ਡਾ. ਬਲਕਾਰ ਸਿੰਘ ਪਟਿਆਲਾ
1947 ਵਿਚ ਦੇਸ਼ ਦੀ ਵੰਡ ਵੇਲੇ ਪੰਜਾਬ ਨੂੰ ਦੁਫਾੜ ਹੋਣਾ ਪੈ ਗਿਆ ਸੀ ਅਤੇ ਇਸ ਨਾਲ ਸਰਹੱਦ ਪਾਰਲੀ ਸਿੱਖ ਵਿਰਾਸਤ ਦਾ ਨਾ ਹੱਲ ਹੋਣ ਵਾਲਾ ਸੰਕਟ ਪੈਦਾ ਹੋ ਗਿਆ। ਇਸ ਬਾਰੇ ਗੁਰੂਕਿਆਂ ਵੱਲੋਂ ਕੁਝ ਕਰ ਗੁਜ਼ਰਨ ਦਾ ਹਾਸਲ ਹੈ, ਅੰਗਰੇਜ਼ੀ ਵਿਚ ਲਿਖੀ ਇਹ ਪੁਸਤਕ ‘ਦਿ ਸਿੱਖ ਹੈਰੀਟੇਜ: ਬਿਯੌਂਡ ਬਾਰਡਰਜ਼’, ਜਿਸ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਸਰਹੱਦ ਪਾਰਲੀ ਸਿੱਖ ਵਿਰਾਸਤ ਬਾਰੇ ਡਾ. ਦਲਵੀਰ ਸਿੰਘ ਪੰਨੂ ਦੀ 416 ਸਫਿਆਂ ਦੀ ਇਹ ਪੁਸਤਕ ‘ਜਿਨ੍ਹਾਂ ਤੋਂ ਵਿਛੋੜਿਆ ਗਿਆ ਹੈ’ ਦੇ ਉਦਰੇਵੇਂ ਅਤੇ ਗੁਰਦੁਆਰਿਆਂ ਦੇ ‘ਖੁਲ੍ਹੇ ਦਰਸ਼ਨ ਦੀਦਾਰ’ ਦੀ ਸਿੱਖ ਅਰਦਾਸ ਨਾਲ ਜੁੜੀ ਹੋਈ ਅਜਿਹੀ ਦਸਤਾਵੇਜ਼ ਹੈ, ਜੋ ਸਿੱਖ ਆਸਥਾ ਅਤੇ ਸਿੱਖ ਚੇਤਨਾ ਨਾਲ ਜੁੜੇ ਅਜਿਹੇ ਸਵਾਲ ਪੈਦਾ ਕਰਦੀ ਹੈ, ਜਿਸ ਨਾਲ ਪੈਦਾ ਹੋਣ ਵਾਲੀਆਂ ਵੰਗਾਰਾਂ ਵੱਲ ਸਾਡਾ ਧਿਆਨ ਵੱਖ ਵੱਖ ਕਾਰਨਾਂ ਕਰਕੇ ਨਾ ਵਰਗਾ ਹੀ ਗਿਆ ਹੈ। ਸਵਾਲਾਂ ਵਿਚ ਇਹ ਸ਼ਾਮਲ ਹੋ ਗਿਆ ਹੈ ਕਿ ਵਿਰਾਸਤੀ ਚੇਤਨਾ ਵਿਰਾਸਤੀ ਨਿਸ਼ਾਨੀਆਂ ਦੀ ਸਾਂਭ ਸੰਭਾਲ ਬਾਰੇ ਕੀ ਕਰ ਰਹੀ ਹੈ? ਇਹ ਵੀ ਸਵਾਲ ਹੈ ਕਿ ਵਿਰਾਸਤ ਨਾਲ ਜੁੜਿਆ ਜੋ ਵੀ ਹੈ ਅਤੇ ਜਿਵੇਂ ਵੀ ਹੈ, ਜੇ ਇਸ ਦੀ ਸੰਭਾਲ ਅਤੇ ਰਾਖੀ ਵਾਸਤੇ ਨਾ ਸੋਚਿਆ ਤਾਂ ਸਿੱਖ ਪੁਰਖੇ ਕੀ ਕਹਿਣਗੇ?
ਪੁਸਤਕ ਨਾਲ ਵਿਰਾਸਤੀ ਪੈੜਾਂ ਵੱਲ ਅਜਿਹੇ ਇਸ਼ਾਰੇ ਵੀ ਹੋ ਗਏ ਹਨ, ਜਿਨ੍ਹਾਂ ਨੂੰ ਵਿਰਾਸਤੀ ਸਾਂਭ ਸੰਭਾਲ ਦੀ ਵੰਗਾਰ ਕਹਿ ਰਿਹਾ ਹਾਂ ਕਿਉਂਕਿ ਅਗਲੀਆਂ ਪੀੜ੍ਹੀਆਂ ਤੱਕ ਵਿਰਾਸਤ ਨੂੰ ਪਹੁੰਚਾਉਣ ਦੀ ਜਿੰਮੇਵਾਰੀ ਸਾਡੀ ਹੈ। ਇਸ ਪਾਸੇ ਵਿਰਾਸਤੀ ਸੁਰ ਵਿਚ ਪ੍ਰਾਪਤ ਦੀ ਡੀਕੋਡਿੰਗ ਕਰਕੇ ਹੋ ਸਕਣ ਵਾਲਾ ਸਮਕਾਲੀ ਉਸਾਰ ਹੀ ਕੰਮ ਆ ਸਕਦਾ ਹੈ ਅਤੇ ਇਸ ਪਾਸੇ ਇਸ ਪੁਸਤਕ ਨੂੰ ਇਕ ਕਦਮ ਮੰਨਿਆ ਜਾਣਾ ਚਾਹੀਦਾ ਹੈ। ਇਸ ਪੁਸਤਕ ਨੂੰ ਜੇ ਸਿੱਖਾਂ ਦੇ ਸੰਸਥਾਈ-ਉਸਾਰ ਵੱਲ ਹੋ ਗਏ ਯਤਨ ਵਾਂਗ ਵੇਖੀਏ ਤਾਂ ਸਵਾਲ ਹੈ ਕਿ ਅਜਿਹਾ ਯਤਨ ਪੰਜਾਬ ਵਿਚ ਪੰਜਾਬ ਦੇ ਪੰਥਕ ਦਾਅਵੇਦਾਰਾਂ ਅਤੇ ਪੰਥਕ ਅਦਾਰਿਆਂ ਦੇ ਨਾਲ ਨਾਲ ਸਿੱਖ ਅਕਾਦਮੀਸ਼ਨਾਂ ਨੇ ਕਿਉਂ ਨਾ ਕੀਤਾ? ਜਿਸ ਸੂਚਨਾ ਨੂੰ ਇਸ ਪੁਸਤਕ ਦੇ ਰੂਪ ਵਿਚ ਡਾ. ਦਲਵੀਰ ਸਿੰਘ ਪੰਨੂ ਨੇ ਆਪਣੀ ਕਿਰਤ ਕਮਾਈ ਵਿਚੋਂ ਸਾਡੇ ਛਕਣ ਲਈ ਲੰਗਰ ਵਾਂਗ ਪਰੋਸਿਆ ਹੈ, ਉਸ ਨੂੰ ਓਨੀਂ ਹੀ ਸੁੱਚੀ ਰੀਝ ਨਾਲ ਛਕਣ ਵਾਲੇ ਕਿੰਨੇ ਕੁ ਹਨ?
