ਸਾਡਾ ਦੇਸ਼ ਹਿੰਦੁਸਤਾਨ ਬਹੁਤ ਤਰੱਕੀ ਕਰ ਰਿਹਾ ਹੈ। ਸਰਕਾਰ ਲੋਕ ਭਲਾਈ ਦੀਆਂ ਬਹੁਤ ਸਕੀਮਾਂ ਚਲਾ ਰਹੀ ਹੈ। ਇਹ ਜਾਣ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਹੈ, ਪਰ ਇਹ ਖੁਸ਼ੀ ਅਜੇ ਕਿਸੇ ਹੋਰ ਨਾਲ ਸਾਂਝੀ ਕਰਨੀ ਹੁੰਦੀ ਹੈ ਕਿ ਇਹ ਖਬਰਾਂ ਆ ਜਾਂਦੀਆਂ ਹਨ: ਸਕੂਲ ਜਾਂਦੀ ਲੜਕੀ ਚੁੱਕ ਲਈæææਘਰਦਿਆਂ ‘ਤੇ ਗੋਲੀ ਚਲਾ ਕੇ ਘਰੋਂ ਲੜਕੀ ਨੂੰ ਲੈ ਗਏæææਹਸਪਤਾਲ ਵਿਚ ਮਾਨਸਿਕ ਤੌਰ ‘ਤੇ ਰੋਗੀ ਲੜਕੀ ਨਾਲ ਹਸਪਾਤਲ ਦੇ ਕਰਮਚਾਰੀ ਨੇ ਬਲਾਤਕਾਰ ਕੀਤਾæææਵਿਦਿਆਰਥਣ ਨਾਲ ਅਧਿਆਪਕ ਨੇæææਬੱਸ ਵਿਚ ਸਫ਼ਰ ਕਰਦੀ ਲੜਕੀ ਨਾਲ ਬੱਸ ਡਰਾਇਵਰ ਤੇ ਉਸ ਦੇ ਗੁੰਡੇ ਸਾਥੀਆਂ ਨੇ ਰਾਖ਼ਸ਼ਾਂ ਵਾਲਾ ਵਿਹਾਰ ਕੀਤਾæææਗੁੱਡੀਆਂ ਨਾਲ ਖੇਡਦੀ ਪੰਜ ਸਾਲ ਦੀ ਬੱਚੀ ਨੂੰ ਚੁੱਕ ਕੇ ਲੈ ਗਏ। ਕੋਈ ਅੰਤ ਨਹੀਂ ਹੈ ਇਨ੍ਹਾਂ ਖਬਰਾਂ ਦਾ ਅਤੇ ਇਨ੍ਹਾਂ ਦਰਿੰਦਿਆਂ ਦੀ ਦਰਿੰਦਗੀ ਦਾ!
ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਕਿ ਹਨੇਰੇ-ਸਵੇਰੇ ਕਿਸੇ ਮੁਟਿਆਰ ਨੂੰ ਘਰੋਂ ਬਾਹਰ ਇਕੱਲਿਆਂ ਨਾ ਭੇਜੋ। ਹੁਣ ਤਾਂ ਲੜਕੀਆਂ ਪੜ੍ਹ-ਲਿਖ ਗਈਆਂ ਹਨ, ਨੌਕਰੀਆਂ ਕਰਦੀਆਂ ਹਨ, ਉਚੇ ਤੋਂ ਉਚੇ ਅਹੁਦਿਆਂ ਉਤੇ ਬੈਠੀਆਂ ਹਨ। ਫਿਰ ਵੀ ਇਹ ਕੁਝ ਵਾਪਰ ਰਿਹਾ ਹੈ! ਆਖਰ ਕਿਉਂ ਲੋਕਾਂ ਦੀ ਇਸ ਤਰ੍ਹਾਂ ਦੀ ਮਨੋਬਿਰਤੀ ਹੋ ਗਈ ਹੈ? ਕਿਉਂ ਜੋ ਸਜ਼ਾ ਇਨ੍ਹਾਂ ਗੁਨਾਹਾਂ ਦੀ ਹੋਣੀ ਚਾਹੀਦੀ ਹੈ, ਉਹ ਮਿਲ ਨਹੀਂ ਰਹੀ? ਨਿਆਂਪਾਲਿਕਾ ਜੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇ ਦੇਵੇ, ਤਾਂ ਹੋਰ ਘਟਨਾਵਾਂ ਰੁਕ ਸਕਦੀਆਂ ਹਨ। ਹੁਣ ਤਾਂ ਅਪਰਾਧ ਕਰਨ ਵਾਲਿਆਂ ਦੇ ਦਿਲਾਂ ਵਿਚ ਕੋਈ ਡਰ ਹੀ ਨਹੀਂ। ਕੁੱਟ ਤੋਂ ਬਚਣ ਲਈ ਉਹ ਝੱਟ ਕਸੂਰ ਮੰਨ ਜਾਂਦੇ ਹਨ। ਸਜ਼ਾ ਮਿਲਦੀ ਹੈ ਜੇਲ੍ਹ, ਜਿਸ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ। ਉਥੇ ਮੁਫ਼ਤ ਦੀ ਰੋਟੀ ਮਿਲਦੀ ਹੈ, ਦੇਖਣ ਲਈ ਟੀæਵੀæ। ਨਸ਼ੇ ਵੀ ਸਭ ਅੰਦਰ ਪਹੁੰਚ ਹੀ ਜਾਂਦੇ ਹਨ, ਸੈਲਫੋਨ ਵੀ ਮਿਲ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਹਫ਼ਤੇ ਦਸ ਦਿਨ ਦੇ ਅੰਦਰ-ਅੰਦਰ ਕੇਸ ਦਾ ਨਿਬੇੜਾ ਕਰ ਕੇ ਫਾਂਸੀ ‘ਤੇ ਲਟਕਾ ਦਿੱਤਾ ਜਾਵੇ। ਨਾਲ ਹੀ ਲੋਕਾਂ ਨੂੰ ਦੱਸਿਆ ਜਾਵੇ ਕਿ ਇਸ ਬੰਦੇ ਨੂੰ ਇਸ ਗੁਨਾਹ ਦੀ ਸਜ਼ਾ ਦਿੱਤੀ ਗਈ ਹੈ।
ਕੁਝ ਦਿਨ ਪਹਿਲਾਂ ਖਬਰ ਸੀ ਕਿ ਇਕ ਰਿਕਸ਼ੇਵਾਲੇ ਦੀ ਪੰਦਰਾਂ ਵਰ੍ਹਿਆਂ ਦੀ ਨੌਵੀਂ ਵਿਚ ਪੜ੍ਹਦੀ ਲੜਕੀ ਨੂੰ ਘਰ ਆ ਕੇ ਗੁੰਡੇ ਚੁੱਕ ਕੇ ਲੈ ਗਏ। ਪੁਲਿਸ ਕੋਲ ਰਿਪੋਰਟ ਕੀਤੀ। ਪੁਲਿਸ ਨੇ ਲੜਕੀ ਤਾਂ ਕੀ ਲੱਭਣੀ ਸੀ, ਰਿਕਸ਼ੇਵਾਲੇ ਨੂੰ ਰੋਜ਼ ਬੁਲਾ ਕੇ ਚੌਕੀ ਵਿਚ ਬਿਠਾ ਲੈਂਦੀ। ਉਹ ਗਰੀਬ ਜਿਹੜਾ ਰੋਜ਼ ਕਮਾ ਕੇ ਆਪਣੇ ਪਰਿਵਾਰ ਪਾਲਦਾ ਸੀ, ਕਮਾਈ ਤੋਂ ਵੀ ਗਿਆ। ਛੋਟੇ ਦੋ ਬੱਚੇ, ਭੁੱਖ ਨਾਲ ਬੁਰਾ ਹਾਲ। ਆਪਣਾ ਵੀ ਦੋਹਾਂ ਦਾ ਭੁੱਖਾ ਢਿੱਡ। ਜਦ ਉਸ ਤੋਂ ਸਭ ਕੁਝ ਸਹਿ ਨਹੀਂ ਹੋਇਆ, ਪਤਾ ਨਹੀਂ ਕਿਵੇਂ ਤੇ ਕਿਥੋਂ ਸਲਫਾਸ ਦੀਆਂ ਗੋਲੀਆਂ ਲੈ ਆਇਆ ਤੇ ਪਾਣੀ ਦੀ ਬੋਤਲ ਵਿਚ ਘੋਲ ਲਈਆਂ। ਉਸ ਆਪਣੀ ਪਤਨੀ ਨੂੰ ਦੱਸ ਦਿੱਤਾ। ਉਨ੍ਹਾਂ ਦੋਹਾਂ ਨੇ ਆਪ ਜ਼ਹਿਰ ਪੀ ਕੇ ਦੋਹਾਂ ਬੱਚਿਆਂ ਨੂੰ ਵੀ ਪਿਆ ਦਿੱਤੀ। ਸਵਾਲ ਹੈ, ਇਸ ਆਤਮਾ ਹੱਤਿਆ ਦੇ ਕੇਸ ਵਿਚ ਰਿਕਸ਼ੇਵਾਲਾ ਗੁਨਾਹਗਾਰ ਹੈ ਜਾਂ ਉਹ ਗੁੰਡੇ ਜੋ ਉਸ ਦੀ ਬੇਟੀ ਨੂੰ ਘਰੋਂ ਚੁੱਕ ਕੇ ਲੈ ਗਏ? ਜਾਂ ਉਹ ਪੁਲਿਸ ਵਾਲੇ ਜੋ ਲੜਕੀ ਨੂੰ ਲੱਭਣ ਦੀ ਥਾਂ ਉਸ ਦੇ ਬਾਪ ਨੂੰ ਚੌਕੀ ਬਿਠਾ ਲੈਂਦੇ ਸਨ?
ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਜਾਵੇ, ਉਸ ਦੀ ਰੱਖਿਆ ਕੌਣ ਕਰੇਗਾ? ਜੇ ਲੋਕ ਜਾਗਦੇ ਹਨ ਅਤੇ ਨੇਤਾਵਾਂ ਨੂੰ ਜਗਾਉਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਬੈਰੀਕੇਡ ਲਾ ਕੇ ਨੇਤਾਵਾਂ ਦੇ ਮਹਿਲਾਂ ਵੱਲ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ, ਕਿਉਂ? ਕਿਉਂਕਿ ਨੇਤਾ ਜਨਤਾ ਤੋਂ ਡਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਰਕਾਰ ਆਪਣੇ ਫਰਜ਼ ਪੂਰੇ ਨਹੀਂ ਕਰ ਰਹੀ।
ਇਹ ਕਿਹਾ ਜਾਂਦਾ ਹੈ ਕਿ ਜਦ ਧਰਤੀ ਉਤੇ ਜ਼ੁਲਮ ਬਹੁਤ ਵਧ ਜਾਂਦਾ ਹੈ ਤਾਂ ਉਸ ਨੂੰ ਰੋਕਣ ਲਈ ਕੋਈ ਸ਼ਕਤੀ ਜ਼ਰੂਰ ਜਨਮ ਲੈਂਦੀ ਹੈ। ਹੋ ਸਕਦਾ ਹੈ ਭਾਰਤ ਵਿਚ ਗੁਨਾਹਗਾਰਾਂ ਨੂੰ ਸਜ਼ਾ ਦੇਣ ਲਈ ਲੋਕ ਸ਼ਕਤੀ ਉਠੇ! ਜਨਤਾ ਦਾ ਰੋਹ ਰੱਬੀ ਕਹਿਰ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਥੰਮ੍ਹ ‘ਚੋਂ ਨਿਕਲ ਕੇ ਰੱਬ ਨੇ ਹਰਣਾਖਸ਼ ਦਾ ਨਾਸ਼ ਕੀਤਾ ਸੀ। ਹੁਣ ਇਹ ਜਨਤਾ ਦੇ ਰੂਪੀ ਥੰਮ੍ਹ ‘ਚੋਂ ਨਿਕਲੇਗਾ।
ਅੱਜ ਭਾਰਤ ਸਰਕਾਰ ਦੀ ਸਭ ਤੋਂ ਉਚੀ ਕੁਰਸੀ ਉਤੇ ਦਸਤਾਰ ਵਾਲਾ ਬੰਦਾ ਬੈਠਾ ਹੈ। ਮੈਂ ਉਸ ਦਸਤਾਰ ਦੇ ਦਾਤੇ ਦੀ ਦੱਸੀ ਹੋਈ ਸਿੱਖਿਆ ਇਸ ਵੀਰ ਨੂੰ ਯਾਦ ਕਰਵਾਉਣੀ ਚਾਹੁੰਦੀ ਹਾਂ ਕਿ ਔਰਤਾਂ ਦੀ ਸੁਰੱਖਿਆ ਉਸ ਦਾ ਫਰਜ਼ ਹੈ। ਹੁਣ ਜੋ ਕੁਝ ਹੋ ਰਿਹਾ ਹੈ, ਉਹ ਸਭ ਕੁਝ ਸਾਹਮਣੇ ਹੈ। ਅੱਖਾਂ ਬੰਦ ਕਰਨ ਨਾਲ ਬਲਾ ਨਹੀਂ ਟਲਦੀ। ਦ੍ਰਿੜਤਾ ਨਾਲ ਹੰਭਲਾ ਮਾਰੋ ਤੇ ਬੱਚੀਆਂ ਨੂੰ ਦੁਰਾਚਾਰੀਆਂ ਤੋਂ ਬਚਾ ਲਵੋ।
-ਕਿਰਪਾਲ ਕੌਰ
ਫੋਨ: 815-356-9535
Leave a Reply