ਕਤਲ, ਜੋ ਅਣਖ ਦੇ ਨਾਂ ‘ਤੇ ਹੋ ਗਏ…

ਪਰਮਜੀਤ ਸਿੰਘ ਕੱਟੂ
ਫੋਨ: 91-70873-20578
ਮਾਨਸਾ ਵਿਖੇ ਅਣਖ ਦੇ ਨਾਂ ‘ਤੇ ਇਕ ਮਨੁੱਖ ਨੂੰ ਜਿਉਂਦਿਆਂ ਸਾੜ ਦੇਣਾ ਇਹ ਸਿੱਧ ਕਰਦਾ ਹੈ ਕਿ ਸਮਾਜ ਕਿੰਨੀ ਨਿਘਰੀ ਹਾਲਤ ਵਿਚ ਹੈ। ਅਰੂਸੀ ਕਤਲ ਕਾਂਡ ਦਾ ਫੈਸਲਾ ਚਰਚਾ ਵਿਚ ਰਿਹਾ। ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਖਬਰਾਂ ਛਪਦੀਆਂ ਰਹਿੰਦੀਆਂ ਨੇ, ਹੌਲੀ-ਹੌਲੀ ਅਸੀਂ ਭੁਲ-ਭੁਲਾ ਵੀ ਜਾਂਦੇ ਹਾਂ।

ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਕ ਵਾਰ ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਦਾ ਮੁੱਦਾ ਫਿਰ ਚਰਚਾ ਵਿਚ ਆ ਜਾਂਦਾ ਹੈ। ਇਸ ਮਾਮਲੇ ਵਿਚ ਬਹੁਤ ਸਵਾਲ ਹਨ, ਜੋ ਸਾਡੇ ਤੋਂ ਜਵਾਬ ਮੰਗਦੇ ਨੇ ਤੇ ਜੇ ਅਸੀਂ ਇਨ੍ਹਾਂ ਸਵਾਲਾਂ ਨੂੰ ਸੰਜੀਦਗੀ ਨਾਲ ਨਾ ਹੱਲ ਕੀਤਾ ਤਾਂ ਇਤਿਹਾਸ ਸਾਡੇ ‘ਤੇ ਸਵਾਲ ਕਰੇਗਾ। ਫਿਰ ਅਸੀਂ ਜਵਾਬ ਦੇਣ ਦਾ ਵੇਲਾ ਵਿਹਾ ਚੁਕੇ ਹੋਵਾਂਗੇ ਅਤੇ ਅਸੀਂ ਮੁਜ਼ਰਿਮਾਂ ਦੀ ਕਤਾਰ ਵਿਚ ਖੜ੍ਹੇ ਹੋਵਾਂਗੇ।
ਅਣਖ ਦੇ ਨਾਂ ‘ਤੇ ਕਤਲਾਂ ਦੀ ਲੜੀ ਬਹੁਤ ਲੰਮੀ ਹੈ ਤੇ ਦਿਲ-ਦਹਿਲਾਊ ਵੀ।
ਇਤਿਹਾਸ ‘ਤੇ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਮੈਸੋਪਟਾਮੀਆ ਸਭਿਅਤਾ ਵਿਚ 1075 ਈ. ਪੂ. ਅਸਾਈਰੀਅਨ ਲਾਅ ਸੀ, ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸ ਦਾ ਪਿਤਾ ਸਜ਼ਾ ਦੇਵੇਗਾ? ਇਸੇ ਤਰ੍ਹਾਂ 1790 ਈ. ਪੂ. ਬੇਬੀਲੋਨ ‘ਚ ਕੋਡ ਆਫ ਹੈਮੁਰਾਬੀ ਜਾਰੀ ਕੀਤਾ ਗਿਆ, ਜਿਸ ਅਨੁਸਾਰ ਪਰ-ਪੁਰਸ਼ਗਾਮੀ ਜਾਂ ਪਰ-ਇਸਤਰੀਗਾਮੀ ਨੂੰ ਪਾਣੀ ‘ਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ? ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਤੇ ਇਹ ਕਤਲੇਆਮ ਜਾਰੀ ਰਿਹਾ, ਭਾਵੇਂ ਇਸ ਦੇ ਕਾਰਨ ਤੇ ਢੰਗ ਬਦਲਦੇ ਰਹੇ।
ਵਿਸ਼ਵ ਪੱਧਰ ‘ਤੇ ਤਿੰਨ ਕਾਰਨਾਂ ਕਰਕੇ ਅਣਖ ਖਾਤਿਰ ਕਤਲ ਕੀਤੇ ਜਾਂਦੇ ਹਨ:
(A) ਪਰਿਵਾਰ ਜਾਂ ਭਾਈਚਾਰੇ ਦੀ ਮਰਜ਼ੀ ਖਿਲਾਫ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ।
(ਅ) ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ।
(e) ਕਿਸੇ ਮਰਦ ਜਾਂ ਔਰਤ ਨਾਲ ਕਾਮ ਕ੍ਰੀੜਾ ਕਰਨਾ।
ਸਾਡੇ ਇਤਿਹਾਸ ‘ਚ ਵੀ ਅਣਖ ਦੀ ਖਾਤਿਰ ਕਤਲ ਬਹੁਤ ਵੱਡੇ ਪੱਧਰ ‘ਤੇ ਹੋਏ ਮਿਲਦੇ ਹਨ, ਜੋ ਵੰਡ ਸਮੇਂ 1947 ਤੋਂ ਲੈ ਕੇ 1950 ਦੌਰਾਨ ਵਾਪਰੇ। ਬਹੁਤ ਸਾਰੀਆਂ ਔਰਤਾਂ ਨੂੰ ਪਰਿਵਾਰ ਦੀ ਅਣਖ ਨੂੰ ਬਚਾਉਣ ਦੇ ਨਾਂ ‘ਤੇ ਆਪਣਿਆਂ ਵੱਲੋਂ ਹੀ ਜ਼ਬਰਦਸਤੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਹਾਂ ਮੁਲਕਾਂ ‘ਚ ਜ਼ਬਰਦਸਤੀ ਵਿਆਹ ਕੀਤੇ ਗਏ ਤੇ ਜਦੋਂ ਇਨ੍ਹਾਂ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਿਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫਿਰ ਇਨ੍ਹਾਂ ਨੂੰ ਅਣਖ ਨੇ ਮਰਵਾ ਦਿੱਤਾ? ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖੌਫਜ਼ਦਾ ਤੇ ਖਤਰਨਾਕ ਸਮਾਂ ਸੀ।
ਅਜੋਕੇ ਸਮੇਂ ‘ਚ ਖਾਸ ਕਰ ਭਾਰਤ ਦੇ ਪ੍ਰਸੰਗ ‘ਚ ਅਣਖ ਦੀ ਖਾਤਿਰ ਕਤਲ ਇਕ ਅਜਿਹੀ ਮੌਤ ਹੈ, ਜੋ ਪਰਿਵਾਰ ਜਾਂ ਸਕੇ ਸਬੰਧੀਆਂ ਵੱਲੋਂ ਉਸ ਔਰਤ ਜਾਂ ਮਰਦ ਜਾਂ ਦੋਹਾਂ ਨੂੰ ਦਿੱਤੀ ਜਾਂਦੀ ਹੈ, ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਂਦੇ ਹਨ; ਜੋ ਆਪਣੇ ਹੀ ਗੋਤ ‘ਚ ਜਾਂ ਹੋਰ ਜਾਤ ‘ਚ ਵਿਆਹ ਕਰਵਾਉਂਦੇ ਹਨ, ਪਰ ਅਣਖ ਦੀ ਖਾਤਿਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰਕੇ ਸਾਹਮਣੇ ਆਉਂਦੇ ਹਨ, ਜੋ ਬਹੁਤ ਹਿੰਸਕ ਹੁੰਦੇ ਹਨ, ਖਾਸ ਕਰ ਉਦੋਂ, ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਂਵੀਂ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ? ਵਧੇਰੇ ਕਤਲ ਉਥੇ ਹੁੰਦੇ ਹਨ, ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚਲਦਾ ਹੈ, ਭਾਵ ਜਾਤ ਇਸ ਵਰਤਾਰੇ ਦੇ ਵਾਪਰਨ ਦਾ ਮੁੱਖ ਕਾਰਨ ਹੈ?
ਅਣਖ ਦੀ ਖਾਤਿਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖਤਿਆਰ ਕਰ ਰਿਹਾ ਹੈ, ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ ‘ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ। ਅਜਿਹਾ ਵਾਪਰਨਾ ਸੁਭਾਵਿਕ ਹੈ, ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖਤਰਾ ਟਾਲਦਾ ਹੈ ਤਾਂ ਹੋਰ ਖਤਰੇ ਸਹੇੜ ਲੈਂਦਾ ਹੈ।
ਅਣਖ ਦੇ ਨਾਂ ‘ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਸਜ਼ਾ ਪੱਖੋਂ ਕੋਈ ਛੋਟ ਨਹੀਂ, ਸਗੋਂ ਜੋ ਕਤਲ ਬੇਰਹਿਮੀ ਨਾਲ ਕੀਤੇ ਜਾਂਦੇ ਹਨ, ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਕਤਲ ਕਰਨ ਵਾਲਿਆਂ ਨੂੰ ਲੱਗਦਾ ਹੈ ਕਿ ਉਹ ਅਖੌਤੀ ਬੇਇੱਜਤੀ ਦਾ ਦਾਗ ਇਸ ਤਰ੍ਹਾਂ ਧੋ ਲੈਣਗੇ, ਪਰ ਵਾਪਰਦਾ ਇਸ ਦੇ ਬਿਲਕੁਲ ਉਲਟ ਹੈ, ਨਾ ਸਿਰਫ ਉਹ ਕਿਸੇ ਦੀ ਜ਼ਿੰਦਗੀ ਖਤਮ ਕਰ ਦਿੰਦੇ ਹਨ, ਸਗੋਂ ਖੁਦ ਵੀ ਕੈਦ ਕੱਟਦੇ ਹਨ ਤੇ ਉਮਰ ਭਰ ਆਪਣੇ ਆਪ ਨੂੰ ਗੁਨਾਹਗਾਰ ਵੀ ਸਮਝਦੇ ਰਹਿੰਦੇ ਹਨ। ਉਹੀ ਸਮਾਜ, ਜਿਸ ਵਿਚ ਆਪਣੀ ਨੱਕ ਸਲਾਮਤ ਰੱਖਣ ਲਈ ਲੋਕ ਕਤਲ ਕਰਦੇ ਹਨ, ਕਾਤਲਾਂ ਨੂੰ ਕੁੜੀਮਾਰ ਵੀ ਕਹਿੰਦਾ ਰਹਿੰਦਾ ਹੈ। ਭਾਵ ਇਨਸਾਨ ਵੀ ਖੋ ਲੈਂਦੇ ਹਨ ਤੇ ਮਾਣ ਵੀ। ਪੱਲੇ ਰਹਿ ਜਾਂਦਾ ਹੈ ਸਿਰਫ ਪਛਤਾਵਾ।
ਇਹ ਮਾਮਲਾ ਉਵੇਂ ਹੀ ਹੈ, ਜਿਵੇਂ ਅੱਜ ਤੋਂ ਕਈ ਦਹਾਕੇ ਪਹਿਲਾਂ ਸਤੀ ਪ੍ਰਥਾ ਨੂੰ ਜਾਇਜ਼ ਸਮਝਦੇ ਲੋਕਾਂ ਲਈ ਵਿਧਵਾ ਹੋਈ ਔਰਤ ਨੂੰ ਸਤੀ ਕਰਨਾ ਜਿੰਨਾ ਕੁ ਸਹੀ ਲਗਦਾ ਸੀ, ਉਨਾ ਹੀ ਕੁਝ ਲੋਕਾਂ ਨੂੰ ਅਣਖ ਦੀ ਖਾਤਿਰ ਕਤਲ ਜਾਇਜ਼ ਲੱਗਦਾ ਹੈ। ਜਿਵੇਂ ਇਤਿਹਾਸ ਨੇ ਇਹ ਦਿਖਾ ਦਿੱਤਾ ਹੈ ਕਿ ਸਤੀ ਪ੍ਰਥਾ ਵੀ ਪਸੂਪੁਣਾ ਸੀ, ਉਵੇਂ ਅਣਖ ਦੀ ਖਾਤਿਰ ਕਤਲ ਵੀ ਇਤਿਹਾਸ ਦੇ ਪੰਨਿਆਂ ‘ਤੇ ਪਸੂਪੁਣੇ ਵਜੋਂ ਦਰਜ ਹੋਣਗੇ। ਸ਼ਾਇਦ ਅਜਿਹੀਆਂ ਹਾਲਤਾਂ ਬਾਰੇ ਹੀ ਸ਼ਾਇਰਾ ਸਾਰਾ ਸ਼ਗੁਫਤਾ ਨੇ ਲਿਖਿਆ ਹੈ,
