ਭਾਰਤ ਵਿਚ ਆਰੀਆ ਲੋਕਾਂ ਦੀ ਆਮਦ ਬਾਰੇ ਵੱਖ-ਵੱਖ ਧਿਰਾਂ ਵੱਖ-ਵੱਖ ਦਾਅਵੇ ਕਰਦੀਆਂ ਹਨ। ਹਰਿਆਣੇ ਦੇ ਜਿਲਾ ਹਿਸਾਰ ਵਿਚ ਪਿੰਡ ਰਾਖੀਗੜ੍ਹੀ ਦੇ ਨਜ਼ਦੀਕ ਕੀਤੀ ਪੁਰਾਤਨ ਸ਼ਹਿਰ ਦੀ ਖੁਦਾਈ ਨੇ ਨਵੇਂ ਸਵਾਲ ਖੜ੍ਹੇ ਕੀਤੇ ਹਨ। ਇਸ ਸ਼ਹਿਰ ਦੀ ਬਣਤਰ ਮੋਹਿੰਜੋਦੜੋ, ਹੜੱਪਾ, ਕਾਲੀਬੰਗਾ ਅਤੇ ਸਿੰਧੂ ਘਾਟੀ ਸਭਿਅਤਾ ਦੇ ਹੋਰ ਸ਼ਹਿਰਾਂ ਨਾਲ ਮੇਲ ਖਾਂਦੀ ਹੈ। ਉਥੋਂ ਕੁਝ ਪਿੰਜਰ ਵੀ ਮਿਲੇ ਜਿਨ੍ਹਾਂ ਦਾ ਡੀ. ਐਨ. ਏ. ਵਿਸ਼ਲੇਸ਼ਣ ਦੱਸਦਾ ਹੈ ਕਿ ਰਾਖੀਗੜ੍ਹੀ ਵਿਚ ਵਸਦੇ ਲੋਕਾਂ ਦਾ ਉਨ੍ਹਾਂ ਲੋਕਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਜਿਨ੍ਹਾਂ ਨੂੰ ਆਰੀਆ ਕਿਹਾ ਜਾਂਦਾ ਹੈ। ਉਨ੍ਹਾਂ ਦਾ ਬਹੁਤਾ ਤਾਅਲੁੱਕ ਇਰਾਨ ਵਿਚ ਵਸਦੇ ਲੋਕਾਂ ਅਤੇ ਦ੍ਰਾਵਿੜਾਂ ਨਾਲ ਸੀ।
ਇਸ ਬਾਰੇ ਛਾਣਬੀਣ ਪ੍ਰੋ. ਅਰਵਿੰਦ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਪ੍ਰੋ. ਅਰਵਿੰਦ
ਫੋਨ: +91-98885-64456
ਦੱਖਣੀ ਏਸ਼ੀਆ, ਖਾਸ ਕਰ ਭਾਰਤ ਵਿਚ ਵਸਦੇ ਲੋਕ ਕੌਣ ਹਨ? ਉਹ ਕਿਥੋਂ ਆਏ? ਕੀ ਆਰੀਆ ਲੋਕ ਬਾਹਰੋਂ ਆਏ? ਸਿੰਧ ਘਾਟੀ ਦੀ ਸਭਿਅਤਾ ਨਾਲ ਜੁੜੇ ਲੋਕ ਕੌਣ ਸਨ? ਉਨ੍ਹਾਂ ਦਾ ਆਰੀਆ ਲੋਕਾਂ ਨਾਲ ਕੀ ਸਬੰਧ ਸੀ? ਅਜੋਕੀ ਦੱਖਣੀ ਏਸ਼ਿਆਈ ਵਸੋਂ ਜਿਸ ਵਿਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਨੇਪਾਲ, ਬਰਮਾ (ਹੁਣ ਮਿਆਂਮਾਰ) ਆਦਿ ਸ਼ਾਮਿਲ ਹਨ, ਇਨ੍ਹਾਂ ਪੁਰਾਤਨ ਲੋਕਾਂ ਨਾਲ ਕਿਸ ਤਰ੍ਹਾਂ ਸਬੰਧਤ ਹੈ? ਧਰਤੀ ‘ਤੇ ਰਹਿੰਦੇ ਸਾਰੇ ਮਨੁੱਖ ਇਕੋ ਥਾਂ ਪੈਦਾ ਹੋਏ ਜਾਂ ਵੱਖ-ਵੱਖ ਥਾਂਵਾਂ ‘ਤੇ?
ਅਜਿਹੇ ਹੋਰ ਕਿੰਨੇ ਹੀ ਅਹਿਮ ਸਵਾਲ ਹਨ, ਜੋ ਸਾਡੇ ਇਤਿਹਾਸ ਨਾਲ ਜੁੜੇ ਹੋਏ ਨੇ। ਪਿਛਲੇ ਸਮੇਂ ਵਿਚ ਇਨ੍ਹਾਂ ਸਵਾਲਾਂ ਬਾਰੇ ਕਈ ਵਾਦ-ਵਿਵਾਦ ਵੀ ਚੱਲੇ ਤੇ ਇਨ੍ਹਾਂ ਨੂੰ ਰਾਜਨੀਤੀ ਨਾਲ ਵੀ ਜੋੜਿਆ ਗਿਆ। ਬੜਾ ਜ਼ੋਰ ਦੇ ਕੇ ਇਹ ਵੀ ਕਿਹਾ ਗਿਆ ਕਿ ਸਾਨੂੰ ਗਲਤ ਇਤਿਹਾਸ ਪੜ੍ਹਾਇਆ ਗਿਆ ਹੈ। ਇਹ ਵੀ ਕਿਹਾ ਗਿਆ ਕਿ ਪੁਰਾਤਨ ਭਾਰਤ ਵਿਚ ਬਾਹਰੋਂ ਕੋਈ ਨਹੀਂ ਆਇਆ, ਆਰੀਆ ਲੋਕ ਇਥੋਂ ਦੇ ਮੂਲ ਵਸਨੀਕ ਸਨ ਅਤੇ ਸਿੰਧ ਘਾਟੀ ਸਭਿਅਤਾ ਦੇ ਲੋਕ, ਜਿਨ੍ਹਾਂ ਨੇ ਉਤਰੀ ਭਾਰਤ, ਖਾਸ ਕਰਕੇ ਪੰਜਾਬ ਵਿਚ ਕੋਈ ਪੰਜ ਹਜ਼ਾਰ ਸਾਲ ਪਹਿਲਾਂ ਸ਼ਹਿਰ ਵਸਾਏ, ਵੀ ਆਰੀਆ ਹੀ ਸਨ।
ਇਸ ਤਰ੍ਹਾਂ ਦੇ ਸਵਾਲਾਂ ਦੇ ਪੱਕੇ ਜਵਾਬ ਲੱਭਣੇ ਬੜੇ ਮੁਸ਼ਕਿਲ ਹੁੰਦੇ ਹਨ। ਬੜੇ ਸਮੇਂ ਤੋਂ ਅਵਸ਼ੇਸ਼ਾਂ, ਇਤਿਹਾਸਕ ਤੱਥਾਂ, ਬੋਲੀਆਂ ਆਦਿ ਦੇ ਆਧਾਰ ‘ਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 30 ਕੁ ਸਾਲਾਂ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਮਨੁੱਖੀ ਡੀ. ਐਨ. ਏ. ਦੇ ਅਧਿਐਨ ਨਾਲ ਲੱਭਣ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ। ਇਸ ਆਧਾਰ ‘ਤੇ ਵਿਗਿਆਨਕ ਵਿਸ਼ਲੇਸ਼ਣ ਨਾਲ ਜੋ ਨਵੇਂ ਨਤੀਜੇ ਮਿਲੇ ਹਨ, ਉਨ੍ਹਾਂ ‘ਤੇ ਵਿਸ਼ਵਾਸ ਕਰਨਾ ਵੱਧ ਮੁਨਾਸਬ ਹੈ।
ਮਨੁੱਖੀ ਸੈੱਲ ਵਿਚ ਡੀ. ਐਨ. ਏ. ਨਿਊਕਲੀਅਸ ਅਤੇ ਮਇਟੋਕਾਂਡਰੀਆ ਵਿਚ ਪਾਇਆ ਜਾਂਦਾ ਹੈ। ਨਿਊਕਲੀਅਸ ਵਿਚਲਾ ਡੀ. ਐਨ. ਏ. ਮਾਤਾ-ਪਿਤਾ ਦੇ ਡੀ. ਐਨ. ਏ. ਦਾ ਸੁਮੇਲ ਹੁੰਦਾ ਹੈ, ਜਦੋਂਕਿ ਮਇਟੋਕਾਂਡਰੀਆ ਵਿਚਲਾ ਡੀ. ਐਨ. ਏ. ਸਿਰਫ ਮਾਂ ਤੋਂ ਮਿਲਦਾ ਹੈ। ਇਕ ਮਾਂ ਦੇ ਸਾਰੇ ਬੱਚਿਆਂ ਦਾ ਮਇਟੋਕਾਂਡਰੀਆ ਵਿਚਲਾ ਡੀ. ਐਨ. ਏ. ਇਕੋ ਜਿਹਾ ਹੋਵੇਗਾ ਅਤੇ ਇਕ ਨਾਨੀ ਦੇ ਸਾਰੇ ਦੋਹਤਰੇ-ਦੋਹਤਰੀਆਂ ਦੇ ਮਇਟੋਕਾਂਡਰੀਆ ਵਿਚਲਾ ਡੀ. ਐਨ. ਏ. ਵੀ ਇਕੋ ਜਿਹਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਪੜਨਾਨੀ, ਪੜ-ਪੜ ਨਾਨੀ ਤੋਂ ਪੈਦਾ ਹੋਏ ਬੱਚਿਆਂ ਦਾ ਵੀ।
ਜਦੋਂ ਮਇਟੋਕਾਂਡਰੀਆ ਦਾ ਡੀ. ਐਨ. ਏ. ਮਾਂ ਤੋਂ ਬੱਚੇ ਵਿਚ ਜਾਂਦਾ ਹੈ ਤਾਂ ਇਸ ਦੇ ਨਕਲ ਹੋਣ ਦੀ ਪ੍ਰਕ੍ਰਿਆ ਵਿਚ ਗਲਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਕਾਰਨ ਡੀ. ਐਨ. ਏ. ਦੀ ਲੰਮੀ ਲੜੀ ਵਿਚ ਕਈ ਥਾਂਈਂ ਬਦਲਾਓ ਆ ਜਾਂਦੇ ਨੇ, ਜਿਸ ਨੂੰ ਮਿਊਟੇਸ਼ਨ ਆਖਦੇ ਨੇ। ਇਹ ਕਰੀਬ ਨਿਯਤ ਹੈ ਕਿ ਕਿੰਨੀਆਂ ਕੁ ਗਲਤੀਆਂ ਜਾਂ ਮਿਊਟੇਸ਼ਨਾਂ ਡੀ. ਐਨ. ਏ. ਦੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿਚ ਉਲੱਥਾ ਕਰਨ ਸਮੇਂ ਹੁੰਦੀਆਂ ਹਨ, ਵਿਗਿਆਨੀਆਂ ਨੇ ਮਿਊਟੇਸ਼ਨ ਦੀ ਇਸ ਦਰ ਨੂੰ ਨਾਪਿਆ ਹੋਇਆ ਹੈ।
ਜੇ ਅਸੀਂ ਦੋ ਮਨੁੱਖਾਂ ਦੇ ਮਇਟੋਕਾਂਡਰੀਆ ਵਿਚੋਂ ਡੀ. ਐਨ. ਏ. ਲਈਏ, ਉਨ੍ਹਾਂ ਨੂੰ ਆਪਸ ਵਿਚ ਮੇਲ ਕੇ ਉਨ੍ਹਾਂ ਵਿਚਲੇ ਫਰਕ ਨੂੰ ਮਿਣੀਏ ਤਾਂ ਇਸ ਫਰਕ ਤੋਂ ਜਾਣਿਆ ਜਾ ਸਕਦਾ ਹੈ ਕਿ ਕਿੰਨੀਆਂ ਪੀੜ੍ਹੀਆਂ ਪਹਿਲਾਂ ਉਨ੍ਹਾਂ ਦੀ ਇਕੋ ਪੜ-ਪੜ-ਪੜ ਨਾਨੀ ਸੀ। ਇਸ ਤਰ੍ਹਾਂ ਕਿਨ੍ਹਾਂ ਵੀ ਦੋ ਮਨੁੱਖਾਂ ਵਿਚਲੀ ਮਾਂ ਵਲੋਂ ਰਿਸ਼ਤੇਦਾਰੀ ਦੀ ਦੂਰੀ ਨਾਪੀ ਜਾ ਸਕਦੀ ਹੈ। ਇਸ ਤਰ੍ਹਾਂ ਦੀ ਖੋਜ ਜ਼ਰੀਏ ਕੋਈ 30 ਕੁ ਸਾਲ ਪਹਿਲਾਂ ਸਾਹਮਣੇ ਆਇਆ ਸਭ ਤੋਂ ਵੱਡਾ ਤੱਥ ਇਹ ਸੀ ਕਿ ਸਾਰੇ ਮਨੁੱਖਾਂ ਦੀ ਮਾਂ ਇਕੋ ਹੈ ਤੇ ਉਹ ਅਫਰੀਕਾ ਵਿਚ ਰਹਿੰਦੀ ਸੀ ਤੇ ਸਾਰੀ ਦੁਨੀਆਂ ਦੇ ਮਨੁੱਖ ਅਫਰੀਕਾ ਵਿਚੋਂ ਆਏ ਹਨ ਜਿੱਥੇ ਮਨੁੱਖ ਆਪਣੇ ਪੁਰਖਿਆਂ ਤੋਂ ਵਿਕਸਿਤ ਹੋਇਆ।
