ਭਾਰਤ ਮਾਤਾ ਦੀ ਮਹਿਮਾ ਨੇ ਖੂੰਜੇ ਲਾਈ ਧਰਮ ਨਿਰਪੱਖਤਾ

-ਜਤਿੰਦਰ ਪਨੂੰ
ਮੇਰੇ ਸਾਹਮਣੇ ਭਾਰਤ ਦਾ ਸੰਵਿਧਾਨ ਪਿਆ ਹੈ, ਜੋ ਇਥੋਂ ਅਰੰਭ ਹੁੰਦਾ ਹੈ ਕਿ ‘ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ (ਮੁਕੰਮਲ ਖੁਦ-ਮੁਖਤਾਰ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ) ਬਣਾਉਣ ਲਈ ਤੇ ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜੀ, ਆਰਥਕ ਤੇ ਰਾਜਸੀ ਨਿਆਂ, ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਤੇ ਉਪਾਸਨਾ ਦੀ ਆਜ਼ਾਦੀ, ਸਤਿਕਾਰ ਅਤੇ ਮੌਕਿਆਂ ਦੀ ਬਰਾਬਰੀ ਹਾਸਲ ਕਰਾਉਣ ਲਈ ਉਨ੍ਹਾਂ ਸਭਨਾਂ ਵਿਚਾਲੇ ਵਿਅਕਤੀ ਦੇ ਸਨਮਾਨ (ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ) ਯਕੀਨੀ ਬਣਾਉਣ ਲਈ ਭਾਈਚਾਰਾ ਵਧਾਉਣ ਲਈ’ ਇਹ ਸੰਵਿਧਾਨ ਪ੍ਰਵਾਨ ਕੀਤਾ ਤੇ ਇਸ ‘ਤੇ ਕਾਰਬੰਦ ਰਹਾਂਗੇ। ਇਸ ਦੀ ਪਹਿਲੀ ਬਰੈਕਿਟ ਵਿਚ ‘ਸਮਾਜਵਾਦੀ ਧਰਮ ਨਿਰਪੱਖਤਾ’ ਵਾਲੇ ਸ਼ਬਦ ਐਮਰਜੈਂਸੀ ਦੇ ਦੌਰ ਦੌਰਾਨ ਪਾਰਲੀਮੈਂਟ ਨੇ ਪਾਏ ਸੀ ਅਤੇ ਦੂਜੀ ਬਰੈਕਿਟ ਵਿਚ ‘ਅਖੰਡਤਾ’ ਦਾ ਸ਼ਬਦ ਵੀ ਓਸੇ 42ਵੀਂ ਸੋਧ ਦੇ ਨਾਲ ਸ਼ਾਮਲ ਕੀਤਾ ਗਿਆ ਸੀ।

ਅੱਜ ਦੇ ਦੌਰ ਤੱਕ ਬੜਾ ਕੁਝ ਬਦਲ ਚੁਕਾ ਹੈ। ਜਿਸ ਸੋਧ ਨੂੰ ਮੰਨਣ ਨਾਲ ਇਹ ਸ਼ਬਦ ਦੇਸ਼ ਦੇ ਸੰਵਿਧਾਨ ਵਿਚ ਪਾਏ ਗਏ ਸਨ, ਉਸ ਦਾ ਉਦੋਂ ਵੀ ਵਿਰੋਧ ਹੋਇਆ ਸੀ, ਪਿਛੋਂ ਵੀ ਹੋਇਆ, ਪਰ ਵਿਰੋਧ ਦਾ ਅਸਲ ਰੂਪ ਅੱਜ ਅਮਲ ਵਿਚ ਸਾਡੇ ਸਾਹਮਣੇ ਨਿੱਖਰ ਕੇ ਆਉਣ ਲੱਗਾ ਹੈ। ਮਹਾਰਾਸ਼ਟਰ ਵਿਚ ਭਾਜਪਾ ਦੀ ਸਰਕਾਰ ਦਾ ਬਿਸਤਰਾ ਲਪੇਟ ਕੇ ਤਿੰਨ ਪਾਰਟੀਆਂ ਦੇ ਗੱਠਜੋੜ ਦੀ ਨਵੀਂ ਸਰਕਾਰ ਬਣੀ ਹੈ, ਜਿਸ ਦੇ ਮੁੱਖ ਮੰਤਰੀ ਤੇ ਕੁਝ ਮੰਤਰੀਆਂ ‘ਤੇ ਇਹ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ ਸਹੁੰ ਚੁੱਕਣ ਵੇਲੇ ਸੰਵਿਧਾਨ ਵਿਚ ਦਰਜ ਸ਼ਬਦ ਬੋਲਦੇ ਵਕਤ ਆਪਣੀ ਇੱਛਾ ਮੁਤਾਬਕ ਕੁਝ ਸ਼ਬਦ ਜੋੜ ਲਏ ਅਤੇ ਇਸ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਹੋਈ ਹੈ।
ਇੰਦਰਾ ਗਾਂਧੀ ਜਦੋਂ ਪਹਿਲੀ ਵਾਰੀ ਕੁਰਸੀ ਛੱਡਣ ਨੂੰ ਮਜਬੂਰ ਹੋਈ, ਮੁਰਾਰਜੀ ਦੇਸਾਈ ਸਰਕਾਰ ਬਣੀ ਤਾਂ ਪਾਰਲੀਮੈਂਟ ਮੈਂਬਰਾਂ ਨੂੰ ਸਹੁੰ ਚੁਕਾਏ ਜਾਣ ਵੇਲੇ ਕੇਂਦਰ ਦੇ ਮੰਤਰੀ ਜਾਰਜ ਫਰਨਾਂਡੇਜ਼ ਤੇ ਕਈ ਹੋਰਨਾਂ ਨੇ ਵੀ ਇਹ ਕਿਹਾ ਸੀ ਕਿ ਉਹ ਆਪਣੇ ਅਹੁਦੇ ਲਈ ਸੰਵਿਧਾਨ ਦੀ ਸਹੁੰ ’42ਵੀਂ ਸੋਧ ਦੇ ਬਗੈਰ’ ਚੁਕਦੇ ਹਨ। ਸੰਵਿਧਾਨਕ ਉਲੰਘਣਾ ਦਾ ਉਦੋਂ ਵੀ ਬਥੇਰਾ ਰੌਲਾ ਪਿਆ, ਪਰ ਗੱਲ ਗੋਲ ਕਰ ਦਿੱਤੀ ਗਈ ਸੀ। ਜਿਨ੍ਹਾਂ ਲੋਕਾਂ ਨੇ ਉਦੋਂ 42ਵੀਂ ਸੋਧ ਦਾ ਵਿਰੋਧ ਕੀਤਾ ਸੀ, ਉਨ੍ਹਾਂ ਲਈ ਇਹ ਗੱਲ ਹਜ਼ਮ ਕਰਨੀ ਔਖੀ ਸੀ ਕਿ ਭਾਰਤ ਸਮਾਜਵਾਦੀ ਲੀਹ ‘ਤੇ ਵੀ ਚੱਲੇ ਅਤੇ ਧਰਮ ਨਿਰਪੱਖ ਵੀ ਬਣੇ। ਉਹ ਲੋਕ ਓਨਾ ਇਸ 42ਵੀਂ ਸੋਧ ਦਾ ਵਿਰੋਧ ਨਹੀਂ ਸਨ ਕਰਦੇ, ਜਿੰਨਾ ਸੋਧ ਦੇ ਵਿਰੋਧ ਲਈ ਹੋਰਨਾਂ ਲੋਕਾਂ ਨੂੰ ਅੱਗੇ ਲਾ ਕੇ ਅਸਲ ਵਿਚ ਸਮਾਜਵਾਦ ਤੇ ਧਰਮ ਨਿਰਪੱਖਤਾ ਦਾ ਵਿਰੋਧ ਕਰਨ ਲਈ ਲਾਮਬੰਦੀ ਕਰਦੇ ਪਏ ਸਨ। ਉਹ ਸੋਚ ਅੱਜ ਸਾਫ ਹੋ ਰਹੀ ਹੈ।
