ਜੇ.ਐਨ.ਯੂ. ਹੋਣ ਦਾ ਮਤਲਬ

ਭਗਵੇਂ ਸੱਤਾਧਾਰੀਆਂ ਨੇ ਜੇ.ਐਨ.ਯੂ. (ਨਵੀਂ ਦਿੱਲੀ) ਨੂੰ ਬਦਨਾਮ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਹੈ; ਪਰ ਇਹ ਨਿਆਰੀ ਯੂਨੀਵਰਸਿਟੀ ਸਮਾਜ ਲਈ ਕਿੰਨੀ ਅਹਿਮ ਹੈ, ਇਹ ਉਹੀ ਸਮਝ ਸਕਦੇ ਹਨ, ਜਿਨ੍ਹਾਂ ਨੇ ਇਸ ਨੂੰ ਨੇੜਿਓਂ ਦੇਖਿਆ ਹੈ। ਅੰਕਿਤ ਪਾਂਡੇ, ਜਿਸ ਨੇ ਐਮ. ਏ. ਉਤਰ ਪ੍ਰਦੇਸ਼ ਦੇ ਬਲਰਾਮਪੁਰ ਦੇ ਸਾਧਾਰਨ ਕਾਲਜ ਤੋਂ ਕੀਤੀ, ਵਲੋਂ ਬਿਆਨ ਕੀਤਾ ਅਨੁਭਵ ਇਸ ਯੂਨੀਵਰਸਿਟੀ ਦੇ ਮਹੱਤਵ ਦੀ ਗਵਾਹੀ ਹੈ। ਪੇਸ਼ ਹੈ, ਇਸ ਲਿਖਤ ਦਾ ਅਨੁਵਾਦ, ਜੋ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਅੰਕਿਤ ਪਾਂਡੇ
ਅਨੁਵਾਦ: ਬੂਟਾ ਸਿੰਘ
ਫੋਨ: +91-94634-74342
2016 ‘ਚ ਜਦ ਮੈਂ ਪਹਿਲੀ ਵਾਰ ਜੇ. ਐਨ. ਯੂ. ਆਇਆ, ਚੇਤੇ ਆਉਂਦਾ ਹੈ ਉਹ ਪਹਿਲਾ ਦਿਨ ਜਦ ਮੈਂ ਸਾਬਰਮਤੀ ਢਾਬੇ ‘ਤੇ ਲੈਫਟ, ਏ. ਬੀ. ਵੀ. ਪੀ., ਬਾਪਸਾ, ਓ.ਵੀ.ਸੀ. ਫੋਰਮ ਦੇ ਵਿਦਿਆਰਥੀ ਬਹਿਸ ਕਰਦੇ ਦੇਖੇ। ਸਾਰੇ ਮਿਲ ਕੇ ਲੈਫਟ ਦੀ ਆਲੋਚਨਾ ਕਰ ਰਹੇ ਸਨ ਤੇ ਲੈਫਟ ਦਾ ਵਿਦਿਆਰਥੀ ਹਲੀਮੀ ਨਾਲ ਸਫਾਈ ਦੇ ਰਿਹਾ ਸੀ।
ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇੰਨੇ ਸ਼ਿਸ਼ਟਾਚਾਰੀ ਲੜਕੇ ਦੀ ਖਿਚਾਈ ਕਿਉਂ ਹੋ ਰਹੀ ਹੈ, ਪਰ ਥੋੜ੍ਹੀ ਦੇਰ ਪਿਛੋਂ ਗੱਲ ਬਦਲ ਗਈ ਅਤੇ ਬਾਪਸਾ (ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ) ਵਾਲੇ ਦਾ ਵੀ ਉਹੀ ਹਾਲ ਹੋਇਆ। ਉਹ ਵੀ ਸਫਾਈ ਦੇਣ ਲੱਗਾ। ਅਖੀਰ ‘ਚ ਸਭ ਮਿਲ ਕੇ ਬ੍ਰਾਹਮਣਵਾਦ ਦੀ ਆਲੋਚਨਾ ਕਰਨ ਲੱਗੇ। ਹੁਣ ਮੈਂ ਖੁਦ ਨੂੰ ਰੋਕ ਨਹੀਂ ਸਕਿਆ ਲੇਕਿਨ ਕਰਦਾ ਵੀ ਕੀ। ਮੈਂ ਇਕੱਲਾ ਉਹ ਪੰਜ, ਮਾਰ ਵੀ ਨਹੀਂ ਸਕਦਾ ਸੀ, ਗੁੱਸੇ ਨਾਲ ਜ਼ਮੀਨ ਖੁਰਚਦਾ ਰਿਹਾ। ਜੇ.ਐਨ.ਯੂ. ਵਿਚ ਆਉਣ ਤੋਂ ਪਹਿਲਾਂ ਮੈਂ ਕੱਟੜ ਹਿੰਦੂਵਾਦੀ ਜਾਂ ਅੱਜ ਦੀ ਨਜ਼ਰ ਵਿਚ ‘ਮੀਡੀਆ ਵਾਲਾ ਰਾਸ਼ਟਰਵਾਦੀ’ ਸੀ।
ਉਸ ਪਹਿਲੀ ਘਟਨਾ ਨੇ ਮੈਨੂੰ ਹਿਲਾ ਦਿੱਤਾ। ਗੁੱਸੇ ਨਾਲ ਭਰਿਆ-ਪੀਤਾ ਕਮਰੇ ਵਿਚ ਗਿਆ, ਸਮਾਨ ਬੰਨ੍ਹਿਆ, ਦੋਸਤ ਨੂੰ ਬੋਲਿਆ ਕਿ ਇਨ੍ਹਾਂ ਦੇਸ਼ਧ੍ਰੋਹੀਆਂ ਨਾਲ ਰਹਿਣਾ ਹੈ ਯਾਰ? ਦੋਸਤ ਬੋਲਿਆ ਕਿ ਉਥੇ ਕੋਈ ਐਸੀ ਗੱਲ ਲੱਗੀ ਜਿਸ ਵਿਚ ਮੁਲਕ ਦੀ ਬੁਰਾਈ ਕੀਤੀ ਗਈ ਹੋਵੇ? ਮੁਲਕ ਦੀ ਬੁਰਾਈ ਅਤੇ ਮੁਲਕ ਦੇ ਅੰਦਰ ਸਰਕਾਰ ਦੀਆਂ ਨੀਤੀਆਂ ਦੀ ਬੁਰਾਈ ਵਿਚ ਬਹੁਤ ਫਰਕ ਹੈ। ਇਹ ਸੁਣ ਕੇ ਮੈਂ ਥੋੜ੍ਹਾ ਸੋਚਣ ਲਈ ਮਜਬੂਰ ਹੋ ਗਿਆ।
ਇਕ ਹੋਰ ਘਟਨਾ ਚੇਤੇ ਆਉਂਦੀ ਹੈ। ਜੇ.ਐਨ.ਯੂ. ਆਉਣ ਤੋਂ ਪਹਿਲਾਂ ਰੋਜ਼ ਸ਼ਾਮ ਨੂੰ ਅਸੀਂ ਪਿੰਡ ਵਿਚ ਚਾਚਿਆਂ ਅਤੇ ਹੋਰ ਬਜ਼ੁਰਗਾਂ ਨਾਲ ਬੈਠ ਕੇ ਦੇਸ਼-ਦੁਨੀਆ, ਕੰਮ ਅਤੇ ਤਮਾਮ ਮੁੱਦਿਆਂ ਉਪਰ ਚਰਚਾ ਕਰਦੇ ਹੁੰਦੇ ਸੀ। ਉਥੇ ਅਕਸਰ ਵੱਡੇ ਬੱਚਿਆਂ ਤੋਂ ਸਵਾਲ ਪੁੱਛਦੇ। ਜਵਾਬ ਨਾ ਦੇ ਸਕਣ ‘ਤੇ ਪਿਛਲੀ ਸਾਰੀ ਪੜ੍ਹਾਈ ਨੂੰ ਰੱਦ ਕਰਕੇ ਜ਼ਲੀਲ ਕਰਨਾ ਆਮ ਗੱਲ ਸੀ। ਇਕ ਸ਼ਾਮ ਰਾਖਵਾਂਕਰਨ ਉਪਰ ਗੱਲ ਹੋ ਰਹੀ ਸੀ। ਚਾਚੇ ਨੇ ਪੁੱਛਿਆ- ਕਿੰਨਾ ਫੀਸਦੀ ਕਿਸ ਨੂੰ ਮਿਲਦਾ ਹੈ। ਮੈਂ ਦੱਸਿਆ ਜ਼ਰੂਰ, ਲੇਕਿਨ ਉਨ੍ਹਾਂ ਨੇ ਜੋ ਸੁਣਾਇਆ, ਉਸ ਤੋਂ ਲੱਗਿਆ ਕਿ ਗਲਤ ਹੀ ਹੋਵੇਗਾ। ਫਿਰ ਕਦੇ-ਕਦੇ ਸੋਚਦਾ ਸੀ ਕਿ ਕਿਤਾਬਾਂ ਲੈ ਕੇ ਆਵਾਂਗਾ, ਸਭ ਪੜ੍ਹ ਲਵਾਂਗਾ, ਫਿਰ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ; ਪਰ ਫਿਰ ਮਨ ਵਿਚ ਸਵਾਲ ਉਠਦਾ ਕਿ ਕਿਹੜੀ ਕਿਤਾਬ, ਹੋਰ ਕਿੰਨੀਆਂ ਕਿਤਾਬਾਂ ਪੜ੍ਹ ਲਵਾਂ, ਜਿਸ ਵਿਚ ਇਹ ਛੋਟੇ ਅਤੇ ਵਿਹਾਰਕ ਜਵਾਬ ਮਿਲ ਜਾਣ, ਜਿਸ ਨਾਲ ਉਨ੍ਹਾਂ ਲੋਕਾਂ ਦੇ ਹਰ ਸਵਾਲ ਦਾ ਜਵਾਬ ਮੇਰੇ ਕੋਲ ਹੋਵੇ।
ਹਾਲ ਹੀ ਵਿਚ ਜਦ ਰਾਖਵਾਂਕਰਨ ਉਪਰ ਚਰਚਾ ਹੋਣ ਲੱਗੀ ਤਾਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਹੜੇ ਰਾਜ ਵਿਚ ਰਾਖਵਾਂਕਰਨ ਕਿੰਨਾ, ਕਿਸ ਨੂੰ ਅਤੇ ਕਿਉਂ ਮਿਲਦਾ ਹੈ। ਉਹ ਲੋਕ ਗੰਭੀਰਤਾ ਨਾਲ ਸੁਣਨ ਲੱਗੇ ਅਤੇ ਉਨ੍ਹਾਂ ਦੇ ਹਰ ਸਵਾਲ ਦੇ ਮੈਂ ਦੋ-ਤਿੰਨ ਜਵਾਬ ਦਿੱਤੇ। ਉਸ ਜਵਾਬ ਉਪਰ ਵੀ ਸਵਾਲ ਕਰਨ ਲੱਗਾ। ਉਨ੍ਹਾਂ ਨੂੰ ਲੱਗਣ ਲੱਗਿਆ ਕਿ ਮੇਰੀ ਸਮਝਦਾਰੀ ਵਿਕਸਤ ਹੋ ਰਹੀ ਹੈ। ਹੁਣ ਸੋਚਦਾ ਹਾਂ ਕਿ ਅਸੀਂ ਉਨ੍ਹਾਂ ਸਭ ਮੁੱਦਿਆਂ ਉਪਰ ਤਾਂ ਕੋਈ ਕਿਤਾਬ ਪੜ੍ਹੀ ਨਹੀਂ, ਫਿਰ ਲੋਕਾਂ ਨਾਲ ਵਧੀਆ ਡਿਬੇਟ ਕਿਵੇਂ ਕਰ ਲਈ ਅਤੇ ਇਨ੍ਹਾਂ ਸਭ ਨਿੱਕੇ ਸਵਾਲਾਂ ਦਾ ਸਟੀਕ ਜਵਾਬ ਮੈਨੂੰ ਕਿਵੇਂ ਸੁੱਝ ਗਿਆ?
ਇਹ ਸਭ ਅਸੀਂ ਜੇ.ਐਨ.ਯੂ. ਦੇ ਢਾਬਿਆਂ ਉਪਰ ਪੰਜ ਰੁਪਏ ਦੀ ਚਾਹ ਪੀ ਕੇ, ਸਾਰੀ-ਸਾਰੀ ਰਾਤ 5-10 ਰਿਸਰਚ ਸਕਾਲਰਾਂ ਨਾਲ ਬੈਠ ਕੇ ਸਿੱਖਿਆ। ਹਾਸੇ ਮਜ਼ਾਕ ਵਿਚ ਦੇਸ਼ ਦੁਨੀਆ ਦੀ ਜਾਣਕਾਰੀ ਅਤੇ ਨਿਰਮਾਣਤਾ ਨਾਲ ਬਹਿਸ ਕਰਨਾ, ਨਾਲ ਹੀ ਘੱਟ ਜਾਣਕਾਰੀ ਉਪਰ ਵੀ ਤਰਕਪੂਰਨ ਗੱਲਾਂ ਨਾਲ ਬਹਿਸ ਵਿਚ ਡਟੇ ਰਹਿਣਾ, ਇਹ ਸਭ ਮੈਂ ਸਿੱਖਿਆ ਜੋ ਸ਼ਾਇਦ ਹੀ ਕੋਈ ਕਿਤਾਬ ਸਿਖਾ ਸਕੇ। ਜਿਨ੍ਹਾਂ ਮਹਾਨ ਲੇਖਕਾਂ ਦਾ ਨਾਮ ਵੀ ਮੈਂ ਨਹੀਂ ਸੁਣਿਆ, ਉਹ ਮਹਾਨ ਲੋਕ ਜੋ ਸਾਡੀਆਂ ਕਿਤਾਬਾਂ ਦੇ ਇਕ ਪੰਨੇ ਤਕ ਸਿਮਟ ਗਏ ਹਨ ਜਾਂ ਉਥੇ ਵੀ ਜਗ੍ਹਾ ਨਹੀਂ ਮਿਲੀ, ਐਸੇ ਸਾਰੇ ਲੋਕਾਂ ਦੀ ਪੂਰੀ ਸ਼ਖਸੀਅਤ, ਜੀਵਨ, ਉਨ੍ਹਾਂ ਦਾ ਸੰਘਰਸ਼ ਅਤੇ ਉਨ੍ਹਾਂ ਦੀਆਂ ਕਹੀਆਂ ਸਾਰੀਆਂ ਗੱਲਾਂ ਜੇ.ਐਨ.ਯੂ. ਦੀਆਂ ਦੀਵਾਰਾਂ ਉਪਰ ਲਗਾਏ ਪੋਸਟਰਾਂ ਨੂੰ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ।
ਜੇ.ਐਨ.ਯੂ. ਪ੍ਰਸ਼ਾਸਨ ਨੇ ਕੀ ਸੋਚ ਕੇ ਸਾਰੀਆਂ ਦੀਵਾਰਾਂ ਉਪਰੋਂ ਮੁਹਿੰਮ ਚਲਾ ਕੇ ਪੋਸਟਰ ਹਟਾ ਦਿੱਤੇ? ਸਾਰੇ ਢਾਬਿਆਂ ਨੂੰ 11 ਵਜੇ ਬੰਦ ਕਰਨ ਦਾ ਫਰਮਾਨ ਕਿਉਂ ਜਾਰੀ ਕੀਤਾ ਗਿਆ ਸਿਵਾਏ ਗੰਗਾ ਢਾਬਾ ਦੇ? ਸਮਝ ਨਹੀਂ ਆਉਂਦਾ। ਸਿਰਫ ਦੁੱਖ ਹੁੰਦਾ ਹੈ।
ਕਿੰਨੇ ਆਟੋ ਵਾਲੇ ਜਾਂ ਜੇ.ਐਨ.ਯੂ. ਦੇ ਬਾਹਰ ਰਹਿ ਰਹੇ ਵਿਦਿਆਰਥੀ ਇਥੇ ਮੈੱਸ ਵਿਚ ਖਾਂਦੇ ਹਨ, ਕਿਉਂਕਿ ਖਾਣਾ ਸਸਤਾ ਮਿਲਦਾ ਹੈ। ਪ੍ਰਸ਼ਾਸਨ ਨੂੰ ਇਹ ਵੀ ਹਜ਼ਮ ਨਹੀਂ ਹੋਇਆ। ਮੈੱਸ ਦੀ ਫੀਸ ਵਧਾ ਦਿੱਤੀ। ਵਿਦਿਆਰਥੀਆਂ ਨੇ ਵਿਰੋਧ ਕੀਤਾ। ਇਸੇ ਲਈ ਮੀਡੀਆ ਕਹਿ ਰਿਹਾ ਹੈ ਕਿ ਮੁਫਤ ਖਾਂਦੇ ਹਨ। ਪਾਰਲੀਮੈਂਟ ਕੈਂਟੀਨ ਵਿਚ ਜੇ.ਐਨ.ਯੂ. ਨਾਲੋਂ ਵੀ ਅੱਧੇ ਤੋਂ ਵੀ ਘੱਟ ਰੇਟ ਹਨ, ਕਿੰਨੇ ਲੋਕ ਗਏ ਉਥੇ ਖਾਣਾ ਖਾਣ? ਕਿੰਨੇ ਕੁ ਮੀਡੀਆ ਜਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਉਥੇ ਰੇਟ ਵਧਣੇ ਚਾਹੀਦੇ ਹਨ ਸਗੋਂ ਰੇਟ ਤਾਂ ਹੋਰ ਸਸਤੇ ਹੋ ਗਏ। ਜੇ ਇਹ ਜੇ.ਐਨ.ਯੂ. ਕਹਿ ਰਿਹਾ ਹੈ ਤਾਂ ਕੀ ਗਲਤ ਹੈ? ਹੁਣੇ ਜਿਹੇ ਫੀਸ ਵਧਾ ਦਿੱਤੀ ਗਈ, ਜੇ ਪੂਰੇ ਮਹੀਨੇ ਦਾ ਜੋੜ ਲਗਾ ਕੇ ਦੇਖੀਏ ਤਾਂ ਹਰ ਮਹੀਨੇ ਦਾ 7000 ਰੁਪਏ ਤੋਂ ਉਪਰ ਪਵੇਗਾ। ਸੋਚਣ ਵਾਲੀ ਗੱਲ ਹੈ ਕਿ ਭਾਰਤ ਵਿਚ ਵੱਡਾ ਸਮਾਜ ਐਸੇ ਲੋਕਾਂ ਦਾ ਹੈ ਜੋ ਲੜਕਿਆਂ ਦੀ ਪੜ੍ਹਾਈ ਅਤੇ ਲੜਕੀਆਂ ਦੇ ਵਿਆਹ ਦੇ ਲਈ ਪੈਸਾ ਬਚਾਉਂਦੇ ਹਨ। ਵਕਤ ਨਾਲ ਇਨ੍ਹਾਂ ਮਾਂ-ਬਾਪ ਵਿਚ ਐਨਾ ਕੁ ਬਦਲਾਓ ਜ਼ਰੂਰ ਆਇਆ ਕਿ ਲੜਕੀਆਂ ਨੂੰ ਪੜ੍ਹਾਉਣ ਬਾਰੇ ਵੀ ਸੋਚਣ ਲੱਗੇ ਹਨ। ਜੇ.ਐਨ.ਯੂ. ਵਰਗੀਆਂ ਥਾਵਾਂ ਉਪਰ ਭੇਜਣ ਵਿਚ ਕੋਈ ਪ੍ਰੇਸ਼ਾਨੀ ਵੀ ਨਹੀਂ ਹੁੰਦੀ ਕਿਉਂਕਿ ਫੀਸ ਦਾ ਬੋਝ ਉਨ੍ਹਾਂ ਉਪਰ ਨਹੀਂ ਪੈਂਦਾ।
ਸੋਚ ਕੇ ਦੇਖੋ, ਕੋਈ 25-30 ਹਜ਼ਾਰ ਕਮਾਉਣ ਵਾਲਾ ਆਪਣੇ ਦੋ ਬੱਚਿਆਂ (ਇਕ ਲੜਕਾ, ਇਕ ਲੜਕੀ) ਨੂੰ ਉਚ ਸਿੱØਖਿਆ ਦੇਣਾ ਚਾਹੇ ਤਾਂ ਜੇ.ਐਨ.ਯੂ. ਵਿਚ ਵੀਹ ਹਜ਼ਾਰ ਤੱਕ ਦੇਣਾ ਪਵੇ ਤਾਂ ਕੀ ਐਨਾ ਪੈਸਾ ਦੇ ਸਕੇਗਾ? ਜੇ ਨਹੀਂ ਤਾਂ ਕਿਸ ਨੂੰ ਘਰ ਵਾਪਸ ਬੁਲਾਏਗਾ? ਲੜਕੇ ਨੂੰ ਜਾਂ ਲੜਕੀ ਨੂੰ? ਕੀ ਇਹ ਨੀਤੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਸਾਕਾਰ ਕਰੇਗੀ?
ਦੂਸਰੀ ਗੱਲ, ਕਿੰਨੇ ਪੇਂਡੂ ਪਰਿਵਾਰ ਐਸੇ ਹਨ ਜੋ 25000 ਰੁਪਏ ਮਹੀਨਾ ਕਮਾਉਂਦੇ ਹਨ? ਜੇ.ਐਨ.ਯੂ. ਵਿਚ ਅਸੀਂ ਦੇਖਿਆ ਕਿ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਦੇ ਪਰਿਵਾਰ ਨੂੰ ਸ਼ਾਮ ਨੂੰ ਖਾਣਾ ਤਾਂ ਹੀ ਮਿਲਦਾ ਹੈ ਜੇ ਦਿਨ ਵੇਲੇ ਕੋਈ ਕੰਮ ਮਿਲ ਜਾਵੇ। ਸਾਨੂੰ ਯਕੀਨ ਨਹੀਂ ਆਉਂਦਾ ਕਿ ਇਥੇ ਅੱਧੇ ਤੋਂ ਜ਼ਿਆਦਾ ਜਾਂ 70 ਫੀਸਦੀ ਉਹ ਵਿਦਿਆਰਥੀ ਹਨ ਜਿਨ੍ਹਾਂ ਕੋਲ ਪੰਜ ਬਿੱਘੇ ਜ਼ਮੀਨ ਵੀ ਨਹੀਂ ਹੈ। ਕੀ ਇਨ੍ਹਾਂ ਲੋਕਾਂ ਨੂੰ ਪੜ੍ਹਨ ਦਾ ਹੱਕ ਨਹੀਂ ਹੈ? ਇਹ ਨੀਤੀ ਉਹ ਵਾਈਸ ਚਾਂਸਲਰ ਬਣਾ ਰਿਹਾ ਹੈ ਜਿਸ ਦੀ ਖੁਦ ਦੀ ਮਹੀਨਾਵਾਰ ਤਨਖਾਹ ਢਾਈ ਲੱਖ ਤੋਂ ਉਪਰ ਹੈ।
ਜੇ.ਐਨ.ਯੂ. ਮਹਿਜ਼ ਯੂਨੀਵਰਸਿਟੀ ਨਹੀਂ, ਭਾਰਤ ਦੇ ਅੰਦਰ ਐਸਾ ਨਿੱਕਾ ਭਾਰਤ ਹੈ ਜਿਥੇ ਹਰ ਰਾਜ ਦੇ ਵਿਦਿਆਰਥੀ, ਪ੍ਰੋਫੈਸਰ, ਆਈ.ਏ.ਐਸ਼, ਮੰਤਰੀ ਦੇ ਨਾਲ ਉਸੇ ਢਾਬੇ ਉਪਰ ਚਾਹ ਪੀ ਕੇ ਬਹਿਸ ਕਰਦੇ ਹਨ, ਬਗੈਰ ਊਚ ਨੀਚ, ਅਹੁਦੇ ਅਤੇ ਪੈਸੇ ਦੇ ਘੁਮੰਡ ਦੇ, ਨਿਮਰਤਾ ਅਤੇ ਹਾਸੇ-ਮਜ਼ਾਕ ਨਾਲ। ਜੋ ਗਿਆਨ, ਮਹਿੰਗੀਆਂ ਅਤੇ ਸੌਖਿਆਂ ਨਾ ਮਿਲ ਸਕਣ ਵਾਲੀਆਂ ਕਿਤਾਬਾਂ ਵਿਚ ਪੜ੍ਹੋਗੇ, ਉਹ ਜੇ.ਐਨ.ਯੂ. ਦੇ ਢਾਬਿਆਂ ਉਪਰ ਮੁਫਤ ਮਿਲਣਾ ਆਮ ਗੱਲ ਹੈ।
ਬਹੁਤ ਸਾਰੇ ਵਿਦਿਆਰਥੀ ਜੇ.ਐਨ.ਯੂ. ਵਿਚ ਵਿਦਿਆਰਥੀ ਨਹੀਂ ਹੁੰਦੇ, ਫਿਰ ਵੀ ਇਕ ਪਰਿਵਾਰ ਦੀ ਤਰ੍ਹਾਂ ਉਥੇ ਘੁਲ-ਮਿਲ ਕੇ ਰਹਿੰਦੇ ਹਨ। ਹਾਲ ਹੀ ਵਿਚ ਮੈਂ ਲਖਨਊ ਵਿਚ ਦਾਦੀ ਦਾ ਇਲਾਜ ਕਰਾਉਣ ਗਿਆ ਤਾਂ ਸੀਨੀਅਰ ਡਾਕਟਰ ਨੇ ਖੁਦ ਦੱਸਿਆ ਕਿ ਉਸ ਨੇ ਵੀ ਦੋ ਸਾਲ ਕਾਵੇਰੀ ਹੋਸਟਲ ਵਿਚ ਰਹਿ ਕੇ ਮੈਡੀਕਲ ਦੀ ਪੜ੍ਹਾਈ ਕੀਤੀ ਸੀ, ਕਿਉਂਕਿ ਬਾਹਰ ਰਹਿਣ ਦੀ ਹੈਸੀਅਤ ਨਹੀਂ ਸੀ। ਐਸੇ ਕਿੰਨੇ ਆਈ.ਏ.ਐਸ਼ ਮਿਲ ਜਾਣਗੇ ਜੋ ਜੇ.ਐਨ.ਯੂ. ਦੇ ਵਿਦਿਆਰਥੀ ਨਾ ਹੋ ਕੇ ਵੀ ਉਥੇ ਰਹਿ ਕੇ ਪੜ੍ਹਾਈ ਕਰਦੇ ਰਹੇ।
