ਗੈਰ ਕਾਨੂੰਨੀ ਪਰਵਾਸ ਖਿਲਾਫ ਸਖਤੀ ਨੇ ਰੋਲੇ ਨੌਜਵਾਨਾਂ ਦੇ ਸੁਪਨੇ

ਚੰਡੀਗੜ੍ਹ: ਭਾਰਤ, ਖਾਸ ਤੌਰ ਉਤੇ ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਵਾਲਿਆਂ ਨੂੰ ਵਾਪਸ ਭੇਜਣ ਦੇ ਸ਼ੁਰੂ ਹੋਏ ਸਿਲਸਿਲੇ ਨੇ ਕਈ ਨੌਜਵਾਨਾਂ ਦੇ ਸੁਪਨਿਆਂ ਉਤੇ ਪਾਣੀ ਫੇਰ ਦਿੱਤਾ ਹੈ। ਇਸੇ ਸਾਲ ਅਕਤੂਬਰ ਵਿਚ ਮੈਕਸੀਕੋ ਤੋਂ ਅਮਰੀਕਾ ਦਾਖਲ ਹੋਣ ਵਾਲੇ ਇਕ ਔਰਤ ਸਮੇਤ 312 ਭਾਰਤੀਆਂ ਨੂੰ ਚਾਰਟਰਡ ਜਹਾਜ਼ ਰਾਹੀਂ ਵਾਪਸ ਦਿੱਲੀ ਭੇਜ ਦਿੱਤਾ ਗਿਆ। ਉਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀ ਸਨ। ਹੁਣ ਫਿਰ ਡੇਢ ਸੌ ਦੇ ਕਰੀਬ ਵਿਅਕਤੀਆਂ ਜਿਨ੍ਹਾਂ ਵਿਚ ਪੰਜਾਬੀ ਵੀ ਸ਼ਾਮਲ ਹਨ, ਨੂੰ ਅਮਰੀਕਾ ਤੋਂ ਵਾਪਸ ਭੇਜ ਦਿੱਤਾ ਗਿਆ ਹੈ।

ਵਾਪਸ ਆਏ ਨੌਜਵਾਨ ਲੱਖਾਂ ਰੁਪਏ ਦੀਆਂ ਜਾਇਦਾਦਾਂ ਵੇਚ ਕੇ ਗਏ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਅਮਰੀਕਾ ਜਾ ਕੇ ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਜੀਵਨ ਸੁਧਾਰ ਲੈਣਗੇ। ਦੁਖਾਂਤ ਇਹ ਹੈ ਕਿ ਉਹ ਪੈਸਾ ਵੀ ਗਿਆ ਅਤੇ ਜਿਨ੍ਹਾਂ ਹਾਲਾਤ ਦੇ ਕਾਰਨ ਉਹ ਘਰੋਂ ਨਿਕਲੇ ਸਨ, ਉਹ ਹੋਰ ਵੀ ਬਦਤਰ ਦਿਖਾਈ ਦੇ ਰਹੇ ਹਨ। ਬਠਿੰਡਾ ਜ਼ਿਲ੍ਹੇ ਦੇ ਜਬਰਜੰਗ ਸਿੰਘ ਵੱਲੋਂ ਕੀਤਾ ਇਹ ਖੁਲਾਸਾ ਕਿ ਉਸ ਨੇ ਚਾਰ ਵਾਰ ਅਮਰੀਕਾ ਲਈ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਗੌਰ ਕਰਨ ਵਾਲਾ ਹੈ। ਉਹ ਚੌਥੀ ਵਾਰ ਵਾਪਸ ਆਇਆ ਹੈ। ਵਾਪਸ ਆਏ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਦੇ ਟੁੱਟ ਜਾਣ ਦਾ ਸੰਤਾਪ ਵੀ ਹੰਢਾਉਣਾ ਪੈਣਾ ਹੈ।
ਇਕ ਤੋਂ ਬਾਅਦ ਇਕ ਜਿਵੇਂ ਇਹ ਸਾਰੇ ਹਵਾਈ ਅੱਡੇ ਤੋਂ ਬਾਹਰ ਨਿਕਲੇ, ਉਨ੍ਹਾਂ ਦੇ ਚਿਹਰਿਆਂ ਉਤੇ ਮਾਯੂਸੀ ਸਾਫ ਦੇਖੀ ਜਾ ਸਕਦੀ ਸੀ। ਕੁਝ ਨੇ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿਉਂਕਿ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਉਨ੍ਹਾਂ ਦੀ ਅਮਰੀਕਾ ਵਿਚ ਵੱਸਣ ਦੀ ਕੋਸ਼ਿਸ਼ ਅਸਫਲ ਰਹੀ ਹੈ। ਇਹ ਭਾਰਤੀਆਂ ਦਾ ਦੂਜਾ ਵੱਡਾ ਜਥਾ ਹੈ ਜਿਸ ਨੂੰ ਵਾਪਸ ਭੇਜਿਆ ਗਿਆ ਹੈ। ਅਕਤੂਬਰ 18 ਨੂੰ ਅਮਰੀਕਾ ਜਾਣ ਦੇ ਉਦੇਸ਼ ਤਹਿਤ ਮੈਕਸਿਕੋ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਏ 300 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿਚ ਇਕ ਔਰਤ ਵੀ ਸੀ।
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਜਬਰਜੰਗ ਸਿੰਘ ਨੇ ਕਿਹਾ ਕਿ ਉਸ ਨੂੰ ਚੌਥੀ ਵਾਰ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ। ਉਸ ਨੇ ਕਿਹਾ ਕਿ ਉਹ ਨੌਕਰੀ ਦੀ ਤਲਾਸ਼ ਵਿਚ ਉਥੇ ਗਿਆ ਸੀ ਤੇ ਉਥੇ ਹੀ ਵੱਸਣਾ ਚਾਹੁੰਦਾ ਸੀ। ਪਹਿਲੀ ਵਾਰ ਉਸ ਨੇ ਮੈਕਸਿਕੋ ਜਾਣ ਦੀ ਯੋਜਨਾ ਬਣਾਈ ਪਰ ਉਹ ਬੈਂਕਾਕ ਪੁੱਜ ਗਿਆ ਤੇ ਮੈਕਸਿਕੋ ਦਾ ਵੀਜ਼ਾ ਨਾ ਮਿਲਣ ਉਤੇ ਭਾਰਤ ਪਰਤ ਆਇਆ। ਉਸੇ ਸਾਲ ਉਸ ਨੇ ਮੁੜ ਕੋਸ਼ਿਸ਼ ਕੀਤੀ ਤੇ ਉਹ ਇਕੁਆਡੋਰ ਪੁੱਜ ਗਿਆ, ਜਿਥੋਂ ਉਸ ਨੂੰ 20 ਦਿਨਾਂ ਬਾਅਦ ਮੁੜ ਭਾਰਤ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਮੈਕਸਿਕੋ ਪੁੱਜ ਗਿਆ ਪਰ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿੱਤਾ ਤੇ ਉਸ ਨੂੰ ਵਾਪਸ ਭੇਜ ਦਿੱਤਾ। ਜਬਰਜੰਗ (24) ਨੇ ਦੱਸਿਆ ਕਿ ਉਸ ਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ। ਚੌਥੀ ਵਾਰ ਉਹ ਮਾਸਕੋ ਤੇ ਪੈਰਿਸ ਰਾਹੀਂ ਮੁੜ ਮੈਕਸਿਕੋ ਪੁੱਜਿਆ ਜਿਥੋਂ ਕੈਲੀਫੋਰਨੀਆ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਐਰੀਜ਼ੋਨਾ ਤੋਂ ਵਾਪਸ ਭੇਜ ਦਿੱਤਾ। ਇਨ੍ਹਾਂ ਚਾਰ ਕੋਸ਼ਿਸ਼ਾਂ ਦੌਰਾਨ ਉਸ ਨੇ ਪੰਚਕੂਲਾ ਦੇ ਇਕ ਟਰੈਵਲ ਏਜੰਟ ਨੂੰ 24 ਲੱਖ ਰੁਪਏ ਦਿੱਤੇ। ਜਬਰਜੰਗ ਨੇ ਕਿਹਾ ਕਿ ਉਹ ਉਦਾਸ ਹੈ ਪਰ ਨਿਰਾਸ਼ ਨਹੀਂ। ਹੁਣ ਉਹ ਨੌਕਰੀ ਲਈ ਕਿਸੇ ਹੋਰ ਮੁਲਕ ਜਾਣ ਦੀ ਕੋਸ਼ਿਸ਼ ਕਰੇਗਾ।
ਗੁਰਨੇਕ ਸਿੰਘ (24) ਨੇ ਕਿਹਾ ਕਿ ਉਹ 20 ਲੱਖ ਰੁਪਏ ਦੇ ਕੇ ਅਮਰੀਕਾ ਪਹੁੰਚਿਆ ਸੀ। ਪਰ ਪੁਲਿਸ ਨੇ ਗੈਰਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦੇ ਦੋਸ਼ ਹੇਠ ਉਸ ਨੂੰ ਕਾਬੂ ਕਰ ਲਿਆ। ਅਦਾਲਤ ਦੇ ਹੁਕਮਾਂ ਉਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਗੁਰਨੇਕ ਨੇ ਕਿਹਾ ਕਿ ਉਹ ਹੁਣ ਕੈਨੇਡਾ ਜਾਣ ਦੀ ਕੋਸ਼ਿਸ਼ ਕਰੇਗਾ। ਲਖਵਿੰਦਰ ਨੇ ਕਿਹਾ ਕਿ ਅਮਰੀਕਾ ਜਾਣ ਲਈ ਉਸ ਨੇ ਅੰਮ੍ਰਿਤਸਰ ਦੇ ਇਕ ਏਜੰਟ ਨੂੰ 25 ਲੱਖ ਰੁਪਏ ਦਿੱਤੇ ਸਨ। ਉਹ ਮਾਸਕੋ ਅਤੇ ਪੈਰਿਸ ਰਾਹੀਂ 2 ਮਈ ਨੂੰ ਮੈਕਸਿਕੋ ਪੁੱਜਿਆ, ਜਿਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਤੇ ਐਰੀਜ਼ੋਨਾ ਤੋਂ ਵਾਪਸ ਭੇਜ ਦਿੱਤਾ। ਇਸੇ ਤਰ੍ਹਾਂ ਸੁਲਤਾਨਪੁਰ ਦੇ ਮਨਪ੍ਰੀਤ ਸਿੰਘ (25) ਨੇ ਕਿਹਾ ਕਿ ਉਸ ਨੇ 25 ਲੱਖ ਰੁਪਏ ਖਰਚੇ। ਉਹ ਦਸੰਬਰ 2017 ਨੂੰ ਮੈਕਸਿਕੋ ਪੁੱਜਾ ਤੇ ਇਕ ਮਹੀਨੇ ਬਾਅਦ ਉਸ ਨੂੰ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਕਾਬੂ ਕਰ ਲਿਆ। ਕੈਲੀਫੋਰਨੀਆ ਦੀ ਅਦਾਲਤ ਨੇ ਉਸ ਉਤੇ 5 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਜਿਸ ਨੂੰ ਭਰਨ ਵਿਚ ਉਸ ਨੇ ਅਸਮਰਥਾ ਜਤਾਈ, ਜਿਸ ਕਾਰਨ ਉਸ ਨੂੰ ਭਾਰਤ ਭੇਜ ਦਿੱਤਾ ਗਿਆ। ਮਨਪ੍ਰੀਤ ਨੇ ਕਿਹਾ ਕਿ ਹੁਣ ਉਸ ਨੇ ਕੈਨੇਡਾ ਜਾਣ ਦੀ ਯੋਜਨਾ ਬਣਾਈ ਹੈ।
___________________________________________
ਅਮਰੀਕਾ ‘ਚ ਦਾਖਲ ਹੁੰਦੇ ਪੰਜ ਭਾਰਤੀ ਗ੍ਰਿਫਤਾਰ
ਨਿਊ ਯਾਰਕ: ਅਮਰੀਕਾ ਦੀ ਸਰਹੱਦੀ ਗਸ਼ਤੀ ਟੀਮ ਨੇ ਮੁਲਕ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਪੰਜ ਭਾਰਤੀ ਨਾਗਰਿਕਾਂ ਤੇ ਇਕ ਸ਼ੱਕੀ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਇਨ੍ਹਾਂ ਛੇ ਜਣਿਆਂ ਨੂੰ ਓਗਡੈੱਨਸਬਰਗ ਸਥਿਤ ਕਾਰੋਬਾਰੀ ਅਦਾਰੇ ‘ਚੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਨਿਊ ਯਾਰਕ ਨੇੜਲੇ ਮੌਰਿਸਟਾਊਨ ਇਮੀਗ੍ਰੇਸ਼ਨ ਨਾਕੇ ‘ਤੇ ਇਕ ਅਮਰੀਕੀ ਚਾਲਕ ਵੱਲੋਂ ਚਲਾਏ ਜਾ ਰਹੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਝਕਾਨੀ ਦੇ ਕੇ ਉਥੋਂ ਭੱਜਣ ਵਿਚ ਸਫਲ ਰਿਹਾ। ਸਰਹੱਦੀ ਗਸ਼ਤੀ ਟੀਮ ਨੇ ਮਗਰੋਂ ਇਹ ਵਾਹਨ ਓਗਡੈੱਨਸਬਰਗ ਦੀ ਪਾਰਕਿੰਗ ‘ਚੋਂ ਬਰਾਮਦ ਕਰ ਲਿਆ। ਟੀਮ ਨੇ ਇਨ੍ਹਾਂ ਨੂੰ ਮੁਕਾਮੀ ਕਾਰੋਬਾਰੀ ਅਦਾਰੇ ‘ਚੋਂ ਗ੍ਰਿਫਤਾਰ ਕੀਤਾ ਤਾਂ ਉਨ੍ਹਾਂ ਕੋਲ ਇਮੀਗ੍ਰੇਸ਼ਨ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਸੀ।