ਬਲਜੀਤ ਬਾਸੀ
ਹੱਥ ਸਾਡੇ ਸਰੀਰ ਦਾ ਮੁਖ ਅੰਗ ਹੈ। ਸਾਡਾ ਸਮੁੱਚਾ ਵਰਤਾਰਾ ਹੱਥ ਨਾਲ ਜੁੜਿਆ ਹੋਣ ਕਾਰਨ ਇਸ ਸ਼ਬਦ ਨਾਲ ਸਬੰਧਤ ਸ਼ਬਦਾਂ ਦੀ ਸਮਾਜਕ ਜੀਵਨ ਵਿਚ ਬਹੁਤ ਵਰਤੋਂ ਹੁੰਦੀ ਹੈ। ਹੱਥ ਦੀਆਂ ਬਹੁਤ ਸਾਰੀਆਂ ਬਣਤਰਾਂ ਲਈ ਅਨੇਕਾਂ ਸ਼ਬਦ ਮਿਲਦੇ ਹਨ ਜਿਨ੍ਹਾਂ ਤੋਂ ਮਨੁਖੀ ਭਾਵਾਂ ਦਾ ਬੋਧ ਹੁੰਦਾ ਹੈ। ਪੰਜਾ, ਹੱਥਾ, ਬੁੱਕ, ਚੂਲੀ, ਚੱਪਾ, ਚੁਪੇੜ, ਮੁੱਕਾ, ਧਮੁੱਕ, ਘਸੁੰਨ, ਹੂਰਾ, ਓਕ ਆਦਿ ਕੁਝ ਗਿਣਵੇਂ ਸ਼ਬਦਾਂ ਦੀ ਮਿਸਾਲ ਲਈ ਜਾ ਸਕਦੀ ਹੈ। ਇਨ੍ਹਾਂ ਤੋਂ ਬਣੇ ਵਾਕੰਸ਼, ਮੁਹਾਵਰਿਆਂ, ਅਖਾਣਾਂ ਦਾ ਵੀ ਅੰਤ ਨਹੀਂ। ਹੱਥ ਦੀਆਂ ਉਂਗਲਾਂ ਨੂੰ ਜੇ ਅੰਦਰ ਵੱਲ ਮੋੜ ਕੇ ਘੁਟ ਲਿਆ ਜਾਵੇ ਤਾਂ ਇਸ ਤਰ੍ਹਾਂ ਬੰਦ ਹੱਥ ਨੂੰ ਮੁੱਠ ਜਾਂ ਮੁੱਠੀ ਕਿਹਾ ਜਾਂਦਾ ਹੈ। ਮੁੱਠੀ, ਮੁੱਠ ਦਾ ਇਸਤਰੀ ਲਿੰਗ ਵਾਚਕ ਸ਼ਬਦ ਨਹੀਂ ਹੈ, ਨਾ ਮੁੱਠੀ ਮੁੱਠ ਨਾਲੋਂ ਛੋਟੀ ਹੁੰਦੀ ਹੈ। ਅਸਲ ਵਿਚ ਦੋਵੇਂ ਰੁਪਾਂਤਰ ਹੀ ਇਸਤਰੀ ਲਿੰਗ ਵਾਚਕ ਹਨ, ਛੋਟੇ ਵੱਡੇ ਦਾ ਵੀ ਕੋਈ ਝਗੜਾ ਨਹੀਂ। ਇਸ ਲਈ ਦੋਵੇਂ ਸ਼ਬਦ ਅਕਸਰ ਹੀ ਇਕ ਦੂਜੇ ਦੇ ਬਦਲ ਵਜੋਂ ਵਰਤੇ ਜਾ ਸਕਦੇ ਹਨ। ਪਰ ਕੁਝ ਇਕ ਪ੍ਰਸੰਗਾਂ ਵਿਚ ਕੇਵਲ ਇਕ ਦੀ ਵਰਤੋਂ ਹੀ ਰੂੜ ਹੋ ਗਈ ਹੈ, ਖਾਸ ਤੌਰ ‘ਤੇ ਮੁਹਾਵਰਈ ਬੋਲਾਂ ਵਿਚ। ਇਕੇ ਮੂਲ ਤੋਂ ਬਣਿਆ ਹੱਥੇ ਜਾਂ ਡੁੰਡਰੂ ਦੇ ਅਰਥਾਂ ਲਈ ਵਰਤਿਆ ਜਾਂਦਾ ਮੁੱਠਾ ਸ਼ਬਦ ਨਿਸਚੇ ਹੀ ਪੁਲਿੰਗਵਾਚੀ ਹੈ। ਦਰਵਾਜ਼ੇ, ਹਥੌੜੇ ਜਾਂ ਤਲਵਾਰ ਆਦਿ ਦਾ ਫੜਨ ਵਾਲਾ ਹਿੱਸਾ ਮੁੱਠਾ ਕਹਾਉਂਦਾ ਹੈ। ਧਿਆਨ ਦਿਉ, ਮੁੱਠਾ ਫੜਨ ਲਈ ਸਾਨੂੰ ਮੁੱਠ ਮੀਟਣੀ ਪੈਂਦੀ ਹੈ।
ਮੁੱਠ/ਮੁੱਠੀ ਸ਼ਬਦ ਸੰਸਕ੍ਰਿਤ ਦੇ ‘ਮੁਸ਼ਟਿ’ ਤੋਂ ਵਿਕਸਿਤ ਹੋਏ ਹਨ। ਸੰਸਕ੍ਰਿਤ ‘ਸ਼ਟ’ ਧੁਨੀ ਅਕਸਰ ਹੀ ਪੰਜਾਬੀ ਵਿਚ ‘ਠ’ ਹੋ ਜਾਂਦੀ ਹੈ। ਹੋਰ ਮਿਸਾਲਾਂ ਦੇਖੋ, ਸੰਸਕ੍ਰਿਤ ‘ਵਿਸ਼ਟਾ’ ਪੰਜਾਬੀ ਬਿੱਠ; ਸੰਸਕ੍ਰਿਤ ‘ਤੁਸ਼ਟੀ’ ਪੰਜਾਬੀ ਤੁੱਠਣਾ ਜਾਂ ਤਰੁੱਠਣਾ। ਸੰਸਕ੍ਰਿਤ ਸ਼ਬਦਾਂ ਦਾ ਆਖਰੀ ਸਵਰ ‘ ੀ’ ਪੰਜਾਬੀ ਵਿਚ ਜਾਂ ਤਾਂ ਅਲੋਪ ਹੋ ਜਾਂਦਾ ਹੈ ਜਾਂ ‘ ੀ’ ਵਿਚ ਬਦਲ ਜਾਂਦਾ ਹੈ। ਪਰ ਇਥੇ ਕੁਝ ਵਾਪਰ ਗਿਆ ਹੈ, ਇਸੇ ਲਈ ਮੁੱਠ ਤੇ ਮੁੱਠੀ ਦੋਵੇਂ ਭੇਦ ਉਭਰੇ।
ਮੋਨੀਅਰ ਵਿਲੀਅਮਜ਼ ਦੇ ਸੰਸਕ੍ਰਿਤ ਕੋਸ਼ ਵਿਚ ‘ਮੁਸ਼ਟਿ’ ਦਾ ਪਹਿਲਾ ਅਰਥ ਚੋਰੀ ਕਰਨਾ ਦੱਸਿਆ ਗਿਆ ਹੈ। ਦਿਲਚਸਪ ਗੱਲ ਹੈ ਕਿ ਇਸ ਸ਼ਬਦ ਦੇ ਮੁੱਠ ਵਾਲੇ ਅਰਥਾਂ ਦੀ ਵਿਆਖਿਆ ਕਰਦਿਆਂ ਉਸ ਨੇ ਸੰਭਾਵਨਾ ਜਤਾਈ ਹੈ ਕਿ ਚੋਰੀ ਕਰਨ ਲਈ ਚੀਜ਼ ਨੂੰ ਫੜਨ ਵਾਸਤੇ ਹੱਥ ਮੀਟਣੇ ਪੈਂਦੇ ਹਨ, ਇਸ ਲਈ ਇਸ ਦਾ ਇਹ ਅਰਥ ਬਣਿਆ। ਪੰਜਾਬੀ ਵਿਚ ਮੁੱਠਣਾ ਦੇ ਅਰਥ ਕਿਸੇ ਤੋਂ ਧੋਖੇ ਨਾਲ ਕੋਈ ਵਸਤ, ਖਾਸ ਤੌਰ ‘ਤੇ ਰੁਪਿਆ ਪੈਸਾ ਹਥਿਆ ਲੈਣਾ, ਬਟੋਰਨਾ ਹੁੰਦਾ ਹੈ। ਪੰਜਾਬੀ ਵਿਚ ਇਸ ਮਨਸ਼ੇ ਲਈ ‘ਮਾਠਣਾ’ ਸ਼ਬਦ ਵੀ ਹੈ ਪਰ ਇਹ ਇਥੇ ਨਿਰੁਕਤੀ ਦੇ ਨਜ਼ਰੀਏ ਤੋਂ ਢੁਕਵਾਂ ਨਹੀਂ। ‘ਮੁੱਠੇ ਜਾਣਾ’ ਦਾ ਅਰਥ ਚੋਰੀ ਦਾ ਸ਼ਿਕਾਰ ਹੋਣਾ ਹੈ। ਇਸ ਵਾਕੰਸ਼ ਦੇ ਲਾਖਣਿਕ ਅਰਥ ਵੀ ਲੁੱਟੇ ਜਾਣਾ, ਠਗੇ ਜਾਣਾ, ਮੂਰਖ ਬਣਨਾ ਹੁੰਦਾ ਹੈ। ਹੀਰ ਨੂੰ ਜਦ ਰਾਂਝੇ ਦੇ ਜੋਗੀ ਹੋਣ ਦਾ ਪਤਾ ਲਗਦਾ ਹੈ ਤਾਂ ਉਹ ਆਪਣੇ ਆਪ ਨੂੰ ਲੁੱਟੀ ਪੁੱਟੀ ਮਹਿਸੂਸ ਕਰਦੀ ਹੈ:
ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾਂ, ਮੈਂ ਸੁਣਦਿਆਂ ਈ ਮਰ ਗਈ ਜੇ ਨੀ।
ਤੁਸੀਂ ਇਹ ਜਦੋਕਨੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲਹਿ ਗਈ ਜੇ ਨੀ।
ਗਏ ਟੁਟ ਸਤਰਾਨ ਤੇ ਅਕਲ ਡੁੱਬੀ, ਮੈਂ ਤੇ ਧੁਖ ਕਲੇਜੜੇ ਪਈ ਜੇ ਨੀ।
ਕੀਕੂੰ ਕੰਨ ਪੜਾਇਕੇ ਜੀਂਵਦਾ ਹੈ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨੀ।
ਰੋਵਾਂ ਜਦੋਂ ਸੁਣਿਆ ਉਸ ਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨੀ।
ਧਿਆਨ ਦਿਉ ਉਪਰੋਕਤ ਵਿਚ ‘ਮੁੱਠੀ ਮੀਟ ਕੇ ਬਹਿ ਜਾਣਾ’ ਬਿੰਬ ਇਕ ਲਾਚਾਰ ਅਵਸਥਾ ਨੂੰ ਦਰਸਾਉਂਦਾ ਹੈ ਜੋ ਅਣਜਾਣੇ ਵਿਚ ਲੁੱਟੇ ਜਾਣ ਕਰਕੇ ਹੈ।
ਬੁਲ੍ਹੇ ਸ਼ਾਹ ਵੀ ਅਜੇਹੀ ਅਵਸਥਾ ਦਾ ਬਿਆਨ ਕਰਦਾ ਕਹਿੰਦਾ ਹੈ:
ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪ੍ਰੇਮ ਕਰਾਈ ਮੁੱਠੀ।
ਓਹੋ ਚੋਰ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਕੁੱਠੀ।
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀæææ।
ਇਥੇ ਸਪਸ਼ਟ ਹੀ ਪ੍ਰੇਮੀ ਨੂੰ ਚੋਰ ਕਿਹਾ ਗਿਆ ਹੈ ‘ਜਿਸ ਪ੍ਰੇਮ ਕਰਾਈ ਮੁੱਠੀ।’
ਸ੍ਰੀ ਰਾਗ ਵਿਚ ਗੁਰੂ ਨਾਨਕ ਨੇ ਇਹ ਸ਼ਬਦ ਵਰਤਿਆ ਹੈ, ‘ਧ੍ਰਿਗ ਜੀਵਣੁ ਦੋਹਾਗਣੀ ਮੁੱਠੀ ਦੂਜੈ ਭਾਇ।’ ਅਰਥਾਤ ਜਿਹੜੀ ਅਭਾਗਣ ਜੀਵ-ਇਸਤਰੀ ਹੋਰ ਦੂਜੇ ਦੇ ਪਿਆਰ ਵਿਚ ਠੱਗੀ ਜਾਂਦੀ ਹੈ, ਉਸ ਦਾ ਜੀਵਨ ਲਾਹਣਤ ਭਰਿਆ ਹੈ। ਗੁਰੂ ਸਾਹਿਬ ਨੇ ਮੁੱਠ ਦਾ ਭੁਤਕਾਲੀ ਰੂਪ ‘ਮੁਠਾ’ ਸ਼ਬਦ ਵੀ ਇਨ੍ਹਾਂ ਹੀ ਅਰਥਾਂ ਵਿਚ ਵਰਤਿਆ ਹੈ, ‘ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ॥’ ਗੁਰੂ ਅਰਜਨ ਦੇਵ ਨੇ ਚੋਰੀ ਕਰਨ ਜਾਂ ਲੁੱਟਣ ਵਾਲੇ ਦੇ ਅਰਥਾਂ ਵਿਚ ‘ਮੁਸਨਹਾਰ’ ਸ਼ਬਦ ਦੀ ਵਰਤੋਂ ਕੀਤੀ ਹੈ, “ਮੁਸਨਹਾਰ ਪੰਚ ਬਟਵਾਰੇ।” ਇਥੇ ਪੰਜ ਇੰਦਰੀਆਂ ਵੱਲ ਇਸ਼ਾਰਾ ਹੈ।
‘ਮੁੱਠੀ ਵਿਚ ਆਉਣਾ’ ਦਾ ਮਤਲਬ ਵਾਜਬ ਜਾਂ ਗੈਰਵਾਜਬ ਢੰਗ ਨਾਲ ਕਬਜ਼ੇ ਵਿਚ ਆਉਣਾ ਹੈ ਪਰ ਮੁੱਠੀ ਇਕ ਲੰਬਾਈ ਦਾ ਨਾਪ ਵੀ ਹੈ। ਮਧਰੇ ਆਦਮੀ ਨੂੰ ਗਿਠ-ਮੁੱਠੀਆ ਆਖ ਦਿੱਤਾ ਜਾਂਦਾ ਹੈ। ਮੁੱਠ-ਭਰ ਜਾਂ ਮੁੱਠੀ-ਭਰ ਅਲਪ ਸੰਖਿਆ ਹੁੰਦੀ ਹੈ ਜਿਵੇਂ ਮੁੱਠੀ-ਭਰ ਲੋਕ। ‘ਚੱਪਾ ਕੁ ਚੰਨ ਤੇ ਮੁੱਠ ਕੁ ਤਾਰੇ’ -ਅੰਮ੍ਰਿਤਾ ਪ੍ਰੀਤਮ। ‘ਹੱਡੀਆਂ ਦੀ ਮੁਠ’ ਬਹੁਤ ਕਮਜ਼ੋਰ ਆਦਮੀ ਲਈ ਵਰਤਿਆ ਜਾਂਦਾ ਹੈ। ਦੂਜੇ ਪਾਸੇ ਮੁੱਠੀ ਵਿਚ ਕਿਉਂਕਿ ਪੰਜ ਉਗਲੀਆਂ ਇਕੱਠੀਆਂ ਹੋਈਆਂ ਹੁੰਦੀਆਂ ਹਨ, ਇਸ ਲਈ ਇਹ ਏਕਤਾ ਦਾ ਭਾਵ ਦਿੰਦਾ ਹੈ। ‘ਇਕ-ਮੁੱਠ’ ਸ਼ਬਦ ਵਿਚ ਇਹ ਭਾਵ ਝਲਕਦਾ ਹੈ। ‘ਮੁੱਠਾਂ ਭਰ ਭਰ ਦੇਣਾ’ ਇਕ ਤਰ੍ਹਾਂ ਖੁਲ੍ਹ ਕੇ ਦਾਨ ਕਰਨਾ ਹੈ। ‘ਮੁੱਠੀ ਗਰਮ ਕਰਨਾ’ ਵੱਢੀ ਦੇਣਾ ਹੈ। ਲੜਾਈ ਵਿਚ ਜਦੋਂ ਹੱਥੋਪਾਈ ਹੋ ਜਾਵੇ ਅਰਥਾਤ ਮੁੱਕੇਬਾਜ਼ੀ ‘ਤੇ ਨੌਬਤ ਆ ਜਾਵੇ ਤਾਂ ਅਸੀਂ ਆਖਦੇ ਹਾਂ ਕਿ ਮੁਠਭੇੜ ਹੋ ਗਈ ਭਾਵੇਂ ਅੱਜ ਕਲ੍ਹ ਹਥਿਆਰਾਂ ਸਮੇਤ ਹਲਕੀ ਲੜਾਈ ਨੂੰ ਵੀ ਮੁਠਭੇੜ ਕਹਿ ਦਿੱਤਾ ਜਾਂਦਾ ਹੈ। ‘ਮੁੱਠੀ ਚਾਪੀ ਕਰਨਾ’ ਕਿਸੇ ਦੀ ਖੁਸ਼ਾਮਦ ਕਰਨਾ ਹੈ। ਕਿਸੇ ਦੀ ਮੁੱਠੀ ਵਿਚ ਹੋਣਾ ਕਿਸੇ ਦੇ ਵੱਸ ਹੋਣਾ ਹੁੰਦਾ ਹੈ। ‘ਜਾਨ ਮੁੱਠੀ ‘ਚ ਆਉਣਾ’ ਦਾ ਭਾਵ ਹੈ ਮੌਤ ਦੇ ਬਿਲਕੁਲ ਨਜ਼ਦੀਕ ਮਹਿਸੂਸ ਕਰਨਾ। ‘ਮੁੱਠੀ ਘੁਟਣਾ’ ਦਾ ਅਰਥ ਕੰਜੂਸੀ ਕਰਨਾ ਹੁੰਦਾ ਹੈ। ‘ਮੀਟੀ ਮੁੱਠ’ ਦਾ ਅਰਥ ਲੁਕਿਆ ਭੇਦ, ਪਾਜ ਵੀ ਹੁੰਦਾ ਹੈ:
ਰੱਖੀਂ ਸ਼ਰਮ ਹਿਯਾ ਤੂੰ ਜੁਮਲਿਆਂ ਦੀ, ਮੀਟੀ ਮੁੱਠ ਹੀ ਦੇਈਂ ਲੰਘਾ ਸਾਈਂ।
ਵਾਰਿਸ ਸ਼ਾਹ ਤਮਾਮੀਆਂ ਮੋਮਨਾਂ ਨੂੰ, ਦੇਈਂ ਦੀਨ ਇਮਾਨ ਲਿਕਾ ਸਾਈਂ।
ਸ਼ਾਹ ਮੁਹੰਮਦ ਨੇ ਵੀ ‘ਜੰਗਨਾਮਾ’ ਵਿਚ ਇਹ ਮੁਹਾਵਰਾ ਵਰਤਿਆ ਹੈ:
