ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬੱਚਿਆਂ ਨੂੰ ਕਿਵੇਂ ਬਚਾਈਏ

ਡਾ. ਗੁਰਿੰਦਰ ਕੌਰ
14 ਨਵੰਬਰ 2019 ਨੂੰ ਲੈਂਸੈਟ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਮੌਸਮੀ ਤਬਦੀਲੀਆਂ ਦਾ ਸਭ ਤੋਂ ਬੁਰਾ ਪ੍ਰਭਾਵ ਮੌਜੂਦਾ ਪੀੜ੍ਹੀ ਦੇ ਬੱਚਿਆਂ ‘ਤੇ ਪਵੇਗਾ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਲੈਂਸੈਟ ਹਰ ਸਾਲ ਮੌਸਮੀ ਤਬਦੀਲੀਆਂ ਅਤੇ ਸਿਹਤ ਸਬੰਧੀ 41 ਸੂਚਕਾਂ ਨੂੰ ਲੈ ਕੇ ਇਕ ਰਿਪੋਰਟ ਤਿਆਰ ਕਰਦਾ ਹੈ। ਇਸ ਸਾਲ ਲੈਂਸੈਟ ਨੇ ਇਹ ਰਿਪੋਰਟ ਦੁਨੀਆਂ ਦੇ 35 ਅਦਾਰਿਆਂ, ਜਿਨ੍ਹਾਂ ਵਿਚ ਵਿਸ਼ਵ ਸਿਹਤ ਸੰਸਥਾ ਅਤੇ ਵਿਸ਼ਵ ਬੈਂਕ ਵੀ ਸ਼ਾਮਲ ਹਨ, ਦੇ 120 ਮਾਹਿਰਾਂ ਦੀ ਮਦਦ ਨਾਲ ਤਿਆਰ ਕੀਤੀ ਹੈ।

ਰਿਪੋਰਟ ਅਨੁਸਾਰ ਜੇ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਦੀ ਕਟੌਤੀ ਨਾ ਕੀਤੀ ਤਾਂ ਸਾਡੀਆਂ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀਆਂ ਦੀ ਸਿਹਤ ‘ਤੇ ਬਹੁਤ ਹੀ ਬੁਰਾ ਅਸਰ ਪਵੇਗਾ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਜੇ ਦੁਨੀਆਂ ਦੇ ਸਾਰੇ ਦੇਸ਼ ਆਪਣੇ ਅਜੋਕੇ ਤੌਰ-ਤਰੀਕਿਆਂ ‘ਤੇ ਚੱਲ ਕੇ ਵਿਕਾਸ ਕਰਦੇ ਰਹੇ ਤਾਂ ਕਾਰਬਨ ਨਿਕਾਸੀ ਦੀ ਉਚੀ ਦਰ ਨਾਲ ਅੱਜ ਜਨਮ ਲੈਣ ਵਾਲੇ ਬੱਚਿਆਂ ਨੂੰ ਆਪਣੇ 71ਵੇਂ ਜਨਮ ਦਿਨ ਤੱਕ 4 ਡਿਗਰੀ ਸੈਲਸੀਅਸ ਵੱਧ ਤਪਸ਼ ਦਾ ਸਾਹਮਣਾ ਕਰਨਾ ਪਵੇਗਾ।
ਰਿਪੋਰਟ ਅਨੁਸਾਰ ਮੌਸਮੀ ਤਬਦੀਲੀਆਂ ਬੱਚਿਆਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਜੀਵਨ ਦੇ ਹਰ ਪੜਾਅ ‘ਤੇ ਉਨ੍ਹਾਂ ਦੀ ਸਿਹਤ ਨੂੰ ਖਤਰਾ ਬਣਿਆ ਰਹੇਗਾ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆਂ ਦੇ ਕੁਝ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਵਿਚ ਬਾਕੀ ਦੇਸ਼ਾਂ ਨਾਲੋਂ ਬੱਚਿਆਂ ਦੀ ਸਿਹਤ ਉਤੇ ਵੱਧ ਬੁਰਾ ਅਸਰ ਪਵੇਗਾ। ਭਾਰਤ ‘ਤੇ ਵੱਧ ਬੁਰਾ ਅਸਰ ਪੈਣ ਦੇ ਮੁੱਖ ਕਾਰਨ ਵੱਧ ਆਬਾਦੀ, ਗਰੀਬੀ, ਕੁਪੋਸ਼ਣ ਅਤੇ ਸਿਹਤ-ਸੰਭਾਲ ਦੀਆਂ ਸਹੂਲਤਾਂ ਵਿਚ ਕਮੀ ਆਦਿ ਹਨ। ਦੁਨੀਆਂ ਭਰ ਵਿਚ ਬੱਚੇ ਪਹਿਲਾਂ ਹੀ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਦੇ ਨਾਲ ਨਾਲ ਮੌਸਮ ਵਿਚ ਆਏ ਵਿਗਾੜਾਂ ਦੇ ਬੁਰੇ ਪ੍ਰਭਾਵਾਂ ਦੀ ਮਾਰ ਝੱਲ ਰਹੇ ਹਨ। ਭਾਰਤ ਵਿਚ ਬੱਚਿਆਂ ਦੀ ਸਿਹਤ ਉਤੇ ਮੌਸਮੀ ਤਬਦੀਲੀਆਂ ਦੇ ਬੁਰੇ ਅਸਰ ਦੇ ਤੱਥਾਂ ਵਿਚ ਕੋਈ ਅਤਿਕਥਨੀ ਵੀ ਨਹੀਂ। ਤਾਜ਼ਾ ਮਿਸਾਲ ਪਿਛਲੇ ਦੋ ਮਹੀਨਿਆਂ ਤੋਂ ਸਾਰਾ ਉਤਰੀ ਭਾਰਤ ਹਵਾ ਦੇ ਭਿਆਨਕ ਪ੍ਰਦੂਸ਼ਣ ਧੂੰਆਂਖੀ ਧੁੰਦ ਦੀ ਮਾਰ ਝੱਲ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਨਾਲ ਹਰ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਦੇ ਨਾਲ ਨਾਲ ਦਿਲ, ਫੇਫੜਿਆਂ, ਚਮੜੀ ਆਦਿ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ।
ਲੈਂਸੈਟ ਦੀ ਰਿਪੋਰਟ ਅਨੁਸਾਰ ਇਕੱਲੇ ਭਾਰਤ ਵਿਚ 2016 ਤੋਂ 2018 ਤੱਕ ਪੀ. ਐਮ. 2.5 ਦੀ ਮਾਤਰਾ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ 5,29,500 ਲੋਕ ਸਮੇਂ ਤੋਂ ਪਹਿਲਾਂ ਮਰ ਗਏ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਕਿ ਇਨ੍ਹਾਂ ਵਿਚੋਂ 97,400 ਮੌਤਾਂ ਕੋਲਾ ਬਾਲਣ ਨਾਲ ਪੈਦਾ ਹੋਏ ਧੂੰਏ ਕਾਰਨ ਹੋਈਆਂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ 2017 ਵਿਚ ਦਿੱਲੀ ਦੀ ਹਵਾ ਵਿਚ ਪੀ. ਐਮ. 2.5 ਦੀ ਸਾਲਾਨਾ ਔਸਤ ਮਾਤਰਾ 115 ਮਾਈਕਰੋ ਗਰਾਮ ਪ੍ਰਤੀ ਘਣ ਮੀਟਰ ਸੀ, ਜੋ ਕੌਮਾਂਤਰੀ ਮਾਪਦੰਡਾਂ ਤੋਂ 11 ਗੁਣਾਂ ਵੱਧ ਸੀ ਅਤੇ ਅੱਜ ਕੱਲ ਦਿੱਲੀ ਦੇ ਨਾਲ ਲੱਗਦੇ ਕਰੀਬ ਸਾਰੇ ਉਤਰੀ ਭਾਰਤ ਵਿਚ ਇਨ੍ਹਾਂ ਕਣਾਂ (ਪੀ. ਐਮ. 2.5) ਦੀ ਮਾਤਰਾ ਕਈ ਥਾਂਵਾਂ ‘ਤੇ 400 ਮਾਈਕਰੋ ਗਰਾਮ ਪ੍ਰਤੀ ਘਣ ਮੀਟਰ ਤੋਂ ਵੀ ਵੱਧ ਹੈ। ਅਸਲ ਪੀ. ਐਮ 2.5 ਮਿੱਟੀ ਅਤੇ ਧੂੰਏ ਦੇ ਮਹੀਨ ਕਣ ਹਨ, ਜੋ ਸਾਹ ਰਾਹੀਂ ਅੰਦਰ ਜਾ ਕੇ ਫੇਫੜਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਬੱਚਿਆਂ ਦੇ ਫੇਫੜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਹੁੰਦੇ, ਜਿਸ ਕਰਕੇ ਉਹ ਇਸ ਪ੍ਰਦੂਸ਼ਣ ਨਾਲ ਕਾਫੀ ਪ੍ਰਭਾਵਿਤ ਹੁੰਦੇ ਹਨ ਅਤੇ ਜਿਸ ਨਾਲ ਉਨ੍ਹਾਂ ਨੂੰ ਸਾਰੀ ਉਮਰ ਸਾਹ ਦੀਆਂ ਨਾ-ਮੁਰਾਦ ਬਿਮਾਰੀਆਂ ਨਾਲ ਜੂਝਣਾ ਪੈ ਜਾਂਦਾ ਹੈ।
ਦਿੱਲੀ ਵਿਚ ਕਈ ਦਿਨ ਸਕੂਲ ਬੰਦ ਰਹੇ ਅਤੇ ਬੱਚਿਆਂ ਨੂੰ ਹਵਾ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਦਿੱਲੀ ਸਰਕਾਰ ਨੇ ਮਾਸਕ ਵੀ ਵੰਡੇ। ਡਬਲਿਓ. ਐਚ. ਓ. ਦੀ ਇਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ 2016 ਵਿਚ 6,00,000 ਬੱਚਿਆਂ ਦੀ ਮੌਤ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣ ਕਾਰਨ ਹੋ ਗਈ ਸੀ ਅਤੇ 90 ਫੀਸਦੀ ਲੋਕ ਹਰ ਰੋਜ਼ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਂਦੇ ਹਨ।
ਲੈਂਸੈਟ ਦੀ ਇਕ ਹੋਰ ਰਿਪੋਰਟ ਅਨੁਸਾਰ 2015 ਵਿਚ 1.8 ਮਿਲੀਅਨ ਲੋਕਾਂ ਦੀ ਮੌਤ ਪ੍ਰਦੂਸ਼ਿਤ ਪਾਣੀ ਪੀਣ ਨਾਲ ਹੋਈ ਸੀ ਅਤੇ ਇਕ ਬਿਲੀਅਨ ਲੋਕ ਹਰ ਸਾਲ ਪ੍ਰਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋ ਜਾਂਦੇ ਹਨ। ਪ੍ਰਦੂਸ਼ਿਤ ਪਾਣੀ ਕਾਰਨ ਭਾਰਤ ਵਿਚ 1980 ਤੋਂ ਹਰ ਸਾਲ ਹੈਜ਼ੇ ਦੇ ਮਰੀਜਾਂ ਦੀ ਗਿਣਤੀ ਵਿਚ 3 ਫੀਸਦੀ ਵਾਧਾ ਹੋ ਰਿਹਾ ਹੈ। ਪ੍ਰਦੂਸ਼ਿਤ ਪਾਣੀ ਨਾਲ ਸਬੰਧਿਤ ਬਿਮਾਰੀਆਂ ਨਾਲ ਦੁਨੀਆਂ ਵਿਚ ਹਰ ਰੋਜ 6,000 ਬੱਚੇ ਮਰਦੇ ਹਨ। ਡਬਲਿਊ. ਐਚ. ਓ. ਦੀ 2015 ਦੀ ਇਕ ਰਿਪੋਰਟ ਅਨੁਸਾਰ ਪੰਜ ਸਾਲ ਤੋਂ ਛੋਟੀ ਉਮਰ ਦੇ 321 ਬੱਚੇ ਹਰ ਰੋਜ਼ ਦਸਤ ਅਤੇ ਉਲਟੀਆਂ ਲੱਗਣ ਕਾਰਨ ਮਰ ਜਾਂਦੇ ਹਨ।
ਤਾਪਮਾਨ ਦੇ ਵਾਧੇ ਨਾਲ ਫਸਲਾਂ ਦੇ ਔਸਤ ਉਤਪਾਦਨ ਵਿਚ ਵੀ ਤੇਜ਼ੀ ਨਾਲ ਕਮੀ ਆ ਰਹੀ ਹੈ, ਜਿਸ ਨਾਲ ਭਾਰਤ ਜਿਹੇ ਵੱਧ ਆਬਾਦੀ ਵਾਲੇ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਖਤਰਾ ਖੜ੍ਹਾ ਹੋ ਜਾਵੇਗਾ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਜਾਣਗੀਆਂ। ਦੁੱਖ ਦੀ ਗੱਲ ਹੈ ਕਿ ਭਾਰਤ ਵਿਚ ਅੱਜ ਤੱਕ ਵੀ ਲੋਕ ਇੰਨੇ ਗਰੀਬ ਹਨ ਕਿ ਉਨ੍ਹਾਂ ਨੂੰ ਪੇਟ ਭਰ ਖਾਣਾ ਨਹੀਂ ਮਿਲਦਾ। ਗਲੋਬਲ ਹੰਗਰ ਇੰਡੈਕਸ 2019 ਅਨੁਸਾਰ 117 ਦੇਸ਼ਾਂ ਵਿਚੋਂ ਭਾਰਤ ਦਾ 102ਵਾਂ ਸਥਾਨ ਹੈ। ਸਾਡੇ ਦੇਸ਼ ਵਿਚ ਚਾਰ ਵਿਚੋਂ ਇਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਅਤੇ ਪੰਜ ਸਾਲਾਂ ਤੋਂ ਛੋਟੇ ਦੋ-ਤਿਹਾਈ ਬੱਚਿਆਂ ਦੀ ਮੌਤ ਕੁਪੋਸ਼ਣ ਕਾਰਨ ਹੋ ਰਹੀ ਹੈ। ਤਾਪਮਾਨ ਵਾਧੇ ਨਾਲ ਫਸਲਾਂ ਦੇ ਉਤਪਾਦਨ ਵਿਚ ਹੋਰ ਕਮੀ ਆਉਣ ਨਾਲ ਮੌਤ ਦਰ ਹੋਰ ਵਧੀ ਹੈ।
ਤਾਪਮਾਨ ਦੇ ਵਾਧੇ ਨਾਲ ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਵੇਂ ਅੱਤ ਦੀ ਗਰਮੀ ਅਤੇ ਸਰਦੀ ਦੇ ਦਿਨਾਂ ਵਿਚ ਵਾਧਾ ਹੋਣਾ। 2015 ਵਿਚ ਦੱਖਣੀ ਭਾਰਤ ਵਿਚ ਗਰਮ ਹਵਾਵਾਂ ਚੱਲਣ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ। 2019 ਵਿਚ ਉਤਰੀ ਭਾਰਤ ਵਿਚ ਅਪਰੈਲ ਦੇ ਪਹਿਲੇ ਹਫਤੇ ਹੀ ਕਈ ਥਾਂਵਾਂ ‘ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਤੇ ਆਂਕਿਆ ਗਿਆ ਸੀ। ਦੱਖਣੀ ਭਾਰਤ ਦੇ ਕਈ ਰਾਜਾਂ ਵਿਚ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅੰਤਰ ਤੇਜ਼ੀ ਨਾਲ ਘਟ ਰਿਹਾ ਹੈ। ਮੌਨਸੂਨ ਪੌਣਾਂ ਦਾ ਸਮੇਂ ਤੋਂ ਪਹਿਲਾਂ ਜਾਂ ਪਿਛੋਂ ਆਉਣਾ ਵੀ ਮੌਸਮੀ ਤਬਦੀਲੀਆਂ ਦਾ ਸੁਨੇਹਾ ਦਿੰਦਾ ਭਾਰੀ ਨੁਕਸਾਨ ਕਰਦਾ ਹੈ, ਜਿਵੇਂ 2013 ਵਿਚ ਸਮੇਂ ਤੋਂ ਪਹਿਲਾਂ ਆਈਆਂ ਮੌਨਸੂਨ ਪੌਣਾਂ ਅਤੇ 2014 ਵਿਚ ਸ੍ਰੀਨਗਰ ਤੇ 2015 ਵਿਚ ਚੇਨੱਈ ਵਿਚ ਮੁੜਦੀਆਂ ਮੌਨਸੂਨ ਪੌਣਾਂ ਨੇ ਭਾਰੀ ਤਬਾਹੀ ਮਚਾਈ ਸੀ।
ਭਾਰਤ ਵਿਚ ਥੋੜ੍ਹੇ ਸਮੇਂ ਵਿਚ ਭਾਰੀ ਮੀਂਹ ਪੈਣ ਦੀਆਂ ਘਟਨਾਵਾਂ ਵਿਚ 1950 ਤੋਂ 2015 ਤੱਕ 3 ਗੁਣਾਂ ਵਾਧਾ ਹੋਇਆ ਹੈ, ਜਿਸ ਨਾਲ ਹਰ ਸਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਵੇਂ ਪਿਛਲੇ ਦੋ ਦਹਾਕਿਆਂ ਵਿਚ ਦੁਨੀਆਂ ਦੇ ਕੁਝ ਦੇਸ਼ਾਂ ਨੂੰ ਛੱਡ ਕੇ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਬਾਕੀ ਦੇਸ਼ਾਂ ਵਿਚ ਹੜ੍ਹਾਂ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਕਮੀ ਆਈ ਹੈ, ਪਰ ਭਾਰਤ ਵਿਚ ਹੜ੍ਹ ਨਾਲ ਹੋਣ ਵਾਲੀਆਂ ਮੌਤਾਂ ਵਿਚ ਹਾਲੇ ਵੀ ਵਾਧਾ ਹੋ ਰਿਹਾ ਹੈ। 1996 ਤੋਂ 2006 ਤੱਕ 13,660 ਲੋਕਾਂ ਦੀ ਮੌਤ ਹੜ੍ਹਾਂ ਕਾਰਨ ਹੋਈ ਸੀ, ਜਿਨ੍ਹਾਂ ਦੀ ਗਿਣਤੀ 2006 ਤੋਂ 2015 ਤੱਕ ਦੇ ਅਰਸੇ ਵਿਚ ਵਧ ਕੇ 15,860 ਹੋ ਗਈ ਸੀ। ਹੜ੍ਹ ਆਉਣ ਪਿਛੋਂ ਹੈਜ਼ਾ, ਮਲੇਰੀਆ ਅਤੇ ਡੇਂਗੂ ਜਿਹੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ, ਜਿਸ ਦਾ ਅਸਰ ਗਰੀਬੀ ਦੇ ਭੰਨੇ ਕਮਜ਼ੋਰ ਅਤੇ ਕੁਪੋਸ਼ਿਤ ਬੱਚਿਆਂ ‘ਤੇ ਵੱਧ ਪੈਂਦਾ ਹੈ।
2014 ਵਿਚ ਆਈ. ਪੀ. ਸੀ. ਸੀ. ਦੀ ਮੌਸਮੀ ਤਬਦੀਲੀਆਂ ਸਬੰਧੀ ਆਈ ਇਕ ਰਿਪੋਰਟ ਵਿਚ ਇਹ ਸਾਫ ਤੌਰ ‘ਤੇ ਖੁਲਾਸਾ ਕੀਤਾ ਗਿਆ ਸੀ ਕਿ ਤਾਪਮਾਨ ਦੇ ਵਾਧੇ ਨਾਲ ਕੁਦਰਤੀ ਆਫਤਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ, ਜਿਸ ਨਾਲ ਫਸਲਾਂ ਦਾ ਝਾੜ ਘਟੇਗਾ ਅਤੇ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਸੋਕੇ ਦੇ ਹਾਲਾਤ ਪੈਦਾ ਹੋ ਜਾਣਗੇ। ਉਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਭਵਿੱਖ ਵਿਚ ਕੌਮਾਂਤਰੀ ਪੱਧਰ ‘ਤੇ ਪਾਣੀ ਦੀ ਥੁੜ੍ਹ ਕਾਰਨ ਵੀ ਲੜਾਈਆਂ ਹੋ ਸਕਦੀਆਂ ਹਨ। ਇਸ ਰਿਪੋਰਟ ਦੇ ਖੁਲਾਸੇ ਪਿਛੋਂ ਭਾਵੇਂ ਦੁਨੀਆਂ ਦੇ ਸਾਰੇ ਦੇਸ਼ਾਂ ਨੇ ਇੱਕਜੁੱਟ ਹੋ ਕੇ 2015 ਵਿਚ ਪੈਰਿਸ ਮੌਸਮੀ ਸੰਧੀ ਦੀ ਰੂਪ-ਰੇਖਾ ਉਲੀਕੀ ਸੀ, ਪਰ ਹਾਲੇ ਤੱਕ ਉਸ ਨੂੰ ਕਿਸੇ ਵੀ ਦੇਸ਼ ਨੇ ਅਮਲ ਵਿਚ ਲਿਆਉਣਾ ਸ਼ੁਰੂ ਨਹੀਂ ਕੀਤਾ।
22 ਸਤੰਬਰ 2019 ਨੂੰ ਮੌਸਮੀ ਤਬਦੀਲੀਆਂ ਨਾਲ ਸਬੰਧਿਤ ਜਾਰੀ ਹੋਈ ‘ਯੂਨਾਈਟਿਡ ਇਨ ਸਾਇੰਸ’ ਨਾਂ ਦੀ ਇਕ ਰਿਪੋਰਟ ਅਨੁਸਾਰ ਧਰਤੀ ਦਾ ਔਸਤ ਤਾਪਮਾਨ 2015 ਤੋਂ 2019 ਤੱਕ ਉਦਯੋਗੀਕਰਨ ਦੇ ਸਮੇਂ ਤੋਂ ਪਹਿਲਾਂ ਦੇ ਔਸਤ ਤਾਪਮਾਨ ਤੋਂ 1.1 ਡਿਗਰੀ ਸੈਲਸੀਅਸ ਵਧ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਹਾਲੇ 1.1 ਡਿਗਰੀ ਸੈਲਸੀਅਸ ਤਾਪਮਾਨ ਵਧਣ ਨਾਲ ਹੀ ਕੁਦਰਤੀ ਆਫਤਾਂ ਦੀ ਮਾਰ ਵਿਚ ਇੰਨਾ ਵਾਧਾ ਹੋ ਗਿਆ ਹੈ ਤਾਂ 4 ਡਿਗਰੀ ਸੈਲਸੀਅਸ ਤਾਪਮਾਨ ਦੇ ਵਾਧੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੀ ਜਿਉਂਦੀਆਂ ਵੀ ਰਹਿ ਸਕਣਗੀਆਂ? ਜੇ ਹਾਂ, ਤਾਂ ਕਿਹੋ ਜਿਹੀ ਹਾਲਤ ਵਿਚ? ਨਹੀਂ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ?
ਮੌਸਮੀ ਤਬਦੀਲੀਆਂ ਦੀ ਮਾਰ ਦੀ ਭਿਆਨਕਤਾ ਨੂੰ ਦੇਖਦਿਆਂ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਦੁਨੀਆਂ ਭਰ ਦੇ ਬੱਚਿਆਂ ਨਾਲ ਟਵਿਟਰ, ਫੇਸਬੁੱਕ ਆਦਿ ਰਾਹੀਂ ਜੁੜ ਕੇ ਧਰਤੀ ਉਤੇ ਵਧਦੇ ਤਾਪਮਾਨ ‘ਤੇ ਠੱਲ੍ਹ ਪਾਉਣ ਲਈ ‘ਫਰਾਈਡੇਅ ਫਾਰ ਫਿਊਚਰ’ ਅਤੇ ‘ਕਲਾਈਮੇਟ ਸਟਰਾਈਕ’ ਮੁਹਿੰਮ ਚਲਾਈ ਹੈ, ਜਿਸ ਨਾਲ ਇਹ ਬੱਚੇ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਗੁਹਾਰ ਲਾ ਰਹੇ ਹਨ ਕਿ ਜੇ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਦੀ ਜ਼ਰਾ ਜਿੰਨੀ ਵੀ ਪਰਵਾਹ ਕਰਦੇ ਹੋ ਤਾਂ ਬਿਨਾ ਸਮਾਂ ਗੁਆਏ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਕਰਨੀ ਸ਼ੁਰੂ ਕਰ ਦੇਵੋ। ਹੁਣ ਸਾਡੇ ਕੌਮਾਂਤਰੀ ਨੇਤਾਵਾਂ ਨੂੰ ਹੋਰ ਦੇਰੀ ਕੀਤੇ ਬਿਨਾ ਆਪਣੇ ਸੌੜੇ ਆਰਥਕ ਅਤੇ ਰਾਜਸੀ ਹਿੱਤਾਂ ਨੂੰ ਲਾਂਭੇ ਰੱਖ ਕੇ ਵਿਗਿਆਨੀਆਂ ਦੀ ਸਲਾਹ ਮੰਨ ਕੇ ਹਰ ਤਰ੍ਹਾਂ ਦੇ ਤਾਪਮਾਨ ਵਿਚ ਵਾਧਾ ਕਰਨ ਵਾਲੀਆਂ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਕਰਨ ਦੇ ਕੌਮੀ ਤੇ ਕੌਮਾਂਤਰੀ ਪੱਧਰ ਉਤੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਨੂੰ ਚਾਹੀਦਾ ਹੈ ਕਿ ਵਾਤਾਵਰਣ ਦੇ ਮੁੱਦਿਆਂ ਉਤੇ ਜਾਗਰੂਕ ਹੋਏ ਬੱਚਿਆਂ ਦੀ ਗੱਲ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੀ ਥਾਂ ਵਾਤਾਵਰਣ ਵਿਚ ਆ ਰਹੀਆਂ ਤਬਦੀਲੀਆਂ ‘ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਸ਼ੁਰੂ ਕਰ ਦੇਣ ਤਾਂ ਕਿ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

ਪ੍ਰੋਫੈਸਰ, ਜਿਓਗਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।