ਪ੍ਰਿੰ. ਸਰਵਣ ਸਿੰਘ
ਨਵਦੀਪ ਗਿੱਲ ਦੇ ਪਿੰਡ ਸ਼ਹਿਣੇ ਰਾਤ ਰਹੇ ਤਾਂ ਸਵੇਰੇ ਉਸੇ ਨੇ ਉਹ ਨਹਿਰੀ ਕੋਠੀ ਵਿਖਾਈ, ਜਿਥੇ ਗਾਰਗੀ ਦਾ ਜਨਮ ਹੋਇਆ ਸੀ। ਨਿੰਦਰ ਘੁਗਿਆਣਵੀ ਵੀ ਨਾਲ ਸੀ। ਅਸੀਂ ਕਾਫੀ ਦੇਰ ਉਸ ਕੋਠੀ ਦੇ ਅੰਦਰ-ਬਾਹਰ ਫਿਰਦੇ ਆਲਾ-ਦੁਆਲਾ ਨਿਹਾਰਦੇ ਰਹੇ। ਕੋਠੀ ਦਾ ਰਕਬਾ ਪੰਜ-ਸੱਤ ਏਕੜ ਦੇ ਕਰੀਬ ਹੈ, ਜਿਸ ਨੂੰ ਗਾਰਗੀ ਦੀ ਯਾਦਗਾਰ ਵਜੋਂ ਪਿਕਨਿਕ ਸਪਾਟ ਬਣਾਇਆ ਜਾ ਸਕਦੈ। ਨਾਲ ਨਹਿਰ ਵਗਦੀ ਹੈ, ਨੇੜੇ ਹੀ ਵੱਡੀ ਸੜਕ, ਝੂਮਦੇ ਰੁੱਖ, ਪੈਲੀਆਂ ਦੇ ਹੁਲ੍ਹਾਰੇ, ਕਮਾਦਾਂ ਦੀ ਮਿਠਾਸ, ਦਿਸਹੱਦਿਆਂ ਤਕ ਵਿਛੀ ਹਰਿਆਵਲ, ਸਰ੍ਹੋਂ ਦੇ ਪੀਲੇ ਫੁੱਲ, ਘੁਲਾੜੀਆਂ ਦੀ ਖੁਸ਼ਬੋ, ਕੋਲ ਵੱਸਦਾ ਪਿੰਡ ਸ਼ਹਿਣਾ, ਸ਼ਹਿਰੀ ਰੌਲੇ ਗੌਲੇ ਤੋਂ ਹਟਵਾਂ ਸ਼ਾਂਤਮਈ ਸਥਾਨ ਹੈ। ਜਿਵੇਂ ਕਸੌਲੀ ਖੁਸ਼ਵੰਤ ਸਿੰਘ ਦੀ ਯਾਦ ‘ਚ ਸਾਹਿਤਕ ਮੇਲਾ ਮਨਾਇਆ ਜਾਂਦੈ, ਤਿਵੇਂ ਇਸ ਉਜਾੜ ਪਈ ਨਹਿਰੀ ਕੋਠੀ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾ ਕੇ, ਮਨੋਰੰਜਨ ਦੇ ਸਾਧਨ ਸਿਰਜ ਕੇ, ਸਾਹਿਤਕ, ਨਾਟਕੀ ਤੇ ਹੋਰ ਜਸ਼ਨਾਂ ਦੇ ਮੇਲੇ ਮਨਾਏ ਜਾ ਸਕਦੇ ਹਨ।
ਬਲਵੰਤ ਗਾਰਗੀ ਦੇ ਪਿਤਾ ਦਾ ਨਾਂ ਸ਼ਿਵ ਚੰਦ ਤੇ ਮਾਤਾ ਦਾ ਨਾਂ ਪੁੰਨੀ ਸੀ। ਉਨ੍ਹੀਂ ਦਿਨੀਂ ਉਹਦਾ ਬਾਪ ਨਹਿਰੀ ਮਹਿਕਮੇ ਦਾ ਤਾਰ ਬਾਬੂ ਸੀ, ਜਿਸ ਕਰਕੇ ਆਪਣੇ ਪਰਿਵਾਰ ਨੂੰ ਬਠਿੰਡੇ ਤੋਂ ਸ਼ਹਿਣੇ ਲੈ ਆਇਆ ਸੀ। ਸ਼ਹਿਣਾ ਸਤਿਆਰਥੀ ਦੇ ਪਿੰਡ ਭਦੌੜ ਤੋਂ ਛੇ ਕੁ ਕਿਲੋਮੀਟਰ ਹੈ, ਜੋ ਬਰਨਾਲਾ ਕੋਟਕਪੂਰਾ ਸੜਕ ‘ਤੇ ਪੈਂਦੈ। ਗਾਰਗੀ ਦੇ ਜਨਮ ਵਾਲਾ ਕੁਆਟਰ ਅਜੇ ਵੀ ਡਿੱਗੀ ਢੱਠੀ ਹਾਲਤ ਵਿਚ ਮੌਜੂਦ ਹੈ, ਜੀਹਦੇ ਆਲੇ-ਦੁਆਲੇ ਝਾੜ ਬੂਟੇ ਉਗੇ ਹੋਏ ਹਨ।
ਗਾਰਗੀ ਨੇ ਲਿਖਿਆ ਹੈ, “ਮੇਰਾ ਬਚਪਨ ਨਹਿਰ ਦੇ ਕੰਢੇ ਇਕ ਰੇਤਲੇ ਪਿੰਡ ਵਿਚ ਗੁਜ਼ਰਿਆ। ਇਥੇ ਮੇਰੇ ਪਿਤਾ ਨਹਿਰ ਦੇ ਮਹਿਕਮੇ ਵਿਚ ਕਲਰਕ ਸਨ। ਸਾਡਾ ਨਿੱਕਾ ਜਿਹਾ ਘਰ ਪੱਕੀ ਇੱਟ ਦਾ ਕੁਆਟਰ ਸੀ। ਸਿਖਰ ਦੁਪਹਿਰੇ ਹਨੇਰੀ ਆਉਂਦੀ ਤਾਂ ਕੱਕੀ ਰੇਤ ਅਸਮਾਨ ਨੂੰ ਚੜ੍ਹ ਜਾਂਦੀ। ਮੈਂ ਜੁੱਤੇ ਨਹੀਂ ਸਾਂ ਪਾਉਂਦਾ, ਕਿਉਂਕਿ ਮੈਨੂੰ ਇਨ੍ਹਾਂ ਦੀ ਜਕੜ ਤੇ ਕੈਦ ਪਸੰਦ ਨਹੀਂ ਸੀ। ਮੇਰੇ ਹਾਣੀ ਜੱਟਾਂ ਤੇ ਜੁਲਾਹਿਆਂ ਦੇ ਮੁੰਡੇ ਵੀ ਨੰਗੇ ਪੈਰੀਂ ਘੁੰਮਦੇ। ਤਪਦੀ ਦੁਪਹਿਰ ਜਦੋਂ ਅਸੀਂ ਸਕੂਲ ਤੋਂ ਮੁੜਦੇ ਤਾਂ ਭੁੱਬਲ ਜਿਹੇ ਰੇਤੇ ਉਤੇ ਤੇਜ ਪੱਬਾਂ ਭਾਰ ਚਲਦੇ।
ਮੇਰੀ ਮਾਂ ਅਨਪੜ੍ਹ ਸੀ ਤੇ ਮਸਾਂ ਵੀਹ ਤੀਕ ਗਿਣਨ ਜਾਣਦੀ ਸੀ। ਘਰ ਵਿਚ ਕੋਈ ਕਿਤਾਬ ਨਹੀਂ ਸੀ। ਮੈਂ ਪਹਿਲੀ ਵਾਰ ਜਦੋਂ ਮੂਰਤਾਂ ਵਾਲੀ ਕਿਤਾਬ ਦੇਖੀ ਤਾਂ ਮੈਨੂੰ ਇਸ ਵਿਚ ਬੈਠੀ ਬਿੱਲੀ ਤੇ ਕੁੱਕੜ ਅਸਲੀ ਜਾਪੇ। ਮੈਂ ਕਿਤਾਬਾਂ ਤੋਂ ਘੱਟ ਹੀ ਪੜ੍ਹਿਆ। ਮੇਰੀ ਬਹੁਤੀ ਤਾਲੀਮ ਮੇਰੇ ਆਲੇ-ਦੁਆਲੇ ਦੇ ਲੋਕਾਂ ਤੋਂ ਹੋਈ। ਰਾਤ ਨੂੰ ਬਾਬਾ ਰੌਣਕ ਸਿੰਘ ਡਾਕੂਆਂ ਤੇ ਰਾਜ ਕੁਮਾਰੀਆਂ ਦੀਆਂ ਕਹਾਣੀਆਂ ਸੁਣਾਉਂਦਾ। ਚਰਖੇ ਕੱਤਦੀਆਂ ਤੀਵੀਆਂ ਗੀਤ ਗਾਉਂਦੀਆਂ। ਵਿਆਹ ਸ਼ਾਦੀ ਮੌਕੇ ਕਾਲੀ ਮਰਾਸਣ ਢੋਲਕੀ ਵਜਾਉਂਦੀ, ਨੱਚਦੀ ਹੋਈ ਗਾਉਂਦੀ ਤੇ ਕਿਸੇ ਦੀ ਮੌਤ ‘ਤੇ ਕੀਰਨੇ ਪਾ ਕੇ ਸਿਆਪਾ ਕਰਾਉਂਦੀ। ਸਭ ਤੋਂ ਵੱਧ ਸਿੱਖਿਆ ਮੈਂ ਆਪਣੀ ਮਾਂ ਤੋਂ ਲਈ, ਜਿਸ ਦੀਆਂ ਉਚੀਆਂ ਗਾਲ੍ਹਾਂ ਵਿਚ ਬਲਦੀਆਂ ਲਾਟਾਂ ਸਨ।
ਮੇਰੀ ਮਾਂ ਮੈਨੂੰ ਤੇ ਮੇਰੇ ਦੋ ਭਰਾਵਾਂ ਨੂੰ ਜਟਾਂ ਵਾਲੇ ਸਾਧ ਕੋਲ ਲੈ ਗਈ, ਜਿਸ ਦੇ ਬੁੱਲ੍ਹ ਕਾਲੇ ਤੇ ਮੱਥੇ ਉਤੇ ਤਿੰਨ ਸੰਧੂਰੀ ਲੀਕਾਂ ਸਨ। ਉਸ ਨੇ ਸਾਧ ਤੋਂ ਪੁੱਛਿਆ ਕਿ ਉਸ ਦੇ ਤਿੰਨਾਂ ਪੁੱਤਾਂ ਵਿਚੋਂ ਕਿਸ ਦੇ ਭਾਗਾਂ ਵਿਚ ਵਿਦਿਆ ਲਿਖੀ ਹੈ? ਸਾਧ ਨੇ ਸਾਡੇ ਤਿੰਨਾਂ ਵੱਲ ਨੀਝ ਲਾ ਕੇ ਦੇਖਿਆ, ਅੱਖਾਂ ਮੀਚੀਆਂ, ਮੰਤਰ ਪੜ੍ਹਿਆ, ਹਵਾ ਵਿਚ ਹੱਥ ਘੁਮਾਇਆ ਤੇ ਆਪਣੀ ਉਂਗਲ ਮੇਰੇ ਵੱਲ ਕੀਤੀ। ਬਸ ਇਸੇ ਨਾਲ ਮੇਰੇ ਭਵਿੱਖ ਦਾ ਫੈਸਲਾ ਹੋ ਗਿਆ। ਮੇਰੀ ਮਾਂ ਮੈਨੂੰ ਮਦਰੱਸੇ ਲੈ ਗਈ ਤੇ ਉਥੇ ਮਾਸਟਰਾਂ ਦੀਆਂ ਮਿੰਨਤਾਂ ਕਰਨ ਲੱਗੀ ਕਿ ਉਹ ਕੁਝ ਅੱਖਰ ਮੇਰੇ ਢਿੱਡ ਵਿਚ ਵੀ ਪਾ ਦੇਣ। ਮੈਂ ਸੱਤ ਸਾਲ ਦਾ ਸਾਂ, ਜਦੋਂ ਅਸੀਂ ਬਠਿੰਡੇ ਆ ਗਏ, ਸਾਡੇ ਜੱਦੀ ਘਰ।”
—
ਬਲਵੰਤ ਦਾ ਬਚਪਨ ਨਹਿਰ ਦੇ ਪਾਣੀ ਅਤੇ ਆਲੇ ਦੁਆਲੇ ਦੇ ਰੇਤਲੇ ਖੇਤਾਂ ਤੇ ਪੈਲੀਆਂ ਵਿਚ ਬੀਤਿਆ ਹੋਣ ਕਰਕੇ ਉਹਦੀਆਂ ਲਿਖਤਾਂ ਵਿਚ ਰੇਤੇ, ਹਨੇਰੀਆਂ, ਚਰ੍ਹੀਆਂ ਤੇ ਪਾਣੀਆਂ ਦਾ ਥਾਂ-ਥਾਂ ਵਰਣਨ ਹੈ। ਗਾਰਗੀ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਮੇਰੇ ਫੁੱਲ ਉਸ ਨਹਿਰ ਵਿਚ ਪਾਏ ਜਾਣ, ਜਿਥੇ ਮੈਂ ਬਚਪਨ ਵਿਚ ਖੇਡਦਾ ਰਿਹਾਂ। 22 ਅਪਰੈਲ 2003 ਨੂੰ ਮੁੰਬਈ ਵਿਚ ਉਹਦੀ ਮੌਤ ਹੋਈ ਤਾਂ ਸਸਕਾਰ ਦਿੱਲੀ ਵਿਚ ਕੀਤਾ ਗਿਆ ਤੇ ਫੁੱਲ ਬਠਿੰਡੇ ਨਹਿਰ ਵਿਚ ਪਾਏ ਗਏ।
ਗਾਰਗੀ ਬਚਪਨ ਦੇ ਕੁਝ ਸਾਲ ਸ਼ਹਿਣੇ ਰਹਿਣ ਪਿੱਛੋਂ ਬਠਿੰਡੇ ਆਪਣੇ ਜੱਦੀ ਘਰ ਚਲਾ ਗਿਆ ਸੀ, ਜਿਥੇ ਦਸਵੀਂ ਪਾਸ ਕਰਨ ਪਿੱਛੋਂ ਉਹ ਲਾਹੌਰ ਦੇ ਗੌਰਮਿੰਟ ਕਾਲਜ ਤੇ ਐਫ਼ ਸੀ. ਕਾਲਜ ਵਿਚ ਪੜ੍ਹਿਆ। ਉਥੇ ਉਸ ਨੇ ਅੰਗਰੇਜ਼ੀ ਤੇ ਪੋਲੀਟੀਕਲ ਸਾਇੰਸ ਦੀ ਐਮ. ਏ. ਕੀਤੀ। ਦੇਸ਼ ਵੰਡ ਪਿੱਛੋਂ ਉਹ ਦਿੱਲੀ ਆ ਗਿਆ, ਜਿਥੋਂ ਦੇਸ਼-ਵਿਦੇਸ਼ ਗਾਹੁੰਦਾ ਫਿਰਿਆ। ਕਦੇ ਏਸ਼ੀਆ, ਕਦੇ ਯੂਰਪ ਤੇ ਕਦੇ ਅਮਰੀਕਾ। ਉਨ੍ਹਾਂ ਦਾ ਜੱਦੀ ਘਰ ਬਠਿੰਡੇ ਦੇ ਇਤਿਹਾਸਕ ਕਿਲੇ ਕੋਲ ਸੀ, ਜਿਸ ਵਿਚ ਸਦੀਆਂ ਪਹਿਲਾਂ ਸੁਲਤਾਨ ਰਜ਼ੀਆ ਬੰਦੀ ਬਣਾਈ ਗਈ ਸੀ। ਪਿਛੋਂ ਗਾਰਗੀ ਨੇ ‘ਸੁਲਤਾਨ ਰਜ਼ੀਆ’ ਨਾਂ ਦਾ ਨਾਟਕ ਵੀ ਲਿਖਿਆ। ਕੱਚੀ ਉਮਰ ਦੇ ਗਿਣਵੇਂ ਸਾਲਾਂ ਵਿਚ ਉਸ ਨੇ ਕੰਜੂਸ ਬਾਣੀਏ ਵਾਂਗ ਪੰਜਾਬੀ ਸ਼ਬਦਾਂ ਦੀ ਜਿੰਨੀ ਵੱਡੀ ਪੂੰਜੀ ਮਾਲਵੇ ਦੇ ਉਸ ਇਲਾਕੇ ‘ਚੋਂ ਜੋੜੀ, ਉਹਦੀ ਖੱਟੀ ਉਹਨੇ ਸਾਰੀ ਉਮਰ ਖਾਧੀ।
ਉਹਦੀ ਬੇਬੇ ਪੁੰਨੀ ਕੋਰੀ ਅਣਪੜ੍ਹ ਸੀ, ਪਰ ਉਹਨੂੰ ਏਨੀ ਪੰਜਾਬੀ ਆਉਂਦੀ ਸੀ ਕਿ ਗਾਰਗੀ ਉਹਤੋਂ ਹੀ ਬੋਲੀ ਦੀਆਂ ਬਾਰੀਕੀਆਂ ਸਿੱਖ ਕੇ ਪੰਜਾਬੀ ਦਾ ਉਸਤਾਦ ਲਿਖਾਰੀ ਬਣਿਆ। ਜੇ ਉਹਦੀ ਬੇਬੇ ਜਿਉਂਦੀ ਹੁੰਦੀ ਤੇ ਦੇਖਦੀ ਕਿ ਉਹਦਾ ਪੁੱਤ ਅਨਪੜ੍ਹ ਮਾਂ ਤੋਂ ਪੰਜਾਬੀ ਸਿੱਖ ਕੇ ਕਿੰਨੀ ਚਤੁਰਾਈ ਤੇ ਚਲਾਕੀ ਨਾਲ ਚਲਦਾ ਕਿਥੋਂ ਦਾ ਕਿਥੇ ਪਹੁੰਚ ਗਿਆ ਤਾਂ ਉਹ ‘ਬਲੰਤ’ ਨੂੰ ‘ਚਲੰਤ’ ਕਹਿਣ ਵਿਚ ਮਾਣ ਮਹਿਸੂਸ ਕਰਦੀ!
—
ਗਾਰਗੀ ਦਾ ਜਨਮ 4 ਦਸੰਬਰ 1916 ਨੂੰ ਬਠਿੰਡੇ ਦੇ ਬਾਣੀਆ ਪਰਿਵਾਰ ਵਿਚ ਹੋਇਆ ਸੀ। ਉਹਦੀ ਪਤਨੀ ਜੀਨੀ ਉਸ ਤੋਂ 21 ਸਾਲ ਬਾਅਦ ਅਮਰੀਕਾ ਦੇ ਨੌਕਰੀ ਪੇਸ਼ਾ ਪਰਿਵਾਰ ਵਿਚ ਜੰਮੀ ਸੀ। ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਸੀ, ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਕੇ ਆਸ਼ਕਾਂ-ਮਾਸ਼ੂਕਾਂ ‘ਚ ਨਾਂ ਲਿਖਾ ਗਏ। ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਤਾਂ ਗਏ, ਪਰ ਆਸ਼ਕਾਂ-ਮਾਸ਼ੂਕਾਂ ‘ਚ ਨਾਂ ਨਹੀਂ ਲਿਖਾ ਸਕੇ। ਜੀਨੀ ਨਾਰ ਤੇ ਬਲਵੰਤ ਨਾਟਕਕਾਰ ਦਾ ਕਿੱਸਾ ਗਾਰਗੀ ਨੂੰ ਸਵੈ-ਜੀਵਨੀ ਨਾਵਲ ‘ਨੰਗੀ ਧੁੱਪ’ ਦੇ ਰੂਪ ਵਿਚ ਆਪ ਲਿਖਣਾ ਪਿਆ। ਗਾਰਗੀ ਹਰ ਗੱਲ ਨਾਟਕੀ ਅੰਦਾਜ਼ ਵਿਚ ਕਰਦਾ ਸੀ, ਇਸ਼ਕ ਵੀ ਤੇ ਤੋੜ ਵਿਛੋੜਾ ਵੀ।
ਸਿਆਟਲ ਵਿਚ ਜੀਨੀ ਨਾਲ ਮੇਲ ਹੋਣ ਸਮੇਂ ਗਾਰਗੀ ਪੰਜਾਹ ਸਾਲਾਂ ਦਾ ਸੀ, ਜੀਨੀ ਹੈਨਰੀ ਅਠਾਈ ਸਾਲਾਂ ਦੀ। ਕੁਦਰਤ ਦਾ ਕ੍ਰਿਸ਼ਮਾ ਵੇਖੋ, ਇਕ ਪਾਸੇ ਛਮਕ ਜਿਹੀ ਮੁਟਿਆਰ ਜੀਨੀ, ਦੂਜੇ ਪਾਸੇ ਉਮਰੋਂ ਢਲਿਆ ਢਿੱਡਲ ਗਾਰਗੀ। ਕੱਦ ਕਾਠ ਤੇ ਸ਼ਕਲੋਂ ਸੂਰਤੋਂ ਉਨ੍ਹਾਂ ਦਾ ਕੋਈ ਮੇਲ ਨਹੀਂ ਸੀ। ਗਾਰਗੀ ਦਾ ਕੱਦ ਸਵਾ ਪੰਜ ਫੁੱਟ ਸੀ, ਜੀਨੀ ਦਾ ਪੌਣੇ ਛੇ ਫੁੱਟ। ਗਾਰਗੀ ਸਾਂਵਲਾ ਸੀ, ਜੀਨੀ ਗੋਰੀ ਨਿਛੋਹ। ਗਾਰਗੀ ਦੇ ਨੈਣ-ਨਕਸ਼ ਮੋਟੇ-ਠੁੱਲ੍ਹੇ ਸਨ, ਜੀਨੀ ਦੇ ਤਿੱਖੇ-ਤਰਾਸ਼ਵੇਂ। ਕਹਿੰਦੇ ਹਨ, ਇਸ਼ਕ ਅੰਨ੍ਹਾ ਹੁੰਦਾ। ਅੰਨ੍ਹੇ ਇਸ਼ਕ ਵਿਚ ਉਨ੍ਹਾਂ ਨੇ ਸਿਆਟਲ ‘ਚ ਵਿਆਹ ਕਰਵਾ ਲਿਆ। ਕੁਝ ਸਾਲਾਂ ਪਿਛੋਂ ਵਿਆਹ ਟੁੱਟਿਆ ਤਾਂ ਗਾਰਗੀ ਨੇ ਲਿਖਿਆ, “ਜਦੋਂ ਮੈਂ ਜੀਨੀ ਨੂੰ ਸਿਆਟਲ ਵਿਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫਾਦਾਰ, ਤਿੰਨੇ ਵੇਗ-ਮੱਤੀਆਂ, ਤਿੰਨੇ ਕੌਲ-ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?”
ਗਾਰਗੀ ਨੇ ਜੀਨੀ ਦਾ ਹੁਸਨ ਇੰਜ ਬਿਆਨ ਕੀਤਾ, “ਉਸ ਦਾ ਹੁਸਨ ਇਸ ਤਰ੍ਹਾਂ ਸੀ, ਜਿਵੇਂ ਜਾਲੀਦਾਰ ਪਰਦੇ ਵਿਚੋਂ ਡੁੱਬਦੇ ਸੂਰਜ ਦੀ ਰੌਸ਼ਨੀ ਛਣ ਰਹੀ ਹੋਵੇ। ਲੰਮੀ, ਹੁਸੀਨ ਨਕਸ਼ਾਂ ਵਾਲੀ ਜੀਨੀ ਦੀਆਂ ਨੀਲੀਆਂ ਅੱਖਾਂ ਵਿਚ ਚਮਕ ਸੀ ਤੇ ਉਸ ਦੀਆਂ ਭਵਾਂ ਤੇ ਝਿੰਮਣੀਆਂ ਕੱਕੀਆਂ ਤੇ ਰੇਸ਼ਮੀ ਸਨ। ਉਸ ਦੇ ਸੁਨਹਿਰੇ ਲੰਮੇ ਵਾਲ ਆਬਸ਼ਾਰ ਵਾਂਗ ਡਿੱਗਦੇ ਸਨ। ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸੌ ਵਾਰ ਵਾਲਾਂ ਨੂੰ ਬੁਰਸ਼ ਨਾਲ ਵਾਹੁੰਦੀ, ਜਿਸ ਕਰਕੇ ਵਾਲਾਂ ਵਿਚੋਂ ਇਕ ਸੁਨਹਿਰੀ ਭਾਹ ਮਾਰਦੀ। ਉਸ ਦਾ ਚਿਹਰਾ ਨਰਮ ਸੀ ਤੇ ਇਸ ਵਿਚ ਅੱਲ੍ਹੜ ਕੰਬਣੀ ਸੀ-ਬਦਲੋਟੀ ਨੂੰ ਜਿਵੇਂ ਕੁਝ ਕਿਰਨਾਂ ਛੋਹ ਗਈਆਂ ਹੋਣ। ਉਸ ਦੀ ਮੁਸਕਰਾਹਟ ਜਿਵੇਂ ਧੁੱਪ ਵਿਚ ਦੁੱਧ ਡੁੱਲ੍ਹਿਆ ਹੋਵੇ…।”
ਕਈ ਪੁੱਛਦੇ ਹਨ, ਬਈ ਬਲਵੰਤ ਗਾਰਗੀ ਕੋਲ ਐਸੀ ਕਿਹੜੀ ਗਿੱਦੜਸਿੰਗੀ ਸੀ, ਜਿਸ ਨਾਲ ਅਮਰੀਕਾ ਦੀ ਲੰਮੀ ਲੰਝੀ ਮੁਟਿਆਰ ਬੁਢਾਪੇ ਵੱਲ ਵਧ ਰਹੇ ਉਸ ਦੇ ਲੜ ਲੱਗ ਗਈ? ਉਹ ਗਿੱਦੜਸਿੰਗੀ ਸੀ, ਉਸ ਦਾ ਵਾਸ਼ਿੰਗਟਨ ਯੂਨੀਵਰਸਿਟੀ, ਸਿਆਟਲ ਵਿਚ ਡਰਾਮੇ ਦਾ ਪ੍ਰੋਫੈਸਰ ਹੋਣਾ। ਉਹ ਨਾਟਕਕਾਰ ਹੋਣ ਦੇ ਨਾਲ ਨਾਲ ਤਕੜਾ ਡਰਾਮੇਬਾਜ਼ ਵੀ ਸੀ। ਡਰਾਮੇਬਾਜ਼ ਕੀ, ਉਹ ਸੀ ਹੀ ਡਰਾਮਾ! ਉਹ ਸੁਰਮਾ ਪਾਉਣਾ ਵੀ ਜਾਣਦਾ ਸੀ ਤੇ ਮਟਕਾਉਣਾ ਵੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਭੰਡੀ ਵੀ ਜਾਂਦਾ ਸੀ ਤੇ ਢਕਿਆ ਆਪਣੇ ਆਪ ਨੂੰ ਵੀ ਨਹੀਂ ਸੀ ਰਹਿਣ ਦਿੰਦਾ। ਉਸ ਨੇ ਆਪਣੇ ਬਾਰੇ ਲਿਖਿਆ, “ਮੈਂ ਗਾਰਗੀ ਨੂੰ ਬਹੁਤ ਨੇੜਿਓਂ ਜਾਣਦਾ ਹਾਂ। ਉਸ ਦੀਆਂ ਲਿਖਤਾਂ, ਉਸ ਦੇ ਝੂਠੇ ਵਾਅਦਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਹੈ। ਉਹ ਬਹੁਤ ਸਾਰੇ ਭੁਲੇਖਿਆਂ ਦਾ ਮਰਕਜ਼ ਹੈ। ਉਸ ਦੇ ਨਾਂ ਨੂੰ ਹੀ ਲਓ, ਗਾਰਗੀ! ਕਿੰਨਾ ਬੋਗਸ ਨਾਂ ਹੈ? ਕਿਸੇ ਕੁੜੀ ਦੀ ਨਕਲ ਜਾਪਦਾ ਹੈ।”
ਗਾਰਗੀ ਦਾ ਕੁਆਰਾ ਨਾਵਲ ‘ਕੱਕਾ ਰੱਤਾ’ ਤੇ ਨਾਟਕ ‘ਲੋਹਾ ਕੁੱਟ’ 1944 ‘ਚ ਪ੍ਰਕਾਸ਼ਿਤ ਹੋਏ। ‘ਨੰਗੀ ਧੁੱਪ’ 1980, ‘ਕਾਸ਼ਨੀ ਵਿਹੜਾ’ 1993 ਤੇ ‘ਜੂਠੀ ਰੋਟੀ’ 1997 ਵਿਚ ਛਪੇ। ਉਸ ਨੇ 1944 ਤੋਂ 1990 ਤਕ 13 ਨਾਟਕ ਅਤੇ 1951 ਤੋਂ 1982 ਤਕ 6 ਇਕਾਂਗੀ ਸੰਗ੍ਰਿਹ ਰਚੇ। ‘ਅਭਿਸਾਰਿਕਾ’ 1990 ਤੇ ਟੀ. ਵੀ. ਨਾਟਕ ‘ਐਕਟਰੈਸ’ 1991 ‘ਚ ਲਿਖੇ। ਰੇਖਾ ਚਿੱਤਰਾਂ ਦੀਆਂ ਪੰਜ ਪੁਸਤਕਾਂ- ‘ਨਿੰਮ ਦੇ ਪੱਤੇ’ 1961, ‘ਸੁਰਮੇ ਵਾਲੀ ਅੱਖ’ 1964, ‘ਕੌਡੀਆਂ ਵਾਲਾ ਸੱਪ’ 1980, ‘ਹੁਸੀਨ ਚਿਹਰੇ’ 1985 ਤੇ ‘ਸ਼ਰਬਤ ਦੀਆਂ ਘੁੱਟਾਂ’ 1990 ਵਿਚ ਛਪੀਆਂ। ਅਮਰੀਕਾ ਦਾ ਸਫਰਨਾਮਾ ‘ਪਤਾਲ ਦੀ ਧਰਤੀ’ ਤੇ ਕਹਾਣੀ ਸੰਗ੍ਰਿਹ ‘ਡੁੱਲ੍ਹੇ ਬੇਰ’ 1958 ਅਤੇ ‘ਕਾਲਾ ਅੰਬ’ ਤੇ ‘ਮਿਰਚਾਂ ਵਾਲਾ ਸਾਧ’ 1983 ਵਿਚ ਪ੍ਰਕਾਸ਼ਿਤ ਹੋਏ। ਖੋਜ ਪੁਸਤਕਾਂ- ‘ਰੰਗ ਮੰਚ’ 1962 ਤੇ ‘ਲੋਕ ਨਾਟਕ’ 1966 ਵਿਚ ਛਪੀਆਂ। ਉਸ ਦੇ ਨਾਟਕਾਂ ਦੇ ਨਾਂ ਹਨ-ਲੋਹਾ ਕੁੱਟ, ਧੂਣੀ ਦੀ ਅੱਗ, ਸੁਲਤਾਨ ਰਜ਼ੀਆ, ਕਣਕ ਦੀ ਬੱਲੀ, ਸੌਂਕਣ, ਮਿਰਜ਼ਾ ਸਾਹਿਬਾਂ, ਸੋਹਣੀ ਮਹੀਂਵਾਲ, ਗਗਨ ਮੈ ਥਾਲੁ, ਐਕਟਰੈਸ, ਬਲਦੇ ਟਿੱਬੇ ਤੇ ਅਭਿਸਾਰਿਕਾ। ਇਕਾਂਗੀ ਸੰਗ੍ਰਹਿ ਹਨ-ਕੁਆਰੀ ਟੀਸੀ, ਪੱਤਣ ਦੀ ਬੇੜੀ, ਪੈਂਤੜੇਬਾਜ਼, ਦੋ ਪਾਸੇ, ਚਾਕੂ ਤੇ ਐਕਟਰੈਸ। ‘ਬਲਵੰਤ ਗਾਰਗੀ ਦੇ ਨਾਟਕ’, ‘ਬਲਵੰਤ ਗਾਰਗੀ ਦੇ ਇਕਾਂਗੀ ਨਾਟਕ’ ਤੇ ‘ਬਲਵੰਤ ਗਾਰਗੀ ਦੀਆਂ ਕਹਾਣੀਆਂ’ ਦੇ ਸੰਗ੍ਰਿਹ ਵੀ ਮਿਲਦੇ ਹਨ।
ਉਸ ਨੇ ਸਾਰੀ ਉਮਰ ਡਰਾਮੇ ਕੀਤੇ ਤੇ ਡਰਾਮਿਆਂ ਦੀ ਖੱਟੀ ਖਾਧੀ। ਡਰਾਮਿਆਂ ਦੇ ਸਿਰ ‘ਤੇ ਕਰਜ਼ਨ ਰੋਡ, ਦਿੱਲੀ ਦੀ ‘ਕੋਠੀ’ ‘ਤੇ ਕਬਜ਼ਾ ਜਮਾਈ ਰੱਖਿਆ; ਸੋਹਣੀਆਂ ਕੁੜੀਆਂ ਦੀ ਸੰਗਤ ਕੀਤੀ, ਡਰਾਮਿਆਂ ਦੇ ਦੇਸੀ ਤੇ ਵਿਦੇਸ਼ੀ ਸ਼ੋਅ ਕੀਤੇ; ਦੁਨੀਆਂ ਭਰ ਦੀਆਂ ਸੈਰਾਂ ਕੀਤੀਆਂ, ਯੂਨੀਵਰਸਿਟੀਆਂ ਦਾ ਵਿਜ਼ਟਿੰਗ ਪ੍ਰੋਫੈਸਰ ਰਿਹਾ, ਅਕਾਦਮੀਆਂ ਦੇ ਅਵਾਰਡ ਲਏ; ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਥੀਏਟਰ ਵਿਭਾਗ ਦਾ ਮੋਢੀ ਪ੍ਰੋਫੈਸਰ ਬਣਿਆ; ਫਿਲਮੀ ਪਟਕਥਾਵਾਂ ਤੇ ਸੀਰੀਅਲਾਂ ਦਾ ਲੇਖਕ ਬਣ ਕੇ ਫਿਲਮਾਂ ਬਣਾਈਆਂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲੇ ‘ਚ ਪ੍ਰੋਫੈਸਰ ਆਫ ਐਮੀਨੈਂਸ ਦੀ ਪਦਵੀ ਹਾਸਲ ਕੀਤੀ। ਜੋ ਉਹਨੂੰ ਪੰਜਾਬੀ ਸਾਹਿਤ ਦਾ ਸਫਲ ਸੇਲਜ਼ਮੈਨ ਕਹਿੰਦੇ ਹਨ, ਉਹ ਵੀ ਸੱਚੇ ਹਨ, ਪਰ ਸੀ ਉਹ ਕਮਾਲ ਦਾ ਡਰਾਮੇਬਾਜ਼। ਡਰਾਮੇਬਾਜ਼ ਵੀ ਐਸਾ ਕਿ ਛੇਤੀ ਕੀਤਿਆਂ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੰਦਾ ਬਈ ਉਹ ਡਰਾਮੇਬਾਜ਼ੀ ਕਰ ਰਿਹੈ!
ਇਕ ਡਰਾਮਾ ਤਾਂ ਉਹ ਮੇਰੇ ਨਾਲ ਵੀ ਕਰਨ ਲੱਗਾ ਸੀ, ਪਰ ਮੈਂ ਉਹਦਾ ਪਾਤਰ ਨਾ ਬਣਿਆ। ਬਣ ਜਾਂਦਾ ਤਾਂ ਜਿਹੋ ਜਿਹੀ ਉਹਦੇ ਨਾਲ ਹੋਈ, ਉਹੋ ਜਿਹੀ ਮੇਰੇ ਨਾਲ ਹੋਣੀ ਸੀ। ਜਿਵੇਂ ਜੀਨੀ ਬਾਲ ਬੱਚਾ ਜੰਮ ਕੇ ਭੱਜ ਗਈ, ਭੱਜ ਮੇਰੇ ਵਾਲੀ ਨੇ ਵੀ ਜਾਣਾ ਸੀ। 1962 ਤੋਂ 1967 ਤਕ ਮੈਂ ਦਿੱਲੀ ਰਿਹਾ। ਗੱਲ 1963-64 ਦੀ ਹੈ। ਉਦੋਂ ਮੈਂ ਖਾਲਸਾ ਕਾਲਜ ਵਿਚ ਐਮ. ਏ. ਦਾ ਵਿਦਿਆਰਥੀ ਸਾਂ। ਗਾਰਗੀ ਦੀ ਖਸਤਾ ਕਰਾਰੀ ਸ਼ੈਲੀ ਦਾ ਕਾਇਲ ਹੋ ਚੁਕਾ ਸਾਂ। ਪੰਜਾਬੀ ਵਿਭਾਗ ਨੇ ਗਾਰਗੀ ਨੂੰ ਕਾਲਜ ਵਿਚ ਸੱਦਿਆ। ਉਥੇ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ। ਮੈਂ ਮਲਵਈ ਬੋਲਦਾ ਹੋਣ ਕਰਕੇ ਉਸ ਨੂੰ ਆਪਣੇ ਇਲਾਕੇ ਦਾ ਲੱਗਾ। ਫਿਰ ਉਹ ਸਿਆਟਲ ਦੀ ਯੂਨੀਵਰਸਿਟੀ ‘ਚ ਵਿਜ਼ਿਟਿੰਗ ਪ੍ਰੋਫੈਸਰ ਜਾ ਲੱਗਾ।
1966 ਵਿਚ ਗਾਰਗੀ ਨੇ ਸਿਆਟਲ ਤੋਂ ਮੁੜ ਕੇ ਆਪਣੇ ਵਿਆਹ ਦੀ ਖੁਸ਼ੀ ਸਾਂਝੀ ਕਰਨ ਲਈ ਕੁਝ ਲੇਖਕਾਂ ਨੂੰ ਹਰੀ ਸਿਆਹੀ ਨਾਲ ਲਿਖੇ ਸੱਦਾ ਪੱਤਰ ਭੇਜੇ। ਖਾਲਸਾ ਕਾਲਜ ਵਿਚ ਡਾ. ਹਰਿਭਜਨ ਸਿੰਘ ਦੇ ਨਾਲ ਮੈਨੂੰ ਵੀ ਸੱਦਾ ਆਇਆ। ਵਿਦਾ ਹੋਣ ਵੇਲੇ ਗਾਰਗੀ ਨੇ ਕਿਹਾ, “ਸਰਵਣ, ਤੂੰ ਮਲਵਈ ਐਂ, ਮਿਲਿਆ ਗਿਲਿਆ ਕਰ।”
ਅੰਨ੍ਹਾ ਕੀ ਭਾਲੇ ਦੋ ਅੱਖਾਂ! ਬਾਈ ਨੂੰ ਮਿਲਣ ਦੇ ਬਹਾਨੇ ਭਾਬੀ ਜੀਨੀ ਦੇ ਦਰਸ਼ਨ ਹੋਣ ਲੱਗੇ। ਭਾਬੀ ਕਦੇ ਕਦੇ ਉਦਾਸ ਦਿਸਦੀ। ਮੈਂ ਸੋਚਦਾ, ਇਨ੍ਹਾਂ ਦੀ ਉਮਰ ਹਾਣ ਪਰਵਾਣ ਦੀ ਨਹੀਂ, ਤਦੇ ਭਾਬੀ ਉਦਾਸ ਐ!
ਇਕ ਦਿਨ ਮੈਂ ਗਾਰਗੀ ਨੂੰ ਮਿਲਣ ਗਿਆ ਤਾਂ ਜੀਨੀ ਫਿਰ ਉਦਾਸ ਲੱਗੀ। ਨੀਲੀਆਂ ਅੱਖਾਂ, ਨਿੱਤਰੇ ਹੰਝੂ। ਗਾਰਗੀ ਨੇ ਦੱਸਿਆ ਕਿ ਇਹ ਪੇਕਿਆਂ ਨੂੰ ਓਦਰੀ ਹੋਈ ਐ। ਫਿਰ ਪਤਾ ਨਹੀਂ ਸੱਚੀਂ ਜਾਂ ਝੂਠੀਂ, ਕਹਿਣ ਲੱਗਾ, “ਆਖੇਂ ਤਾਂ ਤੈਨੂੰ ਸਾਲੀ ਦਾ ਸਾਕ ਲਿਆ ਦਿੰਨਾਂ। ਇਹ ਦੋ ਭੈਣਾਂ ਈ ਨੇ, ਭਰਾ ਕੋਈ ਨਹੀਂ। ਉਹਦਾ ਨਾਂ ਐ ਐਲਿਜ਼ਾਬੈਥ। ਜਮਾਂ ਇਹਦੇ ਵਰਗੀ। ਇਨ੍ਹਾਂ ਦੀ ਮਾਂ ਕਲਾਕਾਰ ਐ ਤੇ ਪਿਉ ਬੈਂਕ ਮੈਨੇਜਰ। ਤੂੰ ਹਾਂ ਕਰ। ਇਉਂ ਦੋਹਾਂ ਭੈਣਾਂ ਦਾ ਜੀਅ ਲੱਗਾ ਰਿਹਾ ਕਰੂ।”
ਗੱਲ ਉਹਦੀ ਮਲਵਈਆਂ ਵਾਲੀ ਸੀ। ਜੀਜੇ ਸਾਲੀਆਂ ਦੇ ਸਾਕ ਲਿਆਉਂਦੇ ਈ ਆਏ ਨੇ। ਮੇਰੇ ਲਈ ਇਹ ਪੇਸ਼ਕਸ਼ ਚਕਾਚੌਂਧ ਕਰਨ ਵਾਲੀ ਸੀ! ਮੈਂ ਨਾਢੂ ਖਾਂ ਗਾਰਗੀ ਦਾ ਸਾਂਢੂ ਬਣ ਸਕਦਾ ਸਾਂ, ਪਰ ਕਿਥੇ ਨਾਟਕਕਾਰ ਗਾਰਗੀ, ਕਿਥੇ ਮੇਰੇ ਵਰਗਾ ਜੱਟ ਬੂਟ? ਡਾ. ਹਰਿਭਜਨ ਸਿੰਘ ਤਾਂ ਮੈਨੂੰ ਬੁਲਾਉਂਦਾ ਹੀ ‘ਜੱਟਾ’ ਕਹਿ ਕੇ ਸੀ। ਗਾਰਗੀ ਦੀ ਗੱਲ ਮੈਨੂੰ ਮਖੌਲ ਲੱਗੀ। ਮੈਂ ਕਿਹਾ, “ਮੈਂ ਤਾਂ ਪਹਿਲਾਂ ਈ ਮੰਗਿਆ ਹੋਇਆਂ। ਉਨ੍ਹਾਂ ਨੂੰ ਕੀ ਜੁਆਬ ਦੇਊਂ? ਨਾਲੇ ਮੇਮ ਨਾਲ ਜੱਟਾਂ ਦੇ ਮੁੰਡੇ ਦੀ ਕਿਵੇਂ ਨਿਭੂ? ਉਹ ਤਾਂ ਮੈਨੂੰ ਅੱਧਵਿਚਾਲੇ ਈ ਛੱਡ ਕੇ ਭੱਜ-ਜੂ।”
ਗਾਰਗੀ ਮੁਸਕਰਾਇਆ, “ਨਹੀਂ ਭੱਜਦੀ। ਮੇਮਾਂ ਛੇਤੀ ਕੀਤੇ ਨ੍ਹੀਂ ਭੱਜਦੀਆਂ।”
ਮੈਂ ਮਚਲਾ ਬਣਦਿਆਂ ਕਿਹਾ, “ਮੈਨੂੰ ਥੋਡੇ ਵਾਂਗ ਇਸ਼ਕ ਕਰਨਾ ਨ੍ਹੀਂ ਆਉਂਦਾ। ਜਨਾਨੀ ਪੱਟਣੀ ਨ੍ਹੀਂ ਆਉਂਦੀ।”
ਗਾਰਗੀ ਕਹਿੰਦਾ, “ਜਦੋਂ ਵਿਆਹ ਹੋ ਗਿਆ, ਆਪੇ ਆ ਜੂ ਸਾਰਾ ਕੁਝ। ਤੂੰ ਹਾਂ ਕਰ।”
ਮੈਂ ਹਾਂ ਨਾ ਕੀਤੀ ਤੇ ਗਾਰਗੀ ਦਾ ਡਰਾਮਾ ਬਣਨੋਂ ਬਚ ਗਿਆ; ਪਰ ਗਾਰਗੀ ਆਪ ਨਾ ਬਚ ਸਕਿਆ। ਉਹ ਆਪਣੇ ਡਰਾਮੇ ਦਾ ਆਪ ਹੀ ਸ਼ਿਕਾਰ ਹੋ ਗਿਆ। ਜੀਨੀ ਦੋ ਬੱਚੇ ਜੰਮ ਕੇ ਅਮਰੀਕਾ ਭੱਜ ਗਈ।
ਮੈਂ ਤੇ ਮੇਰੀ ਪਤਨੀ 1990 ‘ਚ ਅਮਰੀਕਾ/ਕੈਨੇਡਾ ਦੀ ਸੈਰ ‘ਤੇ ਗਏ। ਬੇਕਰਜ਼ਫੀਲਡ ਤੋਂ ਵੈਨਕੂਵਰ ਨੂੰ ਜਾਂਦਿਆਂ ਜਦੋਂ ਅਸੀਂ ਸਿਆਟਲ ਵਿਚ ਦੀ ਲੰਘੇ ਤਾਂ ਮੈਂ ਪਤਨੀ ਨੂੰ ਕਿਹਾ, “ਜੇ ਮੈਂ ਗਾਰਗੀ ਦੀ ਗੱਲ ਮੰਨ ਲੈਂਦਾ ਤਾਂ ਆਹ ਮੇਰੇ ਸਹੁਰਿਆਂ ਦਾ ਸ਼ਹਿਰ ਹੋਣਾ ਸੀ ਤੇ ਤੂੰ ਭਾਗਵਾਨੇ ਪਤਾ ਨਹੀਂ ਕਿਹੜੇ ਘਰ ਨੂੰ ਭਾਗ ਲਾਉਣੇ ਸੀ?”
ਅਸੀਂ ਇਕ ਦੂਜੇ ਨੂੰ ਛੇੜਦੇ ਹੱਸਦੇ ਰਹੇ ਤੇ ਬਲਵੰਤ ਗਾਰਗੀ ਦੀਆਂ ਗੱਲਾਂ ਕਰਦੇ ਰਹੇ। ਉਸ ਸਫਰ ਦਾ ਪੂਰਾ ਹਾਲ ਮੈਂ ਆਪਣੇ ਸਫਰਨਾਮੇ ‘ਅੱਖੀਂ ਵੇਖ ਨਾ ਰੱਜੀਆਂ’ ਵਿਚ ਲਿਖਿਆ।
ਜਦੋਂ ਮੈਂ ਸਿਆਟਲ ਜਾਨਾਂ ਤਾਂ ਮੈਨੂੰ ਹਰ ਵਾਰ ਬਲਵੰਤ ਗਾਰਗੀ ਯਾਦ ਆ ਜਾਂਦੈ। ਸਿਆਟਲ ਜਾ ਕੇ ਜੀਨੀ ਵੀ ਯਾਦ ਆ ਜਾਂਦੀ ਹੈ ਤੇ ਉਹਦੀ ਭੈਣ ਐਲਿਜ਼ਾਬੈਥ ਹੈਨਰੀ ਵੀ। ਜਿਥੇ ਮੈਂ ਗਾਰਗੀ ਦਾ ਡਰਾਮਾ ਬਣਨੋਂ ਬਚ ਗਿਆ, ਉਥੇ ਐਲਿਜ਼ਾਬੈਥ ਹੈਨਰੀ ਵੀ ਐਲਿਜ਼ਾਬੈਥ ਸੰਧੂ ਬਣਨੋਂ ਬਚ ਗਈ!