ਹੈਦਰਾਬਾਦ ਕਾਂਡ: ਔਰਤਾਂ ਦੀ ਸੁਰੱਖਿਆ ਦਾ ਮੁੱਦਾ ਫਿਰ ਭਖਿਆ

ਹੈਦਰਾਬਾਦ: ਹੈਦਰਾਬਾਦ ਦੇ ਸਾਈਬਰਾਬਾਦ ਇਲਾਕੇ ਵਿਚ 27 ਸਾਲਾ ਵੈਟਰਨਰੀ ਡਾਕਟਰ ਨਾਲ ਜਬਰ ਜਨਾਹ ਪਿੱਛੋਂ ਕਤਲ ਕਰਕੇ ਲਾਸ਼ ਸਾੜਨ ਦੇ ਗੈਰਮਨੁੱਖੀ ਕਾਰੇ ਨਾਲ ਇਨਸਾਨੀਅਤ ਫਿਰ ਸ਼ਰਮਸਾਰ ਹੋਈ ਹੈ। ਇਸ ਘਟਨਾ ਪਿੱਛੋਂ ਪੂਰੇ ਦੇਸ਼ ਵਿਚ ਰੋਹ ਦੀ ਲਹਿਰ ਹੈ। ਸੰਸਦ ਤੋਂ ਲੈ ਕੇ ਸੜਕਾਂ ਤੱਕ ਇਹ ਮੁੱਦਾ ਗੂੰਜ ਰਿਹਾ ਹੈ ਤੇ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿਚ ਸਰਕਾਰੀ ਨਾਕਾਮੀ ਉਤੇ ਸਵਾਲ ਉਠ ਰਹੇ ਹਨ।

ਜਾਣਕਾਰੀ ਅਨੁਸਾਰ ਡਾਕਟਰ ਕੰਮ ਕਰਨ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ, ਜਦੋਂ ਚਾਰ ਜਣਿਆਂ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ। ਪਰਿਵਾਰ ਵਾਲੇ ਉਸ ਦੇ ਲਾਪਤਾ ਹੋਣ ਦੀ ਐਫ਼ਆਈæਆਰæ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਗਏ ਪਰ ਪੁਲਿਸ ਨੇ ਸਮੇਂ ਸਿਰ ਕੋਈ ਕਾਰਵਾਈ ਨਾ ਕੀਤੀ। ਪਤਾ ਲੱਗਾ ਹੈ ਕਿ ਲੜਕੀ ਦੇ ਦੁਪਹੀਆ ਵਾਹਨ ਦਾ ਟਾਇਰ ਪੈਂਚਰ ਹੋ ਗਿਆ ਸੀ ਤੇ ਇਸ ਮੌਕੇ ਮਦਦ ਦੀ ਪੇਸ਼ਕਸ਼ ਕਰਨ ਵਾਲਿਆਂ ਨੇ ਇਹ ਘਿਨਾਉਣਾ ਕਾਰਾ ਕੀਤਾ।
ਲਗਭਗ 7 ਕੁ ਸਾਲ ਪਹਿਲਾਂ ਦਿੱਲੀ ਵਿਚ ਇਕ ਚਲਦੀ ਬੱਸ ਵਿਚ ਡਾਕਟਰੀ ਦੀ ਵਿਦਿਆਰਥਣ ਨਾਲ 6 ਵਿਅਕਤੀਆਂ ਨੇ ਉਸ ਦੇ ਸਾਥੀ ਸਾਹਮਣੇ ਜਬਰ ਜਨਾਹ ਕੀਤਾ ਸੀ ਅਤੇ ਬਾਅਦ ਵਿਚ ਦੋਵਾਂ ਨੂੰ ਚਲਦੀ ਬੱਸ ‘ਚੋਂ ਧੱਕਾ ਦੇ ਦਿੱਤਾ ਸੀ। ਕੁਝ ਦਿਨਾਂ ਪਿੱਛੋਂ ਲੜਕੀ ਦੀ ਮੌਤ ਹੋ ਗਈ ਸੀ ਪਰ ਇਸ ਹੌਲਨਾਕ ਘਟਨਾ ਨੇ ਸਾਰੇ ਦੇਸ਼ ਵਿਚ ਇਕ ਤਰ੍ਹਾਂ ਨਾਲ ਤੂਫਾਨ ਖੜ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੂੰ ਜਬਰ ਜਨਾਹ ਵਿਰੁਧ ਅਪਰਾਧਾਂ ਸਬੰਧੀ ਕਾਨੂੰਨਾਂ ਨੂੰ ਹੋਰ ਵੀ ਸਖਤ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਅਜਿਹੀਆਂ ਭਿਆਨਕ ਅਤੇ ਸ਼ਰਮਨਾਕ ਘਟਨਾਵਾਂ ਵਿਚ ਕਮੀ ਨਹੀਂ ਆਈ ਸਗੋਂ ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਇਹ ਵਧੀਆਂ ਹਨ। ਜੰਮੂ ਦੇ ਕਠੂਆ ਵਿਚ ਕੁਝ ਸਾਲ ਪਹਿਲਾਂ ਅਜਿਹੀ ਹੀ ਘਟਨਾ ਵਿਚ ਨਾਬਾਲਗ ਲੜਕੀ ਨੂੰ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਮਾਰ ਦਿੱਤਾ ਗਿਆ ਸੀ। ਇਸ ਘਟਨਾ ਦੀ ਵੱਡੀ ਪੱਧਰ ‘ਤੇ ਚਰਚਾ ਦੇਸ਼ ਭਰ ਵਿਚ ਹੋਈ ਸੀ।
