ਸ਼ੌਕਤ, ਸ਼ਬਾਨਾ ਤੇ ਕੈਫੀ ਆਜ਼ਮੀ

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਸ਼ਬਾਨਾ ਆਜ਼ਮੀ ਦੀ ਮਾਂ ਤੇ ਕੈਫੀ ਆਜ਼ਮੀ ਦੀ ਹਮ ਸਫਰ ਸ਼ੌਕਤ ਆਜ਼ਮੀ ਦੇ ਅਕਾਲ ਚਲਾਣੇ ਉਤੇ ਮੈਨੂੰ ਡੂੰਘਾ ਅਹਿਸਾਸ ਹੋਇਆ ਕਿ ਮੇਰੀਆਂ ਤਿੰਨ ਪਸੰਦੀਦਾ ਹਸਤੀਆਂ ਵਿਚੋਂ ਹੁਣ ਕੇਵਲ ਸ਼ਬਾਨਾ ਹੀ ਪਿੱਛੇ ਰਹਿ ਗਈ ਹੈ। ਇਥੇ ਸਿਰਫ ਸ਼ੌਕਤ ਆਜ਼ਮੀ ਨੂੰ ਚੇਤੇ ਕੀਤਾ ਗਿਆ ਹੈ। 10-12 ਸਾਲ ਪਹਿਲਾਂ ਚੰਡੀਗੜ੍ਹ ਦੇ ਗ੍ਰਾਮੀਣ ਤੇ ਉਦਯੋਗਿਕ ਵਿਕਾਸ ਕੇਂਦਰ ਵਿਚ ਸ਼ੌਕਤ-ਕੈਫੀ ਦੀ ਸਵੈਜੀਵਨੀ ‘ਯਾਦ ਕੀ ਰਾਹ ਗੁਜ਼ਰ’ ਦੀ ਘੁੰਡ ਚੁਕਾਈ ਸਮੇਂ ਉਨ੍ਹਾਂ ਨੂੰ ਨੇੜਿਉਂ ਤੱਕਿਆ ਤੇ ਫੇਰ ਇਸੇ ਸਾਲ ਅਕਤੂਬਰ ਮਹੀਨੇ ਖੁਸ਼ਵੰਤ ਸਿੰਘ ਸਾਹਿਤ ਮੇਲੇ ‘ਚ ਕਸੌਲੀ ਵਿਖੇ ਨਸਰੀਨ ਰਹਿਮਾਨ ਦੀ ਕੈਫੀ ਆਜ਼ਮੀ ਦੀ ਜਨਮ ਸ਼ਤਾਬਦੀ ਮੌਕੇ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ ‘ਕੈਫੀ ਐਂਡ ਆਈ’ ਉਤੇ ਚਰਚਾ ਸੁਣੀ।

ਚਿਹਰੇ ਮੁਹਰੇ ਵਜੋਂ ਸ਼ੌਕਤ ਆਜ਼ਮੀ ਆਪਣੀ ਬੇਟੀ ਤੇ ਖਾਵੰਦ-ਦੋਹਾਂ ਨਾਲੋਂ ਸੋਹਣੀ ਤੇ ਬਣਦੀ ਫਬਦੀ ਸੀ। ਉਸ ਨੂੰ ਉਰਦੂ ਜ਼ੁਬਾਨ ‘ਤੇ ਅਬੂਰ ਹਾਸਲ ਸੀ ਤੇ ਸ਼ੈਲੀ ‘ਤੇ ਕਮਾਲ। ਹਥਲੇ ਲੇਖ ਵਿਚ ਸਿਰਫ ਸ਼ੌਕਤ ਰਚਿਤ ਸਵੈਜੀਵਨੀ ਦਾ ਸਾਰ ਹੈ, ਖਾਸ ਕਰਕੇ ਸ਼ੌਕਤ ਤੇ ਕੈਫੀ ਦੇ ਮੁਢਲੇ ਸਫਰ ਦਾ। ਕੈਫੀ ਆਜ਼ਮੀ ਐਨਾ ਪਿਆਰਾ ਪਿਤਾ ਸੀ ਕਿ ਕਸੌਲੀ ਵਾਲੇ ਸਮਾਗਮ ਵਿਚ ਨਸਰੀਨ ਰਹਿਮਾਨ ਵਲੋਂ ਪੁੱਛੇ ਗਏ ਸਵਾਲਾਂ ਦਾ ਉਤਰ ਦਿੰਦਿਆਂ ਸ਼ਬਾਨਾ ਆਜ਼ਮੀ ਆਪਣੇ ਬਾਪ ਦਾ ਨਾਂ ਲੈਂਦੇ ਸਮੇਂ ਸਿਰਫ ‘ਕੈਫੀ’ ਹੀ ਕਹਿੰਦੀ ਰਹੀ, ਵਾਲਦ ਸਾਹਿਬ ਜਾਂ ਅੱਬਾ ਜਾਨ ਉਕਾ ਹੀ ਨਹੀਂ।
ਕੈਫੀ ਦੀ ਸ਼ੌਕਤ ਨਾਲ ਪਹਿਲੀ ਭੇਟ ਅਗਾਂਹ ਵਧੂ ਕਵੀਆਂ ਦੇ ਇਕ ਮੁਸ਼ਾਇਰੇ ਵਿਚ ਹੋਈ, ਹੈਦਰਾਬਾਦ ਵਿਖੇ। ਸ਼ਿਰਕਤ ਕਰਨ ਵਾਲਿਆਂ ਵਿਚ ਕੈਫੀ ਆਜ਼ਮੀ ਤੋਂ ਬਿਨਾ ਸਰਦਾਰ ਜਾਫਰੀ, ਸੱਜਦ ਜ਼ਹੀਰ, ਸਾਹਿਰ ਲੁਧਿਆਣਵੀ, ਜਾਂਨਿਸਾਰ ਅਖਤਰ, ਮਜਰੂਹ ਸੁਲਤਾਨਪੁਰੀ ਮਖਦੂਮ ਆਦਿ ਅਗਾਂਹਵਧੂ ਕਵੀ ਸਨ। ਸ਼ੌਕਤ ਦੇ ਅੱਬਾ ਪਹਿਲਾਂ ਵਾਂਗ ਹੀ ਬਾਲ ਪਰਿਵਾਰ ਸਮੇਤ ਉਥੇ ਪਹੁੰਚੇ ਹੋਏ ਸਨ। ਸਾਰੇ ਇਕ ਦੂਜੇ ਦੇ ਜਾਣੂ ਸਨ। ਸ਼ੌਕਤ ਸੱਜਾਦ ਜ਼ਹੀਰ ਨੂੰ ਬੰਨੇ ਭਾਈ ਕਹਿ ਕੇ ਸੰਬੋਧਨ ਕਰਦੀ ਸੀ ਤੇ ਸਰਦਾਰ ਜਾਫਰੀ ਤੇ ਜਾਂਨਿਸਾਰ ਨੂੰ ਅਖਤਰ ਭਾਈ ਕਹਿ ਕੇ। ਮੁਸ਼ਾਇਰਾ ਖਤਮ ਹੋਇਆ ਤਾਂ ਸ਼ੌਕਤ ਵੀ ਹੋਰਨਾਂ ਕੁੜੀਆਂ ਵਾਂਗ ਕਵੀਆਂ ਤੋਂ ਆਟੋਗਰਾਫ ਲੈਣ ਪਹੁੰਚ ਗਈ। ਕੈਫੀ ਨੂੰ ਕੁੜੀਆਂ ਦੇ ਝੁਰਮਟ ਵਿਚ ਘਿਰਿਆ ਵੇਖ ਸ਼ੌਕਤ ਸਰਦਾਰ ਜਾਫਰੀ ਵਲ ਵਧ ਗਈ। ਭੀੜ ਘੱਟ ਹੋਈ ਤਾਂ ਸ਼ੌਕਤ ਤੇ ਉਸ ਦੀ ਸਹੇਲੀ ਜ਼ਕੀਆ ਕੈਫੀ ਦੇ ਸਾਹਮਣੇ ਆ ਗਈਆਂ। ਕੈਫੀ ਨੇ ਸ਼ੌਕਤ ਲਈ ਤਾਂ ਅਤਿਅੰਤ ਮੁਸ਼ਕਿਲ ਸ਼ਬਦਾਂ ਵਾਲਾ ਸ਼ਿਅਰ ਲਿਖਿਆ ਤੇ ਜ਼ਕੀਆ ਲਈ ਸੌਖਾ ਤੇ ਸਮਝ ਆਉਣ ਵਾਲਾ। ਸ਼ੌਕਤ ਨੇ ਗੁੱਸਾ ਦਿਖਾਇਆ ਤਾਂ ਕੈਫੀ ਨੇ ਮੁਸਕਰਾ ਕੇ ਉਤਰ ਦਿੱਤਾ ਕਿ ਉਹ ਵੀ ਤਾਂ ਕੈਫੀ ਤੋਂ ਪਹਿਲਾਂ ਸਰਦਾਰ ਕੋਲ ਚਲੀ ਗਈ ਸੀ। ਬਸ ਫੇਰ…।
ਸਾਰੇ ਕਵੀਆਂ ਦਾ ਰਾਤ ਦਾ ਖਾਣਾ ਅਖਤਰ ਦੇ ਘਰ ਸੀ। ਕੈਫੀ ਦੇਰ ਨਾਲ ਆਇਆ। ਸ਼ੌਕਤ ਨੂੰ ਪਾਣੀ ਦੀ ਸੁਰਾਹੀ ਕੋਲ ਖੜੀ ਦੇਖ ਕੇ ਕਹਿਣ ਲੱਗਾ, ਮੈਨੂੰ ਅੰਤਾਂ ਦੀ ਤ੍ਰੇਹ ਲੱਗੀ ਹੋਈ ਹੈ। ਕੈਫੀ ਇੱਕ ਇੱਕ ਕਰਕੇ ਚਾਰ ਕਟੋਰੇ ਪੀ ਗਿਆ, ਪਰ ਫਿਰ ਵੀ ਕਹੀ ਜਾਵੇ ਕਿ ਪਿਆਸ ਨਹੀਂ ਬੁਝੀ। ਸ਼ੌਕਤ ਸ਼ਰਮਾ ਕੇ ਉਥੋਂ ਭੱਜੀ ਤੇ ਔਰਤਾਂ ਦੀ ਭੀੜ ਵਿਚ ਜਾ ਵੜੀ। ਖਾਣੇ ਤੋਂ ਪਿੱਛੋਂ ਘਰੇਲੂ ਮੁਸ਼ਾਇਰਾ ਹੋਇਆ। ਸ਼ੌਕਤ ਦੇ ਦਿਲ ਵਿਚ ਸ਼ਾਇਰਾਂ ਦੀ ਇੱਜਤ ਧੁਰ ਅੰਦਰ ਤੱਕ ਉਤਰ ਚੁਕੀ ਸੀ। ਘਰੇਲੂ ਮੁਸ਼ਾਇਰੇ ਦੇ ਅੰਤ ਵਿਚ ਸਾਹਿਰ ਲੁਧਿਆਣਵੀ ਨੂੰ ‘ਤਾਜ ਮਹਿਲ’ ਕਵਿਤਾ ਸੁਣਾਉਣ ਦੀ ਫਰਮਾਇਸ਼ ਪਾਈ ਗਈ ਤੇ ਕੈਫੀ ਨੂੰ ‘ਔਰਤ’। ਸ਼ੌਕਤ ਦੇ ਲਿਖਣ ਅਨੁਸਾਰ ਕੈਫੀ ਪੂਰੇ ਵਿਸ਼ਵਾਸ ਨਾਲ ਸਾਹਮਣੇ ਆਏ। ਆਪਣੇ ਕੰਬਦੇ ਹੱਥਾਂ ਨਾਲ ਸਿਗਰਟ ਸੁਲਘਾਈ, ਸਿਰ ਦੇ ਵਾਲ ਸੰਵਾਰੇ ਤੇ ‘ਔਰਤ’ ਨਜ਼ਮ ਸੁਣਾਈ। ਹਰ ਇੱਕ ਸ਼ਿਅਰ ਔਰਤ ਦੀ ਉਸਤਤ ਕਰ ਰਿਹਾ ਸੀ। ਜਿਵੇਂ,
ਕਦਰ ਅਬ ਤੱਕ ਤੇਰੀ,
ਤਾਰੀਖ ਨੇ ਜਾਨੀ ਹੀ ਨਹੀਂ।
ਤੁਝ ਮੇਂ ਸ਼ੋਅਲੇ ਭੀ ਹੈ,
ਬਸ ਅਸ਼ਕ ਫਸਾਨੀ ਹੀ ਨਹੀਂ।
ਤੂੰ ਹਕੀਕਤ ਭੀ ਹੈ,
ਦਿਲਚਸਪ ਕਹਾਨੀ ਹੀ ਨਹੀਂ।
ਤੇਰੀ ਹਸਤੀ ਭੀ ਹੈ ਏਕ ਚੀਜ਼,
ਜਵਾਨੀ ਹੀ ਨਹੀਂ।
ਅਪਨੀ ਤਾਰੀਖ ਕਾ
ਅਨੁਮਾਨ ਬਦਲਨਾ ਹੈ ਤੁਝੇ।
ਉਠ ਮੇਰੀ ਜਾਨ
ਮੇਰੇ ਸਾਥ ਹੀ ਚਲਨਾ ਹੈ ਤੁਝੇ।
ਸ਼ੌਕਤ ਦੇ ਦਿਲ ਵਿਚ ਇਹ ਨਜ਼ਮ ਆਟੋਗਰਾਫ ਦੇ ਪ੍ਰਸੰਗ ਵਿਚ ਬੋਲੇ ਗਏ ਸ਼ਬਦਾਂ ਨਾਲੋਂ ਵੀ ਡੂੰਘੀ ਉਤਰ ਗਈ। ਏਨੀ ਕਿ ਦੋਹਾਂ ਵਿਚ ਚਿੱਠੀ ਪੱਤਰ ਸ਼ੁਰੂ ਹੋ ਗਿਆ।
ਸ਼ੌਕਤ ਘਰ ਵਿਚ ਕੰਮ ਕਰਨ ਵਾਲੀ ਦਾਸੀ ਦੇ ਹੱਥ ਚਿੱਠੀ ਭੇਜ ਦਿੰਦੀ ਤੇ ਉਹ ਲੈਟਰ ਬਾਕਸ ਦੀ ਭੇਟ ਕਰ ਆਉਂਦੀ। ਕੈਫੀ ਉਸ ਦਾ ਉਤਰ ਸ਼ੌਕਤ ਦੇ ਸਵਰਗਵਾਸੀ ਚਾਚੇ ਦੇ ਪੁੱਤ ਅਕਬਰ ਦੇ ਸਕੂਲ ਵਾਲੇ ਪਤੇ ਉਤੇ ਭੇਜ ਦਿੰਦਾ। ਕੈਫੀ ਸੱਤ ਸਾਲ ਵੱਡਾ ਸੀ, ਪਰ ਸ਼ੌਕਤ ਦੇ ਸੁਹਪਣ ਤੇ ਜਵਾਨੀ ਉਤੇ ਫਿਦਾ। ਸ਼ੌਕਤ ਦੇ ਮਨ ਵਿਚ ਕੈਫੀ ਦੀ ਸ਼ਾਇਰੀ ਤੇ ਫਲਸਫਾ ਘਰ ਕਰ ਚੁਕੇ ਸਨ। ‘ਸ਼ੌਕਤ ਦੇ ਨਾਮ’ ਲਿਖੀ ਇੱਕ ਨਜ਼ਮ ਦੇ ਬੰਦ,
ਵੋਹ ਚਾਂਦ ਜਿਸ ਕੀ
ਤਮੰਨਾ ਥੀ ਮੇਰੀ ਰਾਤੋਂ ਕੋ
ਤੁਮ ਹੀ ਵੁਹ ਚਾਂਦ ਹੋ
ਇਸ ਚਾਂਦ ਸੀ ਜੁਬੀ ਕੀ ਕਸਮ।
