ਮੁਹੰਮਦ ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਬੀਤੇ ਦਿਨੀਂ ਪ੍ਰਸਿੱਧ ਉਦਯੋਗਪਤੀ ਰਾਹੁਲ ਬਜਾਜ ਨੇ ਜਿਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਕਾਰਪੋਰੇਟ ਜਗਤ ਦੀ ਮੌਜੂਦਗੀ ਵਿਚ ਕੇਂਦਰ ਸਰਕਾਰ ਦੀ ਆਲੋਚਨਾ ਲਈ ਹੌਸਲੇ ਦੀ ਕਮੀ, ਲਿੰਚਿੰਗ ਬਾਰੇ ਅਸਰਦਾਰ ਕਾਰਵਾਈ ਨਾ ਹੋਣ ਅਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਵੱਲੋਂ ਨੱਥੂਰਾਮ ਗੋਡਸੇ ਦੀ ਸ਼ਲਾਘਾ ਵਾਲੇ ਬਿਆਨਾਂ ‘ਤੇ ਚਿੰਤਾ ਜਾਹਰ ਕੀਤੀ, ਯਕੀਨਨ ਉਨ੍ਹਾਂ ਸਭ ਦੇ ਸੰਦਰਭ ਵਿਚ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਹੈ।
ਰਾਹੁਲ ਬਜਾਜ ਦੀ ਸਾਫਗੋਈ ਜਿਥੇ ਪ੍ਰਸ਼ੰਸਾ ਦੀ ਪਾਤਰ ਹੈ, ਉਥੇ ਸਮੁੱਚੇ ਦੇਸ਼ ਲਈ ਕਿਤੇ ਨਾ ਕਿਤੇ ਉਨ੍ਹਾਂ ਵਲੋਂ ਪ੍ਰਗਟਾਈਆਂ ਚਿੰਤਾਵਾਂ ‘ਤੇ ਸੰਜੀਦਗੀ ਨਾਲ ਸੋਚਣਾ ਬਣਦਾ ਹੈ। ਜੇ ਵੇਖਿਆ ਜਾਵੇ ਤਾਂ ਉਨ੍ਹਾਂ ਦੀ ਜਬਾਨ ‘ਤੇ ਆਇਆ ਦਰਦ ਅੱਜ ਲਗਭਗ ਹਰ ਭਾਰਤੀ ਮਹਿਸੂਸ ਕਰ ਰਿਹਾ ਹੈ, ਪਰ ਇਹ ਵੀ ਯਥਾਰਥ ਹੈ ਕਿ ਅੱਜ ਸੱਚ ਕਹਿਣ ਦੀ ਕੋਈ ਵੀ ਹਿੰਮਤ ਨਹੀਂ ਕਰਦਾ। ਅਕਸਰ ਇਹ ਵੀ ਸੁਣਦੇ ਆਏ ਹਾਂ ਕਿ ਸਹਿਣ ਦੀ ਵੀ ਇਕ ਹੱਦ ਹੁੰਦੀ ਹੈ ਤੇ ਜਦੋਂ ਉਹ ਹੱਦ ਟੁੱਟਦੀ ਹੈ ਤਾਂ ਅੰਦਰਲੇ ਦਰਦ ਦਾ ਛਲਕਣਾ ਕੁਦਰਤੀ ਤੇ ਲਾਜਮੀ ਹੈ, ਜਿਵੇਂ ਮਿਰਜ਼ਾ ਗਾਲਿਬ ਨੇ ਕਿਹਾ ਹੈ,
ਦਿਲ ਹੀ ਤੋ ਹੈ ਨਾ ਸੰਗ ਓ ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ।
ਰੋਏਂਗੇ ਹਮ ਹਜਾਰ ਬਾਰ ਕੋਈ ਹਮੇਂ ਸਤਾਏ ਕਿਉਂ।
ਅਖਬਾਰ ‘ਟੈਲੀਗ੍ਰਾਫ’ ਅਨੁਸਾਰ ਰਾਹੁਲ ਬਜਾਜ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਅਖਬਾਰ ‘ਇਕਨਾਮਿਕ ਟਾਈਮਜ਼’ ਦੇ ਇੱਕ ਸਮਾਗਮ ਦੌਰਾਨ ਕੀਤਾ। ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਰੇਲਵੇ ਮੰਤਰੀ ਪਿਯੂਸ਼ ਗੋਇਲ, ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਅਦਿਤਿਆ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਆਦਿ ਉਘੀਆਂ ਤੇ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਮੌਜੂਦ ਸਨ।
ਅਖਬਾਰ ‘ਇੰਡੀਅਨ ਐਕਸਪ੍ਰੈਸ’ ਮੁਤਾਬਕ ਰਾਹੁਲ ਬਜਾਜ ਨੇ ਕਿਹਾ ਕਿ “ਸਾਡੇ ਵਿਚੋਂ ਕੋਈ ਵੀ ਉਦਯੋਗਪਤੀ ਦੋਸਤ ਨਹੀਂ ਬੋਲੇਗਾ, ਮੈਂ ਖੁਲ੍ਹੇਆਮ ਬੋਲਾਂਗਾ ਕਿ ਯੂਪੀਏ-2 ਦੀ ਸੱਤਾ ਦੌਰਾਨ ਅਸੀਂ ਕਿਸੇ ਦੀ ਵੀ ਆਲੋਚਨਾ ਕਰ ਸਕਦੇ ਸੀ।” ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ “ਬੇਸ਼ੱਕ ਤੁਸੀਂ ਚੰਗਾ ਕੰਮ ਕਰ ਰਹੇ ਹੋ, ਉਸ ਦੇ ਬਾਵਜੂਦ ਇੰਨੀ ਹਿੰਮਤ ਨਹੀਂ ਹੈ ਕਿ ਅਸੀਂ, ਤੁਹਾਡੀ ਖੁੱਲ੍ਹੇਆਮ ਆਲੋਚਨਾ ਕਰ ਸਕੀਏ ਕਿਉਂਕਿ ਸਾਨੂੰ ਲਗਦਾ ਹੈ ਕਿ ਤੁਸੀਂ ਇਸ ਤੋਂ ਖੁਸ਼ ਨਹੀਂ ਹੋਵੋਗੇ।”
ਪ੍ਰੱਗਿਆ ਠਾਕੁਰ ਬਾਰੇ ਗੱਲ ਕਰਦਿਆਂ ਰਾਹੁਲ ਬਜਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹਾ ਕਹੇ ਜਾਣ ਤੋਂ ਬਾਅਦ ਵੀ ਕਿ ਉਨ੍ਹਾਂ ਲਈ ਪ੍ਰੱਗਿਆ ਠਾਕੁਰ ਨੂੰ ਮੁਆਫ ਕਰਨਾ ਔਖਾ ਹੈ, ਉਨ੍ਹਾਂ ਨੂੰ ਸੰਸਦ ਵਿਚ ਹਾਊਸ ਆਫ ਕੰਸਲਟੈਂਟ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ।
ਲਿੰਚਿੰਗ ਦੇ ਸੰਦਰਭ ਵਿਚ ਰਾਹੁਲ ਬਜਾਜ ਦਾ ਕਹਿਣਾ ਸੀ, “ਅਸਹਿਨਸ਼ੀਲਤਾ ਦਾ ਮਾਹੌਲ ਹੈ, ਅਸੀਂ ਡਰਦੇ ਹਾਂ, ਕੁਝ ਚੀਜ਼ਾਂ ‘ਤੇ ਅਸੀਂ ਬੋਲਣਾ ਨਹੀਂ ਚਾਹੁੰਦੇ, ਪਰ ਦੇਖਦੇ ਹਾਂ ਕਿ ਕਿਸੇ ਨੂੰ ਸਜ਼ਾ ਹੀ ਨਹੀਂ ਮਿਲੀ ਅਜੇ ਤੱਕ।”
ਹਾਲੇ ਰਾਹੁਲ ਬਜਾਜ ਦੇ ਉਕਤ ਟਿਪਣੀਆਂ ਦੇ ਸੰਦਰਭ ਵਿਚ ਦੇਸ਼ ਦਾ ਬੁੱਧੀਜੀਵੀ ਵਰਗ ਚਰਚਾ ਕਰ ਹੀ ਰਿਹਾ ਸੀ ਕਿ ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਅਤੇ ਗੋਆ ਦੇ ਮੌਜੂਦਾ ਰਾਜਪਾਲ ਸਤਿਆਪਾਲ ਮਲਿਕ ਦੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਗਈ, ਜਿਸ ਵਿਚ ਉਹ ਬੀਤੇ ਦਿਨੀਂ ਕੌਮਾਂਤਰੀ ਭਾਰਤੀ ਫਿਲਮ ਮੇਲੇ ‘ਇਫੀ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਕਿਹਾ ਕਿ “ਹਿੰਦੋਸਤਾਨ ਵਿਚ ਸਿਰਫ ਉਹ ਨਹੀਂ ਹੋ ਰਿਹਾ ਹੈ, ਜੋ ਵਿਖਾਇਆ ਜਾ ਰਿਹਾ ਹੈ, ਬਹੁਤ ਕੁੱਝ ਹੋ ਰਿਹਾ ਹੈ, ਉਹ ਦਿਖ ਨਹੀਂ ਰਿਹਾ।… ਹਿੰਦੋਸਤਾਨ ਵਿਚ ਹਾਲੇ ਵੀ ਗੁਰਬਤ ਹੈ, ਬੇਰੁਜ਼ਗਾਰੀ ਹੈ, ਸ਼ਹਿਰਾਂ ਵਿਚ ਬੈਗਪੈਕ ਲਟਕਾਈ ਹਜਾਰਾਂ ਲੜਕੇ ਰੋਜੀ-ਰੋਟੀ ਦੀ ਭਾਲ ਵਿਚ ਭਟਕਦੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਅਸੀਂ ਕੋਈ ਵਧੀਆ ਨੌਕਰੀ ਦੀ ਗਾਰੰਟੀ ਨਹੀਂ ਦੇ ਸਕਦੇ।”
ਮਲਿਕ ਇਥੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਵੀ ਅਜਿਹੀ ਹੀ ਸਥਿਤੀ ਹੈ, ਜਵਾਨਾਂ ਦੇ ਹਾਲਾਤ ਤਾਂ ਮੈਂ ਵੇਖ ਹੀ ਆਇਆ ਹਾਂ। ਉਨ੍ਹਾਂ ਕਿਹਾ ਕਿ ਇਥੇ ਬੈਠ ਕੇ ਭਾਸ਼ਣ ਸਭ ਕਰਦੇ ਹਨ ਕਿ ਅਸੀਂ ਜਵਾਨਾਂ ਲਈ ਇਹ ਹਾਂ, ਅਸੀਂ ਉਹ ਹਾਂ। ਆਪਣੇ ਦੇਸ਼ ਵਿਚ ਤਾਂ ਅਜਿਹੇ ਲੋਕ ਹਨ, ਜਿਨ੍ਹਾਂ ਪਾਸ 14-14 ਮੰਜ਼ਿਲਾਂ ਮਕਾਨ ਹਨ। ਇਕ ਮੰਜ਼ਿਲ ਵਿਚ ਕੁੱਤਾ ਰਹਿੰਦਾ ਹੈ, ਇੱਕ ਵਿਚ ਡਰਾਈਵਰ ਰਹਿੰਦੇ ਹਨ ਅਤੇ ਇਕ ਵਿਚ ਕੋਈ ਹੋਰ, ਪਰ ਇੱਕ ਪੈਸਾ ਵੀ ਚੈਰਿਟੀ ਨਹੀਂ ਕਰਦੇ ਭਾਰਤੀ ਫੌਜ ਲਈ।
ਮਲਿਕ ਨੇ ਫੌਜ ਦੇ ਦਰਦ ਨੂੰ ਮਜੀਦ ਜਾਹਿਰ ਕਰਦਿਆਂ ਕਿਹਾ ਕਿ “ਹਿੰਦੋਸਤਾਨ ਦੇ ਫੌਜੀਆਂ ਦੀ ਜਿਸ ਦਿਨ ਅਰਥੀ ਆਉਂਦੀ ਹੈ, ਉਸ ਦਿਨ ਸਾਰਾ ਜਿਲਾ ਜੁਟ ਜਾਂਦਾ ਹੈ, ਡੀ. ਐਮ. ਆ ਜਾਂਦਾ ਹੈ, ਐਸ਼ ਐਸ਼ ਪੀ. ਆ ਜਾਂਦਾ ਹੈ, ਐਮ. ਐਲ਼ ਏ. ਆ ਜਾਂਦਾ ਹੈ, ਐਮ. ਪੀ. ਆ ਜਾਂਦਾ ਹੈ।”
ਉਨ੍ਹਾਂ ਹੋਰ ਕਿਹਾ ਕਿ ਰਾਜਸਥਾਨ ਦੇ ਝੁੰਝੁਨੂ ਜਿਲੇ ਵਿਚ ਮੇਰੀਆਂ ਕਈ ਰਿਸ਼ਤੇਦਾਰੀਆਂ ਹਨ। ਕੋਈ ਵੀ ਪਿੰਡ ਅਜਿਹਾ ਨਹੀਂ ਹੈ ਉਥੇ, ਜਿਸ ਦੇ ਦਰਵਾਜੇ ‘ਤੇ ਸ਼ਹੀਦ ਦੀ ਮੂਰਤੀ ਨਹੀਂ ਹੈ। ਪਰ ਸ਼ਹੀਦ ਦੇ ਦਾਹ-ਸਸਕਾਰ ਪਿਛੋਂ ਵਿਧਵਾ ਅਤੇ ਬੱਚਿਆਂ ਨੂੰ ਪੁੱਛਣ ਤੱਕ ਕੋਈ ਨਹੀਂ ਜਾਂਦਾ।”
