ਆਸ

ਅਮਰੀਕਾ ਵਸਦੇ ਢਿੱਲੇ-ਮੱਠੇ ਜਿਹੇ ਰਹਿੰਦੇ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਵੀਜ਼ਾ ਲਵਾਉਣ ਤੀਜੀ ਵਾਰ ਦਿੱਲੀ ਦੀ ਅੰਬੈਸੀ ਗਈ ਤਾਂ ਉਥੋਂ ਇਨਕਾਰ ਹੋਣ ‘ਤੇ ਜੀਅ ਖੁੱਸਣੋਂ ਨਾ ਹਟੇ। ਜਮਾਂ ਚੈਨ ਨਾ ਆਵੇ। ਮੇਰੇ ਨਾਲ ਪਟਿਆਲੇ ਤੋਂ ਮੇਰੀ ਛੋਟੀ ਭੈਣ ਅਤੇ ਉਸ ਦੇ ਪਤੀ, ਜੋ ਮੇਰੇ ਸਹੁਰਿਆਂ ਵਿਚੋਂ ਮਾਮੇ-ਭੂਆ ਦੇ ਪੁੱਤ ਹੋਣ ਕਰਕੇ ਮੇਰੇ ਦਿਓਰ ਵੀ ਲਗਦੇ ਹਨ, ਵੀ ਸਨ। ਉਹ ਮੇਰੇ ਵੀਜ਼ੇ ਕਰਕੇ ਆਏ ਸਨ। ਅਸੀਂ ਦਿੱਲੀ ਵਾਲੀ ਮੇਰੀ ਛੋਟੀ ਭੈਣ ਦੀ ਨਣਦ ਦੇ ਘਰ ਰੁਕੇ ਹੋਏ ਸਾਂ। ਉਹ ਵੀ ਕਹਿਣ ਲੱਗੇ ਕਿ ਵੀਜ਼ਾ ਲੱਗ ਜਾਂਦਾ ਤਾਂ ਚੰਗਾ ਸੀ। ਫਿਰ ਸ਼ਾਮੀਂ ਅਸੀਂ ਸਮਾਂ ਬਿਤਾਉਣ ਲਈ ਲਾਗੇ ਹੀ ਬਾਜ਼ਾਰ ਚਲੇ ਗਏ। ਬਾਜ਼ਾਰ ਜਾ ਕੇ ਸਭ ਕੁਝ ਦੇਖ ਕੇ ਵੀ ਕੁਝ ਚੰਗਾ ਜਿਹਾ ਨਾ ਲੱਗਾ। ਸ਼ਾਮ ਦਾ ਵੇਲਾ ਸੀ, ਗੁਰਦੁਆਰੇ ਰਹਿਰਾਸ ਦਾ ਪਾਠ ਚੱਲ ਰਿਹਾ ਸੀ। ਜਾ ਕੇ ਮੱਥਾ ਟੇਕਿਆ, ਸਤਿਗੁਰਾਂ ਦੀ ਹਜ਼ੂਰੀ ਬੈਠ ਕੇ ਗੁਰਬਾਣੀ ਸੁਣੀ, ਤਾਂ ਕਿਤੇ ਜਾ ਕੇ ਜੀਅ ਨੂੰ ਟਿਕਾਅ ਜਿਹਾ ਆਇਆ।

ਅਗਲੇ ਦਿਨ ਸਵੇਰੇ ਭੈਣ ਜੀ ਦੇ ਘਰੋਂ ਚਾਹ-ਪਾਣੀ ਪੀ ਕੇ ਪਟਿਆਲੇ ਘਰ ਨੂੰ ਚੱਲ ਪਏ। ਰਸਤੇ ਵਿਚ ਛੋਟੀ ਭੈਣ ਕਹਿਣ ਲੱਗੀ, “ਹੁਣ ਨਹੀਂ ਤੇਰਾ ਵੀਜ਼ਾ ਲੱਗ ਸਕਦਾ। ਘਰ ਜਾ ਕੇ ਆਪਣਾ ਕੰਮ ਸਾਂਭ।” ਮੈਂ ਭਾਵੇਂ ਆਪਣੀ ਛੋਟੀ ਭੈਣ ਨੂੰ ਆਖ ਦਿੱਤਾ ਸੀ ਕਿ ਚਲੋ ਕੋਈ ਨਾ, ਤੁਸੀਂ ਸਾਰੇ ਜਣੇ ਮਿਲ ਕੇ ਮੈਨੂੰ ਵੀ ਭਾਜੀ ਦੀ ਰਾਜ਼ੀ-ਖੁਸ਼ੀ ਦਾ ਦੱਸ ਦਿਆ ਕਰਨਾ, ਮੇਰੀ ਇਸੇ ਤਰ੍ਹਾਂ ਹੀ ਤਸੱਲੀ ਹੋ ਜਾਇਆ ਕਰੂ; ਫਿਰ ਵੀ ਪਤਾ ਨਹੀਂ ਕਿਧਰੋਂ ਆਸ ਦੀ ਕਿਰਨ ਮੇਰੇ ਮਨ ਵਿਚ ਚਾਨਣਾ ਪਾਉਣ ਤੋਂ ਹਟ ਨਹੀਂ ਰਹੀ ਸੀ। ਵਾਹਿਗੁਰੂ ਦੇ ਰੰਗ ਦਾ ਕੋਈ ਪਤਾ ਨਹੀਂ, ਸ਼ਾਇਦ ਕਦੇ ਸੂਤ ਬਣਾ ਹੀ ਦੇਵੇ।
ਦੋ ਕੁ ਮਹੀਨੇ ਬੀਤਣ ‘ਤੇ ਇਕ ਦਿਨ ਸ਼ਾਮੀਂ ਫੇਰ ਛੋਟੀ ਭੈਣ ਦਾ ਫੋਨ ਆਇਆ ਕਿ ਭਾਬੀ ਨਾਲ ਗੱਲ ਹੋਈ ਹੈ, ਹੁਣ ਤੇਰਾ ਵੀਜ਼ਾ ਲੱਗ ਜਾਵੇਗਾ, ਕਹੇਂ ਤਾਂ ਅਪਲਾਈ ਕਰ ਦਈਏ। ਕੰਮ ਬਣ ਗਿਆ ਤਾਂ ਸਾਡੇ ਨਾਲ ਹੀ ਭਰਾ ਨੂੰ ਮਿਲ ਆਵੀਂ। ਮੈਂ ਹਾਂ ਕਰ ਦਿੱਤੀ। ਚਲੋ ਇਕ ਵਾਰ ਫੇਰ ਮੇਰੇ ਭਾਣਜੇ ਹਰਸਿਮਰਨਦੀਪ ਨੇ ਵੀਜ਼ੇ ਲਈ ਅਪਲਾਈ ਕਰਕੇ ਅੰਬੈਸੀ ਵਾਲਿਆਂ ਤੋਂ ਟਾਈਮ ਲੈ ਲਿਆ। ਵਕਤ ਆਉਣ ‘ਤੇ ਇਸ ਵਾਰ ਫਿਰ ਮੇਰੀ ਛੋਟੀ ਭੈਣ ਆਪਣੇ ਪਤੀ ਨੂੰ ਨਾਲ ਲੈ ਕੇ ਮੇਰੇ ਨਾਲ ਵੀਜ਼ਾ ਲਵਾਉਣ ਚੱਲ ਪਈ।
ਇਸ ਵਾਰ ਅਸੀਂ ਦਿੱਲੀ ਪਹੁੰਚ ਕੇ ਗੁਰਦੁਆਰਾ ਬੰਗਲਾ ਸਾਹਿਬ ਰੁਕੇ। ਦਰਸ਼ਨ ਕੀਤੇ। ਅਗਲੇ ਦਿਨ ਅੰਬੈਸੀ ਵਾਲਿਆਂ ਸਾਨੂੰ ਸਵੇਰੇ ਅੱਠ ਵਜੇ ਦਾ ਟਾਈਮ ਦਿੱਤਾ ਹੋਇਆ ਸੀ। ਅਸੀਂ ਸਮੇਂ ਸਿਰ ਤਿਆਰ ਹੋ ਕੇ ਗੁਰੂ ਚਰਨਾਂ ਵਿਚ ਸੀਸ ਝੁਕਾ ਕੇ ਅੰਬੈਸੀ ਨੂੰ ਚੱਲ ਪਏ। ਉਸ ਸਮੇਂ ਮੇਰੇ ਮਨ ਵਿਚ ਨਾ ਕੋਈ ਚਾਅ ਸੀ, ਨਾ ਡਰ। ਬਸ ਆਪਣੇ ਵਾਹਿਗੁਰੂ ‘ਤੇ ਆਸ ਭਰਿਆ ਭਰੋਸਾ ਸੀ। ਉਥੇ ਪਹੁੰਚਣ ‘ਤੇ ਕੁਝ ਦੇਰ ਬਾਅਦ ਵੀਜ਼ੇ ਲਈ ਸਾਰਿਆਂ ਨੂੰ ਆਵਾਜ਼ ਪੈਣ ‘ਤੇ ਲਾਈਨ ਵਿਚ ਲੱਗ ਗਈ ਅਤੇ ਦੂਜਿਆਂ ਦੇ ਪਿੱਛੇ-ਪਿੱਛੇ ਅੰਦਰ ਪਹੁੰਚ ਗਈ। ਪਹਿਲੀਆਂ ਤਿੰਨ ਵਾਰੀਆਂ ਦੌਰਾਨ ਮੇਰੇ ਅੱਗੇ-ਪਿੱਛੇ ਖੜ੍ਹੀਆਂ ਪੰਜਾਬਣਾਂ ਮੈਨੂੰ ਪੁੱਛਣ ਲੱਗ ਜਾਂਦੀਆਂ, ‘ਤੁਸੀਂ ਕਿਸ ਨੂੰ ਮਿਲਣ ਜਾਣਾ?’, ਪਰ ਇਸ ਵਾਰੀ ਮੇਰਾ ਕਿਸੇ ਨਾਲ ਗੱਲ ਕਰਨ ਦਾ ਜੀਅ ਨਾ ਕੀਤਾ ਸਗੋਂ ਆਪਣੇ ਹੱਥਾਂ ਵਿਚ ਪਾਸਪੋਰਟ ਤੇ ਡਾਕੂਮੈਂਟ ਵੀ ਇਕੱਠੇ ਜਿਹੇ ਕਰ ਲਏ।
ਮੇਰੇ ਅੱਗੇ ਵਾਲੇ ਅਜੇ ਦੋ-ਚਾਰ ਜਣੇ ਹੀ ਇੰਟਰਵਿਊ ਲਈ ਬੁਲਾਏ ਸਨ ਕਿ ਇਕ ਪੰਜਾਬੀ ਕੁੜੀ ਹੋਰਾਂ ਨਾਲੋਂ ਮੈਨੂੰ ਲਾਈਨ ਵਿਚੋਂ ਕੱਢ ਕੇ ਬਹੁਤ ਸੋਹਣੇ ਢੰਗ ਨਾਲ ਕਹਿਣ ਲੱਗੀ, “ਅੰਟੀ, ਤੁਸੀਂ ਇਸ ਕਾਊਂਟਰ ਦੇ ਸਾਹਮਣੇ ਖਲੋਵੋ।” ਉਥੇ ਤੀਹ ਕੁ ਸਾਲ ਦੇ ਮੁੰਡੇ ਨੇ ਹਿੰਦੀ ਵਿਚ ਮੇਰੇ ਕੋਲੋਂ ਦੋ ਕੁ ਸਵਾਲ ਪੁੱਛੇ। ਇੰਨੇ ਨੂੰ ਫਿਰ ਉਹੀ ਪੰਜਾਬਣ ਕੁੜੀ ਮੇਰੇ ਕੋਲ ਆ ਕੇ ਕਹਿਣ ਲੱਗੀ, “ਤੁਸੀਂ ਤੇਈ ਨੰਬਰ ਕਾਊਂਟਰ ‘ਤੇ ਚੱਲੋ, ਤੁਹਾਡੀ ਇੰਟਰਵਿਊ ਉਥੇ ਲਈ ਜਾਵੇਗੀ।”
ਜਦੋਂ ਮੈਂ ਉਸ ਦੇ ਦੱਸੇ ਟਿਕਾਣੇ ‘ਤੇ ਪਹੁੰਚੀ ਤਾਂ ਉਥੇ ਦੋ ਕੁੜੀਆਂ-ਇਕ ਅੰਗਰੇਜ਼ ਤੇ ਦੂਜੀ ਪੰਜਾਬੀ। ਪੰਜਾਬੀ ਕੁੜੀ ਮੇਰੇ ਕੋਲੋਂ ਪੰਜਾਬੀ ਵਿਚ ਪੁੱਛਦਿਆਂ ਅੰਗਰੇਜ਼ ਕੁੜੀ ਨੂੰ ਅੰਗਰੇਜ਼ੀ ਵਿਚ ਦੱਸ ਰਹੀ ਸੀ ਕਿ ਮੇਰੇ ਵੱਡੇ ਭਰਾ ਅਤੇ ਮੇਰੇ ਭਤੀਜੇ ਦਾ ਇਸ ਵਾਰ ਮੈਨੂੰ ਬੁਲਾਉਣ ਲਈ ਪੂਰਾ ਜ਼ੋਰ ਲੱਗਾ ਹੋਇਆ ਸੀ। ਸਿਫਾਰਿਸ਼ੀ ਵੀਜ਼ਾ ਸੀ, ਫਿਰ ਵੀ ਉਨ੍ਹਾਂ ਦੋਵਾਂ ਕੁੜੀਆਂ ਨੇ ਮੇਰੇ ਕੋਲੋਂ ਕਿੰਨਾ ਕੁਝ ਪੁਛਿਆ। ਮੈਂ ਪਹਿਲਾਂ ਹੀ ਉਨ੍ਹਾਂ ਦੋਹਾਂ ਨੂੰ ਆਖ ਦਿੱਤਾ ਸੀ ਕਿ ਮੈਂ ਜੋ ਵੀ ਬੋਲਾਂਗੀ, ਸੱਚ ਹੀ ਬੋਲਾਂਗੀ। ਕੁੜੀਆਂ ਦੇ ਪੁੱਛੇ ਸਵਾਲਾਂ ਦੇ ਜਵਾਬ ਦੇਣ ਲਈ ਮੈਂ ਸੱਚ ਦਾ ਪੱਲਾ ਨਹੀਂ ਛੱਡਿਆ। ਇੱਕ-ਇੱਕ ਸਵਾਲ ਉਨ੍ਹਾਂ ਮੇਰੇ ਕੋਲੋਂ ਦੋ-ਦੋ ਵਾਰ ਪੁਛਿਆ।
ਅੱਧੇ-ਪੌਣੇ ਘੰਟੇ ਦੀ ਪੁੱਛ-ਗਿੱਛ ਪਿਛੋਂ ਦੋਹਾਂ ਕੁੜੀਆਂ ਨੇ ਪੂਰੀ ਤਰ੍ਹਾਂ ਖੁਸ਼ ਹੁੰਦਿਆਂ ਪਾਸਪੋਰਟ ਆਪਣੇ ਹੱਥਾਂ ਵਿਚੋਂ ਦਿਖਾਉਂਦਿਆਂ ਵਾਰੋ-ਵਾਰੀ ਆਖ ਦਿੱਤਾ ਕਿ ਤੁਹਾਡਾ ਵੀਜ਼ਾ ਲੱਗ ਚੁਕਾ ਹੈ। ਇਹ ਜਾਣ ਕੇ ਮੈਂ ਕਾਊਂਟਰ ‘ਤੇ ਹੀ ਸਿਰ ਰੱਖ ਕੇ ਦੋਵੇਂ ਹੱਥ ਜੋੜ ਕੇ ਆਪਣੇ ਸਤਿਗੁਰੂ ਅਕਾਲ ਪੁਰਖ ਬਾਬੇ ਨਾਨਕ ਦਾ ਸ਼ੁਕਰਾਨਾ ਕੀਤਾ, ਜਿਸ ਨੇ ਆਪਣੀ ਮਿਹਰ ਸਦਕਾ ਮੇਰੇ ਮਨ ਦੀ ਆਸ ਦੀ ਲੋਅ ਨੂੰ ਮੱਧਮ ਨਹੀਂ ਸੀ ਪੈਣ ਦਿੱਤਾ।
-ਸੁਰਿੰਦਰ ਕੌਰ ਮਰੋਕ