ਕੁਲਵੰਤ ਸਿੰਘ ਸਹੋਤਾ
ਫੋਨ: 604-589-5919
ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ ਭੁੱਲੇ ਭਟਕੇ, ਕਰਮ ਕਾਂਡ ‘ਚ ਗ੍ਰਸੇ, ਵਹਿਮਾਂ-ਭਰਮਾਂ ‘ਚ ਫਸੇ ਅਤੇ ਮਨ ਦੇ ਹਨੇਰਿਆਂ ‘ਚ ਕੈਦ ਲੋਕਾਂ ਨੂੰ ਸਿੱਧਾ ਰਾਹ ਦਰਸਾਉਣ ਲਈ ਹੀ ਲਾਇਆ। ਉਹ ਇੱਕ ਥਾਂ ਟਿਕ ਕੇ ਨਹੀਂ ਬੈਠੇ। ਮਨੁੱਖਤਾ ਨੂੰ ਸਮਾਜਕ, ਧਾਰਮਿਕ ਜਕੜ ‘ਚੋਂ ਕੱਢਦੇ, ਬਾਣੀ ਉਚਾਰਦੇ, ਲੋਕਾਈ ਨੂੰ ਸੇਧ ਦਿੰਦੇ ਸਾਰੀ ਜ਼ਿੰਦਗੀ ਚਲ ਸੋ ਚੱਲ ‘ਚ ਹੀ ਬਤੀਤ ਕੀਤੀ। ਚਾਰ ਉਦਾਸੀਆਂ ਉਨ੍ਹਾਂ ਸਮਿਆਂ ‘ਚ ਆਪਣੇ ਆਪ ‘ਚ ਇਕ ਮਿਸਾਲ ਹਨ ਕਿ ਕਿਸ ਤਰ੍ਹਾਂ ਹਜ਼ਾਰਾਂ ਕੋਹਾਂ ਦਾ ਪੈਂਡਾ ਪੈਦਲ ਤੈਅ ਕੀਤਾ। ਅੱਜ ਕੱਲ ਵਾਂਗ ਗੱਡੀਆਂ ਮੋਟਰਾਂ ਦੀ ਕੋਈ ਸੁਵਿਧਾ ਨਹੀਂ ਸੀ। ਹਰ ਥਾਂ, ਹਰ ਇਲਾਕੇ ਦਾ ਨਵਾਂ ਵਾਤਾਵਰਣ, ਨਵਾਂ ਰਹਿਣ ਸਹਿਣ ਤੇ ਨਵੀਆਂ ਹੀ ਵਿਚਾਰ ਵਿਧੀਆਂ ਦੇ ਸਨਮੁੱਖ ਆਪਣੀ ਅਧਿਆਤਮਕ ਵਿਚਾਰ ਗੋਸ਼ਟੀ ਨਾਲ ਕਿਵੇਂ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਵੀ ਕੀਲ ਕੇ ਰੱਖ ਲਿਆ।
ਗੁਰੂ ਨਾਨਕ ਸਾਹਿਬ ਨਾ ਹਿੰਦੂ ਧਰਮ ਦੇ ਵਿਰੋਧੀ ਸਨ ਤੇ ਨਾ ਹੀ ਇਸਲਾਮ ਦੇ ਪੈਰੋਕਾਰ। ਉਸ ਸਮੇਂ ਇਨ੍ਹਾਂ ਦੋਹਾਂ ਹੀ ਧਰਮਾਂ ‘ਚ ਆ ਚੁਕੀਆਂ ਊਣਤਾਈਆਂ, ਕਮਜ਼ੋਰੀਆਂ ਤੇ ਗਿਰਾਵਟਾਂ ਤੋਂ ਆਮ ਲੋਕਾਂ ਨੂੰ ਚੌਕੰਨਾ ਕਰਨ ਲਈ ਗੁਰਬਾਣੀ ਵਿਚ ਵਿਅੰਗਮਈ ਤਰੀਕੇ ਨਾਲ ਇਨ੍ਹਾਂ ਤਰੁਟੀਆਂ ਦੇ ਪਾਜ ਉਧੇੜੇ। ਗੁਰੂ ਸਾਹਿਬ ਕਿਸੇ ਇੱਕਾ ਦੁੱਕਾ ਬੰਦੇ ਦੇ ਜਾਂ ਕਿਸੇ ਖਾਸ ਧਰਮ ਦੇ ਖਿਲਾਫ ਨਹੀਂ ਸਨ, ਸਗੋਂ ਪਖੰਡ ਦੇ ਖਿਲਾਫ ਸਨ। ਜਪੁਜੀ ਸਾਹਿਬ, ਆਸਾ ਦੀ ਵਾਰ ਸਮੇਤ ਗੁਰੂ ਨਾਨਕ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਬਾਣੀ ਪੜ੍ਹ ਕੇ ਜ਼ਰਾ ਧਿਆਨ ਨਾਲ ਸੋਚੀਏ ਤਾਂ ਇਹ ਇੱਕ ਬੜੇ ਸੁਚੇਤ ਤਰੀਕੇ ਨਾਲ ਆਲੇ ਦੁਆਲੇ ਦਾ ਹੀ ਵਰਣਨ ਹੈ। ਉਸ ਸਮੇਂ ਦਾ ਅੱਖੀਂ ਡਿੱਠਾ ਦ੍ਰਿਸ਼ਟਾਂਤ ਹੈ ਕਿ ਇਨਸਾਨ ਬਾਹਰੋਂ ਪਾਜ ਕੋਈ ਕਰਦਾ ਹੈ ਤੇ ਅੰਦਰੋਂ ਕੁਝ ਹੋਰ ਹੈ; ਜੋ ਬਾਹਰੋਂ ਪ੍ਰਚਾਰ ਕਰਦਾ ਹੈ, ਉਹ ਉਸ ਦੀ ਆਪਣੀ ਜ਼ਿੰਦਗੀ ਦਾ ਅਮਲ ਨਹੀਂ, ਇਸੇ ਕਰਕੇ ਉਨ੍ਹਾਂ ਅਜਿਹੀਆਂ ਕੁਰੀਤੀਆਂ ਨੂੰ ਰੱਜ ਕੇ ਭੰਡਿਆ ਤੇ ਨਿਖੇੜਿਆ। ਬਾਣੀ ‘ਚ ਪਖੰਡ ਦੇ ਨਿੱਡਰ ਹੋ ਕੇ ਪਾੜਛੇ ਲਾਹੇ। ਅਜਿਹਾ ਸਭ ਕੁਝ ਗੁਰੂ ਸਾਹਿਬ ਦੀ ਬਾਣੀ ਵਿਚ ਥਾਂ ਥਾਂ ਦਰਜ ਹੈ।
ਸਿੱਖ ਜਗਤ ਨੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਤੇ ਮਨਾ ਰਿਹਾ ਹੈ, ਪਰ ਜੇ ਅਸੀਂ ਗੁਰੂ ਸਾਹਿਬ ਦੀ ਤੋਰੀ ਲੀਹ ‘ਤੇ ਚੱਲੀਏ ਹੀ ਨਾ, ਬਾਣੀ ‘ਚ ਉਨ੍ਹਾਂ ਵਲੋਂ ਦਰਸਾਈਆਂ ਸੇਧਾਂ ‘ਤੇ ਤੁਰੀਏ ਹੀ ਨਾ; ਉਨ੍ਹਾਂ ਦੀਆਂ ਹਦਾਇਤਾਂ ਵਲ ਉਕਾ ਹੀ ਧਿਆਨ ਨਾ ਦੇਈਏ ਤੇ ਅਵੇਸਲੇ ਹੋਏ ਰਹੀਏ ਤਾਂ ਫਿਰ ਇਕੱਲਾ ਪ੍ਰਕਾਸ਼ ਪੁਰਬ ਮਨਾਉਣ ਦੇ ਪ੍ਰਚਾਰ ਨਾਲ ਤਾਂ ਗੱਲ ਨਹੀਂ ਬਣਨੀ!
ਗੁਰੂ ਸਾਹਿਬ ਨੇ ਰੋਜ਼ਾਨਾ ਜੀਵਨ ਜਿਉਣ ਲਈ ਕੁਝ ਹਦਾਇਤਾਂ ਕੀਤੀਆਂ ਹਨ। ਕੀ ਅਸੀਂ ਸੱਚ ਮੁੱਚ ਉਨ੍ਹਾਂ ‘ਤੇ ਪਹਿਰਾ ਦਿੰਦੇ ਆ ਰਹੇ ਹਾਂ? ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਗੁਰੂ ਸਾਹਿਬ ਦੇ ਉਪਦੇਸ਼ ‘ਤੇ ਰੋਜ਼ਾਨਾ ਕਿੰਨਾ ਕੁ ਅਮਲ ਕਰਦੇ ਹਾਂ? ਕਿਤੇ ਸਾਡੀ ਬਿਰਤੀ ਇੱਥੇ ਹੀ ਤਾਂ ਨਹੀਂ ਉਲਝ ਗਈ ਕਿ ਕਿਸੇ ਦਾ ਹੱਕ ਖਾ ਕੇ ਜਾਂ ਹੋਰ ਠੱਗੀ ਮਾਰ ਕੇ, ਉਸ ਲੁੱਟ ਦਾ ਕੁਝ ਹਿੱਸਾ ਕਿਸੇ ਧਾਰਮਿਕ ਸਥਾਨ ਨੂੰ ਦਾਨ ਕਰ, ਆਪਣੇ ਆਪ ਨੂੰ ਉਹ ਮਾਰਿਆ ਹੱਕ ਜਾਂ ਕੀਤੀ ਠੱਗੀ ਤੋਂ ਖੁਦ ਨੂੰ ਸੁਰਖਰੂ ਹੋਇਆ ਸਮਝਣਾ ਸ਼ੁਰੂ ਕਰ ਦੇਈਏ, ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਨਹੀਂ ਸੀ! ਕੀ ਅਸੀਂ ਆਪਣੇ ਅੰਦਰ ਝਾਤੀ ਮਾਰਦਿਆਂ ਇਹ ਅਨੁਭਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਜੀ ਨੇ ਸਾਨੂੰ ਉਪਦੇਸ਼ ਕੀ ਕੀਤੇ ਹਨ ਤੇ ਅਸੀਂ ਕਰ ਕੀ ਰਹੇ ਹਾਂ?
ਅੱਜ ਕੱਲ ਦੇ ਵਪਾਰਕ ਤੇ ਪਦਾਰਥਵਾਦੀ ਜ਼ਮਾਨੇ ਵਿਚ, ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦਾ ਕਿਤੇ ਅਸੀਂ ਵਪਾਰੀਕਰਨ ਤਾਂ ਨਹੀਂ ਕਰ ਦਿੱਤਾ? ਮੇਰੇ ਕਹਿਣ ਤੋਂ ਇਹ ਭਾਵ ਨਹੀਂ ਕਿ ਕੋਈ ਸੰਸਥਾ ਜਾਂ ਨਾਨਕ ਨਾਮ ਲੇਵਾ ਸਿੱਖ ਇਸ ਵਲ ਧਿਆਨ ਦੇ ਹੀ ਨਹੀਂ ਰਿਹਾ, ਪਰ ਇਹ ਯਾਦ ਰੱਖਣਾ ਬਹੁਤ ਜਰੂਰੀ ਹੈ ਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਰੋਜ਼ਾਨਾ ਜੀਵਨ ‘ਚ ਵਿਅਕਤੀਗਤ ਤੌਰ ‘ਤੇ ਅਤੇ ਸੰਸਥਾਪਕ ਤੌਰ ‘ਤੇ ਵੀ ਅਮਲ ‘ਚ ਲਿਆਉਣ ਦਾ ਯਤਨ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ।
