ਰਿਪੁਦਮਨ ਸਿੰਘ ਰੂਪ, ਮੁਹਾਲੀ
ਫੋਨ: 91- 98767-68960
ਵੀਰ (ਸੰਤੋਖ ਸਿੰਘ ਧੀਰ) ਤੋਂ ਬਿਨਾ ਦਾ ਇਹ ਸੰਸਾਰ ਐਂ ਲਗਦਾ ਸੀ, ਜਿਵੇਂ ਹੁਣ ਇਹ ਮੇਰੇ ਜਿਉਣ ਜੋਗਾ ਨਾ ਰਿਹਾ ਹੋਵੇ। ਹੁਣ ਮੈਂ ਇਸ ਸੰਸਾਰ ਵਿਚ ਕੀ ਕਰਨਾ ਹੈ? ਵੀਰ ਦੇ ਹੁੰਦਿਆਂ ਐਂ ਲਗਦਾ ਸੀ, ਜਿਵੇਂ ਸਾਡੇ ਵਿਚੋਂ ਕਦੇ ਕੋਈ ਨਹੀਂ ਵਿਛੜੇਗਾ।
31 ਮਈ 2009 ਨੂੰ ਜਦੋਂ ਮੈਨੂੰ ਵੀਰ ਦੇ ਚੱਕਰ ਖਾ ਕੇ ਡਿੱਗਣ ਬਾਰੇ ਪਤਾ ਲੱਗਾ ਤਾਂ ਮੈਂ ਵੀਰ ਨੂੰ ਮਿਲਣ ਗਿਆ। ਐਨੀਆਂ ਸੱਟਾਂ ਵੀਰ ਦੇ ਲੱਗੀਆਂ ਮੈਂ ਕਦੇ ਨਹੀਂ ਸਨ ਦੇਖੀਆਂ। ਮੁਹਾਲੀ ਦੇ ਉਚ ਕੋਟੀ ਦੇ ਨਿਊਰੋਲੋਜਿਸਟ ਡਾ. ਜਸਬੀਰ ਸਿੰਘ ਸ਼ਸ਼ੀ ਕੋਲੋਂ ਇਲਾਜ ਸ਼ੁਰੂ ਕੀਤਾ। ਡਾ. ਸ਼ਸ਼ੀ ਵੀਰ ਦਾ ਬੜੇ ਸਤਿਕਾਰ ਤੇ ਮੋਹ ਨਾਲ ਇਲਾਜ ਕਰਦੇ ਸਨ। ਫੀਸ ਤਾਂ ਕੀ ਲੈਣੀ ਸੀ, ਕਈ ਵਾਰ ਦਵਾਈਆਂ ਵੀ ਕੋਲੋਂ ਦੇ ਦਿੰਦੇ। ਛੇਤੀ ਹੀ ਵੀਰ ਜੀ ਮੁੜ ਸਿਹਤਯਾਬ ਹੋ ਕੇ ਆਪਣੀ ਮੇਜ ‘ਤੇ ਕੰਮ ਕਰਨ ਲੱਗ ਪਏ। ਹੁਣ ਅਸੀਂ ਸਾਰੇ ਬੇਫਿਕਰ ਸਾਂ। ਸਾਲ 2009 ਦੀਆਂ ਗਰਮੀਆਂ ਚੰਗੀਆਂ ਲੰਘ ਗਈਆਂ। ਉਨ੍ਹਾਂ ਦੇ ਕਮਰੇ ਵਿਚ ਉਚੇਚਾ ਏ. ਸੀ. ਲਵਾਇਆ ਗਿਆ। ਵੀਰ ਬੜੇ ਖੁਸ਼ ਸਨ। ਲਿਖਣ-ਪੜ੍ਹਨ ਵਿਚ ਗਲਤਾਨ। ਉਸੇ ਸਾਲ ਦਸੰਬਰ ਵਿਚ ਉਨ੍ਹਾਂ ਦਾ ਕਾਵਿ ਸੰਗ੍ਰਿਹ ‘ਕੋਧਰੇ ਦਾ ਮਹਾਂਗੀਤ’ ਛਪਿਆ।
—
ਇਹ ਨਹੀਂ ਕਿ ਵੀਰ ਅਤੇ ਮੈਂ ਕਦੇ ਲੜੇ ਨਾ ਹੋਈਏ, ਪਰ ਸਾਡਾ ਝਗੜਾ ਵਿਚਾਰਾਂ ਦਾ ਹੁੰਦਾ ਸੀ ਜਾਂ ਰਾਵਾਂ ਦੇ ਫਰਕਾਂ ਦਾ। ਮੇਰੀ ਤਕਰਾਰ ਵੀਰ ਨਾਲ ਇਕ ਦਫਾ ਉਦੋਂ ਹੋਈ, ਜਦ ਉਹ 1995 ਵਿਚ ਕੇਂਦਰੀ ਲੇਖਕ ਸਭਾ ਦੀ ਪ੍ਰਧਾਨਗੀ ਦੀ ਚੋਣ ਭਾਅ ਜੀ ਗੁਰਸ਼ਰਨ ਸਿੰਘ ਦੇ ਖਿਲਾਫ ਲੜਨ ਲਈ ਮੰਨ ਗਏ। ਮੈਂ ਵੀਰ ਨੂੰ ਕਿਹਾ, “ਵੀਰ 75 ਸਾਲਾਂ ਦੀ ਉਮਰ ਵਿਚ ਤੁਸੀਂ ਚੋਣ ਲੜਦੇ ਸਜਦੇ ਹੋ? ਫਿਰ ਗੁਰਸ਼ਰਨ ਸਿੰਘ ਦੇ ਮੁਕਾਬਲੇ? ਦੋ ਦਿਓ ਕੱਦ ਵਿਅਕਤੀਆਂ ਨੂੰ ਆਪੋ-ਵਿਚੀਂ ਚੋਣ ਨਹੀਂ ਲੜਨੀ ਚਾਹੀਦੀ। ਤੁਹਾਡੀ ਸ਼ਖਸੀਅਤ ਹੁਣ ਅਜਿਹੀਆਂ ਚੋਣਾਂ ਲੜਨ ਤੋਂ ਉਤੇ ਹੈ। ਪਾਰਟੀ ਲੀਡਰਾਂ ਨੇ ਤਾਂ ਆਪਣਾ ਇੱਕ ਫਰੰਟ ਸਫਲ ਕਰਕੇ ਦਿਖਾਉਣਾ ਹੈ, ਤੁਹਾਡੀ ਸ਼ਖਸੀਅਤ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ।”
ਖੈਰ! ਵੀਰ ਜੀ ਚੋਣ ਲੜੇ ਅਤੇ ਗੁਰਸ਼ਰਨ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ। ਮੈਂ ਕਿਸੇ ਕਾਰਨ ਲੁਧਿਆਣੇ ਵੋਟ ਪਾਉਣ ਨਾ ਜਾ ਸਕਿਆ। ਚੋਣ ਤੋਂ ਸਿੱਧੇ ਵੀਰ ਹੋਰੀਂ ਅਤੇ ਕਾਮਰੇਡ ਤੁਲਸੀ ਰਾਮ ਮੇਰੇ ਘਰ ਆ ਗਏ। ਉਹ ਜਿੱਤ ਸਬੰਧੀ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਵੋਟਾਂ ਦੀ ਗਿਣਤੀ ਦੱਸੀ, ਵੱਡਾ ਫਰਕ ਸੀ, ਪਰ ਮੈਂ ਅਜੇ ਵੀ ਖੁਸ਼ ਨਹੀਂ ਸਾਂ। ਮੈਂ ਕਿਹਾ, “ਵੀਰ ਜਿੰਨੀਆਂ ਵੋਟਾਂ ਗੁਰਸ਼ਰਨ ਸਿੰਘ ਨੂੰ ਪਈਆਂ ਹਨ, ਉਹ ਵੀ ਤੁਹਾਡੀਆਂ ਹੀ ਸਨ। ਸਾਰੀਆਂ ਖੱਬੀਆਂ ਪਾਰਟੀਆਂ, ਨਕਸਲਵਾਦੀ, ਮਾਰਕਸੀ ਅਤੇ ਹੋਰ ਫੁੱਟ ਪਿਛੋਂ ਬਣੀਆਂ ਖੱਬੀਆਂ ਪਾਰਟੀਆਂ ਦੇ ਲੇਖਕ ਤੁਹਾਡਾ ਉਵੇਂ ਹੀ ਸਤਿਕਾਰ ਕਰਦੇ ਸਨ, ਪਰ ਹੁਣ ਇਹ ਲੇਖਕ, ਜੋ ਗੁਰਸ਼ਰਨ ਸਿੰਘ ਨੂੰ ਭੁਗਤੇ ਹਨ, ਤੁਹਾਡੇ ਖਿਲਾਫ ਕਿਉਂ ਹੋ ਗਏ?”
ਪਿਛੋਂ ਵਿਚੇ-ਵਿਚ ਪਤਾ ਨਹੀਂ ਵੀਰ ਦੇ ਦਿਲ ਵਿਚ ਕੀ ਸੰਘਰਸ਼ ਹੁੰਦਾ ਰਿਹਾ। ਉਨ੍ਹਾਂ ਇੱਕ ਲੇਖ ਲਿਖਿਆ ‘ਜਿੱਤ ਨਹੀਂ, ਹਾਰ’, ਜੋ ਉਨ੍ਹਾਂ ਦੀ ਪੁਸਤਕ ‘ਚਾਰ ਵਰ੍ਹੇ’ ਵਿਚ ਸ਼ਾਮਿਲ ਹੈ। ਵੀਰ ਦਾ ਇਹ ਲੇਖ ਲਿਖਣਾ, ਇੱਕ ਵਡਿੱਤਣ ਸੀ। ਲੇਖ ਲਿਖਣ ਪਿਛੋਂ ਵੀਰ ਨੇ ਮੈਨੂੰ ਕਿਹਾ, ਰੀਪੇ ਹੁਣ ਤਾਂ ਠੀਕ ਐ…ਹੁਣ ਤੂੰ ਖੁਸ਼ ਐਂ! ਤੇਰੀ ਗੱਲ ਠੀਕ ਸੀ, ਮੈਨੂੰ ਚੋਣ ਨਹੀਂ ਸੀ ਲੜਨੀ ਚਾਹੀਦੀ।
—
ਘਰੋਗੀ ਗਰੀਬੀ ਅਤੇ ਸਮਾਜਕ ਨਾਬਰਾਬਰੀ ਕਾਰਨ ਵੀਰ ਸਦਾ ਇਕ ਅਪ੍ਰਤੱਖ ਮਾਨਸਿਕ ਦਬਾਅ ਹੇਠ ਵਿਚਰਦੇ ਰਹੇ। ਮਾਰਚ 1962 ਵਿਚ ਵੀਰ ਨੇ ਕਿਹਾ, “ਰੀਪੇ ਮੈਂ ਬੀਮਾਰ ਹੋ ਗਿਆਂ, ਤੇ ਬੀਮਾਰੀ ਮੈਨੂੰ ਸਮਝ ਨਹੀਂ ਆ ਰਹੀ। ਇਕ ਦਿਨ ਗੁਰਚਰਨ ਰਾਮਪੁਰੀ ਆਇਆ, ਉਹਨੇ ਦੱਸਿਆ ਕਿ ਮੈਂ ਸਾਈਕੈਟਰੀ ਹੋ ਗਿਆ ਹਾਂ। ਦਿਮਾਗੀ ਬੀਮਾਰੀ ਦੱਸਦਾ ਸੀ ਉਹ। ਉਸ ਨੇ ਦਸਿਆ ਕਿ ਅੰਮ੍ਰਿਤਸਰ ਇੱਕ ਡਾਕਟਰ ਜਸਵੰਤ ਸਿੰਘ ਨੇਕੀ ਹੈ। ਵੱਡਾ ਡਾਕਟਰ ਹੈ ਤੇ ਕਵੀ ਵੀ ਹੈ। ਤੇਰਾ ਬਹੁਤ ਠੀਕ ਢੰਗ ਤੇ ਅਪਣੱਤ ਨਾਲ ਇਲਾਜ ਕਰੇਗਾ ਉਹ। ਉਹਦੀ ਭੈਣ ਅੰਮ੍ਰਿਤ ਕੌਰ ਸੁਰਜਨ ਜ਼ੀਰਵੀ ਨੂੰ ਵਿਆਹੀ ਹੋਈ ਹੈ। ਮੈਂ ਹੁਣ ਰੀਪੇ ਉਥੇ ਜਾਵਾਂਗਾ, ਇਲਾਜ ਕਰਵਾਉਣ, ਡਾਕਟਰ ਨੇਕੀ ਕੋਲ।”
ਵੀਰ ਵਿਜੈ ਹਸਪਤਾਲ, ਅੰਮ੍ਰਿਤਸਰ ਦਾਖਿਲ ਹੋ ਗਿਆ। ਇਸ ਹਸਪਤਾਲ ਨੂੰ ਆਮ ਕਰਕੇ ਪਾਗਲਾਂ ਦਾ ਹਸਪਤਾਲ ਕਿਹਾ ਜਾਂਦਾ ਸੀ। ਮੈਂ ਅਤੇ ਜੀਜਾ ਕੁਲਵੰਤ ਵੀਰ ਨੂੰ ਮਿਲਣ ਗਏ। ਡਾ. ਨੇਕੀ ਨੇ ਕਿਹਾ, “ਚੰਗਾ ਕੀਤਾ ਰੂਪ ਤੂੰ ਆ ਗਿਐਂ, ਹੁਣ ਧੀਰ ਦੀ ਬੀਮਾਰੀ ਦਵਾਈਆਂ ਤੇ ਟੀਕਿਆਂ ਨਾਲ ਏਥੇ ਪਹੁੰਚ ਗਈ, ਜਿੱਥੇ ਮਰੀਜ਼ ਵਿਚ ਉਤੇਜਨਾ ਆ ਜਾਂਦੀ ਹੈ। ਬੀਮਾਰੀ ਇਕ ਵਾਰ ਭੜਕਦੀ ਹੈ, ਜੇ ਤੁਸੀਂ ਨਾ ਆਉਂਦੇ ਤਾਂ ਧੀਰ ਨੇ ਬਿਨਾ ਦੱਸੇ ਹਸਪਤਾਲੋਂ ਚਲੇ ਜਾਣਾ ਸੀ। ਹੋ ਸਕਦਾ ਸੀ ਕਿ ਰਸਤੇ ਵਿਚ ਪੈਂਦੇ ਦਰਿਆ ਬਿਆਸ ਜਾਂ ਸਤਲੁਜ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਂਦਾ, ਪਰ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ, ਧੀਰ ਰਾਜੀ ਹੋ ਕੇ ਜਾਵੇਗਾ।”
ਹੁਣ ਵੀਰ ਕੋਲ ਮੈਂ ਰਹਿੰਦਾ ਜਾਂ ਮੇਰਾ ਦੋਸਤ ਨਾਗਰ, ਜੋ ਵੀਰ ਨੂੰ ਆਪਣਾ ਵੱਡਾ ਭਰਾ ਹੀ ਸਮਝਦਾ ਸੀ। ਵੀਰ ਰਾਜ਼ੀ ਹੋ ਕੇ ਆ ਗਿਆ। ਫਿਰ ਆਪਣੇ ਕੰਮ ਕਰਨ ਲੱਗਾ। ਡਾ. ਨੇਕੀ ਰੋਹਤਕ ਬਦਲ ਕੇ ਆ ਗਏ। ਮੈਂ ਅਤੇ ਨਾਗਰ ਹੁਣ ਉਨ੍ਹਾਂ ਕੋਲ ਵਾਰੀ ਵਾਰੀ ਰੋਹਤਕ ਰਹਿੰਦੇ ਸਾਂ। ਛੁੱਟੀਆਂ ਲੈ ਕੇ।
ਅਸਲ ਵਿਚ ਵੀਰ ਦੀ ਇਸ ਬੀਮਾਰੀ ਦੀ ਜੜ੍ਹ 1957 ਵਿਚ ਲੱਗ ਚੁਕੀ ਸੀ। ਜਦੋਂ ਵੀਰ ਦੇ ਸ਼ਾਨਦਾਰ ਨਾਵਲ ‘ਯਾਦਗਾਰ’ ਦੀ ਨਾਇਕਾ ਕੰਵਲ 19 ਮਈ 1957 ਨੂੰ ਸਵਰਗਵਾਸ ਹੋਈ। ਫਿਰ ਇਲਾਜ ਹੋਣ ਪਿਛੋਂ ਅਤੇ ਮੇਰੇ ਵਲੋਂ ਵੀਰ ਨਾਲ ਹਰ ਦੁੱਖ-ਸੁੱਖ ਵਿਚ ਖੜ ਜਾਣ ਨੇ ਵੀਰ ਨੂੰ ਹੌਸਲੇ ਵਿਚ ਕਰ ਦਿੱਤਾ। ਮੇਰੀ ਪਤਨੀ ਸਤਿਪਾਲ ਕੌਰ ਮੇਰਾ ਪੂਰਾ ਸਾਥ ਦਿੰਦੀ। 1965 ਵਿਚ ਉਹ ਵੀ ਅਧਿਆਪਕਾ ਲੱਗ ਗਈ। ਹੁਣ ਮੈਨੂੰ ਵੀਰ ਦੀ ਆਰਥਕ ਮਦਦ ਕਰਨੀ ਸੌਖੀ ਹੋ ਗਈ।
—
ਪਿੰਡ ਡਡਹੇੜੀ ਤੋਂ ਅਸੀਂ ਮੁਹਾਲੀ ਆਏ। ਵੀਰ ਨੇ ਪਹਿਲਾਂ ਸਾਡੀ ਮੁਹਾਲੀ ਬਦਲੀ ਕਰਵਾਈ, 1977 ਵਿਚ। ਫਿਰ ਵੀਰ ਜੀ ਆਪ ਸਮਾਨ ਚੁਕ 5 ਮਈ 1981 ਨੂੰ ਮਾਰਕਸ ਦੇ ਜਨਮ ਦਿਨ ਵਾਲੇ ਦਿਨ ਮੁਹਾਲੀ ਆ ਗਏ।
