ਚਾਰੂ ਦੀ ਸੱਜੀ-ਖੱਬੀ ਬਾਂਹ ਸਰੋਜ ਦੱਤਾ ਤੇ ਸੁਸ਼ੀਤਲ ਰਾਏ ਚੌਧਰੀ

ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ-7
ਪੰਜਾਬ ਦੀ ਵਿਦਿਆਰਥੀ ਲਹਿਰ ਬਾਰੇ ਵਿਦਿਆਰਥੀ ਆਗੂ ਬਿੱਕਰ ਕੰਮੇਆਣਾ ਦੇ ਦੋ ਕਿਸ਼ਤਾਂ ਵਿਚ ਛਪੇ ਲੇਖ ਤੋਂ ਬਾਅਦ ਗੁਰਦਿਆਲ ਸਿੰਘ ਬਲ ਨੇ ਉਸ ਉਬਾਲੇ ਮਾਰਦੇ ਦੌਰ ਦੀਆਂ ਕੁਝ ਵਿਲੱਖਣ ਗੱਲਾਂ ‘ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ’ ਨਾਂ ਦੀ ਇਸ ਲੇਖ ਲੜੀ ਵਿਚ ਛੋਹੀਆਂ। 1968 ਵਾਲਾ ਸਾਲ ਸੰਸਾਰ ਭਰ ਵਿਚ ਬੜਾ ਘਟਨਾਵਾਂ ਭਰਪੂਰ ਸਾਲ ਸੀ। ਹਰ ਪਾਸੇ ਨੌਜਵਾਨ ਉਤਲੀ ਹੇਠ ਕਰਨ ਲਈ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਹੋਕਰੇ ਮਾਰ ਰਹੇ ਸਨ। ਜਾਨ-ਪ੍ਰਾਣ ਰੱਖਣ ਵਾਲਾ ਕੋਈ ਵਿਰਲਾ-ਟਾਵਾਂ ਹੀ ਇਸ ਹਾਲਾਤ ਤੋਂ ਅਣਭਿੱਜ ਰਿਹਾ ਹੋਵੇਗਾ। ਉਦੋਂ ਭਾਰਤ ਵਿਚ ਚਾਰੂ ਮਜੂਮਦਾਰ ਅਤੇ ਉਨ੍ਹਾਂ ਦੇ ਸਾਥੀ ਨਕਸਲੀ ਲਹਿਰ ਦਾ ਮੁੱਢ ਬੰਨ੍ਹ ਰਹੇ ਸਨ। ਇਸ ਲੜੀ ਦੀ ਸੱਤਵੀਂ ਅਤੇ ਆਖਰੀ ਕਿਸ਼ਤ ਵਿਚ ਲੇਖਕ ਨੇ ਕਾਮਰੇਡ ਚਾਰੂ ਮਜੂਮਦਾਰ ਦੇ ਦੋ ਨੇੜਲੇ ਸਾਥੀਆਂ ਕਾਮਰੇਡ ਸਰੋਜ ਦੱਤਾ ਤੇ ਕਾਮਰੇਡ ਸੁਸ਼ੀਤਲ ਰਾਏ ਚੌਧਰੀ ਦੀ ਸਿਆਸਤ, ਸਿਆਣਪ ਅਤੇ ਉਨ੍ਹਾਂ ਦੇ ਇਨਕਲਾਬ ਵਿਚ ਨਿਹਚੇ ਬਾਰੇ ਗੱਲਾਂ ਕੀਤੀਆਂ ਹਨ। ਨਾਲ ਹੀ ਇਹ ਜ਼ਿਕਰ ਵੀ ਛੇੜਿਆ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਰਾਤੋ-ਰਾਤ ਨਕਸਲੀ ਨੌਜਵਾਨਾਂ ਨੂੰ ਫੜ-ਫੜ ਕੇ ਮਾਰ ਮੁਕਾਇਆ ਸੀ।  -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 91-98150-85277
1968 ਵਿਚ ਚੱਲੀਆਂ ਵਿਆਪਕ ਵਿਦਿਆਰਥੀ ਹੜਤਾਲਾਂ ਦੀ ਗੱਲ ਕਰਦਿਆਂ ਪਿਛਲੀਆਂ ਕਿਸ਼ਤਾਂ ਵਿਚ ਇਸ ਵਰਤਾਰੇ ਨੂੰ ਉਨ੍ਹਾਂ ਸਮਿਆਂ ਦੀ ਵਿਸ਼ਵ ਵਿਆਪੀ ਵਿਦਰੋਹੀ ਸੁਰ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੀ ਕਿਸ਼ਤ ਵਿਚ ਭਾਰਤ ਵਿਚ ਨਕਸਲੀ ਅੰਦੋਲਨ ਦੇ ਸੂਤਰਧਾਰ ਕਾਮਰੇਡ ਚਾਰੂ ਮਜੂਮਦਾਰ ਬਾਰੇ ਗੱਲ ਕੀਤੀ ਗਈ ਸੀ। ਸਾਡੇ ਕੁਝ ਪਾਠਕਾਂ ਦੇ ਸਵਾਲ ਆਏ ਹਨ ਕਿ ਪੱਛਮੀ ਬੰਗਾਲ ਵਰਗੇ ਸਭ ਤੋਂ ਪੜ੍ਹੇ-ਲਿਖੇ ਸੂਬੇ ਵਿਚ ਕਾਮਰੇਡ ਚਾਰੂ ਇਕੱਲਾ ਹੀ ਨੌਜਵਾਨਾਂ ਨੂੰ ਹਿੰਸਕ ਅੰਦੋਲਨ ਲਈ ਪ੍ਰੇਰਨ ਵਿਚ ਕਾਮਯਾਬ ਕਿੰਜ ਹੋ ਗਿਆ।æææਤੇ ਜੇ ਉਹ ਇਕੱਲਾ ਨਹੀਂ, ਬਲਕਿ ਅਜਿਹੀ ਸੋਚ ਵਾਲੇ ਨੇਤਾਵਾਂ ਅਤੇ ਚਿੰਤਕਾਂ ਦੀ ਪੂਰੀ ਟੀਮ ਸੀ ਤਾਂ ਉਹ ਲੋਕ ਕੌਣ ਸਨ। ਇਸ ਕਿਸ਼ਤ ਵਿਚ ਕਾਮਰੇਡ ਸਰੋਜ ਦੱਤਾ, ਕਾਮਰੇਡ ਸੁਸ਼ੀਤਲ ਰਾਏ ਚੌਧਰੀ ਅਤੇ ਹੋਰ ਮੁੱਢਲੇ ਨਕਸਲੀ ਨੇਤਾਵਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ। ਸਰੋਜ ਦੱਤਾ ਤੇ ਸੁਸ਼ੀਤਲ ਰਾਏ ਚੌਧਰੀ ਚਾਰੂ ਮਜੂਮਦਾਰ ਦੇ ਕਾਮਰੇਡ ਗੁਰਭਾਈ ਤੋਂ ਬਾਅਦ ਨਕਸਲੀ ਅੰਦੋਲਨ ਦੀ ਰੂਹੇ-ਰਵਾਂ ਕਿਸੇ ਇਕ ਕਾਮਰੇਡ ਦੀ ਜਦੋਂ ਗੱਲ ਚਲੇਗੀ ਤਾਂ ਉਥੇ ਸਭ ਤੋਂ ਪਹਿਲਾ ਨਾਮ ਸਰੋਜ ਦੱਤਾ ਦਾ ਉਭਰ ਕੇ ਸਾਹਮਣੇ ਆਵੇਗਾ।
ਬੰਗਾਲ ਦੇ ਸਾਰੇ ਨਕਸਲੀ ਨੇਤਾਵਾਂ ਵਿਚੋਂ ਸਰੋਜ ਦੱਤਾ ਉਮਰ, ਅਧਿਐਨ ਅਤੇ ਤਜਰਬਾ-ਸਾਰੇ ਪੱਖਾਂ ਤੋਂ ਹੀ ਸਭ ਤੋਂ ਸੀਨੀਅਰ ਸਨ। ਉਹ ਮੌਜੂਦਾ ਬੰਗਲਾ ਦੇਸ਼ ਦੇ ਜੈਸਰੇ ਕਸਬੇ ਵਿਚ ਸਾਲ 1913 ‘ਚ ਜਨਮੇ ਅਤੇ ਉਥੋਂ ਹੀ ਉਨ੍ਹਾਂ ਨੇ ਪੋਸਟ ਗਰੈਜੂਏਟ ਪੱਧਰ ਤੱਕ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੰਗਾਲ ਦੇ ‘ਅੰਮ੍ਰਿਤ ਬਜ਼ਾਰ ਪਤ੍ਰਿਕਾ’ ਨਾਂ ਦੇ ਉੱਘੇ ਅਖਬਾਰ ਵਿਚ ਉਪ ਸੰਪਾਦਕ ਵਜੋਂ ਕੀਤੀ। ਲਿਖਣ-ਪੜ੍ਹਨ ‘ਚ ਸ਼ੁਰੂ ਤੋਂ ਹੀ ਬਹੁਤ ਹੋਣਹਾਰ ਹੋਣ ਸਦਕਾ ਬੜੀ ਜਲਦੀ ਹੀ ਉਹ ਅਖਬਾਰ ਦੀ ਈਵਨਿੰਗ ਸ਼ਿਫਟ ਦੇ ਐਡੀਟਰ-ਇਨ-ਚੀਫ ਬਣ ਗਏ। ਸੁਤੰਤਰਤਾ ਤੋਂ ਤੁਰੰਤ ਬਾਅਦ ਦੇ ਸਾਲਾਂ ‘ਚ ਭਾਰਤੀ ਕਮਿਊਨਿਸਟ ਲਹਿਰ ਦੇ ਰੰਧੀਵੇ ਦੌਰ ਦੌਰਾਨ ਸਰਗਰਮ ਸਿਆਸਤ ਨਾਲ ਜੁੜੇ ਹੋਣ ਕਾਰਨ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਰੰਧੀਵੇ ਦੌਰ ਪਿੱਛੋਂ ਉਹ ‘ਸਵੈਧੀਨਤਾ’ ਨਾਂ ਦੇ ਪਾਰਟੀ ਪੇਪਰ ਦੇ ਸੰਪਾਦਕ ਬਣਾ ਦਿੱਤੇ ਗਏ। ਸਾਲ 1962-64 ਦੀ ਪਾਰਟੀ ਟੁੱਟਣ ਦੌਰਾਨ ਉਨ੍ਹਾਂ ਨੇ ਮਾਰਕਸੀ ਪਾਰਟੀ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ ‘ਦੇਸ਼ ਹਿਤੈਸ਼ੀ’ ਨਾਂ ਦੇ ਹਫਤਾਵਾਰੀ ਪੇਪਰ ਦੇ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਗਈ। ਉਨ੍ਹਾਂ ਦੀ ਲਿਖਤ ਵਿਚ ਬਹੁਤ ਜਾਨ ਸੀ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਸੰਮਤੀ ਨਾ ਰੱਖਣ ਵਾਲੇ ਲੋਕ ਵੀ ਉਨ੍ਹਾਂ ਦੀ ਰਾਏ ਦੀ ਕਦਰ ਕਰਦੇ ਸਨ।
ਕਾਮਰੇਡ ਸਰੋਜ ਦੱਤਾ ਦੀ ਸਮਝ ਅਨੁਸਾਰ ਭਾਰਤ ਨੂੰ 1947 ‘ਚ ਮਿਲੀ ਆਜ਼ਾਦੀ ਹਕੀਕੀ ਨਹੀਂ ਸੀ ਅਤੇ ਸ਼ਹੀਦ ਭਗਤ ਸਿੰਘ ਤੇ ਹੋਰ ਦੇਸ਼ ਭਗਤਾਂ ਦੇ ਸੁਤੰਤਰਤਾ ਦੇ ਸੁਪਨਿਆਂ ਨਾਲ ਇਸ ਦਾ ਦੂਰ ਦਾ ਵੀ ਸਬੰਧ ਨਹੀਂ ਸੀ। ਮਾਰਕਸੀ ਆਰਥਿਕ ਸਿਧਾਂਤ ਉਤੇ ਉਨ੍ਹਾਂ ਦੀ ਪੂਰੀ ਪਕੜ ਸੀ ਅਤੇ ਉਨ੍ਹਾਂ ਦੀ ਸਮਝ ਅਨੁਸਾਰ ਭਾਰਤੀ ਹਾਕਮ ਧਿਰਾਂ ਦਾ ਖਾਸਾ ਨਾ ਤਾਂ ਕੌਮੀ ਸਰਮਾਏਦਾਰੀ ਵਾਲਾ ਸੀ ਅਤੇ ਨਾ ਇਥੇ ਟਾਟੇ, ਬਿਰਲਿਆਂ ਜਾਂ ਦੇਸੀ ਜਗੀਰਦਾਰਾਂ ਦੀ ਹੀ ਸਰਦਾਰੀ ਸੀ। ਭਾਰਤ ਦੀ ਕਾਂਗਰਸ ਸਰਕਾਰ ਵਿਸ਼ਵ ਵਿਆਪੀ ਸਾਮਰਾਜੀ ਅਰਥਚਾਰੇ ਅੰਦਰ ਮਹਿਜ਼ ਦਲਾਲ ਸਰਮਾਏਦਾਰੀ ਦੇ ਹਿੱਤਾਂ ਦੀ ਤਰਜਮਾਨੀ ਹੀ ਕਰ ਰਹੀ ਸੀ। ਕਾਮਰੇਡ ਸਰੋਜ ਦੱਤਾ ਦੀ ਰਾਜਨੀਤਕ ਸਮਝ ਦਾ ਕੇਂਦਰੀ ਧੁਰਾ ਇਹ ਸੀ ਕਿ ਭਾਰਤ ਵਿਚ ਸਹੀ ਅਰਥਾਂ ਵਿਚ ਲੋਕ ਜਮਹੂਰੀ ਇਨਕਲਾਬ ਤੋਂ ਬਿਨਾਂ ਆਮ ਮਿਹਨਤਕਸ਼, ਗਰੀਬ ਲੋਕਾਈ ਦੀ ਮੁਕਤੀ ਕਤਈ ਤੌਰ ‘ਤੇ ਸੰਭਵ ਨਹੀਂ ਸੀ।
