ਸ਼ਫਕਤ ਤਨਵੀਰ ਮਿਰਜ਼ਾ
ਲਹਿੰਦੇ ਪੰਜਾਬ ਦੇ ਸ਼ਹਿਰ ਝੰਗ ਸਿਆਲ ਦੇ ਕਬਰਿਸਤਾਨ ਵਿਚ ਇਕ ਉਚਾ ਢਾਂਚਾ ਬਣਿਆ ਹੋਇਆ ਹੈ, ਜਿਸ ਦੀ ਮਾਈ ਹੀਰ ਅਤੇ ਮੀਆਂ ਰਾਂਝੇ ਦੀ ਮਜ਼ਾਰ ਹੋਣ ਵਜੋਂ ਮਾਨਤਾ ਹੈ। ਹੀਰ ਸਿਆਲ ਗੋਤ/ਕਬੀਲੇ ਵਿਚੋਂ ਸੀ, ਜੋ ਲੰਬੇ ਸਮੇਂ ਤੋਂ ਇਲਾਕੇ ਦਾ ਬੜਾ ਤਕੜਾ ਕਬੀਲਾ ਸੀ ਅਤੇ ਅੱਜ ਵੀ ਉਹ ਬਹੁਤ ਤਾਕਤਵਰ ਹਨ। ਜੇ ਉਨ੍ਹਾਂ ਦੀ ਹਾਜ਼ਰੀ ਵਿਚ ਹੀਰ ਜਾਂ ਸਾਹਿਬਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ।
ਸਾਲ 1976 ਵਿਚ ਸਈਦਾ ਆਬਿਦਾ ਹੁਸੈਨ ਨੇ ਝੰਗ ਵਿਚ ਵਾਰਿਸ ਸ਼ਾਹ ਦੀ ਯਾਦ ਵਿਚ ਹੋਣ ਵਾਲੇ ਸਮਾਗਮ ਦੀ ਸਦਾਰਤ ਕਰਨੀ ਸੀ। ਹੋਰ ਸ਼ਹਿਰਾਂ ਤੋਂ ਵੀ ਅਨੇਕਾਂ ਲੇਖਕ ਝੰਗ ਪੁੱਜੇ ਹੋਏ ਸਨ ਅਤੇ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਮਾਗਮ ਦੇ ਮੁਕਾਮੀ ਪ੍ਰਬੰਧਕ ਬੜੀ ਬਦਹਵਾਸੀ ਦੀ ਹਾਲਤ ਵਿਚ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਬੀਬੀ ਸਈਦਾ ਸਮਾਗਮ ਦੀ ਪ੍ਰਧਾਨਗੀ ਦਾ ਆਪਣਾ ਪ੍ਰੋਗਰਾਮ ਰੱਦ ਕਰ ਕੇ ਸ਼ਹਿਰ ਤੋਂ ਚਲੀ ਗਈ ਸੀ। ਉਸ ਨੇ ਅਜਿਹਾ ਸਿਆਲਾਂ ਦੇ ਦਬਾਅ ਕਾਰਨ ਕੀਤਾ ਸੀ, ਜੋ ਸਿਆਸੀ ਤੌਰ ‘ਤੇ ਉਸ ਦੇ ਹਮਾਇਤੀ ਸਨ। ਆਖਰ ਇਕ ਸਾਬਕਾ ਐਮ. ਐਲ਼ ਏ. ਸ਼ੇਖ ਸਈਦ ਤੇ ਸਿਆਲ ਸ਼ਾਇਰ ਸਫਦਰ ਸਲੀਮ ਪ੍ਰਬੰਧਕਾਂ ਦੀ ਮਦਦ ‘ਤੇ ਆਏ ਅਤੇ ਸੈਮੀਨਾਰ ਤੇ ਮੁਸ਼ਾਇਰਾ ਕਰਵਾਇਆ ਪਰ ਇਹ ਸਭ ਉਨ੍ਹਾਂ ਦੀ ਮੁੱਖ ਸਰਪ੍ਰਸਤ ਸਈਦਾ ਆਬਿਦਾ ਹੁਸੈਨ ਦੀ ਗੈਰ ਹਾਜ਼ਰੀ ਵਿਚ ਹੋਇਆ।
ਇਹ ਗੱਲ ਹੀਰ ਸਿਆਲ ਅਤੇ ਧੀਦੋ ਰਾਂਝੇ ਦੀ ਪ੍ਰੀਤ ਕਹਾਣੀ ਦੇ ਸੱਚੀ ਹੋਣ ਦਾ ਪੁਖਤਾ ਸਬੂਤ ਪੇਸ਼ ਕਰਦੀ ਹੈ। ਇਸ ਤਰ੍ਹਾਂ ਇਸ ਬਾਰੇ ਗਿਲਾਨੀ ਕਾਮਰਾਨ ਜਿਹੇ ਬੁੱਧੀਜੀਵੀਆਂ ਦੀਆਂ ਇਹ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਬੁਰੀ ਤਰ੍ਹਾਂ ਨਾਕਾਮ ਹੋ ਜਾਂਦੀਆਂ ਹਨ ਕਿ ਇਥੇ ਕੋਈ ਹੀਰ ਜਾਂ ਰਾਂਝਾ ਹੋਇਆ ਹੀ ਨਹੀਂ ਅਤੇ ਅਸਲ ਵਿਚ ਇਹ ਕਹਾਣੀ ਅਰਬ ਜਾਂ ਯੂਨਾਨ ਨਾਲ ਤੁਅੱਲਕ ਰੱਖਦੀ ਹੈ। ਇਹ ਵੀ ਦੱਸਣਯੋਗ ਹੈ ਕਿ ਝੰਗ ਦੇ ਕਬਰਿਸਤਾਨ ਵਿਚ ਬਣੇ ਹੋਏ ਢਾਂਚੇ ਦੀ ਉਸਾਰੀ ਇਕ ਸਿਆਲ ਸਰਦਾਰ ਨੇ ਕਰਵਾਈ ਸੀ, ਜਿਸ ਨੂੰ ਉਸ ਦੀ ਅੰਮੀ ਨੇ ਅਜਿਹਾ ਕਰਨ ਲਈ ਆਖਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਦੀ ਅੰਮੀ ਨੂੰ ਖੁਦ ਹੀਰ ਨੇ ਸੁਫਨੇ ਵਿਚ ਆ ਕੇ ਆਪਣੀ ਕਬਰ ਦਾ ਖਿਆਲ ਰੱਖਣ ਲਈ ਆਖਿਆ ਸੀ। ਇਹ ਵੀ ਅਜਿਹਾ ਇਤਿਹਾਸ ਹੈ, ਜਿਸ ਦਾ ਅੱਜ ਤੱਕ ਕਿਸੇ ਸਿਆਲ ਨੇ ਖੰਡਨ ਨਹੀਂ ਕੀਤਾ।
ਉਂਜ ਕਹਾਣੀ ਦਾ ਇਕ ਪੱਖ ਅਜੇ ਤਕ ਸਪਸ਼ਟ ਨਹੀਂ ਹੈ ਕਿ ਇਹ ਪ੍ਰੀਤ ਕਹਾਣੀ ਕਿਸ ਸਮੇਂ ਦੌਰਾਨ ਵਾਪਰੀ। ਕੁਝ ਮਾਹਿਰਾਂ ਦਾ ਖਿਆਲ ਹੈ ਕਿ ਇਹ ਪ੍ਰੀਤ ਕਹਾਣੀ ਪਠਾਣ ਦੌਰ ਦੇ ਆਖਰੀ ਸਮੇਂ ਦੌਰਾਨ ਵਾਪਰੀ। ਕੁਝ ਹੋਰਨਾਂ ਦਾ ਖਿਆਲ ਹੈ ਕਿ ਇਹ ਅਕਬਰ ਦੇ ਸਮੇਂ ਦੀ ਘਟਨਾ ਹੈ, ਜਿਸ ਦੌਰ ‘ਚ ਸ਼ਾਹ ਹੁਸੈਨ ਤੇ ਦਮੋਦਰ ਜਿਹੇ ਮਸ਼ਹੂਰ ਪੰਜਾਬੀ ਸ਼ਾਇਰ ਹੋਏ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਦਮੋਦਰ ਹੀ ਅਜਿਹਾ ਪਹਿਲਾ ਪੰਜਾਬੀ ਸ਼ਾਇਰ ਸੀ, ਜਿਸ ਨੇ ਹੀਰ-ਰਾਂਝੇ ਦੀ ਪ੍ਰੇਮ ਕਹਾਣੀ ਲਿਖੀ। ਦਮੋਦਰ ਇਹ ਦਾਅਵਾ ਵੀ ਕਰਦਾ ਹੈ ਕਿ ਇਸ ਪਿਆਰ ਕਹਾਣੀ ਦੇ ਸਾਰੇ ਪਾਤਰ ਉਸ ਨੇ ਅੱਖੀਂ ਡਿੱਠੇ ਸਨ:
ਆਖ ਦਮੋਦਰ ਮੈਂ ਅੱਖੀਂ ਡਿੱਠਾ
ਜੋ ਲੰਮੇ ਤਰਫ ਸਿਧਾਏ,
ਜੇ ਕੋਹ ਤ੍ਰੈ ਗਏ ਅਗੇਰੇ
ਤਾਂ ਅਸੀਂ ਭੀ ਨਾਲੇ ਆਹੇ।
ਦਮੋਦਰ ਆਖਦਾ ਹੈ ਕਿ ਉਸ ਨੇ ਅੱਖੀਂ ਦੇਖਿਆ, ਹੀਰ ਤੇ ਰਾਂਝਾ ਦੱਖਣ ਵੱਲ ਜਾ ਰਹੇ ਸਨ। ਮੈਂ ਵੀ ਸਾਢੇ ਚਾਰ ਮੀਲ ਤੱਕ ਉਨ੍ਹਾਂ ਨਾਲ ਗਿਆ। ਦਮੋਦਰ ਹੋਰ ਆਖਦਾ ਹੈ,
ਅੱਖੀਂ ਡਿੱਠਾ ਕਿੱਸਾ ਕੀਤਾ
ਮੈਂ ਤਾਂ ਗਣੀ ਨਾ ਕੋਈ,
ਅਸਾਂ ਮੂੰਹੋਂ ਅਲਾਇਆ ਓਹੋ
ਜੋ ਕੁਛ ਨਜ਼ਰ ਪਿਓਈ।
ਜੋ ਮੈਂ ਦੇਖਿਆ, ਲਿਖ ਦਿੱਤਾ, ਮੈਂ ਕੋਈ ਸ਼ਾਇਰ ਹੋਣ ਦਾ ਦਾਅਵਾ ਨਹੀਂ ਕਰਦਾ। ਜੋ ਵੀ ਮੈਂ ਆਖਿਆ ਹੈ, ਅੱਖੀਂ ਦੇਖਿਆ ਹੈ।
ਦਮੋਦਰ ਇਹ ਵੀ ਦਾਅਵਾ ਕਰਦਾ ਹੈ ਕਿ ਉਹ ਅਕਬਰ ਦੇ ਦੌਰ ਦੌਰਾਨ ਰਹਿੰਦਾ ਸੀ। ਇਸ ਕਾਰਨ ਹੀਰ ਤੇ ਰਾਂਝਾ ਵੀ ਅਕਬਰ ਦੇ ਦੌਰ ‘ਚ ਹੀ ਜੀਵੇ ਤੇ ਮਰੇ। ਇਕ ਹੋਰ ਸ਼ਿਅਰ ਵਿਚ ਦਮੋਦਰ ਲਿਖਦਾ ਹੈ ਕਿ ਇਹ ਦੋਵੇਂ ਪ੍ਰੇਮੀ 1529 ਬਿਕਰਮੀ ਸੰਮਤ ਵਿਚ ਹੋਏ, ਜੋ ਈਸਵੀ ਸੰਨ 1472 ਬਣਦਾ ਹੈ, ਪਰ ਅਕਬਰ ਦਾ ਕਾਲ 1556 ਤੋਂ ਸ਼ੁਰੂ ਹੋ ਕੇ 1605 ਵਿਚ ਖਤਮ ਹੋਇਆ।
ਦੂਜੇ ਪਾਸੇ ਨੂਰ ਮੁਹੰਮਦ ਚੇਲਾ ਦੀ ‘ਆਬਸਾਂ-ਉਲ-ਮਕਲ’ ਵਿਚ ਹੀਰ ਦੀ ਮੌਤ 1452 ਵਿਚ ਹੋਈ ਦੱਸੀ ਗਈ ਹੈ। ਇਸੇ ਤਰ੍ਹਾਂ ਬਿਲਾਲ ਜ਼ੁਬੈਰੀ ਦਾ ਦਾਅਵਾ ਹੈ ਕਿ ਹੀਰ ਦੀ ਮੌਤ 1471 ਵਿਚ ਹੋਈ, ਜੋ ਬਹਿਲੋਲ ਲੋਧੀ (1450-1488) ਦਾ ਜ਼ਮਾਨਾ ਸੀ। ਇਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹੀਰ ਤੇ ਰਾਂਝਾ ਅਕਬਰ ਦੇ ਜ਼ਮਾਨੇ ਵਿਚ ਨਹੀਂ ਹੋਏ। ਫਾਰਸੀ ਸ਼ਾਇਰ ਕੋਲਾਬੀ (ਮੌਤ 1559) ਨੇ ਇਹ ਕਹਾਣੀ ਕਿਤੇ ਪਹਿਲਾਂ ਲਿਖੀ ਹੈ ਅਤੇ ਅਕਬਰ ਦੇ ਦੌਰ ਦੇ ਦੋ ਹਿੰਦੀ ਕਵੀਆਂ-ਹਰਿਆ ਤੇ ਗੰਗ ਭੱਟ ਨੇ ਵੀ ਇੰਜ ਹੀ ਕੀਤਾ। ਕੋਲਾਬੀ ਦੀ ਮੌਤ ਅਕਬਰ ਦੇ ਹਕੂਮਤ ਸੰਭਾਲਣ ਤੋਂ ਤਿੰਨ ਵਰ੍ਹੇ ਪਿਛੋਂ ਹੋਈ। ਉਹ ਲਿਖਦਾ ਹੈ,
ਦਰਹਿੰਦਜ਼ ਹੀਰ-ਵ-ਰਾਂਝਾ ਗੋਗਾਸਤ,
ਕਾ ਫਸਾਨਾ-ਏ-ਹਰ ਦੂ ਦਰ ਜ਼ਬਾਨਹਾਸਤ
ਅਫਸਾਨਾ ਇਸ਼ਕ-ਏ-ਸ਼ਾਹ ਸ਼ਨੀਦਮ,
ਆਹ ਅਜ਼ ਦਿਲ-ਏ-ਨਾਤਵਾਂਕਸ਼ੀਦਮ।
