ਗੁਰੂ ਨਾਨਕ ਦਾ ਮੁੱਖ ਸਰੋਕਾਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਭਾਵੇਂ ਕੋਈ ਪੜ੍ਹੇ ਜਾਂ ਨਾ ਪੜ੍ਹੇ, ਸਮਝੇ ਜਾਂ ਨਾ ਸਮਝੇ ਤੇ ਕੋਈ ਕਿਸੇ ਨੂੰ ਦੱਸੇ ਜਾਂ ਨਾ ਦੱਸੇ-ਗੁਰੂ ਨਾਨਕ ਨੇ ਆਪਣਾ ਮੁੱਖ ਸਰੋਕਾਰ ਆਪਣੀ ਬਾਣੀ ਜਪੁਜੀ ਸਾਹਿਬ ਦੇ ਅਰੰਭ ਵਿਚ ਹੀ ਸਪਸ਼ਟ ਕੀਤਾ ਹੋਇਆ ਹੈ। ਇਸ ਪਿਛੋਂ ਉਨ੍ਹਾਂ ਨੇ ਇਸ ਦੇ ਵੱਖ ਵੱਖ ਪਹਿਲੂਆਂ ਨੂੰ ਥਾਂ ਥਾਂ ਦ੍ਰਿੜਾਇਆ ਹੈ। ਜੇ ਇਸ ਸਬੰਧੀ ਉਨ੍ਹਾਂ ਦੇ ਸਭ ਬਚਨਾਂ ਨੂੰ ਇੱਕਠਾ ਕਰ ਕੇ ਵਿਚਾਰਿਆ ਜਾਵੇ ਤਾਂ ਇਹ ਇਕੋ ਸ਼ਬਦ ਵਿਚ ਸਮੇਟਿਆ ਜਾ ਸਕਦਾ ਹੈ, ਸਚਿਆਰਾ ਹੋਣਾ ਭਾਵ ਜਾਣਕਾਰ ਜਾਂ ਗਿਆਨਵਾਨ ਹੋਣਾ।

ਗੁਰੂ ਸਾਹਿਬ ਦਾ ਸਰੋਕਾਰ ਰਟਣ ਜਾਂ ਜਬਾਨੀ ਯਾਦ ਰੱਖਣ ਵਾਲੀ ਜਾਣਕਾਰੀ ਪ੍ਰਾਪਤ ਕਰਨਾ ਨਹੀਂ, ਸਗੋਂ ਸਿਧਾਂਤਕ ਗਿਆਨ ਹਾਸਲ ਕਰਨਾ ਹੈ। ਇਹ ਅਲੱਗ ਅੱਲਗ ਵਸਤਾਂ ਦੇ ਨਾਂਵਾਂ ਜਾਂ ਉਨ੍ਹਾਂ ਦੇ ਕੁਝ ਸਬੰਧਾਂ ਨੂੰ ਰਟ ਕੇ ਯਾਦ ਰੱਖਣ ਦੀ ਸਤਹੀ ਜਾਣਕਾਰੀ ਨਹੀਂ, ਸਗੋਂ ਉਨ੍ਹਾਂ ਦੇ ਅੰਦਰੂਨੀ ਸਬੰਧਾਂ ਦੇ ਸੂਤਰਾਂ ਦਾ ਗਿਆਨ ਹੈ। ਇਹ ਗਿਆਨ ਗਣਿਤ ਤੇ ਵਿਗਿਆਨ ਦੇ ਸੂਤਰਾਂ ਵਾਂਗ ਹੈ, ਜੋ ਇੱਕਲਾ ਇੱਕਲਾ ਹਜ਼ਾਰਾਂ ਲੱਖਾਂ ਪ੍ਰਸ਼ਨਾਂ ਦੇ ਤਾਲੇ ਖੋਲ੍ਹ ਸਕਦਾ ਹੈ। ਇਸ ਅਨੁਸਾਰ ਜੋ ਵਿਅਕਤੀ ਇਕ ਤੋਂ ਲੈ ਕੇ ਸੌ ਤੀਕ ਪਹਾੜੇ ਯਾਦ ਕਰੀ ਫਿਰਦਾ ਹੈ, ਉਹ ਜਾਣਕਾਰ ਤਾਂ ਹੋ ਸਕਦਾ ਹੈ, ਗਿਆਨਵਾਨ ਨਹੀਂ ਹੈ। ਗਿਆਨਵਾਨ ਉਹ ਹੈ, ਜੋ ਗੁਣਾ ਕਰਨ ਦਾ ਸੂਤਰ ਜਾਣਦਾ ਹੈ। ਪਹਾੜਿਆਂ ਵਾਲਾ ਵਿਅਕਤੀ ਕੇਵਲ ਯਾਦ ਕੀਤੇ ਅੰਕਾਂ ਦੀ ਗੁਣਾ ਹੀ ਦੱਸ ਸਕਦਾ ਹੈ, ਪਰ ਸੂਤਰ ਜਾਣਨ ਵਾਲਾ ਕਿਸੇ ਵੀ ਦੋ ਜਾਂ ਦੋ ਤੋਂ ਵੱਧ ਅੰਕਾਂ ਦੀ ਗੁਣਾ ਕਰ ਕੇ ਆਸਾਨੀ ਨਾਲ ਉਤਰ ਦੱਸ ਦੇਵੇਗਾ। ਇਸੇ ਤਰ੍ਹਾਂ ਇਹ ਜਾਣਕਾਰੀ ਕਿ ਰਾਮ, ਸ਼ਾਮ ਦਾ ਫੁੱਫੜ ਹੈ, ਗਿਆਨ ਨਹੀਂ ਹੈ ਕਿਉਂਕਿ ਇਹ ਇਕ ਖਾਸ ਕੇਸ ਦੀ ਜਾਣਕਾਰੀ ਹੈ, ਜੋ ਦੂਜੇ ਕੇਸਾਂ ਵਿਚ ਨਹੀਂ ਵਰਤੀ ਜਾ ਸਕਦੀ। ਗਿਆਨ ਕਹਾਉਣ ਲਈ ਇਸ ਰਿਸ਼ਤੇ ਦੀ ਜਾਣਕਾਰੀ ਹੇਠਲਾ ਸੂਤਰ ਪਤਾ ਹੋਣਾ ਚਾਹੀਦਾ ਹੈ। ਜੇ ਇਹ ਪਤਾ ਹੋਵੇ ਕਿ ਪਿਤਾ ਦੀ ਭੈਣ ਦਾ ਪਤੀ ਫੁੱਫੜ ਕਹਾਉਂਦਾ ਹੈ ਤਾਂ ਕਿਸੇ ਵੀ ਅਜਿਹੇ ਰਿਸ਼ਤੇ ਦੀ ਪੜਤਾਲ ਹੋ ਸਕਦੀ ਹੈ।
ਸੂਤਰ ਰਹਿਤ ਸੀਮਤ ਜਾਣਕਾਰੀ ਗਿਆਨ ਦਾ ਦਰਜਾ ਨਹੀਂ ਰੱਖਦੀ, ਕਿਉਂਕਿ ਇਹ ਆਲਮੀ ਪੱਧਰ ‘ਤੇ ਗਿਆਨ ਭਰੇ ਢੰਗ ਨਾਲ ਵਰਤੀ ਨਹੀਂ ਜਾ ਸਕਦੀ। ਇਹ ਗਿਆਨ ਨੂੰ ਅੱਗੇ ਚਲਾਉਣ ਲਈ ਉਪਯੋਗੀ ਨਹੀਂ ਹੁੰਦੀ ਕਿਉਂਕਿ ਇਸ ਵਿਚ ਸਾਂਝੀਕਰਣ ਜਾਂ ਸਾਧਾਰਨੀਕਰਣ ਵਾਲਾ ਵਿਗਿਆਨਕ ਤੱਤ ਗਾਇਬ ਹੈ। ਇਹ ਰਾਮ ਨੂੰ ਸ਼ਾਮ ਦਾ ਫੁੱਫੜ ਤਾਂ ਦੱਸ ਸਕਦੀ ਹੈ, ਪਰ ਇਹ ਨਹੀਂ ਦੱਸ ਸਕਦੀ ਕਿ ਰਮੇਸ਼ ਤੇ ਸੁਰੇਸ਼ ਵਿਚੋਂ ਊਸ਼ਾ ਦਾ ਫੁੱਫੜ ਕੌਣ ਹੈ! ਪ੍ਰਮਾਣਿਤ ਸੂਤਰ ਦੀ ਅਣਹੋਂਦ ਵਿਚ ਤੁੱਕਾ ਲਾ ਕੇ ਕੋਈ ਰਮੇਸ਼ ਨੂੰ ਤੇ ਕੋਈ ਸੁਰੇਸ਼ ਨੂੰ ਉਸ ਦਾ ਫੁੱਫੜ ਆਖ ਦੇਵੇਗਾ। ਇਸ ਲਈ ਸਾਪੇਖ ਸੂਤਰ ਦੀ ਵਰਤੋਂ ਬਿਨਾ ਸਹੀ ਉਤਰ ਮਿਲਣਾ ਅਸੰਭਵ ਹੈ। ਆਪਣੇ ਕੋਲੋਂ ਹੀ ਕੋਈ ਉਤਰ ਘੜ੍ਹ ਦੇਣਾ ਗਿਆਨ ਦੇ ਰਾਹ ਵਿਚ ਰੁਕਾਵਟ ਬਣਦਾ ਹੈ।
ਗੁਰੂ ਨਾਨਕ ਦੇ ਸਾਹਮਣੇ ਵੀ ਇਹੀ ਕਠਿਨਾਈ ਸੀ। ਉਹ ਸ੍ਰਿਸ਼ਟੀ ਦੇ ਭੇਦ ਜਾਣਨਾ ਚਾਹੁੰਦੇ ਸਨ, ਪਰ ਉਨ੍ਹਾਂ ਅੱਗੇ ਇਸ ਨੂੰ ਜਾਣਨ ਲਈ ਕੋਈ ਪ੍ਰਮਾਣਿਤ ਸਿਧਾਂਤ ਜਾਂ ਵਿਧੀ-ਵਿਧਾਨ ਨਹੀਂ ਸੀ। ਧੁਰੋਂ ਭਾਵ ਸਦੀਆਂ ਤੋਂ ਚੱਲਿਆ ਆ ਰਿਹਾ ਕੇਂਦਰੀ ਪ੍ਰਸ਼ਨ ਕਿ ਸੰਸਾਰ ਕੀ ਹੈ ਤੇ ਕਿਵੇਂ ਹੋਂਦ ਵਿਚ ਆਇਆ? ਇਕ ਅੜਾਉਣੀ ਬਣਿਆ ਹੋਇਆ ਸੀ। ਜਿਨ੍ਹਾਂ ਨਹੀਂ ਸੋਚਣਾ ਨਾ ਸੋਚਣ, ਪਰ ਗੁਰੂ ਸਾਹਿਬ ਜਿਹੇ ਗੰਭੀਰ ਸੋਚ ਵਾਲੇ ਵਿਚਾਰਵਾਨ ਵਿਅਕਤੀ ਲਈ ਇਹ ਮੁੱਦਾ ਸਰਬ-ਉਚ ਤੇ ਸਰਬ-ਪ੍ਰਥਮ ਸੀ। ਉਸ ਵੇਲੇ ਇਸ ਸੰਸਾਰ ਨੂੰ ਜਾਣਨ ਲਈ ਬਹੁਤ ਹੀ ਥੋੜ੍ਹੇ ਵਿਕਲਪ ਸਨ। ਮਨੁੱਖ ਦੀ ਹੋਣੀ (੍ਹੁਮਅਨ ਛੋਨਦਟਿਨ) ਨਾਲ ਜੁੜੇ ਹੋਣ ਕਾਰਨ ਇਹ ਵਿਕਲਪ ਅੱਜ ਵੀ ਉਵੇਂ ਹੀ ਸੀਮਤ ਹਨ। ਉਪਰ ਉਠ ਕੇ ਇਸ ਦੁਨੀਆਂ ਨੂੰ ਦੇਖਿਆ ਨਹੀਂ ਜਾ ਸਕਦਾ, ਬਾਹਰ ਇਸ ਤੋਂ ਨਿਕਲਿਆ ਨਹੀਂ ਜਾ ਸਕਦਾ, ਘੁੰਮ ਕੇ ਦੇਖਣ ਤੋਂ ਇਸ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ ਤੇ ਅੰਦਰ ਇਸ ਦੇ ਖੁੱਭਿਆ ਨਹੀਂ ਜਾ ਸਕਦਾ। ਚਾਰੇ ਪਾਸੇ ਇਸ ਦਾ ਨਿਰੰਤਰ ਪਸਾਰਾ ਤੇ ਖਿਲਾਰਾ ਹੈ, ਜਿਸ ਵਿਚ ਇਕ ਬੰਦ ਡੱਬੇ ਵਾਂਗ ਇਸ ਦੀਆਂ ਅੰਦਰੂਨੀ ਸਰਗਰਮੀਆਂ ਮਨੁੱਖੀ ਨਜ਼ਰਾਂ ਤੋਂ ਛੁਪੀਆਂ ਹੋਈਆਂ ਹਨ। ਬਿਨਾ ਅੰਤਰਝਾਤ ਕੋਈ ਅੰਦਾਜ਼ਾ ਲਾਉਣਾ ਅਸੰਭਵ ਹੈ। ਜਿਨ੍ਹਾਂ ਨੇ ਜੋ ਅੰਦਾਜ਼ੇ ਲਾਏ, ਉਹ ਗਲਤ ਸਾਬਤ ਹੋਏ। ਵਰਤਾਰੇ ਚਲਦੇ ਹਨ ਤੇ ਮਿਟਦੇ ਰਹਿੰਦੇ ਹਨ, ਦਿਨ-ਰਾਤ, ਮੌਸਮ ਤੇ ਰੁੱਤਾਂ ਬਦਲਦੇ ਰਹਿੰਦੇ ਹਨ, ਬਨਸਪਤੀ ਉਪਜਦੀ ਹੈ ਤੇ ਬਿਨਸਦੀ ਰਹਿੰਦੀ ਹੈ, ਜੀਵ ਜੰਤੂ ਜੰਮਦੇ ਤੇ ਮਰਦੇ ਰਹਿੰਦੇ ਹਨ। ਕਿਤੇ ਕੋਈ ਸੁਰਾਗ ਨਹੀਂ ਮਿਲਦਾ ਕਿ ਇਹ ਖੇਡ-ਤਮਾਸ਼ਾ ਕੀ ਹੈ ਤੇ ਕਿਸ ਤਰ੍ਹਾਂ ਹੋਂਦ ਵਿਚ ਆਇਆ ਹੈ? ਉਤੇ ਚੰਨ, ਸੂਰਜ ਤੇ ਤਾਰੇ ਹਨ ਅਤੇ ਹੇਠ ਧਰਤੀ ਤੇ ਪਾਣੀ। ਮਨੁੱਖ ਨੂੰ ਆਪਣੇ ਇੱਥੇ ਹੋਣ ਦਾ ਮੰਤਵ ਵੀ ਪਤਾ ਨਹੀਂ ਹੈ।
