ਬਾਬੇ ਨਾਨਕ ਦਾ ਫਲਸਫਾ ਤੇ ਅਸੀਂ!

ਪ੍ਰਿੰ. ਕੰਵਲਪ੍ਰੀਤ ਕੌਰ ਨਿਊਜੀਲੈਂਡ
ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਬਗੀਚੇ ਵਿਚ ਇਕ ਅਜਿਹਾ ਫੁੱਲ ਹਨ, ਜਿਸ ਨੇ ਸਾਰੇ ਬਗੀਚੇ ਨੂੰ ਆਪਣੇ ਵਿਚਾਰਾਂ ਦੀ ਸੁੰਦਰਤਾ ਨਾਲ ਸ਼ਿੰਗਾਰਿਆ ਹੋਇਆ ਹੈ। ਇਤਿਹਾਸ ਤੋਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਦਾ ਆਗਮਨ ਉਸ ਦੌਰ ਵਿਚ ਹੋਇਆ, ਜਦੋਂ ਸਾਰਾ ਦੇਸ਼ ਬਹੁਤ ਤਪਸ਼ ਵਿਚੋਂ ਲੰਘ ਰਿਹਾ ਸੀ, ਸਾਰਾ ਦੇਸ਼ ਸਮਾਜਕ ਪੱਧਰ ‘ਤੇ ਕਲੇਸ਼ ਵਿਚ ਸੀ, ਧਾਰਮਿਕ ਪੱਧਰ ‘ਤੇ ਪਖੰਡ ਵਿਚ ਅਤੇ ਸਿਆਸੀ ਪੱਧਰ ‘ਤੇ ਗੁਲਾਮੀ ਦੀਆਂ ਜ਼ੰਜੀਰਾਂ ਦੀ ਜਕੜ ਵਿਚ ਸੀ।

ਭਾਈ ਗੁਰਦਾਸ ਦੀਆਂ ਵਾਰਾਂ ਤੋਂ ਸਪਸ਼ਟ ਹੈ ਕਿ ਦੇਸ਼ ਦੇ ਲੋਕ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ ਅਤੇ ਆਖਿਰ ਅਕਾਲ-ਪੁਰਖ ਦੀ ਰਹਿਮਤ ਹੋਈ ਤੇ ਗੁਰੂ ਨਾਨਕ ਦੇਵ ਦਾ 15 ਅਪਰੈਲ 1469 ਈਸਵੀ (ਕੱਤਕ ਦੀ ਪੂਰਨਮਾਸ਼ੀ 1526 ਬ੍ਰਿਕਮੀ ਸੰਮਤ) ਨੂੰ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਦੇ ਪਰਿਵਾਰ ਅਤੇ ਜੀਵਨ ਬਾਰੇ ਅਸੀਂ ਸਾਰੇ ਜਾਣਦੇ ਹਾਂ।
550 ਸਾਲਾ ਪ੍ਰਕਾਸ਼ ਪੁਰਬ ਸਾਡੇ ਲਈ ਬਹੁਤ ਹੀ ਅਹਿਮ ਹੈ। ਹਰ ਰੋਜ਼ ਦੀਆਂ ਸਮਾਜਕ ਅਤੇ ਰਾਜਨੀਤਿਕ ਖਬਰਾਂ ਵਿਚੋਂ ਬਹੁਤ ਕੁਝ ਦੇਖਣ ਤੇ ਵਿਚਾਰਨ ਨੂੰ ਮਿਲਦਾ ਹੈ, ਪਰ ਮੈਂ ਇਸ ਵਿਸ਼ੇ ਤੋਂ ਪਰੇ ਰਹਿ ਕੇ ਸਮਝਦੀ ਹਾਂ ਕਿ ਸਾਡੀ ਜ਼ਿੰਦਗੀ ਵਿਚ 550 ਸਾਲਾ ਪ੍ਰਕਾਸ਼ ਪੁਰਬ ਦਾ ਇਹ ਵਰ੍ਹਾ ਹੀ ਇਕ ਅਹਿਮ ਮੌਕਾ ਹੈ ਕਿ ਅਸੀਂ ਬਾਬੇ ਨਾਨਕ ਦੇ ਸਿਧਾਂਤਾਂ ਨੂੰ ਸਮਝੀਏ, ਵਿਚਾਰੀਏ ਅਤੇ ਇਸ ਵਿਚਾਰਧਾਰਾ ਨੂੰ ਆਪਣੇ ਵਿਹਾਰਕ ਜੀਵਨ ਵਿਚ ਲੈ ਕੇ ਆਈਏ।
ਛੋਟੇ ਹੁੰਦੇ ਗੁਰੂ ਸਾਹਿਬ ਦੇ ਜੀਵਨ ‘ਤੇ ਲੇਖ ਲਿਖਦੇ ਸੀ ਕਿ ਗੁਰੂ ਸਾਹਿਬ ਪਾਂਧੇ ਕੋਲ ਪੜ੍ਹਨ ਗਏ ਤੇ ਪਾਂਧੇ ਨੂੰ ਹੀ ਪੜ੍ਹਾ ਆਏ, ਬਾਬੇ ਨਾਨਕ ਨੇ 13-13 ਤੋਲਿਆ ਤੇ ਸਰਬ ਸਾਂਝਾ ਉਪਦੇਸ਼ ਦਿੱਤਾ। ਇਸ ਤਰ੍ਹਾਂ 150 ਅੱਖਰਾਂ ਦਾ ਲੇਖ ਝੱਟ ਪੱਟ ਪੂਰਾ ਹੋ ਜਾਂਦਾ ਸੀ; ਪਰ ਸਮਝ ਕੁਝ ਵੀ ਨਹੀਂ ਸੀ, ਨਾ ਬਾਬੇ ਨਾਨਕ ਦੀ ਤੇ ਨਾ ਹੀ ਉਸ ਦੀ ਵਿਚਾਰਧਾਰਾ ਦੀ। ਘਰ ਵਿਚ ਸਾਰੇ ਪੜ੍ਹੇ-ਲਿਖੇ ਸਨ ਤੇ ਗੁਰਬਾਣੀ ਪੜ੍ਹਦੇ ਸਨ, ਪਰ ਜਪੁਜੀ ਸਾਹਿਬ ਅਤੇ ਭੌਤਿਕ ਵਿਗਿਆਨ ਪੜ੍ਹਨ ਪਿਛੋਂ ਵੀ ਭੁਚਾਲ ਆਉਣ ਦਾ ਕਾਰਨ ‘ਧਰਤੀ ਹੇਠਲਾ ਬਲਦ’ ਹੀ ਦੱਸਿਆ ਗਿਆ। ਇਹ ਸਾਡਾ ਦੁਖਾਂਤ ਹੈ ਕਿ ਸਾਨੂੰ ਅਜੇ ਤੱਕ ਵੀ ਸਾਡੇ ਕੋਲ ਮੌਜੂਦ ਗਿਆਨ ਦੇ ਖਜਾਨੇ ਦੀ ਸਮਝ ਨਹੀਂ ਆਈ। ਅੱਜ ਵੀ ਜਦ ਆਪਣੇ ਅੰਦਰ ਝਾਤ ਮਾਰੋ ਤਾਂ ਇਹੀ ਪਤਾ ਲਗਦਾ ਹੈ ਕਿ ਸਮਝਿਆ ਅਸੀਂ ਅੱਜ ਵੀ ਨਹੀਂ।
