ਲੰਗਰ ਘਰ ‘ਚ ਦੇਸੀ ਘਿਉ ਦੇ ‘ਘਾਲੇ ਮਾਲੇ’ ਦਾ ਮਾਮਲਾ ਭਖਿਆ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਖਰੀਦੇ ਜਾਂਦੇ ਦੇਸੀ ਘਿਉ ਦੀ ਸਪਲਾਈ ਦੌਰਾਨ ਵਜ਼ਨ ਘੱਟ ਨਿਕਲਣ ਦਾ ਮਾਮਲਾ ਕਾਫੀ ਚਰਚਾ ਵਿਚ ਹੈ। ਸ਼੍ਰੋਮਣੀ ਕਮੇਟੀ ਨੇ ਜਿਥੇ ਇਨ੍ਹਾਂ ਦੋਸ਼ਾਂ ਦਾ ਸਖਤੀ ਨਾਲ ਖੰਡਨ ਕੀਤਾ, ਉਥੇ ਦੂਜੇ ਪਾਸੇ ਦੋਸ਼ ਲਾਉਣ ਵਾਲੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਮੁੜ ਆਖਿਆ ਹੈ ਕਿ ਉਸ ਵੱਲੋਂ ਲਾਏ ਗਏ ਦੋਸ਼ ਠੀਕ ਹਨ। ਮੰਨਾ ਨੇ ਚੁਣੌਤੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਉਸ ਦੇ ਦੋਸ਼ਾਂ ਨੂੰ ਗਲਤ ਸਾਬਤ ਕਰੇ।

ਸ਼੍ਰੋਮਣੀ ਕਮੇਟੀ ਦੀ ਖਰੀਦ ਸਬ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਦੋਸ਼ਾਂ ਨੂੰ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਘਿਉ ਦਾ ਟੈਂਡਰ ਦੇਣ ਵੇਲੇ ਪੂਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਇਸ ਸਬੰਧੀ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਦਿੱਲੀ, ਹਰਿਆਣਾ, ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਸਹਿਕਾਰੀ ਅਦਾਰਿਆਂ ਨੇ ਘਿਉ ਦੀ ਖਰੀਦ ਲਈ ਆਪਣੇ ਰੇਟ ਦਿੱਤੇ ਸਨ, ਜਿਨ੍ਹਾਂ ਵਿਚ ਵੇਰਕਾ ਘਿਉ ਦਾ ਰੇਟ ਸਭ ਤੋਂ ਘੱਟ 319 ਰੁਪਏ 80 ਪੈਸੇ ਪ੍ਰਤੀ ਕਿਲੋ ਹੋਣ ਕਾਰਨ ਉਸ ਨੂੰ ਟੈਂਡਰ ਦਿੱਤਾ ਗਿਆ ਸੀ। ਜੀ.ਐਸ਼ਟੀ. ਸ਼ਾਮਲ ਕਰਕੇ ਇਹ ਘਿਉ 357 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਜਦੋਂਕਿ ਬਜ਼ਾਰ ਵਿਚ ਇਸ ਦੀ ਕੀਮਤ ਲਗਭਗ 440 ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਆਖਿਆ ਕਿ ਇਹ ਘਿਉ ਪ੍ਰਾਈਵੇਟ ਅਦਾਰਿਆਂ ਤੋਂ ਖਰੀਦਣ ਦੀ ਥਾਂ ਸਹਿਕਾਰੀ ਸੰਸਥਾ ਕੋਲੋਂ ਖਰੀਦਣ ਨੂੰ ਪਹਿਲ ਦਿੱਤੀ ਗਈ ਸੀ ਕਿਉਂਕਿ ਇਹ ਲੋਕ ਪੱਖੀ ਅਦਾਰੇ ਹਨ।
ਉਧਰ, ਮੰਨਾ ਨੇ ਦੋਸ਼ ਲਾਇਆ ਕਿ ਦੇਸੀ ਘਿਉ ਨਿਰਧਾਰਤ ਵਜ਼ਨ ਤੋਂ ਘੱਟ ਭੇਜ ਕੇ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ਉਤੇ ਸੂਬੇ ਦੀਆਂ ਦੁੱਧ ਤੋਂ ਬਣੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ ਅਦਾਰੇ ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੰਨਾ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸਪਲਾਈ ਹੁੰਦਾ ਦੇਸੀ ਘਿਉ ਨਿਰਧਾਰਤ ਵਜ਼ਨ ਤੋਂ ਘੱਟ ਵਜ਼ਨ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਦੇਸੀ ਘਿਉ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਹਿਕਾਰੀ ਅਦਾਰੇ ਕੋਲੋਂ ਖਰੀਦਿਆ ਜਾਂਦਾ ਹੈ। ਇਸ ਸਬੰਧੀ ਟੈਂਡਰ ਰਾਹੀਂ ਸਹਿਕਾਰੀ ਅਦਾਰੇ ਨੂੰ ਦੇਸੀ ਘਿਉ ਦੀ ਸਪਲਾਈ ਦਾ ਆਰਡਰ ਦਿੱਤਾ ਹੋਇਆ ਹੈ। ਹਰੇਕ ਟੀਨ ਵਿਚ ਨਿਰਧਾਰਤ 15 ਕਿੱਲੋ ਦੇਸੀ ਘਿਉ ਹੁੰਦਾ ਹੈ ਪਰ ਇਨ੍ਹਾਂ ਵਿਚ ਘੱਟ ਘਿਉ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਹਿਕਾਰੀ ਅਦਾਰੇ ਦੇ ਨਿਯਮਾਂ ਨੂੰ ਅਣਦੇਖਿਆਂ ਕਰ ਕੇ ਟੈਂਡਰ ਦਿੱਤਾ ਗਿਆ। ਉਸ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਲੰਗਰ ਘਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਮੰਨਿਆ ਕਿ 2 ਨਵੰਬਰ ਨੂੰ ਲੰਗਰ ਘਰ ਵਿਚ ਆਏ ਦੇਸੀ ਘਿਉ ਦੇ ਕੁਝ ਟੀਨਾਂ ਵਿਚੋਂ ਨਿਰਧਾਰਤ ਵਜ਼ਨ ਨਾਲੋਂ ਘੱਟ ਦੇਸੀ ਘਿਉ ਨਿਕਲਿਆ ਸੀ। ਇਸ ਸਬੰਧੀ ਰਕਮ ਦਾ ਭੁਗਤਾਨ ਵੀ ਦੇਸੀ ਘਿਉ ਦੇ ਵਜ਼ਨ ਮੁਤਾਬਕ ਹੀ ਕੀਤਾ ਜਾਂਦਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਆਖਿਆ ਕਿ ਜਦੋਂ ਵੀ ਦੇਸੀ ਘਿਉ ਦੇ ਟੀਨਾਂ ਵਿਚੋਂ ਘਿਉ ਘੱਟ ਨਿਕਲਿਆ ਹੈ ਤਾਂ ਉਸ ਮੁਤਾਬਕ ਹੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ। ਇਸ ਸਬੰਧੀ ਵੇਰਕਾ ਕੰਪਨੀ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੋ ਨਵੰਬਰ ਨੂੰ 600 ਟੀਨ ਘਿਉ ਵਿਚੋਂ 40 ਕਿਲੋ ਘਿਉ ਘੱਟ ਨਿਕਲਿਆ ਸੀ, ਜਿਸ ਨੂੰ ਤੁਰਤ ਦਰਜ ਕੀਤਾ ਗਿਆ ਸੀ। ਇਸ ਦੀ ਅਦਾਇਗੀ ਹੁਣ ਤੱਕ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਲੰਗਰ ਲਈ ਖਰੀਦਿਆ ਜਾਂਦਾ ਕੋਈ ਵੀ ਸਾਮਾਨ ਤੋਲ ਮਗਰੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ।
______________________________________
ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼: ਲੌਂਗੋਵਾਲ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਮਨਦੀਪ ਸਿੰਘ ਮੰਨਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ੍ਰੀ ਮੰਨਾ ਨੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਬਣਾਏ ਗਏ ਪੰਡਾਲ ਬਾਰੇ ਵੀ ਬੇਬੁਨਿਆਦ ਦੋਸ਼ ਲਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਕੰਮ ਟੈਂਡਰ ਰਾਹੀਂ ਪਾਰਦਰਸ਼ੀ ਢੰਗ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
_______________________________________
ਪਰਿਵਾਰ ਦਾ ਕਬਜ਼ਾ ਤੋੜਨ ਲਈ ਇਕੱਠੇ ਹੋਣ ਦਾ ਸੱਦਾ
ਮਾਨਸਾ: ਸਾਬਕਾ ਕੇਂਦਰੀ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਐਮ.ਐਲ਼ਸੀ. ਬਲਵੰਤ ਸਿੰਘ ਰਾਮੂਵਾਲੀਆ ਨੇ ਸ਼੍ਰੋਮਣੀ ਕਮੇਟੀ ਤੋਂ ਪਰਿਵਾਰਵਾਦ ਦਾ ਕਬਜ਼ਾ ਤੋੜਨ ਅਤੇ ਜਨਰਲ ਚੋਣਾਂ ਕਰਵਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਪੰਜਾਬ ਦੇ ਧਾਰਮਿਕ ਤੇ ਰਾਜਨੀਤਕ ਖੇਤਰ ‘ਚ ਆਏ ਨਿਘਾਰ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਥਕ ਤੇ ਪੰਜਾਬ ਦਰਦੀਆਂ ਨੂੰ ਸੂਬੇ ਨੂੰ ਹਰ ਖੇਤਰ ‘ਚ ਤੰਦਰੁਸਤ ਕਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਰਾਮੂਵਾਲੀਆ ਨਾਲ ਇਸ ਕਾਰਜ ਲਈ ਹਲਕਾ ਮਾਨਸਾ ਦੀਆਂ 20 ਸ਼ਖਸੀਅਤਾਂ ਨੇ ਜੁੜਨ ਦਾ ਐਲਾਨ ਕੀਤਾ ਅਤੇ ਮਹੀਨੇ ‘ਚ 200 ਵਿਅਕਤੀ ਇਸ ਮੁਹਿੰਮ ਨਾਲ ਜੋੜਨ ਦਾ ਦਾਅਵਾ ਵੀ ਕੀਤਾ। ਰਾਮੂਵਾਲੀਆ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ‘ਚ ਹਲਕਾਵਾਰ ਜਾਰੀ ਰਹੇਗੀ ਅਤੇ ਇਸ ਕਾਰਜ ਲਈ ਪੰਥਕ ਜਥੇਬੰਦੀਆਂ ਅਤੇ ਸੁਹਿਰਦ ਸਿਆਸੀ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।