ਇਹ ਵੀ ਸਾਬਤ ਹੋਇਆ ਕਿ ਪਹਿਲੇ ਮਨੁੱਖ ਕੋਈ 70 ਹਜ਼ਾਰ ਸਾਲ ਪਹਿਲਾਂ ਅਫਰੀਕਾ ਵਿਚੋਂ ਨਿਕਲੇ ਅਤੇ ਸਾਰੀ ਦੁਨੀਆਂ ਵਿਚ ਫੈਲੇ। ਇਹ ਉਨ੍ਹਾਂ ਲੋਕਾਂ ਦੇ ਪੁਰਖੇ ਸਨ, ਜੋ ਆਸਟਰੇਲੀਆ ਦੇ ਮੂਲ ਵਾਸੀ ਹਨ ਅਤੇ ਸਾਡੇ ਦੇਸ਼ ਦੇ ਕਈ ਆਦਿਵਾਸੀ ਕਬੀਲਿਆਂ ਵਿਚ ਰਹਿੰਦੇ ਹਨ। ਇਨ੍ਹਾਂ ਦਾ ਰਹਿਣ-ਸਹਿਣ ਵੱਖਰਾ ਹੈ ਅਤੇ ਇਨ੍ਹਾਂ ਦੇ ਡੀ. ਐਨ. ਏ. ਤੋਂ ਪਤਾ ਲੱਗਦਾ ਹੈ ਕਿ ਇਹ ਅਲੱਗ ਹਨ ਤੇ ਬਹੁਤ ਸਾਲ ਪਹਿਲਾਂ ਅਫਰੀਕਾ ਤੋਂ ਆਏ ਜਦੋਂਕਿ ਬਾਕੀ ਕਬੀਲੇ ਅਫਰੀਕਾ ਵਿਚ ਹੀ ਰਹੇ ਤੇ ਬਹੁਤ ਪਿਛੋਂ ਫਿਰ ਕਬੀਲੇ ਅਫਰੀਕਾ ਵਿਚੋਂ ਨਿਕਲੇ ਤੇ ਦੁਨੀਆਂ ਵਿਚ ਫੈਲੇ। ਅਜੋਕੀ ਵਸੋਂ ਵਿਚਲੇ ਬਹੁਤੇ ਲੋਕ ਇਨ੍ਹਾਂ ਬਾਅਦ ਵਿਚਲੇ ਕਬੀਲਿਆਂ ਦੀ ਔਲਾਦ ਹਨ। ਰੌਚਕ ਗੱਲ ਇਹ ਹੈ ਕਿ ਇਹ ਤੱਥ ਅਤੇ ਵਖਰੇਵੇਂ ਅਜੋਕੀ ਵਸੋਂ ਦੇ ਡੀ. ਐਨ. ਏ. ਨਮੂਨਿਆਂ ਤੋਂ ਸਾਬਤ ਕੀਤੇ ਜਾ ਸਕਦੇ ਹਨ।
ਪਿਛਲੇ ਸਾਲਾਂ ਵਿਚ ਡੀ. ਐਨ. ਏ. ਨਿਰੀਖਣ ਦੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਹੁਣ ਅਸੀਂ ਨਿਊਕਲੀਅਸ ਦੇ ਡੀ. ਐਨ. ਏ. ਦਾ ਨਿਰੀਖਣ ਵੀ ਕਰ ਸਕਦੇ ਹਾਂ। ਜੇ ਡੀ. ਐਨ. ਏ. ਬਹੁਤ ਥੋੜ੍ਹੀ ਮਿਕਦਾਰ ਵਿਚ ਉਪਲਬਧ ਹੋਵੇ ਤਾਂ ਵੀ ਅਸੀਂ ਉਸ ਨੂੰ ਜਾਂਚ ਸਕਦੇ ਹਾਂ। ਡੀ. ਐਨ. ਏ. ਦੇ ਨਿਰੀਖਣ ਵਿਚੋਂ ਮਿਲਦੀ ਜਾਣਕਾਰੀ ਨੂੰ ਸੰਭਾਲਣ ਤੇ ਇਸ ਦੇ ਵਿਸ਼ਲੇਸ਼ਣ ਲਈ ਵੱਡੇ ਕੰਪਿਊਟਰਾਂ ਦੀ ਲੋੜ ਪੈਂਦੀ ਹੈ, ਜੋ ਪਿਛਲੇ ਸਾਲਾਂ ਵਿਚ ਹੀ ਸਾਨੂੰ ਉਪਲਬਧ ਹੋਏ ਨੇ। ਇਨ੍ਹਾਂ ਨਵੀਆਂ ਤਕਨੀਕਾਂ ਦੇ ਵਿਕਾਸ ਨਾਲ ਅਸੀਂ ਬਹੁਤ ਸਾਰੇ ਨਵੇਂ ਤਜਰਬੇ ਕਰ ਸਕਦੇ ਹਾਂ ਅਤੇ ਵੱਖ-ਵੱਖ ਤੇ ਬਹੁਤ ਸਾਰੇ ਲੋਕਾਂ ਦਾ ਮਇਟੋਕਾਂਡਰੀਆ ਤੇ ਨਿਊਕਲੀਅਸ ਦਾ ਡੀ. ਐਨ. ਏ. ਜਾਂਚ ਸਕਦੇ ਹਾਂ। ਸਿਰਫ ਬਾਪ ਤੋਂ ਮਿਲਣ ਵਾਲੇ ਵਾਈ ਕ੍ਰੋਮੋਸੋਮ ਨੂੰ ਅਲੱਗ ਕਰਕੇ ਇਸ ਵਿਚਲੇ ਫਰਕ ਨੂੰ ਨਾਪ ਕੇ ਅਸੀਂ ਮਨੁੱਖਾਂ ਵਿਚ ਬਾਪ ਵਾਲੇ ਪਾਸਿਉਂ ਰਿਸ਼ਤੇਦਾਰੀ ਵੀ ਮਿਣ ਸਕਦੇ ਹਾਂ।