ਇਹ ਪੁਸਤਕ ਤਾਂ ਇਹ ਸਮਝਣ ਵਿਚ ਵੀ ਮਦਦ ਕਰ ਸਕਦੀ ਹੈ ਕਿ ਪੰਜਾਬੋਂ ਹਿਜਰਤ ਕਰਨ ਵਾਲਿਆਂ ਦੀਆਂ ਮਜਬੂਰੀਆਂ ਅਤੇ ਸੇਵਾ ਭਾਵਨਾ ਨਾਲ ਨਿਭਦਿਆਂ ਵਾਪਸ ਪਰਤਣ ਦਾ ਉਦਰੇਵਾਂ ਇਕ ਪਾਸੇ ਹਿਜਰਤ ਦਰ ਹਿਜਰਤ ਦੀ ਹੋਣੀ ਜਿਹਾ ਲੱਗਦਾ ਹੈ ਅਤੇ ਦੂਜੇ ਪਾਸੇ ਵਿਰਾਸਤੀ ਜੜ੍ਹਾਂ ਵੱਲ ਪਰਤਣ ਦੇ ਹੰਭਲੇ ਜਿਹਾ। ਇਹ ਪੁਸਤਕ ਨਿਰੇ ਸਵਾਲ ਹੀ ਪੈਦਾ ਨਹੀਂ ਕਰਦੀ, ਸਗੋਂ ਬਹੁਤ ਸਾਰੇ ਅਣਗੌਲੇ ਸਵਾਲਾਂ ਦੇ ਉਤਰ ਲੱਭਣ ਵਿਚ ਵੀ ਸਹਾਈ ਹੈ। ਪੁਸਤਕ ਪੜ੍ਹੋ ਕੇ ਨਿਰਸੰਦੇਹ ਸਮਝ ਸਕੋਗੇ ਕਿ ਸਿੱਖਾਂ ਦੇ ਸੰਸਥਾਈ ਖੋਰੇ ਨਾਲ ਜਿਸ ਤਰ੍ਹਾਂ ਆਮ ਪਾਕਿਸਤਾਨੀ ਪੰਜਾਬੀਆਂ ਦਾ ਮੁਹੱਬਤੀ ਰੁਝਾਨ ਇਸ ਪੁਸਤਕ ਰਾਹੀਂ ਵੇਖਿਆ ਜਾ ਸਕਦਾ ਹੈ, ਉਸ ਤਰ੍ਹਾਂ ਏਧਰਲੇ ਪੰਜਾਬ ਵਿਚ ਕਿਸੇ ਰੂਪ ਵਿਚ ਕਾਇਮ ਨਜ਼ਰ ਨਹੀਂ ਆਉਂਦਾ। ਵਿਸਥਾਰ ਵਿਚ ਜਾਏ ਬਿਨਾ ਕਹਿਣਾ ਚਾਹ ਰਿਹਾਂ ਕਿ ਇਸ ਨੂੰ ਜਿਸ ਤਰ੍ਹਾਂ ਡਾ. ਪੰਨੂ ਨੇ ਪੁਸਤਕ ਦੇ ਰੂਪ ਵਿਚ ਸਜਾ ਕੇ ਸਾਹਮਣੇ ਲਿਆਂਦਾ ਹੈ, ਮੈਨੂੰ ਲੱਗਦਾ ਹੈ ਜਿਵੇਂ ਗੁਰੂ ਜੀ ਨੇ ਆਪਣੇ ਸੇਵਕ ਤੋਂ ਆਾਪ ਹੀ ਸੇਵਾ ਲੈ ਲਈ ਹੋਵੇ।
ਪੁਸਤਕ ਪੜ੍ਹਦਿਆਂ ਡਾ. ਪੰਨੂ ਮੈਨੂੰ ਗੁਰੂ ਦਾ ਅਜਿਹਾ ਸਿੱਖ ਲੱਗਾ ਹੈ, ਜਿਸ ਬਾਰੇ ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ ਕਿ “ਗੁਰੂ ਨਾਨਕ ਦਾ ਸਿੱਖ ਜਿਥੇ ਵੀ ਵੱਸਦਾ ਹੈ, ਉਥੇ ਉਹ ਉਸ ਛਾਂਦਾਰ ਬ੍ਰਿਛ ਦੀ ਨਿਆਈਂ ਹੁੰਦਾ ਹੈ, ਜਿਸ ਦੇ ਹੇਠ ਧੁੱਪ ਦੇ ਸਤਾਏ ਅਤੇ ਤ੍ਰਿਹਾਏ ਰਾਹੀ-ਮੁਸਾਫਰ, ਭਾਵੇਂ ਉਹ ਕਿਸੇ ਵੀ ਜਾਤੀ ਦੇ ਹੋਣ, ਆ ਕੇ ਅਰਾਮ ਕਰਦੇ ਹਨ ਅਤੇ ਸੁਖ-ਅਨੰਦ ਮਾਣਦੇ ਹਨ।” ਇਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਅੰਦਰਲੀ ਗਵਾਹੀ ਤੋਂ ਇਸ ਤਰ੍ਹਾਂ ਮਿਲ ਜਾਂਦਾ ਹੈ ਕਿ ਸਿੱਖਾਂ ਦਾ ਵਿਰਾਸਤੀ ਪ੍ਰਸੰਗ, ਸਿੱਖ ਭਾਈਚਾਰੇ ਦੇ ਵਿਰਾਸਤੀ ਖਜਾਨੇ ਜਿਹਾ ਹੈ। ਇਸ ਪਾਸੇ ਤੁਰਨ ਵਾਲਿਆਂ ਨੂੰ ਗੁਰੂ ਦੀ ਮਿਹਰ ਵਾਂਗ ਮਾਨਸਿਕ ਤਸੱਲੀ ਮਿਲਦੀ ਹੈ। ਵਿਰਾਸਤੀ ਭੰਡਾਰੇ ਬਹੁਤ ਕੀਮਤੀ ਹੁੰਦੇ ਹਨ। ਇਨ੍ਹਾਂ ਨੂੰ ਜਿੰਨੇ ਵਰਤਾਂਗੇ, ਓਨੇ ਹੀ ਵੱਧਦੇ ਜਾਂਦੇ ਹਨ। ਇਸ ਪਾਸੇ ਤੁਰਨ ਵਾਲੇ ਇਸ ਕਰਕੇ ਵਡਭਾਗੀ ਹੁੰਦੇ ਹਨ ਕਿਉਂਕਿ ਉਹ ਵੀ ਵਿਰਾਸਤੀ ਖਜਾਨੇ ਦਾ ਹਿੱਸਾ ਹੀ ਹੋ ਜਾਂਦੇ ਹਨ। ਇਹ ਗੱਲ ਪੰਚਮ ਪਾਤਸ਼ਾਹ ਦੇ ਇਸ ਹਵਾਲੇ ਨਾਲ ਕਹੀ ਜਾ ਰਹੀ ਹੈ,
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੇ ਮਨਿ ਭਇਆ ਨਿਧਾਨਾ॥1॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥
ਭਰੇ ਭੰਡਾਰ ਅਖੂਟ ਅਤੋਲੁ॥2॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥3॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥
ਸੁ ਏਤੁ ਖਜਾਨੈ ਲਇਆ ਰਲਾਇ॥4॥ (ਪੰਨਾ 186)
ਹੁਣ ਤਾਂ ਇਹ ਤੱਥ ਸਾਹਮਣੇ ਆ ਗਏ ਹਨ ਕਿ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਵਿਰਾਸਤੀ ਖਜਾਨਾ, ਜਿੰਨਾ ਪਾਕਿਸਤਾਨ ਵਿਚ ਹੈ, ਉਸ ਦਾ ਚੌਥਾ ਹਿੱਸਾ ਵੀ ਭਾਰਤ ਵਿਚ ਨਹੀਂ ਹੈ। ਇਹ ਪੁਸਤਕ ਪੜ੍ਹਦਿਆਂ ਮੈਨੂੰ ਲੱਗਾ ਕਿ ਉਦਾਸੀਆਂ ਨੂੰ ਪਾਸੇ ਰੱਖ ਲਈਏ ਤਾਂ ਗੁਰੂ ਨਾਨਕ ਦੇਵ ਜੀ ਦੇ ਪੰਜਾਬੀ ਪ੍ਰਸੰਗ ਨੂੰ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਵਰਤਮਾਨ ਕਰਤਾਰਪੁਰ ਲਾਂਘੇ ਦਾ ਭਾਰਤੀ ਪੜੁੱਲ ਡੇਰਾ ਬਾਬਾ ਨਾਨਕ ਤਾਂ ਬੇਦੀਆਂ ਦਾ ਵਸਾਇਆ ਹੋਇਆ ਹੈ।
ਮੈਨੂੰ ਪ੍ਰਸਿੱਧ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੱਸ ਰਹੇ ਸਨ ਕਿ ਨਾਨਕ ਨਾਮਲੇਵਿਆਂ ਨੇ ਕਰਤਾਰਪੁਰ ਸਾਹਿਬ ਨੂੰ “ਜਗਤ ਗੁਰ ਬਾਬਾ” ਦੀ ਯਾਦ ਵਾਂਗ ਸੰਭਾਲਿਆ ਹੋਇਆ ਸੀ। ਅੱਜ ਵੀ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ (ਗਰਾਊਂਡ ਫਲੋਰ) ‘ਮਿਜ਼ਾਰ ਬਾਬਾ ਨਾਨਕ’ ਅਤੇ ‘ਸਮਾਧ ਬਾਬਾ ਨਾਨਕ’ ਤੋਂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲੀ ਮੰਜ਼ਿਲ ‘ਤੇ ਹੈ। ਡਾ. ਪੰਨੂ ਦੀ ਪੁਸਤਕ ਅਜਿਹੇ ਹਵਾਲਿਆਂ ਨਾਲ ਭਰੀ ਹੋਈ ਹੈ, ਜਿਸ ਨਾਲ ਸਮਝਿਆ ਜਾ ਸਕਦਾ ਹੈ ਕਿ ਪੱਛਮੀ ਪੰਜਾਬ, ਬਾਬਾ ਨਾਨਕ ਦੀਆਂ ਯਾਦਾਂ ਅਤੇ ਨਿਸ਼ਾਨੀਆਂ ਨਾਲ ਜਿਸ ਤਰ੍ਹਾਂ ਅੱਜ ਵੀ ਭਰਿਆ ਪਿਆ ਹੈ, ਉਸ ਤਰ੍ਹਾਂ ਏਧਰਲੇ ਪੰਜਾਬ ਬਾਰੇ ਨਹੀਂ ਕਿਹਾ ਜਾ ਸਕਦਾ। ਜੋ ਕੰਮ ਡਾ. ਪੰਨੂ ਤੋਂ ਗੁਰੂ ਦੀ ਮਿਹਰ ਨਾਲ ਹੋ ਗਿਆ ਹੈ, ਉਸ ਨੂੰ ਯੋਜਨਾ ਬਣਾ ਕੇ ਕੀਤੇ ਕੰਮ ਵਾਂਗ ਲੈਣ ਦੀ ਥਾਂ ਇਕ ਸਿੱਖ ਦੀਆਂ ਸੁੱਚੀਆਂ ਰੀਝਾਂ ਦੇ ਸੁਤੇ ਪ੍ਰਗਟਾਵੇ ਵਾਂਗ ਲੈਣਾ ਤੇ ਸਮਝਣਾ ਚਾਹੀਦਾ ਹੈ।
ਪੁਸਤਕ ਦੇ ਹਵਾਲੇ ਨਾਲ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਿੱਖ ਵਿਰਾਸਤ ਅਤੇ ਸਿੱਖ ਸਰਵਾਈਵਲ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦੋਹਾਂ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਭੁਗਤਾਉਣ ਲਈ ਜਿਹੋ ਜਿਹੇ ਯਤਨਾ ਦੀ ਲੋੜ ਹੈ, ਉਹ ਨਾ ਹੀ ਸਿੱਖ ਪ੍ਰਬੰਧਕਾਂ ਵੱਲੋਂ ਹੋ ਰਹੇ ਹਨ ਅਤੇ ਨਾ ਹੀ ਸਿੱਖ ਅਕਾਦਮੀਸ਼ਨਾਂ ਵੱਲੋਂ। ਇਹੋ ਜਿਹੇ ਖਿਲਾਅ ਵਿਚ ਇਹ ਪੁਸਤਕ ਮੈਨੂੰ ਆਸ ਦੀ ਕਿਰਨ ਲੱਗ ਰਹੀ ਹੈ। ਮੈਨੂੰ ਅਜਿਹੀਆਂ ਸਭ ਰੁਕਾਵਟਾਂ ਸਿਆਸਤ ਦੇ ਪੈਰੋਂ ਪੈਦਾ ਹੋਈਆਂ ਲੱਗਦੀਆਂ ਹਨ। ਡਾ. ਪੰਨੂ ਦਾ ਯਤਨ ਸਿਆਸਤਮੁਕਤ ਹੈ ਅਤੇ ਮੈਂ ਇਸ ਦਾ ਸਵਾਗਤ ਕਰਦਾ ਹਾਂ।
ਡਾ. ਪੰਨੂ ਤੋਂ ਪਹਿਲਾਂ ਸਿੱਖ ਧਰਮ ਦੀਆਂ ਸ਼ਾਨਾਂ ਨੂੰ ਕਲਮਬੱਧ ਕਰਨ ਵਾਲੇ ਯੋਗਦਾਨੀਆਂ ਵਿਚ ਜਿਸ ਤਰ੍ਹਾਂ ਵਿਅਕਤੀ-ਸਿੱਖ ਨੁਮਾਇਆਂ ਸਨ/ਹਨ, ਉਸ ਤਰ੍ਹਾਂ ਸਿੱਖ ਸੰਸਥਾਵਾਂ ਨਹੀਂ ਹਨ। ਗੁਰੂ ਕਾਲ ਵਿਚ ਅਜਿਹੇ ਵਿਅਕਤੀ-ਸਿੱਖ ਬਹੁਤ ਸਨ ਅਤੇ ਸਿੱਖ ਰਾਜ ਵਿਚ ਵੀ ਭਾਈ ਸੰਤੋਖ ਸਿੰਘ ਜਿਹੇ ਅਹਿਮ ਭੂਮਿਕਾ ਨਿਭਾਉਂਦੇ ਰਹੇ। ਸਿੰਘ ਸਭਾ ਲਿਖਾਰੀਆਂ ਵਿਚ ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਬੇਸ਼ੱਕ ਨੁਮਾਇਆ ਸਨ, ਪਰ ਹੋਰ ਵੀ ਕਈਆਂ ਦੇ ਨਾਂ ਲਏ ਜਾ ਸਕਦੇ ਹਨ, ਜਿਨ੍ਹਾਂ ਕਰਕੇ ਸਿੱਖ ਅਕਾਦਮਿਕਤਾ ਅਮੀਰ ਹੁੰਦੀ ਰਹੀ। ਆਧੁਨਿਕ ਕਾਲ ਵਿਚ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨੁਵਾਦ ਕਰਨ ਵਾਲਿਆਂ ਵਿਚੋਂ ਕੋਈ ਵੀ ਸੰਸਥਾ ਪ੍ਰਤੀਨਿਧ ਨਹੀਂ ਸੀ।
ਡਾ. ਪੰਨੂ ਨੂੰ ਇਸ ਨਿਰੰਤਰਤਾ ਵਿਚ ਹੋਣ ਦਾ ਮਾਣ ਇਸ ਪੁਸਤਕ ਨਾਲ ਸਾਹਮਣੇ ਆ ਗਿਆ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਿਸੇ ਵੀ ਯੂਨੀਵਰਸਿਟੀ ਨੂੰ ਸਿੱਖ ਸੰਸਥਾ ਵਾਂਗ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਇਹ ਵਿਦਿਅਕ ਅਦਾਰੇ ਨਿਰਧਾਰਤ ਨਿਯਮਾਂ ਹੇਠ ਹੀ ਸਥਾਪਤ ਹੁੰਦੇ ਹਨ ਅਤੇ ਉਨ੍ਹਾਂ ਮੁਤਾਬਿਕ ਹੀ ਚਲਾਏ ਜਾ ਸਕਦੇ ਹਨ। ਇਥੇ ਸਵਾਲ ਹੈ ਕਿ ਡਾ. ਪੰਨੂ ਦੀ ਇਸ ਪੁਸਤਕ ਨੂੰ ਪੰਜਾਬ ਦੀਆਂ ਤਿੰਨਾਂ ਹੀ ਯੂਨੀਵਰਸਿਟੀਆਂ ਵੱਲੋਂ ਜਿਸ ਤਰ੍ਹਾਂ ਹੁੰਗਾਰਾ ਮਿਲਿਆ ਹੈ, ਉਸ ਤਰ੍ਹਾਂ ਕਿਸੇ ਸਿੱਖ ਸੰਸਥਾ ਵੱਲੋਂ ਕਿਉਂ ਨਹੀਂ ਮਿਲਿਆ? ਕੌਣ ਕਿਸ ਨੂੰ ਪੁੱਛੇ ਕਿ ਕਿਸ ਦਾ ਫਰਜ਼ ਕੌਣ ਨਿਭਾ ਰਿਹਾ ਹੈ? ਹੈਰਾਨੀ ਹੁੰਦੀ ਹੈ ਕਿ ਇਸ ਵੇਲੇ ਸਿੱਖ ਸੰਸਥਾਵਾਂ ਦੇ ਮੁਖੀਆਂ ਵਿਚ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪੜ੍ਹਿਆਂ ਲਿਖਿਆਂ ਵਿਚ ਸ਼ੁਮਾਰ ਹਨ। ਇਸ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ, ਪਰ ਮੌਕਾ ਇਸ ਵਿਸਥਾਰ ਵਿਚ ਜਾਣ ਵਾਸਤੇ ਠੀਕ ਨਹੀਂ ਹੈ। ਪਰ ਏਨਾ ਤਾਂ ਦੱਸਣਾ ਹੀ ਬਣਦਾ ਹੈ ਕਿ ਸਿੱਖ ਵਿਰਾਸਤ ਅਤੇ ਸਿੱਖ ਸਰਵਾਈਵਲ ਇਕ ਦੂਜੇ ਨਾਲ ਜੁੜੀਆਂ ਹੋਈਆਂ ਹੋਣ ਕਰਕੇ ਇਸ ਪੁਸਤਕ ਰਾਹੀਂ ਪੈਦਾ ਹੋਣ ਵਾਲੇ ਸਵਾਲਾਂ ਵੱਲ ਪਿੱਠ ਕਰਕੇ ਨਹੀਂ ਤੁਰਿਆ ਜਾ ਸਕਦਾ। ਇਸ ਬਾਰੇ ਨਹੀਂ ਸੋਚਾਂਗੇ ਤਾਂ ਵੰਗਾਰਾਂ ਅਤੇ ਸ਼ੰਕਿਆਂ ਦੇ ਜੰਗਲ ਵਿਚ ਘਿਰਦੇ ਜਾਵਾਂਗੇ। ਜਿਹੜੇ ਇਸ ਨੂੰ ‘ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ’ ਦੀ ਸਿਆਸਤ ਵਾਂਗ ਲੈਣ ਦੀ ਉਂਘਲਈ-ਸੰਤੁਸ਼ਟੀ ਵਿਚ ਗਲਤਾਨ ਹਨ, ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵਿਰਾਸਤੀ ਪ੍ਰਾਪਤੀਆਂ ਨੂੰ ਵਰਤਮਾਨ ਵਿਚ ਉਤਾਰ ਕੇ ਹੀ ਗਲੋਬਲ ਹੋ ਰਹੇ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ ਜਾ ਸਕਦਾ, ਕਿਉਂਕਿ ਆ ਰਹੀ ਗਲੋਬਲੀ ਸਿੱਖ ਪੀੜ੍ਹੀ ਵਾਸਤੇ ਲੋੜੀਂਦਾ ਸਿੱਖ ਉਸਾਰ ਸਾਹਮਣੇ ਲਿਆਏ ਬਿਨਾ ਵਿਰਾਸਤੀ ਖਜਾਨੇ ਨੂੰ ਨਹੀਂ ਸੰਭਾਲਿਆ ਜਾ ਸਕਦਾ।
ਡਾ. ਪੰਨੂ ਦਾ ਇਹ ਯਤਨ ਨਾ ਪਹਿਲਾ ਹੈ ਅਤੇ ਨਾ ਆਖਰੀ ਸਮਝਣਾ ਚਾਹੀਦਾ ਹੈ, ਪਰ ਇਹ ਯਤਨ ਸਵਾਲ ਪੈਦਾ ਕਰ ਰਿਹਾ ਹੈ ਕਿ ਸਿੱਖਾਂ ਦੀਆਂ ਵਿਰਾਸਤੀ ਪਹਿਲਤਾਜ਼ਗੀਆਂ ਨੂੰ ਚੁਫੇਰੇ ਫੈਲੀਆਂ ਸਿਆਾਸੀ ਦਖਲ ਅੰਦਾਜ਼ੀਆਂ ਤੋਂ ਬਚਾਉਣ ਤੇ ਸੰਭਾਲਣ ਦੀ ਲੋੜ ਵੱਲ ਸਾਡਾ ਧਿਆਨ ਕਿਉਂ ਨਹੀਂ ਹੈ? ਅਕਾਦਮੀਸ਼ਨਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਪੁਸਤਕ ਵਿਚ ਡਾ. ਪੰਨੂ ਨੇ 745 ਹਵਾਲੇ ਦਿੱਤੇ ਹਨ। ਤਿੰਨ ਸੌ ਤੋਂ ਵੱਧ ਅੰਗਰੇਜ਼ੀ ਕਿਤਾਬਾਂ, 60 ਤੋਂ ਵੱਧ ਗੁਰਮੁਖੀ ਕਿਤਾਬਾਂ ਅਤੇ 20 ਤੋਂ ਵੱਧ ਉਰਦੂ ਕਿਤਾਬਾਂ ਫੋਲੀਆਂ ਹਨ। ਇਸ ਵਿਚ 12 ਗਜ਼ਟੀਅਰ, 13 ਜਰਨਲ ਅਤੇ 7 ਜਨਮ ਸਾਖੀਆਂ ਵੀ ਸ਼ਾਮਲ ਹਨ। ਵੈਬਸਾਈਟਾਂ ਦਾ ਹਵਾਲਾ ਨਾ ਵੀ ਦਿੱਤਾ ਹੁੰਦਾ ਤਾਂ ਵੀ ਡਾ. ਪੰਨੂ ਦੀ ਪੀੜ੍ਹੀ ਤੋਂ ਇਸ ਦੀ ਆਸ ਕੀਤੀ ਹੀ ਜਾਣੀ ਸੀ। ਦੰਦਾਂ ਦਾ ਅਮਰੀਕਾ ਵਿਚ ਸਥਾਪਤ ਇਹ ਡਾਕਟਰ ਇਸ ਪੁਸਤਕ ਰਾਹੀਂ ਜੋ ਕੁਝ ਕਰ ਰਿਹਾ ਹੈ, ਉਸ ਦੇ ਹਵਾਲੇ ਨਾਲ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਦੀ ਛਾਂ ਵਿਚ ਤੁਰਨ ਵਾਲਾ ਕੋਈ ਵੀ ਸਿੱਖ ਕੁਝ ਵੀ ਕਰ ਸਕਦਾ ਹੈ। ਇਹ ਸੋਚਦਿਆਂ ਮੈਨੂੰ ਪ੍ਰੋ. ਪੂਰਨ ਸਿੰਘ ਦੀ ਭਵਿਖਮੁਖੀ ਇਹ ਟਿਪਣੀ ਯਾਦ ਆਉਂਦੀ ਰਹੀ ਹੈ,
ਅੰਤਰ ਰਾਸ਼ਟਰੀ ਰਾਜਨੀਤੀ ਦੀ ਚਿੱਕੜ ਦੌੜ ਵਿਚੋਂ,
ਬਚ ਕੇ ਨਿਕਲਣ ਦਾ ਹੈ ਸਭ ਤੋਂ ਸੌਖਾ ਰਾਹ
ਕਿ ਅਸੀਂ ਪੁਰਾਤਨ ਸਮਿਆਂ ਦੇ ਸਾਦ ਮੁਰਾਦੇ
ਕੁਦਰਤੀ ਜੀਵਨ ਨੂੰ ਲਈਏ ਅਪਨਾ।
ਦੁਨੀਆਂ ਘੁੰਮਦਿਆਂ ਮੈਂ ਅਮਰੀਕਾ-ਕੈਨੇਡਾ ਦੇ ਡਾਕਟਰਾਂ ਨੂੰ ਕਹਿੰਦਾ ਰਿਹਾ ਹਾਂ ਕਿ ਤੁਸੀਂ ਆਪਣੀ ਖੁਸ਼ਹਾਲੀ, ਸਿੱਖ ਸਿਆਸਤ ਦੇ ਲੇਖੇ ਲਾਉਣ ਦੀ ਥਾਂ ਸਿੱਖ ਅਕਾਦਮਿਕਤਾ ਦੇ ਲੇਖੇ ਕਿਉਂ ਨਹੀਂ ਲਾਉਂਦੇ? ਮੈਂ ਖੁਸ਼ ਹਾਂ ਕਿ ਡਾ. ਪੰਨੂ ਨੇ ਆਪਣੀ ਖੁਸ਼ਹਾਲੀ, ਵਿਰਾਸਤੀ ਸੰਭਾਲ ਵਾਸਤੇ ਖੁਲ੍ਹ ਕੇ ਖਰਚੀ ਹੈ। ਕਿਤਾਬ ਦੇ ਦਰਸ਼ਨ ਕਰਨ ਵਾਲੇ ਕਨਟੈਂਟ ਵਾਲਾ ਪਹਿਲਾ ਪੰਨਾ ਵੇਖ ਕੇ ਹੀ ਸਮਝ ਜਾਣਗੇ ਕਿ ਲੇਖਕ ਦਾ ਅੰਦਾਜ਼-ਏ-ਬਿਆਨ ਕਿਹੋ ਜਿਹਾ ਹੋਵੇਗਾ?
ਸਿੱਖ ਦ੍ਰਿਸ਼ਟੀਕੋਣ ਤੋਂ ਮੈਨੂੰ ਕਿਰਤ ਕਮਾਈ ਦੀ ਸਿੱਖ ਪ੍ਰਸੰਗ ਵਿਚ ਇਹ ਪੁਸਤਕ ਸਹੀ ਪੂੰਜੀ ਨਿਵੇਸ਼ ਲੱਗੀ ਹੈ। ਇਸ ਪਾਸੇ ਜੇ ਤੁਰਾਂਗੇ ਤਾਂ ਨਿਰਸੰਦੇਹ ਸਿੱਖੀ ਦੇ ਸਿਆਸੀ ਅਪਹਰਣ ਨੂੰ ਰੋਕਣ ਵਿਚ ਸਹਾਈ ਹੋ ਸਕਾਂਗੇ। ਗੁਰੂਕਿਆਂ ਦੀ ਇਹ ਮੁਹੱਬਤੀ ਸੁਰ ਸਾਨੂੰ ਉਸ ਸੇਧ ਵਿਚ ਲੈ ਕੇ ਜਾ ਸਕਦੀ ਹੈ, ਜਿਸ ਵੱਲ ਇਸ਼ਾਰਾ ਪੰਚਮ ਪਾਤਸ਼ਾਹ ਦੇ ਹਵਾਲੇ ਨਾਲ ਕੀਤਾ ਜਾ ਚੁਕਾ ਹੈ। ਜਿਨ੍ਹਾਂ ਨੇ ਮੈਕਾਲਿਫ ਦੀਆਂ ਪੁਸਤਕਾਂ ਵੇਖੀਆਂ ਹਨ, ਉਨ੍ਹਾਂ ਵੇਖਿਆ ਹੋਵੇਗਾ ਕਿ ਮੈਕਾਲਿਫ ਆਪਣੀ ਕ੍ਰਿਤੱਗਯਤਾ ਪੰਚਮ ਪਾਤਸ਼ਾਹ ਦੀ ਇਸ ਤੁਕ ਨਾਲ ਲਗਾਤਾਰ ਪ੍ਰਗਟ ਕਰਦਾ ਰਿਹਾ ਸੀ,
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥
ਕਾਟੀ ਬੇੜੀ ਪਗਹਿ ਤੇ ਗੁਰਿ ਕੀਨੀ ਬੰਦਿ ਖਲਾਸੁ॥ (ਪੰਨਾ 1002)
ਮੇਰਾ ਵਿਸ਼ਵਾਸ਼ ਹੈ ਕਿ ਹਰ ਸਿੱਖ ਦੇ ਲਹੂ ਵਿਚ ਬਾਣੀ ਦਾ ਇਹ ਤਾਸੀਰੀ ਸੱਚ ਰਮਿਆ ਹੋਇਆ ਹੈ ਕਿ ਉਹ ਆਪਣੇ ਗੁਰੂ ਦੀਆਂ ਉਨ੍ਹਾਂ ਰਹਿਮਤਾਂ ਨੂੰ ਨਹੀਂ ਭੁੱਲ ਸਕਦਾ, ਜਿਨ੍ਹਾਂ ਸਦਕਾ ਉਹ ਸਫਲ ਤੇ ਖੁਸ਼ਹਾਲ ਹੋਇਆ ਹੈ। ਮੌਕਾ ਮਿਲਣ ‘ਤੇ ਗੁਰੂ ਦੀਆਂ ਰਹਿਮਤਾਂ ਦਾ ਕਰਜ਼ ਉਤਾਰਨ ਲਈ ਸਮਰਥਾ ਮੁਤਾਬਿਕ ਕੋਸ਼ਿਸ਼ਾਂ ਗੁਰੂਕਿਆਂ ਵੱਲੋਂ ਹੁੰਦੀਆਂ ਰਹੀਆਂ ਹਨ। ਇਸ ਪੁਸਤਕ ਨੂੰ ਮੈਂ ਇਸੇ ਸੁਰ ਵਿਚ ਵੇਖ ਰਿਹਾ ਹਾਂ। ਮੈਨੂੰ ਪੁਸਤਕ ਪੜ੍ਹਦਿਆਂ ਇਹ ਵੀ ਲੱਗਾ ਹੈ ਕਿ ਇਸ ਨੂੰ ਇਸ ਰੂਪ ਵਿਚ ਲਿਆਉਣ ਨਾਲ ਨਿਭਦਿਆਂ ਡਾ. ਪੰਨੂ ਨੇ ਕੁਝ ਇਸ ਤਰ੍ਹਾਂ ਮਹਿਸੂਸ ਅਵੱਸ਼ ਕੀਤਾ ਹੋਵੇਗਾ, ਜਿਹੋ ਜਿਹਾ ਪ੍ਰਗਟਾਵਾ ਪ੍ਰੋ. ਪੂਰਨ ਸਿੰਘ ਦੀ ਇਸ ਟੂਕ ਵਿਚ ਹੋ ਗਿਆ ਹੈ,
ਇਹ ਗੁਰਾਂ ਵਾਲੀ ਧਰਤੀ ਹੈ,
ਇਥੇ ਸੱਚਾ ਦਰਬਾਰ ਹੈ,
ਇਥੇ ਦਿਲ ਪਿਆ ਖੁਸਦਾ,
ਸਿਰ ਪਿਆ ਨਿਵੰਦਾ।
ਪੰਜਾਬ ਪ੍ਰਤੀ ਅਜਿਹੇ ਪਿਆਰ ਅਤੇ ਵੈਰਾਗ ਬਿਨਾ ਅਜਿਹੀ ਪੁਸਤਕ ਕਿਵੇਂ ਲਿਖੀ ਜਾ ਸਕਦੀ ਹੈ? ਮੈਨੂੰ ਇਹ ਪੁਸਤਕ ਸੰਸਥਾਈ-ਆਰਕਾਈਵ ਦੇ ਉਸਾਰ ਜਿਹੀ ਵੀ ਲੱਗਦੀ ਹੈ। ਅੱਖਰਾਂ ਅਤੇ ਮੂਰਤਾਂ ਨਾਲ ਗੁਨ੍ਹੀ ਇਸ ਆਰਕਾਈਵਲ ਪੁਸਤਕ ਨੂੰ ਪੁਸਤਕ ਸਭਿਆਚਾਰ ਨਾਲ ਜੁੜੇ ਵਿਦਿਆਰਥੀ ਹੀ ਸਮਝ ਸਕਦੇ ਹਨ। ਇਸ ਕਰਕੇ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਬਾਰੇ ਲਿਖੀ ਗਈ ਇਹ ਪੁਸਤਕ ਧਾਰਮਿਕ ਨਾਲੋਂ ਵੱਧ ਅਕਾਦਮਿਕ ਯਤਨ ਹੈ। ਇਸ ਦੀ ਪੁਸ਼ਟੀ ਡਾ. ਪੰਨੂ ਦੇ ਸ਼ਬਦਾਂ ਵਿਚ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ:
“ੀ ਗeਟ ਟਹe ਾeeਲਨਿਗ ਟਹਅਟ ੀ ਚਅਨ ਨੋੱ ਅਲਮੋਸਟ ਟਅਲਕ ਟੋ ਟਹeਸe ਬੁਲਿਦਨਿਗਸ ਅਨਦ eਵeਨ ਲਸਿਟeਨ ਟੋ ਟਹeਮ। ਓਅਚਹ ਨਿਦਵਿਦੁਅਲ ਸਟਰੁਚਟੁਰe ਹਅਸ ਅ ੁਨਤੁe ਪਅਸਟ ਅਨਦ ਅ ਸਟੋਰੇ ਟੋ ਟeਲਲ।” ਫ। 6
ਇਹ ਪੁਸਤਕ ਇਕ ਤਰ੍ਹਾਂ ਭੁਲੇ ਵਿਸਰੇ ਗੁਰਦੁਆਰਿਆਂ ਦੀ ਸਾਖੀ ਹੋ ਕੇ ਵੀ ਇਸ ਨਾਲੋਂ ਅੱਗੇ ਤੁਰਨ ਦੀ ਕੋਸ਼ਿਸ਼ ਕਰਦੀ ਹੈ। ਇਸੇ ਕਰਕੇ ਇਹ ਨਾਨਕ ਨਾਮਲੇਵਿਆਂ ਲਈ 550ਵੇਂ ਗੁਰਪੁਰਬ ‘ਤੇ ਤੋਹਫਾ ਹੋ ਗਈ ਹੈ। ਪੁਸਤਕ ਦੇ ਮੁੱਖ ਪੰਨੇ ‘ਤੇ ਕਰਤਾਰਪੁਰ ਸਾਹਿਬ ਦੀ ਫੋਟੋ ਦੱਸਦੀ ਹੈ ਕਿ ਗੁਰੂ ਨਾਨਕ ਦਾ ਪੰਜਾਬ ਕੁਦਰਤੀ ਨਿਹਮਤਾਂ ਨਾਲ ਮਾਲਾਮਾਲ ਸੀ। ਇਸ ਖੁਸ਼ਹਾਲ ਪੰਜਾਬ ਦੇ ਵਸਨੀਕ 1947 ਵਿਚ ਰਾਤੋ ਰਾਤ ਮਾਲਕ ਤੋਂ ਸ਼ਰਨਾਰਥੀ ਹੋ ਗਏ ਸਨ। ਇਸ ਵੰਡ ਦੀ ਚਸਕ ਨੂੰ ਲੇਖਕ ਨੇ ਸਾਂਝੇ ਘਰ ਦੀ ਪਰੰਪਰਕ ਸ਼ਰੀਕਾ ਵੰਡ ਨਾਲ ਜੁੜੀ ਖੂਨੀ ਦਾਸਤਾਨ ਕਿਹਾ ਹੈ। ਸਮਝ ਲੈਣਾ ਚਾਹੀਦਾ ਹੈ ਕਿ ਸਿਆਸਤ ਦੇ ਪੈਰੋਂ ਕਿਹੋ ਜਿਹੀਆਂ ਅਣਹੋਣੀਆਂ ਹੋ ਸਕਦੀਆਂ ਹਨ? ਪੁਸਤਕ ਵਿਚ ਹਵਾਲੇ ਵਜੋਂ ਦਿਤੇ ਅੰਕੜਿਆਂ ਮੁਤਾਬਿਕ ਲੱਖਾਂ ਮਰਨ ਅਤੇ ਕਰੋੜਾਂ ਉਜੜਨ ਵਾਲਿਆਂ ਵਿਚ ਇਕ ਲੱਖ ਉਧਾਲੀਆਂ ਪੰਜਾਬਣਾਂ ਵੀ ਸ਼ਾਮਲ ਸਨ। (ਪੰਨਾ 12)
ਸਿਆਸਤਦਾਨ ਕਹਿੰਦਾ ਕੁਝ ਹੈ ਅਤੇ ਕਰਦਾ ਕੁਝ ਹੈ। ਉਸ ਵੇਲੇ ਜਿਸ ਤਰ੍ਹਾਂ ਦੀ ਭਾਸ਼ਾ ਸਿਆਸਤਦਾਨਾਂ ਵੱਲੋਂ ਵਰਤੀ ਜਾ ਰਹੀ ਸੀ, ਓਸੇ ਤਰ੍ਹਾਂ ਦੀ ਭਾਸ਼ਾ ਅੱਜ ਵੀ ਸਿਆਸਤਦਾਨ ਵਰਤ ਰਹੇ ਹਨ। ਇਸ ਦੇ ਬਾਵਜੂਦ ਇਸ ਪੁਸਤਕ ਵਿਚ ਉਹ ਸਾਰਾ ਕੁਝ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕੰਧਾਂ ‘ਤੇ ਅਜੇ ਤੱਕ ਚਿਤਰਾਂ ਅਤੇ ਅੱਖਰਾਂ ਰਾਹੀਂ ਇਤਿਹਾਸ ਵਾਂਗ ਧੜਕ ਰਿਹਾ ਹੈ (ਪੰਨਾ 26); ਇਸ ਨਾਲ ਭਾਈ ਬਹਿਲੋ ਦਾ ਸੂਚਕ ਪ੍ਰਸੰਗ ਸੰਭਾਲਿਆ ਗਿਆ ਹੈ (ਪੰਨਾ 59)। ਜ਼ਿਲਾਵਾਰ ਤਫਸੀਲ ਵਿਚ ਮੀਣਿਆਂ ਤੱਕ ਨੂੰ ਵਿਰਾਸਤੀ ਪ੍ਰਸੰਗ ਵਿਚ ਥਾਂ ਮਿਲ ਗਈ ਹੈ। ਇਸ ਨਾਲ ਜੋ ਕੁਝ ਜਿਸ ਤਰ੍ਹਾਂ ਪ੍ਰਾਪਤ ਹੈ, ਉਸ ਨੂੰ ਉਸੇ ਤਰ੍ਹਾਂ ਇਸ ਪੁਸਤਕ ਰਾਹੀਂ ਸਾਂਭਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਨਾਲ ਅਕਾਦਮੀਸ਼ਨਾਂ ਦੇ ਧਿਆਨ ਵਿਚ ਇਹ ਵੀ ਲਿਆਉਣਾ ਚਾਹੁੰਦਾ ਹਾਂ ਕਿ ਪੁਸਤਕ ਨੂੰ ਜੇ ਵਿਦਿਆਰਥੀ ਨਾ ਮਿਲਣ ਤਾਂ ਇਸ ਦੇ ਰੁਲ ਜਾਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਰੁਲੀਆਂ ਯਾਦਾਂ ਨੂੰ ਸੰਭਾਲਣ ਵਾਲੀ ਇਹ ਪੁਸਤਕ ਬਹੁਤ ਸਾਰੀਆਂ ਯਾਦਾਂ ਨਾਲ ਨਿਓਟਿਆਂ ਦੀ ਓਟ ਵਾਂਗ ਨਿਭਦੀ ਲੱਗਣ ਲੱਗ ਪੈਂਦੀ ਹੈ। ਮਿਸਾਲ ਵਜੋਂ ਡੇਰਾ ਚਹਿਲ ਵਿਖੇ ਬੇਬੇ ਨਾਨਕੀ ਦੀ ਯਾਦ ਜਿਸ ਤਰ੍ਹਾਂ ਅੱਜ ਵੀ ਕਾਇਮ ਹੈ (ਪੰਨਾ 188), ਉਸ ਤਰ੍ਹਾਂ ਤਾਂ ਸੁਲਤਾਨਪੁਰ ਲੋਧੀ ਵਿਖੇ ਵੀ ਨਹੀਂ ਹੈ। ਕਾਰਨ ਇਹ ਲੱਗਦਾ ਹੈ ਕਿ ਜਿਥੇ ਕਾਰ ਸੇਵਾ ਵਾਲੇ ਬਾਬਿਆਂ ਦੀ ਪਹੁੰਚ ਨਹੀਂ ਹੈ, ਉਥੋਂ ਦੀਆਂ ਵਿਰਾਸਤੀ ਨਿਸ਼ਾਨੀਆਂ ਸੰਗਮਰਮਰੀ ਹੋਣ ਤੋਂ ਅਜੇ ਵੀ ਬਚੀਆਂ ਹੋਈਆਂ ਹਨ। ਸੰਗਰੂਰ ਵਿਚ ਨਾਨਕਿਆਣਾ ਸਾਹਿਬ ਗੁਰਦੁਆਰੇ ਵਾਲਿਆਂ ਨੂੰ ਕਿਥੇ ਪਤਾ ਹੈ ਕਿ ਗੁਰਦੁਆਰਾ ਛੋਟਾ ਨਾਨਕਿਆਣਾ ਦੀ ਯਾਦ ਜਿਵੇਂ ਮੰਗਾ ਪਿੰਡ ਵਿਚ ਅੱਜ ਵੀ ਕਾਇਮ ਹੈ, ਉਹ ਸਾਂਝੀਆਂ ਜੜ੍ਹਾਂ ਦੀ ਬਾਤ ਪਾ ਰਹੀ ਹੈ! ਬੁਧੂ ਦੇ ਆਵੇ ਦੀਆਂ ਯਾਦਗਾਰੀ ਨਿਸ਼ਾਨੀਆਂ ਨੂੰ ਇਸ ਪੁਸਤਕ ਨੇ ਹਿੱਕ ਨਾਲ ਲਾਇਆ ਹੋਇਆ ਹੈ। (ਪੰਨਾ 222)
ਮਹਾਂਪੁਰਖਾਂ ਦੇ ਨਾਂ ‘ਤੇ ਧੜਾਧੜ ਬਣ ਰਹੇ ਗੁਰਦੁਆਰਿਆਂ ਨੂੰ ਕਿਥੇ ਪਤਾ ਹੈ ਕਿ ਮਾਈ ਧਰਮੋ ਦੀ ਯਾਦਗਾਰ ਧਰਮੋ ਮੈਦਾ ਭਲਾਂ ਲਾਹੌਰ ਵਿਚ ਗੁਰੂਕਿਆਂ ਦੇ ਧਿਆਨ ਦੀ ਮੰਗ ਕਰ ਰਹੀ ਹੈ (ਪੰਨਾ 264)। ਇਹ ਯਾਦਾਂ ਗੁਰੂਕਿਆਂ ਨਾਲ ਜੁੜੀਆਂ ਹੋਣ ਦੇ ਬਾਵਜੂਦ ਗੁਰਦੁਆਰਾ ਸੰਸਥਾ ਦੇ ਸ਼ਰੀਕੇ ਵਿਚ ਨਹੀਂ ਆਉਂਦੀਆਂ ਕਿਉਂਕਿ ਇਨ੍ਹਾਂ ਵਿਚ ‘ਚੁਬੱਚਾ ਰਾਮ ਰਾਇ’ ਧਰਮਪੁਰਾ ਲਾਹੌਰ ਵਿਖੇ ਇਹ ਦੱਸ ਰਹੀ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ (ਪੰਨਾ 306)। ਇਹ ਪੁਸਤਕ ਇਹ ਵੀ ਕਹਿ ਰਹੀ ਹੈ ਕਿ ‘ਗੁਰਦੁਆਰਾ ਸ਼ਹੀਦਗੰਜ ਸਿੰਘਾਂ ਤੇ ਸਿੰਘਣੀਆਂ’ ਲਾਹੌਰ ਦਾ ਬਦਲ ਕਿਥੋਂ ਲੱਭਾਂਗੇ (ਪੰਨਾ 312)? ‘ਗੁਰਦੁਆਰਾ ਸ਼ਹੀਦਗੰਜ ਭਾਈ ਮਨੀ ਸਿੰਘ’ ਲਾਹੌਰ ਵੀ ਉਭੇ ਸਾਹ ਲੈ ਰਿਹਾ ਹੈ। (318)
ਅਜਿਹੇ ਵੇਰਵਿਆਂ ਨਾਲ ਇਹ ਪੁਸਤਕ ਪਾਠਕਾਂ ਦਾ ਧਿਆਨ ਇਸ ਪਾਸੇ ਦਿਵਾਉਂਦੀ ਹੈ ਕਿ ਜੋ ਵਿਰਾਸਤੀ ਨਿਸ਼ਾਨੀਆਂ ਸਿਆਸੀ ਸ਼ਿਕੰਜੇ ਵਿਚ ਫਿਟ ਨਹੀਂ ਵੀ ਆਉਂਦੀਆਂ, ਉਨ੍ਹਾਂ ਨੂੰ ਵੀ ਸਮਝਣ ਤੇ ਸੰਭਾਲਣ ਦੀ ਲੋੜ ਹੈ। ਧਿਆਨ ਵਿਚ ਰਹੇ ਕਿ ਵਿਰਾਸਤੀ ਨਿਸ਼ਾਨੀਆਂ ਰਾਹੀਂ ਸਿੱਖੀ ਅਤੇ ਸਿੱਖ ਕਲਾ ਦੀ ਧੜਕਣ ਨੂੰ ਵੇਖਿਆ, ਸੁਣਿਆ ਤੇ ਸਮਝਿਆ ਜਾ ਸਕਦਾ ਹੈ। ਇਸੇ ਦੇ ਸੰਤੁਲਿਤ ਉਸਾਰ ਨੂੰ ਪੁਸਤਕ ਰੂਪ ਦੇਣ ਲਈ ਡਾ. ਪੰਨੂ ਨੂੰ ਵਧਾਈ ਅਤੇ ਆਸ ਹੈ ਕਿ ਪੁਸਤਕਾਂ ਨੂੰ ਵਿਦਿਆਰਥੀਆਂ, ਪਾਠਕਾਂ ਅਤੇ ਅਕਾਦਮੀਸ਼ਨਾਂ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਸਿੱਖ ਸੰਸਥਾਵਾਂ ਨਿਭਾਉਣਗੀਆਂ।