ਹੈਰਾਨੀ ਦੀ ਹੱਦ ਇਹ ਹੈ ਕਿ ਮਨੁੱਖ ਇਸ ਅਦਭੁਤ ਵਰਤਾਰੇ ਤੋਂ ਅਵੇਸਲਾ ਹੈ। ਉਹ ਇਸ ਨੂੰ ਯਥਾਰਥਕ ਤੇ ਯਕੀਨੀ ਸਮਝ ਕੇ ਇਸ ਦੀ ਲੁਭਾਉਣੀ ਲੀਲਾ ਵਿਚ ਲੀਨ ਹੈ! ਗੁਰੂ ਸਾਹਿਬ ਨੇ ਦੇਖਿਆ ਕਿ ਉਹ ਇਸ ਸੰਸਾਰ ਦੀ ਅਸਥਿਰਤਾ, ਅਸਚਰਜਤਾ ਤੇ ਰੋਮਾਂਚਿਕਤਾ ਦੇ ਖਿਆਲ ਨੂੰ ਦਰ-ਕਿਨਾਰ ਕਰ ਇਸ ਦੀ ਮਾਇਆ ਵਿਚ ਲਿਪਤ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਅੰਨ੍ਹਾ ਹੋਇਆ ਉਹ ਲੁੱਟ ਮਾਰ, ਧੋਖਾ, ਕਤਲ, ਬੇਈਮਾਨੀ, ਸ਼ੋਸ਼ਣ ਤੇ ਬੇਇਨਸਾਫੀ ਦੀ ਜ਼ਿੰਦਗੀ ਜਿਉ ਰਿਹਾ ਹੈ। ਸੰਸਾਰ ਦੇ ਮੁਢਲੇ ਪ੍ਰਸ਼ਨ ਦੇ ਤਸੱਲੀਬਖਸ਼ ਹੱਲ ‘ਤੇ ਵਿਚਾਰ ਕਰਨ ਦੀ ਥਾਂ ਆਪਣਾ ਜੀਵਨ ਬੇਅਰਥ ਚੀਜ਼ਾਂ ਪਿੱਛੇ ਲੱਗ ਕੇ ਬਰਬਾਦ ਕਰ ਰਿਹਾ ਹੈ। ਜਦੋਂ ਕਿਤੇ ਲੋੜ ਪਵੇ, ਉਹ ਨਿਜੀ ਹਿੱਤ ਦੀ ਤੁੱਕੇਬਾਜ਼ੀ ਕਰ ਕੇ ਝੂਠੀਆਂ ਤੇ ਅਗਿਆਨ ਭਰਪੂਰ ਧਾਰਨਾਵਾਂ ਦਾ ਜਾਲ ਬੁਣ ਲੈਂਦਾ ਹੈ। ਗੁਰੂ ਸਾਹਿਬ ਅਨੁਸਾਰ ਅਜਿਹੀ ਸਥਿਤੀ ਵਿਚ ਜੇ ਕੋਈ ਜਿਗਿਆਸੂ ਸੱਚ ਜਾਣਨਾ ਵੀ ਚਾਹੇ ਭਾਵ ਸਚਿਆਰਾ ਬਣਨਾ ਵੀ ਚਾਹੇ ਤਾਂ ਉਸ ਨੂੰ ਦੂਹਰਾ ਕਾਰਜ ਕਰਨਾ ਪੈਣਾ ਹੈ-ਇਕ ਝੂਠੇ ਵਿਚਾਰਾਂ ਤੇ ਮਾਨਤਾਵਾਂ ਦੇ ਜਾਲ ਨੂੰ ਤੋੜਨ ਦਾ, ਤੇ ਦੂਜਾ ਸੰਸਾਰ ਦੇ ਰਹੱਸ ਦੀ ਤਰਕ-ਸੰਗਤ ਭਾਵ ਸਹੀ ਸਹੀ ਖੋਜ ਕਰਨ ਦਾ।
ਗੁਰੂ ਨਾਨਕ ਨੇ ਆਪਣੇ ਇਸ ਮਨੋਰਥ ਨੂੰ ਹੇਠ ਲਿਖੇ ਤਿੰਨ ਪ੍ਰਸ਼ਨਾਂ ਰਾਹੀਂ ਸਪਸ਼ਟ ਕੀਤਾ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
ਭਾਵ ਮਨਘੜਤ ਉਕਤੀਆਂ ਨਾਲ ਉਸਾਰੀ ਝੂਠੀ ਜਾਣਕਾਰੀ ਦੀ ਕੰਧ ਨੂੰ ਕਿਵੇਂ ਤੋੜੀਏ, ਸਹੀ ਗਿਆਨ ਕਿਵੇਂ ਹਾਸਲ ਕਰੀਏ ਅਤੇ ਇਸ ਗਿਆਨ ਰਾਹੀਂ ਪਛਾਣੇ ਹੁਕਮ ਅਨੁਸਾਰ ਜੀਵਨ ਕਿਵੇਂ ਢਾਲੀਏ? ਇੱਥੇ ‘ਨਾਨਕ ਲਿਖਿਆ ਨਾਲਿ’ ਦਾ ਭਾਵ ਗੁਰੂ ਨਾਨਕ ਰਾਹੀਂ ਪਹਿਲੇ ਦੋ ਪ੍ਰਸ਼ਨਾਂ ਦੇ ਨਾਲ ਹੀ ਤੀਜਾ ਪ੍ਰਸ਼ਨ ਲਿਖਣਾ ਹੈ। ਪਰ ਅਜੋਕੇ ਸਿੱਖ ਵਿਦਵਾਨ ਤੇ ਪੁਜਾਰੀ ਵਰਗ ਗੁਰੂ ਸਾਹਿਬ ਦੇ ਇਸ ਵਿਗਿਆਨਕ ਮਨੋਰਥ ਦਾ ਸੰਦੇਸ਼ ਵੀ ਸ਼ਰਧਾਲੂਆਂ ਤੀਕ ਅਪੜਨ ਨਹੀਂ ਦਿੰਦੇ। ਇਸ ਸਿੱਧੇ ਤੇ ਸਪਸ਼ਟ ਵਿਖਿਆਨ ਦੁਆਲੇ ਵੀ ਉਹ ਕੂੜ ਦੀ ਇਕ ਨਵੀਂ ਕੰਧ ਉਸਾਰ ਦਿੰਦੇ ਹਨ। ਇਨ੍ਹਾਂ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਨੇ ਪਹਿਲੀ ਪੰਕਤੀ ਵਿਚ ਦੋ ਸਵਾਲ ਕਰਕੇ ਦੂਜੀ ਪੰਕਤੀ ਵਿਚ ਉਨ੍ਹਾਂ ਦਾ ਉਤਰ ਦਿੱਤਾ ਹੈ। ਉਨ੍ਹਾਂ ਅਨੁਸਾਰ ਕੂੜ ਦੀ ਕੰਧ ਤੋੜ ਕੇ ਹੀ ਸੱਚਾ ਬਣਿਆ ਜਾ ਸਕਦਾ ਹੈ। ਜੇ ਪਰਮਾਤਮਾ ਦੇ ਹੁਕਮ ਅਨੁਸਾਰ ਚੱਲਿਆ ਜਾਵੇ ਅਰਥਾਤ ਉਸ ਦੀ ਭਗਤੀ ਕੀਤੀ ਜਾਵੇ, ਸ਼ਰਧਾ ਪਾਲੀ ਜਾਵੇ, ਚੜ੍ਹਾਵੇ ਚੜ੍ਹਾਏ ਜਾਣ ਤੇ ਮੱਥੇ ਟੇਕੇ ਜਾਣ। ਜਪੁਜੀ ਦੇ ਹਰ ਟੀਕੇ ਤੇ ਹਰ ਸਟੀਕ ਵਿਚ ਵਿਦਵਾਨਾਂ ਨੇ ਇਹੀ ਵਿਆਖਿਆ ਕੀਤੀ ਹੈ। ਕਿਸੇ ਨੇ ਵੀ ਇਹ ਨਹੀਂ ਵਿਚਾਰਿਆ ਕਿ ‘ਲਿਖਿਆ ਨਾਲਿ’ ਦਾ ਅਰਥ ‘ਨਾਲ ਲਿਖਿਆ’ ਹੈ, ਜੋ ‘ਉਪਰੋਕਤ ਦੇ ਨਾਲ ਲਿਖਿਆ ਅਗਲਾ ਸਵਾਲ’ ਬਣਦਾ ਹੈ।
ਆਪਣੀ ਮਨ ਮਰਜੀ ਦੀ ਵਿਆਖਿਆ ਕਰਦੇ ਵੇਲੇ ਕਿਸੇ ਵਿਦਵਾਨ ਨੇ ਇਹ ਵੀ ਨਹੀਂ ਦੇਖਿਆ ਕਿ ਗੁਰੂ ਸਾਹਿਬ ਅਗਲੀ ਤੁਕ ਵਿਚ ਕੀ ਲਿਖਦੇ ਹਨ। ਉਹ ਲਿਖਦੇ ਹਨ, “ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥” ਅਰਥਾਤ ਸੰਸਾਰ ਵਿਚ ਸਭ ਆਕਾਰ ਭਾਵ ਚੀਜ਼ਾਂ, ਵਸਤਾਂ ਤੇ ਜੀਵ ਹੁਕਮ ਅਨੁਸਾਰ ਜਾਂ ਨਿਯਮਿਤ ਢੰਗ ਨਾਲ ਹੋਂਦ ਵਿਚ ਆਉਂਦੇ ਹਨ, ਪਰ ਅਸੀਂ ਉਸ ਹੁਕਮ ਭਾਵ ਨਿਯਮ ਬਾਰੇ ਕੁਝ ਨਹੀਂ ਜਾਣਦੇ। ਸੋ ਜੇ ਅਸੀਂ ਹੁਕਮ ਬਾਰੇ ਕੁਝ ਜਾਣਦੇ ਹੀ ਨਹੀਂ, ਤਾਂ ਇਸ ਅਨੁਸਾਰ ਜੀਵਨ ਕਿਵੇਂ ਢਾਲ ਸਕਦੇ ਹਾਂ? ਜੇ ਹੁਕਮ ਅਨੁਸਾਰ ਜੀਵਨ ਢਾਲ ਕੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਕੂੜ ਦੀ ਪਰਤ ਤੋੜ ਕੇ ਇਸ ਦਾ ਪਤਾ ਤਾਂ ਕਰਨਾ ਹੀ ਪਵੇਗਾ। ਇਹ ਕੀਤਾ ਕਿਵੇਂ ਜਾਵੇ? ਬੱਸ ਇਹੀ ਗੁਰੂ ਸਾਹਿਬ ਦਾ ਤੀਜਾ ਪ੍ਰਸ਼ਨ ਹੈ, ਜੋ ਉਨ੍ਹਾਂ ਨੇ ਪਹਿਲੇ ਦੋ ਪ੍ਰਸ਼ਨਾਂ ਨਾਲ ਜੋੜ ਕੇ ਲਿਖਿਆ ਹੈ, ਪਰ ਟੀਕਾਕਾਰ ਵਿਦਵਾਨ ਤੇ ਪ੍ਰਚਾਰਕ ਆਪਣੀ ਸਮਝ ਨੂੰ ਹਲੂਣਾ ਦੇਣ ਦੀ ਥਾਂ ਆਪਣੀਆਂ ਉਣਤਾਈਆਂ ਨੂੰ ਕੱਜਣ ਦੀ ਕੋਸ਼ਿਸ਼ ਕਰਦੇ ਹਨ। ਉਹ ਹੁਸ਼ਿਆਰੀ ਨਾਲ ਆਪਣੇ ਕੋਲੋਂ ਹੀ ‘ਪਰਮਾਤਮਾ’ ਸ਼ਬਦ ਜੋੜ ਲੈਂਦੇ ਹਨ ਤਾਂ ਜੋ ਸਭ ਕੁਝ ਕੁਦਰਤੀ ਤੇ ਅਧਿਆਤਮਕ ਜਾਪੇ ਤੇ ਜਿਗਿਆਸੂ ਮੂੰਹ ਨਾ ਖੋਲ੍ਹੇ। ਜਦੋਂ ਗੁਰੂ ਸਾਹਿਬ ਨੇ ‘ਪਰਮਾਤਮਾ’ ਕਿਤੇ ਲਿਖਿਆ ਹੀ ਨਹੀਂ, ਇਸ ਦਾ ਜ਼ਿਕਰ ਕਰਕੇ ਵਿਆਖਿਆ ਕਰਨਾ ਤਰਕ-ਸੰਗਤ ਨਹੀਂ ਹੈ। ਇਸ ਤਰ੍ਹਾਂ ਸਮੁੱਚਾ ਵਿਦਵਾਨ ਤੇ ਪੁਜਾਰੀ ਵਰਗ ਗੁਰੂ ਸਾਹਿਬ ਰਾਹੀਂ ਵਿਗਿਆਨ ਦੇ ਰਾਹ ਪਾਏ ਸਿੱਖ ਸ਼ਰਧਾਲੂਆਂ ਨੂੰ ਅਧਿਆਤਮ ਦੇ ਰਾਹ ਧਰੀਕ ਕੇ ਉਨ੍ਹਾਂ ਦੇ ਅਸਲ ਸਰੋਕਾਰ ਨੂੰ ਧੁੰਦਲਾ ਪਾਉਣ ਦਾ ਕੰਮ ਕਰ ਰਿਹਾ ਹੈ।
ਗੁਰੂ ਨਾਨਕ ਦਾ ਸਚਿਆਰਾ ਹੋਣ ਦਾ ਸਰੋਕਾਰ ‘ੴ ਸਤਿ ਨਾਮ ਕਰਤਾ ਪੁਰਖੁ’ ਦੀ ਪ੍ਰਾਰੰਭਕੀ ਲਿਖਤ ਨਾਲ ਹੀ ਪ੍ਰਗਟ ਹੋ ਜਾਂਦਾ ਹੈ। ਇਸ ਦਾ ਅਰਥ ਹੈ ਕਿ ਸਿਰਜਣਾ ਦੇ ਕਾਰਕ ਦੇ ਸੱਚੇ ਭਾਵ ਅਸਲੀ ਨਾਮ ਦਾ ਬੋਧ ੴ ਦੇ ਗਣਿਤੀ ਸੂਤਰ ਭਾਵ ਵਿਗਿਆਨਕ ਵਿਧੀ ਅਨੁਸਾਰ ਵਿਚਾਰ ਕੇ ਹੀ ਹੋ ਸਕਦਾ ਹੈ। ਇਸ ਉਲੇਖ ਦੇ ਕੋਰੇ ਕੋਰੇ ਅਰਥ ਇਹ ਬਣਦੇ ਹਨ ਕਿ ਬ੍ਰਹਿਮੰਡ ਰਚਨਾ ਦਾ ਜੋ ਵੀ ਕੋਈ ਕਾਰਕ ਹੈ, ਉਸ ਦਾ ਅਸਲ (ਸਤਿ) ਨਾਮ ਹਾਲੇ ਪਤਾ ਨਹੀਂ ਹੈ। ਲੱਖਾਂ-ਕਰੋੜਾਂ ਸਿਆਣਿਆਂ ਨੇ ਉਸ ਨੂੰ ਲੱਭਣ ਭਾਵ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਸਭ ਨਿਸਫਲ ਰਹੇ ਹਨ। ਹੁਣ ਤੀਕ ਦੇ ਸਭ ਵਿਚਾਰਕਾਂ ਨੇ ਉਸ ਨੂੰ ਆਪੋ ਆਪਣੇ ਢੰਗ ਨਾਲ ਮਹਿਸੂਸ ਕਰਕੇ ਬਿਆਨ ਕਰਨ ਦਾ ਯਤਨ ਕੀਤਾ ਹੈ, ਪਰ ਸਭ ਆਪਣੇ ਆਸ਼ੇ ਵਿਚ ਅਸਫਲ ਰਹੇ ਹਨ।
