ਸਤਿਕਾਰਯੋਗ ਸੰਪਾਦਕ ਜੀ,
ਪੰਜਾਬ ਟਾਈਮਜ਼ ਵਿਚ ਪਿਛਲੇ ਕੁਝ ਸਮੇਂ ਤੋਂ ਯੂਬਾ ਸਿਟੀ ਦੇ ਗੁਰਦੁਆਰਾ ਟਾਇਰਾ ਬਿਊਨਾ ਬਾਰੇ ਵਾਰ ਵਾਰ ਖਬਰਾਂ ਛਪਦੀਆਂ ਆਈਆਂ ਹਨ। ਹਾਲ ਹੀ ਵਿਚ ਦੋ ਖਬਰਾਂ ਉਪਰੋਥਲੀ ਛਪੀਆਂ। ਦੋਵੇਂ ਖ਼ਬਰਾਂ ਇਕ ਦੂਜੇ ਦੇ ਉਲਟ ਗੱਲ ਕਰਦੀਆਂ ਹਨ। ਸਪੱਸ਼ਟ ਹੈ ਕਿ ਦੋਵਾਂ ਧਿਰਾਂ ‘ਚੋਂ ਇਕ ਧਿਰ ਝੂਠ ਬੋਲ ਰਹੀ ਹੈ ਜਾਂ ਕੋਈ ਵੀ ਧਿਰ ਪੂਰਾ ਸੱਚ ਨਹੀਂ ਬੋਲਦੀ। ਜੇਕਰ ਅਦਾਲਤੀ ਹੁਕਮਾਂ ਦੀ ਨਕਲ ਗੁਰਦੁਆਰੇ ਦੇ ਨੋਟਿਸ ਬੋਰਡ ‘ਤੇ ਲਾ ਦਿੱਤੀ ਜਾਵੇ ਤਾਂ ਸਭ ਕੁਝ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਧਿਰ ਠੀਕ ਹੈ ਤੇ ਕਿਹੜੀ ਗ਼ਲਤ। ਮੈਂ ਇਸ ਗੁਰੂ ਘਰ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ। ਮੌਜੂਦਾ ਅਖੌਤੀ ਨੇਤਾਵਾਂ ਦੀਆਂ ਆਪਹੁਦਰੀਆਂ ਦੇਖ ਕੇ ਮੈਂ ਤੇ ਮੇਰੇ ਵਰਗੇ ਕਈ ਹੋਰ ਲੋਕ ਪਿੱਛੇ ਹੱਟ ਗਏ। ਪਰ ਦੁੱਖ ਹੁੰਦਾ ਹੈ ਜਦੋਂ ਗੁਰੂ ਘਰ ਬਾਰੇ ਕੋਈ ਅਣਸੁਖਾਵੀਂ ਖ਼ਬਰ ਪੜ੍ਹੀਦੀ ਹੈ।
ਸੱਚਾਈ ਇਹ ਹੈ ਕਿ ਗ਼ਲਤੀਆਂ ਦੋਵਾਂ ਪਾਸਿਆਂ ਤੋਂ ਹੋਈਆਂ ਕਿਸੇ ਧਿਰ ਨੇ ਵੱਧ ਕੀਤੀਆਂ ਤੇ ਕਿਸੇ ਨੇ ਘੱਟ। ਸੱਚ ਤਾਂ ਇਹ ਹੈ ਕਿ ਇੱਕੋ ਮੱਛੀ ਸਾਰਾ ਤਲਾਅ ਗੰਦਾ ਕਰ ਦਿੰਦੀ ਹੈ, ਦੇ ਅਖਾਣ ਅਨੁਸਾਰ ਇੱਥੇ ਦਸ ਕੁ ਬੰਦਿਆਂ ਦਾ ਟੋਲਾ ਹੈ ਜਿਹੜਾ ਗੁਰੂ ਘਰ ਦੇ ਪ੍ਰਬੰਧਕਾਂ ਵਿਚ ਆਉਣ ਲਈ ਤੇ ਕਦੇ ਕਬਜ਼ਾ ਬਣਾਈ ਰੱਖਣ ਲਈ ਕਦੇ ਕਿਸੇ ਧੜੇ ਵਿਚ ਜਾ ਰਲਦਾ ਹੈ ਤੇ ਕਦੇ ਕਿਸੇ ਵਿਚ ਅਤੇ ਕਦੇ ਲੜ ਕੇ ਇਹ ਦੋਵਾਂ ਪਾਸਿਆਂ ਵਿਚ ਰਲ ਜਾਂਦੇ ਹਨ। ਆਪਣੇ ਨਿਜੀ ਹਿਤਾਂ ਜਾਂ ਚੌਧਰ ਦੀ ਭੁੱਖ ਕਰਕੇ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁੰਮਰਾਹ ਵੀ ਕਰਦੇ ਹਨ ਤੇ ਇਥੋਂ ਦੇ ਗੁਰੂ ਘਰਾਂ ‘ਤੇ ਕਬਜ਼ਾ ਕਰਨ ਲਈ ਧੋਖੇ ਅਤੇ ਧਮਕਾਉਣ ਵਰਗੇ ਹੱਥਕੰਡੇ ਵੀ ਅਪਨਾਉਂਦੇ ਹਨ।
ਯੂਬਾ ਸਿਟੀ ਵਿਚ ਆਈ ਨਵੀਂ ਸੰਗਤ ਅਤੇ ਨਾ ਹੀ ਯੂਬਾ ਸਿਟੀ ਦੀ ਨਵੀਂ ਪੀੜੀ ਨੂੰ ਇਸ ਗੱਲ ਦਾ ਪਤਾ ਹੈ ਕਿ ਇਸ ਟੋਲੇ ਨੇ ਸਾਲ 1992-93 ਵਿਚ ਗੁਰਦੁਆਰਾ ਬੋਘ ਰੋਡ ਦੇ ਪ੍ਰਬੰਧ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੌਰਾਨ ਹਿੰਸਕ ਝਗੜਾ ਵੀ ਹੋਇਆ, ਅਦਾਲਤ ਵਿਚ ਕੇਸ ਵੀ ਚੱਲਿਆ ਪਰ ਉਥੋਂ ਦੇ ਪ੍ਰਬੰਧਕਾਂ ਨੇ ਸਿਆਸਤ ਨਾਲ ਇਨ੍ਹਾਂ ਨੂੰ ਖਦੇੜ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਉਸ ਝਗੜੇ ਵਿਚ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸ਼ਾਮਲ ਕੁਝ ਬੰਦੇ ਅੱਜ ਗੁਰਦੁਆਰਾ ਟਾਇਰਾ ਬਿਊਨਾ ਦੇ ਪ੍ਰਬੰਧਕੀ ਧੜੇ ਵਿਚ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਲੋਕ ਗੁਰੂ ਘਰਾਂ ਵਿਚ ਪ੍ਰੋਗਰਾਮ ਕਰਵਾ ਕੇ ਚੜ੍ਹਾਵਾ ਵੀ ਚੁੱਕ ਕੇ ਲੈ ਜਾਂਦੇ ਰਹੇ ਹਨ। ਮੈਂ ਤਾਂ ਚਾਹੁੰਦਾ ਹਾਂ ਕਿ ਚੌਧਰ ਲਈ ਇਸ ਚੂਹੇ ਦੌੜ ਬਾਰੇ ਵਾਈਟ ਪੇਪਰ ਲਿਖਿਆ ਜਾਵੇ ਤਾਂ ਕਿ ਸੰਗਤ ਨੂੰ ਸੱਚ ਦਾ ਪਤਾ ਲਗ ਸਕੇ।
ਗੁਰਦੁਆਰਾ ਟਾਇਰਾ ਬਿਊਨਾ ਦੇ ਮੈਂਬਰਾਂ ਦੇ ਹੱਕ ਖੋਹਣੇ ਅਤੇ ਨਵੀਂ ਮੈਂਬਰਸ਼ਿਪ ਬੰਦ ਕਰਨਾ ਗੁਰੂ ਘਰ ਦੀ ਬਿਹਤਰੀ ਦੇ ਉਲਟ ਹੈ। ਪੈਸਾ ਬਚਾਉਣ ਦਾ ਬਹਾਨਾ ਲਾ ਕੇ ਚੋਣਾਂ ਨਾ ਕਰਵਾਉਣਾ ਡੈਮੋਕ੍ਰੇਸੀ ਦਾ ਗਲਾ ਘੁੱਟਣਾ ਹੈ। ਸੰਸਥਾ ਮੈਂਬਰਾਂ ਤੇ ਸੰਗਤ ਦੀ ਹੈ ਜੇਕਰ ਮੈਂਬਰ ਡਾਇਰੈਕਟਰਾਂ ਤੋਂ ਖੁਸ਼ ਨਹੀਂ ਤਾਂ ਉਨ੍ਹਾਂ ਨੂੰ ਨਵੇਂ ਡਾਇਰੈਕਟਰ ਚੁਣਨ ਦਾ ਹੱਕ ਹੈ। ਜੇਕਰ ਕਾਬਜ਼ ਖੜੇ ਨੇ ਵਧੀਆ ਕੰਮ ਕੀਤੇ ਹਨ ਤਾਂ ਲੋਕਾਂ ਤੋਂ ਫ਼ਤਵਾ ਲੈ ਲੈਣ। ਜੇਕਰ ਉਨ੍ਹਾਂ ਸੱਚ ਮੁੱਚ ਚੰਗੇ ਕੰਮ ਕੀਤੇ ਹਨ ਤਾਂ ਲੋਕ ਉਨ੍ਹਾਂ ਨੂੰ ਮੁੜ ਚੁਣ ਲੈਣਗੇ ਨਹੀਂ ਤਾਂ ਨਵਿਆਂ ਨੂੰ ਮੌਕਾ ਦੇ ਦੇਣਗੇ। ਮੈਂ ਦੋਵਾਂ ਧਿਰਾਂ ਨੂੰ ਹੀ ਕਹਾਂਗਾ ਕਿ ਹਊਮੈ ਤੇ ਨਿੱਜੀ ਮੁਫ਼ਾਦ ਕਾਰਨ ਸੰਗਤ ਦਾ ਪੈਸਾ ਬਰਬਾਦ ਨਾ ਕਰੋ। ਇਹ ਵੀ ਦੁੱਖ ਦੀ ਗੱਲ ਹੈ ਕਿ ਲੋਕ ਆਪਣੀਆਂ ਬਿਜਨੈਸ ਤੇ ਪਰਿਵਾਰਕ ਕਿੜਾਂ ਵੀ ਗੁਰਦੁਆਰੇ ਦੀ ਆੜ ਵਿਚ ਕੱਢ ਰਹੇ ਹਨ। ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਨ੍ਹਾਂ ਅਖੌਤੀ ਆਗੂਆਂ ਨੂੰ ਪੁਛਿਆ ਜਾਵੇ ਕਿ ਉਹ ਕੰਮ-ਕਾਰ ਕੀ ਕਰਦੇ ਹਨ? ਸਾਹਮਣੇ ਦਿਸਦੇ ਵਿੱਤੀ ਸਾਧਨਾਂ ਦੇ ਮੁਕਾਬਲੇ ਉਹ ਸ਼ਾਨੋ-ਸ਼ੌਕਤ ਵਾਲੀਆਂ ਜ਼ਿੰਦਗੀਆਂ ਕਿਵੇਂ ਜੀਅ ਰਹੇ ਹਨ? ਬਾਬੇ ਨਾਨਕ ਨੇ ਭੂਮੀਏ ਦੀ ਸਰਾਂ ਵਿਚ ਜਾ ਕੇ ਇਹੋ ਸਵਾਲ ਕੀਤਾ ਸੀ ਕਿ ਭੂਮੀਆ ਸਰਾਂ ਲਈ ਪੈਸਾ ਕਿੱਥੋਂ ਆਉਂਦਾ ਹੈ?