ਜੇ.ਐਨ.ਯੂ. ਦਾ ਵਿਰੋਧ ਕਰਨ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਖੁਦ ਇਥੇ ਨਹੀਂ ਆਏ, ਜਾਂ ਤੁਹਾਡਾ ਕੋਈ ਜਾਣ-ਪਛਾਣ ਵਾਲਾ ਇਥੇ ਨਹੀਂ ਹੈ ਤਾਂ ਬੇਨਤੀ ਹੈ ਕਿ ਮੀਡੀਆ ਦੀਆਂ ਗੱਲਾਂ ਵਿਚ ਆ ਕੇ ਜੇ.ਐਨ.ਯੂ. ਜਾਂ ਇਥੋਂ ਦੇ ਵਿਦਿਆਰਥੀਆਂ ਦੇ ਬਾਰੇ ਕੋਈ ਭਰਮ ਨਾ ਪਾਲੋ। ਮੀਡੀਆ ਬਿਨਾ ਤੱਥ, ਵੀਡੀਓ ਐਡਿਟ ਕਰਕੇ ਅਤੇ ਫੋਟੋ ਕੱਟ-ਪੇਸਟ ਕਰਕੇ ਦਿਖਾਉਂਦਾ ਹੈ ਕਿ ਆਹ ਦੇਖੋ ਜੇ.ਐਨ.ਯੂ. ਦੇ ਵਿਦਿਆਰਥੀ। ਮੀਡੀਆ ਨੂੰ ਵੀ ਦੱਸਣਾ ਚਾਹਾਂਗਾ ਕਿ ਇਕ ਘਰ ਦੀ ਪਹਿਲੀ ਜਾਂ ਦੂਸਰੀ ਲੜਕੀ ਹੀ ਪੜ੍ਹਨ ਲਈ ਘਰੋਂ ਬਾਹਰ ਨਿਕਲੀ ਹੈ, ਤੁਸੀਂ ਐਸਾ ਦਿਖਾ ਕੇ ਸੌ ਹੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਬਾਹਰ ਪੜ੍ਹਨ ਤੋਂ ਰੋਕ ਰਹੇ ਹੋ, ਉਹ ਜੋ ਤੁਹਾਡੀਆਂ ਖਬਰਾਂ ਦੇਖ ਰਹੇ ਹਨ।
ਖੁਦ ਮੇਰੇ ਘਰ ਵਾਲੇ ਮੇਰੀਆਂ ਭੈਣਾਂ ਨੂੰ ਕਾਫੀ ਮੁਸ਼ਕਿਲ ਨਾਲ 2-3 ਯੂਨੀਵਰਸਿਟੀਆਂ ਵਿਚ ਫਾਰਮ ਭਰਾਉਣ ਲਈ ਤਿਆਰ ਹੋਏ ਸਨ ਲੇਕਿਨ ਇਹ ਸਾਰੀਆਂ ਖਬਰਾਂ ਦੇਖ ਕੇ ਕਹਿ ਰਹੇ ਹਨ, ਰਹਿਣ ਦਿਓ ਘਰ ਵਿਚ ਹੀ ਠੀਕ ਹੈ। ਇਥੋਂ ਹੀ ਬੀ.ਏ. ਕਰ ਲੈਣਗੀਆਂ।
ਜੇ.ਐਨ.ਯੂ. ਦੇ ਬਾਰੇ ਵਿਚ ਬੋਲਣ ਤੋਂ ਪਹਿਲਾਂ ਇਥੇ ਆਓ, ਸਿਰਫ ਕਿਰਾਇਆ ਲੱਗੇਗਾ, ਕੋਈ ਵੀ ਵਿਦਿਆਰਥੀ ਤੁਹਾਨੂੰ ਖਾਣਾ ਖਵਾ ਕੇ ਆਪਣੇ ਨਾਲ ਰੱਖਣ ਲਈ ਤਿਆਰ ਹੋ ਜਾਵੇਗਾ। ਯਕੀਨ ਮੰਨੋ, ਬਾਹਰ ਤੁਹਾਡੀ ਕੋਈ ਵੀ ਹੈਸੀਅਤ ਹੋਵੇ, ਇਥੇ ਕਿਸੇ ਨਾਲ ਗੱਲ ਕਰੋਗੇ ਤਾਂ ਪਹਿਲੇ ਸੰਬੋਧਨ ਵਿਚ ‘ਜੀ ਸਰ’ ਸੁਣ ਕੇ ਤੁਹਾਡੀ ਸੋਚ ਬਦਲ ਜਾਵੇਗੀ।
ਕੀ ਕਿਤਾਬਾਂ ਰਟ ਲੈਣਾ ਹੀ ਪੜ੍ਹਨਾ ਹੈ? ਕੀ ਡਿਬੇਟ ਦੀ ਜ਼ਿੰਦਗੀ ਵਿਚ ਕੋਈ ਜ਼ਰੂਰਤ ਨਹੀਂ? ਕੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ? ਕੀ ਸਾਨੂੰ ਉਹੀ ਪੜ੍ਹਨ ਦਾ ਹੱਕ ਹੈ ਜੋ ਸਿਲੇਬਸ ਸਰਕਾਰ ਬਣਾ ਕੇ ਦੇਵੇ? ਕੀ ਅਸੀਂ ਉਹੀ ਸੋਚਣਾ ਹੈ ਜੋ ਮੀਡੀਆ ਸਾਨੂੰ ਦਿਖਾਵੇ? ਕੀ ਮੁਲਕ ਵਿਚ ਬਿਨਾ ਸਕੂਲ, ਕਾਲਜ ਜਾਂ ਯੂਨੀਵਰਸਿਟੀ ‘ਚ ਦਾਖਲਾ ਲਏ ਪੜ੍ਹਾਈ ਕਰਨ ਦਾ ਹੱਕ ਨਹੀਂ ਹੈ?
ਜੇ ਐਸਾ ਹੈ ਤਾਂ ਬੰਦ ਕਰ ਦਿਓ ਮੁਲਕ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਇਕ ਐਸੀ ਸੰਸਥਾ ਬਣਾਓ ਜਿਸ ਵਿਚ ਤੁਸੀਂ ਲੋਕਾਂ ਦੀ ਸੋਚ ਨੂੰ ਮਾਰ ਕੇ ਆਪਣੀ ਕਮਾਂਡ ਥੋਪ ਕੇ ਰਿਮੋਟ ਆਪਣੇ ਕੋਲ ਰੱਖ ਲਵੋ। ਜਦੋਂ ਆਨ ਕਰੋ ਤਾਂ ਹੀ ਬੋਲੇ।
ਇਹ ਸਭ ਮੈਂ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਮੈਂ ਜੇ.ਐਨ.ਯੂ. ਦੇ ਲਾਗੇ ਰਹਿ ਕੇ, ਜੇ.ਐਨ.ਯੂ. ਦੇ ਲੋਕਾਂ ਨੂੰ ਮਿਲ ਕੇ ਆਪਣੀ ਇਕ ਸਮਝ ਵਿਕਸਤ ਕੀਤੀ ਹੈ ਅਤੇ ਜੇ.ਐਨ.ਯੂ. ਨੇ ਮੈਨੂੰ ਬਰਾਬਰੀ ਦਾ ਤਰਕ ਸਿਖਾਇਆ ਹੈ। ਜੇ.ਐਨ.ਯੂ. ਸਿਰਫ ਉਥੋਂ ਦੇ ਵਿਦਿਆਰਥੀਆਂ ਦੇ ਲਈ ਹੀ ਨਹੀਂ, ਸਮਾਜ ਦੇ ਲਈ ਵੀ ਬਹੁਤ ਜ਼ਰੂਰੀ ਹੈ। ਮੈਂ ਜੇ.ਐਨ.ਯੂ. ਦਾ ਵਿਦਿਆਰਥੀ ਨਹੀਂ ਹਾਂ ਅਤੇ ਨਾ ਹੀ ਕਦੇ ਬਣਾਂਗਾ, ਲੇਕਿਨ ਜੇ.ਐਨ.ਯੂ. ਨੇ ਮੈਨੂੰ ਜੋ ਦਿੱਤਾ ਹੈ, ਉਹ ਅਣਮੁੱਲ ਹੈ।