ਫੁੱਫੜ ਦੀ ਕਥਾ ਮੁਤਾਬਕ ਉਨ੍ਹਾਂ ਨੇ ਉਸ ਨੂੰ ਆਪੋ ਆਪਣੇ ਲੱਖਣਾਂ ਮੁਤਾਬਕ ਵੱਖ ਵੱਖ ਨਾਂ ਦਿੱਤੇ ਹਨ, ਪਰ ਕੋਈ ਵਿਚਲਾ ਸਿਧਾਂਤ ਫਰੋਲਣ ਦਾ ਉਪਰਾਲਾ ਨਹੀਂ ਕੀਤਾ। ਇੰਨੇ ਨਾਂ ਪ੍ਰਚਲਿਤ ਹੋਣਾ ਹੀ ਦਰਸਾਉਂਦਾ ਹੈ ਕਿ ਇਨ੍ਹਾਂ ਬਾਰੇ ਕਿਸੇ ਦੀ ਕੋਈ ਪਰਿਭਾਸ਼ਾ ਵੀ ਸਹੀ ਨਹੀਂ ਹੈ। ਇਹ ਨਾਂ ਉਨ੍ਹਾਂ ਨੇ ਉਸ ਕਾਰਕ ਦੀਆਂ ਸਮੂਹ ਵਿਸ਼ੇਸ਼ਤਾਈਆਂ ਨੂੰ ਦੇਖ ਪਰਖ ਕੇ ਨਹੀਂ ਰੱਖੇ, ਸਗੋਂ ਅਣਗਹਿਲੀ, ਅਗਿਆਨ ਤੇ ਭਾਵੁਕਤਾ ਵਸ ਇੱਦਾਂ ਹੀ ਰੱਖ ਲਏ ਹਨ, ਜਿਵੇਂ ਮਾਪੇ ਘਰ ਵਿਚ ਪੈਦਾ ਹੋਏ ਬੱਚੇ ਦਾ ਕੋਈ ਵੀ ਮਨ-ਭਾਉਂਦਾ ਨਾਂ ਰੱਖ ਲੈਂਦੇ ਹਨ। ਅਜਿਹੇ ਨਾਂਵਾਂ ਦਾ ਮੰਤਵ ਕੇਵਲ ਨਿਸ਼ਾਨਦੇਹੀ ਲਈ ਨਾਮਕਰਨ ਕਰਨਾ ਜਾਂ ਨਾਂ ਲੈ ਕੇ ਸੱਦਣਾ ਹੀ ਹੁੰਦਾ ਹੈ, ਕਿਸੇ ਗਿਆਨ ਨਾਲ ਜੋੜਨਾ ਨਹੀਂ ਹੁੰਦਾ। ਇਸ ਕੰਮ ਲਈ ਕੋਈ ਵੀ ਨਾਂ ਚਲ ਸਕਦਾ ਹੈ, ਜਦੋਂ ਕਿ ਅਸਲ ਨਾਂ ਤੀਕ ਪਹੁੰਚਣ ਲਈ ਉਸ ਦੇ ਸਭ ਗੁਣਾਂ ਦੀ ਖੋਜ ਜਰੂਰੀ ਹੈ। ਗੁਣਾਂ ਦੀ ਖੋਜ ਲਈ ਖੋਖਲੇ ਵਿਸ਼ੇਸ਼ਣਾਂ ਦੀ ਨਹੀਂ, ਸਗੋਂ ਨਿਰੋਲਤਾ ਤੇ ਨਿਰਪੱਖਤਾ ‘ਤੇ ਅਧਾਰਿਤ ਗਣਿਤੀ ਪ੍ਰਬੰਧ ਜਿਹੀ ਇਕ ਪ੍ਰਵਾਨਿਤ ਵਿਧੀ ਦੀ ਲੋੜ ਹੈ।
ਗੁਰੂ ਸਾਹਿਬ ਦੀ ਇਸ ਵਿਗਿਆਨਕ ਧਾਰਨਾ ਦੇ ਉਲਟ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵਰਗ ਰਹੱਸਮਈ ਅਧਿਆਤਮਵਾਦ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਅਨੁਸਾਰ ‘ੴ ਸਤਿ ਨਾਮੁ ਕਰਤਾ ਪੁਰਖੁ’ ਦਾ ਅਰਥ ਹੈ ਕਿ ਰੱਬ ਇਕ ਹੈ, ਉਹ ਸਰਬ-ਸ਼ਕਤੀਮਾਨ ਹੈ ਤੇ ਸਭ ਥਾਂਈਂ ਹਾਜ਼ਰ ਹੈ। ਉਸ ਦਾ ਨਾਮ ਸੱਚਾ ਹੈ ਤੇ ਉਹ ਦੁਨੀਆਂ ਨੂੰ ਬਣਾਉਣ ਵਾਲਾ ਹੈ। ਇਸ ਇਬਾਰਤ ਦੇ ਮੁਢਲੇ ਸਰਵੇਖਣ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਹ ਤੱਥਾਂ ਤੋਂ ਕੋਹਾਂ ਦੂਰ ਹੈ। ੴ ਦੇ ਸੰਕੇਤ ਵਿਚ ਨਾ ਰੱਬ ਦਾ ਜ਼ਿਕਰ ਹੈ, ਨਾ ਸਰਬ-ਸ਼ਕਤੀਮਾਨ ਦਾ ਤੇ ਨਾ ਹੀ ਹਰ ਥਾਂ ਹਾਜ਼ਰ ਹੋਣ ਦਾ। ਜੇ ਇਸ ਵਿਚ ਰੱਬ ਦਾ ਜ਼ਿਕਰ ਹੀ ਨਹੀਂ, ਫਿਰ ਉਸ ਨੂੰ ੧ (ਇਕ) ਕਹਿਣਾ ਵੀ ਤਰਕ-ਸੰਗਤ ਨਹੀਂ ਹੈ, ਭਾਵ ਇਸ ਦਾ ਵੀ ਉਨ੍ਹਾਂ ਵਾਲਾ ਅਰਥ ਨਹੀਂ ਬਣਦਾ। ਉਸ ਦਾ ਨਾਮ ਸੱਚਾ ਹੈ, ਵੀ ਇਕ ਅਨਿਸ਼ਚਿਤ ਤੇ ਅਰਥਹੀਣ ਕਥਨ ਹੈ, ਕਿਉਂਕਿ ਉਸ ਦਾ ਨਾਂ ਤਾਂ ਕਿਤੇ ਲਿਖਿਆ ਹੀ ਨਹੀਂ ਹੈ। ਨਾਲੇ ਵਡਿਆਈਆਂ ਵਿਚਾਰਨ ਤੋਂ ਬਿਨਾ ਅਤੇ ਵਿਗਿਆਨਕ ਖੋਜ ਤੋਂ ਪਹਿਲਾਂ ਤਾਂ ਨਾ ਕੋਈ ਸੱਚਾ ਨਾਂ ਹੋਂਦ ਵਿਚ ਆ ਸਕਦਾ ਹੈ ਤੇ ਨਾ ਹੀ ਉਸ ਨੂੰ ਸੱਚੇ ਹੋਣ ਦੇ ਰੂਪ ਵਿਚ ਪ੍ਰਵਾਨ ਕੀਤਾ ਜਾ ਸਕਦਾ ਹੈ। ਇਸ ਦਾ ਇਕ ਹੋਰ ਭਾਵ ਇਹ ਵੀ ਹੋ ਸਕਦਾ ਹੈ ਕਿ ਸੰਸਾਰ ਦੇ ਸਿਰਜਣਾਤਮਕ ਕਾਰਕ ਦਾ ਨਾਂ ‘ਸਚਾ’ ਹੈ, ਭਾਵ ਇਸ ਨੂੰ ਸਭ ਸੱਚਾ ਕਹਿ ਕੇ ਬੁਲਾਉਂਦੇ ਹਨ, ਪਰ ਇਸ ਨੂੰ ਕਦੇ ਕਿਸੇ ਨੇ ਇਸ ਨਾਂ ਨਾਲ ਨਹੀਂ ਪੁਕਾਰਿਆ। ਸੱਚੇ ਦਾ ਅਰਥ ਸਦੀਵੀ ਨਾਮ ਵਾਲਾ ਕਰਨਾ ਵੀ ਨਹੀਂ ਬਣਦਾ, ਕਿਉਂਕਿ ਇਹ ਪਤਾ ਹੀ ਨਹੀਂ ਕਿ ਉਹ ਸਦੀਵੀ ਨਾਂ ਕੀ ਹੈ? ਜੇ ਸੱਚੇ ਦਾ ਅਰਥ ਸੱਚ ਬੋਲਣ ਵਾਲਾ ਲਈਏ ਤਾਂ ਵੀ ਇਹ ਦਰੁਸਤ ਨਹੀਂ ਹੈ। ਇਹ ਕਦੇ ਕਿਸੇ ਦੇ ਅਨੁਭਵ ਵਿਚ ਨਹੀਂ ਆਇਆ ਕਿ ਕੋਈ ‘ਅਜੂਨੀ’ ਸ਼ੈ ਬੋਲਦੀ ਹੋਵੇ। ਜੇ ਇਹ ਪਤਾ ਲੱਗ ਹੀ ਗਿਆ ਕਿ ਉਸ ਦਾ ਨਾਮ ਸਤਿ ਜਾਂ ‘ਸਚਾ’ ਹੈ ਤਾਂ ਫਿਰ ਗੁਰੂ ਸਾਹਿਬ ਕਿਹੜੀ ਉਸ ਟਕਸਾਲ ਦੀ ਗੱਲ ਕਰਦੇ ਹਨ, ਜਿਸ ਵਿਚੋਂ ਬੜੀ ਮੁਸ਼ੱਕਤ ਪਿਛੋਂ ਉਸ ਦੇ ਨਾਂ ਦੀ ਪਰਿਭਾਸ਼ਾ ਵਾਲਾ ਸਬਦ ਘੜਿਆ ਜਾਵੇਗਾ। ਇਸ ਲਈ ਕਿਸੇ ਤਰ੍ਹਾਂ ਵੀ ਸਤਿ ਨਾਮੁ ਦਾ ਅਰਥ ‘ਉਸ ਦਾ ਨਾਂ ਸੱਚਾ ਹੈ’ ਨਹੀਂ ਬਣਦਾ।
ਕਈ ਵਿਦਵਾਨ ਪੁੱਛਣਗੇ ਕੇ ਗੁਰੂ ਸਾਹਿਬ ਸਭ ਕੁਝ ਛੱਡ ਕੇ ਸਤਿ ਨਾਮ ਜਾਣਨ ਲਈ ਕਿਉਂ ਇੰਨੇ ਕਾਹਲੇ ਸਨ? ਜਵਾਬ ਹੈ, ਉਹ ਭਗਤੀ ਮਾਰਗ ਦੇ ਅਨੁਆਈ ਨਹੀਂ ਸਨ, ਸਗੋਂ ਵਿਗਿਆਨ-ਪਥ ਦੇ ਰਾਹਗੀਰ ਸਨ। ਜਿਸ ਚੀਜ਼ ਦਾ ਪਤਾ ਨਾ ਹੋਵੇ, ਵਿਗਿਆਨੀ ਸਭ ਤੋਂ ਪਹਿਲਾਂ ਉਸ ਦੇ ਗੁਣਾਂ ਅਨੁਸਾਰ ਉਸ ਦਾ ਨਾਂ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਜੇ ਕੋਈ ਨਾਂ ਨਾ ਹੋਵੇ ਤਾਂ ਇਸ ਨੂੰ ਬੀਜ-ਗਣਿਤੀ ਧਾਰਨਾ ਅਨੁਸਾਰ ਮਿੱਥ ਲੈਂਦਾ ਹੈ। ਫਿਰ ਉਹ ਉਸ ਦੀਆਂ ਸਭ ਵਿਸ਼ੇਸ਼ਤਾਈਆਂ ਤੇ ਸੰਭਾਵਨਾਵਾਂ ਦਾ ਅਧਿਐਨ ਕਰ ਕੇ ਇਸ ਦੇ ਅਸਲ ਨਾਂ ਤੀਕ ਪਹੁੰਚਦਾ ਹੈ। ਨਾਮਕਰਣ ਕੋਈ ਵਿਅਰਥ ਕਾਰਜ ਨਹੀਂ ਹੈ, ਸਗੋਂ ਇਹ ਗਿਆਨ ਪ੍ਰਾਪਤੀ ਦਾ ਨਿਰੋਲ ਕਾਰਜ ਹੈ। ਹਰ ਚੀਜ਼ ਦਾ ਅਸਤਿਤਵ ਉਸ ਦੇ ਗੁਣਾਂ ਵਿਚ ਹੈ, ਜਿਵੇਂ ਇਕ ਮੇਜ ਦਾ ਅਸਤਿਤਵ ਉਸ ਦੇ ਲੰਬਾਈ, ਚੌੜਾਈ, ਉਚਾਈ, ਲੱਤਾਂ ਦੀ ਗਿਣਤੀ, ਭਾਰ, ਰੰਗ, ਮਟੀਰੀਅਲ ਦੀ ਕਿਸਮ, ਸ਼ਕਲ ਤੇ ਕਠੋਰਤਾ ਆਦਿ ਦੇ ਗੁਣਾਂ ਤੋਂ ਵੱਧ ਕੁਝ ਹੋਰ ਨਹੀਂ। ਇਸ ਲਈ ਕਿਸੇ ਚੀਜ਼ ਦੇ ਅਸਲ ਨਾਂ ਤੀਕ ਪਹੁੰਚਣ ਨਾਲ ਉਸ ਦੇ ਸਭ ਗੁਣਾਂ ਦਾ ਭਾਵ ਉਸ ਦੇ ਅਸਤਿਤਵ ਦਾ, ਸਹੀ ਗਿਆਨ ਹੋ ਜਾਂਦਾ ਹੈ।