ਮਲਿਕ ਨੇ ਮੁੜ ਕਿਹਾ ਕਿ “14 ਮੰਜ਼ਿਲਾਂ ਦੇ ਮਕਾਨ ਵਾਲੇ ਇੱਕ ਪੈਸੇ ਦੀ ਚੈਰਿਟੀ ਨਹੀਂ ਕਰਦੇ। ਨਾ ਤਾਂ ਐਜੂਕੇਸ਼ਨ ਲਈ ਕਰਦੇ ਹਨ, ਨਾ ਫੌਜ ਲਈ ਕਰਦੇ ਹਨ, ਨਾ ਹੀ ਸਿਪਾਹੀਆਂ ਲਈ ਕਰਦੇ ਹਨ ਅਤੇ ਨਾ ਹੀ ਨੌਜਵਾਨਾਂ ਲਈ ਕਰਦੇ ਹਨ।”
ਸੰਸਾਰ ਦੇ ਦੂਜੇ ਦੇਸ਼ਾਂ ਦੇ ਅਮੀਰ ਲੋਕਾਂ ਦਾ ਹਵਾਲਾ ਦਿੰਦਿਆਂ ਗਵਰਨਰ ਮਲਿਕ ਨੇ ਆਖਿਆ ਕਿ “ਦੁਨੀਆਂ ਦੇ ਸਭ ਵੱਡੇ ਲੋਕ, ਚਾਹੇ ਉਹ ਲਾਰਡ ਗਿਲਡ ਹੋਣ, ਮਿਊਜ਼ਿਕ ਦੇ ਲੋਕ ਹੋਣ, ਮਾਈਕ੍ਰੋਸੋਫਟ ਵਾਲੇ ਹੋਣ-ਸਭ ਲੋਕ ਆਪਣੀ ਆਮਦਨੀ ਦਾ ਵੱਡਾ ਹਿੱਸਾ ਚੈਰਿਟੀ ਕਰਦੇ ਹਨ, ਲੇਕਿਨ ਸਾਡੇ ਇਥੇ (ਭਾਰਤ) ਦੇ ਜੋ ਅਮੀਰ ਹਨ, ਮੈਂ ਉਨ੍ਹਾਂ ਨੂੰ ਇਨਸਾਨ ਵੀ ਨਹੀਂ ਮੰਨਦਾ…ਮੈਂ ਉਨ੍ਹਾਂ ਨੂੰ ਸੜੇ ਹੋਏ ਆਲੂਆਂ ਦੀ ਬੋਰੀ ਮੰਨਦਾ ਹਾਂ, ਜਿਨ੍ਹਾਂ ਦੀ ਜੇਬ ਵਿਚੋਂ ਇਕ ਪੈਸਾ ਵੀ ਨਹੀਂ ਨਿਕਲਦਾ। ਮੈਂ ਆਪਣੇ ਫਿਲਮਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਸਮਾਜ ਦੇ ਇਸ ਵਰਗ ਵੱਲ ਵੀ ਥੋੜ੍ਹਾ ਧਿਆਨ ਦੇਣ।”
ਗਵਰਨਰ ਮਲਿਕ ਤੇ ਰਾਹੁਲ ਬਜਾਜ ਦੀਆਂ ਇਨ੍ਹਾਂ ਟਿੱਪਣੀਆਂ ਦੇ ਸੰਦਰਭ ਵਿਚ ਦੇਸ਼ ਦਾ ਬੁੱਧੀਜੀਵੀ ਵਰਗ ਮਹਿਸੂਸ ਕਰਦਾ ਹੈ ਕਿ ਯਕੀਨਨ ਅੱਜ ਇਨ੍ਹਾਂ ਵਿਸ਼ਿਆਂ ‘ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਦੇਸ਼ ਦੇ ਪੂੰਜੀਪਤੀ ਵਰਗ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗਵਰਨਰ ਮਲਿਕ ਦੀਆਂ ਸੱਚੀਆਂ ਸੁੱਚੀਆਂ ਗੱਲਾਂ ਵੱਲ ਗੰਭੀਰਤਾ ਨਾਲ ਧਿਆਨ ਦੇਵੇ। ਸਰਮਾਏਦਾਰਾਂ ਦਾ ਵੀ ਦੇਸ਼ ਪ੍ਰਤੀ ਫਰਜ ਤਾਂ ਹੈ ਕਿ ਜੇ ਉਸ ਦੇਸ਼ ਦੇ ਲੋਕ ਗਰੀਬੀ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ ਤਾਂ ਪੂੰਜੀਪਤੀ ਉਨ੍ਹਾਂ ਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਉਪਰਾਲਾ ਕਰਨ। ਜੇ ਦੇਸ਼ ਦੇ ਕਿਸਾਨ ਆਰਥਕ ਥੁੜ੍ਹਾਂ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਅਮੀਰ ਤਬਕੇ ਦਾ ਫਰਜ ਹੈ ਕਿ ਉਹ ਉਨ੍ਹਾਂ ਦੀ ਬਾਂਹ ਫੜਨ। ਉਨ੍ਹਾਂ ਦਾ ਇਹ ਵੀ ਫਰਜ ਬਣਦਾ ਹੈ ਕਿ ਦੇਸ਼ ਦੇ ਲੋਕਾਂ ਨੂੰ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਲਈ ਸਵੈ ਇੱਛਾ ਨਾਲ ਅੱਗੇ ਆਉਣ।
ਹਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹ ਆਪਣੇ ਲੋਕਾਂ ਨੂੰ ਗੁੱਡ ਗਵਰਨੈਂਸ ਮੁਹੱਈਆ ਕਰੇ। ਜੇ ਉਸ ਦੇ ਕੰਮ ਕਾਜ ਵਿਚ ਕੋਈ ਨੁਕਸ ਜਾਂ ਕਮੀਆਂ ਦੀ ਨਿਸ਼ਾਨਦੇਹੀ ਕਰਵਾਉਂਦਾ ਹੈ ਤਾਂ ਉਸ ਆਵਾਜ਼ ਨੂੰ ਦਬਾਉਣਾ ਜਾਂ ਕੁਚਲਣਾ ਨਹੀਂ ਚਾਹੀਦਾ, ਸਗੋਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਕਾਰਾਤਮਕ ਅੰਦਾਜ਼ ਵਿਚ ਆਪਣੀਆਂ ਗਲਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਉਨ੍ਹਾਂ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਵਿਕਾਸਸ਼ੀਲ ਦੀ ਥਾਂ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਆਈਏ ਤਾਂ ਸਾਨੂੰ ਆਪਣੀ ਧਾਰਮਿਕ ਕੱਟੜਤਾ ਤੇ ਵੋਟ ਬੈਂਕ ਦੀ ਰਾਜਨੀਤੀ ਤੋਂ ਉਪਰ ਉਠਣਾ ਪਵੇਗਾ, ਨਾਲ ਹੀ ਸਾਨੂੰ ਤਮਾਮ ਖੁਦਗਰਜੀਆਂ ਨੂੰ ਵੀ ਤਿਲਾਂਜਲੀ ਦੇਣੀ ਪਏਗੀ। ਅੱਜ ਰਾਜਨੀਤੀ ਦਾ ਦਿਨੋ ਦਿਨ ਡਿਗ ਰਿਹਾ ਮਿਆਰ ਯਕੀਨਨ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਚੋਣਾਂ ਵਿਚ ਤਾਂ ਜਿੱਤ ਹਾਰ ਚਲਦੀ ਰਹਿੰਦੀ ਹੈ, ਚੜ੍ਹਦਾ ਤੇ ਲਹਿੰਦਾ ਸੂਰਜ ਹਰ ਰੋਜ ਸਾਨੂੰ ਇਹੋ ਸੁਨੇਹਾ ਦਿੰਦਾ ਹੈ ਕਿ ਕੋਈ ਵੀ ਜਿੱਤ ਸਦੀਵੀ ਨਹੀਂ ਹੁੰਦੀ ਤੇ ਨਾ ਹੀ ਕੋਈ ਹਾਰ ਹਮੇਸ਼ਾ ਲਈ ਆਉਂਦੀ ਹੈ। ਕੁਦਰਤ ਦਾ ਇਹ ਅਸੂਲ ਹੈ, ਉਹ ਕਾਦਰ ਇਨਸਾਨਾਂ ਦਾ ਜੋਰ ਇਨਸਾਨਾਂ ਰਾਹੀਂ ਹੀ ਘਟਾਉਂਦਾ ਤੇ ਵਧਾਉਂਦਾ ਰਹਿੰਦਾ ਹੈ।