ਜੇ ਗੁਰੂ ਸਾਹਿਬ ਦੇ ਸਿਧਾਂਤਾਂ ਜਾਂ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਕੋਈ ਅਜਿਹੀ ਮਿਸਾਲ ਲੱਭਣੀ ਔਖੀ ਹੋ ਜਾਂਦੀ ਹੈ, ਜਿਸ ‘ਤੇ ਅਸੀਂ ਪੂਰੇ ਉਤਰੇ ਹੋਈਏ। ਬਾਬੇ ਨਾਨਕ ਨੇ ਇਕ ਦਾ ਉਪਦੇਸ਼ ਦਿੱਤਾ, ਇਕ ਨੂੰ ਸਿਮਰਨ ਲਈ ਕਿਹਾ ਤੇ ਇਕ ਨਾਲ ਜੋੜਿਆ; ਪਰ ਅਸੀਂ ਉਸ ਇਕ ਨੂੰ ਸਮਝਣ ਦੀ ਕੋਸ਼ਿਸ਼ ਕੀਤੇ ਬਿਨਾ ਹੀ ਅਨੇਕਾਂ ਦੇ ਪਿੱਛੇ ਲੱਗ ਗਏ। ਇਸ ਦਾ ਪ੍ਰਮਾਣ ਚੇਲਿਆਂ ਨਾਲ ਭਰੇ ਡੇਰੇ ਤੇ ਸਾਡੀਆਂ ਅਖਬਾਰਾਂ ਵਿਚ ਦਿੱਤੇ ਹੋਏ ‘ਕਾਲੇ ਇਲਮ ਨਾਲ ਕਿਸਮਤ ਅਜ਼ਮਾਉਣ’ ਜਿਹੇ ਵਿਗਿਆਪਨਾਂ ਤੋਂ ਮਿਲਦਾ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਭਰ ਦੇ ਪੰਜਾਬੀ ਅਖਬਾਰਾਂ ਵਿਚ ਇਹ ਵਿਗਿਆਪਨ ਮਿਲਦੇ ਹਨ, ਜਿਸ ਦਾ ਸਿੱਧਾ ਜਿਹਾ ਮਤਲਬ ਇਹੀ ਹੈ ਕਿ ਵੱਡੀ ਗਿਣਤੀ ਵਿਚ ਸਾਡੇ ਪੰਜਾਬੀ ਇਨ੍ਹਾਂ ਦੇ ਗਾਹਕ ਹਨ। ਸ਼ਾਇਦ ਸਾਨੂੰ ਇਹ ਰਸਤਾ ਸੌਖਾ ਲਗਦਾ ਹੈ ਕਿ ਸਾਨੂੰ ਕੋਈ ਗੱਲ ਕਰਨ ਵਾਲਾ ਜਾਂ ਕੋਈ ਦੁੱਖ ਦਾ ਇਲਾਜ ਕਰਨ ਵਾਲਾ ਮਿਲ ਜਾਂਦਾ ਹੈ, ਪਰ ਬਾਬੇ ਨਾਨਕ ਨੇ ਤਾਂ ਕਿਹਾ ਕਿ ਸ਼ਬਦ ਗੁਰੂ ਦੇ ਲੜ ਲੱਗੋ ਤੇ ਜ਼ਿੰਦਗੀ ਵਿਚ ਕੋਈ ਮੁਸ਼ਕਿਲ ਆਉਦੀਂ ਹੀ ਨਹੀਂ; ਪਰ ਇਹ ਸਾਡਾ ਦੁਖਾਂਤ ਹੈ ਕਿ ਅਸੀਂ ਸ਼ਬਦ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਇਸ ਲਈ ਇਸ ‘ਤੇ ਵਿਸ਼ਵਾਸ ਕਰਨਾ ਤਾਂ ਬਹੁਤ ਦੂਰ ਹੈ।
ਸਾਨੂੰ ਗੁਰੂ ਬਾਬੇ ਦੀ ਜਨੇਊ ਨਾ ਪਾਉਣ ਦੀ ਸਾਖੀ ਯਾਦ ਹੈ ਤੇ ਇਹ ਵੀ ਪਤਾ ਹੈ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦਾ ਜਨੇਊ ਪਾਉਣ ਦੀ ਗੱਲ ਆਖੀ। ਅੱਜ ਸਾਡੇ ਸਮਾਜ ਵਿਚ ਆਮ ਹੀ ਦੇਖਿਆ ਜਾਂਦਾ ਹੈ ਕਿ ਲੋਕ ਤਵੀਤ ਪਾਈ ਫਿਰਦੇ ਨੇ ਤੇ ਇਹ ਕੰਮ ਕਰਨ ਵਾਲੇ ਲੋਕ ਆਪਣਾ ਵਧੀਆ ਰੁਜ਼ਗਾਰ ਚਲਾ ਰਹੇ ਹਨ। ਉਹ ਸਾਡੇ ਅਗਿਆਨ ਅਤੇ ਗੁਰੂ ਉਤੇ ਭਰੋਸਾ ਨਾ ਹੋਣ ਦਾ ਫਾਇਦਾ ਉਠਾਉਂਦੇ ਹਨ ਤੇ ਅਸੀਂ ਆਪਣੀ ਮੂਰਖਤਾ ਕਰਕੇ ਇਨ੍ਹਾਂ ਨੂੰ ਪੈਸੇ ਦਿੰਦੇ ਹਾਂ ਤੇ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਜਾਂਦੇ ਹਾਂ।
ਅਸੀਂ ਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਕਰੀਏ ਜਾਂ ਗੁਰੂ ਸਾਹਿਬ ਦੇ ਜੀਵਨ ਵੱਲ ਝਾਤ ਮਾਰੀਏ, ਸਾਨੂੰ ਸਿੱਧੇ ਤੇ ਸਪਸ਼ਟ ਰੂਪ ਵਿਚ ਸਿੱਖਿਆ ਮਿਲਦੀ ਹੈ ਕਿ ਇਕ ਨੂੰ ਜਪੋ, ਕਿਰਤ ਕਰੋ, ਵੰਡ ਛਕੋ, ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੋ ਅਤੇ ਕਰਮ-ਕਾਂਡ ਤੋਂ ਦੂਰ ਰਹੋ। ਇਹੀ ਅਸੀਂ ਨਿਤਨੇਮ ਵਿਚ ਪੜ੍ਹਦੇ ਹਾਂ ਕਿ ਹੇ ਅਕਾਲ ਪੁਰਖ ਸਭ ਕੁਝ ਤੇਰੇ ਭਾਣੇ ਵਿਚ ਹੋ ਰਿਹਾ ਹੈ ਤੇ ਜੋ ਤੈਨੂੰ ਭਾਉਂਦਾ ਹੈ, ਉਸ ਵਿਚ ਹੀ ਭਲਾ ਹੈ। ਪਾਠ ਕਰਕੇ ਫਿਰ ਅਸੀਂ ਅਰਦਾਸ ਕਰਦੇ ਹਾਂ, ਜਿਸ ਵਿਚ ਭਰੋਸਾ ਦਾਨ ਮੰਗਦੇ ਹਾਂ, ਸਿੱਖ ਦਾ ਮਨ ਨੀਵਾਂ ਤੇ ਮੱਤ ਉਚੀ ਦੇ ਸੰਕਲਪ ਨੂੰ ਚੇਤੇ ਕਰਦੇ ਹਾਂ ਤੇ ਫਿਰ ਮੰਗਾਂ ਦੀ ਲੰਬੀ ਸੂਚੀ ਪੇਸ਼ ਕਰਦੇ ਆਂ। ਹੁਣ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਸਾਡਾ ਗੁਰੂ ‘ਤੇ ਭਰੋਸਾ ਕਿੰਨਾ ਕੁ ਹੈ? ਕੀ ਅਸੀਂ ਭਾਣੇ ਅੰਦਰ ਰਹਿ ਕੇ ਖੁਸ਼ ਹਾਂ? ਕੀ ਅਸੀਂ ਗੁਰੂ ਦੀ ਮੰਨਦੇ ਹਾਂ, ਇਸ ਵਾਸਤੇ ਗੁਰਦੁਆਰੇ ਜਾਂਦੇ ਹਾਂ ਜਾਂ ਸਾਨੂੰ ਗੁਰੂ ਨਾਲ ਪਿਆਰ ਹੈ, ਇਸ ਲਈ ਜਾਂਦੇ ਹਾਂ ਜਾਂ ਫਿਰ ਸਿਰਫ ਮੰਗਣ ਹੀ ਜਾਂਦੇ ਹਾਂ? ਇਹ ਇਕ ਗੰਭੀਰ ਪ੍ਰਸਥਿਤੀ ਹੈ ਤੇ ਹਰ ਮਨੁੱਖ, ਜੋ ਆਪਣੇ ਆਪ ਨੂੰ ਬਾਬੇ ਨਾਨਕ ਦਾ ਸਿੱਖ ਮੰਨਦਾ ਹੈ, ਨੂੰ ਇਸ ਵੇਲੇ ਆਪਣਾ ਮੁਲਾਂਕਣ ਕਰਨ ਦੀ ਲੋੜ ਹੈ ਕਿ ਕਿਧਰੇ ਅਸੀਂ ਗੁਰੂ ਨਾਲ ਦੋਗਲੀ ਨੀਤੀ ਤਾਂ ਨਹੀਂ ਅਪਨਾ ਰਹੇ?
ਬਾਬੇ ਨਾਨਕ ਨੇ ਹਰ ਉਸ ਕਰਮ ਦਾ ਖੰਡਨ ਕੀਤਾ, ਜੋ ਵਿਹਾਰਕ ਤੇ ਵਿਗਿਆਨਕ ਪੱਖ ‘ਤੇ ਖਰਾ ਨਹੀਂ ਉਤਰਦਾ, ਪਰ ਅਸੀਂ ਬਾਬੇ ਦੀ ਸਿੱਖਿਆ ਨੂੰ ਨਜ਼ਰ-ਅੰਦਾਜ਼ ਕਰਕੇ ਕਰਮ ਕਾਂਡ ਨਾਲ ਜੁੜੇ ਹੋਏ ਹਾਂ। ਬੱਚੇ ਦੇ ਜਨਮ ਤੋਂ ਲੈ ਕੇ ਬਜੁਰਗ ਤੱਕ ਦੇ ਜੀਵਨ ਵਿਚ ਹਰ ਪੜਾਅ ‘ਤੇ ਅਸੀਂ ਅੰਧਵਿਸ਼ਵਾਸ ਨਾਲ ਜੁੜੇ ਹੋਏ ਹਾਂ, ਇੱਥੋਂ ਤੱਕ ਕਿ ਮਰਨ ਦੇ ਨਾਲ ਵੀ ਆਪਣੇ ਹੀ ਰਿਵਾਜ਼ ਜੋੜੀ ਬੈਠੇ ਹਾਂ। ਆਪਣੇ ਰਿਵਾਜਾਂ ਸਬੰਧੀ ਮੈਂ ਹੁਣ ਤੱਕ ਜੋ ਕੁਝ ਵੀ ਪੜ੍ਹਿਆ, ਇਹੀ ਸਮਝ ਆਈ ਕਿ ਇਹ ਸਭ ਵਿਅਰਥ ਕੰਮ ਹਨ।
ਮਿਸਾਲ ਵਜੋਂ ਬੱਚੇ ਨੂੰ ਕਾਲਾ ਟਿੱਕਾ ਲਾਉਣਾ, ਬੱਚੇ ਨੂੰ ਨਜ਼ਰ ਲੱਗਣ ਦਾ ਮੰਨਣਾ, ਸੂਤਕ ਦਾ ਮੰਨਣਾ। ਕੁਝ ਵਿਆਹ ਦੇ ਰਿਵਾਜ਼ਾਂ ਸਬੰਧੀ ਅਸੀਂ ਅਜਿਹੀਆਂ ਰਸਮਾਂ ਕਰਦੇ ਹਾਂ ਕਿ ਜਦ ਉਨ੍ਹਾਂ ਦਾ ਪਿਛੋਕੜ ਪਤਾ ਲੱਗਦਾ ਹੈ ਤਾਂ ਫਿਰ ਪਛਤਾਵਾ ਹੁੰਦਾ ਹੈ। ਗਿਆਨੀ ਸੰਤ ਸਿੰਘ ਮਸਕੀਨ ਤਾਂ, ਜੋ ਦਰਵਾਜੇ ‘ਤੇ ਤੇਲ ਚੋਣ ਨੂੰ ਅਸੀਂ ਸ਼ਗਨ ਮੰਨਦੇ ਹਾਂ, ਨੂੰ ਅਗਿਆਨ, ਅਨਪੜ੍ਹਤਾ ਤੇ ਵਿਅਰਥ ਕਰਮ ਦੱਸਦੇ ਹਨ ਤੇ ਸੁਝਾਓ ਦਿੰਦੇ ਹਨ ਕਿ ਇੰਨਾ ਮਹਿੰਗਾ ਤੇਲ ਥੱਲੇ ਨਾ ਡੋਲੋ, ਕਿਸੇ ਗਰੀਬ ਨੂੰ ਦੇ ਦੇਵੋ। ਸਾਨੂੰ ਹਰ ਇਕ ਕਰਮ, ਜੋ ਅਸੀਂ ਕਰਦੇ ਹਾਂ, ਉਸ ਦਾ ਪਿਛੋਕੜ ਜਾਣਨ ਦੀ ਲੋੜ ਹੈ ਤੇ ਉਸ ਨੂੰ ਬਾਬੇ ਦੀ ਦਿੱਤੀ ਸਿੱਖਿਆ ਨਾਲ ਤੁਲਨਾ ਕਰਨ ਦੀ ਲੋੜ ਹੈ। ਅਜਿਹਾ ਕਰਨ ਨਾਲ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਵੇਗੀ।
ਜੇ ਜ਼ਿੰਦਗੀ ਦੀ ਪਰਿਭਾਸ਼ਾ ਨੂੰ ਬਹੁਤ ਥੋੜ੍ਹੇ ਲਫਜ਼ਾਂ ਵਿਚ ਤੇ ਬਹੁਤ ਉਚੇ ਪੱਧਰ ‘ਤੇ ਦੇਖਣਾ ਹੋਵੇ ਤਾਂ ਉਹ ਗੁਰੂ ਸਾਹਿਬ ਦੀ ਲਿਖੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ‘ਇਸ ਜਗਤ ‘ਤੇ ਆਉਣ ਤੋਂ ਲੈ ਕੇ ਜਾਣ ਤੱਕ ਦਾ ਸਫਰ ਜ਼ਿੰਦਗੀ ਹੈ।’
ਆਓ, ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਸਮਝੀਏ ਤੇ ਆਪਣੇ ਜੀਵਨ ਵਿਚ ਇਸ ‘ਤੇ ਅਮਲ ਕਰੀਏ। ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਫਲ ਹੈ, ਜੇ ਅਸੀਂ ਗੁਰੂ ਦੇ ਦੱਸੇ ਮਾਰਗ ‘ਤੇ ਚੱਲੀਏ ਅਤੇ ਸ਼ਬਦ ਗੁਰੂ ਨਾਲ ਸਾਂਝ ਪਾਈਏ। ਸ਼ਬਦ ਗੁਰੂ ਨਾਲ ਸਾਂਝ ਹੀ ਸਾਨੂੰ ਸਭ ਕਰਮ-ਕਾਂਡ ਤੋਂ ਦੂਰ ਕਰ ਦੇਵੇਗੀ ਤੇ ਅਸੀਂ ਗੁਰੂ ਦੇ ਉਪਦੇਸ਼ ‘ਤੇ ਚੱਲਾਂਗੇ।