ਗਿਆਨ-ਵਿਗਿਆਨ ਦੀ ਦੁਨੀਆਂ ਵਿਚ ਸਹੀ ਭਾਵ ਸਤਿ ਨਾਮ ਦੀ ਹੀ ਕੀਮਤ ਹੈ, ਗਲਤ ਨਾਮ ਦੀ ਨਹੀਂ। ਮਿਸਾਲ ਵਜੋਂ ਕੱਪੜੇ ਧੋਣ ਵਾਲੇ ਸੋਡੇ ਨੂੰ ਮਨੁੱਖ ਸਦੀਆਂ ਤੋਂ ਜਾਣਦਾ ਹੈ, ਪਰ ਇਹ ਉਸ ਦਾ ਸੱਚਾ ਭਾਵ ਅਸਲ ਨਾਂ ਨਹੀਂ ਹੈ। ਨਾ ਇਹ ਕਿਸੇ ਰਸਾਇਣਕ ਫਾਰਮੂਲੇ ਅਨੁਸਾਰ ਘੜਿਆ ਹੋਇਆ ਹੈ ਤੇ ਨਾ ਹੀ ਇਸ ਨੂੰ ਕਿਸੇ ਰਸਾਇਣਕ ਫਾਰਮੂਲੇ ਵਿਚ ਵਰਤਿਆ ਜਾ ਸਕਦਾ ਹੈ। ਇਸ ਨਾਂ ਨੂੰ ਵਰਤ ਕੇ ਤਾਂ ਕੱਪੜੇ ਧੋਣ ਲਈ ਇਸ ਵੱਲ ਇਸ਼ਾਰਾ ਹੀ ਕੀਤਾ ਜਾ ਸਕਦਾ ਹੈ, ਗਿਆਨ ਨਹੀਂ ਵਧਾਇਆ ਜਾ ਸਕਦਾ। ਸਦੀਆਂ ਪਿਛੋਂ ਰਸਾਇਣ ਵਿਗਿਆਨੀਆਂ ਨੇ ਇਸ ਦਾ ਸਹੀ ਨਾਂ ਸੋਡੀਅਮ ਕਾਰਬੋਨੇਟ (ਂਅ2ਛੌ3) ਲੱਭਿਆ, ਜੋ ਇਸ ਦੀਆਂ ਸਭ ਵਿਸ਼ੇਸ਼ਤਾਈਆਂ ਨੂੰ ਡੂੰਘਾਈ ਵਿਚ ਜਾ ਕੇ ਰੂਪਮਾਨ ਕਰਦਾ ਹੈ। ਇਹ ਦੱਸਦਾ ਹੈ ਕਿ ਇਹ ਪਦਾਰਥ ਕਿਹੜੇ ਤੱਤਾਂ ਤੋਂ ਬਣਿਆ ਹੋਇਆ ਹੈ, ਇਸ ਦੀ ਪ੍ਰਕਿਰਤੀ ਕੀ ਹੈ ਤੇ ਇਸ ਵਿਚ ਕਿਹੜਾ ਤੱਤ ਘਟਾ ਵਧਾ ਕੇ ਕਿਹੜੇ ਹੋਰ ਪਦਾਰਥ ਬਣਾਏ ਜਾ ਸਕਦੇ ਹਨ? ਇਸ ਤਰ੍ਹਾਂ ਇਸ ਦਾ ਇਹ ਵਿਗਿਆਨਕ ਨਾਂ ਗਿਆਨ ਦੇ ਵਿਕਾਸ ਵਿਚ ਲਾਭਕਾਰੀ ਸਾਬਤ ਹੁੰਦਾ ਹੈ, ਪਰ ਕੱਪੜੇ ਧੋਣ ਦੇ ਸੋਡੇ ਤੋਂ ਂਅ2ਛੌ3 ਤੀਕ ਪਹੁੰਚਣ ਲਈ ਵਿਗਿਆਨੀਆਂ ਨੂੰ ਸਦੀਆਂ ਦੀ ਘਾਲਣਾ ਤੇ ਉਡੀਕ ਕਰਨੀ ਪਈ।
ਸਹੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਅਨੁਸਾਰ ਸੰਸਾਰ ਸਿਰਜਣਾ ਦੇ ਕਾਰਕ ਦਾ ਅਸਲ ਨਾਂ ਵਾਲਾ ਸ਼ਬਦ ਵੀ ਉਸ ਦੇ ਸਮੂਹ ਗੁਣਾਂ ਦੀ ਲੰਮੀ ਤੇ ਜੋਖਮ ਭਰੀ ਖੋਜ ਉਪਰੰਤ ਮਨੁੱਖਤਾ ਦੀ ਅਧਿਐਨ ਰੂਪੀ ਟਕਸਾਲ ਵਿਚੋਂ ਹੀ ਘੜ ਕੇ ਬਾਹਰ ਆਵੇਗਾ।
ਗੁਰੂ ਸਾਹਿਬ ਨੂੰ ਆਪਣੇ ਇਸ ਸਰੋਕਾਰ ਦਾ ਭਲੀਭਾਂਤ ਪਤਾ ਸੀ। ਉਨ੍ਹਾਂ ਦੀ ਸਤਿ ਨਾਮ ਵਿਚ ਦਿਲਚਸਪੀ ਇਸ ਲਈ ਨਹੀਂ ਸੀ ਕਿ ਉਹ ਉਸ ਦੀ ਪੂਜਾ-ਭਗਤੀ ਕਰਨਗੇ; ਉਸ ਨੂੰ ਭਾਵੁਕ ਤੇ ਗੁਣਕਾਰਕ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਕੇ ਪਸੀਜਣਗੇ; ਪ੍ਰਸਾਦ, ਚੜ੍ਹਾਵੇ ਤੇ ਰੁਮਾਲੇ ਪੇਸ਼ ਕਰਕੇ ਆਪਣੇ ਜਾਂ ਆਪਣੇ ਪਰਿਵਾਰ ਦੇ ਭਲੇ ਲਈ ਕੁਝ ਮੰਗਣਗੇ; ਅਰਜ਼-ਅਰਦਾਸਾਂ ਕਰ ਕੇ ਕੁਝ ਪ੍ਰਵਾਨ ਕਰਵਾਉਣਗੇ ਤੇ ਫਿਰ ਪ੍ਰਸਿੱਧੀ ਪ੍ਰਾਪਤ ਕਰਕੇ ਲੋਕਾਈ ਵਿਚ ਜਗਤ-ਗੁਰੂ ਕਹਾਉਣਗੇ ਜਾਂ ਰਾਜਨੇਤਾ ਬਣ ਕੇ ਮਾਲਾ ਮਾਲ ਹੋਣਗੇ। ਉਹ ਜਾਣਦੇ ਸਨ ਕਿ ਜਗਤ ਪ੍ਰਣਾਲੀ ਵਿਚ ਪਹਿਲੇ ਦਿਨ ਤੋਂ ਹੀ ਭੰਡਾਰਾਂ ਦੀ ਇੰਨੀ ਭਰਮਾਰ ਹੈ ਕਿ ਇਹ ਜੋ ਅਨੰਤ ਜੀਵ ਜੰਤੂਆਂ ਦੇ ਉਪਭੋਗਣ ਲਈ ਹਮੇਸ਼ਾ ਹਮੇਸ਼ਾ ਲਈ ਵਾਧੂ ਹਨ।
