ਮਹਾਰਾਸ਼ਟਰ: ਭਾਜਪਾ ਨੇ ਜਮਹੂਰੀ ਨਿਯਮ ਮਧੋਲੇ

ਨਵੀਂ ਦਿੱਲੀ: ਭਾਜਪਾ ਨੇ ਜਮਹੂਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਮਹਾਰਾਸ਼ਟਰ ਵਿਚ ਸੱਤਾ ਹਾਸਲ ਕਰਨ ਲਈ ਜਿਸ ਤਰ੍ਹਾਂ ਕੇਂਦਰੀ ਸੱਤਾ ਦੀ ਵਰਤੋਂ ਕੀਤੀ, ਉਸ ਉਤੇ ਵੱਡੇ ਸਵਾਲ ਉਠ ਰਹੇ ਹਨ। ਭਾਵੇਂ ਭਾਜਪਾ ਦੀ ‘ਧੱਕੇਸ਼ਾਹੀ’ ਵਾਲੀ ਇਹ ਸਰਕਾਰ ਸਿਰਫ ਤਿੰਨ ਕੁ ਦਿਨ ਹੀ ਚੱਲ ਸਕੀ ਪਰ ਇਹ ਸਾਫ ਕਰ ਦਿੱਤਾ ਕਿ ਸੱਤਾ ਪ੍ਰਾਪਤੀ ਲਈ ਇਹ ਭਗਵਾ ਧਿਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।
ਸਭ ਤੋਂ ਵੱਧ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਰਾਜਪਾਲ, ਇਥੋਂ ਤੱਕ ਕਿ ਰਾਸ਼ਟਰਪਤੀ ਨੂੰ ਵੀ ਭਾਜਪਾ ਦੇ ‘ਹੁਕਮਾਂ’ ਦੀ ਪਾਲਣਾ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਸੂਬੇ ਵਿਚ ਦਿਨ ਚੜ੍ਹਦੇ ਤੱਕ ਭਾਜਪਾ ਦੀ ਸਰਕਾਰ ਬਣ ਗਈ।

ਮਹਾਰਾਸ਼ਟਰ ਸ਼ਿਵ ਸੈਨਾ, ਐਨæਸੀæਪੀæ ਅਤੇ ਕਾਂਗਰਸ ਦੀਆਂ ਸਿਆਸੀ ਗਿਣਤੀਆਂ-ਮਿਣਤੀਆਂ ਉਸ ਵਕਤ ਧਰੀਆਂ-ਧਰਾਈਆਂ ਰਹਿ ਗਈਆਂ, ਜਦੋਂ ਭਾਜਪਾ ਦੀ ਤੈਅ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਨੇ ਬਹੁਤ ਹੀ ਖਾਸ ਸਮੇਂ ਵਿਚ ਤਾਕਤ ਦੇਣ ਵਾਲੇ ਨਿਯਮ 12 ਦੀ ਵਰਤੋਂ ਕਰਦਿਆਂ ਸਵੇਰੇ ਛੇ ਵਜੇ ਮਹਾਰਾਸ਼ਟਰ ਵਿਚ ਲੱਗਿਆ ਰਾਸ਼ਟਰਪਤੀ ਰਾਜ ਖਤਮ ਕਰ ਦਿੱਤਾ।
ਦੋ ਘੰਟਿਆਂ ਤੋਂ ਵੀ ਪਹਿਲਾਂ, ਭਾਵ 7:50 ਮਿੰਟ ਉਤੇ ਭਾਜਪਾ ਦੇ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਅਤੇ ਐਨæਸੀæਪੀæ ਵਿਧਾਇਕ ਦਲ ਦੇ ਆਗੂ ਤੇ ਪਾਰਟੀ ਪ੍ਰਧਾਨ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕ ਲਈ। ਭਾਜਪਾ ਨੇ ਐਨæਸੀæਪੀæ ਦੇ ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕੀਤਾ ਪਰ ਸ਼ਾਮ ਹੁੰਦਿਆਂ ਪਾਸਾ ਪੁੱਠਾ ਪੈ ਗਿਆ ਅਤੇ ਅਜੀਤ ਪਵਾਰ ਸਮੇਤ ਚਾਰ ਵਿਧਾਇਕਾਂ ਨੂੰ ਛੱਡ ਕੇ ਐਨæਸੀæਪੀæ ਦੇ 49 ਵਿਧਾਇਕਾਂ ਨੇ ਪ੍ਰਧਾਨ ਸ਼ਰਦ ਪਵਾਰ ਵਲੋਂ ਸੱਦੀ ਬੈਠਕ ‘ਚ ਹਾਜ਼ਰੀ ਭਰੀ। ਬਾਜ਼ੀ ਪੁੱਠੀ ਪੈਂਦੀ ਵੇਖ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਅਤੇ ਫੜਨਵੀਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਿਚ ਹੀ ਭਲਾਈ ਸਮਝੀ; ਇਉਂ ਭਾਜਪਾ ਸਿਰਫ ਤਿੰਨ ਦਿਨ ਹੀ ਸੱਤਾ ਦਾ ਸੁੱਖ ਭੋਗ ਸਕੀ।
ਦਰਅਸਲ, ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਵਾਲੀ ਭਾਜਪਾ ਤੇ ਸ਼ਿਵ ਸੈਨਾ 24 ਅਕਤੂਬਰ ਨੂੰ ਆਏ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਬਾਰੇ ਸਹਿਮਤ ਨਹੀਂ ਹੋ ਸਕੇ। ਰਾਜਪਾਲ ਨੇ 288 ਵਿਚੋਂ 105 ਸੀਟਾਂ ਜਿੱਤ ਕੇ ਵੱਡੀ ਪਾਰਟੀ ਵਜੋਂ ਉਭਰੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਤਾਂ ਉਸ ਕੋਲ ਲੋੜੀਂਦਾ ਬਹੁਮਤ ਨਾ ਹੋਣ ਕਰਕੇ ਭਾਜਪਾ ਨੇ ਸੱਦਾ ਠੁਕਰਾ ਦਿੱਤਾ। ਇਸ ਤੋਂ ਬਾਅਦ 56 ਸੀਟਾਂ ਵਾਲੀ ਦੂਜੀ ਪਾਰਟੀ ਸ਼ਿਵ ਸੈਨਾ ਨੂੰ ਸੱਦਾ ਮਿਲਿਆ ਪਰ ਸਿਰਫ 24 ਘੰਟਿਆਂ ਦੌਰਾਨ ਲੋੜੀਦੇ ਵਿਧਾਇਕਾਂ ਦੀ ਹਮਾਇਤ ਸਾਬਤ ਕਰਨ ਲਈ ਕਹਿ ਦਿੱਤਾ ਗਿਆ। ਫਿਰ ਐਨæਸੀæਪੀæ ਨੂੰ ਸੱਦਾ ਦਿੱਤਾ ਗਿਆ ਪਰ ਅਚਾਨਕ ਰਾਜਪਾਲ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾ ਦਿੱਤਾ ਗਿਆ। ਫਿਰ ਸਰਕਾਰ ਬਣਾਉਣ ਲਈ ਸ਼ਰਦ ਪਵਾਰ ਦੀ ਪਹਿਲਕਦਮੀ ਉਤੇ ਕਾਂਗਰਸ ਅਤੇ ਸ਼ਿਵ ਸੈਨਾ ਨੇੜੇ ਆ ਗਏ। ਇਸ ਤੋਂ ਪਹਿਲਾਂ ਕਿ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ, ਭਾਜਪਾ ਨੇ ਸਰਕਾਰ ਬਣਾ ਲਈ। ਕਾਂਗਰਸ, ਐਨæਸੀæਪੀæ ਅਤੇ ਸ਼ਿਵ ਸੈਨਾ ਨੇ ਇਸ ਨੂੰ ਸੰਵਿਧਾਨ ਨਾਲ ਖਿਲਵਾੜ ਕਿਹਾ ਹੈ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਸੁਪਰੀਮ ਕੋਰਟ ਨੇ ਰਾਜਪਾਲ ਵਲੋਂ ਭਾਜਪਾ ਤੇ ਪਵਾਰ ਨੂੰ ਸਰਕਾਰ ਬਣਾਉਣ ਦਾ ਸੱਦਾ, ਵਿਧਾਇਕਾਂ ਵਲੋਂ ਰਾਜਪਾਲ ਨੂੰ ਸਰਕਾਰ ਬਣਾਉਣ ਦੇ ਦਾਅਵੇ ਵਾਲੇ ਪੱਤਰ ਅਤੇ ਪ੍ਰਧਾਨ ਮੰਤਰੀ ਵਲੋਂ ਰਾਸ਼ਟਰਪਤੀ ਰਾਜ ਹਟਾਉਣ ਲਈ ਐਮਰਜੈਂਸੀ ਹਾਲਾਤ ਬਾਰੇ ਜਾਣਕਾਰੀ ਮੰਗੀ, ਪਰ ਇਸ ਤੋਂ ਪਹਿਲਾਂ ਹੀ ਭਾਜਪਾ ਨੇ ਹੱਥ ਖੜ੍ਹੇ ਕਰਦਿਆਂ ਸੱਤਾ ਤੋਂ ਲਾਂਭੇ ਹੋਣ ਵਿਚ ਹੀ ਭਲਾਈ ਸਮਝੀ।