ਵੱਡੇ ਜੁਆਈ ਬਲਜੀਤ ਪੰਨੂੰ ਦੀ 1980 ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਦੂਜਾ ਜੁਆਈ ਬੰਤ ਸਿੰਘ ਰਾਏਪੁਰੀ ‘ਜੱਗ ਬਾਣੀ’ ਵਿਚ ਲੱਗਾ ਹੋਣ ਕਰਕੇ ਅਤਿਵਾਦੀਆਂ ਹੱਥੋਂ 4 ਮਈ 1988 ਨੂੰ ਸ਼ਹੀਦ ਕਰ ਦਿੱਤਾ ਗਿਆ, ਪਰ ਕਠਿਨਾਈਆਂ ਭਰਪੂਰ ਜ਼ਿੰਦਗੀ ਵਿਚ ਵੀਰ ਜੀ ਕਦੇ ਨਾ ਡੋਲੇ ਅਤੇ ਨਾ ਹੀ ਅਣਖ ਤੇ ਸੱਚ ਦਾ ਪੱਲਾ ਛੱਡਿਆ।
—
‘ਕੋਈ ਇਕ ਸਵਾਰ’ ਕਹਾਣੀ ਵੀਰ ਨੇ ਮੇਰੇ ਸਾਹਮਣੇ ਮੰਡੀ ਗੋਬਿੰਦਗੜ੍ਹ, ਜਿਥੇ ਉਹ ਗਿਆਨੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਬੈਠ ਕੇ ਲਿਖੀ। ਪਰ ਨਾ ਵੀਰ ਨੂੰ ਪਤਾ ਸੀ ਅਤੇ ਨਾ ਹੀ ਮੈਨੂੰ ਕਿ ਇਸ ਕਹਾਣੀ ਕਰਕੇ ਵੀਰ ਸੰਸਾਰ ਵਿਚ ਜਾਣਿਆ ਜਾਵੇਗਾ।
‘ਕੁਆਰੀ ਪ੍ਰੀਤ’ ਵੀਰ ਦੀ ਸਭ ਤੋਂ ਪਹਿਲੀ ਕਹਾਣੀ ਹੈ, ਜੋ ਉਨ੍ਹਾਂ ਜੱਲ੍ਹੇ ਲਿਖੀ ਸੀ, ਜਿਥੇ ਉਹ ਅਫੀਮ ਦੇ ਠੇਕੇ ‘ਤੇ ਬੈਠਿਆ ਕਰਦੇ ਸਨ। ‘ਮੇਰਾ ਉਜੜਿਆ ਗੁਆਂਢੀ’, ‘ਡੈਣ’, ‘ਸਵੇਰ ਹੋਣ ਤੱਕ’, ‘ਸਾਂਝੀ ਕੰਧ’, ‘ਮੰਗੋ’, ‘ਭੇਤ ਵਾਲੀ ਗੱਲ’, ‘ਲਾਲ ਕਿਤਾਬ’, ‘ਅਸਲੀ ਫਲਾਂ ਦੀ ਟੋਕਰੀ’, ‘ਪੱਖੀ’, ‘ਪੱਕਾ ਰਾਗ’ ਆਦਿ ਵੀ ਉਨ੍ਹਾਂ ਦੀਆਂ ਪ੍ਰਸਿਧ ਕਹਾਣੀਆਂ ਹਨ। ‘ਕੰਨ ਕੰਧਾਂ ਦੇ’, ‘ਨਿੱਕੀ ਸਲੇਟੀ ਸੜ੍ਹਕ ਦਾ ਟੋਟਾ’, ‘ਖੋ ਗਈ ਕਿਧਰੇ ਦਿਲ ਦੀ ਟੁਕੜੀ’, ‘ਹੁਣ ਇੱਕ ਭੇਜ ਕਟਾਰ’, ‘ਇਨਾਮ’, ‘ਹਾਜ਼ਰਾ ਬੇਗਮ’, ‘ਭਗਤ ਸਿੰਘ ਟੀਟੂ’, ‘ਕਲਾ ਦਾ ਸੁਨੇਹਾ’, ‘ਕੂ ਕੂ’, ‘ਕਿੰਨਾ ਬਦਮਾਸ਼ ਹੈ ਔਰੰਗਜ਼ੇਬ’, ‘ਜਦੋਂ ਅਸੀਂ ਆਵਾਂਗੇ’, ‘ਮੈਂ ਮੁਖਬਰ ਨਹੀਂ ਹਾਂ’, ‘ਨਹੀਂ, ਮੈਂ ਰੋਵਾਂਗਾ ਨਹੀਂ’, ‘ਪੈਰ’, ‘ਮੈਂ ਹਾਂ ਬਾਰੂ ਤਾਂਗੇ ਵਾਲਾ’, ‘ਵਿਸ਼ਵੀਕਰਨ’ ਆਦਿ ਵੀਰ ਜੀ ਦੀਆਂ ਪ੍ਰਸਿੱਧ ਕਵਿਤਾਵਾਂ ਹਨ।