ਹਿੰਦ ਵਿਚ ਹੀਰ ਅਤੇ ਰਾਂਝੇ ਦੀ ਕਹਾਣੀ ਬੜੀ ਮਕਬੂਲ ਹੈ। ਇਹ ਲੋਕ ਪੱਧਰ ਤੱਕ ਮਕਬੂਲੀਅਤ ਹਾਸਲ ਕਰ ਗਈ ਹੈ। ਜਦੋਂ ਮੈਂ ਕਹਾਣੀ ਪੜ੍ਹੀ ਤਾਂ ਮੈਂ ਉਨ੍ਹਾਂ ਦੀ ਸੱਚਾਈ ਤੋਂ ਬੜਾ ਪ੍ਰਭਾਵਿਤ ਹੋਇਆ।
ਇਨ੍ਹਾਂ ਹਵਾਲਿਆਂ ਤੋਂ ਮੁਹੰਮਦ ਆਸਿਫ ਖਾਨ (‘ਇਬਾਰਤ’ ਦੇ ਸੰਪਾਦਕ) ਨੇ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਦਾ ਸਮਾਂ ਬਹਿਲੋਲ ਲੋਧੀ ਵਾਲਾ ਜਾਂ ਉਸ ਤੋਂ ਕੁਝ ਪਹਿਲਾਂ ਦਾ ਸੀ। ਇਹ ਕਹਾਣੀ ਉਸ ਪਿਛੋਂ ਲੋਕਾਂ ਵਿਚ ਪ੍ਰਚਲਿਤ ਹੋਣ ਲੱਗੀ ਅਤੇ ਹਮਾਯੂੰ, ਸ਼ੇਰ ਸ਼ਾਹ ਸੂਰੀ ਤੇ ਅਕਬਰ ਦੇ ਦੌਰ ਤਕ ਮਕਬੂਲੀਅਤ ਦੀਆਂ ਬੁਲੰਦੀਆਂ ‘ਤੇ ਪੁੱਜ ਗਈ। ਇਸ ਪਿਛੋਂ ਹੀਰ-ਰਾਂਝਾ ਰੂਹਾਨੀ ਤੇ ਰਹੱਸਵਾਦੀ ਪ੍ਰਤੀਕ ਬਣ ਗਏ। ਉਨ੍ਹਾਂ ਨੂੰ ਇਸ ਰੂਪ ਵਿਚ ਸ਼ੇਰਗੜ੍ਹ (ਜਿਲਾ ਓਕਾੜਾ) ਦੇ ਦਾਊਦ ਕਿਰਮਾਨੀ ਤੇ ਲਾਹੌਰ ਦੇ ਸ਼ਾਹ ਹੁਸੈਨ ਨੇ ਵਰਤਿਆ ਹੈ।
ਦਮੋਦਰ, ਅਕਬਰ ਤੇ ਜਹਾਂਗੀਰ ਦੇ ਜ਼ਮਾਨੇ ‘ਚ ਝੰਗ ਸ਼ਹਿਰ ਵਿਚ ਰਹਿੰਦਾ ਸੀ। ਉਸ ਵੱਲੋਂ ‘ਅੱਖੀਂ ਡਿੱਠਾ’ ਆਖ ਕੇ ਲਿਖਿਆ ਬਿਰਤਾਂਤ ਅਸਲ ਵਿਚ ਉਹ ਹੈ, ਜੋ ਉਸ ਨੇ ਝੰਗ ਜਾਂ ਹੋਰ ਆਸੇ-ਪਾਸੇ ਦੇ ਬਜੁਰਗਾਂ ਤੋਂ ਸੁਣਿਆ ਸੀ। ਉਸ ਨੇ ਆਪਣੇ ਸ਼ਾਇਰਾਨਾ ਬਿਰਤਾਂਤ ਦੀ ਤਸਦੀਕ ਲਈ ਵਾਕਅੰਸ਼ ‘ਮੈਂ ਡਿੱਠਾ’ ਦਾ ਇਸਤੇਮਾਲ ਕੀਤਾ ਹੈ ਅਤੇ ਸ਼ਾਇਰੀ ਵਿਚ ਅਜਿਹੇ ਢੰਗ-ਤਰੀਕੇ ਉਦੋਂ ਹੀ ਨਹੀਂ, ਬਾਅਦ ਦੇ ਸਮਿਆਂ ਦੌਰਾਨ ਵੀ ਆਮ ਗੱਲ ਸਨ। ਸ਼ਾਹਜਹਾਂ ਦੇ ਦੌਰ ਦਾ ਇਕ ਹੋਰ ਫਾਰਸੀ ਸ਼ਾਇਰ ਸਈਦ ਸਈਦੀ ਆਖਦਾ ਹੈ,
ਦੀਦਮ ਪਿਦਰ ਸ਼ਮੁਕਦਮ
ਦਹਿਰਨਾਮਿਸ਼ਮੋਜੋ ਮਿਆਨ ਮਰਦਾਂ
ਅਫਸਾਨਾ-ਏ-ਹੀਰ ਕਸ ਨ ਗੁਫਤਸਤਅਜ਼
ਕਸ ਨ ਸ਼ਨੀਦਮਏਂ ਹਿਕਾਇਤ
ਅਜ਼ਤ ਬਅਕਸ਼ੀਦਮਏਂ ਹਿਕਾਇਤ।
ਮੈਂ ਹੀਰ ਦੇ ਅੱਬਾ ਨੂੰ ਦੇਖਿਆ, ਜੋ ਚੋਟੀ ਦਾ ਅਹਿਲਕਾਰ ਸੀ। ਉਹ ਮੌਜੂ ਦਾ ਵਾਕਫਕਾਰ ਸੀ। ਹੀਰ ਦੀ ਕਹਾਣੀ ਮੈਨੂੰ ਕਿਸੇ ਨੇ ਨਹੀਂ ਦੱਸੀ; ਮੈਂ ਇਸ ਨੂੰ ਕਿਸੇ ਹੋਰ ਤੋਂ ਨਹੀਂ ਸੁਣਿਆ। ਇਹ ਮੇਰੀ ਆਪਣੀ ਕਲਪਨਾ ਦਾ ਸਿੱਟਾ ਹੈ। ਹੋਰ ਵੀ ਅਨੇਕਾਂ ਅਜਿਹੇ ਤੱਥ ਹਨ, ਜੋ ਸਾਬਤ ਕਰਦੇ ਹਨ ਕਿ ਦਮੋਦਰ ਨੇ ਜਿਸ ਢੰਗ ਨਾਲ ਕਹਾਣੀ ਬਿਆਨੀ ਹੈ, ਉਹ ਉਸ ਵਕਤ ਦਾ ਆਮ ਢੰਗ-ਤਰੀਕਾ ਸੀ।
ਦਮੋਦਰ ਬਿਨਾ ਸ਼ੱਕ ਅਜਿਹਾ ਪਹਿਲਾ ਪੰਜਾਬੀ ਸੀ, ਜਿਸ ਨੇ ਨਾ ਸਿਰਫ ਹੀਰ ਦੀ ਅਪਨਾਈ ਜਾਣ ਵਾਲੀ ਕਹਾਣੀ ਦੀ ਬੁਨਿਆਦ ਰੱਖੀ, ਜਿਸ ਨੂੰ ਪਿਛੋਂ ਹੋਰ ਸੈਂਕੜੇ ਪੰਜਾਬੀ ਸ਼ਾਇਰਾਂ ਨੇ ਅਪਨਾਇਆ, ਸਗੋਂ ਉਹ ਇਸ ਵਿਸ਼ੇ ਦਾ ਪਹਿਲਾ ਵੱਡਾ ਮਾਹਿਰ ਸੀ।
ਉਸ ਦੀ ਕਹਾਣੀ ਲਗਪਗ ਉਹੋ ਹੈ, ਜੋ ਆਮ ਕਰਕੇ ਮਕਬੂਲ ਹੈ ਤੇ ਕਿਰਦਾਰ ਵੀ ਉਹੋ ਹਨ। ਉਸ ਦਾ ਅੰਦਾਜ਼-ਏ-ਬਿਆਨ ਬਾਕਮਾਲ ਹੈ ਅਤੇ ਕਈ ਵਾਰ ਤਾਂ ਉਹ ਸ਼ਾਇਰੀ ਦੀ ਕਲਾ ਦੀਆਂ ਸਿਖਰਾਂ ਛੋਹ ਜਾਂਦਾ ਹੈ। ਉਸ ਵੱਲੋਂ ਵਰਤੀ ਭਾਸ਼ਾ ਵੀ ਉਹੋ ਹੈ, ਜੋ ਝੰਗ, ਫਾਲੀਆ (ਗੁਜਰਾਤ), ਸਰਗੋਧਾ ਤੇ ਮੁਜ਼ੱਫਰਗੜ੍ਹ ਵਿਚ ਬੋਲੀ ਜਾਂਦੀ ਹੈ। ਉਸ ਦਾ ਛੰਦ ਪੂਰੀ ਤਰ੍ਹਾਂ ਵੱਖਰਾ ਹੈ, ਜੋ ਵਿਸ਼ੇਸ਼ ਹੈ ਤੇ ਵਾਰ ਵਜੋਂ ਜਾਣਿਆ ਜਾਂਦਾ ਹੈ। ਹੀਰ-ਰਾਂਝਾ ਦੇ ਨਾਮੀ ਸ਼ਾਇਰਾਂ ਸਮੇਤ ਮਕਬੂਲ ਤੇ ਵਾਰਿਸ ਸ਼ਾਹ ਨੇ ਦਮੋਦਰ ਨਾਲੋਂ ਬਿਲਕੁਲ ਵੱਖਰੇ ਛੰਦ ਦੀ ਵਰਤੋਂ ਕੀਤੀ ਹੈ। ਹੁਣ ਦੇਖੋ ਬੰਦ ਦੀਆਂ ਚਾਰ ਆਖਰੀ ਸਤਰਾਂ,
ਸੁਣ ਕਾਜ਼ੀ ਹਿਕ ਅਰਜ਼ ਅਸਾਡੀ
ਏਹ ਅਕਥ ਕਹਾਣੀ,
ਲੋਹ, ਕਲਮ, ਨ ਅਰਸ਼ ਨ ਕਰਸੀ
ਨ ਨਜ਼ਰੀਂ ਆਵੇ ਪਾਣੀ।
ਜ਼ਮੀਨ, ਜ਼ਮਾਨਾ, ਚੰਦ ਨ ਸੂਰਜ
ਜੋਤੀ ਖੂਬ ਸਮਾਣੀ,
ਸਾਹਬ ਦੀ ਸਹੁੰ, ਸੁਣ ਤੂੰ ਕਾਜ਼ੀ
ਮੈਂ ਰਾਂਝੇ ਦਸਤ ਵਿਕਾਣੀ।
ਐ ਕਾਜ਼ੀ, ਮੇਰੀ ਕਹਾਣੀ ਸੁਣ, ਜੋ ਪਹਿਲਾਂ ਕਦੇ ਨਹੀਂ ਸੁਣਾਈ ਗਈ। ਨਾ ਇਹ ਯਾਦ ਕਿਤਾਬ ਹੈ, ਨਾ ਸੰਕੇਤਕ ਹੈ; ਇਸ ਦਾ ਵਿਸ਼ਾ-ਵਸਤੂ ਨਾ ਸਵਰਗ ਹੈ, ਨਾ ਸ਼ੋਹਰਤ ਦੀ ਥਾਂ; ਨਾ ਸਮੁੰਦਰ ਹੈ, ਨਾ ਧਰਤੀ, ਨਾ ਅਸਮਾਨ, ਨਾ ਸੂਰਜ ਹੈ, ਨਾ ਹੀ ਚੰਦ ਹੈ। ਮੇਰੀ ਕਹਾਣੀ ਸਦੀਵੀ ਰੌਸ਼ਨੀ ਨਾਲ ਜਗਮਗ ਕਰਦੀ ਹੈ। ਦੁਨੀਆਂ ਬਣਾਉਣ ਵਾਲੇ ਕਾਦਰ ਨੇ ਹੀਰ ਦੀ ਰੂਹ ਰਾਂਝੇ ਦੇ ਨਾਂ ਕੀਤੀ ਹੈ।