ਕਾਂਗਰਸ ਦੇ ‘ਬਾਗੀ’ ਵਿਧਾਇਕਾਂ ਵੱਲੋਂ ਵੱਡਾ ਮੋਰਚਾ ਖੋਲ੍ਹਣ ਦੇ ਸੰਕੇਤ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਨਾਲ ਸਬੰਧਤ ਕਾਂਗਰਸ ਦੇ ਨਾਰਾਜ਼ ਚਾਰੇ ਕਾਂਗਰਸੀ ਵਿਧਾਇਕਾਂ ਨੇ ਇੰਸਪੈਕਟਰ ਵਿਜੈ ਕੁਮਾਰ ਉਤੇ ਰਿਸ਼ਵਤ ਸਬੰਧੀ ਦਰਜ ਕੇਸ ਦੀ ਜਾਂਚ ਲਈ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਾਂ ਸਿਟ ਬਣਾਉਣ ਦੀ ਮੰਗ ਕੀਤੀ ਹੈ, ਜਿਸ ਸਬੰਧੀ ਉਹ ਡੀ.ਜੀ.ਪੀ. ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਹੀ ਸਪੱਸ਼ਟ ਹੋਵੇਗਾ ਕਿ ਉਸ ਨੇ ਕਿਥੋਂ-ਕਿਥੋਂ ਪੈਸਾ ਲਿਆ ਤੇ ਕਿਥੇ ਭੇਜਿਆ। ਵਿਧਾਇਕਾਂ ਨੇ ਪਟਿਆਲਾ ਦੇ ਐਸ਼ਡੀ.ਐਮ. ਵੱਲੋਂ ਰਿਸ਼ਵਤ ਮੰਗਣ ਦੇ ਮਾਮਲੇ ਦੀ ਡੀ.ਸੀ. ਵੱਲੋਂ ਸਰਕਾਰ ਨੂੰ ਭੇਜੀ ਗਈ ਜਾਂਚ ਰਿਪੋਰਟ ਵੀ ਨਸ਼ਰ ਕਰਨ ਉਤੇ ਜ਼ੋਰ ਦਿੱਤਾ।

ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ ਅਤੇ ਕਾਕਾ ਰਾਜਿੰਦਰ ਸਿੰਘ (ਸਾਰੇ ਵਿਧਾਇਕਾਂ) ਨੇ ਇਹ ਮੁੱਦੇ ਵਿਧਾਇਕ ਰਾਜਿੰਦਰ ਸਿੰਘ ਦੀ ਰਿਹਾਇਸ਼ ਉਤੇ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਉਠਾਏ। ਵਿਧਾਇਕਾਂ ਕਿਹਾ ਕਿ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ‘ਚ ਉਠਾਏ ਗਏ ਸਾਰੇ ਮੁੱਦੇ ਸਹੀ ਸਾਬਤ ਹੋ ਰਹੇ ਹਨ। ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ ਫੈਲਿਆ ਹੋਣ ਦਾ ਮੁੱਦਾ ਚੁੱਕਣ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇੰਸਪੈਕਟਰ ਵਿਜੈ ਕੁਮਾਰ ਉਤੇ ਕੇਸ ਦਰਜ ਹੋਇਆ ਹੈ। ਭਾਦਸੋਂ ਥਾਣੇ ਦਾ ਮੁਖੀ ਵੀਹ ਹਜ਼ਾਰ ਲੈਂਦਾ ਫੜਿਆ ਗਿਆ। ਸੀ.ਆਈ.ਏ. ਰਾਜਪੁਰਾ ਦੇ ਇੰਚਾਰਜ ਅਤੇ ਦੋ ਥਾਣੇਦਾਰਾਂ ਦੀ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਰਫਾ ਦਫਾ ਕਰਨ ‘ਚ ਸ਼ਮੂਲੀਅਤ ਪੁਲਿਸ ਜਾਂਚ ਦੌਰਾਨ ਹੀ ਸਾਹਮਣੇ ਆ ਚੁੱੱਕੀ ਹੈ। ਸਰਪੰਚ ਉਤੇ ਹਮਲੇ ਸਬੰਧੀ ਕੇਸ ‘ਚ ਖੇੜੀਗੰਡਿਆਂ ਦੇ ਥਾਣਾ ਮੁਖੀ ਦੀ ਢਿੱਲਮੱਠ ਸਾਬਤ ਹੋ ਚੁੱਕੀ ਹੈ।
ਇਸੇ ਦੌਰਾਨ ਉਨ੍ਹਾਂ ਪਟਿਆਲਾ ਸਮੇਤ ਹੋਰ ਥਾਈਂ ਮੌਜੂਦ ਮੁੱਖ ਮੰਤਰੀ ਦੇ ਕੁਝ ਓ.ਐਸ਼ਡੀਜ਼. ਦੀ ਭੂਮਿਕਾ ਉਤੇ ਵੀ ਸਵਾਲ ਉਠਾਏ ਤੇ ਨਾਲ ਹੀ ਸਰਕਾਰ ਨੂੰ ਅਫਸਰਸ਼ਾਹੀ ਵੱਲੋਂ ਚਲਾਏ ਜਾਣ ਦੀ ਗੱਲ ਵੀ ਆਖ ਦਿੱਤੀ। ਉਨ੍ਹਾਂ ਕਿਹਾ ਕਿ ਉਠਾਏ ਗਏ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਵੱੱਲੋਂ ਅਜੇ ਤੱਕ ਕੋਈ ਬੁਲਾਵਾ ਨਹੀਂ ਆਇਆ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਕੋਈ ਸੁਨੇਹਾ ਭੇਜੇ ਜਾਣ ਦੀ ਗੱਲ ਉਤੇ ਹਰਦਿਆਲ ਕੰਬੋਜ ਨੇ ਕੈਪਟਨ ਸੰਧੂ ਨੂੰ ਇਕ ‘ਕਲਰਕ’ ਦੱਸਦਿਆਂ ਕਿਹਾ ਕਿ ਉਹ ਉਸ ਦੇ ਸੁਨੇਹੇ ਉਤੇ ਨਹੀਂ ਜਾਣਗੇ, ਸਿਰਫ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਸੁਨੇਹੇ ਨੂੰ ਅਹਿਮੀਅਤ ਦਿੱਤੀ ਜਾਵੇਗੀ।
ਵਿਧਾਇਕ ਨਿਰਮਲ ਸਿੰਘ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਮਾਰਨ ਦੇ ਮਾਮਲੇ ‘ਚ ਬਾਕੀ ਤਿੰਨਾਂ ਵਿਧਾਇਕਾਂ ਨੇ ਉਨ੍ਹਾਂ ਦੇ ਨਾਲ ਹੋਣ ਸਣੇ ਭ੍ਰਿਸ਼ਟਾਚਾਰ ਸਬੰਧੀ ਮੁੱਦੇ ਵਿਧਾਨ ਸਭਾ ‘ਚ ਉਠਾਉਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨਾਲ ਕੋਈ ਵੀ ਨਾਰਾਜ਼ਗੀ ਨਾ ਦੀ ਗੱਲ ਵੀ ਕਹੀ। ਵਿਧਾਇਕਾਂ ਨੇ ਪੰਜਾਬ ਦੇ ਹੋਰ ਕਾਂਗਰਸੀ ਵਿਧਾਇਕਾਂ ਦੇ ਵੀ ਅਫਸਰਸ਼ਾਹੀ ਤੋਂ ਔਖੇ ਹੋਣ ਵੱਲ ਇਸ਼ਾਰਾ ਕਰਦਿਆਂ, ਕਿਹਾ ਕਿ ‘ਭ੍ਰਿਸ਼ਟ ਅਫ਼ਸਰਸ਼ਾਹੀ’ ਖਿਲਾਫ ਮੁੱਦਾ ਉਠਾਉਣ ਉਤੇ ਸ਼ਲਾਘਾ ਵਜੋਂ ਉਨ੍ਹਾਂ ਨੂੰ ਪੰਜਾਬ ‘ਚੋਂ ਲੋਕ ਸਭਾ
____________________________________________
ਹਲਕੇ ਦੇ ਵਿਕਾਸ ਲਈ ਬੋਲਣਾ ਮਾੜੀ ਗੱਲ ਨਹੀਂ: ਸ਼ੁਤਰਾਣਾ