ਮੁੱਠ ਮੀਟੀ ਸੀ ਦੇਸ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿਤਾ ਸਾਡਾ ਪਾਜ ਯਾਰੋ।
ਸ਼ਾਹ ਮੁਹੰਮਦਾ ਮਾਰ ਕੇ ਮਰੋ ਇਥੇ, ਕਦੇ ਰਾਜ ਹੋਇ ਮੁਹਤਾਜ ਯਾਰੋ।
ਮੁੱਠ ਸ਼ਬਦ ਦੇ ਰੂਪ ‘ਮੁਸਟਿ’/ਮੁਸਟ ਗੁਰਬਾਣੀ ਵਿਚ ਮਿਲਦੇ ਹਨ। ਕਬੀਰ ਨੇ ਦੋਵੇਂ ਰੂਪ ਮੁੱਠੀ ਦੇ ਅਰਥਾਂ ਵਿਚ ਵਰਤੇ ਹਨ:
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ॥
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ॥
ਅਰਥਾਤ ਹੇ ਕਮਲੇ ਮਨ ਬਾਂਦਰ ਨੇ ਹੱਥ ਪਸਾਰ ਕੇ ਦਾਣਿਆਂ ਦੀ ਮੁਠ ਭਰ ਲਈ ਹੈ।
ਜਿਉ ਕਪਿ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ।
ਸਾਹਿਬ ਸਿੰਘ ਅਨੁਸਾਰ ਇਸ ਦੀ ਵਿਆਖਿਆ ਇਸ ਪ੍ਰਕਾਰ ਹੈ, “ਲੋਕ ਬਾਂਦਰਾਂ ਨੂੰ ਫੜਨ ਲਈ ਭੀੜੇ ਮੂੰਹ ਵਾਲਾ ਭਾਂਡਾ ਲੈ ਕੇ ਜ਼ਮੀਨ ਵਿਚ ਦੱਬ ਦਿੰਦੇ ਹਨ, ਉਸ ਵਿਚ ਭੁੱਜੇ ਹੋਏ ਛੋਲੇ ਪਾ ਕੇ ਮੂੰਹ ਨੰਗਾ ਰੱਖਦੇ ਹਨ। ਬਾਂਦਰ ਆਪਣਾ ਹੱਥ ਭਾਂਡੇ ਵਿਚ ਪਾ ਕੇ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਭੀੜੇ ਮੂੰਹ ਵਿਚੋਂ ਨਿਕਲ ਨਹੀਂ ਸਕਦੀ, ਤੇ ਲੋਭ ਵਿਚ ਫਸਿਆ ਹੋਇਆ ਬਾਂਦਰ ਦਾਣੇ ਭੀ ਨਹੀਂ ਛੱਡਦਾ। ਇਸ ਤਰ੍ਹਾਂ ਉਥੇ ਹੀ ਫੜਿਆ ਜਾਂਦਾ ਹੈ। ਇਹੀ ਹਾਲ ਮਨੁੱਖ ਦਾ ਹੁੰਦਾ ਹੈ, ਸਹਿਜੇ ਸਹਿਜੇ ਮਾਇਆ ਵਿਚ ਮਨ ਫਸਾ ਕੇ ਆਖ਼ਰ ਹੋਰ ਹੋਰ ਮਾਇਆ ਦੀ ਖ਼ਾਤਰ ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਹੈ ਤੇ ਉਸ ਨੂੰ ਸਹਿਮ ਪੈ ਗਿਆ ਕਿ ਕੈਦ ਵਿਚੋਂ ਕਿਵੇਂ ਨਿਕਲੇ। ਉਸ ਲਾਲਚ ਦੇ ਕਾਰਨ ਹੁਣ ਹਰੇਕ ਘਰ ਦੇ ਬੂਹੇ ‘ਤੇ ਨੱਚਦਾ ਫਿਰਦਾ ਹੈ।”
ਸੰਸਕ੍ਰਿਤ ਮੁਸ਼ਟਿ ਦੇ ਟਾਕਰੇ ਤੇ ਹਿੰਦ-ਇਰਾਨੀ ਭਾਸ਼ਾਵਾਂ ਯਾਨਿ ਫਾਰਸੀ ਆਦਿ ‘ਚ ‘ਮੁਸ਼ਤ’ ਸ਼ਬਦ ਮਿਲਦਾ ਹੈ। ਇੱਕ-ਮੁੱਠ ਦਾ ਸੁਜਾਤੀ ‘ਯਕ-ਮੁਸ਼ਤ’ ਪੰਜਾਬੀ ਵਿਚ ਵੀ ਕਦੇ ਕਦੇ ਪੜ੍ਹਨ ਸੁਣਨ ਨੂੰ ਮਿਲਦਾ ਹੈ। ਅਸਲ ਵਿਚ ਸੰਸਕ੍ਰਿਤ ‘ਮੁਸ਼ਟਿ’ ਸ਼ਬਦ ਦੇ ਪਿਛੇ ‘ਮੁਸ਼’ ਧਾਤੂ ਕਿਰਿਆਸ਼ੀਲ ਹੈ। ‘ਮੁਸ਼’ ਦਾ ਅਰਥ ਚੁਰਾਉਣਾ, ਲੁੱਟਣਾ, ਨਸ਼ਟ ਕਰਨਾ ਹੈ। ਦੇਖੋ ਪੰਜਾਬੀ ‘ਮੁਸ ਮੁਸ ਰੋਣਾ’ ਅਰਥਾਤ ਚੋਰੀ ਚੋਰੀ ਰੋਣਾ। ਉਪਰ ਵਰਣਿਤ ਗੁਰੂ ਅਰਜਨ ਦੇਵ ਵਲੋਂ ਵਰਤਿਆ ‘ਮੁਸਨਹਾਰ’ ਸ਼ਬਦ ਇਸੇ ਤੋਂ ਬਣਿਆ ਹੈ। ਪਰ ਮੁਸ਼ ਤੋਂ ਬਣੇ ਮੂਸ਼ ਸ਼ਬਦ ਦੇ ਅਰਥ ਚੋਰ ਤੋਂ ਇਲਾਵਾ ਚੂਹਾ ਵੀ ਹੈ। ਚੂਹੇ ਦੇ ਅਰਥਾਂ ਵਿਚ ਸੰਸਕ੍ਰਿਤ ਵਿਚ ਇਸ ਦੇ ਕਈ ਰੂਪ ਹਨ, ਜਿਵੇਂ-ਮੂਸ਼ਕ, ਮੂਸ਼ਿਕ, ਮੂਸ਼ਿਕਾ, ਮੁਸ਼ਮ ਆਦਿ। ਗਰੀਕ, ਲਾਤੀਨੀ, ਜਰਮਨ, ਰੂਸੀ ਤੇ ਹੋਰ ਕਈ ਭਾਰੋਪੀ ਭਾਸ਼ਾਵਾਂ ਵਿਚ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਫਾਰਸੀ ਵਿਚ ਚੂਹੇ ਲਈ ‘ਮੂਸ਼’ ਸ਼ਬਦ ਹੈ ਤੇ ਇਸ ਦਾ ਅਰਥ ਲੁੱਟੇ ਜਾਣਾ ਵੀ ਹੈ, ਜਿਵੇਂ ‘ਮੂਸ਼ਦਰਾਰ ਅੰਬਾਨ ਦਾਸ਼ਤਾਨ।’ ਅੰਗਰੇਜ਼ੀ ਸ਼ਬਦ ਮਾਊਸ ਵੀ ਇਨ੍ਹਾਂ ਦਾ ਸਬੰਧੀ ਹੈ। ਪਰ ਸਭ ਤੋਂ ਦਿਲਚਸਪ ਗੱਲ ਹੈ ਕਿ ਇਸ ਮੂਲ ਤੋਂ ਬਣੇ ਕੁਝ ਭਾਸ਼ਾਵਾਂ ਦੇ ਸ਼ਬਦਾਂ ਵਿਚ ਚੂਹੇ ਤੇ ਚੋਰੀ ਦੇ ਭਾਵ ਤਾਂ ਹਨ ਪਰ ਮੁਠੀ ਦੇ ਭਾਵ ਨਹੀਂ ਹਨ। ਅਸੀਂ ਸ਼ੁਰੂ ਵਿਚ ਮੋਨੀਅਰ ਵਿਲੀਅਮਜ਼ ਦੇ ਹਵਾਲੇ ਨਾਲ ਦੱਸਿਆ ਸੀ ਕਿ ਇਹ ਭਾਵ ਮੁੱਠੀ ਦੇ ਅਰਥਾਂ ਵਿਚ ਇਸ ਕਾਰਨ ਵਿਕਸਿਤ ਹੋਇਆ ਹੋਵੇਗਾ ਕਿ ਚੋਰੀ ਕਰਨ ਲਗਿਆਂ ਮਲਕੜੇ ਜਿਹੇ ਹੱਥ ਮੀਟੇ ਜਾਂਦੇ ਹਨ ਅਰਥਾਤ ਮੁੱਠੀ ਮੀਟੀ ਜਾਂਦੀ ਹੈ। ਜੇਮਜ਼ ਪੀæ ਮੈਲੋਰੀ ਦੇ ਪ੍ਰਸਿਧ ਗ੍ਰੰਥ ‘ਹਿੰਦ-ਯੂਰਪੀ ਸਭਿਆਚਾਰ ਦਾ ਇਨਸਾਈਕਲੋਪੀਡੀਆ’ ਵਿਚ ਇਕ ਇਕ ਭਾਰੋਪੀ ਮੂਲ ਮeੁਸ ਦੀ ਕਲਪਨਾ ਕੀਤੀ ਗਈ ਹੈ ਜਿਸ ਦਾ ਅਰਥ ‘ਚੋਰੀ ਕਰਨਾ, ਚੁੱਕਣਾ’ ਦੱਸਿਆ ਗਿਆ ਹੈ। ਚੋਰੀ ਅਤੇ ਚੂਹੇ ਦੇ ਸਾਂਝੇ ਭਾਵ ਪ੍ਰਗਟ ਕਰਦੇ ਉਸ ਨੇ ਕੁਝ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਦੱਸੇ ਹਨ। ਪਰ ਮੈਂ ਸੰਸਕ੍ਰਿਤ ਵਿਚ ਹੀ ਅਜਿਹੇ ਸ਼ਬਦ ਲਭੇ ਹਨ, ਜਿਵੇਂ ‘ਆਖੂ’ ਤੇ ‘ਸਤੇਯਿਨ’ ਜਿਨ੍ਹਾਂ ਦਾ ਅਰਥ ਚੂਹਾ ਵੀ ਹੈ ਤੇ ਚੋਰ ਵੀ। ਇਸ ਸੰਦਰਭ ਵਿਚ ਮੋਨੀਅਰ ਵਿਲੀਅਮਜ਼ ਦੀ ਵਿਆਖਿਆ ਪ੍ਰਤੀ ਸੰਦੇਹ ਉਤਪੰਨ ਹੁੰਦਾ ਹੈ। ਐਪਰ ਇਸ ਘੁੰਡੀ ਦੀ ਭਰਪੂਰ ਚਰਚਾ ਅਸੀਂ ਚੂਹੇ ਲਈ ਮੂਸ਼ ਸ਼ਬਦ ਵਾਲੇ ਲੇਖ ਵਿਚ ਕਰਾਂਗੇ।
Leave a Reply