ਗੁਰੂ ਨਾਨਕ ਨੇ ‘ਜੋ ਕਿਛੁ ਪਾਇਆ ਸੋ ਏਕਾ ਵਾਰ’ ਲਿਖ ਕੇ ਦਰਸਾਇਆ ਹੈ ਕਿ ਇਹ ਸਮੱਗਰੀ ਇਕ ਵਾਰ ਦੀ ਹੀ ਪਈ ਹੋਈ ਹੈ, ਜੋ ਆਦਿ ਕਾਲ ਤੋਂ ਵਰਤਦੀ ਚਲੀ ਆ ਰਹੀ ਹੈ ਤੇ ਅਨੰਤ ਕਾਲ ਤੀਕ ਉਪਲਬਧ ਰਹੇਗੀ। ਹਾਂ, ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ’ ਲਿਖ ਕੇ ਉਨ੍ਹਾਂ ਨੇ ਇਸ ਗੱਲ ਵੱਲ ਵੀ ਸੰਕੇਤ ਕੀਤਾ ਕਿ ਭਾਵੇਂ ਕੁਦਰਤ ਦੇ ਕੱਚੀ ਸਮੱਗਰੀ ਦੇ ਭੰਡਾਰ ਸਭ ਲਈ ਸਭ ਦੇ ਵਰਤਣ ਲਈ ਅਮੁੱਕ ਹਨ, ਪਰ ਉਪਭੋਗੀ ਵਸਤਾਂ ਦੇ ਰੂਪ ਵਿਚ ਇਹ ਮਨੁੱਖ ਦੀ ਝੋਲੀ ਵਿਚ ਉਸ ਦੇ ਉਦਮ ਭਾਵ ਕਿਰਤ ਦੇ ਅਨੁਪਾਤ ਵਿਚ ਹੀ ਪੈਂਦੇ ਹਨ। ਖੂਹ ਵਿਚ ਪਾਣੀ ਸਭ ਲਈ ਵਾਧੂ ਹੈ, ਪਰ ਵਰਤੇਗਾ ਹਰ ਕੋਈ ਉਨਾ ਹੀ, ਜਿੰਨਾ ਉਹ ਖਿੱਚ ਕੇ ਕੱਢੇਗਾ। ਇਸ ਸਬੰਧ ਵਿਚ ਕਿਸੇ ਪੂਜਾ ਜਾਂ ਅਰਦਾਸ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਇਨ੍ਹਾਂ ਕੰਮਾਂ ਨਾਲ ਉਸ ਦੀ ਬਾਲਟੀ ਪਾਣੀ ਨਾਲ ਭਰ ਕੇ ਆਪਣੇ ਆਪ ਬਾਹਰ ਨਹੀਂ ਆਵੇਗੀ। ਪੂਜਾ ਤੇ ਅਰਦਾਸ ਦਾ ਕੋਈ ਮਹੱਤਵ ਹੋਵੇ ਵੀ ਕਿਉਂ, ਜਦੋਂ ਗੁਰੂ ਸਾਹਿਬ ਆਪ ਦੱਸਦੇ ਸਨ ਕਿ ਕੁਦਰਤ ਦੇ ਕਾਰਕ ਦਾ ਅਸਤਿਤਵ ਅਜੂਨੀ ਹੈ ਤੇ ਇਸ ਦੇ ਅਸੂਲ ਸਦੀਵੀ ਤੌਰ ‘ਤੇ ਪੱਕੇ ਅਤੇ ਨਿਰਭਉ ਤੇ ਨਿਰਵੈਰ ਹਨ।
ਗੁਰੂ ਸਾਹਿਬ ਨੇ ਜਪੁਜੀ ਸਾਹਿਬ ਲਿਖ ਕੇ ਕੁੱਜੇ ਵਿਚ ਵਿਗਿਆਨਕ ਸੇਧ ਦਾ ਸਮੁੰਦਰ ਬੰਦ ਕੀਤਾ ਹੈ। ਜੋ ਵਿਅਕਤੀ ਇਸ ਦੀ ਤਰਕ ਸੰਗਤ ਵਿਆਖਿਆ ਕਰੇਗਾ, ਉਹ ਭਵਜਲ ਤਰੇਗਾ ਭਾਵ ਭਰਮ ਤੇ ਅਗਿਆਨ ਦੀਆਂ ਕਸ਼ਟਮਈ ਘੁੰਮਣ-ਘੇਰੀਆਂ ‘ਚੋਂ ਨਿਕਲ ਕੇ ਵਿਗਿਆਨ ਤੇ ਗਿਆਨ ਨਾਲ ਜੁੜੇਗਾ। ਜੋ ਉਨ੍ਹਾਂ ਦੇ ਕਹੇ ਬੋਲ ਭਾਵ ਬਾਣੀ ਨੂੰ ਮਨਮਾਨੇ ਢੰਗ ਨਾਲ ਵਿਗਾੜ ਕੇ ਜਾਂ ਤੋੜ-ਮਰੋੜ ਕੇ ਕੁਤਰਕ ਚਲਾਵੇਗਾ, ਉਹ ਅਗਿਆਨ ਦੇ ਰਸਤੇ ਪੈ ਕੇ ਮੂਰਖਾਂ ਦੇ ਮੂਰਖਾਂ ਦਾ ਸ਼੍ਰੋਮਣੀ ਮੂਰਖ ਕਹਾਏਗਾ। ਸ਼ਾਇਦ ਇਹੀ ਅਰਥ ਹੈ ਉਨ੍ਹਾਂ ਦੀ ਤੁਕ ‘ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰਿ ਗਵਾਰਾ ਗਵਾਰ’ ਦਾ!
ਪਰ ਇੰਨਾ ਸਪਸ਼ਟ ਹੋਣ ਦੇ ਬਾਵਜੂਦ ਅਜੋਕੇ ਸਿੱਖ ਵਿਦਵਾਨ, ਟੀਕਾਕਾਰ ਤੇ ਪੁਜਾਰੀ ਵਰਗ ਗੁਰੂ ਸਾਹਿਬ ਦੀ ਇਸ ਧਾਰਨਾ ਦੇ ਉਲਟ ਪ੍ਰਚਾਰ ਕਰੀ ਜਾਂਦੇ ਹਨ। ਉਹ ਗੁਰੂ ਸਾਹਿਬ ਨੂੰ ਭਗਤੀ ਲਹਿਰ ਨਾਲ ਜੋੜਦਿਆਂ ਉਨ੍ਹਾਂ ਦੇ ਮੁੱਖ ਸਰੋਕਾਰ ਨੂੰ ਅਧਿਆਤਮਕ ਪ੍ਰਕਿਰਤੀ ਵਾਲਾ ਹੀ ਮੰਨੀ ਜਾਂਦੇ ਹਨ। ਉਹ ਆਪਣੀ ਰੂੜ੍ਹੀਵਾਦੀ ਸੋਚ ਕਾਰਨ ਗੁਰੂ ਨਾਨਕ ਦੇ ਖੋਜ ਆਧਾਰਤ ਗਿਆਨ ਰੂਪੀ ਮਨੋਰਥ ਦੀ ਭਿਣਕ ਆਮ ਸਿੱਖ ਸ਼ਰਧਾਲੂਆਂ ਨੂੰ ਨਹੀਂ ਪੈਣ ਦਿੰਦੇ। ਸ਼ਾਇਦ ਉਹ ਆਪ ਹੀ ਗਣਿਤ ਤੇ ਵਿਗਿਆਨ ਦੇ ਗਿਆਨ ਤੋਂ ਵਿਜੋਗੇ ਹੋਏ ਹਨ।