ਸੰਗੀਤ ਦੀ ਕਰਾਮਾਤ

ਸੰਗੀਤ ਭਾਸ਼ਾ ਤੋਂ ਪਾਰ ਜਾਂਦਾ ਹੈ। ਵੱਖ-ਵੱਖ ਭਾਸ਼ਾਵਾਂ ਬੋਲਣ ਤੇ ਇਕ ਦੂਜੇ ਦੀ ਭਾਸ਼ਾ ਨਾ ਸਮਝਣ ਵਾਲੇ ਲੋਕ ਸੰਗੀਤ ਦੀ ਭਾਸ਼ਾ ਨੂੰ ਸਹਿਜੇ ਹੀ ਸਮਝ ਲੈਂਦੇ ਹਨ। ਤਾਨਸੈਨ, ਮੋਜ਼ਾਰਟ, ਬੀਥੋਵਨ, ਰਵੀਸ਼ੰਕਰ ਅਤੇ ਹਰ ਵੱਡੇ ਸੰਗੀਤਕਾਰ ਦੇ ਸੰਘਰਸ਼ ਦੀ ਗਾਥਾ ਵੱਖ ਵੱਖ ਹੈ। ਪੋਲੈਂਡ ਦੇ ਸੰਗੀਤਕਾਰ ਸ਼ਪੀਲਮਾਨ ਦਾ ਸੰਗੀਤ ਉਨ੍ਹਾਂ ਸਮਿਆਂ ਵਿਚ ਉਗਮਿਆ, ਜਦੋਂ ਨਾਜ਼ੀਵਾਦ ਸੰਸਾਰ ‘ਤੇ ਹਾਵੀ ਹੋ ਰਿਹਾ ਸੀ। ਬਲਤੇਜ ਨੇ ਆਪਣੇ ਇਸ ਲੇਖ ਵਿਚ ਸ਼ਪੀਲਮਾਨ ਦੇ ਜੀਵਨ ਅਤੇ ਸੰਗੀਤ ਦੀ ਤਾਕਤ ਦੀ ਕਥਾ ਬਿਆਨ ਕੀਤੀ ਹੈ।

-ਸੰਪਾਦਕ

ਬਲਤੇਜ
ਫੋਨ: +91-95018-97266

ਕੁਝ ਤਰੀਕਾਂ ਇਤਿਹਾਸ ਦੇ ਪੰਨਿਆਂ ‘ਚ ਵੀ ਦਰਜ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਮਨੁੱਖਤਾ ਦੀ ਮਹਾਨਤਾ ਅਤੇ ਕੁਝ ਉਸ ਦੀਆਂ ਬੇਵਕੂਫੀਆਂ ਦੀ ਗਵਾਹੀ ਭਰਦੀਆਂ ਹਨ। ਸਾਨੂੰ ਉਨ੍ਹਾਂ ਤਰੀਕਾਂ ਨੂੰ ਖਾਸ ਤੌਰ ‘ਤੇ ਯਾਦ ਕਰਨਾ ਚਾਹੀਦਾ ਹੈ, ਜਦੋਂ ਮਨੁੱਖਤਾ ਸ਼ਰਮਸਾਰ ਹੋਈ ਹੋਵੇ। ਕੁਝ ਅਜਿਹਾ ਹੀ ਪਹਿਲੀ ਸਤੰਬਰ 1939 ਨੂੰ ਵਾਪਰਿਆ।
ਪੋਲੈਂਡ ਲਈ ਸਤੰਬਰ ਖੂਬਸੂਰਤ ਪੱਤਝੜ ਲੈ ਕੇ ਬਹੁੜਦਾ ਹੈ, ਪਰ ਉਸ ਖੂਬਸੂਰਤੀ ਨੂੰ ਬਦਸੂਰਤੀ ਵਿਚ ਬਦਲਣ ਦੀਆਂ ਸਾਜ਼ਿਸ਼ਾਂ ਹੋ ਚੁਕੀਆਂ ਸਨ। ਪੋਲਿਸ਼ ਰੇਡੀਓ ‘ਤੇ 28 ਕੁ ਸਾਲਾਂ ਦਾ ਗੱਭਰੂ ਆਪਣੇ ਤਿੱਖੇ ਨੱਕ ਹੇਠੋਂ ਨਰਮ ਬੁੱਲ੍ਹਾਂ ‘ਚੋਂ ਨਿੰਮਾ-ਨਿੰਮਾ ਹੱਸਦਾ, ਪਿਆਨੋ ‘ਤੇ ‘ਸ਼ੋਪੀਨ’ ਦਾ ਸੰਗੀਤ ਵਜਾ ਰਿਹਾ ਸੀ। ਮਧੁਰ ਧੁਨਾਂ ਵਿਚ ਬੇਸੁਰੀਲੀ ਧਮਕ ਸੁਣਨ ਲੱਗੀ। ਵਾਰਸਾਅ ਉਤੇ ਹਿਟਲਰ ਦੀਆਂ ਫੌਜਾਂ ਚੜ੍ਹ ਆਈਆਂ ਸਨ। ਬਾਹਰ ਬੰਬ ਫਟਣ ਲੱਗੇ, ਪਰ ਪਿਆਨੋ ਵੱਜਣੋਂ ਨਾ ਹਟਿਆ। ਜਿਵੇਂ ਪਿਆਨੋ ਵਜਾਉਣ ਵਾਲਾ ਬੰਬਾਂ ਦਾ ਮੁਕਾਬਲਾ ਸੰਗੀਤ ਨਾਲ ਕਰਨਾ ਚਾਹੁੰਦਾ ਹੋਵੇ, ਪਰ ਹਥਿਆਰ ਵਕਤੀ ਤੌਰ ‘ਤੇ ਜੇਤੂ ਹੋ ਨਿਬੜੇ। ਰੇਡੀਓ ਸਟੇਸ਼ਨ ਦੇ ਬਾਹਰ ਬੰਬ ਫਟਿਆ। ਸਭ ਉਥੋਂ ਨਿਕਲ ਗਏ। ਪਿਆਨੋ ਦੀਆਂ ਕੁੰਜੀਆਂ ਉਸ ਮਗਰੋਂ ਲੰਮਾ ਚਿਰ ਉਨ੍ਹਾਂ ਨਰਮ ਹੱਥਾਂ ਦੀ ਛੋਹ ਨੂੰ ਉਡੀਕਦੀਆਂ ਰਹੀਆਂ।
ਪਿਆਨੋ ਵਜਾਉਣ ਵਾਲਾ ਉਹ ਗੱਭਰੂ ਵਲਾਦੀਸਲਾਅ ਸ਼ਪੀਲਮਾਨ ਸੀ। ਮੱਧ ਵਰਗੀ ਪਰਿਵਾਰ ‘ਚ ਜੰਮੇ ਸ਼ਪੀਲਮਾਨ ਦੇ ਮਾਂ-ਪਿਓ ਵੀ ਸੰਗੀਤਕਾਰ ਸਨ ਅਤੇ ਭਰਾ ਫਿਲਾਸਫੀ ਦਾ ਵਿਦਿਆਰਥੀ ਤੇ ਭੈਣ ਵਕੀਲ ਸੀ। ਇਸ ਮੱਧ ਵਰਗੀ ਪਰਿਵਾਰ ਤੋਂ ਇਕ ਜਨਮ ਜਾਤ ‘ਕੁਤਾਹੀ’ ਹੋਈ ਕਿ ਇਹ ਪਰਿਵਾਰ ਯਹੂਦੀ ਸੀ। ਹਿਟਲਰ ਦੀਆਂ ਫੌਜਾਂ ਨੇ ਵਾਰਸਾਅ ‘ਤੇ ਕਬਜ਼ੇ ਪਿਛੋਂ ਐਲਾਨ ਕੀਤਾ ਕਿ ਯਹੂਦੀ ਹੁਣ ਵੱਖਰਾ ਚਿੰਨ੍ਹ ਪਾ ਕੇ ਤੁਰਨ ਤਾਂ ਜੋ ਵੱਖਰੇ ਪਛਾਣੇ ਜਾ ਸਕਣ। ਯਹੂਦੀਆਂ ਨੂੰ ਉਨ੍ਹਾਂ ਦੇ ਆਪਣੇ ਸ਼ਹਿਰ ਦੀਆਂ ਸੜਕਾਂ ‘ਤੇ ਜ਼ਲੀਲ ਕੀਤਾ ਗਿਆ। ਆਮ ਪੋਲਿਸ਼ ਨਾਗਰਿਕਾਂ ਨਾਲੋਂ ਉਨ੍ਹਾਂ ਦੇ ਹੱਕ ਘਟਾ ਦਿੱਤੇ ਗਏ।
ਹੋਰ ਬਹੁਤ ਸਾਰੇ ਲੋਕਾਂ ਵਾਂਗ ਸ਼ਪੀਲਮਾਨ ਦੀ ਨੌਕਰੀ ਚਲੀ ਗਈ। ਜੰਗ ਤੋਂ ਪਹਿਲਾਂ ਉਹ ਚੰਗੇ ਪੈਸੇ ਕਮਾ ਰਿਹਾ ਸੀ। ਉਸ ਨੇ ਕਰੀਬ 25,000 ਜ਼ਲੋਤੀਸ਼ ਆਪਣਾ ਘਰ ਬਣਾਉਣ ਲਈ ਜੋੜੇ ਹੋਏ ਸਨ। ਸਰਕਾਰੀ ਫਰਮਾਨ ਨਿਕਲੇ ਕਿ ਕੋਈ ਯਹੂਦੀ ਪਰਿਵਾਰ 2,000 ਜ਼ਲੋਤੀਸ਼ ਤੋਂ ਵੱਧ ਰਕਮ ਆਪਣੇ ਘਰ ਨਹੀਂ ਰੱਖ ਸਕਦਾ। ਸ਼ਪੀਲਮਾਨ ਨੇ ਇਸ ਆਸ ਵਿਚ ਸਿਰਫ 500 ਜ਼ਲੋਤੀਸ਼ ਹੀ ਕਢਵਾਏ ਕਿ ਬਾਕੀ ਪੈਸੇ ਉਹ ਬਚਾ ਲਵੇਗਾ। ਇਹ ਵੱਖਰੀ ਗੱਲ ਹੈ ਕਿ ਬਾਕੀ ਰਕਮ ਬਾਰੇ ਮੁੜ ਉਹ ਰਹਿੰਦੀ ਜ਼ਿੰਦਗੀ ਤਕ ਸੋਚ ਵੀ ਨਾ ਸਕਿਆ।
ਐਲਾਨ ਹੋਇਆ ਕਿ ਯਹੂਦੀਆਂ ਨੂੰ ਸ਼ਹਿਰ ਦੇ ਵੱਖਰੇ ਹਿੱਸੇ ਵਿਚ ਇਕੱਠਿਆਂ ਰੱਖਿਆ ਜਾਵੇਗਾ। ‘ਗੈਟੋ’ (ਸ਼ਹਿਰ ਤੋਂ ਬਾਹਰ ਵਿਸ਼ੇਸ਼ ਤੌਰ ‘ਤੇ ਬਣਾਈਆਂ ਵੱਖਰੀਆਂ ਬਸਤੀਆਂ) ਵਿਚ ਸਾਰੇ ਯਹੂਦੀ ਇਕੱਠੇ ਕੀਤੇ ਗਏ। ਸ਼ਪੀਲਮਾਨ ਨੇ ਉਥੇ ਆਪਣੀ ਜਾਣ-ਪਛਾਣ ਦੇ ਮੱਧ ਵਰਗੀ ਲੋਕ ਦੋ ਰੋਟੀਆਂ ਲਈ ਸੜਕਾਂ ‘ਤੇ ਰੁਲਦੇ ਦੇਖੇ। ਉਹ ਕੁਝ ਸਮਾਂ ਆਪਣੇ ਭਰਾ ਨਾਲ ਮਿਲ ਕੇ ਕਿਤਾਬਾਂ ਵੇਚ ਕੇ ਪੈਸੇ ਕਮਾਉਣ ਬਾਰੇ ਸੋਚਦਾ ਰਿਹਾ। ਇਥੇ ਲੋਕਾਂ ਦੀਆਂ ਇੱਛਾਵਾਂ ਸੁੰਗੜ ਕੇ ਹੁਣ ਸਿਰਫ ਜਿਉਂਦੇ ਰਹਿਣ ਤਕ ਦੀਆਂ ਰਹਿ ਗਈਆਂ ਸਨ।
ਸ਼ਪੀਲਮਾਨ ਨੇ ਕੈਫੇ ਨੋਵੋਸ਼ੇਸਨਾ ਵਿਚ ਕੰਮ ਲੱਭ ਲਿਆ। ਉਥੇ ਉਚ ਘਰਾਣੇ ਦੇ ਯਹੂਦੀ ਅਫਸਰ ਆਉਂਦੇ। ਉਹ ਉਥੇ ਸਿਰਫ ਇਕ ਮਹੀਨਾ ਹੀ ਪਿਆਨੋ ਵਜਾ ਸਕਿਆ। ਹੋਇਆ ਇੰਜ ਕਿ ਇਕ ਦਿਨ ਸ਼ਪੀਲਮਾਨ ਨੂੰ ਇਕ ਸਰੋਤੇ ਨੇ ਦੋ ਕੁ ਮਿੰਟ ਸੰਗੀਤ ਰੋਕਣ ਨੂੰ ਕਿਹਾ ਤੇ ਆਪਣੀ ਜੇਬ੍ਹ ‘ਚੋਂ ਸੋਨੇ ਦਾ ਰੂਬਲ ਕੱਢ ਕੇ ਉਤਾਂਹ ਨੂੰ ਉਛਾਲਿਆ, ਫਿਰ ਆਪਣੀ ਜੁੰਡਲੀ ਸਮੇਤ ਮੇਜ ਨੂੰ ਕੰਨ ਲਾ ਲਿਆ। ਜਦ ਤਕ ਸਿੱਕਾ ਟੁਣਕਣੋਂ ਨਾ ਹਟਿਆ, ਉਹ ਸ਼ਾਂਤ ਰਹੇ। ਉਨ੍ਹਾਂ ਦੀਆਂ ਅੱਖਾਂ ਵਿਚ ਸਕੂਨਦੇਹ ਚੈਨ ਆਇਆ ਤੇ ਉਹ ਹਿੜ-ਹਿੜ ਕਰਦੇ ਸ਼ਪੀਲਮਾਨ ਨੂੰ ਮੁੜ ਸੰਗੀਤ ਵਜਾਉਣ ਲਈ ਕਹਿਣ ਲੱਗੇ। ਉਸ ਨੂੰ ਬੜੀ ਕੋਫਤ ਹੋਈ। ਉਨ੍ਹੀਂ ਦਿਨੀਂ ਸੰਗੀਤ ਦੀ ਇਹੋ ਕਦਰ ਸੀ। ਫਿਰ ਉਸ ਨੇ ਛੇ ਕੁ ਮਹੀਨੇ ਕੈਫੇ ਸੀਏਨਾ ਤੇ ਕੈਫੇ ਸ਼ਟੂਕਾ, ਜੋ ‘ਗੈਟੋ’ ਵਿਚ ਹੀ ਸਨ, ਵਿਚ ਨੌਕਰੀ ਕੀਤੀ। ਉਥੇ ਵੀ ਯਹੂਦੀ ਪੁਲਿਸ ਅਫਸਰ ਤੇ ਹੋਰ ਚੰਗੇ ਘਰਾਂ ਦੇ ਸਰੋਤੇ ਹੀ ਆਉਂਦੇ, ਪਰ ਸ਼ਪੀਲਮਾਨ ਨੂੰ ਇਨ੍ਹਾਂ ਯਹੂਦੀਆਂ ਨਾਲ ਆਪਣੀ ਕੋਈ ਸਾਂਝ ਨਾ ਲੱਗਦੀ।
ਇਕ ਵਾਰ ਸ਼ਪੀਲਮਾਨ ਦੇ ਫਿਲਾਸਫਰ ਭਰਾ ਨੂੰ ਕਿਤਾਬਾਂ ਵੇਚਦਿਆਂ ਯਹੂਦੀ ਪੁਲਿਸ ਨੇ ਫੜ ਲਿਆ। ਸ਼ਪੀਲਮਾਨ ਦੀ ਪੁਲਿਸ ਕਮਿਸ਼ਨਰ ਨਾਲ ਜਾਣ-ਪਛਾਣ ਸੀ, ਜਿਸ ਕਰਕੇ ਉਹ ਆਪਣੇ ਭਰਾ ਨੂੰ ਛੁਡਾ ਲਿਆਇਆ। ਜਦ ਉਹ ਆਪਣੇ ਭਰਾ ਨਾਲ ਥਾਣੇ ਤੋਂ ਪਰਤ ਰਿਹਾ ਸੀ ਤਾਂ ਉਸ ਦੇ ਭਰਾ ਨੇ ਉਸ ਨਾਲ ਹੱਥ ਮਿਲਾਉਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ “ਤੂੰ ਉਸ ਸੂਰ ਕੋਲ ਸਿਫਾਰਸ਼ ਕੀਤੀ।” ਇਹ ਉਹ ਨਫਰਤ ਸੀ, ਜਿਸ ਦੇ ਬੀਜ ਹਿਟਲਰ ਦੀਆਂ ਫੌਜਾਂ ਨੇ ਬੀਜੇ ਅਤੇ ਇਸ ਫਸਲ ਨੂੰ ਕੁਚਲਣ ਲਈ ਲੋਕ ਓਨੀ ਹੀ ਨਫਰਤ ਤੇ ਖਿਝ ਨਾਲ ਤਤਪਰ ਸਨ।
ਉਨ੍ਹੀਂ ਦਿਨੀਂ ਰੋਜ਼ ਸੜਕਾਂ ‘ਤੇ ਲਾਸ਼ਾਂ ਅਖਬਾਰਾਂ ਨਾਲ ਢਕੀਆਂ ਪਈਆਂ ਮਿਲਦੀਆਂ। ਉਦੋਂ ਹੀ ਇਕ ਬਿਹਤਰੀਨ ਪੇਂਟਰ ਰੋਮਨ ਕਰਾਮਸੀਟੀਕ ਪੋਲੈਂਡ ਘੁੰਮਣ ਆਇਆ ਹੋਇਆ ਸੀ। 22 ਜੁਲਾਈ ਨੂੰ ਫੁਰਮਾਨ ਆਇਆ ਕਿ ਲੋਕਾਂ ਨੂੰ ਹੁਣ ਕਿਤੇ ਹੋਰ ਭੇਜਿਆ ਜਾਣਾ ਹੈ। ਲੋਕਾਂ ਨੂੰ ਸੜਕਾਂ ‘ਤੇ ਮਾਰਚ ਕਰਵਾ ਕੇ ਫੌਜੀ ਟੁਕੜੀਆਂ ਦੀ ਦੇਖ-ਰੇਖ ‘ਚ ਲਿਜਾਇਆ ਜਾਂਦਾ। ਕਰਾਮਸੀਟੀਕ ਠਰ੍ਹੰਮੇ ਵਾਲਾ ਬੰਦਾ ਸੀ, ਸਰੀਰ ਦਾ ਥੋੜ੍ਹਾ ਭਾਰਾ ਵੀ ਸੀ, ਜਿਸ ਕਰਕੇ ਹੌਲੀ ਤੁਰਦਾ ਸੀ। ਪੁਲਿਸ ਨੇ ਬਸ ਉਸ ਨੂੰ ਇਸੇ ਲਈ ਗੋਲੀ ਮਾਰ ਦਿੱਤੀ।
ਲੋਕਾਂ ਨੂੰ ਹੁਣ ‘ਵੱਡੇ ਗੈਟੋ’ ਤੋਂ ‘ਛੋਟੇ ਗੈਟੋ’ ਵੱਲ ਲਿਜਾਇਆ ਗਿਆ। ਸ਼ਪੀਲਮਾਨ ਦਾ ਸਾਰਾ ਪਰਿਵਾਰ ਹੁਣ ਇਕ ਹੀ ਕਮਰੇ ਵਿਚ ਸੀ ਅਤੇ ਉਸ ਦਾ ਪਿਤਾ ਸਿਰਫ ਇਸੇ ਲਈ ਖੁਸ਼ ਸੀ ਕਿ ‘ਘੱਟੋ-ਘੱਟ ਆਪਾਂ ਇਕੱਠੇ ਤਾਂ ਹਾਂ।’ 16 ਅਗਸਤ ਨੂੰ ਜਰਮਨਾਂ ਨੇ ਸਾਰੇ ਲੋਕਾਂ ਨੂੰ ਇਕੋ ਥਾਂ ਸੱਦਿਆ ਅਤੇ ਉਮਰ ਤੇ ਸਰੀਰਾਂ ਦੇ ਹਿਸਾਬ ਨਾਲ ਦੋ ਹਿੱਸਿਆਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਇਉਂ ਉਸ ਦੇ ਪਿਤਾ ਦੀ ਇਕੋ-ਇਕ ਖੁਸ਼ੀ ਵੀ ਖੋਹ ਲਈ ਗਈ। ਇਕ ਹਿੱਸੇ ਵਿਚ ਸ਼ਪੀਲਮਾਨ ਤੇ ਉਸ ਦੇ ਮਾਂ-ਪਿਓ ਸਨ ਅਤੇ ਦੂਜੇ ਵਿਚ ਉਸ ਦੀ ਭੈਣ ਤੇ ਭਰਾ। ਪੁਲਿਸ ਲੋਕਾਂ ਨੂੰ ਵੱਖੋ-ਵੱਖਰੀਆਂ ਰੇਲ ਗੱਡੀਆਂ ਵਿਚ ਤੁੰਨ ਰਹੀ ਸੀ। ਇਕ ਵਿਚ ਉਹ ਲੋਕ ਸਨ, ਜਿਨ੍ਹਾਂ ਨੂੰ ਜਰਮਨ ਫੈਕਟਰੀ ਵਿਚ ਕੰਮ ਲਈ ਲਿਜਾਇਆ ਜਾ ਰਿਹਾ ਸੀ ਅਤੇ ਇਕ ਵਿਚ ਬਜੁਰਗ, ਕਮਜ਼ੋਰ ਨੌਜਵਾਨ ਤੇ ਬੱਚੇ ਸਨ।
ਜਦੋਂ ਸ਼ਪੀਲਮਾਨ ਭੀੜ ਵਿਚ ਰੇਲ ਗੱਡੀ ਵੱਲ ਜਾ ਰਿਹਾ ਸੀ ਤਾਂ ਉਥੇ ਖਲੋਤੇ ਇਕ ਪੁਲਿਸ ਵਾਲੇ ਨੇ ਸ਼ਪੀਲਮਾਨ ਨੂੰ ਪਛਾਣ ਲਿਆ ਅਤੇ ਭੀੜ ‘ਚੋਂ ਬਾਹਰ ਧੱਕ ਦਿੱਤਾ। ਉਥੋਂ ਨੱਠ ਕੇ ਸ਼ਪੀਲਮਾਨ ਦੀ ਮੁਸ਼ਕਿਲ ਹੋਰ ਵਧ ਗਈ। ਉਸ ਦੇ ਸਾਹਮਣੇ ਤਬਾਹ ਹੋਇਆ ਉਸ ਦਾ ਸ਼ਹਿਰ। ਖਾਲੀ ਜੇਬ੍ਹ ਤੇ ਅਵਾਰਾ ਉਹ ਆਪ ਸੀ।
ਇਕ ਪੁਰਾਣੇ ਜਾਣਕਾਰ ਕੈਫੇ ਮਾਲਕ ਜ਼ਰੀਏ ਉਸ ਨੂੰ ਇੱਟਾਂ ਸਾਫ ਕਰਨ ਦਾ ਕੰਮ ਮਿਲ ਗਿਆ। ਕੋਈ ਮਹੀਨਾ ਕੁ ਸਿਰਫ ਬਰੈਡ ਬਦਲੇ ਕੰਮ ਕੀਤਾ। ਫਿਰ ਉਸ ਨੇ ‘ਗੈਟੋ’ ਦੇ ਇਕ ਸਟੋਰ ਲਈ ਆਲੂ ਢੋਣ ਦਾ ਕੰਮ ਕੀਤਾ। ਆਲੂ ਦੀਆਂ ਬੋਰੀਆਂ ਵਿਚ ਉਹ ਜਰਮਨਾਂ ਖਿਲਾਫ ਲੜਨ ਲਈ ਤਿਆਰ ਹੋ ਰਹੀ ਗੁਪਤ ਫੌਜ ਵਾਸਤੇ ਬੰਦੂਕਾਂ ‘ਗੈਟੋ’ ਵਿਚ ਲਿਜਾਂਦਾ। ਸ਼ਪੀਲਮਾਨ ਭਾਰੇ ਕੰਮ ਕਰਨ ਦਾ ਆਦੀ ਨਹੀਂ ਸੀ, ਜਿਸ ਕਰਕੇ ਥੋੜ੍ਹੇ ਚਿਰ ਪਿਛੋਂ ਹੀ ਡਾਢਾ ਬਿਮਾਰ ਹੋ ਗਿਆ। ਸਟੋਰ ਦੇ ਕਾਰਿੰਦੇ ਨੇ ਉਸ ਨੂੰ ਇਕ ਵਰਕਸ਼ਾਪ ਵਿਚ ਲੁਕਣ ਦੀ ਥਾਂ ਦੇ ਦਿੱਤੀ, ਜਿਥੇ ਠੰਢ ਕਾਰਨ ਉਸ ਦੀ ਹਾਲਤ ਹੋਰ ਵਿਗੜਨ ਲੱਗੀ। ਜਨੀਨਾ ਬੋਗਿਓਕਾ ਉਸ ਲਈ ਭੋਜਨ ਦਾ ਪ੍ਰਬੰਧ ਕਰਦੀ ਰਹੀ ਤੇ ਉਹ ਉਥੇ ਕਰੀਬ ਦੋ ਕੁ ਹਫਤੇ ਰਿਹਾ।
ਇਸ ਪਿਛੋਂ ਸ਼ਪੀਲਮਾਨ ਦੀ ਬਿਲਕੁਲ ਨਵੀਂ ਤੇ ਲੁਕਵੀਂ ਜਿਹੀ ਜ਼ਿੰਦਗੀ ਸ਼ੁਰੂ ਹੋ ਗਈ। ਇਕ ਰਾਤ ਉਹ ਰੇਡੀਓ ਇੰਜੀਨੀਅਰ ਕੋਲ ਰਿਹਾ, ਉਥੋਂ ਉਹਨੂੰ ਲਵੀਸਕੀ ਆਪ ਖਤਰਾ ਸਹੇੜ ਕੇ ਆਪਣੇ ਨਾਲ ਲੈ ਗਿਆ। ਲਵੀਸਕੀ ਲੁਕਵੇਂ ਤੌਰ ‘ਤੇ ਕੰਮ ਕਰਦਾ ਸੀ। ਇਸ ਕਰਕੇ ਇਸ ਮਸਲੇ ਵਿਚ ਬਹਾਦਰ ਸੀ। ਉਹਨੇ ਸ਼ਪੀਲਮਾਨ ਨੂੰ ਆਪਣੇ ਸਟੂਡੀਓ ਵਿਚ ਰੱਖਿਆ ਤੇ ਆਪ ਇਹ ਹਦਾਇਤ ਦੇ ਕੇ ਚਲਾ ਗਿਆ ਕਿ ਕਿਸੇ ਕਿਸਮ ਦੀ ਅਜਿਹੀ ਹਰਕਤ ਨਾ ਕਰੇ, ਜਿਸ ਨਾਲ ਕਿਸੇ ਨੂੰ ਉਸ ਦੀ ਹੋਂਦ ਦਾ ਅਹਿਸਾਸ ਵੀ ਹੋਵੇ। ਸ਼ਪੀਲਮਾਨ ਹਰ ਰੋਜ਼ ਪਿਆਨੋ ਖੋਲ੍ਹਦਾ, ਉਸ ਦੀਆਂ ਕੁੰਜੀਆਂ ਨਿਹਾਰਦਾ ਤੇ ਬਿਨਾ ਉਨ੍ਹਾਂ ਨੂੰ ਛੂਹੇ ਹਵਾ ਵਿਚ ਉਂਗਲਾਂ ਹਿਲਾਉਂਦਾ ਆਪਣੇ ਮਨ ਅੰਦਰ ਹੀ ਸੰਗੀਤ ਵਜਾਉਂਦਾ।
