ਸਿੱਖ ਵਿਰਾਸਤ ਨਾਲ ਜੁੜੀਆਂ 90 ਫੀਸਦੀ ਥਾਂਵਾਂ ਪਾਕਿਸਤਾਨ ਵਿਚ…

ਪਿਸ਼ਾਵਰ: ਭਾਰਤੀ ਮੂਲ ਦੇ ਬਰਤਾਨਵੀ ਇਤਿਹਾਸਕਾਰ ਤੇ ਲੇਖਕ ਬੌਬੀ ਸਿੰਘ ਬਾਂਸਲ ਨੇ ਦਾਅਵਾ ਕੀਤਾ ਹੈ ਕਿ 90 ਫੀਸਦੀ ਸਿੱਖ ਵਿਰਾਸਤ ਨਾਲ ਜੁੜੀਆਂ ਥਾਵਾਂ ਪਾਕਿਸਤਾਨ ਵਿਚ ਹਨ। ਬਾਂਸਲ ਪਾਕਿ ਸਥਿਤ ਸਿੱਖ ਵਿਰਾਸਤੀ ਥਾਵਾਂ ਬਾਰੇ ਕਾਫੀ ਜਾਣਕਾਰੀ ਰੱਖਦੇ ਹਨ।

ਬੌਬੀ ਬਾਂਸਲ ਨੇ ਕਿਹਾ ਕਿ ਜ਼ਿਆਦਾਤਰ ਥਾਵਾਂ ਖੈਬਰ ਪਖਤੂਨਖ਼ਵਾ ਸੂਬੇ ਵਿਚ ਹਨ। ਉਨ੍ਹਾਂ ਨਾਲ ਹੀ ਇਨ੍ਹਾਂ ਥਾਵਾਂ ਨੂੰ ਧਾਰਮਿਕ ਸੈਰ-ਸਪਾਟੇ ਲਈ ਵਿਕਸਿਤ ਕਰਨ ਦੇ ਪੱਖ ਤੋਂ ਵੀ ਗੱਲ ਕੀਤੀ ਤੇ ਇਸ ਦੇ ਮਹੱਤਵ ਨੂੰ ਉਭਾਰਿਆ। ਪਿਸ਼ਾਵਰ ਮਿਊਜ਼ੀਅਮ ਦੇ ਵਿਕਟੋਰੀਆ ਯਾਦਗਾਰੀ ਹਾਲ ਵਿਚ ‘ਫਰੌਮ ਕਰਤਾਰਪੁਰ ਟੂ ਖੈਬਰ ਪਾਸ’ ਵਿਸ਼ੇ ਉਤੇ ਵਿਚਾਰ ਰੱਖਦਿਆਂ ਯੂ.ਕੇ. ਦੇ ਇਤਿਹਾਸਕਾਰ ਨੇ ਸਰੋਤਿਆਂ ਨੂੰ ਸਿੱਖ ਵਿਰਾਸਤ ਨਾਲ ਜੁੜੇ ਕਈ ਕਿਲ੍ਹਿਆਂ, ਯੁੱਧ ਭੂਮੀਆਂ, ਦਰਗਾਹਾਂ, ਮਜ਼ਾਰਾਂ, ਗੁਰਦੁਆਰਿਆਂ ਤੇ ਹਵੇਲੀਆਂ ਬਾਰੇ ਜਾਣਕਾਰੀ ਦਿੱਤੀ।
ਯਾਦ ਰਹੇ ਕਿ ਬੌਬੀ ਬਾਂਸਲ ਫਿਲਮਸਾਜ਼ ਵੀ ਹਨ। ਉਨ੍ਹਾਂ ਖੈਬਰ ਨਾਲ ਜੁੜੀਆਂ ਸਿੱਖ ਸ਼ਖਸੀਅਤਾਂ- ਜਨਰਲ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਦੀ ਮੌਤ ਖੈਬਰ ਵਿਚ ਹੀ ਹੋਈ ਸੀ ਤੇ ਉਥੇ ਦੋਵਾਂ ਦੀਆਂ ਮਜ਼ਾਰਾਂ ਹਨ। ‘ਜਮਰੌਦ ਕਿਲ੍ਹਾ’ ਵਿਸ਼ੇਸ਼ ਖਿੱਚ ਦਾ ਕੇਂਦਰ ਹੈ ਕਿਉਂਕਿ ਇਥੇ ਨਲਵਾ ਦੀ ਮਜ਼ਾਰ ਹੈ। ਉਹ ਸਿੱਖ ਸਾਮਰਾਜ ਦੀ ਫੌਜ ਦੇ ਕਮਾਂਡਰ ਸਨ। ਬੌਬੀ ਬਾਂਸਲ ਨੇ ਕਿਹਾ ਕਿ ਲੋਕ ਸਾਡੇ ਇਨ੍ਹਾਂ ਨਾਇਕਾਂ ਦਾ ਬੇਹੱਦ ਸਤਿਕਾਰ ਕਰਦੇ ਹਨ ਅਤੇ ਇਸ ਥਾਂ ਨੂੰ ਵੀ ਵਿਕਸਿਤ ਕੀਤਾ ਜਾ ਸਕਦਾ ਹੈ।
_________________________________________
ਮੁਗਲ ਤੇ ਸਿੱਖ ਰਾਜ ਨਾਲ ਸਬੰਧਤ ਸਿੱਕੇ
ਅੰਮ੍ਰਿਤਸਰ: ਕਸਟਮ ਵਿਭਾਗ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਅਟਾਰੀ ਸਰਹੱਦ ‘ਤੇ ਰੇਲਵੇ ਸਟੇਸ਼ਨ ਤੇ ਹਵਾਈ ਅੱਡੇ ਤੋਂ ਫੜੇ ਗਏ ਕਰੀਬ 1500 ਪੁਰਾਤਨ ਸਿੱਕਿਆਂ ਨੂੰ ਭਾਰਤੀ ਪੁਰਾਤਤਵ ਵਿਭਾਗ ਨੇ ਪੰਜਾਬ ਤੇ ਇਸ ਨਾਲ ਲੱਗਦੇ ਰਾਜਾਂ ਦੇ ਰਾਜਿਆਂ ਨਾਲ ਸਬੰਧਤ ਦੱਸਿਆ ਹੈ। ਇਹ ਸਿੱਕੇ ਇਥੇ ਤਸਕਰੀ ਕਰਕੇ ਲਿਆਂਦੇ ਗਏ ਸਨ। ਜਾਣਕਾਰੀ ਮੁਤਾਬਕ ਇਹ ਸਿੱਕੇ ਕੁਸ਼ਾਨ, ਮੁਗਲ ਅਤੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਸਮੇਤ ਬਰਤਾਨਵੀ ਕਾਲ ਨਾਲ ਸਬੰਧਤ ਹਨ।