ਇਨ੍ਹਾਂ ਵਿਗਿਆਨਕ ਵਿਧੀਆਂ ਨਾਲ ਇਤਿਹਾਸ ਨਾਲ ਸਬੰਧਤ ਕਈ ਸਵਾਲਾਂ ਦੇ ਪੱਕੇ ਜਵਾਬ ਲੱਭੇ ਜਾ ਸਕਦੇ ਨੇ, ਜੋ ਪਹਿਲਾਂ ਸੰਭਵ ਨਹੀਂ ਸੀ। 1980ਵਿਆਂ ਵਿਚ ਇਹ ਸਭ ਸੰਭਵ ਨਹੀਂ ਸੀ। ਇਸ ਕਰਕੇ ਵਿਗਿਆਨੀਆਂ ਨੇ ਮਇਟੋਕਾਂਡਰੀਆ ਵਿਚਲੇ ਡੀ. ਐਨ. ਏ. ਦੇ ਨਿਰੀਖਣ ਨੂੰ ਪਹਿਲ ਦਿੱਤੀ, ਕਿਉਂਕਿ ਇਹ ਕੰਮ ਅਸਾਨ ਸੀ ਤੇ ਉਸ ਸਮੇਂ ਦੇ ਯੰਤਰਾਂ ਨਾਲ ਕੀਤਾ ਜਾ ਸਕਦਾ ਸੀ। ਇਸ ਸਾਰੇ ਵਿਗਿਆਨਕ ਵਿਸ਼ਲੇਸ਼ਣ ਲਈ ਕਈ ਕਿਸਮ ਦੇ ਸੂਖਮ ਯੰਤਰਾਂ ਤੇ ਕੰਪਿਊਟਰਾਂ ਦੀ ਲੋੜ ਪੈਂਦੀ ਹੈ ਅਤੇ ਕਈ ਵਿਗਿਆਨੀ ਮਿਲ ਕੇ ਹੀ ਇਸ ਕੰਮ ਨੂੰ ਸਿਰੇ ਚਾੜ੍ਹਦੇ ਹਨ। ਭਾਰਤ ਵਿਚ ਦੋ-ਤਿੰਨ ਥਾਂਵਾਂ ‘ਤੇ ਹੀ ਇਹ ਖੋਜ ਹੁੰਦੀ ਹੈ ਅਤੇ ਬਹੁਤ ਘੱਟ ਮਿਕਦਾਰ ਵਾਲੇ ਡੀ. ਐਨ. ਏ. ਦੇ ਨਮੂਨਿਆਂ ਲਈ ਵਿਦੇਸ਼ੀ ਪ੍ਰਯੋਗਸ਼ਾਲਾਵਾਂ ਦੀ ਮਦਦ ਵੀ ਲੈਣੀ ਪੈਂਦੀ ਹੈ।
ਇਸ ਸਾਲ ਦੋ ਖੋਜ ਪੱਤਰ ਛਪੇ ਹਨ, ਜਿਨ੍ਹਾਂ ਵਿਚਲੇ ਨਤੀਜਿਆਂ ਨੇ ਇਤਿਹਾਸ ਨਾਲ ਜੁੜੇ ਕੁਝ ਮੁੱਢਲੇ ਸਵਾਲਾਂ ਦੇ ਜਵਾਬਾਂ ਉਤੇ ਚਾਨਣਾ ਪਾਇਆ ਹੈ। ਇਕ ਪੇਪਰ ਸੈੱਲ ਨਾਂ ਦੇ ਜਰਨਲ ਵਿਚ ਛਪਿਆ ਹੈ ਅਤੇ ਦੂਜਾ ਸਾਇੰਸ ਨਾਂ ਦੇ ਜਰਨਲ ਵਿਚ। ਸਿੰਧ ਘਾਟੀ ਦੀ ਸਭਿਅਤਾ 2600-1900 ਈਸਾ ਪੂਰਵ ਦੇ ਦਰਮਿਆਨ ਪੰਜਾਬ, ਸਿੰਧ ਅਤੇ ਲਾਗਲੇ ਇਲਾਕਿਆਂ ਵਿਚ ਵਿਕਸਿਤ ਹੋਈ ਸੀ। ਰਾਖੀਗੜ੍ਹੀ, ਜੋ ਅਜੋਕੇ ਹਰਿਆਣਾ ਵਿਚ ਸਥਿਤ ਹੈ, ਇਸ ਸਭਿਅਤਾ ਦਾ ਮੁੱਖ ਸਥਾਨ ਸੀ ਤੇ ਇਥੋਂ ਬਹੁਤ ਸਾਰੇ ਅਵਸ਼ੇਸ਼ ਮਿਲ ਚੁਕੇ ਹਨ।