ਸ਼ਪੀਲਮਾਨ ਕੋਲ ਕੋਈ ਕੰਮ ਨਹੀਂ ਸੀ। ਉਨ੍ਹੀਂ ਦਿਨੀਂ ਉਸ ਨੇ 1500 ਕਿਤਾਬਾਂ ਪੜ੍ਹ ਲਈਆਂ। ਨਿੱਘਾ ਜਿਹਾ ਮੌਸਮ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਅਚਾਨਕ ਲਵੀਸਕੀ ਉਥੇ ਘਬਰਾਇਆ ਹੋਇਆ ਆਇਆ ਤੇ ਕਹਿਣ ਲੱਗਾ, “ਨਾਜ਼ੀਆਂ ਦੀ ਖੁਫੀਆ ਪੁਲਿਸ ਮੈਨੂੰ ਲੱਭ ਰਹੀ ਹੈ। ਮੈਂ ਹੁਣ ਨਹੀਂ ਆਉਣਾ। ਤੂੰ ਰਹਿ ਸਕਦਾ ਏਂ, ਪਰ ਜੇ ਪੁਲਿਸ ਆਵੇ ਤਾਂ ਜਿਉਂਦਾ ਉਨ੍ਹਾਂ ਦੇ ਹੱਥ ਨਾ ਆਵੀਂ, ਖਿੜਕੀ ‘ਚੋਂ ਛਾਲ ਮਾਰ ਦੇਵੀਂ।” ਸ਼ਪੀਲਮਾਨ ਲਈ ਪੰਜਵੀਂ ਮੰਜ਼ਿਲ ਤੋਂ ਛਾਲ ਮਾਰਨਾ ਔਖਾ ਸੀ ਤਾਂ ਉਹਨੇ ਫਾਂਸੀ ਲੱਗਣ ਦਾ ਹੀ ਮਨ ਬਣਾਇਆ।
ਹੁਣ ਸ਼ਪੀਲਮਾਨ ਕੋਲ ਕੋਈ ਨਾ ਆਉਂਦਾ। ਤਿੰਨ ਹਫਤੇ ਉਹ ਭੁੱਖਣ ਭਾਣਾ ਸਿਰਫ ਪਾਣੀ ‘ਤੇ ਰਿਹਾ। ਸਬਜ਼ੀਆਂ ਨੂੰ ਉਹ ਬਸ ਖਿੜਕੀ ‘ਚੋਂ ਦੇਖ ਸਕਦਾ। ਪਤਾ ਨਹੀਂ ਕਿਉਂ, ਉਹ ਜਿਉਣ ‘ਤੇ ਇੰਨਾ ਉਤਾਰੂ ਸੀ। ਸ਼ਾਇਦ ਮਨੁੱਖ ਦਾ ਬਿਹਤਰ ਭਵਿਖ ਦਾ ਸੁਪਨਾ ਕੋਈ ਹਾਕਮ ਨਹੀਂ ਖੋਹ ਸਕਦਾ।
ਇਕ ਦਿਨ ਦਰਵਾਜੇ ‘ਤੇ ਖੜਾਕ ਹੋਇਆ। ਸ਼ਪੀਲਮਾਨ ਨੇ ਫਾਂਸੀ ਲੱਗਣ ਲਈ ਕੱਪੜੇ ਲੱਭ ਲਏ, ਪਰ ਇਹ ਲਵੀਸਕੀ ਦਾ ਭਰਾ ਸੀ, ਜੋ ਕਮਰੇ ਦੇ ਹਾਲਾਤ ਦੇਖਣ ਆਇਆ ਸੀ। ਉਹ ਕਿਸੇ ਨੂੰ ਭੇਜਣ ਦਾ ਵਾਅਦਾ ਕਰਕੇ ਚਲਾ ਗਿਆ। ਦਸ ਦਿਨ ਹੋਰ ਬੀਤੇ, ਉਥੇ ਕੋਈ ਨਾ ਆਇਆ। ਆਖਰ ਇਕ ਰੇਡੀਓ ਇੰਜੀਨੀਅਰ ਆਇਆ। ਉਹ ਪਹਿਲਾ ਬੰਦਾ ਸੀ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਮਦਦ ਕਰਨ ਆਇਆ ਨਹੀਂ, ਇਸ ਨੂੰ ਭੇਜਿਆ ਗਿਆ ਹੈ। ਸ਼ਪੀਲਮਾਨ ਨੇ ਖਾਣੇ ਦਾ ਪ੍ਰਬੰਧ ਕਰਨ ਬਦਲੇ ਉਸ ਨੂੰ ਘੜੀ ਦਿੱਤੀ।
ਹੁਣ ਸ਼ਪੀਲਮਾਨ ਨੇ ਉਥੋਂ ਜਾਣਾ ਚੰਗਾ ਸਮਝਿਆ ਤੇ ਆਪਣੇ ਹੱਡਲ ਮੂੰਹ ‘ਤੇ ਮਰੀਅਲ ਜਿਹੇ ਹੱਥਾਂ ਨਾਲ ਸ਼ੇਵ ਕਰਕੇ ਬਾਹਰ ਆ ਗਿਆ। ਪਤਾ ਨਹੀਂ ਕਿਉਂ, ਜਰਮਨਾਂ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹ ਕਿਸੇ ਵੀ ਪਾਸਿਓਂ ਸਾਧਾਰਨ ਨਹੀਂ ਸੀ ਲੱਗ ਰਿਹਾ। ਲੁਕਦਿਆਂ ਛੁਪਦਿਆਂ ਉਹਨੇ ਦਸ ਮਿੰਟ ਦਾ ਪਲਾਸਕਾ ਤੋਂ ਨਰਬੂਤਾ ਦਾ ਰਾਹ ਦੋ ਘੰਟੇ ਵਿਚ ਪਾਰ ਕੀਤਾ ਤੇ ਉਥੇ ਇਕ ਪੁਰਾਣੇ ਸਹਿਕਰਮੀ ਦੇ ਘਰ ਜਾਣ ਦੀ ਸੋਚੀ। ਉਸ ਦਾ ਜਾਣਕਾਰ ਉਥੇ ਆਪਣੀ ਸੱਸ ਅਤੇ ਪਤਨੀ ਨਾਲ ਨਿੱਕੇ ਜਿਹੇ ਫਲੈਟ ‘ਚ ਰਹਿੰਦਾ ਸੀ। ਸ਼ਪੀਲਮਾਨ ਨੇ ਬੂਹਾ ਖੜਕਾਇਆ ਤਾਂ ਬਜੁਰਗ ਔਰਤ ਘਰੇ ਇਕੱਲੀ ਸੀ। ਉਹ ਉਸ ਨੂੰ ਦੇਖ ਕੇ ਤ੍ਰਬਕ ਗਈ, ਉਸ ਦੇ ਭਾਅ ਦਾ ਕੋਈ ਨਰਕ ਦਾ ਦੂਤ ਆਇਆ ਹੋਵੇ, ਪਰ ਉਹਨੇ ਤਾਂ ਵੀ ਅੰਦਰ ਆਉਣ ਨੂੰ ਕਿਹਾ ਤੇ ਅੱਧੇ ਕੁ ਘੰਟੇ ਪਿਛੋਂ ਉਸ ਦਾ ਮਿੱਤਰ ਪਹੁੰਚ ਗਿਆ।
ਰੋਟੀ ਖਾਣ ਪਿਛੋਂ ਉਸ ਦੇ ਮਿੱਤਰ ਨੇ ਉਸ ਨੂੰ ਪੋਲੈਂਡ ਦਾ ਕੌਮੀ ਤਰਾਨਾ ਵਜਾਉਣ ਨੂੰ ਕਿਹਾ। ਉਥੇ ਨਿੱਕੇ ਜਿਹੇ ਫਲੈਟ ਵਿਚ ਜਿਵੇਂ ਕਿਵੇਂ ਰਾਤ ਕੱਟ ਕੇ ਸਵੇਰੇ ਉਨ੍ਹਾਂ ਨੇ ਜਾਵੋਰਸਕੀ ਨਾਂ ਦੇ ਬੰਦੇ ਨੂੰ ਸੱਦਿਆ। ਜਾਵੋਰਸਕੀ ਜੰਗ ਤੋਂ ਪਹਿਲਾਂ ਰੇਡੀਓ ਵਿਚ ਔਡੀਸ਼ਨ ਇੰਸਪੈਕਟਰ ਸੀ ਤੇ ਹੁਣ ਆਪਣੀ ਪਤਨੀ ਨਾਲ ਗੁਲਬੋਵਨਿਕਾ ਵਿਚ ਰਹਿੰਦਾ ਸੀ। ਉਸ ਦੀ ਪਤਨੀ ਬੜੀ ਖੁਸ਼ਮਿਜ਼ਾਜ, ਬਹਾਦਰ ਪੋਲਿਸ਼ ਔਰਤ ਸੀ। ਉਨ੍ਹੀਂ ਦਿਨੀਂ ਯਹੂਦੀਆਂ ਦੀ ਗੁਪਤ ਫੌਜ ਨੇ ‘ਗੈਟੋ’ ਦੀ ਇਕ ਇਮਾਰਤ ਵਿਚੋਂ ਬਾਹਰ ਤਾਇਨਾਤ ਜਰਮਨ ਫੌਜੀਆਂ ਖਿਲਾਫ ਹਥਿਆਰਬੰਦ ਘੋਲ ਸ਼ੁਰੂ ਕੀਤਾ। ਕੋਈ ਮਹੀਨਾ ਕੁ ਦੋਹਾਂ ਪਾਸਿਓਂ ਮੁਕਾਬਲੇ ਵਿਚ ਯਹੂਦੀ ਮਾਰੇ ਗਏ ਅਤੇ ਜਰਮਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਸ਼ਪੀਲਮਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੜਾ ਦੁਖੀ ਹੋਇਆ, ਪਰ ਜਾਵੋਰਸਕੀ ਦੀ ਪਤਨੀ ਨੂੰ ਇਸ ਗੱਲ ਦਾ ਮਾਣ ਸੀ ਕਿ ਯਹੂਦੀ ਸਵੈ-ਮਾਣ ਨਾਲ ਮਰੇ। ਉਸ ਨੂੰ ਆਸ ਸੀ ਕਿ ਹੁਣ ਬਾਕੀ ਪੋਲੈਂਡ ਦੇ ਲੋਕਾਂ ਵਿਚ ਵੀ ਲੜਨ ਦੀ ਪ੍ਰੇਰਨਾ ਆਵੇਗੀ। ਜਰਮਨ ਕਾਫੀ ਡਰ ਗਏ ਸਨ। ਉਨ੍ਹਾਂ ਮੁਸ਼ਤੈਦੀ ਹੋਰ ਵਧਾ ਦਿੱਤੀ। ਜਾਵੋਰਸਕੀ ਤੇ ਉਸ ਦੀ ਪਤਨੀ ਨੂੰ ਉਥੋਂ ਭੱਜਣਾ ਪਿਆ ਤੇ ਉਥੇ ਵੀ ਸ਼ਪੀਲਮਾਨ ਕੁਝ ਹੀ ਦਿਨ ਦਾ ਪ੍ਰਾਹੁਣਾ ਸੀ।
ਹੁਣ ਉਹ ਜਾਵੋਰਸਕੀ ਦੀ ਕਿਸੇ ਰਿਸ਼ਤੇਦਾਰ ਕੋਲ ਰਿਹਾ। ਉਥੇ ਸਿਰਫ ਇਕ ਕਮਰਾ, ਗੁਸਲਖਾਨਾ ਤੇ ਇਕ ਸਟੋਵ ਸੀ; ਪਖਾਨਾ ਉਥੇ ਨਹੀਂ ਸੀ। ਸ਼ਪੀਲਮਾਨ ਨੂੰ ਉਥੇ ਰਹਿਣ ਦੀ ਥਾਂ ਦੇਣ ਲਈ ਉਹ ਔਰਤ ਆਪਣੀ ਭੈਣ ਕੋਲ ਚਲੀ ਗਈ। ਇਥੇ ਉਸ ਕੋਲ ਭੋਜਨ ਸੀ, ਪਰ ਇਕ ਮੁਸ਼ਕਿਲ ਸੀ ਕਿ ਪਖਾਨਾ ਨਾ ਹੋਣ ਕਾਰਨ ਉਸ ਔਰਤ ਨੂੰ ਸ਼ਪੀਲਮਾਨ ਕੋਲ ਸਵੇਰੇ ਆਉਣਾ ਪੈਂਦਾ ਤੇ ਉਸ ਨੂੰ ਬਾਹਰ ਲਿਜਾਣਾ ਪੈਂਦਾ। ਆਖਰ ਪੱਕਾ ਹੱਲ ਇਹ ਕੱਢਿਆ ਕਿ ਸ਼ਪੀਲਮਾਨ ਆਪਣਾ ਮਲ ਸਟੋਵ ‘ਤੇ ਮਚਾ ਦਵੇ। ਦਿਨ, ਹਫਤੇ ਤਦ ਤਕ ਸਹੀ ਨਿਕਲੇ, ਜਦ ਤਕ ਉਸ ਨੂੰ ਕਿਸੇ ਬਿਮਾਰੀ ਨੇ ਨਹੀਂ ਆਣ ਘੇਰਿਆ। ਬੜੀ ਮੁਸ਼ਕਿਲ ਨਾਲ ਇਕ ਭਰੋਸੇਯੋਗ ਡਾਕਟਰ ਲੱਭਿਆ ਗਿਆ ਤਾਂ ਪਤਾ ਲੱਗਾ ਕਿ ਸ਼ਪੀਲਮਾਨ ਦਾ ਗੁਰਦਾ ਫੁੱਲ ਕੇ ਗੁਬਾਰਾ ਹੋ ਗਿਆ ਹੈ।
ਕੁਝ ਦਿਨ ਉਹ ਉਥੇ ਅਧਮਰਿਆ ਪਿਆ ਰਿਹਾ ਤੇ ਉਹੀ ਔਰਤ ਆਈ ਜਿਸ ਨੇ ਦੱਸਿਆ ਕਿ ਜਰਮਨ ਇਮਾਰਤਾਂ ਖਾਲੀ ਕਰਵਾ ਰਹੇ ਹਨ, ਅਸੀਂ ਹੁਣ ਨਹੀਂ ਆ ਸਕਾਂਗੇ। 13 ਤਰੀਕ ਨੂੰ ਜਰਮਨ ਇਮਾਰਤਾਂ ਨੂੰ ਅੱਗਾਂ ਲਾਉਣ ਲੱਗੇ। ਸ਼ਪੀਲਮਾਨ ਹੁਣ ਇਕ ਵੱਖਰੀ ਹੀ ਬੇਫਿਕਰੀ ਦੇ ਆਲਮ ਵਿਚ ਸੀ, ਜਿਸ ਵਿਚ ਮਨੁੱਖ ਦੀਆਂ ਸੱਭੇ ਆਸਾਂ ਧੁੰਦਲੀਆਂ ਹੋ ਰਹੀਆਂ ਹੋਣ। ਉਸ ਨੇ ਨੀਂਦ ਦੀਆਂ ਤੀਹ ਗੋਲੀਆਂ ਖਾਧੀਆਂ ਤੇ ਸੋਫੇ ‘ਤੇ ਲੇਟ ਗਿਆ। ਉਹ ਤਿੰਨ ਦਿਨ ਬੇਹੋਸ਼ੀ ਦੀ ਹਾਲਤ ਵਿਚ ਪਿਆ ਰਿਹਾ। ਜਦ ਉਹ ਉਠਿਆ ਤਾਂ ਇੰਜ ਉਠਿਆ ਜਿਵੇਂ ਮਰ ਕੇ ਭਸਮ ਹੋਏ ਨਰਕ ਵਿਚੋਂ ਉਠਿਆ ਹੋਵੇ। ਸਭ ਕੁਝ ਤਬਾਹ ਹੋਇਆ ਪਿਆ ਸੀ। ਇਕ ਵੀ ਇਮਾਰਤ ਸਲਾਮਤ ਨਹੀਂ ਸੀ। ਉਹ ਰੀਂਗਦਾ ਹੋਇਆ ਬਾਹਰ ਗਿਆ। ਸੜਕਾਂ ‘ਤੇ ਸਿਵਿਆਂ ਜਿਹੀ ਚੁੱਪ ਸੀ। ਉਹ ਕੋਈ ਤਿੰਨ ਚਾਰ ਕਿਲੋਮੀਟਰ ਰੀਂਗਿਆਂ ਤੇ ਖਾਲੀ ਪਈ ਫੌਜੀ ਕੰਟੀਨ ਦੇ ਪਿਛਲੇ ਪਾਸੇ ਚਲਾ ਗਿਆ। ਉਥੇ ਬੁਸਦਾ ਪਾਣੀ ਪੀਤਾ, ਕੂੜੇ ਦੇ ਢੇਰ ‘ਚੋਂ ਚੂਸੇ ਹੋਏ ਫਲਾਂ ਦੇ ਬੀਜ ਤੇ ਛਿਲਕੇ ਇਕੱਠੇ ਕਰਕੇ ਕਿਸੇ ਠਾਹਰ ਦੀ ਭਾਲ ਵਿਚ ਚਲਾ ਗਿਆ।
ਸ਼ਹਿਰ ਦੀਆਂ ਇਮਾਰਤਾਂ ਤੋਂ ਉਚੇ ਹੋਣ ਦਾ ਮਾਣ, ਸੜਕਾਂ ਤੋਂ ਉਨ੍ਹਾਂ ਦਾ ਨਾਮ ਤੇ ਲੋਕਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਸਭ ਕੁਝ ਖੋਹ ਲਿਆ ਗਿਆ ਸੀ। ਸ਼ਪੀਲਮਾਨ ਬੇਨਾਮੀ ਸੜਕ ਦੀ ਇਕ ਬੇਨਾਮੀ ਇਮਾਰਤ ਵਿਚ, ਜੋ ਬਾਕੀਆਂ ਨਾਲੋਂ ਥੋੜ੍ਹੀ ਸਲਾਮਤ ਸੀ, ਵਿਚ ਚਲਾ ਗਿਆ। ਉਥੇ ਉਹ ਆਪਣੇ ‘ਖਾਣੇ’ ਸਮੇਤ ਪੜਛੱਤੀ ਜਿਹੀ ਵਿਚ ਰਹਿਣ ਲੱਗਾ। ਸਿਆਲ ਸ਼ੁਰੂ ਹੋ ਚੁਕੇ ਸਨ। ਸ਼ਪੀਲਮਾਨ ਭੋਜਨ ਦੀ ਭਾਲ ਵਿਚ ਇਮਾਰਤ ਵਿਚ ਫਿਰ ਰਿਹਾ ਸੀ ਕਿ ਅਚਾਨਕ ਆਵਾਜ਼ ਆਈ, “ਹੱਥ ਉਤੇ।” ਲੰਮੇ ਕੱਦ ਤੇ ਫੁਰਤੀਲੇ ਹਾਵ-ਭਾਵਾਂ ਵਾਲਾ ਇਹ ਨੌਜਵਾਨ ਜਰਮਨ ਫੌਜ ਦਾ ਅਫਸਰ ਸੀ।
ਸ਼ਪੀਲਮਾਨ ਸਭ ਤਰ੍ਹਾਂ ਦੇ ਹਥਿਆਰ ਸੁੱਟ ਗਿਆ, ਜਿਉਣ ਦੀ ਆਸ ਵੀ। ਉਹ ਸਿਰਫ ਇੰਨਾ ਚਾਹੁੰਦਾ ਸੀ ਕਿ ਸੱਚ ਬੋਲ ਕੇ ਮਰਿਆ ਜਾਵੇ। ਜਰਮਨ ਨੇ ਠਰੰਮੇ ਨਾਲ ਉਸ ਦਾ ਨਾਮ ਅਤੇ ਕਿੱਤਾ ਪੁੱਛਿਆ। ਉਸ ਨੇ ਦੱਸਿਆ ਕਿ ਉਹ ਜੰਗ ਤੋਂ ਪਹਿਲਾਂ ਰੇਡੀਓ ਲਈ ਪਿਆਨੋ ਵਜਾਉਂਦਾ ਸੀ। ਅਫਸਰ ਉਸ ਨੂੰ ਉਥੇ ਇਮਾਰਤ ਦੇ ਖੰਡਰ ਜਿਹੇ ਕਮਰੇ ‘ਚ ਲੈ ਗਿਆ, ਜਿਥੇ ਸਿਰਫ ਪਿਆਨੋ ਹੀ ਸਲਾਮਤ ਸੀ ਅਤੇ ਉਸ ਨੂੰ ਪਿਆਨੋ ਵਜਾਉਣ ਨੂੰ ਕਿਹਾ। ਫਿਰ ਅਫਸਰ ਨੇ ਉਸ ਨੂੰ ਆਖਿਆ ਕਿ ਕਿਸੇ ਹੋਰ ਦੇ ਆਉਣ ‘ਤੇ ਉਹ ਭੱਜ ਜਾਵੇ।
ਅਰਸੇ ਪਿੱਛੋਂ ਇਨ੍ਹਾਂ ਅੱਖਾਂ ਨੇ ਪਿਆਨੋ ਦੀਆਂ ਕੁੰਜੀਆਂ ਨੂੰ ਦੇਖਣਾ ਸੀ। ਬੇਸਬਰ ਹੱਥਾਂ ਵਿਚ ਇਕਦਮ ਫੁਰਤੀ ਆਈ। ਬੜੇ ਹੀ ਪੇਸ਼ੇਵਰ ਢੰਗ ਨਾਲ ਉਸ ਨੇ ਕੁੰਜੀਆਂ ਨੂੰ ਛੁਹਿਆ ਤੇ ਹਵਾਦਾਰ ਖਿੜਕੀਆਂ ‘ਚੋਂ ‘ਸ਼ੋਪੀਨ’ ਦੇ ਸੰਗੀਤ ਦੀਆਂ ਧੁਨਾਂ ਬਾਹਰ ਜਾਣ ਲੱਗੀਆਂ। ਖਬਰੇ ਦੁਸ਼ਮਣ ਦੇ ਕੰਨ ਸੰਗੀਤ ਸੁਣਨ ਵਾਲੇ ਨਹੀਂ ਸਨ ਜਾਂ ਕੋਈ ਤੌਖਲਾ ਸੀ ਕਿ ਬਾਹਰ ਖੜ੍ਹੀ ਫੌਜੀ ਟੁਕੜੀ ‘ਚੋਂ ਕੋਈ ਅੰਦਰ ਨਾ ਆਇਆ। ਅਫਸਰ ਨੇ ਸ਼ਪੀਲਮਾਨ ਵੱਲ ਦੋਸਤੀਨੁਮਾ ਹੱਥ ਵਧਾਇਆ ਤੇ ਕਿਹਾ, “ਬੱਸ ਕੁਝ ਦਿਨ ਹੋਰ। ਅਸੀਂ ਜੰਗ ਹਾਰ ਰਹੇ ਹਾਂ, ਲਾਲ ਫੌਜ ਚੜ੍ਹਤ ‘ਤੇ ਹੈ।” ਉਸ ਪਿਛੋਂ ਤਿੰਨ ਕੁ ਵਾਰ ਉਹ ਸ਼ਪੀਲਮਾਨ ਕੋਲ ਆਇਆ ਤੇ ਭੋਜਨ, ਕੰਬਲ ਅਤੇ ਠੰਢ ਤੋਂ ਬਚਣ ਲਈ ਫੌਜੀ ਕੋਟ ਦੇ ਕੇ ਗਿਆ।
20-21 ਜਨਵਰੀ ਨੂੰ ਨਿਪੋਦਲੀਓਸਕੀ ਐਵੇਨਿਓ ਦੀਆਂ ਸੜਕਾਂ ਲੋਕਾਂ ਦੀ ਭੀੜ ਨਾਲ ਭਰੀਆਂ ਸਨ। ਪੋਲੈਂਡ ਦਾ ਕੌਮੀ ਤਰਾਨਾ ਵੱਜ ਰਿਹਾ ਸੀ। ਸ਼ਪੀਲਮਾਨ ਭੱਜ ਕੇ ਲਾਲ ਫੌਜ ਦੇ ਸਿਪਾਹੀ ਕੋਲ ਗਿਆ ਤੇ ਉਸ ਦੇ ਪਹਿਲੇ ਬੋਲ ਸਨ, “ਕੀ ਮੈਂ ਹੁਣ ਵਾਰਸਾਅ ਜਾ ਸਕਦਾ ਹਾਂ?” ਸਿਪਾਹੀਆਂ ਜਰਮਨ ਕੋਟ ਪਹਿਨਿਆ ਹੋਣ ਕਰਕੇ ਉਸ ਨੂੰ ਜਰਮਨ ਸਮਝ ਲਿਆ ਤੇ ਬੰਦੂਕਾਂ ਤਾਣ ਲਈਆਂ। ਸ਼ਪੀਲਮਾਨ ਨੇ ਆਪਣੇ ਸ਼ਹਿਰ, ਕੰਮ ਤੇ ਜਾਣਕਾਰਾਂ ਦੇ ਕਈ ਹਵਾਲਿਆਂ ਨਾਲ ਆਪਣੇ ਪੋਲਿਸ਼ ਹੋਣ ਦਾ ਯਕੀਨ ਦਿਵਾਇਆ। ਲਾਲ ਫੌਜ ਨੇ ਪੂਰੇ ਸ਼ਹਿਰ ਵਿਚ ਮਾਰਚ ਕਰਕੇ ਬਹਾਲੀ ਦਾ ਸੰਕੇਤ ਦਿੱਤਾ। ਸ਼ਪੀਲਮਾਨ ਨੂੰ ਇਹ ਬਹਾਲੀ ਨਾਲੋਂ ਬਹੁਤਾ ਪੁਨਰ ਜਨਮ ਲੱਗ ਰਿਹਾ ਸੀ। ਇੰਜ ਦਾ ਜਨਮ, ਜੋ ਅਨਾਥ ਨਿਆਣਿਆਂ ਦਾ ਹੁੰਦਾ ਹੈ।
ਪੋਲੈਂਡ ਦੀ ਉਸ ਸਮੇਂ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਇਹ ਖੰਡਰ ਹੁਣ ਮੁੜ ਕਦੇ ਨਹੀਂ ਵੱਸਣਾ, ਇਥੇ ਰੇਡੀਓ ਤੇ ਪਿਆਨੋ ਹੁਣ ਕਿਸੇ ਨਹੀਂ ਸੁਣਨਾ, ਪਰ ਸਮਾਂ ਲੰਘਿਆ ਤੇ ਸ਼ਪੀਲਮਾਨ ਨੇ ਉਸ ਪਿਛੋਂ ਕਈ ਨਾਮੀ ਫਿਲਮਾਂ ਵਿਚ ਸੰਗੀਤ ਦਿੱਤਾ, ਰੇਡੀਓ ਵਿਚ ਮੁੜ ਨੌਕਰੀ ਸ਼ੁਰੂ ਕੀਤੀ ਅਤੇ 6 ਜੁਲਾਈ 2000 ਤਕ ਜੀਵਿਆ।
ਕਦੇ ਕਦੇ ਖਿਆਲ ਆਉਂਦਾ ਹੈ ਕਿ ਸ਼ਪੀਲਮਾਨ ਹੋਰ ਯਹੂਦੀਆਂ ਜਾਂ ਲੜਾਕਿਆਂ ਵਾਂਗ ਮਰਿਆ ਕਿਉਂ ਨਹੀਂ? ਜਦੋਂਕਿ ਉਸ ਦੇ ਸੰਪਰਕ ਵਿਚ ਗੁਪਤ ਤੌਰ ‘ਤੇ ਕੰਮ ਕਰਨ ਵਾਲੇ ਕਈ ਲੋਕ ਆਏ ਤੇ ਇੰਨੇ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਜੋਖਮ ਵਿਚ ਪਾ ਕੇ ਉਸ ਨੂੰ ਕਿਉਂ ਸਾਂਭਿਆ? ਫਿਰ ਲੱਗਦਾ ਹੈ ਕਿ ਸ਼ਾਇਦ ਲੋਕਾਂ ਦੀ ਬਿਹਤਰ ਭਵਿਖ ਦੀ ਇੱਛਾ ਹੋਰ ਪ੍ਰਬਲ ਹੋਈ ਹੋਵੇ ਤੇ ਉਹ ਇਹ ਸੋਚ ਕੇ ਸ਼ਪੀਲਮਾਨ ਦੀ ਮਦਦ ਕਰਦੇ ਰਹੇ ਹੋਣ ਕਿ ਉਸ ਸਮੇਂ ਦੀਆਂ ਖੌਫਨਾਕ ਸੱਚਾਈਆਂ ਦਾ ਕੋਈ ਗਵਾਹ ਜਿਉਂਦਾ ਰਹਿਣਾ ਚਾਹੀਦਾ ਹੈ!