ਬਦਲੇ ਹੋਏ ਸਮੇਂ ਵਿਚ ਉਨ੍ਹਾਂ ਲੋਕਾਂ ਦੀ ਅਗਲੀ ਪੀੜ੍ਹੀ ਦੇ ਵਾਰਸਾਂ ਨੇ ਆਪਣੇ ਚਾਲੇ ਬਦਲ ਲਏ ਤੇ ਇੰਦਰਾ ਗਾਂਧੀ ਵੇਲੇ ਦੀ ਕਾਂਗਰਸ ਪਾਰਟੀ ਅਤੇ ਉਦੋਂ ਦੇ ਪਾਰਲੀਮੈਂਟ ਮੈਂਬਰਾਂ ਦੀ ਅਗਲੀ ਪੀੜ੍ਹੀ ਵੀ ਧਰਮ ਨਿਰਪੱਖਤਾ ਦਾ ਮੁੱਦਾ ਛੱਡ ਕੇ ਗੱਦੀਆਂ ਪਿੱਛੇ ਦੌੜਨ ਜੋਗੀ ਹੋ ਕੇ ਰਹਿ ਗਈ। ਅੱਜ ਵਾਲਾ ਭਾਰਤ ਇਸ ਨਵੇਂ ਨਮੂਨੇ ਦੀ ਪੇਸ਼ਕਾਰੀ ਦੀ ਉਹ ਝਲਕ ਦੇਈ ਜਾ ਰਿਹਾ ਹੈ, ਜੋ ਅਗਲੇ ਦਿਨੀਂ ਪੇਸ਼ ਹੋਣ ਵਾਲੀ ਹੈ ਅਤੇ ਜਿਸ ਨੂੰ ਬਹੁਤਾ ਵਕਤ ਵੀ ਨਹੀਂ ਲੱਗਣਾ ਜਾਪਦਾ।
ਭਾਰਤ ਨੂੰ ਕੋਈ ਭਾਰਤ-ਮਾਤਾ ਆਖਦਾ ਰਹੇ ਤਾਂ ਸਾਨੂੰ ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਨਹੀਂ, ਪੰਜਾਬੀ ਕਵੀ ਤੇਰਾ ਸਿੰਘ ਚੰਨ ਨੇ ‘ਪਿਆਰੀ ਭਾਰਤ ਮਾਂ, ਤੈਨੂੰ ਅਸੀਂ ਸੀਸ ਨਿਵਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ’ ਲਿਖਿਆ ਸੀ ਤਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਸੀ ਹੋਈ। ਪ੍ਰੇਸ਼ਾਨੀ ਇਸ ਗੱਲ ਤੋਂ ਹੁੰਦੀ ਹੈ ਕਿ ‘ਭਾਰਤ ਮਾਤਾ’ ਦੇ ਸੰਕਲਪ ਵਜੋਂ ਇੱਕ ਧਰਮ ਦੇ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ।
ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੁਰੂਕਸ਼ੇਤਰ ਵਿਚ ‘ਭਾਰਤ ਮਾਤਾ’ ਮੰਦਿਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਪੂਜਾ ਕਿਸ ਦੀ ਹੋਵੇਗੀ ਤੇ ਕਿਸ ਤਰ੍ਹਾਂ ਦੀ ਹੋਵੇਗੀ ਜਾਂ ਫਿਰ ਕਰਨ ਵਾਸਤੇ ਪੁਜਾਰੀ ਕਿਹੜੇ ਵਰਗ ਤੋਂ ਆਵੇਗਾ, ਇਸ ਬਾਰੇ ਦੱਸਣ ਦੀ ਮਨੋਹਰ ਲਾਲ ਖੱਟਰ ਨੂੰ ਲੋੜ ਨਹੀਂ, ਲੋਕ ਖੁਦ ਵੀ ਸਮਝ ਸਕਦੇ ਹਨ। ਭਾਰਤ ਵਿਚ ਕਿੰਨੇ ਲੰਮੇ ਸਮੇਂ ਤੋਂ ‘ਜੈ ਹਿੰਦ’ ਦਾ ਨਾਅਰਾ ਲਾਇਆ ਜਾਂਦਾ ਰਿਹਾ ਹੈ ਤੇ ਆਜ਼ਾਦੀ ਦੇ ਸੰਗਰਾਮੀਆਂ ਦੀ ਆਜ਼ਾਦ ਹਿੰਦ ਫੌਜ ਦੇ ਮੁਖੀ ਸੁਭਾਸ਼ ਚੰਦਰ ਬੋਸ ਨੇ ਜਦੋਂ ਇਹ ਨਾਅਰਾ ਚੁਣਿਆ ਸੀ ਤਾਂ ਕਿਸੇ ਨੇ ਵੀ ਇਸ ‘ਤੇ ਕਿੰਤੂ ਨਹੀਂ ਸੀ ਕੀਤਾ। ਉਸ ਫੌਜ ਨੇ ਜਦੋਂ ਇਹ ਨਾਅਰਾ ਲਾਇਆ ਸੀ ਤਾਂ ਉਸ ਦੇ ਨਾਲ ਦੇਸ਼ ਵਿਚ ਇਹ ਬੋਲ ਗੂੰਜਦਾ ਸੀ, ‘ਸਾਰੇ ਦੇਸ਼ ਤੋਂ ਆਈ ਆਵਾਜ਼, ਸਹਿਗਲ ਢਿੱਲੋਂ ਸ਼ਾਹਨਵਾਜ਼।’ ਇਨ੍ਹਾਂ ਵਿਚੋਂ ਇੱਕ ਜਣਾ ਪ੍ਰੇਮ ਸਹਿਗਲ ਸੀ, ਦੂਜਾ ਗੁਰਬਖਸ਼ ਸਿੰਘ ਢਿੱਲੋਂ ਤੇ ਤੀਜਾ ਸ਼ਾਹਨਵਾਜ਼ ਖਾਨ ਹੁੰਦਾ ਸੀ। ਉਨ੍ਹਾਂ ਲੋਕਾਂ ਦਾ ਦਿੱਤਾ ਇਹ ਨਾਅਰਾ ਵੀ ਪਿਛੋਂ ਫਿਰਕੂ ਸੁਰਾਂ ਦੀ ਮਾਰ ਹੇਠ ਵਿਤਕਰੇ ਦਾ ਪ੍ਰਤੀਕ ਬਣਾਇਆ ਜਾਣ ਲੱਗਾ ਸੀ।
ਵਿਤਕਰਾ ਉਸ ਵੇਲੇ ਸ਼ੁਰੂ ਹੁੰਦਾ ਹੈ, ਜਦੋਂ ਇੱਕ ਧਰਮ ਦੇ ਲੋਕਾਂ ਨੂੰ ਵਹਿਮ ਹੋ ਜਾਵੇ ਕਿ ਦੇਸ਼ ‘ਤੇ ਰਾਜ ਕਰਨ ਦਾ ਸਾਡਾ ਹੱਕ ਹੈ, ਬਾਕੀ ਲੋਕਾਂ ਨੂੰ ਸਾਡੇ ਬਰਾਬਰ ਹੋਣ ਦਾ ਤਾਂ ਕੀ, ਏਦਾਂ ਸੋਚਣ ਦਾ ਵੀ ਹੱਕ ਨਹੀਂ। ਭਾਰਤ ਅੰਦਰ ਇਸ ਵਕਤ ਏਦਾਂ ਦੀ ਲਹਿਰ ਵਧ ਰਹੀ ਹੈ ਤੇ ਇਸ ਲਹਿਰ ਦੇ ਅੰਦਰ ‘ਭਾਰਤ ਮਾਤਾ’ ਦੇ ਪੁਰਾਣੇ ਸੰਕਲਪ ਵਾਸਤੇ ਸਤਿਕਾਰ ਰੱਖਦਿਆਂ ਵੀ ਇਸ ਦੀ ਫਿਰਕੂ ਪੁੱਠ ਚਾੜ੍ਹ ਕੇ ਰਾਜਸੀ ਲਾਭ ਲਈ ਵਰਤੋਂ ਹੋਣਾ ਚੁਭਦਾ ਹੈ। ਇਸ ਸੁਚੇਤ ਵਿਰੋਧ ਲਈ ਜਿਨ੍ਹਾਂ ਤੋਂ ਆਸ ਕੀਤੀ ਜਾ ਰਹੀ ਸੀ, ਉਹ ਨਹੀਂ ਰੜਕੇ।
ਜਦੋਂ ਫਿਲਮ ‘ਪਿਆਸਾ’ ਆਈ ਤਾਂ ਸਾਹਿਰ ਲੁਧਿਆਣਵੀ ਦਾ ਇਹ ਗੀਤ ਬਹੁਤ ਚਰਚਿਤ ਹੋਇਆ ਸੀ ਕਿ ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ’ ਅਤੇ ਅੱਜ ਇਹੋ ਗੱਲ ਉਨ੍ਹਾਂ ਲੋਕਾਂ ਬਾਰੇ ਪੁੱਛਣੀ ਪੈਂਦੀ ਹੈ, ਜੋ ਕੱਲ੍ਹ ਤੱਕ ਦਾਅਵਾ ਕਰਦੇ ਸਨ ਕਿ ਭਾਰਤ ਦੀ ਧਰਮ ਨਿਰਪੱਖਤਾ ਲਈ ਜਿਨ੍ਹਾਂ ਨੇ ਲਗਾਤਾਰ ਪਹਿਰਾ ਦਿੱਤਾ ਹੈ, ਇਸ ਦੀ ਨੀਂਹ ਬਚਾਈ ਰੱਖੀ ਹੈ, ਉਹ ਸਿਰਫ ਅਸੀਂ ਹਾਂ। ਇਹ ਗੱਲ ਕਾਂਗਰਸ ਦੇ ਆਗੂ ਵੀ ਕਹਿੰਦੇ ਸਨ, ਕਮਿਊਨਿਸਟ ਵੀ। ਆਪਣੀ ਚੜ੍ਹਤ ਦੀ ਸਿਖਰ ‘ਤੇ ਜਾ ਕੇ ਬੇਸੱ.ਕ ਗਲਤੀਆਂ ਕਮਿਊਨਿਸਟਾਂ ਨੇ ਵੀ ਕੀਤੀਆਂ ਸਨ, ਪਰ ਉਨ੍ਹਾਂ ਦੀਆਂ ਜੜ੍ਹਾਂ ‘ਤੇ ਟੱਕ ਲਾਉਣ ਦਾ ਕੰਮ ਉਨ੍ਹਾਂ ਕਾਂਗਰਸੀਆਂ ਨੇ ਕੀਤਾ ਸੀ, ਜੋ ਅੱਜ ਉਂਗਲਾਂ ਟੁੱਕਦੇ ਉਸੇ ਸ਼ਿਵ ਸੈਨਾ ਦੇ ਪਿੱਛਲੱਗ ਬਣਨ ਨੂੰ ਮਜਬੂਰ ਹਨ, ਜੋ ਫਿਰਕੂਪੁਣੇ ਵਿਚ ਭਾਜਪਾ ਤੋਂ ਊਣੀ ਨਹੀਂ।
ਅਜਿਹੇ ਦਿਨ ਇਸ ਕਰ ਕੇ ਆਏ ਹਨ ਕਿ ਕਾਂਗਰਸ ਪਾਰਟੀ ਨੇ ਜਿਨ੍ਹਾਂ ਧਰਮ ਨਿਰਪੱਖ ਧਿਰਾਂ ਦੀ ਸਾਂਝ ਦੌਰਾਨ ਦੇਸ਼ ਦੇ ਸੰਵਿਧਾਨ ਵਿਚ ਧਰਮ ਨਿਰਪੱਖਤਾ ਅਤੇ ਸਮਾਜਵਾਦ ਦੇ ਸ਼ਬਦ ਜੋੜੇ ਸਨ, ਕੁਝ ਸਮੇਂ ਪਿਛੋਂ ਉਨ੍ਹਾਂ ਧਿਰਾਂ ਦੀ ਕਾਟ ਕਰਨ ਲਈ ਸਿਆਸੀ ਟੂਣੇ ਕਰਨ ਵਾਲੇ ਸਾਧਾਂ ਪਿੱਛੇ ਲੱਗ ਤੁਰੀ ਸੀ। ਅਗਲੇ ਦੌਰ ਵਿਚ ਉਹ ਹਿੰਦੂ ਧਰਮ ਲਈ ਸਮਰਪਣ ਦੀ ਮੁਕਾਬਲੇਬਾਜ਼ੀ ਵਿਚ ਪੈ ਗਈ ਤੇ ਜੋ ਬਾਬਰੀ ਮਸਜਿਦ ਦਾ ਢਾਂਚਾ ਉਥੇ ਮੂਰਤੀਆਂ ਰੱਖੇ ਜਾਣ ਦੇ ਦਿਨਾਂ ਤੋਂ ਬੰਦ ਪਿਆ ਸੀ, ਉਸ ਦਾ ਤਾਲਾ ਖੁਦ ਖੁਲ੍ਹਵਾਉਣ ਤੱਕ ਪਹੁੰਚ ਗਈ। ਅਗਲੇ ਦੌਰ ਵਿਚ ਜਦੋਂ ਉਸ ਦਾ ਮੁਕਾਬਲਾ ਨਰਿੰਦਰ ਮੋਦੀ ਜਿਹੇ ਤਿੱਖੇ ਹਿੰਦੂਤਵੀ ਆਗੂ ਨਾਲ ਹੋਇਆ ਤਾਂ ਕਾਂਗਰਸ ਦਾ ਕੱਚ-ਘਰੜ ਆਗੂ ਰਾਹੁਲ ਗਾਂਧੀ ਆਪਣਾ ਸਿਆਸੀ ਪਿਛੋਕੜ ਤੇ ਸਾਰੀ ਵਿਰਾਸਤ ਭੁੱਲ ਕੇ ਆਪਣੇ ਗਲ ਵਿਚ ਜਨੇਊ ਵਿਖਾਉਂਦਾ ਤੇ ਆਪਣੇ ਅੰਦਰ ਸ਼ੁੱਧ ਬ੍ਰਾਹਮਣ ਖੂਨ ਵਗਦਾ ਸਾਬਤ ਕਰਦਾ ਫਿਰਦਾ ਸੀ। ਭਲਾ ਪੰਡਤਾਊਪੁਣੇ ਵਿਚ ਉਹ ਮੋਦੀ ਨਾਲ ਮੁਕਾਬਲਾ ਕਿਵੇਂ ਕਰ ਸਕਦਾ ਸੀ!
ਇਸ ਵੇਲੇ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਅੱਗੇ ਹੈ ਤੇ ਦੂਜੀਆਂ ਦੋ ਧਿਰਾਂ ਉਸ ਦੇ ਓਹਲੇ ਖੜੀਆਂ ਹਨ। ਕਾਂਗਰਸ ਦੀ ਮਦਦ ਨਾਲ ਉਸ ਸ਼ਿਵ ਸੈਨਾ ਦਾ ਆਗੂ ਮੁੱਖ ਮੰਤਰੀ ਬਣ ਗਿਆ ਹੈ, ਜੋ ਕਹਿੰਦੀ ਰਹੀ ਹੈ ਕਿ ਭਾਜਪਾ ਆਗੂ ਤਾਂ ਐਵੇਂ ਫੋਕਾ ਸਿਹਰਾ ਭਾਲਦੇ ਹਨ, ਬਾਬਰੀ ਮਸਜਿਦ ਅਸੀਂ ਸ਼ਿਵ ਸੈਨਿਕਾਂ ਤੋਂ ਤੁੜਵਾਈ ਸੀ। ਉਹ ਕਾਂਗਰਸ ਪਾਰਟੀ ਇਸ ਵੇਲੇ ਪਿੱਛੇ ਖੜੀ ਹੈ, ਜੋ ਆਸਾਮ ਵਿਚ ਨਾਗਰਿਕਾਂ ਦੀ ਪੁਣ-ਛਾਣ ਵਾਲੇ ਐਨ. ਆਰ. ਸੀ. ਫਾਰਮੂਲੇ ਦਾ ਵਿਰੋਧ ਕਰਦੀ ਤੇ ਇਸ ਵਿਚ ਫਿਰਕੂਪੁਣਾ ਵੇਖਦੀ ਹੈ ਅਤੇ ਉਹ ਸ਼ਿਵ ਸੈਨਾ ਅੱਗੇ ਖੜੀ ਹੈ, ਜਿਸ ਨੇ ਕੁਝ ਸਾਲ ਪਹਿਲਾਂ ਆਪਣੀ ਅਗਵਾਈ ਵਾਲੇ ਦੌਰ ਦੌਰਾਨ ਮੁੰਬਈ ਤੋਂ ਪੱਛਮੀ ਬੰਗਾਲ ਦੇ ਮੁਸਲਮਾਨਾਂ ਨੂੰ ਬੰਗਲਾ ਦੇਸ਼ੀ ਕਹਿ ਕੇ ਭਜਾਇਆ ਸੀ। ਜਦੋਂ ਹਿੰਦੂਤਵ ਦੀ ਕੋਈ ਨਵੀਂ ਲਹਿਰ ਉਠੇਗੀ ਤੇ ਉਛਾਲੇ ਮਾਰੇਗੀ, ਸ਼ਿਵ ਸੈਨਾ ਉਸ ਵੇਲੇ ਕਾਂਗਰਸ ਨਾਲ ਖੜੋਤੀ ਧਰਮ ਨਿਰਪੱਖਤਾ ਦੀ ਝੰਡਾ ਬਰਦਾਰ ਨਹੀਂ ਬਣਨ ਲੱਗੀ, ਆਪਣੇ ਪੁਰਾਣੇ ਭਾਈਬੰਦਾਂ ਦੀ ਹਾਂ ਵਿਚ ਹਾਂ ਮਿਲਾਉਂਦੀ ਫਿਰ ਉਸੇ ਧੁਨ ‘ਤੇ ਨੱਚੇਗੀ, ਜਿਸ ‘ਤੇ ਨੱਚਦੀ ਰਹੀ ਹੈ।
ਭਾਜਪਾ ਦੀ ਬੀ-ਟੀਮ ਵਰਗੀ ਇਸ ਪਾਰਟੀ ਨਾਲ ਜਿਨ੍ਹਾਂ ਹਾਲਾਤ ਵਿਚ ਸਰਕਾਰ ਬਣਾਉਣੀ ਸੀ, ਬਣਾ ਲਈ, ਪਰ ਇਸ ਪਿਛੋਂ ਕਾਂਗਰਸ ਨੂੰ ਸੋਚਣਾ ਪਵੇਗਾ। ਉਤਰ ਪੂਰਬੀ ਰਾਜਾਂ ਦੇ ਜੋ ਹਾਲਾਤ ਇਸ ਵਕਤ ਹਨ, ਕਾਂਗਰਸ ਦੀਆਂ ਤਿਕੜਮੀ ਨੀਤੀਆਂ ਕਾਰਨ ਉਹ ਉਥੇ ਆਪਣਾ ਆਧਾਰ ਖੁਸ ਜਾਣ ਪਿੱਛੋਂ ਉਸੇ ਕਿਸਮ ਦੀ ਚੁਣੌਤੀ ਦਾ ਸਾਹਮਣਾ ਅਗਲੇ ਦਿਨਾਂ ਵਿਚ ਦੱਖਣੀ ਭਾਰਤ ਵੱਲ ਵੀ ਕਰਨ ਵਾਲੀ ਹੈ। ਆਂਧਰਾ ਪ੍ਰਦੇਸ਼ ਵਿਚ ਇਨ੍ਹਾਂ ਖੇਡਾਂ ਨਾਲ ਆਪਣਾ ਆਧਾਰ ਗੁਆ ਚੁਕੀ ਸਿਰਫ ਕਾਂਗਰਸ ਨਹੀਂ, ਕੇਰਲਾ ਵਿਚ ਖੱਬੇ ਪੱਖੀਆਂ ਲਈ ਵੀ ਵੱਡੀ ਚੁਣੌਤੀ ਪੇਸ਼ ਹੁੰਦੀ ਦਿਖਾਈ ਦਿੰਦੀ ਹੈ।
ਪੱਛਮੀ ਬੰਗਾਲ ਖੱਬੇ-ਪੱਖੀਆਂ ਤੋਂ ਖੋਹਣ ਵਿਚ ਜਿਨ੍ਹਾਂ ਲੋਕਾਂ ਨੇ ਮਮਤਾ ਬੈਨਰਜੀ ਦਾ ਸਾਥ ਦਿੱਤਾ ਸੀ, ਉਨ੍ਹਾਂ ਵਿਚ ਨਕਸਲੀਆਂ ਦੇ ਕੁਝ ਧੜੇ ਵੀ ਸਨ ਤੇ ਕਈ ਹੋਰ ਧਿਰਾਂ ਵਾਲੇ ਵੀ, ਉਹ ਸਾਰੇ ਅਗਲੀਆਂ ਚੋਣਾਂ ਵਕਤ ਖੂੰਜੇ ਲੱਗਦੇ ਜਾਪਦੇ ਹਨ ਤੇ ਆਪਸੀ ਖਹਿਬੜ ਅਜੇ ਵੀ ਇਹੋ ਜਿਹੀ ਹੈ, ਜਿਵੇਂ ‘ਰੱਸੀ ਸੜ ਗਈ ਤੇ ਵੱਟ ਨਹੀਂ ਗਿਆ’ ਦੀ ਕਹਾਵਤ ਸੱਚੀ ਸਾਬਤ ਕਰਨ ਦਾ ਇਰਾਦਾ ਹੋਵੇ। ਚੁਣੌਤੀ ‘ਤੇ ਅੰਦਰਲਾ ਵੱਟ ਭਾਰੂ ਹੋਈ ਜਾਂਦਾ ਹੈ। ਅਗਲੇ ਸਮੇਂ ਵਿਚ ਜੇ ਹਰਿਆਣੇ ਤੋਂ ਪਿੱਛੋਂ ਹਰ ਰਾਜ ਵਿਚ ‘ਭਾਰਤ ਮਾਤਾ ਮੰਦਿਰ’ ਬਣਾਉਣ ਦੀ ਭਾਜਪਾ ਦੀ ਰਾਜਨੀਤੀ ਅਮਲ ਵਿਚ ਲਾਗੂ ਹੋਣ ਲੱਗ ਪਈ ਤਾਂ ਸ਼ਿਵ ਸੈਨਾ ਇਸ ਕੰਮ ਵਿਚ ਪਿੱਛੇ ਨਹੀਂ ਰਹਿਣੀ, ਆਪਣੇ ਰਾਜ ਮਹਾਰਾਸ਼ਟਰ ਵਿਚ ਇਸ ਦੇ ਨਾਲ ਮਿਲਦੀ-ਜੁਲਦੀ ਕੋਈ ਸਰਗਰਮੀ ਜ਼ਰੂਰ ਸ਼ੁਰੂ ਕਰੇਗੀ, ਉਸ ਬਾਰੇ ਕਾਂਗਰਸ ਹਾਲੇ ਨਹੀਂ ਸੋਚਣ ਲੱਗੀ।
ਹਾਲਾਤ ਨੂੰ ਵੇਖਣਾ ਅਤੇ ਸਮਝਣਾ ਹੀ ਨਹੀਂ, ਮੰਨਣਾ ਵੀ ਚਾਹੀਦਾ ਹੈ ਕਿ ਸਮਾਜਵਾਦ ਦਾ ਨਾਅਰਾ ਬਹੁਤ ਜ਼ਿਆਦਾ ਪਿਛਾਂਹ ਛੱਡਿਆ ਜਾ ਚੁਕਾ ਹੈ ਤੇ ਧਰਮ ਨਿਰਪੱਖਤਾ ਇਸ ਵਕਤ ‘ਭਾਰਤ ਮਾਤਾ’ ਸਮੇਤ ਕਈ ਤਰ੍ਹਾਂ ਦੇ ਨਵੇਂ ਸੰਕਲਪਾਂ ਦੇ ਪਿਛਵਾੜੇ ਲੁਕਣ ਦੀ ਥਾਂ ਭਾਲਦੀ ਫਿਰਦੀ ਹੈ। ਕਦੀ ਪੰਜਾਬੀ ਦੇ ਇੱਕ ਕਵੀ ਨੇ ਗਾਇਆ ਸੀ, ‘ਇਕ ਕੁੜੀ, ਜੀਹਦਾ ਨਾਂ ਮੁਹੱਬਤ, ਗੁੰਮ ਹੈ, ਗੁੰਮ ਹੈ, ਗੁੰਮ ਹੈ।’ ਸਮਾਂ ਬਹੁਤ ਅੱਗੇ ਦਾ, ਪਰ ਕੁਰਾਹੇ ਦਾ ਪੈਂਡਾ ਤੈਅ ਕਰ ਚੁਕਾ ਹੈ। ਅੱਜ ਇਹ ਗੱਲ ਕਹੀ ਜਾਣ ਦੇ ਦਿਨ ਨੇੜੇ ਜਾਪਦੇ ਹਨ ਕਿ ‘ਦੇਸ਼ ਦੀ ਧਰਮ ਨਿਰਪੱਖਤਾ ਗੁੰਮ ਹੈ, ਗੁੰਮ ਹੈ।’ ਕਹਿਣਾ ਬਹੁਤ ਔਖਾ ਹੈ ਤੇ ਕਿਹਾ ਹੋਇਆ ਜਰਨਾ ਵੀ ਸੌਖਾ ਨਹੀਂ, ਪਰ ਸੱਚੀ ਗੱਲ ਇਹੋ ਹੈ ਕਿ ਦੇਸ਼ ਇਸ ਵੇਲੇ ਇਸੇ ਪਾਸੇ ਵਧ ਰਿਹਾ ਹੈ।