ਬਲਜੀਤ ਬਾਸੀ
ਵਿਦੇਸ਼ ਵਸਦੇ ਹਰ ਕਿਸੇ ਦੇ ਮਨ ਵਿਚ ਹਰ ਵਕਤ ਆਪਣੇ ਪਿੰਡ ਪਰਤਣ ਦੀ ਹੂਕ ਲੱਗੀ ਰਹਿੰਦੀ ਹੈ। ਉਨ੍ਹਾਂ ਲਈ ਆਪਣਾ ਪਿੰਡ ਹੀ ਦੇਸ ਹੈ ਤੇ ਦੇਸ ਹੀ ਪਿੰਡ ਬਣ ਜਾਂਦਾ ਹੈ। ਕੋਈ ਵੇਲਾ ਸੀ, ਕਈ ਲੋਕ ਕਦੇ ਆਪਣੇ ਪਿੰਡ ਤੋਂ ਜ਼ਿੰਦਗੀ ਭਰ ਬਾਹਰ ਨਹੀਂ ਸੀ ਨਿਕਲੇ। ਕੰਮ ਕਾਰ ਦੀ ਤਲਾਸ਼ ਵਿਚ ਪਰਵਾਸ ਮਨੁੱਖ ਦੀ ਮਜਬੂਰੀ ਕਰਕੇ ਵੀ ਹੈ ਤੇ ਹੋਰ ਅੱਗੇ ਵਧਣ ਦੀ ਲਾਲਸਾ ਕਰਕੇ ਵੀ। ਮਨੁੱਖ ਦੀ ਸ਼ਖਸੀਅਤ ਉਮਰ ਦੇ ਅਰੰਭਲੇ ਦੌਰ ਵਿਚ ਹੀ ਉਘੜਦੀ ਹੈ ਤੇ ਇਹ ਅਹਿਮ ਸਮਾਂ ਮਨੁੱਖ ਨੇ ਆਪਣੇ ਨਗਰ ਖੇੜੇ ਵਿਚ ਹੀ ਬਿਤਾਇਆ ਹੁੰਦਾ ਹੈ। ਇਸ ਲਈ ਬਾਹਰ ਜਾ ਵਸਣ ਨਾਲ ਵੀ ਮਨੁੱਖ ਦਾ ਇਹ ਬਣ ਚੁਕਾ ਆਪਾ ਉਸ ਵਿਚੋਂ ਖਾਰਜ ਨਹੀਂ ਹੋ ਸਕਦਾ, ਜਾਣੋ ਮਨੁੱਖ ਦਾ ਸਿਰ ਨਹੀਂ ਵੱਢਿਆ ਜਾ ਸਕਦਾ;
ਪਰ ਇਹ ਵੀ ਸੱਚਾਈ ਹੈ ਕਿ ਚਿਰਾਂ ਬਾਅਦ ਪਿੰਡ ਪਰਤ ਜਾਣ ਪਿਛੋਂ ਅਹਿਸਾਸ ਹੁੰਦਾ ਹੈ ਕਿ ਪਿੰਡ ਤਾਂ ਉਹ ਰਿਹਾ ਹੀ ਨਹੀਂ, ਨਾ ਪਿੰਡ ਦੇ ਲੋਕ ਉਹ, ਨਾ ਪਿੰਡ ਦਾ ਨਕਸ਼ਾ ਉਹ। ਓਪਰੇ ਬਣ ਗਏ ਉਨ੍ਹਾਂ ਦੇ ਆਪਣੇ ਪਿੰਡ ਨਾਲ ਅਜਿਹਾ ਤਕਰਾਰ ਇੱਕ ਵੱਡੇ ਸਦਮੇ ਦਾ ਕਾਰਨ ਬਣਦਾ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਨੇ ਪਿੰਡ ਦੇ ਹੇਰਵੇ ਬਾਰੇ ਅਨੇਕਾਂ ਰਚਨਾਵਾਂ ਰਚੀਆਂ ਹਨ। ਮੈਂ ਇਥੇ ਹੱਸਾਸ ਕਵੀ ਸਾਥੀ ਲੁਧਿਆਣਵੀ ਦੀਆਂ ਚੰਦ ਸਤਰਾਂ ਪੇਸ਼ ਕਰਦਾ ਹਾਂ,
ਪਰਤ ਕੇ ਜਾਵੋਗੇ ਕਿੱਥੇ
ਉਸ ਜਗ੍ਹਾ ਤਾਂ ਘਰ ਨਹੀਂ।
ਛੱਤ ਨਹੀਂ, ਬਾਰੀ ਨਹੀਂ
ਸਜਦਾ ਕਰਨ ਲਈ ਦਰ ਨਹੀਂ।
ਕਿਸ ਤਰ੍ਹਾਂ ਬੈਠੋਗੇ ਜਾ ਕੇ
ਹੁਣ ਬੇਗਾਨੀ ਸ਼ਾਖ ‘ਤੇ,
ਉਡਣ ਦੀ ਤਾਂਘ ਨਹੀਂ
ਮਜ਼ਬੂਤ ਵੀ ਹੁਣ ਪਰ ਨਹੀਂ।
ਕਈ ਗੀਤਾਂ ਤੇ ਫਿਲਮਾਂ ਵਿਚ ਪਿੰਡ ਦਾ ਚੋਖਾ ਭਾਵੁਕ ਜ਼ਿਕਰ ਹੈ। ਕੁਝ ਲੋਕਾਂ ਨੇ ਤਾਂ ਇਸ ਸ਼ਬਦ ਨਾਲ ਕਈ ਰੈਸਤੋਰਾਂ ਤੇ ਹੋਰ ਸੰਸਥਾਵਾਂ ਦੇ ਨਾਂ ਰੱਖੇ ਹੋਏ ਹਨ। ਇਥੋਂ ਤੱਕ ਕਿ ਆਪੋ ਆਪਣੇ ਪਿੰਡ ਦੇ ਨਾਂ ‘ਤੇ ਵਿਦੇਸ਼ ਜਾ ਕੇ ਪਿੰਡ ਵਸਾ ਲਏ ਹਨ।
ਪਿੰਡ ਪਰਤਣਾ ਰਲੀ-ਮਿਲੀ ਖੁਸ਼ੀ ਤੇ ਗਮੀ ਦਾ ਅਹਿਸਾਸ ਦਿੰਦਾ ਹੈ, ਪਰ ਆਪਾਂ ਸ਼ਬਦ ‘ਪਿੰਡ’ ਵੱਲ ਪਰਤਣਾ ਹੈ, ਪਿੰਡ ਨੂੰ ਪਰਤਾਉਣਾ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਪੰਜਾਬੀਆਂ ਲਈ ਏਨਾ ਪਿਆਰਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਤਾਂ ਜ਼ਰੂਰ ਹੈ, ਪਰ ਗ੍ਰਾਮ ਦੇ ਅਰਥਾਂ ਵਿਚ ਇੱਕ ਵਾਰੀ ਵੀ ਨਹੀਂ। ਅਗਲੀ ਗੱਲ ਇਹ ਕਿ ਪੰਜਾਬੀ ਤੋਂ ਬਿਨਾ ਕਿਸੇ ਹੋਰ ਭਾਰਤੀ ਭਾਸ਼ਾ ਵਿਚ ਗ੍ਰਾਮ ਦੇ ਅਰਥਾਂ ਵਿਚ ਪਿੰਡ ਸ਼ਬਦ ਪ੍ਰਚਲਿਤ ਨਹੀ ਹੈ। ਸ਼ਾਇਦ ਪੰਜਾਬ ਦੇ ਨਾਲ ਲਗਦੇ ਹੋਰ ਸੂਬਿਆਂ ਦੇ ਕੁਝ ਗੁਆਂਢੀ ਇਲਾਕਿਆਂ ਵਿਚ ਪਿੰਡ ਸ਼ਬਦ ਵਰਤਿਆ ਜਾਂਦਾ ਹੋਵੇ।
ਪੰਜਾਬ ਦੇ ਕੁਝ ਪਿੰਡਾਂ ਦੇ ਨਾਂਵਾਂ ਵਿਚ ‘ਪਿੰਡ’ ਸ਼ਬਦ ਆਉਂਦਾ ਹੈ, ਜਿਵੇਂ ਬੜਾ ਪਿੰਡ, ਧਨੀ ਪਿੰਡ, ਉਚਾ ਪਿੰਡ, ਪਿੰਡ ਕਲਾਂ, ਨਵਾਂ ਪਿੰਡ, ਲੰਮਾ ਪਿੰਡ, ਲੰਬਾ ਪਿੰਡ, ਕੁੱਕੜ ਪਿੰਡ, ਪਿੰਡ ਦੇ ਦਸ ਕਾ ਕੋਟ, ਪਿੰਡ ਦਾਦੂਦ ਖਾਂ ਆਦਿ। ਵਾਰਿਸ ਸ਼ਾਹ ਨੇ ਆਪਣੀ ਹੀਰ ਵਿਚ ਦਰਜਨਾਂ ਵਾਰੀ ਪਿੰਡ ਸ਼ਬਦ ਵਰਤਿਆ ਹੈ,
ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ
ਚੰਗਾ ਭਾਈਆਂ ਦਾ ਸਰਦਾਰ ਆਹਾ।
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ
ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ।
ਪਿੰਡ ਸ਼ਬਦ ਵਾਲੇ ਮੁਹਾਵਰਿਆਂ, ਅਖੌਤਾਂ ਦਾ ਵੀ ਕੋਈ ਅੰਤ ਨਹੀਂ। ਕੁਝ ਗਿਣ ਲਈਏ: ਪਿੰਡ ਨੂੰ ਅੱਗ ਲੱਗੀ, ਕੁੱਤਾ ਰੂੜੀ ‘ਤੇ; ਪਾਣੀ ਟਿੰਡ ਦਾ ਤੇ ਮੁੰਡਾ ਪਿੰਡ ਦਾ; ਪਿੰਡ ਬੱਝਾ ਨਹੀਂ ਤੇ ਉਚੱਕੇ ਪਹਿਲਾਂ; ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ; ਪਿੰਡੀਂ ਵਸਣ ਭੂਤਨੇ, ਸ਼ਹਿਰੀਂ ਵਸਣ ਮਨੁੱਖ। ਜ਼ਿਕਰਯੋਗ ਹੈ ਕਿ ਗੁਰਬਾਣੀ ਵਿਚ ਪਿੰਡ ਸ਼ਬਦ ਸਰੀਰ ਦੇ ਅਰਥਾਂ ਵਿਚ ਆਇਆ ਹੈ, ਜਦ ਕਿ ਅੱਜ ਕਲ੍ਹ ਪਿੰਡ ਸ਼ਬਦ ਸਰੀਰ ਦੇ ਅਰਥਾਂ ਵਿਚ ਨਹੀਂ ਮਿਲਦਾ, ਇਸ ਦੀ ਥਾਂ ‘ਪਿੰਡਾ’ ਚਲਦਾ ਹੈ।
ਪੰਜਾਬੀ ਵਿਚ ਗ੍ਰਾਮ ਤੋਂ ਬਿਨਾ ਪਿੰਡ ਸ਼ਬਦ ਕੁਝ ਹੋਰ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਆਟੇ, ਚੌਲ ਜਾਂ ਕਿਸੇ ਹੋਰ ਅੰਨ ਨੂੰ ਇਕੱਠਾ ਕਰਕੇ ਬਣਾਏ ਗੋਲੇ ਨੂੰ ਪਿੰਡ ਕਿਹਾ ਜਾਂਦਾ ਹੈ, ਜੋ ਸਰਾਧਾਂ ਦੇ ਦਿਨਾਂ ਵਿਚ ਪਿੱਤਰਾਂ ਨਮਿਤ ਅਰਪੇ ਜਾਂਦੇ ਹਨ, ‘ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥’; ‘ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥’ (ਗੁਰੂ ਨਾਨਕ ਦੇਵ)। ਐਪਰ ਗੁਰੂ ਗ੍ਰੰਥ ਸਾਹਿਬ ਵਿਚ ਪਿੰਡ ਸ਼ਬਦ ਪਿੰਡਾ, ਸਰੀਰ ਦੇ ਅਰਥਾਂ ਵਿਚ ਹੀ ਵਰਤਿਆ ਮਿਲਦਾ ਹੈ, ਜੋ ਕਿ ‘ਜੀਉ ਪਿੰਡ’ (ਆਤਮਾ ਤੇ ਸਰੀਰ) ਦੇ ਸ਼ਬਦ ਜੁੱਟ ਵਿਚ ਅਕਸਰ ਹੀ ਆਇਆ ਹੈ, ‘ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ॥’ ਤੇ ‘ਮਿਲਿ ਮਾਤਾ ਪਿਤਾ ਪਿੰਡ ਕਮਾਇਆ॥’ (ਗੁਰੂ ਨਾਨਕ ਦੇਵ)। ਗੁਰੂ ਅਰਜਨ ਦੇਵ ਦੀ ਸਤਰ ‘ਹਉ ਹੋਆ ਮਾਹਰੁ ਪਿੰਡ ਦਾ’ ਵਿਚ ਆਏ ਪਿੰਡ ਸ਼ਬਦ ਨੂੰ ‘ਮਹਾਨ ਕੋਸ਼’ ਨੇ ਗ੍ਰਾਮ ਦੇ ਅਰਥਾਂ ਵਿਚ ਦਰਸਾਉਣ ਦੀ ਕੋਸ਼ਿਸ਼ ਕਰਦਿਆਂ ਘਚੋਲਾ ਜਿਹਾ ਪਾ ਦਿੱਤਾ ਹੈ, ਕਿਉਂਕਿ ਨਾਲ ਹੀ ਵਿਆਖਿਆ ਕਰ ਦਿੱਤੀ ਹੈ ਕਿ ‘ਇੱਥੇ ਭਾਵ ਸ਼ਰੀਰ ਤੋਂ ਹੈ।’ ਜਦ ਸਰੀਰ ਤੋਂ ਹੀ ਭਾਵ ਉਜਾਗਰ ਹੁੰਦਾ ਹੈ ਤਾਂ ਇਸ ਨੂੰ ਗ੍ਰਾਮ ਅਰਥ ਅਧੀਨ ਕਿਉਂ ਦਿੱਤਾ ਗਿਆ ਹੈ?
ਵਿਗਿਆਨਕ ਸੰਦਰਭ ਵਿਚ ਪਿੰਡ ਸ਼ਬਦ ਤੋਂ ਭਾਵ ਵਸਤੂ ਅਰਥਾਤ ਮਾਦੇ ਤੋਂ ਬਣੀ ਜਾਂ ਰੂਪ ਧਾਰੀ ਚੀਜ਼ ਲਿਆ ਜਾਂਦਾ ਹੈ, ਜੋ ਅੱਗੇ ਜਾ ਕੇ ਕਿਸੇ ਵੀ ਵਿਰਾਟ ਬ੍ਰਹਿਮੰਡੀ ਧਰਤੀ ਲਈ ਵੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਇਕ ਕੌਲੀ, ਘੜਾ ਜਾਂ ਮੇਜ ਵੀ ਪਿੰਡ ਹੈ ਤੇ ਚੰਦ, ਸੂਰਜ ਜਾਂ ਕੋਈ ਗ੍ਰਹਿ ਵੀ ਪਿੰਡ ਹੈ। ਪਿੰਡ ਦਾ ਲਘੂਕਾਰਕ ਰੂਪ ਪਿੰਡੀ ਹੈ। ਇਸ ਦਾ ਇਕ ਅਰਥ ਵੀ ਸਰੀਰ ਹੀ ਹੈ, ‘ਸੁਣ ਮਾਏ ਤੇਰੇ ਜੀਵਨ ਜਾਏ ਕੈਂ ਤੇਰੀ ਪਿੰਡੀ ਤਾਈ।’ (ਦਮੋਦਰ); ‘ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ॥’ (ਗੁਰੂ ਨਾਨਕ ਦੇਵ)
ਮੰਦਿਰ ਵਿਚ ਬਣੇ ਪੱਥਰ ਦੇ ਥੜੇ ਨੂੰ ਵੀ ਪਿੰਡੀ ਕਿਹਾ ਜਾਂਦਾ ਹੈ, ਜਿਸ ਨੂੰ ਇਕ ਵੇਦੀ ਵਜੋਂ ਬਲੀਦਾਨ ਕਰਨ ਲਈ ਵਰਤਿਆ ਜਾਂਦਾ ਹੈ। ਰਾਵਲਪਿੰਡੀ ਨੂੰ ਪਿੰਡੀ ਵੀ ਕਹਿ ਦਿੱਤਾ ਜਾਂਦਾ ਹੈ। ਪਾਕਿਸਤਾਨ ਵਿਚ ਪਿੰਡੀ ਨਾਂ ਦੇ ਕਈ ਪਿੰਡ ਹਨ। ਇਸੇ ਤਰ੍ਹਾਂ ਪਿੰਡੋਰੀ ਛੋਟੇ ਪਿੰਡ ਨੂੰ ਵੀ ਕਹਿੰਦੇ ਹਨ ਤੇ ਕੁਝ ਇਕ ਪਿੰਡਾਂ ਦਾ ਨਾਂ ਵੀ ਹੈ। ਪਿੰਡ ਤੋਂ ਹੀ ਪਿੰਡਾ ਸ਼ਬਦ ਬਣਿਆ, ਜਿਸ ਦਾ ਅਰਥ ਵੀ ਸਰੀਰ, ਤਨ, ਦੇਹ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪਿੰਡ ਤੋਂ ਇਲਾਵਾ ਪਿੰਡਾ ਸ਼ਬਦ ਵੀ ਇਸੇ ਹੀ ਅਰਥ ਵਿਚ ਆਇਆ ਹੈ, ‘ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥’ (ਗੁਰੂ ਨਾਨਕ ਦੇਵ)
ਪਿੰਡ ਸ਼ਬਦ ਮੂਲ ਰੂਪ ਵਿਚ ਸੰਸਕ੍ਰਿਤ ਦਾ ਹੈ, ਜਿਸ ਵਿਚ ਇਸ ਦਾ ਮੁੱਖ ਭਾਵ ਢੇਲਾ, ਡਲਾ, ਪੇੜਾ, ਭੇਲੜ, ਗੋਲਾ, ਢਾਂਚਾ ਆਦਿ ਹੈ। ਗੁੰਨ੍ਹੀ ਹੋਈ ਮਿੱਟੀ, ਆਟੇ ਆਦਿ ਨੂੰ ਹੱਥ ਨਾਲ ਜਾਂ ਕਿਸੇ ਹੋਰ ਢੰਗ ਨਾਲ ਵੱਟਿਆ ਜਾਵੇ ਤਾਂ ਉਹ ਗੋਲ ਜਾਂ ਲੰਬੂਤਰੀ ਜਿਹੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਪਿੰਡ ਸ਼ਬਦ ਪਿੱਛੇ ਏਹੀ ਭਾਵ ਹੈ, ਸੰਖੇਪ ਵਿਚ-ਸ਼ਕਲ ਅਖਤਿਆਰ ਕਰਨਾ, ਬਣਨਾ, ਨਿਰੂਪਤ ਹੋਣਾ, ਢਾਂਚਾਗਤ ਹੋਣਾ। ਜ਼ਰਾ ਸੰਸਕ੍ਰਿਤ, ਪੰਜਾਬੀ ਦੇ ਕੁਝ ਸ਼ਬਦਾਂ ਨੂੰ ਇਸ ਵਿਆਖਿਆ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰੀਏ।
ਜਿਸਮ ਦੇ ਅਰਥਾਂ ਵਿਚ ਪਿੰਡ ਜਾਂ ਪਿੰਡਾ ਮਾਸ ਤੋਂ ਸ਼ਕਲ ਧਾਰੀ ਚੀਜ਼ ਹੀ ਹੈ। ਇਸੇ ਤਰ੍ਹਾਂ ਮਾਦੇ ਦੀ ਬਣੀ ਛੋਟੀ ਜਾਂ ਬ੍ਰਹਿਮੰਡੀ ਵਸਤ (ਬੋਦੇ, ਚeਲeਸਟਅਿਲ ਬੋਦੇ) ਪਿੰਡ ਹੈ। ਜ਼ਰਾ ਧਿਆਨ ਦਿਉ, ਰਿੰਨ੍ਹੇ ਚੌਲਾਂ ਨੂੰ ਮੁੱਠ ਵਿਚ ਘੁੱਟ ਕੇ ਤੇ ਗੋਲਾ ਬਣਾ ਕੇ ਖਾਧਾ ਜਾਂਦਾ ਹੈ। ਇਹ ਪਿੰਡ ਹੈ। ਇਸ ਤਰ੍ਹਾਂ ਇਸ ਦੇ ਹੋਰ ਵਿਕਸਿਤ ਅਰਥ ਬਣਦੇ ਹਨ: ਬੁਰਕੀ, ਟੁੱਕਰ, ਮੁੱਠਾ, ਗੋਲਾ, ਪੇਸੀ, ਕੋਫਤਾ। ਹੋਰ ਅੱਗੇ ਚੱਲ ਕੇ ਸੰਸਕ੍ਰਿਤ ਵਿਚ ਇਹ ਸ਼ਬਦ ਉਪਜੀਵਕਾ, ਰੋਜ਼ੀ, ਚੜ੍ਹਾਵਾ, ਭੋਜਨ ਆਦਿ ਦੇ ਅਰਥ ਧਾਰ ਲੈਂਦਾ ਹੈ। ਸਥੂਲ, ਗੋਲ ਜਾਂ ਢੇਲੇ ਜਿਹੇ ਦੇ ਅਰਥਾਂ ਤੋਂ ਇਸ ਸ਼ਬਦ ਨੇ ਕਈ ਵਿਸ਼ੇਸ਼ ਪੌਦਿਆਂ ਦੇ ਫੁੱਲਾਂ ਜਾਂ ਫਲਾਂ ਦਾ ਅਰਥ ਵੀ ਧਾਰ ਲਿਆ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਅਜਿਹੀ ਹੁੰਦੀ ਹੈ, ਮਿਸਾਲ ਵਜੋਂ ਖਜੂਰ, ਗੁੱਗਲ, ਸਤਵਰਗ ਜਿਹਾ ਫੁੱਲ, ਇੱਕ ਤਰ੍ਹਾਂ ਦਾ ਕੱਦੂ। ਇਸੇ ਤਰ੍ਹਾਂ ਹੋਰ ਮੋਟੀਆਂ ਚੀਜ਼ਾਂ ਜਿਵੇਂ ਲੱਤਾ ਦੀ ਪਿੰਨੀ ਵੀ ਪਿੰਡ ਸ਼ਬਦ ਦੇ ਅਰਥ ਘੇਰੇ ਵਿਚ ਆਉਂਦੀ ਹੈ। ਹੋਰ ਅੱਗੇ ਚੱਲ ਕੇ ਇਹ ਸ਼ਬਦ ਅੰਬਾਰ, ਇਕੱਠ, ਸ਼ਕਤੀ, ਸੈਨਾ ਤੇ ਫਿਰ ਕੁਲ ਜੋੜ ਜਾਂ ਜਮ੍ਹਾਂ ਦਾ ਅਰਥਾਵਾਂ ਵੀ ਹੋ ਗਿਆ।
ਸੰਸਕ੍ਰਿਤ, ਹਿੰਦੀ ਤੇ ਹੋਰ ਭਾਸ਼ਾਵਾਂ ਵਿਚ ਪਿੰਡ ਤੋਂ ਹੀ ਬਣੇ ਕਈ ਸ਼ਬਦ ਮਿਲਦੇ ਹਨ, ਜਿਨ੍ਹਾਂ ਵਿਚ ਅਜਿਹੇ ਹੀ ਭਾਵ ਹਨ, ਜਿਵੇਂ ਪਿੰਡਲੀ (ਪਿੰਨੀ), ਪਿੰਡਾਕਾਰ (ਗੋਲ), ਪਿਡਾਲੂ (ਪਿੰਡ+ਆਲੂ= ਇਕ ਤਰ੍ਹਾਂ ਦੀ ਸ਼ਕਰਕੰਦੀ), ਪਿੰਡਾਸ਼ (ਭਿਖਾਰੀ) ਆਦਿ। ਇਸੇ ਪ੍ਰਸੰਗ ਵਿਚ ਪੰਜਾਬੀ ਪੇੜਾ ਅਤੇ ਪੰਡ ਸ਼ਬਦਾਂ ਦੇ ਭਾਵ ਸਮਝ ਸਕਦੇ ਹਾਂ ਅਰਥਾਤ ਜੋ ਇਕੱਠੀ ਕੀਤੀ ਗਈ।
ਪਿੰਡ ਵਿਚੋਂ ‘ਡ’ ਧੁਨੀ ਅਲੋਪ ਹੋ ਜਾਣ ਨਾਲ ਪਿੰਨਾ ਜਿਹਾ ਸ਼ਬਦ ਆਉਂਦਾ ਹੈ। ਧਾਗਿਆਂ ਆਦਿ ਦੇ ਗੋਲੇ ਨੂੰ ਪਿੰਨਾ ਆਖਦੇ ਹਨ। ਇਸ ਦਾ ਇਸਤਰੀ ਲਿੰਗ ਪਿੰਨੀ ਹੈ, ਜੋ ਪੰਜਾਬੀਆਂ ਦੀ ਹਰਮਨ ਪਿਆਰੀ ਵੱਟੀ ਹੋਈ ਮਿਠਾਈ ਵੀ ਹੈ ਤੇ ਲੱਤ ਦਾ ਮੋਟਾ ਭਾਗ ਵੀ। ਪੰਜਾਬੀ ਵਿਚ ਪਿੰਨਣਾ ਸ਼ਬਦ ਮੰਗਣ ਦੇ ਅਰਥਾਂ ਵਿਚ ਆਉਂਦਾ ਹੈ, ਖਾਸ ਤੌਰ ‘ਤੇ ਮੰਗਣਾ-ਪਿੰਨਣਾ ਸ਼ਬਦ ਜੁੱਟ ਵਿਚ।
