ਵਿਰਾਸਤ ਦੀ ਸੰਭਾਲ ਅਤੇ ਪ੍ਰੋ. ਪ੍ਰੀਤਮ ਸਿੰਘ

ਖੋਜ ਕਰਨੀ ਤੇ ਖੋਜ ਕਰਾਉਣੀ ਪ੍ਰੋ. ਪ੍ਰੀਤਮ ਸਿੰਘ ਦਾ ਪਹਿਲਾ ਤੇ ਆਖਰੀ ਇਸ਼ਕ ਸੀ ਅਤੇ ਇਸ ਕਾਰਜ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਲੋੜ ਖੋਜ ਸਮੱਗਰੀ ਦੀ ਭਾਲ ਤੇ ਇਕੱਤਰੀਕਰਨ ਦੀ ਹੁੰਦੀ ਹੈ। ਉਸ ਨੂੰ ਜਿਥੋਂ ਵੀ ਕਿਸੇ ਪੁਰਾਣੇ ਗ੍ਰੰਥ ਦੀ ਸੂਹ ਮਿਲੀ, ਉਹ ਉਥੇ ਹੀ ਜਾ ਪਹੁੰਚਿਆ। ਇਉਂ ਉਸ ਨੇ ਕਰੀਬ ਇਕ ਹਜ਼ਾਰ ਹੱਥ-ਲਿਖਤ ਗ੍ਰੰਥ ਆਪਣੀ ਨਿੱਜੀ ਲਾਇਬ੍ਰੇਰੀ ਵਿਚ ਜਮ੍ਹਾਂ ਕਰ ਲਏ। ਉਸ ਦੀ ਆਪਣੀ ਲਾਇਬ੍ਰੇਰੀ ਹਵਾਲਾ ਲਾਇਬ੍ਰੇਰੀ ਬਣ ਗਈ ਸੀ। ਅੰਮ੍ਰਿਤਸਰ ਵਾਸੀ ਇਸ ਗੱਲੋਂ ਵਡਭਾਗੇ ਹਨ ਕਿ ਉਨ੍ਹਾਂ ਦੀ ਇਕੱਠੀ ਕੀਤੀ ਸਾਰੀ ਵਿਰਾਸਤੀ ਦੁਰਲੱਭ ਸਮੱਗਰੀ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਦਾ ਹਿੱਸਾ ਬਣ ਚੁਕੀ ਹੈ।

ਇਸ ਦਾ ਵੱਖਰਾ ਸੈਕਸ਼ਨ ਪ੍ਰੋ. ਪ੍ਰੀਤਮ ਸਿੰਘ ਸੈਕਸ਼ਨ ਨਾਂ ਹੇਠ ਜਾਣਿਆ ਜਾਂਦਾ ਹੈ।

ਡਾ. ਧਰਮ ਸਿੰਘ
ਫੋਨ: +91-98889-39808

ਵਿਰਾਸਤ ਦੀ ਸੰਭਾਲ ਜਾਗਰੂਕ ਅਤੇ ਖੋਜ ਰੁਚੀ ਵਾਲਿਆਂ ਦੇ ਹਿੱਸੇ ਆਈ ਹੈ। ਪੰਜਾਬ ਅਤੇ ਪੰਜਾਬੀ ਦੇ ਪ੍ਰਸੰਗ ਵਿਚ ਹੀ ਦੇਖਣਾ ਹੋਵੇ ਤਾਂ ਇਤਿਹਾਸਕਾਰ ਕਰਮ ਸਿੰਘ, ਭਾਈ ਮੋਹਨ ਸਿੰਘ ਵੈਦ, ਭਾਈ ਕਾਨ੍ਹ ਸਿੰਘ ਨਾਭਾ, ਡਾ. ਗੰਡਾ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਪਿਆਰਾ ਸਿੰਘ ਪਦਮ, ਡਾ. ਪਿਆਰ ਸਿੰਘ ਆਦਿ ਵਿਦਵਾਨਾਂ ਦੇ ਨਾਲ-ਨਾਲ ਪ੍ਰੋ. ਪ੍ਰੀਤਮ ਸਿੰਘ ਦਾ ਨਾਂ ਸਹਿਜੇ ਹੀ ਲਿਆ ਜਾ ਸਕਦਾ ਹੈ। ਪ੍ਰੋ. ਪ੍ਰੀਤਮ ਸਿੰਘ (11 ਜਨਵਰੀ 1918 ਤੋਂ 25 ਅਕਤੂਬਰ 2008) ਦੀ ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰ ਤੇ ਵਾਰਤਕ ਨੂੰ ਦੇਣ ਬਾਰੇ ਪੂਰਾ ਪੀਐਚ.ਡੀ. ਖੋਜ ਪ੍ਰਬੰਧ ਲਿਖਿਆ ਜਾ ਸਕਦਾ ਹੈ, ਪਰ ਇਥੇ ਅਸੀਂ ਉਸ ਦੀ ਵਿਰਾਸਤ ਸੰਭਾਲਣ ਲਈ ਕੀਤਆਂ ਗਈਆਂ ਕੋਸ਼ਿਸ਼ਾਂ ਦਾ ਸੰਖੇਪ ਲੇਖਾ-ਜੋਖਾ ਕਰਨਾ ਚਾਹਾਂਗੇ।
ਖੋਜ ਕਰਨੀ ਤੇ ਖੋਜ ਕਰਾਉਣੀ ਪ੍ਰੋ. ਪ੍ਰੀਤਮ ਸਿੰਘ ਦਾ ਪਹਿਲਾ ਤੇ ਆਖਰੀ ਇਸ਼ਕ ਸੀ ਅਤੇ ਇਸ ਕਾਰਜ ਲਈ ਸਭ ਤੋਂ ਪਹਿਲੀ ਤੇ ਬੁਨਿਆਦੀ ਲੋੜ ਖੋਜ ਸਮੱਗਰੀ ਦੀ ਭਾਲ ਤੇ ਇਕੱਤਰੀਕਰਨ ਦੀ ਹੁੰਦੀ ਹੈ। ਖੋਜ ਸਮੱਗਰੀ ਦੀ ਅਹਿਮੀਅਤ ਨੂੰ ਉਸ ਨੇ ਅਰੰਭ ਵਿਚ ਹੀ ਪਛਾਣ ਲਿਆ ਸੀ, ਇਸ ਕਰਕੇ ਉਸ ਨੂੰ ਜਿਥੋਂ ਵੀ ਕਿਸੇ ਪੁਰਾਣੇ ਗ੍ਰੰਥ ਦੀ ਸੂਹ ਮਿਲੀ, ਉਹ ਉਥੇ ਹੀ ਜਾ ਪਹੁੰਚਿਆ। ਕਿਤੇ ਪਿਆਰ ਨਾਲ, ਕਿਤੇ ਸਾਂਝ ਕੱਢ ਕੇ ਅਤੇ ਕਿਤੇ ਕਿਸੇ ਚੀਜ਼ ਦਾ ਡਰ ਦੇ ਕੇ ਉਸ ਨੇ ਕਰੀਬ ਇਕ ਹਜ਼ਾਰ ਹੱਥ-ਲਿਖਤ ਗ੍ਰੰਥ ਆਪਣੀ ਨਿੱਜੀ ਲਾਇਬ੍ਰੇਰੀ ਵਿਚ ਜਮ੍ਹਾਂ ਕਰ ਲਏ। ਇਉਂ ਉਸ ਦੀ ਆਪਣੀ ਲਾਇਬ੍ਰੇਰੀ ਹਵਾਲਾ ਲਾਇਬ੍ਰੇਰੀ ਬਣ ਗਈ, ਜਿਸ ਦੀ ਵਰਤੋਂ ਪ੍ਰੋ. ਪ੍ਰੀਤਮ ਸਿੰਘ ਨੇ ਨਾ ਕੇਵਲ ਆਪ ਕੀਤੀ ਸਗੋਂ ਜਿਹੜੇ ਵੀ ਹਿੰਦੀ ਤੇ ਪੰਜਾਬੀ ਦੇ ਖੋਜਾਰਥੀ ਉਸ ਕੋਲ ਆਏ, ਉਸ ਨੇ ਦਿਲ ਖੋਲ੍ਹ ਕੇ ਵਿਰਾਸਤ ਉਨ੍ਹਾਂ ਅੱਗੇ ਰੱਖ ਦਿੱਤੀ।
ਅੰਮ੍ਰਿਤਸਰ ਵਾਸੀ ਇਸ ਗੱਲੋਂ ਵਡਭਾਗੇ ਹਨ ਕਿ ਉਨ੍ਹਾਂ ਦੀ ਇਕੱਠੀ ਕੀਤੀ ਸਾਰੀ ਵਿਰਾਸਤੀ ਦੁਰਲੱਭ ਸਮੱਗਰੀ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਦਾ ਹਿੱਸਾ ਬਣ ਚੁਕੀ ਹੈ। ਇਸ ਦਾ ਇਕ ਵੱਖਰਾ ਸੈਕਸ਼ਨ ਪ੍ਰੋ. ਪ੍ਰੀਤਮ ਸਿੰਘ ਸੈਕਸ਼ਨ ਨਾਂ ਹੇਠ ਜਾਣਿਆ ਜਾਂਦਾ ਹੈ। ਇਸ ਲਾਇਬ੍ਰੇਰੀ ਵਿਚ ਕਈ ਗ੍ਰੰਥ ਅਜਿਹੇ ਹਨ, ਜਿਨ੍ਹਾਂ ਦੀ ਕੇਵਲ ਇਕ-ਇਕ ਕਾਪੀ ਹੀ ਹੈ।
ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਲਈ ਸਮੇਂ-ਸਮੇਂ ‘ਤੇ ਚੱਲੀਆਂ ਲਹਿਰਾਂ ਤੇ ਕਈ ਧਾਰਮਿਕ ਸੰਪਰਦਾਵਾਂ ਦਾ ਭਰਪੂਰ ਯੋਗਦਾਨ ਰਿਹਾ। ਮੱਧਕਾਲ ਵਿਚ ਚੱਲੀ ਭਗਤੀ ਲਹਿਰ ਨੇ ਜਿਥੇ ਸਮੁੱਚੇ ਭਾਰਤੀ ਸਾਹਿਤ ਨੂੰ ਅਮੀਰ ਕੀਤਾ, ਉਥੇ ਪੰਜਾਬੀ ਸਾਹਿਤ ਵੀ ਅਭਿੱਜ ਨਾ ਰਿਹਾ। ਗੁਰਮਤਿ ਦਰਸ਼ਨ ਦੇ ਪ੍ਰਚਾਰ-ਪਾਸਾਰ ਵਿਚ ਲੱਗੀਆਂ ਰਹੀਆਂ ਉਦਾਸੀ, ਸੇਵਾਪੰਥੀ, ਗਿਆਨੀ ਅਤੇ ਨਿਰਮਲੇ ਅਜਿਹੀਆਂ ਹੀ ਸੰਪਰਦਾਵਾਂ ਹਨ, ਜਿਨ੍ਹਾਂ ਵਲੋਂ ਪਾਏ ਗਏ ਯੋਗਦਾਨ ਦੀ ਚਰਚਾ ਕਿਸੇ ਨਾ ਕਿਸੇ ਰੂਪ ਵਿਚ ਹੁੰਦੀ ਰਹਿੰਦੀ ਹੈ। ‘ਮੀਣਾ ਸ਼ਾਖਾ’ ਸਿੱਖੀ ਦੀ ਅਜਿਹੀ ਹੀ ਸ਼ਾਖਾ ਸੀ, ਪਰ ਗੁਰੂ ਘਰ ਨਾਲ ਟਕਰਾਓ ਕਾਰਨ ਵਿਦਵਾਨਾਂ ਦਾ ਧਿਆਨ ਬਹੁਤਾ ਇਧਰ ਨਾ ਗਿਆ, ਤੇ ਜੇ ਗਿਆ ਵੀ ਹੈ ਤਾਂ ਇਸ ਸ਼ਾਖਾ ਵਲੋਂ ਲਿਖੇ ਗਏ ਸਾਹਿਤ ਨੂੰ ਗੁਰਬਾਣੀ ਦੀ ਨਕਲ ਜਾਂ ਪਰਛਾਵੇਂ ਹੇਠ ਲਿਖੇ ਜਾਣ ਕਰਕੇ ਇਸ ਨੂੰ ਵਧੇਰੇ ਅਹਿਮੀਅਤ ਨਾ ਦਿੱਤੀ ਗਈ। ਇਸ ਸ਼ਾਖਾ ਦੇ ਸਾਹਿਤ ਨੂੰ ‘ਕੱਚੀ ਬਾਣੀ’ ਕਰਕੇ ਵੀ ਜਾਣਿਆ ਜਾਂਦਾ ਰਿਹਾ। ਸਮੇਂ ਦੇ ਬੀਤਣ ਨਾਲ ਇਹ ਸ਼ਾਖਾ ਸਿੱਖੀ ਦੀ ਮੂਲ ਧਾਰਾ ਵਿਚ ਰਲ ਕੇ ਕਰੀਬ ਖਤਮ ਹੋ ਗਈ ਅਤੇ ਗੁਰੂ ਘਰ ਨਾਲ ਟਕਰਾਓ ਵੀ ਮੁੱਕ ਗਿਆ। ਇਸੇ ਸਮੇਂ ਅਸੀਂ ਦੇਖਦੇ ਹਾਂ ਕਿ ਮੀਣਾ ਸ਼ਾਖਾ ਦੇ ਸਾਹਿਤ ਨੂੰ ਵਿਧੀਵਤ ਤਰੀਕੇ ਨਾਲ ਸਾਂਭਣ ਅਤੇ ਇਸ ਦੇ ਅਧਿਐਨ ਤੇ ਖੋਜ ਲਈ ਯਤਨ ਹੋਣ ਲੱਗੇ ਹਨ।
ਇਸ ਸ਼ਾਖਾ ਦੇ ਲੇਖਕਾਂ ਵਿਚ ਮੁੱਖ ਲੇਖਕ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਜਿਸ ਦੀਆਂ ਕੁੱਝ ਰਚਨਾਵਾਂ ਪੰਜਾਬੀ ਅਤੇ ਹਿੰਦੀ ਵਿਚ ਸੰਪਾਦਿਤ ਹੋ ਕੇ ਛਪੀਆਂ ਤੇ ਇਨ੍ਹਾਂ ਬਾਰੇ ਕੁਝ ਖੋਜ ਕਾਰਜ ਵੀ ਹੋਇਆ। ਇਸ ਦੇ ਸਮੁੱਚੇ ਸਾਹਿਤ ਨੂੰ ਸਾਂਭਣ ਅਤੇ ਇਸ ਦੇ ਮੁਲੰਕਣ ਦਾ ਤਾਜ਼ਾ ਯਤਨ ਹੋਇਆ ਹੈ ਤੇ ਵਿਰਾਸਤ ਦੀ ਸੰਭਾਲ ਲਈ ਹੋਇਆ ਇਹ ਯਤਨ ਸਾਡੀ ਚਰਚਾ ਦਾ ਵਿਸ਼ਾ ਹੈ। ਇਸ ਖੋਜ ਯੋਜਨਾ ਨੂੰ ਉਲੀਕਣ ਅਤੇ ਇਸ ਨਾਲ ਵੱਖ-ਵੱਖ ਵਿਦਵਾਨਾਂ ਨੂੰ ਜੋੜਨ ਦਾ ਉਪਰਾਲਾ ਸਵਰਗੀ ਪ੍ਰੋ. ਪ੍ਰੀਤਮ ਸਿੰਘ ਨੇ ਕੀਤਾ ਸੀ। ਇਸ ਸ਼ਾਖਾ ਦੇ ਲੇਖਕਾਂ ਦੇ ਕਈ ਗ੍ਰੰਥ ਉਸ ਦੀ ਨਿੱਜੀ ਲਾਇਬ੍ਰੇਰੀ ਵਿਚ ਹੱਥ ਲਿਖਤਾਂ ਦੇ ਰੂਪ ਵਿਚ ਸਾਂਭੇ ਪਏ ਸਨ, ਜਿਨ੍ਹਾਂ ਨੂੰ ਪ੍ਰਕਾਸ਼ ਵਿਚ ਲਿਆਉਣ ਹਿਤ ਉਨ੍ਹਾਂ ਨੇ ਇਹ ਖੋਜ ਯੋਜਨਾ ਉਲੀਕੀ।
ਪ੍ਰੋ. ਪ੍ਰੀਤਮ ਸਿੰਘ ਦੀ ਖੋਜ ਪ੍ਰਤਿਭਾ ਤੇ ਖੋਜ-ਸਮਰੱਥਾ ਨਿਰਵਿਵਾਦ ਹੈ। ਉਨ੍ਹਾਂ ਦੁਆਰਾ ਲਿਖੀਆਂ ਗਈਆਂ ਮੌਲਿਕ ਤੇ ਸੰਪਾਦਿਤ ਪੁਸਤਕਾਂ ਦੀ ਕੁੱਲ ਗਿਣਤੀ 60 ਤੋਂ ਵੱਧ ਹੈ ਤੇ ਇਹ ਸੱਭੇ ਕਿਸੇ ਨਾ ਕਿਸੇ ਰੂਪ ਵਿਚ ਖੋਜ ਪੁਸਤਕਾਂ ਹੀ ਹਨ। ਉਸ ਨੇ ਪਰਵਾਸੀ ਭਾਰਤੀ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਨਾਲ ਰਲ ਕੇ ਮੀਣਾ ਸ਼ਾਖਾ ਦੇ ਰਚੇ ਸਾਹਿਤ ਦੇ ਸੰਕਲਨ, ਸੰਭਾਲਣ ਤੇ ਅਧਿਐਨ ਦਾ ਉਦਮ ਅਰੰਭਿਆ। ਮੀਣਿਆਂ ਦੀ ਇਸ ਸ਼ਾਖਾ ਨੂੰ ‘ਸਿੱਖਾਂ ਦਾ ਛੋਟਾ ਮੇਲ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਜਿਹੇ ਸਾਰੇ ਸਾਹਿਤ ਨੂੰ ਉਜਾਗਰ ਕਰਨ ਲਈ ਪ੍ਰੋ. ਪ੍ਰੀਤਮ ਸਿੰਘ ਨੇ ਦਸ ਜਿਲਦੀ ਖੋਜ ਯੋਜਨਾ ਬਣਾਈ। ਇਸ ਯੋਜਨਾ ਦੀ ਪਹਿਲੀ ਜਿਲਦ ਵਿਚ ਅਜਿਹੇ ਸਾਰੇ ਸਾਹਿਤ ਦੀ, ਜਿਥੇ ਵੀ ਉਹ ਪਿਆ ਹੈ, ਨਿਸ਼ਾਨਦੇਹੀ ਕੀਤੀ ਗਈ ਹੈ ਤੇ ਹਰ ਗ੍ਰੰਥ ਦਾ ਤਤਕਰਾ ਵੀ ਦਿੱਤਾ ਹੋਇਆ ਹੈ।
ਆਪਣੀ ਇਸ ਖੋਜ ਦੇ ਲਾਭ ਬਾਰੇ ਸੰਕੇਤ ਕਰਦਿਆਂ ਪ੍ਰੋ. ਪ੍ਰੀਤਮ ਸਿੰਘ ਨੇ ਲਿਖਿਆ ਹੈ, “ਸਿੱਖਾਂ ਦੇ ਛੋਟੇ ਮੇਲ ਨੇ ਕਿਸ ਤਰ੍ਹਾਂ ਦਾ ਸਾਹਿਤ ਪੈਦਾ ਕੀਤਾ ਜਾਂ ਕਰਾਇਆ ਹੈ, ਉਹ ਸਾਡੀ ਪੁਸਤਕ ਲੜੀ ਦੇ ਸੰਪੂਰਨ ਹੋਣ ਉਪਰੰਤ ਹੀ ਮੁਲੰਕਣਯੋਗ ਹੋਵੇਗਾ, ਪਰ ਇਹ ਦਾਅਵਾ ਅਸੀਂ ਪਹਿਲਾਂ ਹੀ ਕਰ ਸਕਦੇ ਹਾਂ ਕਿ ਸਾਡਾ ਇਸ ਲੜੀ ਰਾਹੀਂ ਜਦੋਂ ਹਰਿ ਜੀ ਕ੍ਰਿਤ ‘ਸੁਖਮਨੀ ਸਹੰਸਰਨਾਮਾ’, ਹਰੀਆ ਜੀ ਰਚਿਤ ਗ੍ਰੰਥ ਤੇ ਕਵੀ ਦਰਬਾਰੀ ਰਚਿਤ ਪੋਥੀ ‘ਹਰਿ ਜਸ’ ਵਰਗੀਆਂ ਰਚਨਾਵਾਂ ਸ਼ੁੱਧ ਰੂਪ ਵਿਚ ਛਪ ਕੇ ਪਾਠਕਾਂ ਦੇ ਸਾਹਮਣੇ ਆਉਣਗੀਆਂ ਤਾਂ ਸਾਨੂੰ ਯਕੀਨ ਹੈ ਕਿ ਪੰਜਾਬੀ ਭਾਸ਼ਾ ਦਾ ਹਰ ਹਿਤੈਸ਼ੀ ਸਾਡੀ ਘਾਲ ਕਮਾਈ ਲਈ ਸਾਨੂੰ ਸ਼ਾਬਾਸ਼ ਦੇਵੇਗਾ।”
‘ਸਿੱਖਾਂ ਦਾ ਛੋਟਾ ਮੇਲ’ ਦਸ ਜਿਲਦੀ ਪੁਸਤਕ ਲੜੀ ਦੀ ਪਹਿਲੀ ਜਿਲਦ ਹੈ, ਜਿਸ ਵਿਚ ਮੀਣਾ ਸ਼ਾਖਾ ਦਾ ਇਤਿਹਾਸ, ਖਿੱਲਰੇ ਪੁੱਲਰੇ ਸਾਹਿਤ ਦਾ ਸਰਵੇਖਣ, ਪ੍ਰਾਪਤੀ ਸਥਾਨ, ਪ੍ਰਸਿਧ ਰਚਨਾਵਾਂ-ਗ੍ਰੰਥਾਂ ਦੇ ਤਤਕਰਿਆਂ ਸਮੇਤ ਸਬੰਧਤ ਜਾਣ-ਪਛਾਣ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇੰਜ ਛੋਟੇ ਮੇਲ ਵਾਲਿਆਂ ਦੇ ਸਾਹਿਤ ਸਬੰਧੀ ਤਿਆਰ ਹੋਣ ਵਾਲੀਆਂ ਪੁਸਤਕਾਂ ਦੇ ਬੀਜ ਇਸ ਪੁਸਤਕ ਵਿਚ ਪਏ ਹਨ। ਜਿਹੜੀਆਂ ਪੁਸਤਕਾਂ ਛਾਪਣ ਦੀ ਯੋਜਨਾ ਸੀ, ਉਸ ਦਾ ਵੇਰਵਾ ਇਹ ਹੈ:
ਸਿੱਖਾਂ ਦਾ ਛੋਟਾ ਮੇਲ: ਇਤਿਹਾਸ ਤੇ ਸਰਵੇਖਣ
ਸੋਢੀ ਪਿਰਥੀ ਚੰਦ ਦੀ ਰਚਨਾ
ਸੋਢੀ ਮਿਹਰਬਾਨ ਦੀ ਕਾਵਿ-ਰਚਨਾ
ਸੋਢੀ ਹਰਿ ਜੀ ਤੇ ਉਨ੍ਹਾਂ ਦੇ ਉਤਰਾਧਿਕਾਰੀ ਦੀ ਕਾਵਿ-ਰਚਨਾ
ਸੁਖਮਨੀ ਸਹੰਸਰਨਾਮਾ ਕ੍ਰਿਤ ਹਰਿ ਜੀ
ਗੋਸਟਿ ਮਿਹਰਬਾਨ ਜੀ ਕੀਆ ਕ੍ਰਿਤ ਹਰਿ ਜੀ
ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ
ਗ੍ਰੰਥ ਹਰੀਆ ਜੀ ਦਾ
ਭਾਈ ਦਰਬਾਰੀ ਅਤੇ ਉਨ੍ਹਾਂ ਦੀ ਹਰਿ ਜਸ ਪੋਥੀ
ਛੋਟੇ ਮੇਲ ਦੀਆਂ ਫੁਟਕਲ ਰਚਨਾਵਾਂ
