ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਹਾਣ-ਪਰਵਾਣ ਦੀ ਗੱਲ ਕੀਤੀ ਸੀ, “ਹਾਣੀ ਹੁੰਦੇ ਜੋ ਬਣ ਹੁੰਗਾਰਾ, ਹਾਕ ਦਾ ਹਾਸਲ ਬਣਦੇ; ਤਲਖੀਆਂ ਤੇ ਤੰਗੀਆਂ ਦੇ ਸਾਹਵੇਂ ਨੰਗੀਆਂ ਹਿੱਕਾਂ ਤਣਦੇ।…
ਹਾਣੀ ਤਾਂ ਕੁਝ ਉਹ ਵੀ ਹੁੰਦੇ, ਜੋ ਹਮਰੁਤਬਾ ਬਣ ਕੇ ਧੋਖਾ, ਫਰੇਬ, ਕਪਟ ਅਤੇ ਬੇਵਫਾਈ ਪ੍ਰਗਟਾਉਂਦੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਤਕਨਾਲੋਜੀ ਦੀਆਂ ਤੰਦਾਂ ਫਰੋਲਦਿਆਂ ਮਨੁੱਖ ਲਈ ਇਸ ਦੀਆਂ ਨਿਆਮਤਾਂ ਗਿਣੀਆਂ ਹਨ, ਪਰ ਨਾਲ ਹੀ ਉਨ੍ਹਾਂ ਸੁਚੇਤ ਕੀਤਾ ਹੈ ਕਿ ਤਕਨਾਲੋਜੀ ‘ਤੇ ਮਨੁੱਖੀ ਨਿਰਭਰਤਾ ਬਹੁਤ ਖਤਰਨਾਕ ਹੋ ਸਕਦੀ ਹੈ। ਉਹ ਕਹਿੰਦੇ ਹਨ, “ਤਕਨਾਲੋਜੀ ਨੇ ਜਿਥੇ ਸੁੱਖ-ਸਹੂਲਤਾਂ ਪੈਦਾ ਕੀਤੀਆਂ, ਵਿਗਿਆਨਕ ਲੱਭਤਾਂ ਨਾਲ ਬਿਜਨਸ, ਖੇਡਾਂ, ਵਿਗਿਆਨ, ਵਿਦਿਆ, ਸਿਹਤ, ਮਨੋਰੰਜਨ ਅਤੇ ਰੋਜ਼ਾਨਾ ਜੀਵਨ ਦੇ ਵਿਭਿੰਨ ਖੇਤਰਾਂ ਵਿਚ ਜ਼ਿਕਰਯੋਗ ਬਿਹਤਰੀਨ ਤਬਦੀਲੀਆਂ ਲਿਆਂਦੀਆਂ ਹਨ, ਉਥੇ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਹਨ।” ਡਾ. ਭੰਡਾਲ ਨੇ ਚਿੰਤਾ ਜਾਹਰ ਕੀਤੀ ਹੈ, “ਸਮਾਜ ਦੀ ਸਭ ਤੋਂ ਨਿੱਕੀ ਪਰ ਅਹਿਮ ਇਕਾਈ ਪਰਿਵਾਰ ਨੂੰ ਵੀ ਤਕਨਾਲੋਜੀ ਨੇ ਨਿੱਕੇ ਨਿੱਕੇ ਦਾਇਰਿਆਂ ਵਿਚ ਵੰਡ ਦਿਤਾ ਏ।…ਤਕਨਾਲੋਜੀ ਨਾਲ ਮਿਲਦੀਆਂ ਸੁੱਖ-ਸਹੂਲਤਾਂ ਦੇ ਹਾਨੀਕਾਰਕ ਪੱਖਾਂ ਦਾ ਵੀ ਸਾਨੂੰ ਹੀ ਸਾਹਮਣਾ ਕਰਨਾ ਪੈਣਾ ਏ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਊਬਰ ਦੁਨੀਆਂ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਹੈ, ਪਰ ਇਸ ਦੀ ਆਪਣੀ ਇਕ ਵੀ ਟੈਕਸੀ ਨਹੀਂ ਹੈ। ਸਿਰਫ ਇਕ ਐਪ ਸਦਕਾ ਦੁਨੀਆਂ ਵਿਚ ਛਾਈ ਹੋਈ ਇਹ ਕੰਪਨੀ ਨਵੀਆਂ ਤਬਦੀਲੀਆਂ ਦੀ ਸੂਚਕ ਹੈ। ਇਸ ਮਾਡਲ ਨਾਲ ਵਪਾਰਕ ਅਦਾਰਿਆਂ ਦਾ ਸਮੁੱਚਾ ਮੁਹਾਂਦਰਾ ਹੀ ਬਦਲਦਾ ਜਾ ਰਿਹਾ ਹੈ। ਤਕਨੀਕ ਨਾਲ ਮਨੁੱਖੀ ਗਲਤੀਆਂ ਦਾ ਘਟਣਾ, ਮਨੁੱਖੀ ਕਾਮਿਆਂ ਦੀ ਅਣਹੋਂਦ, ਕੰਮ ਵਿਚ ਪੂਰਨ ਮੁਹਾਰਤ ਅਤੇ ਸਸਤੀਆਂ ਸੇਵਾਵਾਂ ਦੀ ਸਹੂਲਤ-ਇਸ ਦਾ ਮੁੱਖ ਉਦੇਸ਼। ਕੋਈ ਲੋੜ ਨਹੀਂ ਟੈਕਸੀ ਦੀਆਂ ਮਹਿੰਗੀਆਂ ਪਲੇਟਾਂ ਖਰੀਦਣ ਦੀ। ਊਬਰ ਕਰਕੇ ਪੱਛਮੀ ਦੇਸ਼ਾਂ ਵਿਚ ਟੈਕਸੀ ਦੀਆਂ ਪਲੇਟਾਂ ਦੀ ਕੀਮਤ ਬਹੁਤ ਹੇਠਾਂ ਡਿੱਗ ਪਈ ਹੈ ਅਤੇ ਟੈਕਸੀ ਦੇ ਬਿਜਨਸ ਵਿਚ ਮੰਦਹਾਲੀ ਦਾ ਦੌਰ ਹੈ।
ਏ. ਆਰ. ਬੀ. ਦੁਨੀਆਂ ਦੀ ਸਭ ਤੋਂ ਵੱਡੀ ਹੋਟਲ ਕੰਪਨੀ ਹੈ, ਜੋ ਰਿਜ਼ੌਰਟਸ, ਹੋਟਲ ਆਦਿ ਦੀਆਂ ਸਹੂਲਤਾਂ ਦੁਨੀਆਂ ਭਰ ਵਿਚ ਮੁਹੱਈਆ ਕਰਵਾਉਂਦੀ ਹੈ, ਪਰ ਇਸ ਦਾ ਆਪਣਾ ਇਕ ਵੀ ਹੋਟਲ ਨਹੀਂ। ਸਿਰਫ ਇਕ ਸਾਫਟਵੇਅਰ ਦੇ ਆਸਰੇ ਹੀ ਵੱਡੀ ਕਮਾਈ ਕਰ ਰਹੀ ਹੈ।
ਬਿਜਨਸ ਮਾਡਲ ਦਾ ਬਦਲਨਾ, ਇੰਡਸਟਰੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਨਵੀਂਆਂ ਸੰਭਾਵਾਨਾਵਾਂ ਅਤੇ ਤਬਦੀਲੀਆਂ ਲਿਆ ਰਿਹਾ ਹੈ, ਜਿਸ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇਹ ਤਬਦੀਲੀਆਂ ਸਿਹਤ, ਵਿਦਿਆ, ਮਸਨੂਈ ਲਿਆਕਤ, ਮਾਰਕੀਟਿੰਗ, ਖੇਤੀਬਾੜੀ ਅਤੇ 3-ਡੀ ਪ੍ਰਿਟਿੰਗ ਵਿਚ ਬਹੁਤ ਜਲਦੀ ਆ ਰਹੀਆਂ ਹਨ। ਦਸ ਕੁ ਸਾਲ ਤੱਕ ਮੁਹਾਂਦਰਾ ਪੂਰਨ ਤੌਰ ‘ਤੇ ਬਦਲ ਜਾਵੇਗਾ।
ਆਈ. ਬੀ. ਐਮ. ਵਲੋਂ ਅਮਰੀਕਾ ਵਿਚ ਐਪ ਰਾਹੀਂ ਕਾਨੂੰਨੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜੋ 90% ਤੱਕ ਸਹੀ ਹੁੰਦੀ ਹੈ। ਇਸੇ ਤਰ੍ਹਾਂ ਇਨਕਮ ਟੈਕਸ ਭਰਨ ਵਾਲੇ ਸਾਫਟਵੇਅਰ ਰਾਹੀਂ ਬਹੁਤ ਘੱਟ ਪੈਸਿਆਂ ਨਾਲ ਟੈਕਸ ਭਰ ਸਕਦੇ ਹੋ। ਕਿਸੇ ਕੋਲੋਂ ਟੈਕਸ ਭਰਵਾਉਣ ਦੀ ਲੋੜ ਹੀ ਨਹੀਂ। ਐਪ ਰਾਹੀਂ ਕੈਂਸਰ ਦਾ ਪਤਾ ਬਹੁਤ ਅਸਾਨੀ ਨਾਲ ਲਾਇਆ ਜਾ ਸਕਦਾ ਹੈ। ਅਮਾਜ਼ੋਨ ਨੇ ਤਾਂ ਅਜਿਹੇ ਵੇਅਰਹਾਊਸ ਅਤੇ ਸਟੋਰ ਵੀ ਖੋਲ੍ਹਣੇ ਸ਼ੁਰੂ ਕਰ ਦਿਤੇ ਹਨ, ਜਿਥੇ ਸਾਰੀ ਦੇਖ-ਰੇਖ ਅਤੇ ਖਰੀਦੋ-ਫਰੋਖਤ ਦਾ ਸਮੁੱਚਾ ਪ੍ਰਬੰਧ ਕੰਪਿਊਟਰ ਰਾਹੀਂ ਹੁੰਦਾ ਹੈ। ਕਾਮਿਆਂ ਦੀ ਗੈਰ-ਹਾਜ਼ਰੀ ਵਿਚ ਮੁਨਾਫਾ ਵੀ ਵੱਧ ਹੁੰਦਾ ਹੈ। 2022 ਤੱਕ ਨਿੱਜੀ ਕਾਰਾਂ ਦੀ ਗਿਣਤੀ ਬਹੁਤ ਘੱਟ ਜਾਵੇਗੀ ਕਿਉਕਿ ਫੋਨ ਰਾਹੀਂ ਬਿਨਾ ਡਰਾਈਵਰ ਦੇ ਕਾਰ ਤੁਹਾਡੇ ਘਰ ਆ ਜਾਵੇਗੀ ਅਤੇ ਤੁਸੀਂ ਬਹੁਤ ਘੱਟ ਕਿਰਾਏ ਨਾਲ ਕਿਧਰੇ ਵੀ ਜਾ ਸਕਦੇ ਹੋ। ਸਾਡੇ ਬੱਚਿਆਂ ਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਹੀ ਨਹੀਂ ਰਹੇਗੀ। 2030 ਤੱਕ ਸੜਕਾਂ ‘ਤੇ ਕਾਰਾਂ ਦੀ ਗਿਣਤੀ 80% ਤੱਕ ਘੱਟ ਜਾਵੇਗੀ, ਜਿਸ ਨਾਲ ਟ੍ਰੈਫਿਕ ਦਾ ਘੜਮੱਸ ਨਹੀਂ ਹੋਵੇਗਾ। ਖਾਲੀ ਕਾਰ ਪਾਰਕਿੰਗਾਂ ਪਾਰਕ ਬਣ ਜਾਣਗੇ। ਕਾਰ-ਕੰਪਨੀਆਂ ਕੰਗਾਲ ਹੋ ਜਾਣਗੀਆਂ। ਹਾਦਸੇ ਘਟ ਜਾਣਗੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਅਤੇ ਨੁਕਸਾਨ ਵੀ ਘਟਣਗੇ। ਫਿਰ ਕਾਰ ਇੰਸੋਰੈਂਸ ਨੂੰ ਕਿਸ ਨੇ ਪੁੱਛਣਾ?
ਦਫਤਰਾਂ ਵਿਚ ਕੰਮ ਕਰਨ ਵਾਲਾ ਅਜੋਕਾ ਮਾਡਲ ਖਤਮ ਹੋ ਜਾਵੇਗਾ ਅਤੇ ਲੋਕ ਘਰਾਂ ਵਿਚ ਜਾਂ ਸਫਰ ਕਰਦਿਆਂ ਹੀ ਕੰਮ ਕਰੀ ਜਾਣਗੇ। ਅਜਿਹਾ ਵਰਤਾਰਾ ਤਾਂ ਕਈ ਅਦਾਰਿਆਂ ਨੇ ਸ਼ੁਰੂ ਵੀ ਕਰ ਦਿਤਾ ਏ। ਅਮਰੀਕਾ ਵਿਚ ਕਈ ਕੰਪਨੀਆਂ ਵਿਚ ਜ਼ਿਆਦਤਰ ਲੋਕ ਕੰਪਿਊਟਰ ‘ਤੇ ਘਰੋਂ ਹੀ ਕੰਮ ਕਰ ਰਹੇ ਹਨ, ਵੀਡੀਓ ਕਾਨਫਰੰਸਾਂ ਵਿਚ ਵੀ ਸ਼ਾਮਲ ਹੋ ਰਹੇ ਹਨ। ਇੰਟਰਵਿਊ ਵੀ ਹੋ ਰਹੀਆਂ ਨੇ। ਇਹ ਸੜਕੀ ਆਵਾਜਾਈ ਦੇ ਘਟਣ ਦਾ ਕਾਰਨ ਬਣੇਗੀ। ਬਿਜਲੀ ਦੀਆਂ ਕਾਰਾਂ ਕਾਰਨ ਪ੍ਰਦੂਸ਼ਣ ਘਟੇਗਾ ਅਤੇ ਪੈਟਰੋਲ ਦੀਆਂ ਕੀਮਤਾਂ ਬਹੁਤ ਘੱਟ ਜਾਣਗੀਆਂ। ਅਤਿ-ਆਧੁਨਿਕ ਤਕਨਾਲੋਜੀ ਨਾਲ ਦੁਨੀਆਂ ਭਰ ਵਿਚ ਸੂਰਜੀ ਊਰਜਾ ਨੂੰ ਵੱਡੀ ਪੱਧਰ ‘ਤੇ ਵਰਤਿਆ ਜਾਵੇਗਾ, ਜਿਸ ਨਾਲ ਬਿਜਲੀ ਦੀ ਕੀਮਤ ਬਹੁਤ ਨਿਗੂਣੀ ਹੋ ਜਾਵੇਗੀ। ਕੋਲੇ ਜਾਂ ਐਟਮੀ ਪਲਾਂਟਾਂ ਨਾਲ ਤਿਆਰ ਕੀਤੀ ਜਾ ਰਹੀ ਬਿਜਲੀ ਦੇ ਪਲਾਂਟ ਬੰਦ ਹੋ ਜਾਣਗੇ, ਜੋ ਕਿਸੇ ਅਜਾਇਬ ਘਰ ਦਾ ਰੂਪ ਵਟਾ ਲੈਣਗੇ। 2025 ਤੱਕ ਕੋਲੇ ਅਤੇ ਤੇਲ ਕੰਪਨੀਆਂ ਨੂੰ ਆਪਣਾ ਕਾਰੋਬਾਰ ਸਮੇਟਣਾ ਪਵੇਗਾ। ਅਰਬ ਦੇਸ਼ਾਂ ਦੀ ਹਾਲਤ ਪਤਲੀ ਹੋ ਜਾਵੇਗੀ।
ਕੰਪਿਊਟਰ ਕੰਪਨੀਆਂ ਇਕ ਅਜਿਹਾ ਸਾਫਟਵੇਅਰ ਤਿਆਰ ਕਰਨ ਵਿਚ ਰੁੱਝੀਆਂ ਹੋਈਆਂ ਨੇ, ਜਿਸ ਨਾਲ ਫੋਨ ਵਿਚ ਡਾਊਨਲੋਡ ਕੀਤੇ ਮੈਡੀਕਲ ਐਪ ਨਾਲ ਮਨੁੱਖ ਦੇ ਸਾਹ ਤੋਂ ਹੀ ਕਰੀਬ 54 ਬਿਮਾਰੀਆਂ ਦਾ ਪਤਾ ਅਸਾਨੀ ਨਾਲ ਲਾਇਆ ਜਾ ਸਕੇਗਾ। ਇਸ ਨਾਲ ਵੱਡੀਆਂ ਲੈਬਾਰਟਰੀਆਂ ਵਿਹਲੀਆਂ ਹੋ ਜਾਣਗੀਆਂ। ਸਿਹਤ ਸਹੂਲਤਾਂ ਬਹੁਤ ਹੀ ਆਸਾਨੀ ਨਾਲ ਹਰ ਇਕ ਦੀ ਪਹੁੰਚ ਵਿਚ ਹੋਣ ਨਾਲ ਲਾ-ਇਲਾਜ ਬਿਮਾਰੀਆਂ ਦਾ ਛੇਤੀ ਪਤਾ ਲੱਗਣਾ ਅਤੇ ਇਨ੍ਹਾਂ ਦਾ ਜਲਦੀ ਇਲਾਜ ਅਸਾਨ ਹੋ ਜਾਵੇਗਾ।
ਦਰਅਸਲ 2030 ਤੱਕ ਕੰਪਿਊਟਰ ਮਨੁੱਖ ਤੋਂ ਵੱਧ ਸਿਆਣੇ ਹੋ ਜਾਣਗੇ। ਅਜਿਹਾ ਹੁਣ ਤੋਂ ਹੀ ਜੀਵਨ ਵਿਚ ਵਾਪਰਨ ਲੱਗ ਪਿਆ ਹੈ। ਵੱਖੋ-ਵੱਖਰੇ ਐਪ ਮਨੁੱਖ ਨੂੰ ਇਨ੍ਹਾਂ ਦਾ ਗੁਲਾਮ ਵੀ ਬਣਾ ਰਹੇ ਨੇ ਅਤੇ ਸਹੂਲਤਾਂ ਵੀ ਦੇ ਰਹੇ ਨੇ। ਨਿੱਕੇ ਜਿਹੇ ਫੋਨ ਨੇ ਕੈਮਰੇ, ਵੀਡੀਓ ਕੈਮਰੇ, ਕੈਲਕੁਲੇਟਰ, ਕੰਪਿਊਟਰ ਆਦਿ ਦਾ ਬਦਲ ਬਣ ਕੇ ਸਿਹਤ, ਬੈਂਕਿੰਗ, ਮਨੋਰੰਜਨ, ਐਜੂਕੇਸ਼ਨ, ਸ਼ੋਸ਼ਲ ਮੀਡੀਆ ਆਦਿ ਬਹੁਤ ਕੁਝ ਅਜਿਹਾ ਮਨੁੱਖੀ ਪਹੁੰਚ ਵਿਚ ਕਰ ਦਿਤਾ ਹੈ, ਜਿਸ ਦਾ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ।
ਤਕਨਾਲੋਜੀ ਨੇ ਜਿਥੇ ਸੁੱਖ-ਸਹੂਲਤਾਂ ਪੈਦਾ ਕੀਤੀਆਂ, ਵਿਗਿਆਨਕ ਲੱਭਤਾਂ ਨਾਲ ਬਿਜਨਸ, ਖੇਡਾਂ, ਵਿਗਿਆਨ, ਵਿਦਿਆ, ਸਿਹਤ, ਮਨੋਰੰਜਨ ਅਤੇ ਰੋਜ਼ਾਨਾ ਜੀਵਨ ਦੇ ਵਿਭਿੰਨ ਖੇਤਰਾਂ ਵਿਚ ਜ਼ਿਕਰਯੋਗ ਬਿਹਤਰੀਨ ਤਬਦੀਲੀਆਂ ਲਿਆਂਦੀਆਂ ਹਨ, ਉਥੇ ਇਸ ਨੇ ਮਨੁੱਖੀ ਜੀਵਨ ਨੂੰ ਵੀ ਬਹੁਤ ਸਾਰੇ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦੇ ਕੁਝ ਚੰਗੇ ਤੇ ਨਾਲ ਨਾਲ ਕੁਝ ਮਾੜੇ ਪ੍ਰਭਾਵ ਵੀ ਹਨ। ਚੰਗੇ ਪ੍ਰਭਾਵ ਜੀਵਨ ਨੂੰ ਹੋਰ ਸਿਹਤਮੰਦ ਅਤੇ ਸੁੰਦਰ ਬਣਾਉਣ ਵਿਚ ਵੱਡਮੁਲਾ ਯੋਗਦਾਨ ਪਾਉਂਦੇ ਹਨ, ਜਦੋਂ ਕਿ ਮਾੜੇ ਪ੍ਰਭਾਵ ਜੀਵਨ ਦੀ ਸਾਰਥਕਤਾ ਨੂੰ ਨਾਂਹ-ਵਾਚਕ ਬਣਾ ਕੇ, ਜੀਵਨੀ ਤੰਗਦਸਤੀਆਂ, ਅਲਾਮਤਾਂ ਪਿਛੋਂ ਅਲਾਹੁਣੀਆਂ ਬਣਨ ਤੀਕ ਦਾ ਸਫਰ ਕਰਦੀਆਂ ਨੇ।
ਸਮਾਜ ਦੀ ਸਭ ਤੋਂ ਨਿੱਕੀ ਪਰ ਅਹਿਮ ਇਕਾਈ ਪਰਿਵਾਰ ਹੈ ਅਤੇ ਤਕਨਾਲੋਜੀ ਨੇ ਪਰਿਵਾਰ ਨੂੰ ਨਿੱਕੇ ਨਿੱਕੇ ਦਾਇਰਿਆਂ ਵਿਚ ਵੰਡ ਦਿਤਾ ਏ। ਆਪੋ ਆਪਣੇ ਫੋਨਾਂ ‘ਤੇ ਰੁੱਝੇ, ਵੀਡੀਓ ਗੇਮਾਂ, ਚੈਟਿੰਗ ਜਾਂ ਅਕਾਰਥ ਹੀ ਫੋਨ ‘ਤੇ ਲੱਗੇ ਹੋਏ ਜੀਆਂ ਵਿਚ ਆਪਸੀ ਸੰਵਾਦ ਗੁੰਮ ਗਿਆ ਹੈ। ਨਿੱਜਤਾ ਦਾ ਭਾਰੂ ਹੋਣਾ, ਬੰਦੇ ਨੂੰ ਨਿੱਜੀ ਖੋਲ ਵਿਚ ਬੰਦ ਕਰਨ ਲਈ ਉਤਾਵਾਲਾ ਏ। ਮੇਰਾ ਗਵਾਂਢੀ ਗੋਰਾ ਅਮਰੀਕਾ ਵਿਚ ਨੌਜਵਾਨਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਸੰਸਥਾ ਵਿਚ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਕੰਪਿਊਟਰ ਅਤੇ ਕੈਲਕੁਲੇਟਰ ਕਾਰਨ ਮਨੁੱਖ ਨੂੰ ਲਿਖਣਾ ਤੇ ਸੋਚਣਾ ਭੁੱਲ ਗਿਆ ਏ। ਹੱਥ ਲਿਖਤ ਗੁੰਮ ਗਈ ਏ ਤੇ ਛੋਟੀ ਮੋਟੀ ਗਿਣਤੀ/ਮਿਣਤੀ ਲਈ ਕੈਲਕੁਲੇਟਰ ਵੰਨੀਂ ਝਾਕਦਾ ਏ; ਪਰ ਇਹ ਫੋਨ ਤਾਂ ਮਨੁੱਖ ਪਾਸੋਂ ਬੋਲਣਾ ਵੀ ਖੋਹ ਰਿਹਾ ਏ। ਸਿਰਫ ਮੈਸੇਜ ਕਰਦਾ ਏ, ਜਿਸ ਨੇ ਨਵੀਂ ਕਿਸਮ ਦੀ ਭਾਸ਼ਾ ਅਤੇ ਬੋਲਬਾਣੀ ਵਿਕਸਿਤ ਕਰ ਲਈ ਏ, ਜਿਸ ਦੇ ਅਰਥ ਤਲਾਸ਼ਣ ਲਈ ਖਾਸ ਮੁਹਾਰਤ ਦੀ ਲੋੜ ਰਹਿ ਗਈ ਏ।
ਤਕਨਾਲੋਜੀ ਨੇ ਪੜ੍ਹਾਈ ਨੂੰ ਕਾਫੀ ਪ੍ਰਭਾਵਿਤ ਕੀਤਾ ਏ। ਗੂਗਲ, ਸੀਰੀ ਕੈਲਕੁਲੇਟਰ ਨੇ ਇਸ ਦੀ ਸਾਰਥਕਤਾ ਬਹੁਤ ਪ੍ਰਭਾਸ਼ਿਤ ਕੀਤੀ ਏ। ਪੜ੍ਹਾਈ ਦੇ ਤਰੀਕਿਆਂ ਵਿਚ ਨਵੀਂਆਂ ਤਦਬੀਲੀਆਂ ਲਿਆਉਣ ਦੀ ਲੋੜ ਹੈ। ਸਮੁੱਚਾ ਗਿਆਨ ਪਲ ਵਿਚ ਗੂਗਲ ਰਾਹੀਂ ਲਿਆ ਜਾ ਸਕਦਾ। ਕੋਈ ਫਾਰਮੂਲਾ, ਤਾਰੀਖ, ਵੱਡੇ ਤੋਂ ਵੱਡਾ ਜੋੜ, ਗੁਣਾ, ਘਟਾਓ ਜਾਂ ਤਕਸੀਮ, ਕਿਸੇ ਵੀ ਕਿਸਮ ਦੀ ਵਿਗਿਆਨਕ, ਇਤਿਹਾਸਕ, ਮਿਥਿਹਾਸਕ ਜਾਣਕਾਰੀ ਉਪਲਬਧ ਹੈ; ਪਰ ਗਿਆਨ ਨਹੀਂ ਮਿਲਦਾ। ਗਿਆਨ, ਸਿਆਣਪ ਅਤੇ ਜਾਣਕਾਰੀ ਵਿਚ ਬਹੁਤ ਅੰਤਰ ਹੈ। ਇਸ ਅੰਤਰ ਨੂੰ ਸਮਝ ਕੇ ਹੀ ਵਿਦਿਆਰਥੀ ਨੇ ਸਿੱਖਿਆ ਪ੍ਰਾਪਤ ਕਰਕੇ, ਗਿਆਨ ਰਾਹੀਂ ਨਵੀਂਆਂ ਖੋਜਾਂ ਕਰਨੀਆਂ ਹੁੰਦੀਆਂ ਹਨ, ਨਵੀਨਤਮ ਸੰਭਾਵਨਾਵਾਂ ਤਲਾਸ਼ਣੀਆਂ ਹੁੰਦੀਆਂ ਹਨ ਅਤੇ ਨਵੀਂਆਂ ਪ੍ਰਾਪਤੀਆਂ ਦਾ ਸਿਰਲੇਖ ਬਣਨਾ ਹੁੰਦਾ। ਬੱਚਿਆਂ ਨੂੰ ਜਾਣਕਾਰੀ ਦੀ ਨਹੀਂ, ਗਿਆਨ ਦੀ ਲੋੜ ਹੈ। ਗਿਆਨ ਪ੍ਰਾਪਤ ਕਰਨ ਦੀ ਸੋਝੀ ਤੇ ਸਿਆਣਪ ਆ ਜਾਵੇ ਤਾਂ ਜਾਣਕਾਰੀ ਹਾਸਲ ਕਰਨ ਦੀ ਵੀ ਅਕਲ ਆ ਜਾਂਦੀ ਹੈ ਕਿ ਕੀ ਜਾਣਨਾ ਏ ਤੇ ਕੀ ਨਹੀਂ ਅਤੇ ਕਿਵੇਂ ਜਾਣਨਾ ਏ? ਇਸ ਨੇ ਬੱਚਿਆਂ ਨੂੰ ਆਪਣਾ ਦਿਮਾਗ ਵਰਤਣ ਅਤੇ ਇਸ ਨੂੰ ਸੁਚਾਰੂ ਪਾਸੇ ਲਾਉਣ ਦੀ ਥਾਂ ਸ਼ੋਸ਼ਲ ਮੀਡੀਏ ਆਦਿ ਵਿਚ ਹੀ ਖਚਤ ਕਰ ਲਿਆ ਏ। ਕਈ ਵਾਰ ਕਲਾਸ ਵਿਚ ਪੜ੍ਹਾਉਂਦਿਆਂ ਕਿਸੇ ਨੁਮੈਰੀਕਲ ਦਾ ਜਵਾਬ ਲਿਖ ਦੇਵਾਂ ਤਾਂ ਵਿਦਿਆਰਥੀ ਹੈਰਾਨ ਹੋ ਜਾਂਦੇ ਹਨ ਕਿ ਕਿਵੇਂ ਬਿਨਾ ਕੈਲਕੁਲੇਟਰ ਤੋਂ ਸਹੀ ਉਤਰ ਪਤਾ ਲੱਗ ਗਿਆ, ਜਦ ਦੱਸਦਾ ਹਾਂ ਕਿ ਸਾਡੇ ਜਮਾਨੇ ਵਿਚ ਐਮ.ਐਸਸੀ ਤਾਂ ਕੀ ਪੀਐਚ.ਡੀ. ਤੱਕ ਵੀ ਜ਼ਿਆਦਾਤਰ ਔਖੀਆਂ ਕੈਲਕੁਲੇਸ਼ਨਜ਼ ਲਾਗ-ਟੇਬਲਜ਼ ਰਾਹੀਂ ਹੀ ਕਰ ਲਈਦੀਆਂ ਸਨ। ਜ਼ੁਬਾਨੀ ਜੋੜ, ਗੁਣਾਂ, ਘਟਾਓ, ਤਕਸੀਮ ਤਾਂ ਹਰੇਕ ਬੱਚੇ ਦਾ ਪਹਿਲਾ ਗੁਣ ਹੁੰਦਾ ਸੀ। ਸੋਚਿਆ ਜਾਵੇ ਤਾਂ ਅਸੀਂ ਆਪਣਾ ਦਿਮਾਗ ਵਰਤਣ ਦੀ ਥਾਂ ਕੰਪਿਊਟਰੀ ਦਿਮਾਗ ਵਰਤ ਰਹੇ ਹਾਂ।
ਹਾਲਾਤ ਤਾਂ ਇਥੋਂ ਤੱਕ ਪਹੁੰਚ ਗਏ ਹਨ ਕਿ ਕਈ ਵਾਰ ਘਰ ਦਾ ਫੋਨ ਨੰਬਰ ਵੀ ਯਾਦ ਨਹੀਂ ਰਹਿੰਦਾ ਕਿਉਂਕਿ ਅਸੀਂ ਹੁਣ ਫੋਨ ਨੰਬਰ ਯਾਦ ਕਰਨ ਦੀ ਥਾਂ ਇਸ ਨੂੰ ਫੋਨ ਵਿਚ ਹੀ ਫੀਡ ਕਰ ਲੈਂਦੇ ਹਾਂ। ਇਹ ਮਨੁੱਖੀ ਨਲਾਇਕੀ ਹੈ। ਹੁਣ ਤਾਂ ਫੋਨ ਦੇ ਕੈਲੰਡਰ ‘ਤੇ ਹਰ ਪ੍ਰੋਗਰਾਮ, ਖਾਸ ਦਿਨ ਆਦਿ ਲਿਖ ਲੈਂਦੇ ਹਾਂ, ਕਿਉਂਕਿ ਅਸੀਂ ਯਾਦ ਰੱਖਣਾ ਹੀ ਭੁੱਲ ਗਏ ਹਾਂ। ਬਹੁਤਿਆਂ ਨੂੰ ਤਾਂ ਆਪਣਾ ਜਨਮ ਦਿਨ ਜਾਂ ਆਪਣੇ ਵਿਆਹ ਦੀ ਤਾਰੀਖ ਜਾਂ ਹੋਰ ਅਹਿਮ ਦਿਨ ਬਾਰੇ ਪੁੱਛੋ ਤਾਂ ਉਹ ਫੋਨ ਫਰੋਲਣ ਲੱਗ ਜਾਂਦੇ ਨੇ।
ਤਕਨਾਲੋਜੀ ਨਾਲ ਮਿਲਦੀਆਂ ਸੁੱਖ-ਸਹੂਲਤਾਂ ਦੇ ਹਾਨੀਕਾਰਕ ਪੱਖਾਂ ਦਾ ਵੀ ਸਾਨੂੰ ਹੀ ਸਾਹਮਣਾ ਕਰਨਾ ਪੈਣਾ ਏ। ਘਰ ਵਿਚ ਅਸੀਂ ਹਰੇਕ ਇਲੈਕਟ੍ਰਾਨਿਕ ਵਸਤੂ ਵਾਇਰਲੈਸ ਜਾਂ ਰਿਮੋਟ ਨਾਲ ਚਲਾਵਾਂਗੇ ਤਾਂ ਘਰ ਵਿਚ ਇਲਕੈਟਰੋ-ਮੈਗਨੈਟਿਕ ਕਿਰਨਾਂ ਦਾ ਪ੍ਰਦੂਸ਼ਣ ਤਾਂ ਹੋਵੇਗਾ ਹੀ, ਜਿਸ ਦਾ ਅਸਰ ਸਾਡੇ ਸਰੀਰ ‘ਤੇ ਹੋਵੇਗਾ। ਪਰ ਜਦ ਇਸ ਦੇ ਅਸਰ ਦਾ ਪਤਾ ਕਿਸੇ ਬਿਮਾਰੀ ਦੇ ਰੂਪ ਵਿਚ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁਕੀ ਹੁੰਦੀ ਹੈ। ਹੁਣ ਤਾਂ ਮਾਈਕਰੋਵੇਵ ਦੀ ਵਰਤੋਂ ‘ਤੇ ਵੀ ਪ੍ਰਸ਼ਨ ਚਿੰਨ ਲੱਗਣੇ ਸ਼ੁਰੂ ਹੋ ਗਏ ਨੇ।
ਤਕਨਾਲੋਜੀ ‘ਤੇ ਮਨੁੱਖੀ ਨਿਰਭਰਤਾ ਬਹੁਤ ਖਤਰਨਾਕ ਹੋ ਸਕਦੀ ਹੈ। ਕੰਪਿਊਟਰ ਵਿਚ ਆਈ ਕੋਈ ਵੀ ਖਰਾਬੀ ਜਾਂ ਬਿਜਲੀ ਦਾ ਅਚਾਨਕ ਚਲੇ ਜਾਣਾ ਸਮੁੱਚੇ ਸਿਸਟਮ ਨੂੰ ਹੀ ਪ੍ਰਭਾਵਿਤ ਕਰ ਸਕਦੇ ਹਨ। ਕਿਸੇ ਦੇਸ਼ ਦੀ ਸੁਰੱਖਿਆ, ਆਰਥਕਤਾ, ਗੁਪਤ ਜਾਣਕਾਰੀ ਜਦ ਕੰਪਿਊਟਰਾਂ ਵਿਚ ਸੰਭਾਲ ਕੇ ਰੱਖੀ ਜਾਵੇ ਤਾਂ ਕੰਪਿਊਟਰ ਹੈਕ ਹੋਣ ‘ਤੇ ਸਾਰੀ ਜਾਣਕਾਰੀ ਅਜਿਹੇ ਹੱਥਾਂ ਵਿਚ ਚਲੇ ਜਾਂਦੀ ਹੈ, ਜਿਥੇ ਮਨੁੱਖ ਦਾ ਸ਼ੋਸ਼ਣ ਵੀ ਹੁੰਦਾ ਅਤੇ ਉਹ ਕਿਸੇ ਦੇ ਰਹਿਮ ‘ਤੇ ਜਿਉਣ ਲਈ ਮਜਬੂਰ ਹੁੰਦਾ। ਸਮੁੱਚੇ ਮੈਡੀਕਲ ਟੈਸਟ, ਇਲਾਜ ਪ੍ਰਣਾਲੀ ਸਮੇਤ ਕਈ ਓਪਰੇਸ਼ਨ ਤਾਂ ਰੋਬੋਟ ਦੀ ਮਦਦ ਨਾਲ ਕੀਤੇ ਜਾ ਰਹੇ ਹਨ, ਪਰ ਜੇ ਕਿਤੇ ਕੋਈ ਤਕਨੀਕੀ ਨੁਕਸ ਪੈ ਜਾਵੇ ਤੇ ਸਮੁੱਚੀ ਪ੍ਰਕ੍ਰਿਆ ਅੱਧ-ਵਿਚਾਲੇ ਰਹਿ ਜਾਵੇ ਤਾਂ ਮਰੀਜ਼ ਦੀ ਕੀ ਹਾਲਤ ਹੋਵੇਗੀ?
ਮਨੁੱਖੀ ਨਿਰਭਰਤਾ ਘਟਾ ਕੇ ਅਤੇ ਤਕਨਾਲੋਜੀ ‘ਤੇ ਨਿਰਭਰਤਾ ਵਧਾ ਕੇ ਮਨੁੱਖ ਦੀ ਕੀ ਹਾਲਤ ਹੁੰਦੀ ਏ, ਇਸ ਦਾ ਅਹਿਸਾਸ ਉਦੋਂ ਹੁੰਦਾ, ਜਦ ਬਿਜਲੀ ਕੁਝ ਸਮੇਂ ਲਈ ਚਲੀ ਜਾਵੇ ਜਾਂ ਇੰਟਰਨੈਟ ਦਾ ਕੁਨੈਕਸ਼ਨ ਖਰਾਬ ਹੋ ਜਾਵੇ। ਸਾਰੀ ਦੁਨੀਆਂ ਹਨੇਰ ਲੱਗਦੀ। ਸਭ ਪਾਸੇ ਸੁੰਨਸਾਨ। ਗੱਲ ਕੋਈ ਨਹੀਂ ਅਹੁੜਦੀ, ਕਿਉਂਕਿ ਗੱਲਾਂ ਕਰਨਾ ਤਾਂ ਭੁੱਲ ਚੁਕੇ ਹਾਂ। ਬੰਦੇ ਨੂੰ ਨਹੀਂ ਸੁੱਝਦਾ ਕਿ ਉਹ ਕੀ ਕਰੇ? ਅਜਿਹੇ ਮੌਕੇ ਜੋ ਵਿਅਕਤੀ ਕੁਦਰਤ ਨੂੰ ਮਾਣਨਾ ਜਾਣਦਾ ਹੋਵੇ, ਕਿਤਾਬਾਂ ਦੀ ਦੋਸਤੀ ਨੂੰ ਹਾਸਲ ਬਣਾਉਂਦਾ ਹੋਵੇ, ਗੁਫਤਗੂ ਵਿਚੋਂ ਸਕੂਨ ਪ੍ਰਾਪਤ ਕਰਨ ਦਾ ਆਦੀ ਹੋਵੇ, ਆਪਣੀ ਇਕੱਲ ਨੂੰ ਵੀ ਅਕੀਦਤ ਬਣਾ ਸਕਦਾ ਹੋਵੇ, ਜਾਨਵਰਾਂ ਤੇ ਪਰਿੰਦਿਆਂ ਨੂੰ ਮੋਹ ਕਰਦਾ ਹੋਵੇ ਜਾਂ ਕਿਸੇ ਦੋਸਤ ਦੇ ਸਾਥ ਵਿਚ ਟਹਿਲ ਸਕਦਾ ਹੋਵੇ, ਉਸ ਨੂੰ ਅਜਿਹੇ ਵਕਤ ਵਿਚ ਸਗੋਂ ਹੋਰ ਵਧੇਰੇ ਤਾਕਤ ਮਿਲਦੀ ਹੈ।
ਤਕਨਾਲੋਜੀ ਜੀਵਨ ਦਾ ਹਿੱਸਾ ਬਣ ਗਈ ਹੈ, ਜਿਸ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਪਰ ਇਸ ਨੂੰ ਇਕ ਹਿੱਸਾ ਹੀ ਬਣਾਓ, ਇਸ ‘ਤੇ ਸਮੁੱਚੀ ਨਿਰਭਰਤਾ ਨਾ ਟਿਕਾਓ, ਕਿਉਂਕਿ ਮਨੁੱਖ ਰੋਬੋਟ ਨਹੀਂ ਹੁੰਦਾ। ਇਸ ਦੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਭਾਵਹੀਣ ਵਿਅਕਤੀ ਮਨੁੱਖ ਨਹੀਂ ਹੁੰਦਾ। ਮਨੁੱਖ ਨੂੰ ਮਨੁੱਖ ਹੀ ਰਹਿਣਾ ਚਾਹੀਦੈ। ਆਜ਼ਾਦ ਰਹੋ ਨਾ ਕਿ ਤਕਨਾਲੋਜੀ ਦਾ ਗੁਲਾਮ, ਕਿਉਂਕਿ ਗੁਲਾਮੀ ਵਿਚ ਮਨੁੱਖ ਦਾ ਵਿਕਾਸ ਰੁਕਦਾ ਹੈ। ਵਿਕਾਸ ਰੁਕ ਜਾਵੇ ਤਾਂ ਬੰਦਾ ਕੁਝ ਵੀ ਹਾਸਲ ਨਹੀਂ ਕਰ ਸਕਦਾ। ਲੋੜ ਹੈ ਕਿ ਤਕਨਾਲੋਜੀ ਨੂੰ ਲੋੜ ਅਨੁਸਾਰ ਵਰਤੋ, ਪਰ ਇਸ ਵਰਤੋ ਨੂੰ ਸਮੁੱਚਾ ਜੀਵਨੀ-ਵਿਹਾਰ ਨਾ ਬਣਾਓ। ਨਾ ਹੀ ਇਸ ਨੂੰ ਆਪਣਾ ਆਧਾਰ ਬਣਾਓ, ਕਿਉਂਕਿ ਖੋਖਲੇ ਤੇ ਕੱਚੇ ਆਧਾਰ ਦੇ ਖਿਸਕਣ ‘ਤੇ ਪਲਾਂ ਵਿਚ ਹੀ ਬਹੁਤ ਕੁਝ ਤਹਿਸ-ਨਹਿਸ ਹੋ ਜਾਂਦਾ।
ਤਕਨਾਲੋਜੀ ਰਾਹੀਂ ਮਿਲੀ ਜਾਣਕਾਰੀ ਤੋਂ ਵੱਧ ਜਰੂਰੀ ਹੈ ਸਿਆਣਪ। ਇਸ ਦੀ ਪ੍ਰਾਪਤੀ ਹੀ ਮਨੁੱਖ ਨੂੰ ਮਾਨਵਤਾ ਦੇ ਮਾਰਗ ‘ਤੇ ਤੋਰ ਸਕਦੀ ਏ। ਇਹ ਮਾਰਗ ਮਨੁੱਖ ਹੀ ਤੁਰ ਸਕਦਾ ਏ, ਤਕਨਾਲੋਜੀ ਨਹੀਂ। ਤੁਸੀਂ ਤਾਂ ਇਸ ਮਾਰਗ ਦੀ ਚਾਹਨਾ ਹੋ।