ਵੁਹ ਫੂਲ ਜਿਸ ਕੇ ਲੀਏ
ਮੈਂ ਚਮਨ ਚਮਨ ਮੇਂ ਗਯਾ,
ਤੁਮ ਹੀ ਵੋਹ ਫੂਲ ਹੋ
ਰੁਖਸਾਰ-ਏ-ਅਹਿਮਰੀ ਕੀ ਕਸਮ।
ਸ਼ੌਕਤ ਦਾ ਉਤਰ ਵੀ ਘੱਟ ਭਾਵੁਕ ਨਹੀਂ ਸੀ, “ਕੈਫੀ ਮੁਝੇ ਤੁਮ ਸੇ ਮੁਹੱਬਤ ਹੈ, ਬੇਪਨਾਹ ਮੁਹੱਬਤ। ਦੁਨੀਆਂ ਕੀ ਕੋਈ ਤਾਕਤ ਮੁਝੇ ਤੁਮ ਤਕ ਪਹੁੰਚਨੇ ਸੇ ਨਹੀਂ ਰੋਕ ਸਕਤੀ। ਪਹਾੜ, ਦਰਿਆ, ਸਮੁੰਦਰ, ਲੋਕ, ਆਸਮਾਨ, ਫਰਿਸ਼ਤੇ, ਖੁਦਾ…ਔਰ ਪਤਾ ਨਹੀਂ ਕਿਆ ਕਿਆ।”
ਇਸ ਭੇਤ ਨੇ ਇੱਕ ਦਿਨ ਖੁਲ੍ਹਣਾ ਹੀ ਸੀ ਤੇ ਖੁਲ੍ਹ ਗਿਆ। ਪਹਿਰੇ ਤੇ ਪਾਬੰਦੀਆਂ ਦੀ ਹਾਲਤ ਇਹ ਹੋ ਗਈ ਕਿ ਸ਼ੌਕਤ ਕੋਲ ਤਾਂ ਕੈਫੀ ਦੇ ਖੱਤ ਸਕੂਲ ਦੇ ਪਤੇ ਰਾਹੀਂ ਪਹੁੰਚਦੇ ਰਹੇ, ਪਰ ਉਨ੍ਹਾਂ ਦਾ ਉਤਰ ਕੈਫੀ ਕੋਲ ਪਹੁੰਚਣਾ ਉਕਾ ਹੀ ਬੰਦ ਹੋ ਗਿਆ। ਕੈਫੀ ਨੂੰ ਜਾਪਿਆ ਕਿ ਸ਼ੌਕਤ ਨੇ ਉਹਦੇ ਵਲੋਂ ਲਿਖੇ ਕਿਸੇ ਸ਼ਬਦ ਜਾਂ ਵਾਕ ਦਾ ਗੁੱਸਾ ਕਰ ਲਿਆ ਹੈ।
ਫਿਰ ਕੈਫੀ ਦਾ ਇੱਕ ਖਤ ਉਹ ਵੀ ਮਿਲਿਆ, ਜਿਸ ਵਿਚ ਦਰਜ ਸੀ, “ਸਮਝ ਨਹੀਂ ਆਤਾ ਕਿ ਅਪਨੀ ਮੁਹੱਬਤ ਕਾ ਕੈਸੇ ਯਕੀਨ ਦਿਲਾਊਂ। ਆਖਿਰ ਬਲੇਡ ਲੇ ਕਰ ਅਪਨੀ ਕਲਾਈ ਕੇ ਊਪਰ ਏਕ ਗਹਿਰਾ ਜ਼ਖਮ ਕੀਆ। ਅਬ ਅਪਨੇ ਖੂਨ ਸੇ ਖਤ ਲਿਖ ਰਹਾ ਹੂੰ। ਪਹਿਲੇ ਤੁਮਹਾਰੀ ਮੁਹੱਬਤ ਮੇਂ ਆਂਸੂ ਬਹਾਏ ਥੇ, ਅਬ ਖੂਨ। ਆਗੇ ਆਗੇ ਦੇਖੀਏ ਹੋਤਾ ਹੈ ਕਯਾ!”
