ਸਾਲ 1947 ਵਿਚ ਭਾਰਤ ਦੀ ਆਜ਼ਾਦੀ ਮੌਕੇ ਭਾਵੇਂ ਮੁਲਕ ਦੀ ਵੰਡ ਹੋਈ ਸੀ, ਪਰ ਅਸਲ ਵਿਚ ਇਹ ਵੰਡ ਪੰਜਾਬ ਅਤੇ ਬੰਗਾਲ ਦੀ ਹੀ ਸੀ। ਆਬਾਦੀ ਦੇ ਤਬਾਦਲੇ ਦੌਰਾਨ ਬਹੁਤ ਵੱਡੇ ਪੱਧਰ ਉਤੇ ਸ਼ੁਰੂ ਹੋਏ ਫਸਾਦਾਂ ਨਾਲ ਲੱਖਾਂ ਪੰਜਾਬੀ ਕਤਲ ਹੋਏ, ਲੱਖਾਂ ਉਜੜ ਗਏ ਅਤੇ ਪੰਜਾਬ ਦੀਆਂ ਧੀਆਂ-ਭੈਣਾਂ ਨੇ ਉਹ ਮਾੜਾ ਵਕਤ ਹੰਢਾਇਆ, ਜਿਸ ਦੀ ਸੰਸਾਰ ਭਰ ਵਿਚ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ। ਉਹ ਬੁਰਾ ਵਕਤ ਅੱਜ ਤਕ ਪੰਜਾਬੀਆਂ ਦਾ ਪਿਛਾ ਕਰ ਰਿਹਾ ਹੈ।
ਬਹੁਤ ਸਾਰੇ ਵਿਦਵਾਨਾਂ-ਖੋਜੀਆਂ ਨੇ ਇਸ ਵਕਤ ਬਾਰੇ ਕਲਮ ਵਾਹੀ ਹੈ, ਫਿਰ ਵੀ ਇਸ ਵਕਤ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਵੀ ਫਰੋਲੀਆ ਨਹੀਂ ਗਈਆਂ। ਪਰਮਜੀਤ ਢੀਂਗਰਾ ਨੇ ਆਪਣੇ ਇਸ ਲੇਖ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਸੀ ਰਿਸ਼ਤਿਆਂ ਬਾਰੇ ਗੱਲ ਕੀਤੀ ਹੈ, ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ
ਡਾ. ਪਰਮਜੀਤ ਢੀਂਗਰਾ
ਭਾਰਤ-ਪਾਕਿਸਤਾਨ ਵੰਡ ਅਜਿਹਾ ਨਾਸੂਰ ਹੈ, ਜੋ ਸਦੀਆਂ ਤਕ ਰਿਸਦਾ ਰਹੇਗਾ। ਜਿਉਂ-ਜਿਉਂ ਇਤਿਹਾਸ ਦੇ ਪੰਨੇ ਖੁੱਲ੍ਹਦੇ ਜਾਣਗੇ, ਨਵੇਂ-ਨਵੇਂ ਸਵਾਲ ਪੈਦਾ ਹੁੰਦੇ ਰਹਿਣਗੇ। ਸਦੀਆਂ ਤੋਂ ਇਕੱਠੇ ਰਹਿੰਦੇ, ਇਕ ਦੂਜੇ ਨਾਲ ਵਰਤੋਂ ਵਿਹਾਰ ਵਿਚ ਸੰਵੇਦਨਾ ਪ੍ਰਗਟ ਕਰਦੇ ਲੋਕਾਂ ਵਿਚ ਰਾਤੋ-ਰਾਤ ਨਫਰਤ ਦੀ ਹਨੇਰੀ ਕਿਵੇਂ ਝੁੱਲ ਗਈ ਕਿ ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਕ ਦੂਜੇ ਨਾਲ ਸਬੰਧਾਂ ਵਿਚ ਆਏ ਨਿਘਾਰ ਦੀ ਨਿਸ਼ਾਨਦੇਹੀ ਇਤਿਹਾਸ ਨੂੰ ਘੋਖ ਕੇ ਹੀ ਕੀਤੀ ਜਾ ਸਕਦੀ ਹੈ।
