ਸਿਆਸੀ ਆਗੂਆਂ ਦੀ ਗੈਂਗਸਟਰਾਂ ਨਾਲ ਗੰਢਤੁਪ ਦੀ ਖੁੱਲ੍ਹੀ ਪੋਲ

ਚੰਡੀਗੜ੍ਹ: ਪੰਜਾਬ ਵਿਚ ਅਕਾਲੀ ਦਲ ਬਾਦਲ ਤੇ ਕਾਂਗਰਸ ਨਾਲ ਸਬੰਧਤ ਸੀਨੀਅਰ ਆਗੂ ਇਕ-ਦੂਜੇ ਉਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਾ ਰਹੇ ਹਨ। ਦੋਵਾਂ ਧਿਰਾਂ ਦੇ ਆਗੂ ਇਸ ਸਬੰਧੀ ਸਬੂਤ ਵੀ ਪੇਸ਼ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਤੇ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਗੱਠਜੋੜ ਹੋਣ ਦੇ ਦੋਸ਼ ਲਾਏ ਹਨ।

ਅਕਾਲੀ ਆਗੂ ਨੇ ਮੰਗ ਕੀਤੀ ਕਿ ਜੇਲ੍ਹ ਮੰਤਰੀ ਨੂੰ ਅਹੁਦੇ ਉਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਇਸ ਲਈ ਸ੍ਰੀ ਰੰਧਾਵਾ ਜਾਂ ਤਾਂ ਮੰਤਰੀ ਵਜੋਂ ਅਸਤੀਫਾ ਦੇਣ ਤੇ ਜਾਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਬਰਖਾਸਤ ਕਰਨ। ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਏ ਹਨ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦਾ ਗੈਂਗ ਜੇਲ੍ਹ ਮੰਤਰੀ ਰੰਧਾਵਾ ਦੀ ਸਰਪ੍ਰਸਤੀ ਹੇਠ ਇਕ ਹਜ਼ਾਰ ਕਰੋੜ ਰੁਪਏ ਦਾ ਰੈਕੇਟ ਚਲਾ ਰਹੇ ਹਨ। ਜੇ ਇਸ ਦੀ ਜਾਂਚ ਸੀ.ਬੀ.ਆਈ., ਕੌਮੀ ਜਾਂਚ ਏਜੰਸੀ ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਤਾਂ ਜੱਗੂ ਭਗਵਾਨਪੁਰੀਏ ਅਤੇ ਹੋਰਾਂ ਦੀ ਅਕਾਲੀ ਸਰਪੰਚ ਦੇ ਕਤਲ ‘ਚ ਭੂਮਿਕਾ ਬੇਨਕਾਬ ਹੋ ਸਕਦੀ ਹੈ।
ਉਸ ਦੇ ਲੜਕੇ ਸੰਦੀਪ ਸਿੰਘ ਨੇ ਇਸ ਸਬੰਧੀ ਸੂਬੇ ਦੇ ਪੁਲਿਸ ਮੁਖੀ ਨੂੰ ਪੱਤਰ ਵੀ ਲਿਖਿਆ ਹੈ, ਜਿਸ ਵਿਚ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਬਟਾਲਾ ਦਾ ਐਸ਼ਐਸ਼ਪੀ. ਉਪਿੰਦਰਜੀਤ ਘੁੰਮਣ ਵੀ ਕਥਿਤ ਤੌਰ ‘ਤੇ ਕਾਂਗਰਸ ਨਾਲ ਮਿਲਿਆ ਹੋਇਆ ਹੈ, ਇਸੇ ਕਰਕੇ ਹਾਲੇ ਕਾਤਲ ਗ੍ਰਿਫਤਾਰ ਨਹੀਂ ਹੋਏ। ਸ੍ਰੀ ਮਜੀਠੀਆ ਨੇ ਕਿਹਾ ਕਿ ਉਸ ਕੋਲ ਦਸਤਾਵੇਜ਼ੀ ਸਬੂਤ ਹਨ ਕਿ ਜੱਗੂ ਭਗਵਾਨਪੁਰੀਆ ਦੇ ਜੇਲ੍ਹ ਮੰਤਰੀ ਨਾਲ ਸਬੰਧ ਹਨ।
ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਗੁਰਦਾਸਪੁਰ ਜ਼ਿਲ੍ਹੇ ਵਿਚ ਪਿਛਲੇ ਦਿਨਾਂ ਦੌਰਾਨ ਜਿਸ ਅਕਾਲੀ ਆਗੂ ਦਾ ਕਤਲ ਹੋਇਆ ਹੈ, ਉਸ ਕਤਲ ਪਿੱਛੇ ਵੀ ਜੇਲ੍ਹ ਮੰਤਰੀ ਦਾ ਅਸਿੱਧਾ ਹੱਥ ਹੈ। ਮਜੀਠੀਆ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਕਤਲ ਨੂੰ ਜ਼ਮੀਨ ਦੀ ਵੱਟ ਦਾ ਰੌਲਾ ਕਰਾਰ ਦੇ ਕੇ ਮਾਮਲੇ ਨੂੰ ਠੱਪ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਦੋਂਕਿ ਸਾਰਾ ਇਲਾਕਾ ਜਾਣਦਾ ਹੈ ਕਿ ਇਹ ਸਿਆਸੀ ਕਤਲ ਹੈ। ਉਨ੍ਹਾਂ ਕਿਹਾ ਕਿ ਕਤਲ ਦੇ 72 ਘੰਟੇ ਬਾਅਦ ਵੀ ਪੁਲਿਸ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਮ੍ਰਿਤਕ ਦੇ ਵਾਰਸਾਂ ਦਾ ਬਿਆਨ ਵੀ ਦਰਜ ਕਰਨ ਤੋਂ ਪੁਲਿਸ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਿਨਾਂ ਕਿਸੇ ਤਫਤੀਸ਼ ਤੋਂ ਹੀ ਸਿੱਟਾ ਕੱਢਣਾ ਸ਼ੱਕ ਜ਼ਾਹਿਰ ਕਰਦਾ ਹੈ ਕਿ ਇਸ ਕਤਲ ਪਿੱਛੇ ਪ੍ਰਭਾਵਸ਼ਾਲੀ ਤੇ ਵੱਡੇ ਬੰਦਿਆਂ ਦਾ ਹੱਥ ਹੈ। ਸ੍ਰੀ ਮਜੀਠੀਆ ਨੇ ਦੋਸ਼ ਲਾਇਆ ਕਿ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕਥਿਤ ਜੇਲ੍ਹ ਮੰਤਰੀ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਸ ਗੈਂਗਸਟਰ ਵੱਲੋਂ ਜੇਲ੍ਹ ਵਿਚੋਂ ਹੀ ਆਪਣੇ ਧੰਦੇ ਚਲਾਉਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਜੇਲ੍ਹ ਮੰਤਰੀ ਦੇ ਰਿਹਾਇਸ਼ੀ ਪਿੰਡਾਂ ਦਾ ਹੀ ਰਹਿਣ ਵਾਲਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਇਸ ਮਾਮਲੇ ‘ਤੇ ਪੰਜਾਬ ਪੁਲਿਸ ਦੇ ਮੁਖੀ ਨੂੰ ਤੁਰਤ ਦਖਲ ਦੇਣਾ ਚਾਹੀਦਾ ਹੈ ਤੇ ਜੇਕਰ ਪੁਲਿਸ ਨੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਮੰਤਰੀਆਂ ਅਤੇ ਹਾਕਮ ਪਾਰਟੀ ਦੇ ਆਗੂਆਂ ਦੀ ਸ਼ਹਿ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
_______________________________________
ਜੱਗੂ ਭਗਵਾਨਪੁਰੀਆ ਅਕਾਲੀਆਂ ਦਾ ਬੰਦਾ: ਰੰਧਾਵਾ
ਚੰਡੀਗੜ੍ਹ: ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਲਾਏ ਦੋਸ਼ਾਂ ਨੂੰ ਬੌਖਲਾਹਟ ਦੀ ਨਿਸ਼ਾਨੀ ਅਤੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਦਾ ਪਰਿਵਾਰ ਪਿਛਲੀਆਂ ਚੋਣਾਂ ਦੌਰਾਨ ਅਕਾਲੀਆਂ ਦਾ ਹਮਾਇਤੀ ਰਿਹਾ ਹੈ। ਜੱਗੂ ਸਮੇਤ ਬਹੁਗਿਣਤੀ ਗੈਂਗਸਟਰਾਂ ਨੂੰ ਕਾਂਗਰਸ ਸਰਕਾਰ ਨੇ ਕਾਬੂ ਕੀਤਾ ਤੇ ਅਕਾਲੀ ਸਰਕਾਰ ਸਮੇਂ ਤਾਂ ਜੇਲ੍ਹਾਂ ‘ਚੋਂ ਗੈਂਗਸਟਰ ਦਿਨ ਦਿਹਾੜੇ ਦੌੜ ਜਾਂਦੇ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਤਲ ਦੀ ਤਫਤੀਸ਼ ਪੁਲਿਸ ਕਰ ਰਹੀ ਹੈ। ਇਸ ਲਈ ਇਸ ਮਾਮਲੇ ਉਤੇ ਬੋਲਣਾ ਯੋਗ ਨਹੀਂ ਮੰਨਿਆ ਜਾ ਸਕਦਾ।