ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਗਿਣਤੀ ਵਧੀ

ਡੇਰਾ ਬਾਬਾ ਨਾਨਕ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਬਾਅਦ ਇਥੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਹੈ। ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਲਾਂਘੇ ਦਾ ਉਦਘਾਟਨ ਹੋਇਆ ਸੀ ਅਤੇ 10 ਨਵੰਬਰ ਤੋਂ ਆਮ ਸ਼ਰਧਾਲੂਆਂ ਲਈ ਲਾਂਘਾ ਖੋਲ੍ਹ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸਿੱਖ ਜਗਤ ਅੰਦਰ ਭਾਰੀ ਉਤਸ਼ਾਹ ਸੀ ਪਰ ਇਹ ਉਤਸ਼ਾਹ ਉਦੋਂ ਮੱਠਾ ਪੈ ਗਿਆ ਜਦੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਏ ਸਮਝੌਤੇ ਤਹਿਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਲਾਜ਼ਮੀ ਕਰ ਦਿੱਤੀ ਗਈ।

ਇਸ ਤੋਂ ਬਿਨਾ ਜਾਗਰੂਕਤਾ ਦੀ ਘਾਟ ਵੀ ਵੱਡਾ ਅੜਿੱਕਾ ਬਣੀ। ਭਾਵੇਂ ਭਾਰਤ ਵਾਲੇ ਪਾਸਿਉਂ ਰੋਜ਼ਾਨਾ 5000 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਸੀ ਪਰ ਸ਼ਰਧਾਲੂਆਂ ਦੀ ਗਿਣਤੀ 500 ਦਾ ਅੰਕੜਾ ਪਾਰ ਨਾ ਕਰ ਸਕੀ। ਹੁਣ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਹੈ। 20 ਡਾਲਰ ਫੀਸ ਦੇਣ ਸਮੇਂ ਅਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਚੈੱਕ ਪੋਸਟ ‘ਤੇ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦਾ ਪੂਰਾ ਕੰਪਲੈਕਸ 42 ਏਕੜ ‘ਚ ਬਣਾਇਆ ਗਿਆ ਹੈ। ਕੁੱਲ 450 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ ਗਈ ਹੈ, ਜਿਸ ‘ਚ ਇਮੀਗ੍ਰੇਸ਼ਨ ਕੇਂਦਰ, ਸੜਕ, ਦਰਸ਼ਨ ਡਿਓੜੀ, ਇਸ਼ਨਾਨ ਘਰ, ਲੰਗਰ ਹਾਲ, ਸਰਾਂ, ਹਸਪਤਾਲ ਤੋਂ ਇਲਾਵਾ ਬਚੀ ਜ਼ਮੀਨ ‘ਤੇ ਖੇਤੀ ਕੀਤੀ ਜਾਂਦੀ ਹੈ ਜਿਸ ਤੋਂ ਹੋਈ ਆਮਦਨ ਤੇ ਉਸ ਵਿਚ ਬੀਜੀਆਂ ਸਬਜ਼ੀਆਂ ਗੁਰਦੁਆਰਾ ਸਾਹਿਬ ਲਈ ਹੀ ਵਰਤੀਆਂ ਜਾਂਦੀਆਂ ਹਨ। ਭਾਰਤ ਤੋਂ ਗਏ ਸ਼ਰਧਾਲੂ ਪ੍ਰਸ਼ਾਦ ਦੇ ਤੌਰ ਉਤੇ ਗੁਰਦੁਆਰਾ ਸਾਹਿਬ ਦੀ ਖੂਹੀ ਤੋਂ ਪਾਣੀ ਤੇ ਸਬਜ਼ੀਆਂ ਪੁੱਟ ਕੇ ਵੀ ਲਿਆ ਰਹੇ ਹਨ। ਸ਼ਰਧਾਲੂਆਂ ਨੇ ਵਾਪਸ ਆਉਂਦਿਆਂ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਕੌਮਾਂਤਰੀ ਸੀਮਾ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਜਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਲਈ 20 ਡਾਲਰ ਤਾਂ ਕੁਝ ਵੀ ਨਹੀਂ। ਜਾਣਕਾਰੀ ਅਨੁਸਾਰ ਸ਼ਰਧਾਲੂਆਂ ਦੇ ਨਤਮਸਤਕ ਹੋਣ ਦੇ ਇਸ ਅੰਕੜੇ ‘ਚ ਹੋਰ ਵਾਧਾ ਹੋਣ ਦੀ ਉਮੀਦ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੇ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਆਈ.ਸੀ.