ਦਰਅਸਲ, ਹਿੰਦੂ-ਮੁਸਲਿਮ ਸਬੰਧ ਮੱਧ ਕਾਲ ਤੋਂ ਬੜੇ ਸਹਿਜ ਰੂਪ ਵਿਚ ਚਲੇ ਆ ਰਹੇ ਸਨ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਬਹੁਤ ਵੱਡੀ ਗਿਣਤੀ ਲੋਕ ਸੂਫੀ ਸੰਤਾਂ ਦੀ ਪ੍ਰੇਰਨਾ ਸਦਕਾ ਮੁਸਲਿਮ ਬਣੇ। ਇਨ੍ਹਾਂ ਸਬੰਧਾਂ ਵਿਚ ਤ੍ਰੇੜ ਉਸ ਵੇਲੇ ਉਭਰਨ ਲੱਗੀ, ਜਦੋਂ 1923-24 ਵਿਚ ਕਾਂਗਰਸ ਦੇ ਉਘੇ ਨੇਤਾ ਲਾਲਾ ਲਾਜਪਤ ਰਾਏ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਵੱਖ-ਵੱਖ ਕੌਮਾਂ ਮੰਨ ਲਿਆ। ਉਸੇ ਆਧਾਰ ‘ਤੇ 1928-29 ਵਿਚ ਵਿਨਾਇਕ ਦਮੋਦਰ ਸਾਵਰਕਰ ਨੇ ਆਪਣੀ ਹਿੰਦੂਵਾਦੀ ਸੋਚ ‘ਤੇ ਹਿੰਦੂ ਰਾਸ਼ਟਰ ਦੀ ਪਰਿਕਲਪਨਾ ਤਿਆਰ ਕੀਤੀ ਸੀ। ਇਸ ਤੋਂ ਅੱਗੇ ਡਾ. ਹੇਡਗੇਵਾਰ, ਗੁਰੂ ਗੋਲਵਲਕਰ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਮੁਸਲਮਾਨਾਂ ਨੂੰ ਹਿੰਦੋਸਤਾਨੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਸੱਤਾ ‘ਤੇ ਕਬਜ਼ਾ ਕਰਨ ਦੀ ਕਸ਼ਮਕਸ਼ ਵਿਚ ਹਿੰਦੂਆਂ ਦੇ ਵੱਡੇ ਜਾਗਰੂਕ ਵਰਗ ਨੇ ਇਸੇ ਫਾਰਮੂਲੇ ਨੂੰ ਅਪਨਾਇਆ। ਇਸੇ ‘ਤੇ ਟੇਕ ਰੱਖਦਿਆਂ ਕਦੇ ਕਾਂਗਰਸ ਅਤੇ ਗੋਖਲੇ ਦੇ ਨੇੜੇ ਰਹੇ ਮੁਹੰਮਦ ਅਲੀ ਜਿਨਾਹ ਨੇ 1940 ਵਿਚ ਰਾਜਨੀਤੀ ਦੀ ਬਿਸਾਤ ‘ਤੇ ‘ਟੂ-ਨੇਸ਼ਨ’ (ਦੋ ਕੌਮਾਂ) ਦੇ ਮੋਹਰੇ ਨੂੰ ਅੱਗੇ ਕਰ ਦਿੱਤਾ। ਅੰਗਰੇਜ਼ਾਂ ਨੇ ਵੀ ਇਸ ਸਿਧਾਂਤ ਨੂੰ ਮੰਨ ਲਿਆ, ਪਰ ਇਸ ਦਾ ਅੰਤਿਮ ਸਿੱਟਾ ਭਿਆਨਕ ਦੁਖਾਂਤ ਦੇ ਰੂਪ ਵਿਚ ਨਿਕਲਿਆ।
ਹੁਣ ਆਪਸੀ ਸਬੰਧ ਵਿਗੜਦੇ-ਵਿਗੜਦੇ ਹਾਲਾਤ ਅਜਿਹੇ ਹੋ ਗਏ ਕਿ ਅਕਸਰ ਲੋਕ ਕਹਿੰਦੇ ਸਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਏਕਤਾ ਸੰਭਵ ਨਹੀਂ; ਹਾਲਾਂਕਿ ਇਤਿਹਾਸ ਨੂੰ ਵਾਚਿਆਂ ਆਪਸੀ ਮਤਭੇਦਾਂ ਦੇ ਮੁਕਾਬਲੇ ਜੋੜਨ ਵਾਲੇ ਤੱਤ ਵੱਧ ਨਜ਼ਰ ਆਉਣਗੇ। ਇਨ੍ਹਾਂ ਵਿਚ ਇਤਿਹਾਸਕ ਵਿਰਾਸਤੀ ਸਾਂਝ, ਸੰਗੀਤ, ਵਾਸਤੂਕਲਾ, ਭਾਸ਼ਾ, ਸੂਫੀਆਂ ਦੇ ਪ੍ਰਵਚਨ, ਖਾਨਗਾਹਾਂ ਤੇ ਹੋਰ ਅਨੇਕਾਂ ਤੱਤ ਸ਼ਾਮਲ ਹਨ, ਜੋ ਭਾਰਤ ਦੇ ਬਹੁਵੰਨੇ ਸਭਿਆਚਾਰ ਦੀ ਨਿਸ਼ਾਨੀ ਹਨ। ਅਫਸੋਸ, ਸੱਤਾ ਦੇ ਲਾਲਚ ਅਤੇ ਆਪਸੀ ਬੇਵਿਸਾਹੀ ਨੇ ਇਨ੍ਹਾਂ ਤੱਤਾਂ ਨੂੰ ਮਲੀਆਮੇਟ ਕਰਨ ਵਿਚ ਚਿਰ ਨਹੀਂ ਲਾਇਆ। ਆਜ਼ਾਦ ਹਿੰਦੋਸਤਾਨ ਵਿਚ ਬਹੁਤ ਵਾਰ ਹਿੰਦੂ-ਮੁਸਲਿਮ ਦੰਗੇ ਹੋਏ, ਜਿਨ੍ਹਾਂ ਕਰਕੇ ਆਪਸੀ ਸਬੰਧਾਂ ਵਿਚਲੀ ਤ੍ਰੇੜ ਲਗਾਤਾਰ ਡੂੰਘੀ ਹੁੰਦੀ ਰਹੀ ਹੈ। ਪਾਕਿਸਤਾਨ ਵਿਚ ਹਿੰਦੂ, ਸਿੱਖ ਅਤੇ ਇਸਾਈ ਘੱਟਗਿਣਤੀਆਂ ਦੀ ਦੁਰਦਸ਼ਾ ਕਿਸੇ ਕੋਲੋਂ ਲੁਕੀ ਹੋਈ ਨਹੀਂ। ਕਈ ਮਾਮਲਿਆਂ ਵਿਚ ਗਊ ਰੱਖਿਆ ਦੇ ਨਾਂ ‘ਤੇ ਘੱਟਗਿਣਤੀ ਫਿਰਕੇ ਦੇ ਲੋਕਾਂ ਨੂੰ ਜਾਨੋਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ।
ਬ੍ਰਿਟਿਸ਼ ਰਾਜ ਵੇਲੇ ਵੀ ਗਊ ਹੱਤਿਆ ਦਾ ਮਸਲਾ ਬੜਾ ਵੱਡਾ ਸੀ। ਦਰਅਸਲ, ਇਹ ਗਾਂ ਦੀ ਬਲੀ ਜਾਂ ਕੁਰਬਾਨੀ ਨਾਲ ਜੁੜਿਆ ਹੋਇਆ ਸੀ। ਉਦੋਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਵਿਚਲਾ ਰਾਹ ਕੱਢਦਿਆਂ ਸੁਝਾਅ ਦਿੱਤਾ ਸੀ ਕਿ ਜਿਥੇ-ਜਿਥੇ ਗਾਂ ਦੀ ਕੁਰਬਾਨੀ ਦੇਣ ਦੀ ਰਵਾਇਤ ਹੈ, ਉਥੇ ਦੇ ਦਿੱਤੀ ਜਾਵੇ ਤੇ ਇਸ ਵਿਚ ਹਿੰਦੂ ਰੋੜੇ ਨਾ ਅਟਕਾਉਣ ਪਰ ਜਿਨ੍ਹਾਂ ਨਵੀਆਂ ਥਾਂਵਾਂ ਦੀ ਚੋਣ ਕੁਰਬਾਨੀ ਲਈ ਕੀਤੀ ਗਈ ਹੈ, ਉਸ ਨੂੰ ਮੁਸਲਮਾਨ ਰੱਦ ਕਰ ਦੇਣ। ਇੰਜ ਕਰਨ ਨਾਲ ਦੋਹਾਂ ਵਿਚ ਸਮਝੌਤਾ ਤਾਂ ਹੋ ਗਿਆ, ਪਰ ਮਨਾਂ ਵਿਚ ਕੁੜਿੱਤਣ ਬਣੀ ਰਹੀ। ਸਿਆਸੀ ਲਾਲਸਾ ਪੂਰੀ ਕਰਨ ਲਈ ਜਦੋਂ ਧਰਮ ਨੂੰ ਹਥਿਆਰ ਬਣਾ ਲਿਆ ਗਿਆ ਤਾਂ ਨਫਰਤ ਦੀ ਹਨੇਰੀ ਸਿਖਰ ‘ਤੇ ਪੁੱਜ ਗਈ।
ਉਂਜ, ਇਹ ਵੀ ਵਿਰੋਧਾਭਾਸ ਹੈ ਕਿ ਜੋ ਪਾਕਿਸਤਾਨ ਬਣਾਉਣ ਲਈ ਬਜ਼ਿੱਦ ਸਨ, ਉਹ ਕੋਈ ਧਾਰਮਿਕ ਬੰਦੇ ਨਹੀਂ ਸਨ। ਉਹ ਵਿਦੇਸ਼ਾਂ ਵਿਚ ਪੜ੍ਹੇ ਅਤੇ ਅੰਗਰੇਜ਼ੀ ਭਾਸ਼ਾ, ਸਾਹਿਤ ਤੇ ਇਤਿਹਾਸ ਦੇ ਜਾਣਕਾਰ ਸਨ। ਇਨ੍ਹਾਂ ਲੋਕਾਂ ਨੇ ਸਿਆਸੀ ਲਾਹੇ ਲਈ ਮਜ਼ਹਬ ਦੀ ਦੁਹਾਈ ਦਿੱਤੀ ਤੇ ਹਕੂਮਤ ਕਾਇਮ ਕੀਤੀ। ਇਤਿਹਾਸ ਗਵਾਹ ਹੈ ਕਿ ਸੂਫੀਆਂ ਦੀਆਂ ਖਾਨਗਾਹਾਂ ਤੇ ਮਜ਼ਾਰਾਂ ਦੇ ਦਰਵਾਜੇ ਹਮੇਸ਼ਾ ਆਮ ਲੋਕਾਂ ਲਈ ਖੁੱਲ੍ਹੇ ਰਹਿੰਦੇ ਸਨ। ਸਮਾਜ ਵਿਚ ਹਿੰਦੂਆਂ ਤੇ ਮੁਸਲਮਾਨਾਂ-ਦੋਹਾਂ ਨੂੰ ਇਨ੍ਹਾਂ ਪ੍ਰਤੀ ਪੂਰੀ ਸ਼ਰਧਾ ਸੀ। ਇਸ ਆਸਥਾ ਨੇ ਲੋਕਾਂ ਨੂੰ ਸਾਂਝ ਬਖਸ਼ੀ, ਪਰ ਜਦੋਂ ਸਿਆਸਤ ਨੇ ਧਰਮ ਦੇ ਓਹਲੇ ਵਿਚ ਵੱਢ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹਿੰਦੂ ਅਤੇ ਮੁਸਲਮਾਨਾਂ ਵਿਚਲੇ ਅੰਤਰ ਪ੍ਰਤੱਖ ਨਜ਼ਰ ਆਉਣ ਲੱਗੇ।
ਰਿਸ਼ਤਿਆਂ ਨੂੰ ਤੋੜਨ ਵਿਚ ਇਕ ਹੋਰ ਇਤਿਹਾਸਕ ਘਟਨਾ ਦਾ ਹਵਾਲਾ ਮਿਲਦਾ ਹੈ। ਜਦੋਂ ਬੰਗਾਲ ਦੀ ਵੰਡ ਹੋਈ ਤਾਂ ‘ਬੰਗ-ਭੰਗ ਅੰਦੋਲਨ’ ਦੌਰਾਨ ਹਿੰਦੂ-ਪੁਨਰ ਜਾਗ੍ਰਿਤੀ ਦੇ ਨਾਅਰੇ ਲਾਏ ਗਏ। ਬੰਕਿਮ ਚੰਦਰ ਦੇ ਸਾਹਿਤ ਵਿਚ ‘ਵੰਦੇ ਮਾਤਰਮ’ ਨੂੰ ਜਿਸ ਧਾਰਮਿਕ ਸੁਰ ਅਤੇ ਸਿਆਸੀ ਪਿਛੋਕੜ ਵਿਚ ਪੇਸ਼ ਕੀਤਾ ਗਿਆ, ਉਸ ਦਾ ਮੁਸਲਮਾਨਾਂ ‘ਤੇ ਨਾਂਹਪੱਖੀ ਪ੍ਰਭਾਵ ਪਿਆ। ਹਿੰਦੋਸਤਾਨ ਨੂੰ ਕਾਲੀ ਦੇਵੀ ਅਤੇ ਦੁਰਗਾ ਮਾਤਾ ਦੇ ਰੂਪ ਵਿਚ ਪੇਸ਼ ਕਰਕੇ ਭਾਰਤ ਮਾਤਾ ਦਾ ਦਰਜਾ ਦਿੱਤਾ ਗਿਆ, ਜਿਸ ਦਾ ਮੁਸਲਮਾਨਾਂ ਨੇ ਵਿਰੋਧ ਕੀਤਾ। ਇਸ ਨਾਲ ਲੋਕਾਂ ਦੇ ਜ਼ਿਹਨ ਵਿਚ ਭਾਰਤੀ ਦੀ ਥਾਂ ‘ਹਿੰਦੂ’ ਜਾਂ ‘ਮੁਸਲਿਮ’ ਹੋਣ ਦੀ ਭਾਵਨਾ ਪੱਕੀ ਹੁੰਦੀ ਗਈ।
1882-83 ਵਿਚ ਰਿਪਨ ਸੁਧਾਰਾਂ ਦੇ ਸਿੱਟੇ ਵਜੋਂ ਪੰਜਾਬ ਵਿਚ ਮਿਉਂਸਿਪਲ ਚੋਣਾਂ ਵੇਲੇ ਸੰਪਰਦਾਇਕ ਮਾਹੌਲ ਪੈਦਾ ਹੋਇਆ। ਕੁਝ ਥਾਂਈਂ ਧਾਰਮਿਕ ਪਛਾਣ ਨੂੰ ਮੁੱਖ ਰੱਖ ਕੇ ਸੀਟਾਂ ਦਿੱਤੀਆਂ ਗਈਆਂ। ਇਸ ਨਾਲ ਦੋਹਾਂ ਧਿਰਾਂ ਵਿਚ ਨਫਰਤ ਦੀ ਅੱਗ ਸੁਲਘਣ ਲੱਗੀ।
ਹਿੰਦੂ-ਮੁਸਲਿਮ ਰਿਸ਼ਤਿਆਂ ਵਿਚ ਆਈ ਬੇਗਾਨਗੀ ਬਾਰੇ ਕਈ ਹੋਰ ਤੱਤ ਵੀ ਦੇਖੇ ਜਾ ਸਕਦੇ ਹਨ। ਇਨ੍ਹਾਂ ਵਿਚ ਮੁੱਖ ਹਨ: ਧਾਰਮਿਕ ਕੱਟੜਤਾ, ਆਰਥਕਤਾ, ਸਿਆਸੀ ਉਚਤਾ ਅਤੇ ਸੱਤਾ ‘ਤੇ ਕਾਬਜ਼ ਹੋਣ ਦੀ ਲਾਲਸਾ। ਕੁਝ ਚਿੰਤਕਾਂ ਨੇ ਇਨ੍ਹਾਂ ਦੀਆਂ ਜੜ੍ਹਾਂ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਆਧੁਨਿਕ ਰੁਝਾਨ ਨਾ ਅਪਨਾਏ ਜਾਣ ਵਿਚ ਲੱਭੀਆਂ ਹਨ। ਉਨ੍ਹਾਂ ਦਾ ਖਿਆਲ ਹੈ ਕਿ ਮੁਸਲਮਾਨਾਂ ਵਿਚ ਕੱਟੜ ਜਗੀਰੂ ਰੁਝਾਨ ਦੀਆਂ ਜੜ੍ਹਾਂ ਵੱਧ ਡੂੰਘੀਆਂ ਹਨ, ਇਸ ਕਰਕੇ ਉਹ ਆਧੁਨਿਕਤਾ ਤੋਂ ਲੰਮਾ ਸਮਾਂ ਦੂਰ ਰਹੇ। ਬ੍ਰਿਟਿਸ਼ ਰਾਜ ਦੀਆਂ ਬਰਕਤਾਂ ਨੂੰ ਉਨ੍ਹਾਂ ਨੇ ਬੜੀ ਦੇਰ ਬਾਅਦ ਸਮਝਿਆ।
ਇਸ ਬਾਰੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਕਥਨ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਮੱਧਵਰਗੀ ਜਮਾਤ ਵਿਚ ਇਕ ਪੀੜ੍ਹੀ ਜਾਂ ਇਸ ਤੋਂ ਵੱਧ ਦਾ ਫਰਕ ਹਮੇਸ਼ਾਂ ਰਿਹਾ ਹੈ ਤੇ ਇਹ ਫਰਕ ਅੱਜ ਵੀ ਸਿਆਸੀ, ਆਰਥਕ ਤੇ ਜ਼ਿੰਦਗੀ ਦੇ ਹੋਰ ਖੇਤਰਾਂ ਵਿਚ ਦੇਖਿਆ ਜਾ ਸਕਦਾ ਹੈ। ਇਸੇ ਫਰਕ ਤੇ ਪੱਛੜੇਪਣ ਨੇ ਮੁਸਲਮਾਨਾਂ ‘ਚ ਅਹਿਸਾਸ-ਏ-ਕਮਤਰੀ ਅਤੇ ਖੌਫ ਦੀ ਮਾਨਸਿਕਤਾ ਪੈਦਾ ਕਰ ਦਿੱਤੀ।
ਦੋਹਾਂ ਫਿਰਕਿਆਂ ਵਿਚ ਸੁਲਘਦੀ ਨਫਰਤ ਦੀ ਅੱਗ ਨੇ ਸਪਸ਼ਟ ਕਰ ਦਿੱਤਾ ਕਿ ਭਾਵੇਂ ਉਤੋਂ ਸਭ ਕੁਝ ਠੀਕ ਠਾਕ ਲੱਗਦਾ ਸੀ, ਪਰ ਅੰਦਰ ਬੇਵਿਸਾਹੀ ਤੇ ਨਫਰਤ ਦੇ ਸੱਪ ਵਿਸ ਘੋਲ ਰਹੇ ਸਨ। ਦੋਹਾਂ ਦਾ ਨਿਬੇੜਾ ਕਰਨ ਲਈ ਹੀ ਦੇਸ਼ ਵੰਡ ਨੂੰ ਅਮਲੀ ਜਾਮਾ ਪੁਆਇਆ ਗਿਆ। ਇਸ ਬਾਰੇ ਡਾ. ਰਾਮ ਮਨੋਹਰ ਲੋਹੀਆ ਦਾ ਕਥਨ ਬੜਾ ਸਟੀਕ ਹੈ: ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਦੰਗੇ ਰੋਕਣ ਲਈ ਦੇਸ਼ ਦੀ ਵੰਡ ਹੋਈ। ਦੇਸ਼ ਦੀ ਵੰਡ ਕਾਰਨ ਉਹੀ ਚੀਜ਼ ਇੰਨੇ ਭਿਅੰਕਰ ਰੂਪ ਵਿਚ ਪੈਦਾ ਹੋਈ, ਜਿਸ ਤੋਂ ਬਚਣ ਲਈ ਵੰਡ ਨੂੰ ਸਵੀਕਾਰ ਕੀਤਾ ਗਿਆ ਸੀ। ਅਜਿਹੀ ਹਾਲਤ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ, ਜਿਸ ਨੂੰ ਦੇਖ ਕੇ ਮਨੁੱਖ ਦੀ ਅਕਲ ਅਤੇ ਚਿੰਤਨ ‘ਤੇ ਸ਼ੱਕ ਹੋਣ ਲੱਗੇ।
ਅਮਰੀਕਾ ਦੇ ਰਸਾਲੇ ‘ਲਾਈਫ’ ਦੀ ਪੱਤਰਕਾਰ ਮਾਰਗਰੇਟ ਬਰੁਕ ਵ੍ਹਾਈਟ 1947 ਵਿਚ ਹਿੰਦੋਸਤਾਨ ਵਿਚ ਰਿਪੋਰਟਿੰਗ ਅਤੇ ਫੋਟੋਗ੍ਰਾਫੀ ਲਈ ਆਈ ਸੀ। ਉਹ ਲਿਖਦੀ ਹੈ: ਜਿਸ ਸਮੇਂ ਮੈਂ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ, ਉਸ ਸਮੇਂ ਤਕ ਪੰਜਾਹ ਲੱਖ ਤੋਂ ਵੱਧ ਲੋਕ ਏਧਰ ਓਧਰ ਜਾ ਚੁਕੇ ਸਨ। ਆਜ਼ਾਦੀ ਦਾ ਸਭ ਤੋਂ ਪਹਿਲਾ ਕੌੜਾ ਫਲ ਇਨ੍ਹਾਂ ਕਰੋੜਾਂ ਲੁੱਟੇ-ਪੁੱਟੇ, ਬਰਬਾਦ ਹੋ ਚੁਕੇ ਲੋਕਾਂ ਨੂੰ ਚੱਖਣ ਲਈ ਮਿਲ ਰਿਹਾ ਸੀ। ਆਜ਼ਾਦੀ ਦੀ ਲੰਮੀ ਲੜਾਈ ਦੇ ਅਖੀਰਲੇ ਦਿਨਾਂ ਵਿਚ ਦੋ ਕੌਮਾਂ ਦੀ ਵਿਚਾਰਧਾਰਾ ਨੇ ਜ਼ੋਰ ਫੜਿਆ। ਆਜ਼ਾਦੀ ਦੀ ਲੜਾਈ ਵਿਚ ਕਰੀਬ ਸਾਰੀਆਂ ਧਾਰਮਿਕ ਇਕਾਈਆਂ ਨਾਲ ਜੁੜੇ ਲੋਕਾਂ ਨੇ ਸਮੂਹਿਕ ਰੂਪ ਵਿਚ ਅਹਿਮ ਰੋਲ ਅਦਾ ਕੀਤਾ, ਪਰ ਅੰਤ ਵਿਚ ਉਨ੍ਹਾਂ ਨੂੰ ਦੇਸ਼ ਦੀ ਵੰਡ ਲਈ ਮਜਬੂਰ ਹੋਣਾ ਪਿਆ ਅਤੇ ਅਜਿਹਾ ਨਕਸ਼ਾ ਸਾਹਮਣੇ ਆਇਆ, ਜਿਸ ਵਿਚ ਲੋਕਾਂ ਦੀਆਂ ਲੋੜਾਂ, ਇਛਾਵਾਂ ਅਤੇ ਹਿੱਤਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਹਿੰਦੂ ਤੇ ਮੁਸਲਮਾਨ ਦੁਕਾਨਦਾਰਾਂ ਅਤੇ ਮਿਹਨਤੀ ਕਾਮਿਆਂ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਸਨ। ਸਾਰੇ ਹਿੰਦੋਸਤਾਨੀਆਂ ਸਾਹਮਣੇ ਸੁਖੀ ਜ਼ਿੰਦਗੀ ਜਿਉਣ ਅਤੇ ਆਮਦਨ ਵਿਚ ਵਾਧੇ ਦਾ ਸੁਪਨਾ ਸੀ, ਪਰ ਵੰਡ ਨੇ ਸਾਰਾ ਕੁਝ ਤਬਾਹ ਕਰ ਦਿੱਤਾ। ਇਹ ਵੰਡ ਪੂਰੀ ਤਰ੍ਹਾਂ ਗੈਰਵਾਜਬ ਅਤੇ ਤਰਕਹੀਣ ਸੀ, ਪਰ ਇਸ ਤਰਕਹੀਣ ਵੰਡ ਨੂੰ ਅਮਲੀ ਰੂਪ ਦੇਣ ਵਾਲੇ ਲੋਕ ਸਮੂਹ-ਦਰ-ਸਮੂਹ ਯਤਨਸ਼ੀਲ ਸਨ। ਸਰਹੱਦ ਦੇ ਆਰ-ਪਾਰ ਕਾਫਲਿਆਂ ਦੇ ਕਾਫਲੇ ਆ-ਜਾ ਰਹੇ ਸਨ। ਰਾਹ ਵਿਚ ਬੱਚੇ ਪੈਦਾ ਹੋ ਰਹੇ ਸਨ, ਲੋਕ ਮਰ ਰਹੇ ਸਨ, ਕੁਝ ਹੈਜ਼ੇ ਦਾ ਸ਼ਿਕਾਰ ਹੋ ਰਹੇ ਸਨ ਤੇ ਕੁਝ ਦੂਜੇ ਧਰਮ ਨੂੰ ਮੰਨਣ ਵਾਲੇ ਜਨੂਨੀਆਂ ਹੱਥੋਂ ਮਰ ਰਹੇ ਸਨ। ਬਹੁਤ ਸਾਰੇ ਥੱਕੇ ਹਾਰੇ ਤਾਂ ਸੜਕਾਂ ਕੰਢੇ ਪਏ ਮੌਤ ਦਾ ਇੰਤਜ਼ਾਰ ਕਰ ਰਹੇ ਸਨ। ਛੋਟੇ-ਛੋਟੇ ਬੱਚਿਆਂ ਨੂੰ ਮਾਂ ਪਿਓ ਜਾਂ ਬਜੁਰਗ ਨਾਲ ਨਾਲ ਘਸੀਟਦੇ ਦੇਖੇ ਜਾ ਸਕਦੇ ਸਨ। ਕਿੰਨੇ ਲੋਕ ਸੜਕਾਂ ‘ਤੇ ਦਮ ਤੋੜ ਰਹੇ ਸਨ। ਸਮੱਸਿਆਵਾਂ ਉਲਝਦੀਆਂ ਜਾ ਰਹੀਆਂ ਸਨ।
ਪਾਕਿਸਤਾਨ ਦੇ ਬੈਂਕਾਂ ਦਾ ਕੰਮਕਾਜ ਠੱਪ ਹੋ ਗਿਆ ਸੀ, ਕਿਉਂਕਿ ਉਨ੍ਹਾਂ ਦੇ ਮਾਲਕ ਹਿੰਦੂ ਸਨ, ਜੋ ਏਧਰ ਆ ਗਏ ਸਨ ਤੇ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਏਧਰ ਮੰਗਵਾ ਲਈ ਸੀ। ਬਾਜ਼ਾਰ ਸੁੰਨਸਾਨ ਸਨ। ਹਿੰਦੂ ਸਿੱਖ ਵਪਾਰੀ ਜਾ ਚੁਕੇ ਸਨ। ਰੂੰ ਦੇ ਬਾਜ਼ਾਰ ਬੰਦ ਸਨ, ਪਟਸਨ ਦੇ ਢੇਰ ਪਏ ਸਨ ਕਿਉਂਕਿ ਮਿੱਲਾਂ ਹਿੰਦੋਸਤਾਨ ਵਿਚ ਸਨ। ਲੋਹੇ ਦੇ ਕਾਰਖਾਨੇ ਹਿੰਦੋਸਤਾਨ ਵਿਚ ਸਨ। ਪਾਕਿਸਤਾਨ ਵਿਚ ਤਾਂ ਮਾਚਿਸ ਵੀ ਨਹੀਂ ਸੀ ਬਣਦੀ। ਓਧਰ ਹਿੰਦੋਸਤਾਨ ਦੇ ਚਮੜੇ ਦੇ ਕਾਰੋਬਾਰੀ, ਦਰਜ਼ੀ, ਮਿਸਤਰੀ ਪਾਕਿਸਤਾਨ ਚਲੇ ਗਏ ਸਨ। ਇਹ ਸਾਰਾ ਕੁਝ ਜਿਸ ਸ਼ਾਂਤੀ ਤੇ ਅਮਨ ਚੈਨ ਲਈ ਕੀਤਾ ਗਿਆ ਸੀ, ਹੁਣ ਉਹ ਅਮਨ ਸ਼ਾਂਤੀ ਖੰਭ ਲਾ ਕੇ ਉਡ ਗਏ ਸਨ। ਇਹ ਸਦੀਆਂ ਪੁਰਾਣੇ ਰਿਸ਼ਤਿਆਂ ਦਾ ਦੁਖਦਾਈ ਅੰਤ ਸੀ।
ਇਤਿਹਾਸਕਾਰ ਲੈਰੀ ਕੋਲਿਨਜ਼ ਲਿਖਦਾ ਹੈ: ਅੰਮ੍ਰਿਤਸਰ ਤੋਂ ਲਾਹੌਰ ਤਕ ਅਜੀਬ ਕਿਆਮਤ ਦਾ ਦ੍ਰਿਸ਼ ਸੀ। 45 ਮੀਲ ਦੇ ਇਸ ਰਸਤੇ ‘ਤੇ ਹਰ ਕਦਮ ‘ਤੇ ਲੋਕਾਂ ਦੀ ਬੇਵਸੀ ਅਤੇ ਜ਼ੁਲਮ ਦੇ ਨਿਸ਼ਾਨ ਬਿਖਰੇ ਪਏ ਸਨ। ਹਰ ਕਦਮ ‘ਤੇ ਲੋਕਾਂ ਦੀਆਂ ਲਾਸ਼ਾਂ ਅਤੇ ਸਰੀਰਾਂ ਦੇ ਅੰਗ ਖਿਲਰੇ ਪਏ ਸਨ। ਗਿਰਝਾਂ ਨੇ ਇੰਨਾ ਢਿੱਡ ਭਰ ਕੇ ਖਾ ਲਿਆ ਸੀ ਕਿ ਉਨ੍ਹਾਂ ਕੋਲੋਂ ਉਡਿਆ ਨਹੀਂ ਸੀ ਜਾ ਰਿਹਾ ਤੇ ਕੁੱਤੇ ਵੀ ਮਨੁੱਖਾਂ ਦੇ ਮਾਸ ਤੋਂ ਰੱਜ ਚੁਕੇ ਸਨ, ਸਿਰਫ ਗੁਰਦੇ ਤੇ ਕਲੇਜੀ ਖਾ ਕੇ ਉਨ੍ਹਾਂ ਨੇ ਲਾਸ਼ਾਂ ਨੂੰ ਗਲਣ ਸੜਨ ਲਈ ਛੱਡ ਦਿੱਤਾ ਸੀ।
ਪੂਰੇ ਪੰਜਾਬ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਮਰਨ ਤੇ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਕਰੀਬ ਬਰਾਬਰ ਸੀ। ਦੋਹਾਂ ਫਿਰਕਿਆਂ ਦੇ ਦੋ ਤੋਂ ਢਾਈ ਲੱਖ ਤਕ ਲੋਕ ਮਾਰੇ ਗਏ ਸਨ। ਇਤਿਹਾਸ ਨੂੰ ਚੀਰਦੀ ਕਾਲੀ ਲੀਕ ਵਿਸ਼ਾਲ ਨਕਸ਼ੇ ‘ਤੇ ਟੇਢੀ-ਮੇਢੀ ਵਾਹ ਦਿੱਤੀ ਗਈ ਸੀ। ਇਹ ਸਥਿਰ ਲੀਕ ਹੈ, ਜਿਸ ਨੂੰ ਨਾ ਹੁਣ ਕੋਈ ਨਕਸ਼ੇ ਤੋਂ ਮਿਟਾ ਸਕਦਾ ਹੈ ਤੇ ਨਾ ਜ਼ਮੀਨ ਤੋਂ। ਭਾਗ ਵਿਧਾਤਾ ਵੀ ਇਹਦੇ ਵਿਚ ਕੋਈ ਦਖਲ ਨਹੀਂ ਦੇ ਸਕਦਾ। ਇਸੇ ਕਰਕੇ ਅੱਜ ਤਕ ਇਸ ਲੀਕ ਦੇ ਆਰ-ਪਾਰ ਹਿੰਦੋਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਹਨ, ਪਰ ਇਨਸਾਨੀਅਤ ਦਾ ਨਾਅਰਾ ਲਾਉਣ ਵਾਲਾ ਨਾ ਕੋਈ ਉਦੋਂ ਸੀ, ਨਾ ਅੱਜ ਹੈ।