ਸ਼ੁਤਰਾਣਾ: ਹਲਕਾ ਸ਼ੁਤਰਾਣਾ ਤੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਆਪਣੇ ਹਲਕੇ ਦੇ ਵਿਕਾਸ ਅਤੇ ਲੋਕਾਂ ਦੇ ਕੰਮਾਂ ਲਈ ਬੋਲਣਾ ਮਾੜੀ ਗੱਲ ਨਹੀਂ ਤੇ ਲੋਕਾਂ ਦੀ ਆਵਾਜ਼ ਬਣ ਕੇ ਮੈਂ ਅੱਗੇ ਵੀ ਬੋਲਦਾ ਰਹਾਂਗਾ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹੁੰਦੇ ਹਨ ਪਰ ਜੇ ਅਫਸਰਸ਼ਾਹੀ ਕੰਮ ਨਾ ਕਰੇ ਤਾਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਸ਼ੁਤਰਾਣਾ ਨੇ ਕਿਹਾ ਕਿ ਵਿਧਾਇਕ ਹਰਦਿਆਲ ਸਿੰਘ ਕੰਬੋਜ ਹਲਕਾ ਰਾਜਪੁਰਾ, ਮਦਨ ਲਾਲ ਜਲਾਲਪੁਰ ਹਲਕਾ ਘਨੌਰ, ਰਾਜਿੰਦਰ ਸਿੰਘ ਹਲਕਾ ਸਮਾਣਾ ਤੇ ਉਹ ਖੁਦ ਪੂਰੀ ਤਰ੍ਹਾਂ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ, ਕਿਸੇ ਵੀ ਕੰਮ ਵਿਚ ਅਫਸਰਸ਼ਾਹੀ ਨੂੰ ਅੜਿੱਕਾ ਨਹੀਂ ਪਾਉਣ ਦੇਣਗੇ, ਭਾਵੇਂ ਉਨ੍ਹਾਂ ਨੂੰ ਆਪਣੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ।
_________________________________________
‘ਆਪ’ ਵੱਲੋਂ ਬਾਗੀ ਕਾਂਗਰਸੀਆਂ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੀ ਪੇਸ਼ਕਸ਼
ਸੰਗਰੂਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਦੇ ਨਾਰਾਜ਼ ਚੱਲ ਰਹੇ 4 ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ ਅਤੇ ਕਾਕਾ ਰਜਿੰਦਰ ਸਿੰਘ ਦੇ ਨਾਲ-ਨਾਲ ਕਾਂਗਰਸ ਦੇ 40 ਵਿਧਾਇਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ‘ਚ ਨਵੀਂ ਸਰਕਾਰ ਦਾ ਗਠਨ ਕਰਨ ਅਤੇ ‘ਆਪ’ ਦੇ 19 ਵਿਧਾਇਕਾਂ ਦਾ ਉਨ੍ਹਾਂ ਨੂੰ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਸਮਰਥਨ ਲਈ ਤਿਆਰ ਕਰ ਲਿਆ ਜਾਵੇਗਾ। ਇੰਜ 117 ਮੈਂਬਰੀਂ ਵਿਧਾਨ ਸਭਾ ਵਿਚ ਸਰਕਾਰ ਬਣਾਉਣ ਲਈ 59 ਵਿਧਾਇਕਾਂ ਦੀ ਲੋੜ ਹੈ ਪਰ ਇਸ ਸਾਰੇ ਗੱਠਜੋੜ ਨਾਲ 60 ਵਿਧਾਇਕ ਤਿਆਰ ਹੋ ਜਾਣਗੇ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਸੰਭਾਵਤ ਸਰਕਾਰ ‘ਚ ਸ਼ਾਮਲ ਨਹੀਂ ਹੋਵੇਗੀ ਸਗੋਂ ਸਰਕਾਰ ਬਣਾਉਣ ਲਈ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਮੰਨਿਆ ਕਿ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ।