ਚੰਗੇ ਭਵਿਖ ਦੀ ਆਸ ਲਈ ਜਾਨ ਜੋਖਮ ਵਿਚ ਪਾ ਰਹੇ ਨੇ ਪੰਜਾਬੀ

ਚੰਡੀਗੜ੍ਹ: ਪੰਜਾਬ ਵਿਚ ਏਡੇ ਵੱਡੇ ਪੱਧਰ ‘ਤੇ ਹੋ ਰਿਹਾ ਪਰਵਾਸ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਪੰਜਾਬੀਆਂ ਨੂੰ ਅੱਜ ਦੇ ਪੰਜਾਬ ਵਿਚ ਕੋਈ ਭਵਿੱਖ ਦਿਖਾਈ ਨਹੀਂ ਦਿੰਦਾ। ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ, ਸਰਕਾਰੀ ਦਫਤਰਾਂ ਅਤੇ ਪੁਲਿਸ ਵੱਲੋਂ ਆਮ ਲੋਕਾਂ ਨਾਲ ਕੀਤਾ ਜਾਂਦਾ ਦੁਰਵਿਹਾਰ, ਖੇਰੂੰ ਖੇਰੂੰ ਹੋ ਰਹੇ ਵਿਦਿਅਕ ਅਤੇ ਸਿਹਤਕ ਖੇਤਰ, ਸਭ ਪੰਜਾਬੀਆਂ ਨੂੰ ਪਰਵਾਸ ਕਰਨ ਲਈ ਮਜਬੂਰ ਕਰ ਰਹੇ ਹਨ।

ਕਈ ਨੌਜਵਾਨਾਂ ਨੂੰ ਬਹੁਤ ਕਹਿਰ ਭਰੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਪਰ ਅਜਿਹੀਆਂ ਕਹਾਣੀਆਂ ਪੰਜਾਬੀਆਂ ਨੂੰ ਵਿਦੇਸ਼ ਜਾਣ ਤੋਂ ਹੋੜ ਨਹੀਂ ਰਹੀਆਂ। ਪੰਜਾਬ ਦੀ ਸਿਆਸੀ ਜਮਾਤ ਅਤੇ ਅਫਸਰਸ਼ਾਹੀ ਨੇ ਪੰਜਾਬ ਤੋਂ ਮੂੰਹ ਮੋੜ ਰੱਖਿਆ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇਣ ਵਾਲੇ ਏਜੰਟਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਪੱਛਮੀ ਯੂਰਪ ਦੇ ਦੇਸ਼ਾਂ ਵਿਚ ਵਸਣ ਦੀ ਤਾਂਘ ਹਰ ਪੰਜਾਬੀ ਦਾ ਸੁਪਨਾ ਬਣ ਗਈ ਲੱਗਦੀ ਹੈ। ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਦੁਆਰਾ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਰਤੀ ਮੂਲ ਦੇ 3017 ਲੋਕ ਇਸ ਵੇਲੇ ਅਮਰੀਕਨ ਯੂਨਾਈਟਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੁਆਰਾ ਬਣਾਏ ਬੰਦੀਖਾਨਿਆਂ ਵਿਚ ਕੈਦ ਹਨ। ਇਨ੍ਹਾਂ ਵਿਚੋਂ 84 ਔਰਤਾਂ ਹਨ। ਐਸੋਸੀਏਸ਼ਨ ਦੇ ਐਗਜ਼ੀਕਿਊਟਿਵ ਡਾਇਰੈਕਟਰ ਸਤਨਾਮ ਸਿੰਘ ਚਾਹਲ ਅਨੁਸਾਰ ਇਨ੍ਹਾਂ ਵਿਚੋਂ 6 ਔਰਤਾਂ ਅਤੇ 156 ਮਰਦਾਂ ਨੂੰ ਸਜ਼ਾ ਹੋ ਚੁੱਕੀ ਹੈ ਜਦੋਂਕਿ ਇਕ ਔਰਤ ਅਤੇ 86 ਮਰਦਾਂ ‘ਤੇ ਮੁਕੱਦਮਾ ਚੱਲ ਰਿਹਾ ਹੈ। ਬਾਕੀ ਲੋਕਾਂ ਨੂੰ ਇਸ ਲਈ ਨਜ਼ਰਬੰਦ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਅਮਰੀਕਾ ਵਿਚ ਦਾਖਲ ਹੋਣ ਬਾਰੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸੇ ਵਿਭਾਗ ਨੇ 90 ਹੋਰ ਵਿਦੇਸ਼ੀ ਵਿਦਿਆਰਥੀਆਂ ਜਿਨ੍ਹਾਂ ਵਿਚੋਂ ਜ਼ਿਆਦਾ ਭਾਰਤੀ ਹਨ, ਨੂੰ ਇਸ ਲਈ ਹਿਰਾਸਤ ਵਿਚ ਲਿਆ ਹੈ ਕਿਉਂਕਿ ਉਨ੍ਹਾਂ ਨੇ ਅਮਰੀਕਾ ਦੀ ਹੋਮਲੈਂਡ ਸਕਿਉਰਿਟੀ ਡਿਪਾਰਟਮੈਂਟ ਦੁਆਰਾ ਬਣਾਈ ਗਈ ਫਰਜ਼ੀ ਯੂਨੀਵਰਸਿਟੀ ਵਿਚ ਦਾਖਲਾ ਲਿਆ। ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜ ਰਹੀ ਐਲਿਜ਼ਾਬੈਥ ਵਾਰਨ ਨੇ ਇਸ ਕਾਰਵਾਈ ਨੂੰ ਜ਼ਾਲਮਾਨਾ ਤੇ ਗਲਤ ਦੱਸਿਆ ਹੈ।
ਤੀਸਰੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਅਤੇ ਕਾਮੇ ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਵਿਚ ਚੰਗੇ ਭਵਿੱਖ ਦੀ ਤਲਾਸ਼ ਵਿਚ ਪਹੁੰਚਣਾ ਚਾਹੁੰਦੇ ਹਨ। ਲਗਭਗ 2 ਲੱਖ 27 ਹਜ਼ਾਰ ਭਾਰਤੀ ਅਮਰੀਕਾ ਵਿਚ ਵੱਸਦੇ ਆਪਣੇ ਰਿਸ਼ਤੇਦਾਰਾਂ ਦੇ ਜ਼ਰੀਏ ਗਰੀਨ ਕਾਰਡ ਪ੍ਰਾਪਤ ਕਰਨ ਦੀ ਉਮੀਦ ਵਿਚ ਹਨ। ਪੰਜਾਬ ਵਿਚ ਹਰ ਸਾਲ ਇਕ ਲੱਖ ਤੋਂ ਜ਼ਿਆਦਾ ਬੱਚੇ ਪੜ੍ਹਾਈ ਕਰਨ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਜਾ ਰਹੇ ਹਨ। ਜਿਹੜੇ ਲੋਕ ਕਾਨੂੰਨੀ ਤੌਰ ਉਤੇ ਪਰਵਾਸ ਨਹੀਂ ਕਰ ਸਕਦੇ, ਉਹ ਗੈਰਕਾਨੂੰਨੀ ਤਰੀਕੇ ਰਾਹੀਂ ਉਥੇ ਪਹੁੰਚਣ ਲਈ ਏਜੰਟਾਂ ਨੂੰ ਲੱਖਾਂ ਰੁਪਏ ਦਿੰਦੇ ਹਨ। ਕਈ ਇਸ ਕੋਸ਼ਿਸ਼ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਕਈ ਅਸਫਲ। ਅਸਫਲ ਬੰਦਿਆਂ ਨੂੰ ਬਹੁਤ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਹਫਤੇ ਅਮਰੀਕਾ ਨੇ 150 ਹਿੰਦੁਸਤਾਨੀਆਂ ਨੂੰ ਗੈਰਕਾਨੂੰਨੀ ਤੌਰ ਉਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਜਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਵਾਪਸ ਭਾਰਤ ਭੇਜਿਆ। ਅਕਤੂਬਰ ਮਹੀਨੇ ਵਿਚ ਵੀ ਮੈਕਸਿਕੋ ਨੇ 300 ਅਜਿਹੇ ਭਾਰਤੀਆਂ ਨੂੰ ਵਾਪਸ ਭੇਜਿਆ ਸੀ ਜਿਹੜੇ ਮੈਕਸਿਕੋ ਰਾਹੀਂ ਗੈਰਕਾਨੂੰਨੀ ਤੌਰ ਉਤੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
_______________________________________
ਭਾਰਤੀਆਂ ਸਣੇ 90 ਹੋਰ ਵਿਦਿਆਰਥੀ ਫਰਜ਼ੀ ਯੂਨੀਵਰਸਿਟੀ ‘ਚੋਂ ਕਾਬੂ
ਾਸ਼ਿੰਗਟਨ: ਅਮਰੀਕੀ ਇਮੀਗਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਈ.) ਨੇ ਫਰਜ਼ੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ 90 ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਹਨ। ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਸਰਕਾਰ ਨੇ ਇਮੀਗਰੇਸ਼ਨ ਧੋਖਾਧੜੀ ‘ਤੇ ਨੱਥ ਪਾਉਣ ਲਈ ਇਹ ਫਰਜ਼ੀ ਯੂਨੀਵਰਸਿਟੀ ਸਥਾਪਤ ਕੀਤੀ ਸੀ। ਹੁਣ ਤੱਕ 250 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਭਰਮਾ ਕੇ ਡੈਟ੍ਰਾਇਟ ਮੈਟਰੋਪਾਲਿਟਨ ਇਲਾਕੇ ‘ਚ ਬੰਦ ਹੋ ਚੁੱਕੀ ਫਰਮਿੰਗਟਨ ਯੂਨੀਵਰਸਿਟੀ ‘ਚ ਦਾਖਲਾ ਦਿਵਾਇਆ ਜਾਂਦਾ ਸੀ। ਆਈ.ਸੀ.ਈ. ਨੇ ਮਾਰਚ ‘ਚ 161 ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ। ਯੂਨੀਵਰਸਿਟੀ ਨੂੰ ਜਦੋਂ ਮਾਰਚ ‘ਚ ਬੰਦ ਕੀਤਾ ਗਿਆ ਸੀ ਤਾਂ ਉਸ ਸਮੇਂ ਇਸ ‘ਚ 600 ਵਿਦਿਆਰਥੀਆਂ ਨੇ ਦਾਖਲੇ ਲਏ ਹੋਏ ਸਨ ਜਿਨ੍ਹਾਂ ‘ਚੋਂ ਜ਼ਿਆਦਾਤਰ ਭਾਰਤੀ ਸਨ। ਆਈ.ਸੀ.ਈ. ਦੇ ਤਰਜਮਾਨ ਮੁਤਾਬਕ ਕਰੀਬ 80 ਫੀਸਦੀ ਵਿਦਿਆਰਥੀਆਂ ਨੂੰ ਅਮਰੀਕਾ ਛੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।