ਗੁਰੂ ਅਰਜਨ ਦੇਵ ਨੇ ਮੰਗਤਿਆਂ ਦੇ ਅਰਥਾਂ ਵਿਚ ਪਿਨਣੇ ਸ਼ਬਦ ਵਰਤਿਆ ਹੈ, ‘ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ॥’ ਅਸੀਂ ਉਪਰ ਦੇਖ ਆਏ ਹਾਂ ਕਿ ਪਿੰਡ ਸ਼ਬਦ ਨੇ ਰੋਜ਼ੀ, ਉਪਜੀਵਕਾ ਤੋਂ ਅੱਗੇ ਚੜ੍ਹਾਵਾ, ਭੋਜਨ ਆਦਿ ਦੇ ਅਰਥ ਵੀ ਧਾਰ ਲਏ ਹਨ। ਇਸੇ ਤੋਂ ਸੰਕੇਤ ਲੈ ਕੇ ਅਸੀਂ ਇਸ ਦੇ ਮੰਗਣ ਦੇ ਅਰਥ ਸਮਝ ਸਕਦੇ ਹਾਂ ਅਰਥਾਤ ਪਿੰਡ, ਚੜ੍ਹਾਵੇ, ਭੋਜਨ ਆਦਿ ਦੀ ਮੰਗ ਕਰਨਾ। ਪਿੰਡ ਸ਼ਬਦ ਵਿਚ ਇਕੱਠੇ ਕਰਨ ਦੇ ਭਾਵਾਂ ਤੋਂ ਵੀ ਮੰਗਣ (ਅਰਥਾਤ ਇਕੱਠਾ ਕਰਨ) ਦੇ ਅਰਥ ਵਿਕਸਿਤ ਹੋ ਸਕਦੇ ਹਨ।
ਧਿਆਨਯੋਗ ਹੈ ਕਿ ਸੰਸਕ੍ਰਿਤ ਅਤੇ ਗੁਰਬਾਣੀ ਵਿਚ ਵੀ ਪਿੰਡ ਸ਼ਬਦ ਗ੍ਰਾਮ, ਗਰਾਂ ਆਦਿ ਦੇ ਅਰਥਾਂ ਵਿਚ ਨਹੀਂ ਮਿਲਦਾ ਤੇ ਨਾ ਹੀ ਪੰਜਾਬੀ ਤੋਂ ਇਲਾਵਾ ਹੋਰ ਕਿਸੇ ਭਾਰਤੀ ਭਾਸ਼ਾ ਵਿਚ ਗ੍ਰਾਮ ਲਈ ਪਿੰਡ ਸ਼ਬਦ ਚਲਦਾ ਹੈ। ਇਥੋਂ ਤੱਕ ਕਿ ਲਿਲੀ ਟਰਨਰ ਨੇ ਹਿੰਦ-ਆਰਿਆਈ ਭਾਸ਼ਾਵਾਂ ਦੇ ਆਪਣੇ ਕੋਸ਼ ਵਿਚ ਵੀ ਪਿੰਡ ਦੇ ਅਜਿਹੇ ਅਰਥ ਨਹੀਂ ਬਿਆਨੇ, ਪਰ ਫਿਰ ਵੀ ਅਸੀਂ ਹਾਲ ਦੀ ਘੜੀ ਗਰਾਂ ਦੇ ਅਰਥਾਵੇਂ ਪਿੰਡ ਨੂੰ ਇਸੇ ਕੜੀ ਵਿਚ ਰੱਖਾਂਗੇ ਕਿਉਂਕਿ ਦੇਹ ਜਾਂ ਸਰੀਰ ਵਾਂਗ ਗਰਾਂ ਵੀ ਘਰਾਂ, ਮਕਾਨਾਂ ਆਦਿ ਦਾ ਇਕੱਠ ਹੈ, ਇੱਕ ਢਾਂਚਾ ਰੂਪ ਧਾਰੀ, ਬਣੀ ਹੋਈ ਚੀਜ਼ ਹੈ। ਗ਼ ਸ਼ ਰਿਆਲ ਨੇ ਪਿੰਡ ਸ਼ਬਦ ਦੇ ਅਰਥ ਵਿਕਾਸ ਨੂੰ ਸੰਸਕ੍ਰਿਤ ਦੇਹ (ਸਰੀਰ) ਦੇ ਸਜਾਤੀ ਫਾਰਸੀ ਸ਼ਬਦ ਦਿਹ (ਪਿੰਡ, ਗਰਾਮ) ਨਾਲ ਜੋੜ ਕੇ ਸਮਝਾਇਆ ਹੈ। ਪੰਜਾਬੀ ਵਿਚ ਦਿਹਾਤੀ ਜਾਂ ਦੇਹਾਤ ਸ਼ਬਦ ਆਮ ਵਰਤੇ ਜਾਂਦੇ ਹਨ। ਫਿਰ ਵੀ ਇਸ ਪਾਸੇ ਹੋਰ ਕੰਮ ਦੀ ਲੋੜ ਹੈ।