ ਪਿੱਛੋਂ ਪਿੰਡ ਵਾਲੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਉਹਦੀ ਮਾਂ (ਮੇਰੀ ਮਾਸੀ) ਦਰਵਾਜੇ ਵਿਚ ਬੇਹੋਸ਼ ਪਈ ਸੀ। ਤੱਕ ਕੇ ਲੋਕਾਂ ਸਮਝਿਆ ਚਿੜੀ ਮਰੀ ਹੈ। ਉਸ ਦੇ ਨੇੜੇ ਇੱਕ ਚਿੜੀ ਮਰੀ ਪਈ, ਫੇਰ ਸੋਚਣ ਲੱਗੇ ਕਿ ਇਸ ਦਾ ਧਮਾਕਾ ਏਨਾ ਵੱਡਾ ਨਹੀਂ ਸੀ ਹੋ ਸਕਦਾ। ਮਾਂ ਨੂੰ ਹੋਸ਼ ਵਿਚ ਲਿਆਂਦਾ ਤਾਂ ਅੰਦਰ ਜਾ ਕੇ ਵੇਖਿਆ ਕਿ ਜੋ ਦੁਨਾਲੀ ਬੰਦੂਕ ਦਲਾਨ ਦੇ ਕਿੱਲੇ ਉਤੇ ਟੰਗੀ ਹੋਈ ਸੀ, ਭੁੰਜੇ ਡਿੱਗੀ ਪਈ ਹੈ ਤੇ ਬੰਦੂਕ ਦਾ ਬੱਟ ਦੁਫਾੜ ਹੈ। ਕਹਿਣ ਲੱਗੇ, ‘‘ਰੱਖੇ ਰੱਬ ਤਾਂ ਮਾਰੇ ਕੌਣ।’’ ਪਰ ਜੋ ਔਰਤ ਸਵੇਰੇ ਸਵੇਰੇ ਮਾਸੀ ਦੇ ਘਰੋਂ ਆਟਾ ਲੈ ਕੇ ਗਈ ਸੀ, ਪੁਆਧੀ ਭਾਸ਼ਾ ਵਿਚ ਬੋਲੀ, ‘‘ਯੋਹ ਤੋ ਸਦਾ ਗਰੀਬਾਂ ਕੀ ਮਦਦ ਕਰਾ, ਇਸਕੋ ਕੋਈ ਨਾ ਮਾਰਾ; ਉਪਰ ਵਾਲਾ ਵੀ ਨਾ।’’
‘ਅਨੂਠਾ ਮੰਗਤਾ-ਕੇਵਲ ਧਾਲੀਵਾਲ’ ਨਾਂ ਦੇ ਲੇਖ ਵਿਚ ਕੇਵਲ ਦੀਆਂ ਉਨ੍ਹਾਂ ਨਾਟਕੀ ਗਤੀਵਿਧੀਆਂ ਦਾ ਚਿੱਤਰ ਹੈ, ਜੋ ਉਹ ਆਪਣੇ ਸਥਾਪਤ ਕੀਤੇ ਵਿਰਸਾ ਵਿਹਾਰ ਕੇਂਦਰ ਦੇ ਵਿਕਾਸ ਲਈ ਵਰਤਦਾ ਹੈ। ‘ਗੁਆਚੇ ਸ਼ਬਦ’, ‘ਇੰਜ ਮੋੜੇ ਤਾਂਤ੍ਰਿਕ ਨੇ ਪੈਸੇ’, ‘ਆਪਣਿਆਂ ਤੋਂ ਬਚੋ’, ‘ਰੱਬਾ ਮੇਰੀਆਂ ਜੇਬਾਂ ਭਰਦਾ ਰਵੀਂ’, ‘ਘੁੱਗੀ ਤੇ ਕਬੂਤਰ ਹੁਣ ਅਮਨ ਦੇ ਪ੍ਰਤੀਕ ਨਹੀਂ’ ਆਦਿ ਲੇਖਾਂ/ਮਿਡਲਾਂ ਦੇ ਸਿਰਲੇਖ ਹੀ ਦੱਸਦੇ ਹਨ ਕਿ ਇਨ੍ਹਾਂ ਵਿਚ ਰਸਮ ਰਿਵਾਜ਼ਾਂ ਤੇ ਮਾਨਵੀ ਬਿਰਤੀਆਂ ਉਤੇ ਮਿੱਠੀਆਂ ਟਕੋਰਾਂ ਹਨ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਵੰਡ ਤੋਂ ਬਹੁਤ ਪਿੱਛੋਂ ਪੈਦਾ ਹੋਇਆ ਮਨਮੋਹਨ ਢਿੱਲੋਂ ਆਪਣੀ ਪਾਕਿਸਤਾਨ ਫੇਰੀ ਸਮੇਂ ਅਜਿਹੀਆਂ ਦਿਲਚਸਪ ਘਟਨਾਵਾਂ ਨੋਟ ਕਰਕੇ ਲਿਆਉਂਦਾ ਹੈ, ਜੋ ਏਧਰੋਂ ਓਧਰ ਜਾ ਕੇ ਵਸੇ ਮੁਸਲਮਾਨ ਭਰਾਵਾਂ ਦੇ ਮਨ ਵਿਚ ਭਰੇ ਏਧਰਲੀ ਮਿੱਟੀ ਦੇ ਮੋਹ ਦੀ ਬਾਤ ਪਾਉਂਦੀਆਂ ਹਨ ‘ਸਾਡਾ ਕੀ ਹੈ ਦੋਸ਼ ਵੇ ਲੋਕੋ’, ‘ਬਿੰਦੀ ਦੇ ਜਾਓ ਨਿਸ਼ਾਨੀ’, ‘ਮਿੱਟੀ ਦਾ ਮੋਹ’, ‘ਸੰਤਾਪ ਅਜੇ ਮੁੱਕਿਆ ਨਹੀਂ’ ਅਤੇ ‘ਆਪਣਾ ਅੰਮ੍ਰਿਤਸਰ’ ਆਦਿ ਲੇਖਾਂ ਵਿਚ।
ਓਧਰ ਜਾ ਕੇ ਵਸੇ ਲੋਕ ਅੱਜ ਵੀ ਏਧਰਲੇ ਪੰਜਾਬ ਨੂੰ ਆਪਣਾ ਕਹਿੰਦੇ ਹਨ। ਅੰਮ੍ਰਿਤਸਰ ਤੋਂ ਗਿਆ ਸ਼ਹਿਬਾਜ਼ ਆਪਣੇ ਜੱਦੀ ਪੁਸ਼ਤੀ ਸ਼ਹਿਰ ਨੂੰ ‘ਆਪਣਾ ਅੰਮ੍ਰਿਤਸਰ’ ਕਹਿੰਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਉਹ ਆਪਣਾ ਦੀ ਥਾਂ, ਮੇਰਾ ਕਿਉਂ ਨਹੀਂ ਕਹਿੰਦਾ ਤਾਂ ਉਸ ਦਾ ਉਤਰ ਸੀ, ‘‘ਅੰਮ੍ਰਿਤਸਰ ਇਕੱਲੇ ਉਸ ਦਾ ਨਹੀਂ, ਸਾਰੇ ਪਰਿਵਾਰ ਦਾ ਹੈ ਤੇ ਉਨ੍ਹਾਂ ਸਭਨਾ ਦਾ, ਜੋ ਉਥੋਂ ਉਜੜ ਕੇ ਆਏ ਹਨ।’’
ਅਜਿਹੇ ਲੋਕਾਂ ਵਿਚ ਪਾਕਿਸਤਾਨ ਦਾ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁਕਾ ਨਵਾਜ਼ ਸ਼ਰੀਫ ਵੀ ਹੈ, ਜਿਸ ਦੇ ਪੁਰਖੇ ਜੰਡਿਆਲਾ ਗੁਰੂ ਤੋਂ ਦਸ ਕਿਲੋਮੀਟਰ ਦੂਰ ਪਿੰਡ ਜਾਤੀ ਉਮਰਾ ਤੋਂ ਸਨ। ਲੇਖਕ ਉਸ ਪਿੰਡ ਦੀ ਇੱਕ ਬਿਰਧ ਔਰਤ ਭੇਜੋ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਨਵਾਜ਼ ਦੇ ਪਿਤਾ ਮੀਆਂ ਮੁਹੰਮਦ ਸ਼ਰੀਫ ਨੇ ਲਾਹੌਰ ਜਾ ਕੇ ਲੋਹੇ ਦਾ ਕਾਰਖਾਨਾ ਲਾਇਆ ਸੀ, ਜਿਸ ਦੇ ਭੱਠਿਆਂ ਵਿਚ ਤੇਜੋ ਦੇ ਪਤੀ ਸਮੇਤ ਕਈ ਬੰਦਿਆਂ ਦੀ ਨੌਕਰੀ ਲੱਗ ਗਈ ਸੀ। ਜਦੋਂ ਉਹ ਤਨਖਾਹ ਦੇ ਪੈਸੇ ਦੇਣ ਆਪਣੇ ਪਿੰਡ ਨਹੀਂ ਸਨ ਆ ਸਕਦੇ ਤਾਂ ਤੇਜੋ ਤੇ ਹੋਰ ਔਰਤਾਂ ਘੱਗਰੇ ਪਾ ਕੇ ਲਾਹੌਰ ਦੇ ਕਾਰਖਾਨੇ ਤੋਂ ਪੈਸੇ ਲੈ ਕੇ ਆਉਂਦੀਆਂ ਸਨ।
ਤੇਜੋ ਨੇ ਦੱਸਿਆ ਕਿ ਦੇਸ਼ ਵੰਡ ਦੇ ਐਲਾਨ ਪਿੱਛੋਂ ਜਿਸ ਦਿਨ ਲਾਹੌਰ ਦੇ ਮੁਸਲਮਾਨ ਉਥੋਂ ਦੇ ਹਿੰਦੂਆਂ-ਸਿੱਖਾਂ ਨੂੰ ਕਤਲ ਕਰਨ ਲੱਗੇ, ਉਹ ਲਾਹੌਰ ਫਸ ਗਈਆਂ ਸਨ ਤੇ ਮੁਹੰਮਦ ਸ਼ਰੀਫ ਦੇ ਬੰਦੇ ਉਨ੍ਹਾਂ ਨੂੰ ਜੰਡਿਆਲਾ ਗੁਰੂ ਦੀ ਗੱਡੀ ਚੜ੍ਹਾ ਕੇ ਗਏ ਸਨ। ਸ਼ਰੀਫ ਖਾਨਦਾਨ ਦਾ ਸ਼ੁਕਰਾਨਾ ਕਰਨ ਵਾਲੇ ਇਸ ਪਿੰਡ ਦਾ ਕਰਨੈਲ ਸਿੰਘ ਵੀ ਸੀ, ਜਿਸ ਨੇ ਦੱਸਿਆ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਸਮੇਂ ਪਿੰਡ ਦੀ ਮੰਗ ‘ਤੇ ਨਵਾਜ ਸ਼ਰੀਫ ਨੇ ਪਿੰਡ ਵਿਚ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਚੋਖੀ ਰਕਮ ਭੇਜੀ ਸੀ। ਲੇਖਕ ਨੇ ਉਸ ਪਿੰਡ ਦੀ ਬਿਰਧ ਔਰਤ ਮਹਿੰਦਰ ਕੌਰ ਤੇ ਇਕ ਬਜੁਰਗ ਸੁਖਦੇਵ ਸਿੰਘ ਨੂੰ ਮਿਲ ਕੇ ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕੀਤੇ ਹਨ। ਇੰਜ ਮਨਮੋਹਨ ਸਿੰਘ ਦੀ ਇਹ ਰਚਨਾ ਇਕ ਤਰ੍ਹਾਂ ਨਾਲ ਸੰਤਾਲੀ ਦੀ ਵੰਡ ਦਾ ਦਸਤਾਵੇਜ਼ ਵੀ ਹੈ।
ਉਸ ਦੀ ਪਾਕਿਸਤਾਨ ਫੇਰੀ ਸਮੇਂ ਨਨਕਾਣਾ ਸਾਹਿਬ, ਲਾਹੌਰ ਤੇ ਹੋਰ ਥਾਂਵਾਂ ਉਤੇ ਉਸ ਨੂੰ ਅਜਿਹੇ ਲੋਕ ਵੀ ਮਿਲੇ, ਜੋ ਹੋਕੇ ਦੇ ਦੇ ਕੇ ਪੁੱਛ ਰਹੇ ਸਨ ਕਿ ਏਧਰੋਂ ਜਾਣ ਵਾਲਿਆਂ ਵਿਚ ਕੋਈ ਅਜਿਹਾ ਵੀ ਹੈ, ਜੋ ਏਧਰੋਂ ਉਨ੍ਹਾਂ ਦੇ ਜੱਦੀ ਇਲਾਕੇ ਤੋਂ ਗਿਆ ਹੋਵੇ। ਬਿੰਦੀ ਦੀ ਮੰਗ ਪਾਉਣ ਵਾਲੀਆਂ ਔਰਤਾਂ ਅਤੇ ਕੜੇ ਮੰਗਣ ਵਾਲੇ ਮਰਦਾਂ ਦਾ ਵੀ ਅੰਤ ਨਹੀਂ ਸੀ।
ਮੈਂ ਅੰਤ ਵਿਚ ‘ਰੱਬ ਤੈਨੂੰ ਪਟਵਾਰੀ ਬਣਾਵੇ’ ਅਸੀਸ ਵਾਲੇ ਲੇਖ ਦੀ ਗੱਲ ਕਰਨਾ ਚਾਹਾਂਗਾ। ਉਨ੍ਹਾਂ ਸਮਿਆਂ ਵਿਚ ਪਿੰਡਾਂ ਦੇ ਜੱਟਾਂ ਲਈ ਪਟਵਾਰੀ ਹੀ ਰੱਬ ਸੀ, ਜੋ ਉਨ੍ਹਾਂ ਦੇ ਹੱਦ ਬੰਨਿਆਂ ਦੀ ਪੈਰਵੀ ਕਰਦਾ ਸੀ। ਇਥੇ ਇਹ ਦੱਸਣਾ ਵੀ ਕੁਥਾਂ ਨਹੀਂ ਕਿ ਮੇਰਾ ਬਾਪ ਖੇਤੀ ਨਹੀਂ ਸੀ ਕਰਦਾ, ਊਠ ਵਾਹੁੰਦਾ ਸੀ। ਇਸ ਡਰ ਤੋਂ ਕਿ ਉਸ ਦੇ ਹੱਦ ਬੰਨਿਆਂ ਨਾਲ ਕੋਈ ਛੇੜਖਾਨੀ ਨਾ ਹੋਵੇ, ਉਸ ਨੇ ਆਪਣੀ ਹਵੇਲੀ ਵਾਲੀ ਬੈਠਕ ਪਟਵਾਰੀ ਨੂੰ ਦੇ ਰੱਖੀ ਸੀ। ਫਿਰ ਜਦੋਂ ਉਸ ਪਟਵਾਰੀ ਦਾ ਪੁੱਤਰ ਕਾਨੂੰਨਗੋ ਦੀ ਪਦਵੀ ‘ਤੇ ਪਹੁੰਚਿਆ ਤਾਂ ਮੇਰੇ ਬਾਪੂ ਨੂੰ ਇਹ ਵੀ ਲਾਲਚ ਹੋ ਗਿਆ ਸੀ ਕਿ ਉਹ ਮੈਨੂੰ ਪਟਵਾਰੀ ਲਵਾ ਸਕਦਾ ਹੈ। ਦੂਜੀ ਵਿਸ਼ਵ ਜੰਗ ਦੇ ਦਿਨਾਂ ਵਿਚ ਪਿੰਡ ਵਾਸੀਆਂ ਦੀਆਂ ਇਹੀਓ ਲੋੜਾਂ ਸਨ।
ਪੁਸਤਕ ਵਿਚ ਕੇਵਲ ਧਾਲੀਵਾਲ ਤੋਂ ਬਿਨਾ ਮੇਰਾ ਦਾਗਿਸਤਾਨ ਦੇ ਅਨੁਵਾਦਕ ਡਾ. ਫਰੈਂਕ, ਪੱਛਮੀ ਬੰਗਾਲ ਦੀ ਕੋਲਾ ਖਾਣ ਵਿਚੋਂ ਕੀਮਤੀ ਜਾਨਾਂ ਬਚਾਉਣ ਵਾਲੇ ਮਾਈਨਿੰਗ ਇੰਜੀਨੀਅਰ ਗਿੱਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰਥਮ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੀ ਦਰਿਆ ਦਿਲੀ ਦੇ ਕਿੱਸੇ ਹੀ ਨਹੀਂ, ਹੋਰ ਵੀ ਬੜਾ ਕੁਝ ਪੜ੍ਹਨ ਤੇ ਮਾਣਨ ਵਾਲਾ ਹੈ। ਖੂਬੀ ਇਹ ਕਿ ਮਨਮੋਹਨ ਸਿੰਘ ਦੀ ਲਿਖਣ ਸ਼ੈਲੀ ਪੱਤਰਕਾਰਾਂ ਵਾਲੀ ਹੀ ਨਹੀਂ, ਇਸ ਵਿਚ ਸਾਹਿਤਕ ਰਸ ਵੀ ਹੈ। ਐਵੇਂ ਤਾਂ ਨਹੀਂ ਇਸ ਪੁਸਤਕ ਦੇ ਮੁਖ ਬੰਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸ਼ ਪੀ. ਸਿੰਘ ਨੇ ਇਸ ਰਚਨਾ ਨੂੰ ਸੁਹਿਰਦ ਪਾਤਰ ਦੀ ਸੰਵੇਦਨਸ਼ੀਲ ਲੇਖਣੀ ਕਿਹਾ। ਹੁਣ ਉਹ ਮੇਰੇ ਲਈ ਜੋਗੜਾ ਨਹੀਂ, ਸਿੱਧ ਹੈ।
ਜਾਂਦੇ ਜਾਂਦੇ ਮੈਂ ਮਨਮੋਹਨ ਦੇ ਤਾਏ ਤੇ ਆਪਣੇ ਮਾਸੜ ਨਿਹਾਲ ਸਿੰਘ ਦੀ ਵੀ ਇੱਕ ਗੱਲ ਦੱਸ ਦਿਆਂ, ਜੋ ਸੁੰਢਰਾਂ ਖੇੜੀ ਦਾ ਲੰਬੜਦਾਰ ਸੀ। ਇਹ ਪਿੰਡ ਡੇਰਾ ਬਸੀ ਤਹਿਸੀਲ ਵਿਚ ਪੈਂਦਾ ਹੈ। ਇੱਕ ਵਾਰੀ ਮਾਸੜ ਨੇ ਮੇਰੇ ਵਿਆਹ ਲਈ ਇੱਕ ਕੁੜੀ ਦੀ ਦੱਸ ਪਾਈ ਤੇ ਮੈਨੂੰ ਭਰਮਾਉਣ ਲਈ ਇਹ ਵੀ ਕਿਹਾ ਕਿ ਉਸ ਦੇ ਮਾਪੇ ਦਾਜ ਵਿਚ ਮੈਨੂੰ ਸਾਈਕਲ ਦੇਣਗੇ। ਉਨ੍ਹਾਂ ਸਮਿਆਂ ਵਿਚ ਜੇ ਕੋਈ ਸਾਈਕਲ ਖਰੀਦਦਾ ਸੀ ਤਾਂ ਪਿੰਡ ਵਾਲੇ ਨਵੇਂ ਸਾਈਕਲ ਨੂੰ ਦੇਖਣ ਆਉਂਦੇ ਸਨ। ਮੈਂ ਕਿਹਾ, “ਮਾਸੜ ਜੀ! ਦਾਜ ਦੀ ਛੱਡੋ, ਕੁਝ ਕੁੜੀ ਬਾਰੇ ਵੀ ਦੱਸੋ।”
ਮਾਸੜ ਦਾ ਉਤਰ ਸੀ, ‘‘ਛੋਕਰੀ? ਛੋਕਰੀ ਕੀ ਕਿਆ ਬਾਤਾਂ ਕਰਾ ਬਾਈ; ਛੋਕਰੀ ਤੋ ਕਾਗਤਾਂ ਮਾਂ ਲਪੇਟੀ ਪੜੀ।’’ ਨਿਸਚੇ ਹੀ ਮਨਮੋਹਨ ਸਿੰਘ ਢਿੱਲੋਂ ਨੂੰ ਸ਼ੈਲੀ ਦੀ ਗੁੜ੍ਹਤੀ ਆਪਣੇ ਤਾਏ ਤੋਂ ਮਿਲੀ ਹੋਵੇਗੀ ਯਾਨਿ ਮੇਰੇ ਮਾਸੜ ਨਿਹਾਲ ਸਿੰਘ ਨੰਬਰਦਾਰ ਤੋਂ।
ਅੰਤਿਕਾ: ‘ਅਣੂ’ ਦੇ ਦਸੰਬਰ ਵਿਚ ਕੁਲਦੀਪ ਸਿੰਘ ਚੱਠਾ
ਇਹ ਕੀ ਪਰਜਾਤੰਤਰ ਹੈ?
ਹੱਕ ਮੰਗੋ ਸਬਰ ਹੈ।
ਬੋਲਣ-ਲਿਖਣ ‘ਤੇ ਪਾਬੰਦੀ
ਭਾਵੇਂ ਦੇਸ਼ ਸੁਤੰਤਰ ਹੈ।
ਹਰ ਬਾਬੇ ਦੇ ਡੇਰੇ ਵਿਚ
ਭਗਤੀ ਨਹੀਂ, ਅਡੰਬਰ ਹੈ।
ਅੱਜ ਵੀ ਦਾਸੀ ਹੈ ਔਰਤ
ਅੱਜ ਵੀ ਮਰਦ ਪੈਗੰਬਰ ਹੈ।