ਪੀ. (ਪਾਕਿਸਤਾਨ) ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਰਵੱਈਆ ਸ਼ਲਾਘਾਯੋਗ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਕੁਝ ਰਾਜਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਪਾਕਿਸਤਾਨ ਸਰਕਾਰ ਵੱਲੋਂ 20 ਡਾਲਰ ਲੈਣ ਦੇ ਮੁੱਦੇ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਐਵੇਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼ਰਧਾਲੂ ਉਥੋਂ ਦੀ ਸਰਕਾਰ ਵੱਲੋਂ ਕੀਤੇ ਪ੍ਰਬੰਧ, ਗੁਰਦੁਆਰੇ ਨੂੰ ਸੁੰਦਰ ਢੰਗ ਨਾਲ ਸਜਾਉਣ ਅਤੇ ਭਵਿੱਖ ਵਿਚ ਹੋਣ ਵਾਲੇ ਹੋਰ ਕਾਰਜਾਂ ਕਾਰਨ ਇਹ 20 ਡਾਲਰ ਦਾ ਮਾਮਲਾ ਨਿਗੂਣਾ ਦੱਸਦੇ ਹਨ। ਇਕ ਸ਼ਰਧਾਲੂ ਨੇ 20 ਡਾਲਰ ਲੈਣ ਦਾ ਮੁੱਦਾ ਚੁੱਕਣ ਵਾਲੇ ਆਗੂਆਂ ਨੂੰ ਸਵਾਲ ਕੀਤਾ ਕਿ ਜੇ ਦਿੱਲੀ ਤੋਂ ਕੋਈ ਸ਼ਰਧਾਲੂ ਦਰਬਾਰ ਸਾਹਿਬ, ਅੰਮ੍ਰਿਤਸਰ ਨਤਮਸਤਕ ਹੋਣ ਆਉਂਦਾ ਹੈ ਤਾਂ ਕੀ ਰਸਤੇ ਵਿਚ ਪੈਂਦੇ ਟੌਲ ਪਲਾਜ਼ਾ ਦੇ ਟੈਕਸ ਮੁਆਫ ਕੀਤੇ ਜਾਂਦੇ ਹਨ? ਜੇ ਆਪਣੇ ਦੇਸ਼ ਦੀ ਸਰਕਾਰ ਸ਼ਰਧਾਲੂਆਂ ਕੋਲੋਂ ਧਾਰਮਿਕ ਸਥਾਨਾਂ ਉਤੇ ਜਾਂਦੇ ਸਮੇਂ ਟੋਲ/ਬੈਰੀਅਰ ਟੈਕਸ ਲੈਂਦੀ ਹੈ ਤਾਂ ਫਿਰ ਪਾਕਿਸਤਾਨ ਸਰਕਾਰ ਕਿਉਂ ਨਾ ਲਵੇ।
_________________
ਦੂਰਬੀਨ ਹਟਾਉਣ ਕਾਰਨ ਸ਼ਰਧਾਲੂ ਹੋਏ ਨਿਰਾਸ਼
ਅੰਮ੍ਰਿਤਸਰ: ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਈ ਲਾਂਘਾ ਭਾਵੇਂ ਖੁੱਲ੍ਹ ਗਿਆ ਹੈ ਪਰ ਸੰਗਤ ਨੂੰ ਜਥੇ ਦੇ ਰੂਪ ਵਿਚ ਕਰਤਾਰਪੁਰ ਸਾਹਿਬ ਜਾਣ ਲਈ ਮਨਜ਼ੂਰੀ ਨਾ ਮਿਲਣ ਅਤੇ ਡੇਰਾ ਬਾਬਾ ਨਾਨਕ ਵਿਚ ਦਰਸ਼ਨ ਸਥਾਨ ਤੋਂ ਦੂਰਬੀਨ ਹਟਾਉਣ ਕਾਰਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ।
______________________________
ਸ਼ਰਧਾਲੂਆਂ ਲਈ ਮੁਸੀਬਤਾਂ ਪੈਦਾ ਕਰ ਰਿਹੈ ਭਾਰਤ: ਪਾਕਿ
ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਭਾਰਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਮੁਸੀਬਤਾਂ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਰਸ਼ਨ ਲਈ 5000 ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ ਪਰ ਅਸਲ ਗਿਣਤੀ ਉਮੀਦ ਤੋਂ ਘੱਟ ਹੈ।
_______________________________
ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਤੋਂ ਯਾਤਰੀ ਟਰਮੀਨਲ ਤੱਕ ਪਹੁੰਚਣ ਲਈ ਸ਼ਰਧਾਲੂਆਂ ਨੂੰ ਕਈ ਪਰੇਸ਼ਾਨੀਆਂ ‘ਚੋਂ ਲੰਘਣਾ ਪੈ ਰਿਹਾ ਹੈ। ਸਥਾਨਕ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਟਰਮੀਨਲ ਤੱਕ ਪਹੁੰਚਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਮੰਗ ਕੀਤੀ ਕਿ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਆਵਾਜਾਈ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਮੌਕੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਹੁਣ ਇਹ ਬੱਸ ਸੇਵਾ ਬੰਦ ਹੋਣ ਨਾਲ ਦੂਰ-ਦੁਰਾਡੇ ਸ਼ਹਿਰਾਂ ਤੋਂ ਬੱਸ ਜਾਂ ਰੇਲ ਰਾਹੀਂ ਡੇਰਾ ਬਾਬਾ ਨਾਨਕ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਯਾਤਰੀ ਟਰਮੀਨਲ ਤੱਕ ਪਹੁੰਚਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।