1967 ਦੇ ਨਕਸਲੀ ਉਭਾਰ ਤੋਂ ਬਾਅਦ ਅਗਲੇ 2-3 ਸਾਲਾਂ ਦੇ ਅੰਦਰ-ਅੰਦਰ ਦੇਸ਼ ਭਰ ਵਿਚ ਸਭ ਥਾਵਾਂ ‘ਤੇ ਅੰਦੋਲਨ ਕੁਚਲ ਦਿੱਤੇ ਜਾਣ ਅਤੇ ਬਹੁਤੇ ਨੇਤਾਵਾਂ ਵਲੋਂ ਕਾਮਰੇਡ ਚਾਰੂ ਦੀ ਲਾਈਨ ਅਤੇ ਅਗਵਾਈ ਦੀ ਸਮਰਥਾ ਵਿਚ ਬੇਭਰੋਸਗੀ ਪ੍ਰਗਟਾਉਣ ਦੇ ਬਾਵਜੂਦ ਕਾਮਰੇਡ ਸਰੋਜ ਦੱਤਾ ਮਰਦੇ ਦਮ ਤੱਕ ਆਪਣੇ ਅਕੀਦੇ ‘ਤੇ ਦ੍ਰਿੜ੍ਹ ਰੂਪ ਵਿਚ ਡਟੇ ਰਹੇ।
ਪਿਛਲੀ ਕਿਸ਼ਤ ਵਿਚ ਅਸੀਂ ਵੇਖਿਆ ਹੈ ਕਿ ਜੂਨ 1971 ਦੇ ਅਖੀਰ ਵਿਚ ਮੁਖ ਮੰਤਰੀ ਅਜੈ ਮੁਖਰਜੀ ਦੇ ਹਥਿਆਰ ਸੁੱਟ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਗਵਰਨਰ ਨੂੰ ਸੰਭਾਲ ਦੇਣ ਦੇ ਮਹਿਜ਼ ਦੋ ਮਹੀਨਿਆਂ ਦੇ ਅੰਦਰ-ਅੰਦਰ ਪ੍ਰਸ਼ਾਸਨ ਵੱਲੋਂ ਦਿਨ ਦਿਹਾੜੇ ‘ਕਾਲੇ ਬਿੱਲੇ’ ਛੱਡ ਕੇ ਨਕਸਲੀ ਨੌਜਵਾਨਾਂ ਦਾ ਕਿਵੇਂ ਘਰਾਂ ‘ਚੋਂ ਚੁੱਕ-ਚੁੱਕ ਕੇ ਸਫਾਇਆ ਕਰਵਾਇਆ ਗਿਆ। ਅਸਲ ਵਿਚ ਪ੍ਰਸ਼ਾਸਨ ਵੱਲੋਂ ਆਪਣੀ ਇਸ ‘ਖੂਨੀ ਮੁਹਿੰਮ’ ਦੀ ਸ਼ੁਰੂਆਤ 5 ਅਗਸਤ 1971 ਦੀ ਰਾਤ ਨੂੰ ਕਾਮਰੇਡ ਸਰੋਜ ਦੱਤਾ ਨੂੰ ਗ੍ਰਿਫਤਾਰ ਕਰ ਕੇ ਅਤੇ ਬੜੇ ਨਾਟਕੀ ਢੰਗ ਨਾਲ ਉਨ੍ਹਾਂ ਨੂੰ ਸ਼ਹੀਦ ਕਰ ਕੇ ਹੀ ਕੀਤੀ ਗਈ ਸੀ।
ਸਾਨੂੰ ਪਤਾ ਹੈ ਕਿ ਨਕਸਲੀ ਅੰਦੋਲਨ ਦੇ ਮੋਢੀ ਸੂਤਰਧਾਰਾਂ ਨੇ ਆਪਣੀ ਲੜਾਈ ਦਾ ਮੁਹਾਣ ਮੱਧਯੁਗੀ ਜਗੀਰਦਾਰਾਨਾ ਲੁੱਟ-ਖਸੁੱਟ ਦੀ ਗ੍ਰਿਫਤ ਵਿਚ ਫਸੇ ਚਲੇ ਆ ਰਹੇ ਦਿਹਾਤੀ ਖੇਤਰਾਂ ‘ਤੇ ਕੇਂਦਰਿਤ ਰੱਖਣ ਦੀ ਯੁੱਧਨੀਤੀ ਉਲੀਕੀ ਸੀ। ਹਾਕਮ ਧਿਰਾਂ ਵੱਲੋਂ ਬੜੇ ਥੋੜ੍ਹੇ ਜਿਹੇ ਅਰਸੇ ਵਿਚ ਹੀ ਦਿਹਾਤੀ ਖੇਤਰਾਂ ਵਿਚ ਗੁਰੀਲਿਆਂ ਦੇ ਰੁਮਾਂਟਿਕ ਇਨਕਲਾਬੀ ਮਨਸੂਬਿਆਂ ਨੂੰ ਬੇਅਸਰ ਕਰ ਦਿੱਤੇ ਜਾਣ ਤੋਂ ਬਾਅਦ ਹੰਭ-ਹਾਰ ਕੇ ਸ਼ਹਿਰੀ ਖੇਤਰਾਂ ਵਿਚਲੇ ਸਕੂਲ ਕਾਲਜ ਛੱਡ ਕੇ ਪੇਂਡੂ ਖੇਤਰਾਂ ਵਿਚ ਸਦੀਆਂ ਤੋਂ ਲੁੱਟੇ-ਪੁੱਟੇ ਜਾ ਰਹੇ ਗਰੀਬ ਲੋਕਾਂ ਦੀ ਇਨਕਲਾਬ ਲਿਆਉਣ ਵਿਚ ਮਦਦ ਕਰਨ ਲਈ ਗਏ ਆਦਰਸ਼ਵਾਦੀ ਨਕਸਲੀ ਨੌਜਵਾਨਾਂ ਨੇ ਆਪਣੀਆਂ ਮੁਹਾਰਾਂ ਕਲਕੱਤਾ ਮਹਾਂ ਨਗਰ ਵੱਲ ਮੋੜ ਲਈਆਂ। ਇਹ ਪਤਾ ਹੀ ਨਾ ਲੱਗਾ ਕਿ ਕਿਸ ਮੋੜ ‘ਤੇ, ਕਿਉ ਅਤੇ ਕਿਸ ਦੇ ਇਸ਼ਾਰੇ ‘ਤੇ ਆਪਣੇ ਹਮਲਿਆਂ ਦੀ ਧਾਰ ‘ਲੋਟੂ ਦਲਾਲ ਬੁਰਜ਼ੂਆ ਨਿਜ਼ਾਮ’ ਦੀਆਂ ਧ੍ਰੋਹਰ ਸੰਸਥਾਵਾਂ ਅਤੇ ਸਭਿਆਚਾਰਕ ਚੇਤਨਾ ਵੱਲ ਸੇਧ ਦਿੱਤੀ। ਚੀਨ ਨੇ ਸਭਿਆਚਾਰਕ ਇਨਕਲਾਬ ਦੌਰਾਨ ਮਾਓ ਵਿਚਾਰਧਾਰਾ ਤੋਂ ਪ੍ਰੇਰਿਤ ਰੈੱਡ ਗਾਰਡ ਇਸ ਕਿਸਮ ਦੀਆਂ ਕਾਰਵਾਈਆਂ ਪਹਿਲਾਂ ਹੀ ਕਰ ਚੁੱਕੇ ਸਨ ਪਰ ਪੀਕਿੰਗ ਅਤੇ ਕਲਕੱਤੇ ਦੀ ਸਥਿਤੀ ਵਿਚ ਜ਼ਮੀਨ-ਅਸਮਾਨ ਦਾ ਅੰਤਰ ਸੀ। ਚੀਨ ਵਿਚ ਚੇਅਰਮੈਨ ਮਾਓ ਅਤੇ ਲਿਨ ਪਿਆਓ ਦੀ ਅਗਵਾਈ ਹੇਠ ਉਨ੍ਹਾਂ ਦੀ ਸ਼ਕਤੀਸ਼ਾਲੀ ਲਾਲ ਫੌਜ ਪੂਰੀ ਤਾਕਤ ਨਾਲ ਰੈੱਡ ਗਾਰਡਾਂ ਦੀ ਪਿੱਠ ਉਤੇ ਸੀ। ਦੂਜੇ ਪਾਸੇ ਕਲਕੱਤੇ ਵਿਚ ਨਕਸਲੀ ਨੌਜਵਾਨਾਂ ਦੀ ਪਿੱਠ ਬਿਲਕੁਲ ਨੰਗੀ ਸੀ ਅਤੇ ਨਵੀਂ ਦਿੱਲੀ ਵਿਚ ਸਿਧਾਰਥ ਸ਼ੰਕਰ ਰੇਅ ਬੜੇ ਗਹੁ ਨਾਲ ਇਸ ਵਰਤਾਰੇ ਨੂੰ ਵਾਚ ਰਿਹਾ ਸੀ।
ਕਾਮਰੇਡ ਸੁਸ਼ੀਤਲ ਰਾਏ ਚੌਧਰੀ ਅਤੇ ਸਰੋਜ ਦੱਤਾ ਸ਼ੁਰੂ-ਸ਼ੁਰੂ ਵਿਚ ਪੂਰਨ ਰੂਪ ਵਿਚ ਆਪਸੀ ਤਾਲਮੇਲ ਨਾਲ ਅੰਦੋਲਨ ਨੂੰ ਅਗਵਾਈ ਦਿੰਦੇ ਆ ਰਹੇ ਸਨ। ਪੇਂਡੂ ਖੇਤਰਾਂ ‘ਚੋਂ ਵਾਪਸ ਪਰਤੇ ਨਕਸਲੀ ਨੌਜਵਾਨਾਂ ਨੇ ਕਲਕੱਤਾ ਮਹਾਂ ਨਗਰ ਅੰਦਰ ਆਪਣਾ ਇਨਕਲਾਬੀ ਦਬਦਬਾ ਵੀ ਕੇਰਾਂ ਕਾਇਮ ਲਿਆ, ਪਰ ਸਵਾਲ ਇਹ ਸੀ ਕਿ ਇਸ ‘ਸਰਦਾਰੀ’ ਨੂੰ ਕਾਇਮ ਕਿਵੇਂ ਅਤੇ ਕਿਤਨੀ ਕੁ ਦੇਰ ਲਈ ਰੱਖਿਆ ਜਾ ਸਕਣਾ ਸੀ।
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਾਮਰੇਡ ਚਾਰੂ ਦੀ ਆਮ ਰਾਜਨੀਤਿਕ ਸਮਝ, ਯੁੱਧਨੀਤੀ ਅਤੇ ਦਾਅ ਪੇਚਾਂ ਬਾਰੇ ਆਂਧਰਾ ਪ੍ਰੇਦਸ਼ ਵਿਚ ਕਾਮਰੇਡ ਨਾਗੀ ਰੈਡੀ ਅਤੇ ਉਸ ਦੇ ਸਾਥੀ ਤਾਂ ਗੰਭੀਰ ਸ਼ੰਕੇ ਸ਼ੁਰੂ ਤੋਂ ਹੀ ਪ੍ਰਗਟਾਉਂਦੇ ਆ ਰਹੇ ਸਨ, ਪਰ ਉਹ ਉਸ ਦੌਰ ਵਿਚ ਨਕਸਲੀ ਅੰਦੋਲਨ ਨੂੰ ਅਗਵਾਈ ਦੇ ਰਹੀ ਪਾਰਟੀ ਸੀæਪੀæਆਈæ(ਐਮæਐਲ਼) ਵਿਚ ਸ਼ਾਮਲ ਨਹੀਂ ਸਨ। ਸਮੱਸਿਆ ਉਸ ਸਮੇਂ ਆਈ ਜਦੋਂ ਪੋਲਿਟ ਬਿਊਰੋ ਮੈਂਬਰ ਅਤੇ ਪਾਰਟੀ ਦੀ ਬਿਹਾਰ ਸੂਬਾ ਇਕਾਈ ਦੇ ਆਗੂ ਕਾਮਰੇਡ ਐਸ਼ਐਨæ ਸਿੰਘ ਨੇ ਸਤੰਬਰ 1970 ‘ਚ ਸਿੱਧਾ ਹੀ ਕਾਮਰੇਡ ਚਾਰੂ ਨੂੰ ਤਾਨਾਸ਼ਾਹ ਗਰਦਾਨਦਿਆਂ ਉਸ ਦੀ ਲਾਈਨ ਨੂੰ ਖੱਬੇ ਪੱਖੀ ਕੁਰਾਹਾ ਕਰਾਰ ਦਿੱਤਾ। ਅਕਤੂਬਰ 1970 ‘ਚ ਪੋਲਿਟ ਬਿਊਰੋ ਦੀ ਮੀਟਿੰਗ ਵਿਚ ਰੌਲਾ-ਰੱਪਾ ਵੀ ਪਿਆ, ਪਰ ਗੱਲ ਕਿਸੇ ਕਿਨਾਰੇ ਨਾ ਲੱਗੀ ਅਤੇ ਪਾਰਟੀ ਦੀ ਲਾਈਨ ਦਾ ਨਵੇਂ ਸਿਰਿਉਂ ਵਿਆਪਕ ਜਾਇਜ਼ਾ ਲੈਣ ਲਈ ਫੌਰੀ ਤੌਰ ‘ਤੇ ਕਮੇਟੀ ਦਾ ਪਲੈਨਮ ਬੁਲਾਉਣ ‘ਤੇ ਜ਼ੋਰ ਦਿੱਤਾ ਗਿਆ। ਇਸੇ ਦੌਰਾਨ ਸਾਲ ਦੇ ਆਖਰੀ ਦਿਨਾਂ ਵਿਚ ਕਾਮਰੇਡ ਸੁਸ਼ੀਤਲ ਰਾਏ ਚੌਧਰੀ ਨੇ ਵੀ ਕਾਮਰੇਡ ਸਰੋਜ ਦੱਤਾ ਦਾ ਸਾਥ ਛੱਡ ਕੇ ਕਲਕੱਤੇ ਵਿਚ ਚੱਲ ਰਹੇ ‘ਸਭਿਆਚਾਰਕ ਇਨਕਲਾਬ’ ਅਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਲਾਈਨਾਂ ‘ਤੇ ਗੰਭੀਰ ਕਿੰਤੂ ਉਠਾਉਂਦਿਆਂ ਆਪਣਾ ਸਮਾਨੰਤਰ ਦਸਤਾਵੇਜ਼ ਸਰਕੂਲੇਟ ਕਰ ਦਿੱਤਾ।
ਕਾਮਰੇਡ ਐਸ਼ਐਨæ ਸਿੰਘ ਅਤੇ ਸੁਸ਼ੀਤਲ ਰਾਏ ਚੌਧਰੀ ਦੇ ਇਤਰਾਜ਼ਾਂ ‘ਤੇ ਵਿਚਾਰ ਕਰਨ ਲਈ ਜਨਵਰੀ 1971 ਵਿਚ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੀ ਹੰਗਾਮੀ ਮੀਟਿੰਗ ਹੋਈ। ਇਸ ਮੋੜ ‘ਤੇ ਕਹਾਣੀ ਦਾ ਸਾਰਾ ਦਾਰੋਮਦਾਰ ਕਾਮਰੇਡ ਸਰੋਜ ਦੱਤਾ ਉਪਰ ਸੀ, ਪਰ ਉਨ੍ਹਾਂ ਨੇ ਖੁਦ ਆਪਣੇ ਸਾਰੇ ਸ਼ੰਕਿਆਂ ਅਤੇ ਖਦਸ਼ਿਆਂ ਨੂੰ ਪਾਸੇ ਰੱਖਦਿਆਂ ਕਾਮਰੇਡ ਚਾਰੂ ਦਾ ਨਾ ਕੇਵਲ ਸਾਥ ਛੱਡਣ ਤੋਂ ਹੀ ਨਾਂਹ ਕਰ ਦਿੱਤੀ, ਬਲਕਿ ਉਨ੍ਹਾਂ ਦੇ ਹੱਕ ਵਿਚ ਦ੍ਰਿੜ੍ਹ ਸਟੈਂਡ ਲੈ ਲਿਆ।
ਆਪਣੀ ਲਾਈਨ ਦੀ ਪੁੱਗਤ ਨਾ ਹੁੰਦੀ ਵੇਖਦਿਆਂ ਕਾਮਰੇਡ ਸੁਸ਼ੀਤਲ ਰਾਏ ਚੌਧਰੀ ਨੇ ਪੱਛਮੀ ਬੰਗਾਲ ਇਕਾਈ ਦੇ ਸੈਕਟਰੀ ਦਾ ਅਹੁਦਾ ਤਿਆਗ ਦਿੱਤਾ ਅਤੇ ਬਹੁ-ਗਿਣਤੀ ਮੈਂਬਰਾਂ ਵੱਲੋਂ ਉਨ੍ਹਾਂ ਦੀ ਜਗ੍ਹਾ ‘ਤੇ ਸਰਬਸੰਮਤੀ ਨਾਲ ਕਾਮਰੇਡ ਸਰੋਜ ਦੱਤਾ ਨੂੰ ਪਾਰਟੀ ਸਕੱਤਰ ਚੁਣ ਲਿਆ ਗਿਆ। ਸੁਸ਼ੀਤਲ ਰਾਏ ਚੌਧਰੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਾਮਰੇਡ ਚਾਰੂ ਨਾਲ ‘ਸਭਿਆਚਾਰਕ ਇਨਕਲਾਬ’ ਸਮੇਤ ਕਈ ਨੁਕਤਿਆਂ ‘ਤੇ ਸਹਿਮਤ ਨਹੀਂ ਹਨ, ਪਰ ਉਹ ਪਾਰਟੀ ਛੱਡ ਕੇ ਬਾਹਰ ਨਹੀਂ ਜਾਣਗੇ। ਹੰਗਾਮੀ ਮੀਟਿੰਗ ਤੋਂ ਮਹਿਜ਼ ਦੋ ਮਹੀਨੇ ਬਾਅਦ ਰੂਪੋਸ਼ੀ ਦੀ ਹਾਲਤ ਵਿਚ ਹੀ ਕਾਮਰੇਡ ਸੁਸ਼ੀਤਲ ਰਾਏ ਚੌਧਰੀ ਦੀ ਕਲਕੱਤਾ ਦੇ ਇਕ ਨਰਸਿੰਗ ਹੋਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਅਦ ਵਿਚ ‘ਲਿਬਰੇਸ਼ਨ’ ‘ਚ ਛਪੇ ਸੋਗ ਮਤੇ ‘ਚ ਸੁਸ਼ੀਤਲ ਰੇਅ ਚੌਧਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਵੀ ਅਰਪਿਤ ਕੀਤੀਆਂ ਗਈਆਂ। ਕਾਮਰੇਡ ਸਰੋਜ ਦੱਤਾ ਨੇ ਵਿਸ਼ੇਸ਼ ਲੇਖ ਲਿਖੇ ਅਤੇ ਆਪਣੇ ਉਮਰ ਭਰ ਦੇ ਸਾਥੀ ਦੇ ਬੇਵਕਤ ਦੇਹਾਂਤ ਨੂੰ ਆਪਣੇ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ।
ਹੁਣ ਪੱਛਮੀ ਬੰਗਾਲ ਪ੍ਰਸ਼ਾਸਨ ਵਲੋਂ ਕਾਮਰੇਡ ਸਰੋਜ ਦੱਤਾ ਨੂੰ ਸਭ ਤੋਂ ਖਤਰਨਾਕ ਨਕਸਲੀ ਸਰਗਣਾ ਅਤੇ ਕਲਕੱਤਾ ਵਿਚ ਚੱਲ ਰਹੇ ‘ਸਭਿਆਚਾਰਕ ਬੁੱਤ ਸ਼ਿਕਨੀ’ ਦੇ ਵਰਤਾਰੇ ਦਾ ਅਸਲ ਸੂਤਰਧਾਰ ਮੰਨਿਆ ਜਾ ਰਿਹਾ ਸੀ। ਉਧਰ ਕਾਮਰੇਡ ਸਰੋਜ ਦੱਤਾ ਨੇ ਪਾਰਟੀ ਅਖਬਾਰ ਵਿਚ ਲਿਖੇ ਇਕ ਲੇਖ ਵਿਚ ਮੰਨਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਅੰਦੋਲਨ ਵਿਚ ਤਕੜੀਆਂ ਹਾਰਾਂ ਹੋਈਆਂ ਸਨ ਅਤੇ ਇਨਕਲਾਬੀ ਨੌਜਵਾਨਾਂ ਵੱਲੋਂ ਆਪਣੇ ਅਮਲ ਵਿਚ ਗੰਭੀਰ ਗਲਤੀਆਂ ਵੀ ਕੀਤੀਆਂ ਜਾ ਰਹੀਆਂ ਸਨ, ਪਰ ਉਨ੍ਹਾਂ ਦੀ ਦ੍ਰਿੜ ਰਾਏ ਇਹ ਸੀ ਕਿ ਜਦੋਂ ਤੱਕ ਬਿਹਤਰ ਤੇ ਵਧੇਰੇ ਕਾਰਗਰ ਲਾਈਨ ਸਾਹਮਣੇ ਨਹੀਂ ਆਉਂਦੀ, ਉਸ ਸਮੇਂ ਤੱਕ ਲੜਾਈ ਵਿਚੋਂ ਕੰਡ ਦਿਖਾ ਕੇ ਭੱਜ ਨਿਕਲਣਾ ਦਰੁਸਤ ਨਹੀਂ ਸੀ।
ਇਹੋ ਕਾਰਨ ਸੀ ਕਿ ਜੂਨ 1971 ਵਿਚ ਮੁੱਖ ਮੰਤਰੀ ਅਜੈ ਮੁਖਰਜੀ ਦੇ ਅਸਤੀਫੇ ਤੋਂ ਬਾਅਦ, ਗਵਰਨਰੀ ਰਾਜ ਸ਼ੁਰੂ ਹੁੰਦੇ ਸਾਰ ਹੀ ਪ੍ਰਸ਼ਾਸਨ ਨੇ ਆਪ ਦੀਆਂ ਸਭ ਸ਼ਕਤੀਆਂ ਹਰ ਹਾਲਤ ਵਿਚ ਕਾਮਰੇਡ ਸਰੋਜ ਦੱਤਾ ਨੂੰ ਫੜ ਕੇ ਮਾਰਨ ‘ਤੇ ਕੇਂਦਰਿਤ ਕਰ ਦਿੱਤੀਆਂ। ਅਖੀਰ 5 ਅਗਸਤ ਨੂੰ ਤੜਕੇ ਛਾਪਾ ਮਾਰ ਕੇ ਪੁਲੀਸ ਨੇ ਦੱਖਣੀ ਕਲਕੱਤਾ ਸਥਿਤ ਕਿਸੇ ਪਨਾਹਗਾਹ ਤੋਂ ਇਸ ਮਹਾਨ ਇਨਕਲਾਬੀ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕਰ ਲਈ।
ਸਿਧਾਰਥ ਸ਼ੰਕਰ ਰੇਅ ਸਭ ਤੋਂ ਵੱਧ ਸੰਤੁਸ਼ਟ ਸੀ। ਕਲਕੱਤਾ ਪੁਲੀਸ ਖੁਸ਼ ਸੀ, ਪਰ ਕਾਮਰੇਡ ਦੱਤਾ ਦੀ ਗ੍ਰਿਫਤਾਰੀ ਪਿੱਛੋਂ, ਅਗਲੇ ਦੋ ਦਿਨਾਂ ਤੱਕ ਪ੍ਰਸ਼ਾਸਨ ਵਲੋਂ ਕੋਈ ਪ੍ਰਤੀਕਰਮ ਨਾ ਦਿੱਤਾ ਗਿਆ। ਤੀਜੇ ਦਿਨ ਕਲਕੱਤੇ ਦੇ ਇਕ ਰੋਜ਼ਾਨਾ ਅਖਬਾਰ ਵਲੋਂ ਖਬਰ ਛਾਪ ਦੇਣ ‘ਤੇ ਪੁਲੀਸ ਨੇ ਸਰਕਾਰੀ ਤੌਰ ‘ਤੇ ਗ੍ਰਿਫਤਾਰੀ ਦੀ ਖਬਰ ਦਾ ਖੰਡਨ ਤਾਂ ਨਾ ਕੀਤਾ, ਪਰ ਗੈਰ-ਸਰਕਾਰੀ ਤੌਰ ‘ਤੇ ਭੰਬਲਭੂਸਾ ਪਾਈ ਰੱਖਣ ਲਈ ਆਪਣੇ ‘ਮਿੱਤਰ’ ਪੱਤਰਕਾਰਾਂ ਨੂੰ ਆਖ ਦਿੱਤਾ ਕਿ ਖਬਰ ਠੀਕ ਨਹੀਂ ਸੀ।
ਕਾਮਰੇਡ ਸਰੋਜ ਦੱਤਾ ਦੰਤ ਕਥਾਈ ਆਕਾਰ ਦੇ ਨਕਸਲੀ ਆਗੂ ਸਨ। ਕਲਕੱਤੇ ਦਾ ਬੱਚਾ-ਬੱਚਾ ਉਨ੍ਹਾਂ ਦੀ ਕਲਮ ਦੀ ਤਾਕਤ ਤੋਂ ਵਾਕਿਫ ਸੀ। ਹੋਇਆ ਇਹ ਕਿ ਤੀਜੇ ਦਿਨ ਅਖਬਾਰਾਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਮੁਕੰਮਲ ਵੇਰਵੇ ਪ੍ਰਕਾਸ਼ਤ ਕਰ ਦਿੱਤੇ। ਬਹੁਤ ਜ਼ਿਆਦਾ ਰੌਲਾ ਪੈਣ ਤੋਂ ਬਾਅਦ ਪੁਲੀਸ ਨੂੰ ਪ੍ਰੈੱਸ ਦੇ ਸਾਹਮਣੇ ਆਉਣਾ ਤਾਂ ਪਿਆ, ਪਰ ਪ੍ਰਸ਼ਾਸਨ ਦੇ ਬੁਲਾਰੇ ਨੇ ਗੱਪ ਮਾਰ ਦਿੱਤੀ ਕਿ 5 ਤਰੀਕ ਨੂੰ ਤੜਕੇ ਪੁਲਿਸ ਵੱਲੋਂ ਨਕਸਲੀ ਆਗੂ ਦੀ ਭਾਲ ਵਿਚ ਛਾਪਾ ਮਾਰਿਆ ਤਾਂ ਜ਼ਰੂਰ ਗਿਆ ਸੀ, ਪਰ ਅੱਗੇ ਕੋਈ ਅੱਧਖੜ੍ਹ ਉਮਰ ਦਾ ਭਲਾ ਜਿਹਾ ਆਦਮੀ ਸੀ ਜੋ ਆਪਣਾ ਨਾਂ ਬਿਰੇਨ ਚੌਧਰੀ ਦੱਸ ਰਿਹਾ ਸੀ। ਪੁਲੀਸ ਅਧਿਕਾਰੀ ਉਸ ਨੂੰ ਲਾਰਡ ਸਿਹਰਾ ਰੋਡ ਸਥਿਤ ਸਪੈਸ਼ਲ ਬਰਾਂਚ ਹੈੱਡ-ਕੁਆਰਟਰ ਵਿਚ ਵੀ ਲੈ ਗਏ ਸਨ। ਅਖੇ, ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਆਦਮੀ ਉਹ ਕਾਮਰੇਡ ਸਰੋਜ ਦੱਤਾ ਨਹੀਂ ਸੀ, ਬਲਕਿ ਉਸ ਦਾ ਤਾਂ ਮਾਨਸਿਕ ਤਵਾਜ਼ਨ ਵੀ ਹਿੱਲਿਆ ਹੋਇਆ ਸੀ। ਅਧਿਕਾਰੀਆਂ ਨੇ ਉਸ ਨੂੰ ਆਖਿਆ ਕਿ ਉਹ ਉਸ ਨੂੰ ਗਲਤੀ ਨਾਲ ਫੜ ਲਿਆਏ ਹਨ ਅਤੇ ਫਿਰ ਖੁਦ ਉਸ ਦੇ ਕਹਿਣ ‘ਤੇ ਹੀ ਉਹ ਉਸ ਨੂੰ ਹਾਵੜਾ ਸਟੇਸ਼ਨ ਦੇ ਨਿਕਟ ਕਿਸੇ ਘਰ ਦੇ ਬੂਹੇ ਅੱਗੇ ਛੱਡ ਆਏ ਸਨ। ਅਗਲੇ ਕਈ ਵਰ੍ਹਿਆਂ ਤੱਕ ਹੀ ਨਹੀਂ, ਬਲਕਿ ਅੱਜ ਤੱਕ ਬੰਗਾਲ ਪੁਲੀਸ ਸਰਕਾਰੀ ਤੌਰ ‘ਤੇ ਇਹੋ ਕਹਿੰਦੀ ਰਹੀ ਹੈ ਕਿ ਉਨ੍ਹਾਂ ਨੇ ਕਾਮਰੇਡ ਦੱਤਾ ਨੂੰ ਕਦੀ ਫੜਿਆ ਹੀ ਨਹੀਂ; ਪਰ ਗੈਰ-ਸਰਕਾਰੀ ਤੌਰ ‘ਤੇ ਇਸ ਦੇ ਨਮਾਇੰਦੇ ਇਹ ਵੀ ਮੰਨੀ ਜਾਂਦੇ ਹਨ ਕਿ ‘ਸਰੋਜ ਦੱਤਾ ਨੂੰ ਉਨ੍ਹਾਂ ਕਾਬੂ ਕਰ ਤਾਂ ਲਿਆ ਸੀ, ਪਰ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਸੀ। ਸੋ, ਉਹ ਬਚ ਕੇ ਨਿਕਲ ਗਏ ਸਨ।’
ਇਹ ਕਹਿਣਾ ਕੋਈ ਅਤਿਕਥਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਕਾਮਰੇਡ ਸਰੋਜ ਦੱਤਾ ਨਕਸਲੀ ਸੰਘਰਸ਼ ਦੀ ਜਿੰਦ ਤੇ ਜਾਨ ਸਨ ਅਤੇ ਹਾਕਮ ਧਿਰ ਨੇ ਉਨ੍ਹਾਂ ਦੀ ਹੱਤਿਆ ਕਰ ਕੇ ਪਹਿਲੇ ਦੌਰ ਦੇ ਅੰਦੋਲਨ ਦੀਆਂ ਜੜ੍ਹਾਂ ਕੱਟ ਦਿੱਤੀਆਂ ਸਨ।
ਉਨ੍ਹਾਂ ਤੋਂ ਬਾਅਦ ਕਾਮਰੇਡ ਸਾਧਨ ਸਰਕਾਰ ਨੂੰ ਸਕੱਤਰ ਬਣਾ ਦਿੱਤਾ ਗਿਆ, ਪਰ 5-4 ਮਹੀਨਿਆਂ ਦੇ ਅੰਦਰ-ਅੰਦਰ ਪੁਲਿਸ ਵੱਲੋਂ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ।
ਕਾਮਰੇਡ ਦੱਤਾ ਅਤੇ ਸੁਸ਼ੀਤਲ ਰਾਏ ਚੌਧਰੀ ਦੀ ਵਿਚਾਰਧਾਰਾ ਅਤੇ ਜਜ਼ਬਾਤੀ ਨੇੜਤਾ ਦਾ ਜ਼ਿਕਰ ਅਸੀਂ ਕਰ ਹੀ ਚੁੱਕੇ ਹਾਂ। ਉਮਰ ਪੱਖੋਂ ਰਾਏ ਚੌਧਰੀ ਕਾਮਰੇਡ ਦੱਤਾ ਨਾਲੋਂ 3-4 ਸਾਲ ਛੋਟੇ ਸਨ। ਉਹ ਹੁਗਲੀ ਸ਼ਹਿਰ ਪੈਦਾ ਹੋਏ ਅਤੇ ਕਾਲਜ ਦੀ ਪੜ੍ਹਾਈ ਉਨ੍ਹਾਂ ਨੇ ਕਲਕੱਤਾ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਉਹ ਚੜ੍ਹਦੀ ਜਵਾਨੀ ਵਿਚ ਹੀ ਮਾਰਕਸੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਗਏ ਸਨ। ਉਹ ਬਹੁਤ ਹੋਣਹਾਰ ਕਾਮਰੇਡ ਸਨ ਅਤੇ 1943 ‘ਚ ਹੀ ਉਹ ਭਾਰਤੀ ਕਮਿਊਨਿਸਟ ਦੀ ਹੁਗਲੀ ਜ਼ਿਲ੍ਹਾ ਇਕਾਈ ਦੇ ਸੈਕਟਰੀ ਵੀ ਬਣ ਗਏ ਸਨ। 1962-64 ਦੀ ਪਾਰਟੀ ਦੋਫਾੜ ਹੋਣ ਸਮੇਂ ਉਹ ਮਾਰਕਸੀ ਪਾਰਟੀ ਵਿਚ ਆ ਗਏ, ਪਰ ਅਗਲੇ ਵਰ੍ਹੇ ਹੀ ਉਨ੍ਹਾਂ ਨੇ ਪਾਰਟੀ ਨੀਤੀਆਂ ਵਿਚ ‘ਖੋਟ’ ਦੀਆਂ ਸੰਭਾਵਨਾਵਾਂ ਬਾਰੇ ਸੰਕੇਤੀਆ ਲੇਖ ਲੜੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਨਕਸਲਬਾੜੀ ਵਿਚ ਕਿਸਾਨ ਵਿਦਰੋਹ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਨੇ ਇਸ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਬਾਅਦ ਵਿਚ ਸੀæਪੀæਆਈæ(ਐਮæਐਲ਼) ਬਣਨ ‘ਤੇ ਉਹ ‘ਲਿਬਰੇਸ਼ਨ’ ਅਤੇ ‘ਦੇਸ਼ ਭਗਤੀ’ ਨਾਂ ਦੀਆਂ ਦੋਹਾਂ ਅਖਬਾਰਾਂ ਦੇ ਐਡੀਟਰ-ਇਨ-ਚੀਫ ਰਹੇ।
ਕਾਮਰੇਡ ਚਾਰੂ ਮੌਜਮਦਾਰ ਨਾਲ ਸੁਸ਼ੀਤਲ ਰੇਅ ਚੌਧਰੀ ਦੇ ਮੱਤਭੇਦ ਹੋ ਜਾਣ ‘ਤੇ ਵੀ ਉਨ੍ਹਾਂ ਨੂੰ ਚਾਰੂ ਦੇ ਇਨਕਲਾਬੀ ਕਿਰਦਾਰ ਵਿਚ ਮੁਕੰਮਲ ਨਿਹਚਾ ਬਣੀ ਰਹੀ। ਖੁਦ ਚਾਰੂ ਰਾਏ ਚੌਧਰੀ ਨੂੰ ਅਤੇ ਸਰੋਜ ਦੱਤਾ ਨੂੰ ਆਪਣੀ ਸੱਜੀ ਅਤੇ ਖੱਬੀ ਬਾਂਹ ਮੰਨਦੇ ਸਨ, ਪਰ ਜ਼ਾਹਰ ਹੈ ਕਿ 1972 ਵਿਚ ਚਾਰੂ ਮਜੂਮਦਾਰ ਦੀ ਗ੍ਰਿਫਤਾਰੀ ਅਤੇ ਮੌਤ ਤੋਂ ਸਾਲ ਪਹਿਲਾਂ ਹੀ ਉਨ੍ਹਾਂ ਦਾ ਕਿਸ ਕਿਸਮ ਦਾ ਨੁਕਸਾਨ ਹੋ ਗਿਆ ਹੋਇਆ ਸੀ।
ਇਹ ਦੋਵੇਂ ਕਾਮਰੇਡ ਇਕ ਤਰ੍ਹਾਂ ਨਾਲ ਮਹਾਨ ਇਨਕਲਾਬੀ ਸੰਤ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚ ਹੁਣ ਤੱਕ ਦੀ ਮਾਨਵੀ ਸਭਿਅਤਾ ਦੌਰਾਨ ਹਾਕਮ ਧਿਰਾਂ ਹੱਥੋਂ ਆਮ ਇਨਸਾਨ ਦੀ ਹੋਈ ਅਮਾਨਵੀ ਬੇਪੱਤੀ ਵਿਰੁਧ ਜ਼ਬਰਦਸਤ ਆਕਰੋਸ਼ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਨ੍ਹਾਂ ਕਾਮਰੇਡਾਂ ਬਾਰੇ ਮੈਂ ਜਦੋਂ ਲਿਖ ਰਿਹਾ ਹਾਂ ਤਾਂ ਮਨ ਵਿਚ ਵਾਰ-ਵਾਰ ਯਾਂ ਪਾਲ ਸਾਰਤਰ ਦੀਆਂ ਲਿਖਤਾਂ ਦੇ ਹਵਾਲੇ ਉਭਰ ਰਹੇ ਸਨ। ਸਾਰਤਰ ਦਾ ਯਾਰ ਯਾਂ ਜੇਨੇ ਫਰਾਂਸੀਸੀ ਭਾਸ਼ਾ ਦੇ 20ਵੀਂ ਸਦੀ ਦੇ ਮਹਾਨ ਲੇਖਕ ਵਜੋਂ ਸਵੀਕਾਰੇ ਜਾਣ ਤੋਂ ਪਹਿਲਾਂ ਹਰਾਮੀ ਸੀ, ਚੋਰ ਸੀ, ਕਾਤਲ ਸੀ, ਜਨਾਹੀ ਸੀ ਅਤੇ ਹੋਰ ਪਤਾ ਨਹੀਂ ਅਜਿਹਾ ਹੀ ਅੰਟ-ਸ਼ੰਟ ਕੀ ਕੀ ਸੀ। ਜੇਲ੍ਹ ਵਿਚ ਨਜ਼ਰਬੰਦੀ ਦੌਰਾਨ ਉਸ ਨੇ ਬੜੇ ਕਸੂਤੇ ਜਿਹੇ ਵਿਸ਼ੇ ਨੂੰ ਲੈ ਕੇ ਜਦੋਂ ‘ਅਵਰ ਲੇਡੀ ਆਫ ਫਲਾਵਰ’ ਨਾਂ ਦੇ ਕਾਵਿਕ ਨਾਵਲ ਵਿਚ ਆਦਮੀ ਦੇ ਅਸਤਿਤਵੀ ਦਰਦ ਦੀ ਆਪਣੀ ਤਰ੍ਹਾਂ ਨਾਲ ਹੀ ਬਾਤ ਪਾਈ ਤਾਂ ਸ਼ੁਰੂ-ਸ਼ੁਰੂ ਵਿਚ ਉਹ ਕਿਸੇ ਦੇ ਗੇੜ ਵਿਚ ਨਾ ਆਈ। ਅਨੇਕਾਂ ਪਬਲਿਸ਼ਰਾਂ ਨੇ ਉਸ ਨੂੰ ਪੋਰਨ ਲਿਖਤ ਕਹਿ ਕੇ ਛਾਪਣ ਤੋਂ ਨਾਂਹ ਕਰ ਦਿੱਤੀ। ਅਜੀਬ ਇਤਫਾਕ ਸੀ ਕਿ ਉਹ ਲੰਮਾ ਗੀਤਨੁਮਾ ਨਾਵਲ ਸਾਰਤਰ ਦੇ ਹੱਥ ਆ ਗਿਆ। ਸਾਰਤਰ ਨਾਵਲ ਦੇ ਵਿਸ਼ੇ ਅਤੇ ਭਾਸ਼ਾ ਦੀ ਤਾਜ਼ਗੀ ਨੂੰ ਵੇਖਦਿਆਂ ਅਸ਼-ਅਸ਼ ਕਰ ਉਠਿਆ। ਉਸ ਨੇ ਉਸ ਨਾਵਲ ਦੀ 50 ਸਫਿਆਂ ਤੋਂ ਵੀ ਲੰਮੀ ਜੋ ਭੂਮਿਕਾ ਲਿਖੀ। ਉਹ ਵੀ ਆਪਣੀ ਕਿਸਮ ਦਾ ਗੀਤ ਸੀ।
ਯਾਂ ਪਾਲ ਸਾਰਤਰ ਨੇ ਇਥੇ ਹੀ ਬਸ ਨਹੀਂ ਸੀ ਕਰ ਦਿੱਤਾ। ਅਗਲੇ ਕੁਝ ਹੀ ਵਰ੍ਹਿਆਂ ਵਿਚ ਯਾਂ ਜੇਨੇ ਦੀਆਂ ‘ਬਲੈਕਸ’ ‘ਮੇਡਜ਼’ ਅਤੇ ‘ਚੇਅਰਜ਼’ ਨਾਂ ਦੇ ਡਰਾਮੇ ਅਤੇ ‘ਥੀਫਜ਼ ਜਰਨਲ’ ਨਾਂ ਹੇਠ ਯਾਦਾਂ ਦੀਆਂ ਉਪਰਥਲੀ ਹੀ ਕਈ ਪੁਸਤਕਾਂ ਛਪ ਗਈਆਂ ਤੇ ਫਿਰ ਸਾਰਤਰ ਨੇ ਯਾਂ ਜੇਨੇ ਦੀ ਕਲਾਤਮਿਕ ਘਾਲ ਕਮਾਈ ਜਾਂ ਬੁਰਜ਼ੂਆਂ ਨਿਜ਼ਾਮ ਦੇ ਅਮਾਨਵੀ ਸੁਭਾਅ ਵਿਰੁਧ ਉਸ ਦੇ ਆਕਰੋਸ਼ ‘ਤੇ ਆਪਣੀ ਹੀ ਤਰ੍ਹਾਂ ਦੀ ਬਗਾਵਤ ਦਾ ਰੈਸ਼ਨੇਲ ਦੇਣ ਲਈ ‘ਸੈਂਟ ਜੇਨੇ ਕਮੇਡੀਅਨ ਔਰ ਮਾਰਟਾਇਰ’ ਸਿਰਲੇਖ ਹੇਠ ਜੋ ਲੇਖ ਲਿਖਿਆ ਸੀ, ਉਹ ਕਰੀਬ 1000 ਸਫਿਆਂ ਉਪਰ ਫੈਲਿਆ ਹੋਇਆ ਹੈ। ਯਾਂ ਪਾਲ ਸਰਤਰ ਇਨਸਾਨੀ ਹਸਤੀ ਦੀ ਸ਼ਾਨ ਅਤੇ ਸੁਤੰਤਰਤਾ ਦਾ 20ਵੀਂ ਸਦੀ ਦਾ ਸਭ ਤੋਂ ਮਹਾਨ ਦਾਰਸ਼ਨਿਕ ਸੀ। 1940 ਦੇ ਆਸ-ਪਾਸ ਨਾਜ਼ੀਆਂ ਦੇ ਫਰਾਂਸ ਉਪਰ ਕਬਜ਼ੇ ਦਾ ਵਿਰੋਧ ਕਰਨ ਦੇ ਦੋਸ਼ ਹੇਠ ਖੁਦ ਉਸ ਨੂੰ ਨਾਜ਼ੀ ਬੰਦੀ ਕੈਂਪਾਂ ਵਿਚ ਵੀ ਰਹਿਣਾ ਪਿਆ। ਇਨਸਾਨੀ ਹਸਤੀ ਦੇ ਸੁਭਾਅ ਬਾਰੇ ਉਸ ਦੌਰਾਨ 1943 ਵਿਚ ‘ਬੀਇੰਗ ਐਂਡ ਨਥਿੰਗਨੈੱਸ’ ਸਿਰਲੇਖ ਹੇਠ ਮੁੱਖ ਅਸਤਿਤਵਾਦੀ ਦਰਸ਼ਨ ਬਾਰੇ ਆਪਣੀ ਪਹਿਲੀ ਵਿਸ਼ਾਲ ਕਿਤਾਬ ਲਿਖੀ। ਇਸ ਪੁਸਤਕ ਅੰਦਰ ਤੇਜ਼ ਤੋਂ ਤੇਜ਼ ਬੁੱਧੀ ਵਾਲੇ ਮਨੁੱਖ ਨੂੰ ਵੀ ਚੱਕਰਾ ਦੇਣ ਵਾਲਾ ਬੇਓੜਕ ਸਰਕਲ ਸਿਰਜਣ ਦੇ ਬਾਵਜੂਦ ਸਾਰਤਰ ਦੀ ਸ਼ਾਨ ਇਸ ਇਤਿਹਾਸਕ ਸਵੀਕ੍ਰਿਤੀ ਵਿਚ ਨਿਹਤ ਸੀ। ਆਦਮੀ ਦੀ ਸੁਤੰਤਰਤਾ ਬਾਰੇ ਜੇ ਕਿਸੇ ਨੇ ਸੁਹਿਰਦਤਾ ਨਾਲ ਗੱਲ ਕਰਨੀ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਸਰੋਕਾਰਾਂ ਅਤੇ ਚੁਣੌਤੀਆਂ ਨਾਲ ਦੋ-ਚਾਰ ਹੋਣਾ ਪਵੇਗਾ ਜੋ ਕਾਰਲ ਮਾਰਕਸ ਨੇ ‘ਪੂੰਜੀ’ ਨਾਂ ਦੀ ਆਪਣੀ ਮਹਾਨ ਰਚਨਾ ਨਾਲ ਸਮੁੱਚੇ ਸਰਮਾਏਦਾਰੀ ਨਿਜ਼ਾਮ ਅੱਗੇ ਖੜ੍ਹੀਆਂ ਕਰ ਦਿੱਤੀਆਂ ਹੋਈਆਂ ਸਨ।
ਸਰੋਜ ਦੱਤਾ ਅਤੇ ਸੁਸ਼ੀਤਲ ਰਾਏ ਚੌਧਰੀ ਦੇ ਚਿੰਤਨ ਨਾਲ ਮੇਰੀ ਆਪਣੇ ਹਜ਼ਾਰ ਨਿੱਜੀ ਕਾਰਨਾਂ ਕਰ ਕੇ ਕੋਈ ਸੰਮਤੀ ਨਹੀਂ ਹੈ, ਪਰ ਉਨ੍ਹਾਂ ਦੀ ਸੁਹਿਰਦਤਾ ਬਾਰੇ ਤਾਂ ਕਿਸੇ ਨੂੰ ਵੀ ਕੋਈ ਸ਼ੰਕਾ ਨਹੀਂ ਹੋ ਸਕਦਾ। ਚੰਗਾ ਹੋਵੇ, ਸਾਡੀ ਆਪਣੀ ਧਰਤੀ ‘ਤੇ ਵੀ ਕੋਈ ਸਾਰਤਰ ਵਰਗਾ ਚਿੰਤਕ ਆਵੇ ਜੋ ਕਾਮਰੇਡ ਦੱਤਾ ਅਤੇ ਕਾਮਰੇਡ ਸੁਸ਼ੀਤਲ ਰਾਏ ਚੌਧਰੀ ਦੀ ਹਸਤੀ ਦੀ ਸ਼ਾਨ ਅਤੇ ਉਨ੍ਹਾਂ ਦੇ ਸਰੋਕਾਰਾਂ ਦੀ ਵਾਜਬੀਅਤ ਦਾ ਉਸੇ ਤਰ੍ਹਾਂ ਦੇ ਪੈਸ਼ਨ ਨਾਲ ਤਰਕ ਸਿਰਜੇ ਜਿਸ ਕਿਸਮ ਦਾ ਤਰਕ ਸਾਰਤਰ ਨੇ ਯਾਂ ਜੇਨੇ ਦੀ ਬੁਰਜ਼ੂਆ ਨਿਜ਼ਾਮ ਵਿਰੁਧ ਆਪਣੀ ਹੀ ਕਿਸਮ ਦੀ ਵਿਦਰੋਹੀ ਜ਼ਮੀਰ ਦੀਆਂ ਤਹਿਆਂ ਵਿਚ ਰਮੇ ਹੋਏ ਇਨਸਾਨੀ ਸੁਹੱਪਣ ਨੂੰ ਉਜਾਗਰ ਕਰਨ ਲਈ ਉਸਾਰਿਆ ਹੈ।
(ਸਮਾਪਤ)

Be the first to comment

Leave a Reply

Your email address will not be published.