ਇੰਜ ਪਹਿਲੀ ਉਪਰੋਕਤ ਪੁਸਤਕ ਦੇ ਜਿੰਨੇ ਅਧਿਆਇ ਹਨ, ਅਸਲ ਵਿਚ ਇਹ ਤਿਆਰ ਹੋਣ ਵਾਲੀਆਂ ਪੁਸਤਕਾਂ ਦੇ ਸਿਰਲੇਖ ਹੀ ਹਨ। ਵਡ-ਆਕਾਰੀ ਲੇਖਕਾਂ ਬਾਰੇ ਸੁਤੰਤਰ ਪੁਸਤਕਾਂ ਲਿਖੀਆਂ ਜਾਣੀਆਂ ਹਨ ਜਦ ਕਿ ਲਘੂ-ਆਕਾਰੀ ਲੇਖਕਾਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਇਕ ਜਿਲਦ ਵਿਚ ਦੇਣ ਦਾ ਪ੍ਰਸਤਾਵ ਹੈ। ਇਨ੍ਹਾਂ ਦਸਾਂ ਜਿਲਦਾਂ ਵਿਚੋਂ ਹੁਣ ਤਕ ਪੰਜ ਛਪ ਚੁਕੀਆਂ ਹਨ ਅਤੇ ਬਾਕੀ ਛਪਣ ਵਾਲੀਆਂ ਹਨ। ਛਪੀਆਂ ਪੁਸਤਕਾਂ ਵਿਚ ਸਿੱਖਾਂ ਦਾ ‘ਛੋਟਾ ਮੇਲ: ਇਤਿਹਾਸ ਅਤੇ ਸਰਵੇਖਣ’, ‘ਸੋਢੀ ਪਿਰਥੀ ਚੰਦ ਦੀ ਰਚਨਾ’, ‘ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਪਦਾਵਲੀ’ ਅਤੇ ਭਾਈ ਦਰਬਾਰੀ ਰਚਿਤ ‘ਹਰਿ ਜਸ ਪੋਥੀ’ (ਦੋ ਭਾਗ) ਸ਼ਾਮਲ ਹਨ।
ਪਹਿਲੀ ਪੁਸਤਕ ਵਿਚ ਪ੍ਰੋ. ਪ੍ਰੀਤਮ ਸਿੰਘ ਨਾਲ ਦੂਜਾ ਲੇਖਕ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਹੈ, ਜਦਕਿ ਪਿਰਥੀ ਚੰਦ ਦੀ ਰਚਨਾ ਇਕੱਲੇ ਆਹਲੂਵਾਲੀਆ ਦੀ ਹੈ। ਇਸ ਦੂਜੀ ਪੁਸਤਕ ਦੇ ਦੋ ਹਿੱਸੇ ਹਨ; ਪਹਿਲੇ ਵਿਚ 52 ਪੰਨਿਆਂ ਦੀ ਭੂਮਿਕਾ ਹੈ ਤੇ ਦੂਜੇ ਵਿਚ ਮੂਲ ਪਾਠ ਹੈ। ਭਾਗ ਤੀਜਾ ਵਿਚ ਪੰਜ ਅੰਤਿਕਾਵਾਂ ਹਨ, ਜਿਨ੍ਹਾਂ ਵਿਚ ਰਚਨਾਵਲੀ ਦੇ ਕਰਤਾ ਸੋਢੀ ਪਿਰਥੀ ਚੰਦ ਦੇ ਜਨਮ ਤੇ ਦੇਹਾਂਤ ਦੀਆਂ ਤਾਰੀਖਾਂ, ਰਚਨਾ ਦਾ ਬਿਉਰਾ, ਸਿਰਲੇਖ ਅਨੁਸਾਰ ਤਤਕਰਾ ਤੇ ਇਸ ਰਚਨਾ ਵਿਚ ਆਏ ਇਤਿਹਾਸਕ ਤੇ ਮਿਥਿਹਾਸਕ ਨਾਂਵਾਂ ਤੇ ਥਾਂਵਾਂ ਦਾ ਵੇਰਵਾ ਹੈ। ਸੱਤਵੀਂ ਪੁਸਤਕ ‘ਕੇਸ਼ੋ ਦਾਸ ਤੇ ਕੁਸ਼ਲਦਾਸ ਦੀ ਸ਼ਬਦਾਵਲੀ’ ਹੈ।
ਇਸ ਯੋਜਨਾ ਦੀ ਸਭ ਤੋਂ ਅਹਿਮ ਨੌਵੀਂ ਪੁਸਤਕ ਭਾਈ ਦਰਬਾਰੀ ਰਚਿਤ ਪੋਥੀ ਹਰਿ ਜਸ ਹੈ, ਜਿਸ ਦਾ ਸੰਪਾਦਨ ਡਾ. ਗੁਰਚਰਨ ਸਿੰਘ ਸੇਕ ਨੇ ਕੀਤਾ। ਭਾਈ ਦਰਬਾਰੀ ਦਾਸ, ਮਿਹਰਬਾਨੀ ਪਰੰਪਰਾ ਵਿਚ, ਮਿਹਰਵਾਨ ਨੂੰ ਛੱਡ ਕੇ ਸਭ ਤੋਂ ਵੱਧ ਰਚਨਾ ਕਰਨ ਵਾਲਾ ਲੇਖਕ ਹੈ, ਜਿਸ ਨੇ ਆਪਣੇ ਜੀਵਨ ਦੇ ਕਰੀਬ 30-35 ਸਾਲ ਲਾ ਕੇ 919 ਪੱਤਰਿਆਂ, ਅਰਥਾਤ 1838 ਪੰਨਿਆਂ ਦਾ ਗ੍ਰੰਥ ਰਚਿਆ, ਜਿਸ ਨੂੰ ‘ਪੋਥੀ ਹਰਿਜਸ’ ਦਾ ਨਾਂ ਦਿੱਤਾ ਗਿਆ ਹੈ। ਪੁਸਤਕ ਦਾ ਪਹਿਲਾ ਭਾਗ ਆਦਿਕਾ ਦਾ ਹੈ, ਜਿਸ ਵਿਚ ਭਾਈ ਦਰਬਾਰੀ ਦੇ ਜੀਵਨੀਮੂਲਕ ਵੇਰਵੇ, ਸ਼ਖਸੀਅਤ ਉਸ ਨਾਲ ਜੁੜੀਆਂ ਦੰਦ-ਕਥਾਵਾਂ ਤੇ ਉਸ ਦਾ ਕਾਵਿ ਕਲਾ ਦੀ ਚਰਚਾ ਹੈ, ਜਦਕਿ ਦੂਜੇ ਹਿੱਸੇ ਵਿਚ ‘ਹਰਿਜਸ ਪੋਥੀ’ ਦਾ ਮੂਲ ਪਾਠ ਹੈ ਤੇ ਨਾਲ ਹੀ ਉਸ ਦੀ ਕਾਵਿ-ਰਚਨਾ ਬਾਰੇ ਕਾਵਿ ਸ਼ਾਸ਼ਤਰੀ ਪੱਖ ਤੋਂ ਵਿਚਾਰ ਕੀਤਾ ਗਿਆ ਹੈ। ਪਰਚੀਆਂ ਤੋਂ ਇਲਾਵਾ ਇਸੇ ਹਿੱਸੇ ‘ਚ ਭਾਈ ਦਰਬਾਰੀ ਰਚਿਤ ਕਬਿੱਤ, ਸਵੱਈਏ, ਤੀਹਰਫੀਆ, ਸ਼ਬਦ ਸਲੋਕ, ਰਾਗਮਾਲਾ, ਬਾਵਨ ਅੱਖਰੀ, ਬਾਰਾਂਮਾਹ, ਛਪੈ ਅਤੇ ਕੁਝ ਹੋਰ ਫੁਟਕਲ ਕਾਵਿ ਰਚਨਾਵਾਂ ਹਨ।
ਪਰਚੀ ਸ਼ਬਦ ਸੰਸਕ੍ਰਿਤ ਪਰਿਚਯ ਦਾ ਤਦਭਵ ਰੂਪ ਹੈ, ਜਿਸ ਦਾ ਅਰਥ ਜਾਣ-ਪਛਾਣ ਹੈ। ਪਰਚੀ ਸ਼ਬਦ ਦੀ ਵਰਤੋਂ ਅੱਡਣਸ਼ਾਹੀ ਜਾਂ ਸੇਵਾਪੰਥੀ ਸਾਧੂਆਂ ਨੇ ਕੀਤੀ ਹੈ। ਇਹ ਕਵਿਤਾ ਵਿਚ ਵੀ ਹਨ ਤੇ ਵਾਰਤਕ ਵਿਚ ਵੀ। ਜਦ ਪਰਚੀਆਂ ਲਿਖੀਆਂ ਜਾਣ ਲੱਗੀਆਂ ਤਾਂ ਇਹ ਵਧੇਰੇ ਕਰਕੇ ਉਨ੍ਹਾਂ ਭਗਤਾਂ ਦੀਆਂ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਭਗਤ ਨਾਮਦੇਵ ਦੀ ਕੁਝ ਬਾਣੀ (61 ਸ਼ਬਦ) ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਲਈ ਭਗਤ ਨਾਮਦੇਵ ਬਾਰੇ ਵੀ ਪਰਚੀਆਂ ਹੋਂਦ ਵਿਚ ਆਉਣ ਲੱਗੀਆਂ। ‘ਪੋਥੀ ਹਰਿ ਜਸ’ ਵਿਚ ਅਸੀਂ ਸਿਰਫ ਇਹੋ ਨਮੂਨੇ ਮਾਤਰ ਪਰਚੀ ਹੀ ਚੁਣੀ ਹੈ ਤਾਂ ਜੋ ਕੁਝ ਆਭਾਸ ਇਸ ਗ੍ਰੰਥ ਬਾਰੇ ਹੋ ਸਕੇ। ਭਾਈ ਦਰਬਾਰੀ ਮਿਹਰਬਾਨ ਸੰਪਰਦਾਇ ਦਾ ਕਉਨਲੈਨ ਵਾਲੀ ਸ਼ਾਖਾ ਵਿਚੋਂ ਸੀ, ਜਿਸ ਦਾ ਜਨਮ 1723-24 ਈਸਵੀ ਵਿਚ ਪਿੰਡ ਵੈਰੋਕੇ, ਤਹਿਸੀਲ ਤੇ ਜਿਲਾ ਮੋਗਾ ਵਿਚ ਹੋਇਆ ਅਤੇ ਦੇਹਾਂਤ 1810 ਈਸਵੀ ਦੇ ਕਰੀਬ ਇਥੇ ਹੀ ਹੋਇਆ। ਪਿੰਡ ਵੈਰੋਕੇ ਵਿਚ ਉਸ ਦਾ ਦੇਹੁਰਾ ਬਣਿਆ ਹੋਇਆ ਹੈ।
‘ਪੋਥੀ ਹਰਿ ਜਸ ਕੀ’ ਵਿਚਲੀਆਂ ‘ਪਰਚੀਆਂ ਭਗਤਾਂ ਦੀਆਂ’ ਵਿਚ ਨੌਵੀਂ ਪਰਚੀ (ਪੱਤਰਾ ਨੰਬਰ 591-616 ਤੱਕ) ਭਗਤ ਨਾਮਦੇਵ ਬਾਰੇ ਹੈ। ਇਸ ਪਰਚੀ ਵਿਚ ਆਈਆਂ ਕਥਾਵਾਂ ਵਧੇਰੇ ਕਰਕੇ ਉਹੀ ਹਨ, ਜਿਨ੍ਹਾਂ ਦੇ ਸੰਕੇਤ ਭਗਤ ਜੀ ਦੀ ਬਾਣੀ ਵਿਚ ਪ੍ਰਾਪਤ ਹਨ। ਕੁਝ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਤੇ ਕੁਝ ਮੌਖਿਕ ਬਿਰਤਾਂਤ ਵਾਲੀਆਂ ਹਨ। ਬਚਪਨ ਵਿਚ ਠਾਕਰ ਨੂੰ ਦੁੱਧ ਪਿਆਉਣਾ, ਸੋਨੇ ਦੇ ਪਲੰਘ ਦੀ ਜਗ੍ਹਾ ਗੰਗਾ ‘ਚੋਂ ਸੱਤ ਪਲੰਘ ਕੱਢਣੇ, ਠਾਕਰ ਵਲੋਂ ਭਗਤ ਨਾਮਦੇਵ ਦੀ ਛੰਨ ਬਣਾਉਣੀ ਤੇ ਦੇਹੁਰਾ ਫਿਰਨਾ ਆਦਿ ਸਾਖੀਆਂ ਹਨ, ਪਰ ਭਾਈ ਦਰਬਾਰੀ ਨੇ ਕੁਝ ਹੋਰ ਸਾਖੀਆਂ ਵੀ ਜੋੜ ਦਿੱਤੀਆਂ ਤੇ ਕਈਆਂ ਵਿਚ ਤਬਦੀਲੀ ਵੀ ਕਰ ਦਿੱਤੀ ਹੈ। ਇਸ ਬੰਦ ਵਿਚ ਕੁਝ ਸਾਖੀਆਂ ਵੱਲ ਸੰਕੇਤ ਹਨ ਅਤੇ ਇਹ ਭਾਈ ਦਰਬਾਰੀ ਦੀ ਕਵਿਤਾ ਦਾ ਨਮੂਨਾ ਵੀ ਹੈ:
ਨਾਮੇ ਕਲਿਯੁਗ ਭਗਤਿ ਕਮਾਈ।
ਜਾ ਕੀ ਠਾਕੁਰ ਛਾਨ ਬਣਾਈ।
ਮੁਈ ਜੀਵਾਇ ਜਾਕੀ ਗਾਇ।
ਜਾ ਕੋ ਦੇਹੁਰਾ ਦਿਯਾ ਫਿਰਾਇ।
ਨਾਮੇ ਕਾ ਪ੍ਰਭੁ ਆਗਯਾਕਾਰੀ।
ਭਗਤ ਵਛਲੁ ਭਗਤਾ ਕੋ ਹਾਰੀ।
ਨਾਮੇ ਕੇ ਪ੍ਰਭਿ ਸੰਗਿ ਸਹਾਈ।
ਭੀਰ ਪਰੇ ਤਹ ਲਏ ਬਚਾਈ।
ਪ੍ਰੋ. ਪ੍ਰੀਤਮ ਸਿੰਘ ਦੇ ਦੇਹਾਂਤ ਪਿਛੋਂ ਇਹ ਕੰਮ ਢਿੱਲਾ ਪੈ ਗਿਆ ਹੈ, ਪਰ ਉਮੀਦ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਦੇ ਸਹਿਯੋਗੀ ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਇਸ ਯੋਜਨਾ ਨੂੰ ਸਿਰੇ ਲਾਉਣ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣਗੇ। ਇਹ ਵਿਰਾਸਤ ਦੀ ਸੰਭਾਲ ਵੀ ਹੋਵੇਗੀ ਤੇ ਖੋਜ ਲਈ ਨਵੇਂ ਖੇਤਰਾਂ ਦੀ ਨਿਸ਼ਾਨਦੇਹੀ ਵੀ।