ਖਤ ਵਿਚ ਹੋਰ ਵੀ ਬਹੁਤ ਕੁਝ ਸੀ। ਏਧਰ ਸ਼ੌਕਤ ਵੀ ਜਾਣ ਚੁਕੀ ਸੀ ਕਿ ਉਸ ਦੇ ਵੱਡੇ ਪਰਿਵਾਰ ਵਿਚੋਂ ਕੇਵਲ ਦੋ ਛੋਟੀਆਂ ਭੈਣਾਂ ਤੇ ਅਕਬਰ ਤੋਂ ਬਿਨਾ ਹੋਰ ਕਿਸੇ ਨੂੰ ਉਹਦੇ ਨਾਲ ਹਮਦਰਦੀ ਨਹੀਂ ਸੀ। ਮਾਂ ਦੀ ਘਰ ਵਿਚ ਚਲਦੀ ਨਹੀਂ ਸੀ। ਉਸ ਨੂੰ ਸਿਰਫ ਆਪਣੇ ਅੱਬਾ ਉਤੇ ਵਿਸ਼ਵਾਸ ਸੀ। ਹਾਰ ਕੇ ਉਸ ਨੇ ਉਹ ਖਤ ਆਪਣੇ ਅੱਬਾ ਨੂੰ ਪੜ੍ਹਨ ਲਈ ਦਿੱਤਾ। ਉਹ ਪੜ੍ਹ ਕੇ ਮੁਸਕਰਾਏ ਤੇ ਕਹਿਣ ਲੱਗੇ, ਇਹ ਸ਼ਾਇਰ ਲੋਕ ਬੜੇ ਢੌਂਗੀ ਹੁੰਦੇ ਹਨ। ਜਾਨਵਰ ਦੇ ਖੂਨ ਨੂੰ ਆਪਣਾ ਕਹਿ ਸਕਦੇ ਹਨ। ਜੇ ਤੂੰ ਉਹਦੇ ਬਿਨਾ ਨਹੀਂ ਰਹਿ ਸਕਦੀ, ਮੈਂ ਕਿਸੇ ਬਿਧ ਤੈਨੂੰ ਬੰਬਈ ਲਿਜਾ ਕੇ ਚੁੱਪ-ਚੁਪੀਤੇ ਤੇਰਾ ਕੈਫੀ ਨਾਲ ਨਿਕਾਹ ਪੜ੍ਹਾ ਆਉਂਦਾ ਹਾਂ। ਜਦ ਬੇਟੀ ਟਸ ਤੋਂ ਮਸ ਨਾ ਹੋਈ, ਪਿਤਾ ਨੇ ਵਚਨ ਨਿਭਾਇਆ ਤੇ ਧੀ ਨੂੰ ਸ਼ਾਇਰ ਦੇ ਪੱਲੇ ਲਾ ਕੇ ਪਰਤ ਆਇਆ।
ਸਵੈਜੀਵਨੀ ਵਿਚ ਹੋਰ ਵੀ ਬਹੁਤ ਕੁਝ ਹੈ-ਪੜ੍ਹਨ ਤੇ ਮਾਣਨ ਵਾਲਾ। ਏਨੀ ਸੌਖੀ ਤੇ ਸਰਲ ਭਾਸ਼ਾ ਵਿਚ ਕਿ ਮੇਰੀ ਬੀਵੀ, ਜਿਸ ਨੂੰ ਆਪਣੇ ਬਚਪਨ ਵਿਚ ਪੜ੍ਹੀ ਉਰਦੂ ਭੁੱਲ ਚੁਕੀ ਸੀ, ਇੱਕ ਇੱਕ ਅਖਰ ਉਠਾ ਕੇ ਸਾਰੀ ਦੀ ਸਾਰੀ ਪੜ੍ਹ ਗਈ। ਇਹ ਰਚਨਾ ਮੈਂ ਵੀ ਪੜ੍ਹੀ ਅਤੇ ਕਹਿ ਸਕਦਾ ਹਾਂ ਕਿ ਕਸੌਲੀ ਵਾਲੇ ਮੇਲੇ ਵਿਚ ਸ਼ਬਾਨਾ ਆਪਣੀ ਮਾਂ ਦਾ ਉਹ ਚਿੱਤਰ ਨਹੀਂ ਪੇਸ਼ ਕਰ ਸਕੀ, ਜੋ ਉਹ ਸੀ। ਕਿਵੇਂ ਉਸ ਨੇ ਕੈਫੀ ਨਾਲ ਵਿਆਹ ਤੋਂ ਪਿੱਛੋਂ ਕਮਿਊਨਿਸਟਾਂ ਦੇ ਕਮਿਊਨ ਵਿਚ ਰਹਿ ਕੇ ਤੰਗੀ ਕੱਟੀ ਤੇ ਸੀ ਨਹੀਂ ਸੀ ਕੀਤੀ। ਜਾਣਨ ਵਾਲੇ ਜਾਣਦੇ ਹਨ ਕਿ ਸ਼ੌਕਤ ਸਿਰਫ ਸੋਹਣੀ ਹੀ ਨਹੀਂ, ਦ੍ਰਿੜ੍ਹ ਤੇ ਅਨੋਖੀ ਹਸਤੀ ਸੀ। ਇੱਕ ਵੱਧੀਆ ਅਦਾਕਾਰਾ ਵੀ। ‘ਉਮਰਾਓ ਜਾਨ’ ਤੇ ‘ਗਰਮ ਹਵਾ’ ਫਿਲਮਾਂ ਵਿਚ ਉਸ ਦਾ ਰੋਲ ਅੱਜ ਵੀ ਫਿਲਮ ਰਸੀਆਂ ਦੀ ਜ਼ੁਬਾਨ ‘ਤੇ ਹੈ। ਉਹ ਕੈਫੀ ਨੂੰ ਕਿੰਨਾ ਪਿਆਰ ਕਰਦੀ ਸੀ, ਪਤੀ ਦੀ ਜਨਮ ਸ਼ਤਾਬਦੀ ਦੇ ਦਿਨਾਂ ਵਿਚ ਪਤੀ ਦੀ ਮਹਿਮਾ ਸੁਣ ਕੇ ਉਸ ਦਾ ਤੁਰ ਜਾਣਾ ਇਸ ਦਾ ਸਬੂਤ ਹੈ।
ਜਾਂਦੇ ਜਾਂਦੇ ਪੰਜਾਬੀ ਪਾਠਕਾਂ ਨੂੰ ਇਹ ਵੀ ਚੇਤੇ ਕਰਵਾ ਦਿਆਂ ਕਿ ਸ਼ੌਕਤ ਦੀ ਸਵੈਜੀਵਨੀ ਵਿਚਲੇ ਪਾਤਰਾਂ ਦੀ ਪੰਜਾਬੀ ਲੇਖਕਾਂ ਨਾਲ ਵੀ ਭਾਵੁਕ ਸਾਂਝ ਹੈ। ਸਰਦਾਰ ਜਾਫਰੀ ਦੀ ਬੀਵੀ ਸੁਲਤਾਨਾ ਦੀ ਭੈਣ ਆਇਸ਼ਾ ਨੇ ਕਰਤਾਰ ਸਿੰਘ ਦੁੱਗਲ ਨਾਲ ਸ਼ਾਦੀ ਕੀਤੀ ਤੇ ਸਾਹਿਰ ਲੁਧਿਆਣਵੀ ਨੇ ਅੰਮ੍ਰਿਤਾ ਪ੍ਰੀਤਮ ਨੂੰ ਮੋਹਿਆ। ਉਨ੍ਹਾਂ ਵੇਲਿਆਂ ਦੇ ਮੁਸ਼ਾਇਰਿਆਂ ਵਿਚ ਹਿੱਸਾ ਲੈਣ ਵਾਲੇ ਸਾਰੇ ਸ਼ਾਇਰ ਪੰਜਾਬੀ ਪਾਠਕਾਂ ਤੇ ਸਰੋਤਿਆਂ ਨੂੰ ਉਨੇ ਹੀ ਪਿਆਰੇ ਸਨ, ਜਿੰਨੇ ਉਰਦੂ ਵਾਲਿਆਂ ਨੂੰ। ਉਰਦੂ ਜ਼ੁਬਾਨ ਤੇ ਸ਼ੌਕਤ ਪਰਿਵਾਰ ਜ਼ਿੰਦਾਬਾਦ!
ਅੰਤਿਕਾ: ਕੈਫੀ ਆਜ਼ਮੀ ਵਲੋਂ ਸ਼ੌਕਤ ਨੂੰ ਲਿਖੇ ਇਕ ਖਤ ਵਿਚੋਂ
ਇਤਨੀ ਮੁੱਦਤ ਸੇ
ਮੇਰੀ ਜਾਨ ਜੁਦਾ ਹੋ ਮੁਝ ਸੇ।
ਯੇਹ ਭੀ ਮਾਲੂਮ ਨਹੀਂ
ਖੁਸ਼ ਹੋ, ਖਫਾ ਹੋ ਮੁਝ ਸੇ!
ਸੁਭਾ ਕੋ ਆਂਖੇ ਜੋ
ਖੁਲ ਜਾਤੀ ਹੈ, ਝਲਾਤਾ ਹੂੰ
ਦੂਰ ਨਜ਼ਦੀਕ ਕਹੀਂ
ਤੁਮ ਕੋ ਨਹੀਂ ਪਾਤਾ ਹੂੰ।
ਚਾਏ ਗੋਪਾਲ ਪਿਲਾਤਾ ਹੈ
ਪੀਏ ਜਾਤਾ ਹੂੰ
ਯੇਹ ਕੋਈ ਜੀਨਾ ਨਹੀਂ
ਫਿਰ ਭੀ ਜੀਏ ਜਾਤਾ ਹੂੰ।
ਜਬ ਜ਼ਿਆਦਾ ਕਭੀ
ਤਨਹਾਈ ਮੇ ਘਬਰਾਤਾ ਹੂੰ
ਕੋਈ ਸਮਝਾਏ, ਨਾ ਸਮਝਾਏ
ਸਮਝ ਜਾਤਾ ਹੂੰ।
ਖੁਦ ਅਮਨ ਕੀਏ ਕੀ
ਮੈਂ ਸਜ਼ਾ ਪਾਤਾ ਹੂੰ
ਬੰਬਈ ਛੋੜ ਕਰ ਕਿਉਂ ਆ ਗਿਆ,
ਪਛਤਾਤਾ ਹੂੰ!