ਅਸੀਂ ਅੱਜ ਵੀ ਸਤੀ ਹੋ ਰਹੀਆਂ
ਬਸ ਚਿਖਾ ਦਾ ਅੰਦਾਜ਼ ਬਦਲ ਗਿਆ ਹੈ।
ਬਿਨਾ ਸ਼ੱਕ ਮੌਜੂਦਾ ਦੌਰ ਵਿਚ ਆਈ ਸੂਚਨਾ ਕ੍ਰਾਂਤੀ ਨੇ ਪੀੜ੍ਹੀ ਪਾੜੇ ਨੂੰ ਬਹੁਤ ਵਧਾ ਦਿੱਤਾ ਹੈ। ਨਵੀਂ ਪੀੜ੍ਹੀ ਸੂਚਨਾ ਕ੍ਰਾਂਤੀ ਦੇ ਜ਼ਰੀਏ ਬਾਹਰੀ, ਖਾਸ ਕਰ ਪੱਛਮੀ ਸਭਿਅਤਾ ਦੇ ਖੁੱਲ੍ਹੇਪਣ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ ਹੈ, ਮਾਨਸਿਕ ਤੌਰ ‘ਤੇ ਬਹੁਤ ਅਜ਼ਾਦ ਮਹਿਸੂਸ ਕਰਦੀ ਹੈ, ਪਰ ਜ਼ਮੀਨੀ ਹਕੀਕਤਾਂ ‘ਤੇ ਹਾਲੇ ਵੀ ਪਰੰਪਰਾ ਦੀ ਪੀਡੀ ਪਕੜ ਹੋਣ ਕਰਕੇ ਖੂਨੀ ਟਕਰਾਅ ਵਾਪਰ ਰਿਹਾ ਹੈ। ਪੱਛਮੀ ਸਮਾਜਾਂ ਦੀ ਇਹ ਸਮੱਸਿਆ ਹੀ ਨਹੀਂ ਕਿ ਮੁੰਡੇ-ਕੁੜੀ ਦੇ ਸਬੰਧਾਂ ਵਿਚ ਜਾਤ, ਜਮਾਤ ਤੇ ਜਾਇਦਾਦ ਹੀ ਨਿਰਣਾਇਕ ਹੋਣ। ਉਨ੍ਹਾਂ ਲਈ ਸੋਚ, ਸੁਹੱਪਣ ਤੇ ਸੁਪਨੇ ਵਧੇਰੇ ਮਾਇਨੇ ਰੱਖਦੇ ਹਨ। ਅਸਲ ਵਿਚ ਉਨ੍ਹਾਂ ਸਮਾਜਾਂ ਵਿਚ ਜੋ ਵੀ ਵਾਪਰ ਰਿਹਾ ਹੈ, ਉਥੋਂ ਦੇ ਸਥਾਨਕ ਹਾਲਾਤ ਦੇ ਵਿਕਾਸ ਦੀ ਵਿਸ਼ੇਸ਼ ਦੇਣ ਹੈ, ਜਿਸ ਕਰਕੇ ਸਾਡੇ ਸਮਾਜ ਲਈ ਜੋ ਅਣਹੋਣੀ ਹੈ, ਉਨ੍ਹਾਂ ਲਈ ਸਮਾਜ ਦਾ ਸਹਿਜ ਹਿੱਸਾ ਹੀ ਹੈ।
ਇਥੇ ਇਹ ਵੀ ਸਪਸ਼ਟ ਕਰਨਾ ਬਣਦਾ ਹੈ ਕਿ ਅੰਤਰ-ਜਾਤੀ ਜਾਂ ਆਪਣੀ ਹੀ ਜਾਤ-ਗੋਤ ਵਿਚ ਕਰਵਾਇਆ ਪਿਆਰ-ਵਿਆਹ ਜ਼ਰੂਰੀ ਨਹੀਂ ਕਿ ਮੁੰਡੇ-ਕੁੜੀ ਦੀ ਸਹੀ ਚੋਣ ਹੀ ਹੋਵੇ, ਇਹ ਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦਾ ਬੁਰਾ ਨਤੀਜਾ ਵੀ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿਚ ਇਨ੍ਹਾਂ ਜੋੜਿਆਂ ਪ੍ਰਤੀ ਸਮਾਜ ਦੀ ਪਹੁੰਚ ਕੀ ਹੋਵੇ? ਕੀ ਉਹ ਨਿਰਦਈ ਢੰਗ ਨਾਲ ਕਤਲ ਕਰ ਦਿੱਤੇ ਜਾਣ? ਆਖਰ ਇਸ ਸਾਰੇ ਕੁਝ ਵਿਚ ਸਾਡੇ ਸਮਾਜਕ, ਸਿਆਸੀ ਤੇ ਧਾਰਮਿਕ ਪ੍ਰਬੰਧ ਦੀ ਜਿੰਮੇਵਾਰੀ ਕਿਥੇ ਨਿਰਧਾਰਤ ਕੀਤੀ ਜਾਵੇ?
ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਦਾ ਮਾਮਲਾ ਬਹੁਤ ਹੀ ਪੇਚੀਦਾ ਹੈ। ਇਸ ਬਾਰੇ ਹਾਲੇ ਤਕ ਗੰਭੀਰ ਚਿੰਤਨ ਅਤੇ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਰਿਹਾ। ਇਹ ਮਾਮਲਾ ਸਾਡੇ ਸਮਾਜ ਦੀ ਜਾਤੀ ਵਿਵਸਥਾ, ਅੰਤਰ-ਜਾਤੀ ਜਾਂ ਆਪਣੀ ਹੀ ਜਾਤ-ਗੋਤ ਵਿਚ ਪਿਆਰ-ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਵਿਸ਼ੇਸ਼ ਧਾਰਮਿਕ ਪਰੰਪਰਾਵਾਂ, ਅਨਪੜ੍ਹਤਾ, ਜਗੀਰੂ ਮਾਨਸਿਕਤਾ, ਮਰਦ ਪ੍ਰਧਾਨਗੀ ਅਤੇ ਔਰਤ ਦੀ ਦਸ਼ਾ ਤੇ ਦਿਸ਼ਾ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਇਸ ਲਈ ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਬਾਰੇ ਸੋਚਣ ਦੇ ਨਾਲ-ਨਾਲ ਇਸ ਨਾਲ ਜੁੜੇ ਮੁੱਦਿਆਂ ਨੂੰ ਮੁੜ ਵਿਚਾਰਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਹੋਵੇਗਾ।
ਕਾਨੂੰਨੀ ਤੌਰ ‘ਤੇ ਵੀ, ਸਮਾਜਕ ਤੇ ਵਿਗਿਆਨਕ ਤੌਰ ‘ਤੇ ਵੀ ਅੰਤਰ-ਜਾਤੀ ਵਿਆਹ ਸਮਾਜ ਦੇ ਵਿਕਾਸ ਲਈ ਬਹੁਤ ਅਹਿਮ ਹਨ। ਇਹਦੇ ਨਾਲ ਸਮਾਜ ਲਈ ਸਭ ਤੋਂ ਵੱਡੀ ਅਲਾਮਤ ਜਾਤ-ਪਾਤ ਦੀ ਜ਼ਹਿਰ ਘਟੇਗੀ, ਜੋ ਸਦੀਆਂ ਤੋਂ ਭਾਰਤੀ ਸਮਾਜ ਦੇ ਮੱਥੇ ਦਾ ਕਲੰਕ ਹੈ ਅਤੇ ਵਿਕਾਸ, ਅਖੰਡਤਾ, ਨੈਤਿਕਤਾ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਹੈ। ਆਰਥਕ ਬਰਾਬਰੀ ਆ ਸਕੇਗੀ। ਮਨੁੱਖੀ ਨਸਲ ‘ਚ ਨਵੇਂ ਗੁਣ ਪੈਦਾ ਹੋ ਸਕਣਗੇ। ਸਭ ਤੋਂ ਵੱਡੀ ਗੱਲ ਆਮ ਮਨੁੱਖ ਮੌਤ ਦੇ ਖੌਫ ਤੋਂ ਬੇਖੌਫ ਹੋ ਕੇ ਕੁਝ ਨਵਾਂ ਸਿਰਜ ਸਕੇਗਾ ਅਤੇ ਅਸੀਂ ਦੋ ਇਨਸਾਨਾਂ ਨੂੰ ਮਨ ਮਰਜ਼ੀ ਤੇ ਆਜ਼ਾਦੀ ਨਾਲ ਜਿਉਣ ਦਾ ਹੱਕ ਦੇ ਰਹੇ ਹੋਵਾਂਗੇ।