ਨਾਵਲਾਂ ਵਿਚ ‘ਯਾਦਗਾਰ’ ਤੇ ‘ਨਵਾਂ ਜਨਮ’ ਨੇ ਆਪਣਾ ਸਥਾਨ ਬਣਾਇਆ ਹੈ। ‘ਹਿੰਦੋਸਤਾਨ ਹਮਾਰਾ’ ਵਿਚ ਨਿਆਂਪਾਲਿਕਾ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ‘ਨਵਾਂ ਜਨਮ’ ਸੰਸਾਰ ਭਰ ਵਿਚ ਮਨੋਵਿਗਿਆਨ ਦਾ ਸ਼ਾਇਦ ਇਹ ਇੱਕੋ ਇੱਕ ਨਾਵਲ ਹੋਵੇ।
ਹਾਲਾਂਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਵੀਰ ਜੀ ਨੂੰ ਸਿਰਮੌਰ ਸਾਹਿਤਕ ਸਨਮਾਨਾਂ ਨਾਲ ਨਿਵਾਜਿਆ ਗਿਆ, ਪਰ ਵੀਰ ਦਾ ਕਹਿਣਾ ਸੀ ਕਿ ਪਾਠਕਾਂ ਦੀ ਪ੍ਰਵਾਨਗੀ ਸਭ ਤੋਂ ਉਤੇ ਹੈ।
—
ਫਰਵਰੀ 2010 ਵਿਚ ਮੈਂ ਵੀਰ ਨੂੰ ਪੀ. ਜੀ. ਆਈ. ਵਿਚ ਵੈਂਟੀਲੇਟਰ ‘ਤੇ ਔਖੇ ਔਖੇ ਸਾਹ ਲੈਂਦਿਆਂ ਮਸ਼ੀਨਾਂ ਵਿਚ ਜਕੜਿਆ ਦੇਖਿਆ। 8 ਫਰਵਰੀ 2010 ਨੂੰ ਸ਼ਾਮ ਸਵਾ ਪੰਜ ਵਜੇ ਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਮੈਂ ਬਿੰਦ ਦੀ ਬਿੰਦ ਭੁਚੱਕਾ ਰਹਿ ਗਿਆ। ਬਾਹਰ ਆ ਕੇ ਮੈਂ ਪੌੜੀਆਂ ‘ਤੇ ਬੈਠ ਕੇ ਧਾਹੀਂ ਰੋ ਰਿਹਾ ਸਾਂ ਕਿ ਮੈਂ ਹੁਣ ਵੀਰ ਵਿਹੁਣਾ ਹੋ ਗਿਆ ਹਾਂ। ਮੇਰਾ ਰੋਣ ਥੰਮਿਆ ਨਹੀਂ ਸੀ ਜਾਂਦਾ।
ਸਾਰੇ ਪਰਿਵਾਰ ਦੀ ਸਹਿਮਤੀ ਨਾਲ ਵੀਰ ਦੀ ਦੇਹ ਪੀ. ਜੀ. ਆਈ. ਨੂੰ ਖੋਜ ਕਾਰਜਾਂ ਹਿਤ ਦਾਨ ਕੀਤੀ ਗਈ। ਡਾਕਟਰਾਂ ਵਲੋਂ ਖਬਰਾਂ ਆਈਆਂ ਕਿ ਪ੍ਰਸਿੱਧ ਮਾਰਕਸੀ ਨੇਤਾ ਅਤੇ ਬੰਗਾਲ ਦੇ ਲੰਮਾ ਸਮਾਂ ਮੁੱਖ ਮੰਤਰੀ ਰਹੇ ਕਾਮਰੇਡ ਜਯੋਤੀ ਬਾਸੂ ਅਤੇ ਪ੍ਰਸਿੱਧ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਦੇ ਦਿਮਾਗ ਦੀ ਖੋਜ ਅੰਤਰਰਾਸ਼ਟਰੀ ਪੱਧਰ ਦੇ ਡਾਕਟਰ ਚੀਨ ਵਿਚ ਕਰਨਗੇ।
14 ਫਰਵਰੀ 2010 ਨੂੰ ਵੱਡੇ ਪੰਡਾਲ ਵਿਚ ਵੀਰ ਜੀ ਦਾ ਸਿਮਰਤੀ ਸਮਾਰੋਹ ਕੀਤਾ ਗਿਆ। ਲੇਖਕ, ਬੁੱਧੀਜੀਵੀ, ਪ੍ਰੋਫੈਸਰ, ਵਕੀਲ, ਲਗਭਗ ਸਾਰੀਆਂ ਪਾਰਟੀਆਂ ਦੇ ਆਗੂ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਕਿਸਾਨਾਂ-ਮਜ਼ਦੂਰਾਂ, ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ, ਵਰਕਰ ਹੁਮ-ਹੁਮਾ ਕੇ ਪਹੁੰਚੇ। ਨਾਮਧਾਰੀ ਸੰਸਥਾ ਭੈਣੀ ਸਾਹਿਬ ਵਲੋਂ ਦੋ ਹਜ਼ਾਰ ਸੰਗਤਾਂ ਲਈ ਲੰਗਰ ਤਿਆਰ ਕੀਤਾ ਗਿਆ। ਕਿਸਾਨ ਅਤੇ ਖੇਤ ਮਜ਼ਦੂਰ ਸਭਾ ਵਲੋਂ ਮਾਇਕ ਮਦਦ ਪਰਿਵਾਰ ਨੂੰ ਦਿੱਤੀ ਗਈ। ਪਲਸ ਮੰਚ, ਸੀ. ਪੀ. ਆਈ. (ਐਮ. ਐਲ਼) ਅਤੇ ਉਨ੍ਹਾਂ ਦੀਆਂ ਜਨਤਕ ਜਥੇਬੰਦੀਆਂ ਦੇ ਵਰਕਰ ਇਨਕਲਾਬੀ ਲੇਖਕ ਸੰਤੋਖ ਸਿੰਘ ਧੀਰ ਦੇ ਸਿਮਰਤੀ ਸਮਾਰੋਹ ਵਿਚ ਝੰਡੇ ਹੱਥਾਂ ਵਿਚ ਫੜ ਕੇ ਅਤੇ ‘ਸੰਤੋਖ ਸਿੰਘ ਧੀਰ ਅਮਰ ਰਹੇ’ ਦੇ ਨਾਅਰੇ ਮਾਰਦੇ ਸ਼ਾਮਿਲ ਹੋਏ।
ਪਹਿਲੀ ਮਈ ਨੂੰ ਪਲਸ ਮੰਚ ਵਲੋਂ ਭਾਅ ਗੁਰਸ਼ਰਨ ਸਿੰਘ, ਜਸਪਾਲ ਜੱਸੀ ਤੇ ਅਮੋਲਕ ਸਿੰਘ ਦੀ ਅਗਵਾਈ ਹੇਠ ਵੀਰ ਜੀ ਨੂੰ ਸਮਰਪਿਤ ਮਈ ਦਿਵਸ ਮਨਾਇਆ ਗਿਆ। ਉਨ੍ਹਾਂ ਦੀਆਂ ਕਵਿਤਾਵਾਂ ਦੇ ਨਾਟਕੀ ਰੁਪਾਂਤਰ ਪੇਸ਼ ਕੀਤੇ ਗਏ। ਕਵੀ ਦਰਬਾਰ ਕੀਤਾ। ਉਨ੍ਹਾਂ ਦੀਆਂ ਚੋਣਵੀਂਆਂ ਕਵਿਤਾਵਾਂ ਦਾ ਸੰਗ੍ਰਿਹ ‘ਬੋਲ ਰਿਹਾ ਪੈਗੰਬਰ’ ਨੂੰ ਹਜ਼ਾਰਾਂ ਲੋਕਾਂ ਦੀਆਂ ਤਾੜੀਆਂ ਨਾਲ ਸਟੇਜ ਤੋਂ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦੇ ਵੀਰ ਆਜੀਵਨ ਫੈਲੋ ਸਨ, ਨੇ ‘ਸੰਤੋਖ ਸਿੰਘ ਧੀਰ ਸਿਮਰਤੀ ਗ੍ਰੰਥ’ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਸ਼ਿਦਤ ਨਾਲ ਪ੍ਰੋੜਤਾ ਕੀਤੀ।
ਵੀਰ ਤਾਂ ਇਸ ਸੰਸਾਰ ਤੋਂ ਚਲਾ ਗਿਆ। ਪਹਿਲੋਂ ਪਹਿਲ ਤਾਂ ਮੈਂ ਵੀਰ ਦੀਆਂ ਅਤਿੰਮ ਰਸਮਾਂ ਵਿਚ ਰੁੱਝਾ ਰਿਹਾ, ਪਰ ਜਦੋਂ ਸਾਰੇ ਕੰਮ ਕਾਜ ਤੋਂ ਵਿਹਲਾ ਹੋ ਕੇ ਘਰ ਬੈਠ ਗਿਆ ਤਾਂ ਜਿਵੇਂ ਚੌਵੀਂ ਘੰਟੇ ਵੀਰ ਮੇਰੇ ਨਾਲ ਵਿਚਰਦਾ ਹੋਵੇ। ਬੈਠਿਆਂ, ਉਠਦਿਆਂ, ਸੌਂਦਿਆਂ, ਸੁਪਨਿਆਂ ਵਿਚ ਮੈਂ ਬਹੁਤ ਬੇਚੈਨ ਹੋ ਗਿਆ। 28 ਮਾਰਚ 2010 ਨੂੰ ਮੈਂ ਇਕ ਕਵਿਤਾ ਲਿਖੀ ‘ਫਿਕਰ ਨਾ ਕਰੀਂ ਵੀਰ’, ਜਿਸ ਦੀਆਂ ਮੁਢਲੀਆਂ ਟੁਕਾਂ ਇੰਜ ਹਨ,
ਵੀਰ ਤੇਰੇ ਮਗਰੋਂ
ਤੇਰੀ ਉਂਗਲ ਖੜੀ ਰਹੇਗੀ
ਛਾਤੀ ਤਣੀ ਰਹੇਗੀ
ਉਵੇਂ, ਜਿਵੇਂ
ਝੱਖੜਾਂ ਝਾਂਜਿਆਂ ਵਿਚ
ਉਤਰਾਵਾਂ ਚੜ੍ਹਾਵਾਂ ਵਿਚ
ਦੁੱਖਾਂ ਤਕਲੀਫਾਂ ਵਿਚ
ਵਿਵਸਥਾ ਨਾਲ ਲੜਦਿਆਂ ਝਗੜਦਿਆਂ
ਤੇਰੀ ਛਾਤੀ ਤਣੀ ਰਹੀ ਸੀ
ਉਂਗਲ ਖੜੀ ਰਹੀ ਸੀ।
ਇਹ ਕਵਿਤਾ ਲਿਖਣ ਨਾਲ ਮੈਂ ਜਿਵੇਂ ਮੁੜ ਜੀਵਨ ਵਿਚ ਆ ਗਿਆ ਹੋਵਾਂ। ਮੈਨੂੰ ਲੱਗਣ ਲੱਗਾ ਕਿ ਮੈਂ ਹੁਣ ਵੀਰ ਦੇ ਕੰਮਾਂ ਨੂੰ ਅੱਗੇ ਤੋਰਨ ਜੋਗਾ ਹੋ ਜਾਵਾਂਗਾ। ਇਸ ਵਰ੍ਹੇ ਜੁਲਾਈ ਵਿਚ ਵੀਰ ਹੋਰਾਂ ਦੀਆਂ ਮੈਨੂੰ 1975 ਵਿਚ ਇੰਗਲੈਂਡ ਤੋਂ ਲਿਖੀਆਂ ਚਿੱਠੀਆਂ ਦਾ ਸੰਗ੍ਰਿਹ ‘ਜਿਵੇਂ ਰਾਮ ਨੂੰ ਲਛਮਣ ਸੀ’ ਲੋਕ ਅਰਪਿਤ ਕਰਕੇ ਮੈਂ ਵੀਰ ਨੂੰ ਸਾਹਿਤ ਜਗਤ ਵਿਚ ਮੁੜ ਇਕ ਵਿਲੱਖਣਤਾ ਨਾਲ ਸੁਰਜੀਤ ਹੋਇਆ ਮਹਿਸੂਸ ਕੀਤਾ।