ਗੁਰੂ ਨਾਨਕ ਸਾਹਿਬ ਦੀ ਸਿੱਖਿਆ ਕਿਸੇ ਖਾਸ ਵਰਗ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਸਿੱਖ ਧਰਮ ਇਸੇ ਕਰਕੇ ਵਿਲੱਖਣ ਹੈ ਕਿ ਹਰ ਸਿੱਖ ਨੂੰ ਹਮੇਸ਼ਾ ਆਪਣੇ ਮਨ ਨੂੰ ਖੁੱਲ੍ਹਾ ਰੱਖਦਿਆਂ ਕੁਝ ਨਵਾਂ ਸਿੱਖਣ ਤੇ ਗੁਰੂ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ। ਗੁਰੂ ਨਾਨਕ ਨੇ ਕੋਈ ਪੰਥ ਨਹੀਂ ਸੀ ਸਥਾਪਤ ਕੀਤਾ। ਕੀ ਅੱਜ ਅਸੀਂ ਵੱਖੋ ਵੱਖਰੇ ਡੇਰਿਆਂ ਤੇ ਸੰਸਥਾਵਾਂ ਦੇ ਨਾਂ ਥੱਲੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਦਾ ਨਿਜੀਕਰਨ ਕਰਦਿਆਂ ਆਪੋ ਆਪਣੀਆਂ ਵੱਖੋ ਵੱਖਰੀਆਂ ਪੂਜਾ ਵਿਧੀਆਂ ਤਾਂ ਨਹੀਂ ਬਣਾ ਬੈਠੇ? ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਉਸ ‘ਤੇ ਅਮਲ ਕਰਨ ਲਈ ਕੋਈ ਖਾਸ ਵਿਧੀ ਤੇ ਪ੍ਰਯੋਗ ਦੀ ਲੋੜ ਨਹੀਂ; ਗੁਰੂ ਗ੍ਰੰਥ ਸਾਹਿਬ ‘ਚ ਦਰਜ ਬਾਣੀ ਬਹੁਤ ਹੀ ਸਰਲ ਭਾਸ਼ਾ ‘ਚ ਲਿਖੀ ਹੋਈ ਹੈ ਤੇ ਆਮ ਲੋਕਾਂ ਨੂੰ ਸੌਖਿਆਂ ਹੀ ਸਮਝ ਆ ਸਕਦੀ ਹੈ; ਉਸ ਨੂੰ ਅੰਦਰ ਵਸਾ ਕੇ ਆਪਣੇ ਰੋਜ਼ਾਨਾ ਜੀਵਨ ‘ਚ ਅਪਨਾਈਏ ਤੇ ਕਰਮ ਕਾਂਡ ਤੋਂ ਬਚੀਏ। ਗੁਰੂ ਨਾਨਕ ਨੇ ਪਾਂਡੇ ਨੂੰ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਪ੍ਰਥਾਏ ਗੁਰੂ ਗ੍ਰੰਥ ਸਾਹਿਬ ‘ਚ ਸ਼ਬਦ ਵੀ ਦਰਜ ਹੈ; ਭਾਵ ਇਹ ਸੀ ਕਿ ਇਹ ਸਭ ਪਖੰਡ ਹੈ, ਮੈਂ ਇਸ ਪਖੰਡ ਨੂੰ ਮੁੱਢੋਂ ਨਕਾਰਦਾ ਹਾਂ। ਭਾਵੇਂ ਉਸ ਵੇਲੇ ਪਾਂਡੇ ਨੂੰ ਬੁਰਾ ਲੱਗਾ ਹੋਊ ਕਿ ਇਹ ਉਸ ਦੀ ਪਖੰਡੀ ਪਰੰਪਰਾ ਦੀ ਵਿਧੀ ਨੂੰ ਨਕਾਰ ਰਿਹਾ ਗਿਆਨਵਾਨ ਬਾਲਕ ਨਾਨਕ ਕਿਹੋ ਜਿਹਾ ਹੈ? ਪਰ ਕੀ ਅੱਜ ਅਸੀਂ ਸਿੱਖੀ ਸਰੂਪ ਵਿਚ ਪਾਂਡੇ ਤਾਂ ਨਹੀਂ ਬਣੇ ਫਿਰਦੇ?
ਗੁਰੂ ਨਾਨਕ ਸਾਹਿਬ ਦੀ ਬਾਣੀ ਰਾਗਾਂ ‘ਚ ਦਰਜ ਹੈ। ਸੰਗੀਤ ਦੀਆਂ ਗਿਣਤੀ-ਮਿਣਤੀ ਦੀਆਂ ਵਿਧੀਆਂ ਤੇ ਰਾਗਾਂ ‘ਚ ਇਸ ਨੂੰ ਗਾਇਆ ਤੇ ਅਨੰਦ ਮਾਣਿਆ ਜਾ ਸਕਦਾ ਹੈ; ਜੋ ਮਾਨਸਿਕ ਤੇ ਅਧਿਆਤਮਕ ਸਕੂਨ ਦਏਗਾ। ਸੰਗੀਤ ਇੱਕ ਅਜਿਹੀ ਸ਼ੈਅ ਹੈ ਕਿ ਜਿਸ ਨੂੰ ਸੁਣ ਕੇ ਮਨ ਸ਼ਾਂਤ, ਖੁਸ਼ ਤੇ ਅਨੰਦਮਈ ਹੁੰਦਾ ਹੈ। ਜਦੋਂ ਬਾਣੀ ਸੁਰ-ਤਾਲ ‘ਚ ਗਾਇਨ ਹੁੰਦੀ ਸੁਣੀਂ ਜਾਏ ਤਾਂ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੈ।
ਗੁਰੂ ਨਾਨਕ ਨੇ ਸਿੱਖ ਧਰਮ ਨੂੰ ਪੈਸੇ ਨਾਲ ਨਹੀਂ ਜੋੜਿਆ, ਮੁਢਲੀਆਂ ਜੀਵਨ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਤੱਕ ਪੈਸੇ ਦੀ ਮਹੱਤਤਾ ਦਰਸਾਈ ਹੈ। ਹੱਕ ਦੀ ਕਮਾਈ ਕਰਨ ਵਾਲੇ ਕਿਰਤੀਆਂ ਨੂੰ ਵਡਿਆਇਆ ਹੈ, ਭਾਈ ਲਾਲੋ ਦੀ ਮਿਸਾਲ ਸਾਹਮਣੇ ਹੈ। ਲੋਕਾਂ ਦਾ ਖੂਨ ਨਿਚੋੜ ਕੇ ਪੈਸੇ ਇਕੱਤਰ ਕਰਨ ਵਾਲੇ ਮਲਕ ਭਾਗੋ ਨੂੰ ਨਕਾਰਿਆ ਤੇ ਸ਼ੱਰੇਆਮ ਉਸ ਦੇ ਝੂਠ, ਫਰੇਬ ਤੇ ਲੁੱਟ ਦਾ ਪਰਦਾਫਾਸ਼ ਕਰਦਿਆਂ ਉਸ ਨੂੰ ਫਿਟਕਾਰਾਂ ਪਾਈਆਂ। ਆਪਾਂ ਆਪਣੇ ਆਲੇ ਦੁਆਲੇ ਝਾਤ ਮਾਰਦਿਆਂ ਧਿਆਨ ਨਾਲ ਦੇਖੀਏ ਤਾਂ ਸਹਿਜੇ ਹੀ ਝਲਕ ਪੈ ਜਾਂਦੀ ਹੈ ਕਿ ਥਾਂ ਥਾਂ ਮਲਕ ਭਾਗੋਆਂ ਦੀਆਂ ਹੱਟੀਆਂ ਤੇ ਦੰਭ ਦਾ ਬੋਲ ਬਾਲਾ ਹੈ; ਭਾਈ ਲਾਲੋ ਕਿਤੇ ਟੋਲਿਆਂ ਵੀ ਨਹੀਂ ਲੱਭਦਾ।
ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਨੂੰ ਅੱਜ ਦਿਖਾਵੇ ਅਤੇ ਵਪਾਰ ਨੇ ਹਾਈਜੈਕ ਕਰ ਲਿਆ ਲਗਦਾ ਹੈ। ਗੁਰੂ ਜੀ ਦੇ ਉਪਦੇਸ਼ ਅਸੀਂ ਛੱਕੇ ਟੰਗ ਆਪਣੇ ਸੁਆਰਥ ਮੁੱਖ ਸਮਝ ਲਏ ਹਨ। ਸਾਨੂੰ ਵਹਿਮਾਂ ਭਰਮਾਂ ਦੇ ਦਰਿਆ ‘ਚੋਂ ਹੜ੍ਹੇ ਜਾਂਦਿਆਂ ਨੂੰ ਗੁਰੂ ਨਾਨਕ ਨੇ ਕੰਨੋਂ ਫੜ ਬਾਹਰ ਕੱਢਿਆ ਸੀ; ਅਸੀਂ ਮੁੜ ਕਿਤੇ ਉਸੇ ਵਹਿਮ-ਭਰਮ, ਕਰਮ ਕਾਂਡ ਤੇ ਦਿਖਾਵੇ ਦੇ ਦਰਿਆ ਵਿਚ ਤਾਂ ਨਹੀਂ ਰੁੜ੍ਹਨ ਲੱਗੇ?
ਧਿਆਨ ਨਾਲ ਦੇਖੀਏ ਕਿ ਕਿਤੇ ਸਿੱਖ ਅਤੇ ਸਿੱਖ ਸੰਸਥਾਵਾਂ ਗੁਰੂਆਂ ਦੀਆਂ ਪ੍ਰਕਾਸ਼ ਪੁਰਬ ਸ਼ਤਾਬਦੀਆਂ ਮਨਾਉਣ ਦੇ ਨਾਂ ਥੱਲੇ ਕਿਤੇ ਪੈਸਾ ਇਕੱਠਾ ਕਰਨ ਅਤੇ ਫੋਕੀ ਸ਼ੁਹਰਤ ਵਲ ਤਾਂ ਨਹੀਂ ਧੂਹੇ ਜਾ ਰਹੇ? ਹਰ ਨਵਾਂ ਚੜ੍ਹਿਆ ਦਿਨ ਪ੍ਰਕਾਸ਼ ਪੁਰਬਾਂ ਵਾਂਗ ਹੀ ਸਮਝਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨ ਦਾ ਯਤਨ ਕਰਦਿਆਂ ਬਿਤਾਉਂਦੇ ਜਾਈਏ, ਨਾ ਕਿ ਸਿਰਫ ਵਪਾਰ ਦੇ ਨੁਕਤੇ ਨਿਗ੍ਹਾ ਤੋਂ ਹੀ ਪ੍ਰਕਾਸ਼ ਪੁਰਬ ਤੇ ਸ਼ਤਾਬਦੀਆਂ ਮਨਾਉਣ ਦੀ ਚਲ ਸੋ ਚੱਲ ‘ਚ ਹੀ ਪਏ ਰਹੀਏ!