ਤਾਜ਼ਾ ਘਟਨਾ ਦੇ ਵਿਰੋਧ ਵਿਚ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸ ਵਿਚ ਸ਼ਾਮਲ ਚਾਰ ਜਣਿਆਂ ਨੂੰ ਫੜ ਵੀ ਲਿਆ ਗਿਆ ਹੈ। ਇਸ ਦੀ ਚਰਚਾ ਸੰਸਦ ਵਿਚ ਵੀ ਹੋਈ ਹੈ ਪਰ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਸੰਸਦ ਵਿਚ ਚਰਚਾ ਦੌਰਾਨ ਜ਼ਿਆਦਾਤਰ ਮੈਂਬਰਾਂ ਨੇ ਇਕ ਦੂਸਰੇ ਤੋਂ ਅੱਗ ਵਧ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਤੇ ਇਥੋਂ ਤੱਕ ਕਿ ਉਨ੍ਹਾਂ ਨੂੰ ਜਨਤਕ ਤੌਰ ਉਤੇ ਕਤਲ ਕਰਨ ਤੱਕ ਦੀ ਮੰਗ ਕੀਤੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨæਸੀæਆਰæਬੀæ) ਦੀ 2017 ਦੀ ਰਿਪੋਰਟ ਅਨੁਸਾਰ ਦੇਸ਼ ਅੰਦਰ ਜਬਰ ਜਨਾਹ ਦੇ 32559 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ 93æ1 ਫੀਸਦੀ ਮਾਮਲਿਆਂ ਵਿਚ ਦੋਸ਼ੀ, ਪੀੜਤ ਔਰਤਾਂ ਦੇ ਜਾਣ ਪਛਾਣ ਦੇ ਸਨ ਅਤੇ 3155 ਮਾਮਲਿਆਂ ਵਿਚ ਪਰਿਵਾਰਕ ਮੈਂਬਰ ਸ਼ਾਮਲ ਸਨ। ਇਸ ਤੋਂ ਸਪਸ਼ਟ ਹੈ ਕਿ ਔਰਤਾਂ ਨੂੰ ਬਾਹਰ ਜਾਣ ਤੋਂ ਰੋਕਣ ਦੀਆਂ ਨਸੀਹਤਾਂ ਜਾਂ ਨੁਸਖੇ ਇਸ ਵਰਤਾਰੇ ਨੂੰ ਰੋਕਣ ਵਿਚ ਕਾਰਗਰ ਨਹੀਂ ਹੋ ਸਕਦੇ।
ਪਿਛਲੇ ਦਿਨੀਂ ਕੀਤੇ ਗਏ ਕੁਝ ਵੱਡੇ ਸ਼ਹਿਰਾਂ ਦੇ ਸਰਵੇਖਣ ਤੋਂ ਵੀ ਔਰਤਾਂ ਪ੍ਰਤੀ ਪੈਦਾ ਹੋਈ ਅਜਿਹੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਇਕ ਸਮਾਜਿਕ ਸੰਸਥਾ (ਸੇਫਟੀ ਪਿਨ) ਨੇ ਮੱਧ ਪ੍ਰਦੇਸ਼ ਦੇ ਭੁਪਾਲ ਤੇ ਗਵਾਲੀਅਰ ਅਤੇ ਰਾਜਸਥਾਨ ਦੇ ਜੈਪੁਰ ਵਿਚ ਵਿਸਥਾਰਤ ਸਰਵੇਖਣ ਕੀਤਾ, ਜਿਸ ਤੋਂ ਬੜੇ ਹੀ ਦਿਲ ਕੰਬਾਊ ਨਤੀਜੇ ਸਾਹਮਣੇ ਆਏ ਹਨ। ਇਸ ਅਨੁਸਾਰ 90 ਫੀਸਦੀ ਦੇ ਲਗਭਗ ਔਰਤਾਂ ਸੁੰਨਸਾਨ ਥਾਂਵਾਂ ‘ਤੇ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਹਨ। ਵਿਦਿਆਰਥਣਾਂ ਨੂੰ ਜਿਣਸੀ ਛੇੜਛਾੜ ਦਾ ਵਧੇਰੇ ਖਤਰਾ ਰਹਿੰਦਾ ਹੈ। ਇਨ੍ਹਾਂ ਅਨੁਸਾਰ 63 ਫੀਸਦੀ ਔਰਤਾਂ ਸਰਕਾਰੀ ਬੱਸਾਂ ਦੇ ਲਗਭਗ ਖਾਲੀ ਹੋਣ ‘ਤੇ ਡਰ ਜਾਂਦੀਆਂ ਹਨ। ਹੁਣ ਇਕ ਵਾਰ ਫਿਰ ਇਹ ਮਸਲਾ ਹੈਦਰਾਬਾਦ ਦੀ ਘਟਨਾ ਨਾਲ ਜਿਸ ਤਰ੍ਹਾਂ ਉਭਰਿਆ ਹੈ, ਉਸ ਤੋਂ ਲੋਕ ਭਾਵਨਾ ਦੀ ਇਹ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਅਜਿਹੇ ਕੇਸਾਂ ਦਾ ਫਾਸਟ ਟਰੈਕ ਅਦਾਲਤਾਂ ਰਾਹੀਂ ਇਕ ਨਿਸ਼ਚਿਤ ਸਮੇਂ ਵਿਚ ਫੈਸਲਾ ਹੋਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਦੇ ਭਾਗੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੀ ਅਪਰਾਧਕ ਬਿਰਤੀ ਵਾਲੇ ਲੋਕਾਂ ਅੰਦਰ ਡਰ ਪੈਦਾ ਹੋ ਸਕੇ।