ਕਾਨੂੰਨ ਝਗੜਾ ਮੁਕਾ ਸਕਦਾ ਹੈ ਪਰ ਪਿਆਰ ਤੇ ਇਤਫਾਕ ਨਹੀਂ ਪੈਦਾ ਕਰ ਸਕਦਾ। ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਸੰਗਤ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਨਿਰਪੱਖ ਸਿਆਣੇ ਤੇ ਦੋਵਾਂ ਧਿਰਾਂ ਨੂੰ ਪ੍ਰਵਾਨ ਸੱਜਣਾਂ ਦੀ ਨਿਗਰਾਨੀ ਵਿਚ ਗੁਰਮਤਿ ਦੇ ਅਨੁਸਾਰ ਸੰਗਤ ਦੇ ਭਲੇ ਵਾਲਾ ਰਾਹ ਅਪਨਾਇਆ ਜਾਣਾ ਚਾਹੀਦਾ ਹੈ।
ਸੰਗਤ ਇਹ ਜਾਣਨ ਦਾ ਹੱਕ ਰੱਖਦੀ ਹੈ ਕਿ ਪ੍ਰਬੰਧਕਾਂ ਨੇ ਗੁਰੂ ਘਰ ਜਾਂ ਸਿੱਖੀ ਦੀ ਬਿਹਤਰੀ ਲਈ ਤਨੋ, ਮਨੋ, ਧਨੋ ਕਿਹੜੀ ਸੇਵਾ ਕੀਤੀ ਹੈ? ਮੇਰੀ ਸੰਗਤ ਨੂੰ ਵੀ ਬੇਨਤੀ ਹੈ ਕਿ ਉਹ ਪਤਾ ਕਰਨ ਕਿ ਪਿਛਲੀ ਸਦੀ ਤੋਂ ਲੈ ਕੇ ਹੁਣ ਤੱਕ ਯੂਬਾ ਸਿਟੀ ਵਿਚ ਕਿਸ ਨੇ ਲੋਕ ਸੇਵਾ ਕੀਤੀ ਹੈ ਤੇ ਕਿਸ ਨੇ ਲੋਕ ਸੇਵਾ ਦੇ ਨਾਂ ‘ਤੇ ਠੱਗੀਆਂ ਮਾਰੀਆਂ ਹਨ। ਸੰਗਤ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜੇ ਲੋਕ ਉਨ੍ਹਾਂ ਦੇ ਬੱਚਿਆਂ ਲਈ ਰੋਲ ਮਾਡਲ ਬਣ ਸਕਦੇ ਹਨ? ਪਤਾ ਲੱਗਾ ਹੈ ਕਿ ਮੌਜੂਦਾ ਪ੍ਰਬੰਧਕੀ ਬੋਰਡ ਦੇ ਪੁਰਾਣੇ ਵਕੀਲ ਨੇ ਕਿਹਾ ਸੀ ਕਿ ਇਕ ਦਿਨ ਉਨ੍ਹਾਂ ਨੂੰ ਪ੍ਰਬੰਧਕੀ ਪਕੜ ਛੱਡਣੀ ਪੈਣੀ ਹੈ ਪਰ ਪ੍ਰਬੰਧਕਾਂ ਨੇ ਉਹ ਵਕੀਲ ਵੀ ਬਦਲ ਦਿੱਤਾ। ਸੰਗਤ ਨੂੰ ਅਪੀਲ ਹੈ ਕਿ ਬੋਰਡ ਉਪਰ ਦਬਾਓ ਪਾਇਆ ਜਾਵੇ ਕਿ ਇਹ ਨਿਜੀ ਮੁਫਾਦ ਦੀ ਥਾਂ ਸੰਗਤ ਦੇ ਭਲੇ ਨੂੰ ਸੋਚਦਿਆਂ ਕੰਮ ਕਰੇ। ਮੇਰੀ ਵੀ ਰੱਬ ਅੱਗੇ ਇਹੋ ਅਰਦਾਸ ਹੈ।
-ਹਰਨੇਕ ਸਿੰਘ, ਯੂਬਾ ਸਿਟੀ।
Leave a Reply