ਕੈਨੇਡਾ ਦੀ ਟਰੂਡੋ ਸਰਕਾਰ ਵਿਚ ਪੰਜਾਬੀਆਂ ਦੀ ਬੱਲੇ-ਬੱਲੇ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦੇ 36 ਮੈਂਬਰੀ ਮੰਤਰੀ ਮੰਡਲ ਦਾ ਗਠਨ ਕਰ ਲਿਆ ਹੈ। ਪਿਛਲੀ ਸਰਕਾਰ ‘ਚ ਸ਼ਾਮਲ ਹਰਜੀਤ ਸਿੰਘ ਸੱਜਣ, ਨਵਦੀਪ ਬੈਂਸ, ਬਰਦੀਸ਼ ਚੱਗੜ ਅਤੇ ਪਹਿਲੀ ਵਾਰ ਉਂਟਾਰੀਓ ਦੇ ਓਕਵਿਲ ਹਲਕੇ ਤੋਂ ਜਿੱਤੀ ਅਨੀਤਾ ਆਨੰਦ ਨੂੰ ਅਹਿਮ ਅਹੁਦੇ ਸੌਂਪੇ ਹਨ।

ਹਰਜੀਤ ਸੱਜਣ ਨੂੰ ਮੁਲਕ ਦਾ ਰੱਖਿਆ ਮੰਤਰੀ, ਨਵਦੀਪ ਬੈਂਸ ਨੂੰ ਸਾਇੰਸ ਇਨੋਵੇਸ਼ਨ ਅਤੇ ਸਨਅਤ ਮੰਤਰੀ, ਬੀਬੀ ਬਰਦੀਸ਼ ਚੱਗੜ ਨੂੰ ਡਾਇਵਰਸਿਟੀ, ਇਨਕਲੂਜ਼ਨ ਅਤੇ ਯੂਥ ਮੰਤਰੀ ਜਦਕਿ ਅਨੀਤਾ ਆਨੰਦ ਨੂੰ ਪਬਲਿਕ ਸਰਵਿਸ ਤੇ ਪ੍ਰਕਿਉਰਮੈਂਟ ਮੰਤਰਾਲਾ ਸੌਂਪਿਆ ਗਿਆ ਹੈ। ਕੈਨੇਡਾ ਦੀ ਜੰਮਪਲ ਅਨੀਤਾ ਦੀ ਮਾਂ ਅੰਮ੍ਰਿਤਸਰ ਅਤੇ ਪਿਤਾ ਤਾਮਿਲ ਹਨ। ਟਰੂਡੋ ਮੰਤਰੀ ਮੰਡਲ ‘ਚ ਔਰਤਾਂ ਤੇ ਪੁਰਸ਼ਾਂ ਨੂੰ ਬਰਾਬਰੀ ਉਤੇ ਰੱਖਿਆ ਗਿਆ ਹੈ। ਬਰੈਂਪਟਨ ਦੇ ਪੰਜ ਸੰਸਦ ਮੈਂਬਰ ਹੋਣ ਦੇ ਬਾਵਜੂਦ ਮੰਤਰੀ-ਮੰਡਲ ‘ਚ ਕਿਸੇ ਨੂੰ ਵੀ ਨੁਮਾਇੰਦਗੀ ਨਾ ਦੇਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਸਾਬਕਾ ਵਿਦੇਸ਼ ਮੰਤਰੀ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਇੰਟਰ-ਗਵਰਨਮੈਂਟਲ ਅਫੇਅਰਜ਼ ਮੰਤਰਾਲੇ ਦੇ ਨਾਲ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ।
ਵਿਦੇਸ਼ ਮੰਤਰਾਲਾ ਫਰੈਂਕੋ ਫਿਲਿਪ ਸ਼ੈਂਪੇਨ ਅਤੇ ਇਮੀਗ੍ਰੇਸ਼ਨ ਮੰਤਰਾਲਾ ਮਾਰਕੋ ਮੈਂਡੀਸਿਨੋ ਨੂੰ ਦਿੱਤਾ ਗਿਆ ਹੈ। ਸਾਬਕਾ ਆਵਾਸ ਮੰਤਰੀ ਅਹਿਮਦ ਹੁਸੈਨ ਨੂੰ ਫੈਮਿਲੀ ਤੇ ਸੋਸ਼ਲ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਹੈ। ਬਿੱਲ ਮੌਰਨੋ ਨੂੰ ਵਿੱਤ ਮੰਤਰੀ, ਮਰੀਅਮ ਮੁਨਸਿਫ ਨੂੰ ਔਰਤਾਂ ਅਤੇ ਲਿੰਗ ਬਰਾਬਰੀ ਦਾ ਮਹਿਕਮਾ ਦਿੱਤਾ ਗਿਆ ਹੈ। ਕ੍ਰਿਸਟੀ ਡੰਕਨ ਸਦਨ ਦੇ ਡਿਪਟੀ ਆਗੂ, ਮਾਰਕ ਹੌਲੈਂਡ ਚੀਫ ਵ੍ਹਿਪ ਅਤੇ ਗਿਨੈਟ ਟੇਲਰ ਡਿਪਟੀ ਵ੍ਹਿਪ ਹੋਣਗੇ। ਟਰੂਡੋ ਮੰਤਰੀ ਮੰਡਲ ‘ਚ 7 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਸਰਕਾਰ ਵਿਚ ਉਂਟਾਰੀਓ ਸੂਬੇ ਤੋਂ 11 ਅਤੇ ਕਿਊਬਕ ਤੋਂ 10 ਮੰਤਰੀ ਲਏ ਗਏ ਹਨ।
ਕੈਨੇਡਾ ਦੀ ਸਰਕਾਰ ਵਿਚ ਮੰਤਰੀ ਬਣੇ ਹਰਜੀਤ ਸਿੰਘ ਸੱਜਣ ਦਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਮੇਲੀ ਦੇ ਜੰਮਪਲ ਹਨ। ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਪੰਜਾਬ ਪੁਲਿਸ ਵਿਚ ਕਾਂਸਟੇਬਲ ਸਨ।
ਉਹ ਪੰਜ ਸਾਲ ਦੀ ਉਮਰ ‘ਚ ਮਾਂ ਅਤੇ ਵੱਡੀ ਭੈਣ ਨਾਲ ਕੈਨੇਡਾ ਦੇ ਵੈਨਕੂਵਰ ਸ਼ਹਿਰ ਆ ਗਏ ਸਨ। ਸ਼ੁਰੂ ‘ਚ ਉਨ੍ਹਾਂ ਪੜ੍ਹਾਈ ਦੇ ਨਾਲ ਨਾਲ ਅਤਿ ਮੁਸ਼ਕਲ ਕੰਮ ਵੀ ਕੀਤੇ। ਉਹ ਆਪਣੀ ਯੋਗਤਾ ਕਾਰਨ ਵੈਨਕੂਵਰ ਆਰਮੀ ਵਿਚ ਭਰਤੀ ਹੋ ਗਏ ਸਨ। ਉਨ੍ਹਾਂ ਤਿੰਨ ਵਾਰ ਅਫਗਾਨਿਸਤਾਨ ਵਿਚ ਕੈਨੇਡੀਅਨ ਆਰਮੀ ਦੀ ਕਮਾਂਡ ਸੰਭਾਲੀ। ਉਨ੍ਹਾਂ ਦਾ ਵਿਆਹ 1996 ਵਿਚ ਡਾ. ਕੁਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਪਰਿਵਾਰ ‘ਚ ਇਕ ਪੁੱਤਰ ਅਤੇ ਧੀ ਹਨ। ਹਰਜੀਤ ਸਿੰਘ ਸੱਜਣ 2015 ਵਿਚ ਵੈਨਕੂਵਰ ਸਾਊਥ ਤੋਂ ਪਾਰਲੀਮੈਂਟ ਚੋਣ ਜਿੱਤ ਕੇ ਟਰੂਡੋ ਸਰਕਾਰ ਵਿਚ ਰੱਖਿਆ ਬਣੇ ਸਨ। ਇਸੇ ਸੀਟ ਤੋਂ ਹੁਣ ਉਹ ਦੁਬਾਰਾ ਜਿੱਤੇ।
ਨਵਦੀਪ ਸਿੰਘ ਬੈਂਸ ਦਾ ਜਨਮ 16 ਜੂਨ 1977 ‘ਚ ਟੋਰਾਂਟੋ ਸਿਟੀ ਵਿਚ ਹੋਇਆ। ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਬੈਂਸ ਅਤੇ ਮਾਤਾ ਹਰਮਿੰਦਰ ਕੌਰ ਪਹਿਲਾਂ ਜਲੰਧਰ ਅਤੇ ਫਿਰ ਰਾਜਸਥਾਨ ਤੋਂ ਕੈਨੇਡਾ ਆਏ ਸਨ। ਨਵਦੀਪ ਨੇ ਮੁਢਲੀ ਵਿਦਿਆ ਬਰੈਂਪਟਨ ਦੇ ਸਕੂਲ ਤੋਂ ਲਈ ਅਤੇ ਫਿਰ ਟੋਰਾਂਟੋ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ। ਵਿੰਡਸਰ ਯੂਨੀਵਰਸਿਟੀ ‘ਚ ਬਿਜ਼ਨਸ ਵਿਚ ਮਾਸਟਰ ਡਿਗਰੀ ਕਰਨ ਮਗਰੋਂ ਉਹ 2014 ਤੱਕ ਚਾਰਟਰਡ ਅਕਾਊਂਟੈਂਟ ਦਾ ਕੰਮ ਕਰਦੇ ਰਹੇ। 2015 ਵਿਚ ਮਾਲਟਿਨ ਮਿਸੀਸਾਗਾ ਸੀਟ ਤੋਂ ਉਹ ਸੰਸਦ ਲਈ ਚੁਣੇ ਗਏ ਅਤੇ ਲਿਬਰਲ ਸਰਕਾਰ ਵਿਚ ਸਾਇੰਸ ਅਤੇ ਇਕਨਾਮਿਕ ਡਿਵੈਲਪਮੈਂਟ ਮੰਤਰੀ ਬਣੇ।
ਬਰਦੀਸ਼ ਚੱਗਰ ਦਾ ਜਨਮ ਅਪਰੈਲ 1980 ‘ਚ ਹੋਇਆ। ਉਨ੍ਹਾਂ ਦੇ ਪਿਤਾ ਗੁਰਵਿੰਦਰ ਸਿੰਘ ਗੋਗੀ 1990 ਵਿਚ ਪੰਜਾਬ ਤੋਂ ਕੈਨੇਡਾ ਦੇ ਵਾਟਰਲੂ ਸ਼ਹਿਰ ਵਿਚ ਆ ਗਏ ਸਨ ਅਤੇ ਲਿਬਰਲ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਏ ਸਨ। ਬਰਦੀਸ਼ ਚੱਗਰ ਨੇ ਵਾਟਰਲੂ ਯੂਨੀਵਰਸਿਟੀ ਤੋਂ ਸਾਇੰਸ ਵਿਚ ਬੈਚੁਲਰ ਡਿਗਰੀ ਪ੍ਰਾਪਤ ਕੀਤੀ ਹੈ। ਨੌਕਰੀ ਦੀ ਭਾਲ ਵਿਚ ਉਹ ਕਿਚਨਰ ਆ ਗਏ ਸਨ। ਇਥੋਂ ਪਹਿਲਾਂ ਉਹ 2015 ਵਿਚ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਅਤੇ ਲਿਬਰਲ ਸਰਕਾਰ ਵਿਚ ਸਮਾਲ ਬਿਜ਼ਨਸ ਅਤੇ ਟੂਰਿਜ਼ਮ ਮਹਿਕਮੇ ਦੀ ਪਹਿਲੀ ਮਹਿਲਾ ਮੰਤਰੀ ਬਣੇ।
ਅਨੀਤਾ ਅਨੰਦ ਦਾ ਜਨਮ ਨੌਵਾ ਸਕੋਸੀਆ (ਕੈਨੇਡਾ) ਵਿਚ 1967 ਵਿਚ ਹੋਇਆ। ਉਨ੍ਹਾਂ ਦੇ ਮਾਤਾ ਪਿਤਾ ਮੈਡੀਸਨ ਦੇ ਡਾਕਟਰ ਹਨ। ਆਨੰਦ ਦੀ ਮਾਂ ਦਾ ਪੇਕਾ ਪਿੰਡ ਅੰਮ੍ਰਿਤਸਰ ਨੇੜੇ ਜੰਡਿਆਲਾ ਹੈ। ਉਨ੍ਹਾਂ ਟੋਰਾਂਟੋ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ 2019 ਵਿਚ ਓਕਵਿਲ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ।