‘ਆਪ’ ਦੇ ਦਲ ਬਦਲੂ ਵਿਧਾਇਕਾਂ ਨੂੰ ਪਈਆਂ ਭਾਜੜਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨਾਲ ਸਬੰਧਤ ਤਿੰਨ ਦਲ ਬਦਲੂ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਦਲ ਬਦਲੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਪੇਸ਼ੀ ਲਈ ਨਵੀਂ ਤਰੀਕ ਮੰਗ ਲਈ। ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਜੈਤੋਂ ਤੋਂ ਮਾਸਟਰ ਬਲਦੇਵ ਸਿੰਘ ਅਤੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਨੂੰ 31 ਦਸੰਬਰ ਤੱਕ ਇਹ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹੁਣ ਤੱਕ ਕਿਉਂ ਨਹੀਂ ਦੱਸਿਆ ਕਿ ਸਾਨੂੰ ਕਿਹੜੇ ਹਾਲਾਤ ਵਿਚ ‘ਆਪ’ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜਨਾ ਪਿਆ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਸਮੇਂ ਵਿਧਾਇਕੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੁੱਠੀ ਸਿਆਸੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਇਕ ਹੋਰ ਵਿਧਾਇਕ ਵੱਲੋਂ ਵੀ ਅਸਤੀਫਾ ਵਾਪਸ ਲਿਆ ਜਾ ਸਕਦਾ ਹੈ। ਇਸ ਕਦਮ ਨਾਲ ਸ੍ਰੀ ਸੰਦੋਆ ਹਾਲ ਦੀ ਘੜੀ ਵਿਧਾਇਕ ਬਣੇ ਰਹਿਣਗੇ ਪਰ ਦਲ-ਬਦਲੀ ਕਾਨੂੰਨ ਤਹਿਤ ਅਯੋਗ ਠਹਿਰਾਏ ਜਾਣ ਦੀ ਤਲਵਾਰ ਉਸ ਉਤੇ ਲਟਕਦੀ ਰਹੇਗੀ। ਇਸ ਤੋਂ ਪਹਿਲਾਂ ‘ਆਪ’ ਤੋਂ ਬਾਗੀ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਅਸਤੀਫੇ ਵਾਪਸ ਲੈ ਚੁੱਕੇ ਹਨ। ਦੋਵੇਂ ਆਗੂਆਂ ਨੇ ਕ੍ਰਮਵਾਰ ਬਠਿੰਡਾ ਅਤੇ ਫਰੀਦਕੋਟ ਤੋਂ ਲੋਕ ਸਭਾ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਈ ਸੀ ਪਰ ਉਹ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਈ ਮਹੀਨਿਆਂ ਤੱਕ ਉਨ੍ਹਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਸਨ।
ਕੈਪਟਨ ਸਰਕਾਰ ਮਾਨਸਾ, ਰੋਪੜ ਅਤੇ ਭੁਲੱਥ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਉਸ ਕੋਲ ਇਨ੍ਹਾਂ ਹਲਕਿਆਂ ‘ਚ ਯੋਗ ਉਮੀਦਵਾਰ ਨਹੀਂ ਹਨ। ਦੂਜਾ, ਉਸ ਕੋਲ ਪਹਿਲਾਂ ਹੀ ਵਿਧਾਨ ਸਭਾ ਵਿਚ ਦੋ-ਤਿਹਾਈ ਤੋਂ ਵੱਧ ਵਿਧਾਇਕ ਹਨ। ਪਿੱਛੇ ਜਿਹੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ‘ਚ ਕਾਂਗਰਸ ਨੇ ਤਿੰਨ ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ। ਮਾਨਸਾ ਤੋਂ ‘ਆਪ’ ਦੇ ਬਾਗੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜੋ 29 ਅਪਰੈਲ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਦਾ ਅਸਤੀਫਾ ਵੀ ਸਪੀਕਰ ਦੇ ਦਫਤਰ ਦੀਆਂ ਫਾਈਲਾਂ ਵਿਚ ਸੱਤ ਮਹੀਨਿਆਂ ਤੋਂ ਪਿਆ ਹੋਇਆ ਹੈ। ਉਹ ਵੀ ਆਪਣਾ ਅਸਤੀਫਾ ਵਾਪਸ ਲੈ ਸਕਦੇ ਹਨ।
ਵਰਨਣਯੋਗ ਹੈ ਕਿ ਸ਼ ਸੰਦੋਆ ਨੇ ਲੋਕ ਸਭਾ ਦੀਆਂ ਪਿਛਲੀਆਂ ਚੋਣਾਂ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਤੇ ਹੁਣ ਉਨ੍ਹਾਂ ਵਿਧਾਇਕੀ ਤੋਂ ਦਿੱਤਾ ਅਸਤੀਫਾ ਬਗੈਰ ਕੋਈ ਕਾਰਨ ਦੱਸੇ ਵਾਪਸ ਲੈ ਲਿਆ ਹੈ। ਸ਼ ਖਹਿਰਾ ਵੀ ਆਪਣਾ ਅਸਤੀਫਾ ਵਾਪਸ ਲੈ ਚੁੱਕੇ ਹਨ। ਉਨ੍ਹਾਂ ਦੇ ਇਕ ਸਾਥੀ ਵਿਧਾਇਕ ਬਲਦੇਵ ਸਿੰਘ ਜੈਤੋਂ ਨੇ ਵੀ ਲੋਕ ਸਭਾ ਚੋਣ ਮੌਕੇ ‘ਆਪ’ ਨੂੰ ਛੱਡ ਕੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਟਿਕਟ ਉਤੇ ਫਰੀਦਕੋਟ ਤੋਂ ਚੋਣ ਲੜੀ ਸੀ ਪਰ ਬੁਰੀ ਤਰ੍ਹਾਂ ਹਾਰ ਗਏ ਸਨ ਜਿਸ ਤਰ੍ਹਾਂ ਸ਼ ਖਹਿਰਾ ਬਠਿੰਡਾ ਹਲਕੇ ਤੋਂ ਨਾ ਕੇਵਲ ਹਾਰ ਗਏ ਸਨ ਬਲਕਿ ਬਲਦੇਵ ਸਿੰਘ ਫਰੀਦਕੋਟ ਤੋਂ ਜ਼ਮਾਨਤ ਜ਼ਬਤ ਕਰਵਾ ਬੈਠੇ ਸਨ। ‘ਆਪ’ ਵਿਧਾਇਕ ਦਲ ਦੇ ਚੀਫ ਵਹਿਪ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਨੇ ਆਪਣੀ ਗਲਤੀ ਮੰਨ ਕੇ ਆਮ ਆਦਮੀ ਪਾਰਟੀ ਵਿਚ ਵਾਪਸ ਚਲੇ ਜਾਣ ਦਾ ਫੈਸਲਾ ਕੀਤਾ ਹੈ ਜਿਸ ਦਾ ਸਪੀਕਰ ਦੇ ਸਕੱਤਰੇਤ ਵਿਚ ਕੋਈ ਰਿਕਾਰਡ ਨਹੀਂ ਤੇ ਨਵੀਂ ਪੇਸ਼ੀ ਲਈ 31 ਦਸੰਬਰ ਦੀ ਤਰੀਕ ਪਾ ਦਿੱਤੀ ਗਈ ਹੈ। ਇਹ ਤਿੰਨੇ ਕੇਸ ਦਲ ਬਦਲੂ ਵਿਰੋਧੀ ਕਾਨੂੰਨ ਦੀ ਉਲੰਘਣਾ ਨਾਲ ਸਬੰਧਤ ਹਨ। ਜਿਥੋਂ ਤੱਕ ਮਾਨਸਾ ਤੋਂ ‘ਆਪ’ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਕੇਸ ਦਾ ਸਬੰਧ ਹੈ, ਉਹ ਵੀ ਲੋਕ ਸਭਾ ਚੋਣ ਸਮੇਂ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਅਜੇ ਤੱਕ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ ਤੇ ਨਾ ਹੀ ਅਜੇ ਤੱਕ ਸਪੀਕਰ ਸਾਹਮਣੇ ਪੇਸ਼ ਹੋਏ ਹਨ। ਉਹ ਵੀ ਤਰੀਕਾਂ ਮੰਗੀ ਜਾ ਰਹੇ ਹਨ। ਆਮ ਵਿਚਾਰ ਹੈ ਕਿ ਹੁਣ ਸਪੀਕਰ ਨੂੰ ਇਨ੍ਹਾਂ ਕੇਸਾਂ ਬਾਰੇ ਇਧਰ ਜਾਂ ਉਧਰ ਫੈਸਲਾ ਕਰਨਾ ਪਵੇਗਾ।