‘ਸੈੱਲ’ ਨਾਂ ਦੇ ਵਿਗਿਆਨ ਰਸਾਲੇ ਵਿਚ ਛਪੇ ਪੇਪਰ ਵਿਚ ਇਸ ਜਗ੍ਹਾ ਦੇ 61 ਪਿੰਜਰਾਂ ਵਿਚਲੇ ਡੀ. ਐਨ. ਏ. ਦੇ ਵਿਸ਼ਲੇਸ਼ਣ ਦੇ ਨਤੀਜੇ ਦੱਸੇ ਗਏ ਹਨ। ‘ਸਾਇੰਸ’ ਨਾਂ ਦੇ ਰਸਾਲੇ ਵਿਚ ਛਪੇ ਪਰਚੇ ਵਿਚ ਦੱਖਣੀ ਏਸ਼ੀਆ ਦੇ ਵੱਖ-ਵੱਖ ਥਾਂਵਾਂ ਤੋਂ ਮਿਲੇ 100-2000 ਸਾਲ ਈਸਾ ਪੂਰਵ ਪੁਰਾਣੇ, ਪੁਰਾਤਨ ਡੀ. ਐਨ. ਏ. ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਰਤ, ਜਰਮਨੀ ਤੇ ਅਮਰੀਕੀ ਵਿਗਿਆਨੀਆਂ ਨੇ ਇਹ ਕੰਮ ਰਲ ਕੇ ਸਿਰੇ ਚਾੜ੍ਹਿਆ ਹੈ। ਮੁੱਖ ਨਤੀਜੇ ਜੋ ਸਾਹਮਣੇ ਆਉਂਦੇ ਹਨ: (A) ਸਿੰਧ ਘਾਟੀ ਦੀ ਸਭਿਅਤਾ ਦੇ ਲੋਕਾਂ ਦਾ ਮੱਧ ਏਸ਼ੀਆ ਦੇ ਲੋਕਾਂ ਨਾਲ ਜੈਨੇਟਿਕ ਆਧਾਰ ‘ਤੇ ਕੋਈ ਸਿੱਧਾ ਤੁਅੱਲਕ ਨਹੀਂ ਸੀ; (ਅ) ਮੱਧ ਏਸ਼ੀਆ ਵਿਚੋਂ ਦੱਖਣੀ ਏਸ਼ੀਆ ਵਿਚ 2000 ਈਸਾ ਪੂਰਵ ਤੋਂ ਬਾਅਦ ਜੋ ਲੋਕ ਆਏ, ਉਹ ਇੰਡੋ-ਯੂਰਪੀ ਭਾਸ਼ਾਵਾਂ ਬੋਲਣ ਵਾਲੇ ਸਨ; (e) ਅਜੋਕੇ ਭਾਰਤ ਵਿਚ ਵਸਦੇ ਲੋਕਾਂ ਦਾ 30 ਫੀਸਦੀ ਤੋਂ ਘੱਟ ਡੀ. ਐਨ. ਏ. ਉਨ੍ਹਾਂ ਲੋਕਾਂ ਨਾਲ ਰਲਦਾ ਹੈ, ਜੋ 2000 ਈਸਾ ਪੂਰਵ ਤੋਂ ਬਾਅਦ ਭਾਰਤ ਵਿਚ ਆਏ ਤੇ ਬਾਕੀ ਦਾ ਡੀ. ਐਨ. ਏ. ਸਿੰਧ ਘਾਟੀ ਦੇ ਲੋਕਾਂ ਜਾਂ ਉਨ੍ਹਾਂ ਲੋਕਾਂ ਨਾਲ ਮਿਲਦਾ ਹੈ, ਜੋ ਪਹਿਲਾਂ ਇਥੇ ਰਹਿੰਦੇ ਸਨ।
ਇਸ ਖੋਜ ਤੋਂ ਸਾਫ ਹੈ ਕਿ ‘ਆਰੀਆ’ ਲੋਕ ਬਾਹਰਲੇ ਇਲਾਕਿਆਂ ਤੋਂ ਇਥੇ ਆਏ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇਥੇ ਰਹਿੰਦੇ ਲੋਕਾਂ ਨੇ ਸ਼ਹਿਰ ਵਸਾਏ ਹੋਏ ਸਨ। ਅੱਜ ਦੇ ਭਾਰਤੀ ਲੋਕ ਇਨ੍ਹਾਂ ਦੋਹਾਂ ਕਿਸਮ ਦੇ ਲੋਕਾਂ (ਭਾਵ ਆਰੀਆ ਤੋਂ ਪਹਿਲਾਂ ਇਥੇ ਰਹਿੰਦੇ ਅਤੇ ਆਰੀਆ ਲੋਕਾਂ) ਦਾ ਮਿਸ਼ਰਣ ਹਨ।
ਇਕ ਹੋਰ ਖੋਜ ਬਹੁਤ ਅਹਿਮ ਹੈ, ਜੋ ਕੁਝ ਸਾਲ ਪਹਿਲਾਂ ਡੀ. ਐਨ. ਏ. ਵਿਸ਼ਲੇਸ਼ਣ ਦੇ ਆਧਾਰ ‘ਤੇ ਬਾਇਓਮੈਡੀਕਲ ਜਿਨੋਮਿਕਸ ਦੀ ਕਲਕੱਤੇ ਸਥਿਤ ਨੈਸ਼ਨਲ ਇੰਸਟੀਚਿਊਟ ਵਿਚ ਕੀਤੀ ਗਈ ਸੀ। ਇਹ ਖੋਜ ਇਕ ਮੁੱਖ ਕੌਮਾਂਤਰੀ ਜਨਰਲ ਵਿਚ ਛਪੀ ਸੀ। ਭਾਰਤ ਤੇ ਵੱਖ-ਵੱਖ ਲੋਕਾਂ, ਧਰਮਾਂ, ਸੂਬਿਆਂ, ਜਾਤਾਂ ਆਦਿ ਦੇ ਡੀ. ਐਨ. ਏ. ਦੇ ਨਮੂਨਿਆਂ ਦੇ ਅਧਿਐਨ ਤੋਂ ਸਾਬਤ ਹੋਇਆ ਕਿ ਸਾਰੇ ਭਾਰਤੀ ਕਰੀਬ ਇਕੋ ਜਿਹੇ ਹਨ, ਭਾਵੇਂ ਉਹ ਕਿਸੇ ਧਰਮ, ਜਾਤ ਜਾਂ ਸੂਬੇ ਦੇ ਰਹਿਣ ਵਾਲੇ ਹੋਣ। ਇਸ ਖੋਜ ਤੋਂ ਸਪਸ਼ਟ ਸਿੱਟੇ ਨਿਕਲਦੇ ਹਨ ਕਿ ਅਜੋਕੇ ਭਾਰਤੀ ਲੋਕ ਪੁਰਾਤਨ ਭਾਰਤੀ ਲੋਕਾਂ (ਜੋ 2000 ਈਸਾ ਪੂਰਵ ਤੋਂ ਪਹਿਲਾਂ ਇਥੇ ਰਹਿੰਦੇ ਸਨ) ਤੇ ਆਰੀਆ ਲੋਕਾਂ (ਜੋ ਮੱਧ ਏਸ਼ੀਆ ਤੋਂ ਇਥੇ ਆਏ) ਦਾ ਮਿਸ਼ਰਣ ਹਨ।
ਭਾਸ਼ਾਵਾਂ ਅਤੇ ਹੋਰ ਅਵਸ਼ੇਸ਼ਾਂ ਦੇ ਆਧਾਰ ‘ਤੇ ਵੀ ਪੁਰਾਤਤਵ ਵਿਗਿਆਨੀਆਂ ਤੇ ਇਤਿਹਾਸਕਾਰਾਂ ਨੇ ਇਸੇ ਤਰ੍ਹਾਂ ਦੇ ਸਿੱਟੇ ਕੱਢੇ ਸਨ, ਪਰ ਪਿਛਲੇ ਸਾਲਾਂ ਵਿਚ ਬਹੁਤ ਸਾਰੇ ਲੋਕਾਂ ਨੇ ਬੜੇ ਜ਼ੋਰ ਸ਼ੋਰ ਨਾਲ ਇਹ ਕਹਿਣਾ ਸ਼ੁਰੂ ਕੀਤਾ ਕਿ ਭਾਰਤ ਵਿਚ ਕੋਈ ਬਾਹਰੋਂ ਨਹੀਂ ਆਇਆ ਅਤੇ ਸਿੰਧ ਘਾਟੀ ਦੇ ਲੋਕ ਵੀ ਆਰੀਆ ਲੋਕਾਂ ਦੇ ਪੁਰਖੇ ਹੀ ਸਨ। ਹੁਣ ਵਿਗਿਆਨਕ ਆਧਾਰ ‘ਤੇ ਸਾਹਮਣੇ ਆਏ ਨਤੀਜੇ ਇਸ ਤਰ੍ਹਾਂ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦੇ।
ਦੂਜੀ ਰੌਚਕ ਗੱਲ ਇਹ ਸਾਹਮਣੇ ਆਈ ਹੈ ਕਿ ਭਾਰਤੀ ਲੋਕ, ਜੋ ਧਰਮਾਂ, ਜਾਤਾਂ, ਭਾਸ਼ਾਵਾਂ ਤੇ ਸਥਾਨਾਂ ਦੇ ਆਧਾਰ ‘ਤੇ ਵੰਡੇ ਦਿਖਾਈ ਦਿੰਦੇ ਹਨ, ਅਸਲ ਵਿਚ ਇਕ ਦੂਜੇ ਦੇ ਬਹੁਤ ਨੇੜੇ ਹਨ। ਡੀ. ਐਨ. ਏ. ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਬ੍ਰਾਹਮਣਾਂ ਵਿਚ ਉਨ੍ਹਾਂ ਲੋਕਾਂ ਦਾ ਡੀ. ਐਨ. ਏ. ਹੈ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਅਤੇ ਰਾਜਪੂਤਾਂ ਵਿਚ ਦ੍ਰਾਵਿੜਾਂ ਦਾ। ਭਾਰਤੀ ਵਸੋਂ ਵਿਚ ਪੁਰਾਤਨ ਆਦਿਵਾਸੀ ਅਤੇ ਚੀਨੀ ਲੋਕਾਂ ਦਾ ਡੀ. ਐਨ. ਏ. ਵੀ ਕੁਝ ਹੱਦ ਤਕ ਮਿਲਿਆ ਹੋਇਆ ਹੈ। ਜਾਤਾਂ ਦੇ ਆਧਾਰ ‘ਤੇ ਵਿਆਹ ਸ਼ਾਦੀ ਦੀ ਪਰੰਪਰਾ ਕੋਈ 70 ਪੀੜ੍ਹੀਆਂ ਪਹਿਲਾਂ ਹੀ ਸ਼ੁਰੂ ਹੋਈ। ਉਸ ਤੋਂ ਪਹਿਲਾਂ ਦੱਖਣੀ ਏਸ਼ੀਆ ਵਿਚ ਹਰ ਤਰ੍ਹਾਂ ਦੇ ਲੋਕਾਂ ਵਿਚ ਵਿਆਹ ਸ਼ਾਦੀਆਂ ਹੁੰਦੀਆਂ ਸਨ ਅਤੇ ਇਸ ਦੇ ਸਬੂਤ ਅਜੋਕੇ ਭਾਰਤੀਆਂ ਦੇ ਡੀ. ਐਨ. ਏ. ਵਿਚੋਂ ਮਿਲਦੇ ਹਨ। ਵਿਗਿਆਨਕ ਤੱਥ ਸੰਕੇਤ ਕਰਦੇ ਹਨ ਕਿ ਭਾਰਤ ਵਿਚ ਕੋਈ ਖਾਲਸ ਸਮੂਹ ਨਹੀਂ ਹੈ ਅਤੇ ਪਿਛਲੇ ਸਮੇਂ ਵਿਚ ਅਸੀਂ ਇਕ ਦੂਜੇ ਨਾਲ ਘੁਲਦੇ-ਮਿਲਦੇ ਤੇ ਡੀ. ਐਨ. ਏ. ਦਾ ਲੈਣ-ਦੇਣ ਕਰਦੇ ਰਹੇ ਹਾਂ।
ਕਈ ਵਾਰ ਅਸੀਂ ਅਜੋਕੇ ਸਭਿਆਚਾਰ ਦੇ ਅਸਰ ਥੱਲੇ ਭਾਵੁਕ ਤਰੀਕੇ ਨਾਲ ਸੋਚਦੇ ਹਾਂ, ਪਰ ਸਾਨੂੰ ਵਿਗਿਆਨਕ ਤੱਥਾਂ ਨੂੰ ਭਾਵੁਕਤਾ ਨਾਲ ਨਹੀਂ ਲੈਣਾ ਚਾਹੀਦਾ ਸਗੋਂ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਗਿਆਨ ਨੇ ਸਾਨੂੰ ਸਿਖਾਇਆ ਕਿ ਸਾਨੂੰ ਪਰਮਾਤਮਾ ਨੇ ਆਪਣੇ ਰੂਪ ਵਿਚ ਬਣਾਇਆ ਜਾਂ ਨਹੀਂ, ਪਰ ਅਸੀਂ ਜਾਨਵਰਾਂ ਤੋਂ ਕੋਈ ਖਾਸ ਵੱਖਰੇ ਨਹੀਂ ਹਾਂ। ਮਨੁੱਖ ਅਤੇ ਚੂਹੇ ਦੇ ਡੀ. ਐਨ. ਏ. ਵਿਚ ਸਿਰਫ ਪੰਜ ਫੀਸਦੀ ਦਾ ਅੰਤਰ ਹੈ। ਇਸੇ ਤਰ੍ਹਾਂ ਹੁਣ ਸਾਨੂੰ ਪੱਕਾ ਪਤਾ ਹੈ ਕਿ ਧਰਤੀ ਬ੍ਰਹਿਮੰਡ ਦਾ ਕੇਂਦਰ ਨਹੀਂ ਹੈ ਤੇ ਸੂਰਜ ਵਰਗੇ ਅਨੇਕਾਂ ਹੋਰ ਸੂਰਜ ਤੇ ਧਰਤੀ ਵਰਗੀਆਂ ਅਨੇਕਾਂ ਹੋਰ ਧਰਤੀਆਂ ਹਨ। ਇਸੇ ਤਰ੍ਹਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਦੱਖਣੀ ਏਸ਼ੀਆ ਦੇ ਲੋਕ ਬਹੁਤ ਸਾਰੀਆਂ ਨਸਲਾਂ ਦਾ ਸੁਮੇਲ ਹਨ, ਜੋ ਵੱਖ-ਵੱਖ ਸਮਿਆਂ ‘ਤੇ ਇਥੇ ਆਏ ਤੇ ਵੱਸ ਗਏ। ਸਾਨੂੰ ਆਪਣੇ ਇਸ ਰਲੇ-ਮਿਲੇ ਪਿਛੋਕੜ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।