ਕਰਤਾਰਪੁਰ ਲਾਂਘਾ: ਕੈਪਟਨ ਮੁੜ ਲੀਹ ਤੋਂ ਲੱਥਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਦਾ ਇਹ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਫੌਜ ਮੁਖੀ ਜਨਰਲ ਬਾਜਵਾ ਦੇ ‘ਦਿਮਾਗ ਦੀ ਕਾਢ’ ਹੈ, ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਦਾ ਹੈ।

ਕੈਪਟਨ ਨੇ ਕਿਹਾ ਕਿ ਇਸ ਮੁੱਦੇ ਉਤੇ ਉਨ੍ਹਾਂ ਵੱਲੋਂ ਜਤਾਏ ਖਦਸ਼ਿਆਂ ਦੀ ਪੁਸ਼ਟੀ ਹੋਈ ਹੈ। ਰਸ਼ੀਦ ਨੇ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ ਜਦਕਿ ਭਾਰਤ ਨੂੰ ਉਮੀਦ ਸੀ ਕਿ ਇਹ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਪੁਲ ਬਣੇਗਾ। ਮੁੱਖ ਮੰਤਰੀ ਨੇ ਰਸ਼ੀਦ ਦੀ ਇਸ ਟਿੱਪਣੀ ਦਾ ਵੀ ਸਖਤ ਨੋਟਿਸ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਹੈ ਕਿ ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜਖਮ ਭਾਰਤ ਨੂੰ ਹਮੇਸ਼ਾ ਰੜਕਦਾ ਰਹੇਗਾ। ਇਨ੍ਹਾਂ ਟਿੱਪਣੀਆਂ ਨੂੰ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਲਈ ਖਤਰਾ ਦੱਸਦਿਆਂ ਕੈਪਟਨ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤਫਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦ ਉਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਭਾਰਤ ਮੂੰਹ-ਤੋੜਵਾਂ ਜਵਾਬ ਦੇਵੇਗਾ। ਕੈਪਟਨ ਨੇ ਜ਼ਿਕਰ ਕੀਤਾ ਕਿ ਉਹ ਹਮੇਸ਼ਾ ਇਹੀ ਕਹਿੰਦੇ ਆਏ ਹਨ ਕਿ ਸਿੱਖ ਹੋਣ ਨਾਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਤੇ ਇਸ ਰਾਹੀਂ ਸ਼ਰਧਾਲੂਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਪੂਰੀ ਹੋਈ ਹੈ ਪਰ ਲਾਜ਼ਮੀ ਤੌਰ ਉਤੇ ਮੁਲਕ ਲਈ ਕਿਸੇ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਰਹੇ ਹਨ ਕਿ ਗੁਆਂਢੀ ਮੁਲਕ ਲਾਂਘਾ ਖੋਲ੍ਹ ਕੇ ਸਿੱਖਾਂ ਨੂੰ ਆਈ.ਐਸ਼ਆਈ. ਦੇ ਏਜੰਡੇ ‘ਰੈਫਰੈਂਡਮ 2020’ (ਰਾਇਸ਼ੁਮਾਰੀ) ਲਈ ਭੜਕਾਉਣ ਦੀ ਕੋਸ਼ਿਸ਼ ਨਾ ਕਰੇ।
_____________________________________________
ਸਿੱਧੂ ਨੂੰ ਚੌਕਸ ਰਹਿਣ ਦੀ ਸਲਾਹ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਯਾਦ ਰਹੇ ਕਿ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੇ ਫੈਸਲੇ ਦਾ ਖੁਲਾਸਾ ਕੀਤਾ ਸੀ। ਕੈਪਟਨ ਨੇ ਕਿਹਾ ਕਿ ਫੌਜ ਮੁਖੀ ਨੇ ਸਿੱਧੂ ਨਾਲ ਉਸ ਵੇਲੇ ਗੱਲ ਕੀਤੀ ਸੀ ਜਦ ਅਜੇ ਇਮਰਾਨ ਨੇ ਅਹੁਦਾ ਵੀ ਨਹੀਂ ਸੰਭਾਲਿਆ ਸੀ। ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਇਮਰਾਨ ਖਾਨ ਸਰਕਾਰ ਨਾਲ ਮੇਲ-ਮਿਲਾਪ ਮੌਕੇ ਚੌਕਸੀ ਵਰਤਣ। ਪਾਕਿ ਪ੍ਰਧਾਨ ਮੰਤਰੀ ਨਾਲ ਆਪਣੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫੈਸਲਿਆਂ ਉਤੇ ਪ੍ਰਭਾਵ ਨਾ ਕਬੂਲਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।
_____________________________________________
ਲਾਂਘਾ ਖੁੱਲ੍ਹਣ ਨਾਲ ਦੋਹਾਂ ਦੇਸ਼ਾਂ ‘ਚ ਪ੍ਰੇਮ ਵਧਿਆ: ਜਥੇਦਾਰ
ਲੁਧਿਆਣਾ: ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਧਾਰਮਿਕ ਸਮਾਗਮਾਂ ‘ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਦਸੰਬਰ ਦਾ ਮਹੀਨਾ ਸਿੱਖ ਕੌਮ ਲਈ ਬਹੁਤ ਅਹਿਮ ਹੈ ਕਿਉਂਕਿ ਇਨ੍ਹਾਂ ਦਿਨਾਂ ਵਿਚ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਸਾਰੀ ਕੌਮ ਨੂੰ ਇਹ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਉਣਾ ਚਾਹੀਦਾ ਹੈ। ਕਰਤਾਰਪੁਰ ਸਾਹਿਬ ਲਾਂਘੇ ਬਾਰੇ ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਪ੍ਰੇਮ ਵਧਿਆ ਹੈ। ਇਸ ਉਤੇ ਸਿਆਸਤਦਾਨ ਕੀ ਸੋਚਦੇ ਹਨ, ਇਸ ਸਬੰਧੀ ਉਹ ਕੋਈ ਇਤਫਾਕ ਨਹੀਂ ਰੱਖਦੇ।