ਬਰੋਕ ਕਲਾ ਦੇ ਰੰਗ

ਰਣਦੀਪ ਮੱਦੋਕੇ
ਫੋਨ: +91-98146-93368
1400-1500 ਈਸਵੀ ਯੂਰਪੀ ਮੁੜ-ਸੁਰਜੀਤੀ ਦਾ ਸਮਾਂ ਸੀ ਜਿਸ ਦੀ ਕਲਾ, ਕਲਾਕਾਰਾਂ ਅਤੇ ਇਸ ਦੇ ਪ੍ਰਭਾਵਾਂ ਬਾਰੇ ਅਸੀਂ ਪਹਿਲੇ ਲੇਖਾਂ ਵਿਚ ਜ਼ਿਕਰ ਕੀਤਾ ਸੀ। 1600 ਤੋਂ 1700 ਈਸਵੀ ਦਾ ਸਮਾਂ ਬਰੋਕ ਕਲਾ ਅੰਦੋਲਨ ਦਾ ਸਮਾਂ ਹੈ। ਕਰਾਵੇਜੀਓ, ਪੀਟਰ ਪਾਲ ਰੂਬੇਨ, ਅਰਤੇਮੀਸਿਆ ਜੇਨਟਿਲੇਸਚੀ, ਜਿਓਵਾਨਨੀ ਲਾਰੈਂਜੋ ਬਰਨੀਨੀ , ਰੈਮਬ੍ਰਾਂ, ਵਾਨ ਰਿਜਨ, ਕਲਾਉਡੇ ਲੋਰੈਨ, ਡੀਏਗੋ ਵੇਲਜ਼ਕੁਏ ਅਤੇ ਐਨਥਨੀ ਵਾਨ ਡਾਇਕ ਬਰੋਕ ਅੰਦੋਲਨ ਦੇ ਮੁੱਖ ਕਲਾਕਾਰ ਸਨ।

ਮੁੜ-ਸੁਰਜੀਤੀ ਲਹਿਰ ਤੋਂ ਬਾਅਦ ਬਰੋਕ ਲਹਿਰ ਵੀ ਸਮੇਂ ਦੇ ਸਹਿਜ ਵਿਕਾਸ ‘ਚ ਵਾਪਰਦੀਆਂ ਸਮਾਜਿਕ, ਸਭਿਆਚਾਰਕ, ਸਿਆਸੀ ਅਤੇ ਵਿਤੀ ਉਥਲ-ਪੁਥਲਾਂ ਦਾ ਹੀ ਪ੍ਰਗਟਾਵਾ ਸੀ। ਸਥਾਪਿਤ ਕੈਥੋਲਿਕ ਮਤ ਤਬਦੀਲੀ ਦੀ ਹਵਾ ਦੇ ਖਿਲਾਫ ਆਪਣੀ ਤਾਕਤ ਬਰਕਰਾਰ ਰੱਖਣ ਦੀ ਲੜਾਈ ਲੜ ਰਿਹਾ ਸੀ। ਇਸ ਸਮੇਂ ਤੱਕ ਇਸਾਈ ਮਤ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਵਿਚ ਵੰਡਿਆ ਜਾ ਚੁੱਕਾ ਸੀ ਅਤੇ ਇਨ੍ਹਾਂ ਦੀ ਆਪਸੀ ਖਿਚੋਤਾਣ ਚੱਲ ਰਹੀ ਸੀ। ਧਾਰਮਿਕ ਸੁਧਾਰਾਂ ਅਤੇ ਉਲਟ ਸੁਧਾਰਵਾਦੀ ਭੇੜ ਸਿਖਰਾਂ ‘ਤੇ ਸੀ। ਬਰੋਕ ਕਲਾ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਕੈਥੋਲਿਕ ਪ੍ਰਤੀਕਿਰਿਆਵਾਦੀਆਂ ਵਲੋਂ ਹੀ ਉਤਸ਼ਾਹਿਤ ਕੀਤਾ ਗਿਆ ਸੀ।
ਬਰੋਕ ਕਲਾ ਵਿਚ ਜ਼ਿਆਦਾਤਰ ਮੁੜ-ਸੁਰਜੀਤੀ ਕਲਾ ਲਹਿਰ ਵਾਲੇ ਵਿਸ਼ੇ ਹੀ ਦੁਹਰਾਏ ਗਏ ਪਰ ਇਸ ਦੀ ਵਿਉਂਤਬੰਦੀ ਵਿਚ ਮੁੜ-ਸੁਰਜੀਤੀ ਕਲਾ ਨਾਲੋਂ ਕਾਫੀ ਅੰਤਰ ਸੀ ਜਿਸ ਨੂੰ ਅਸੀਂ ਰਵਾਇਤੀ ਸਮੱਗਰੀ ਨੂੰ ਬਦਲੇ ਹੋਏ ਰੂਪਕ ਪੱਖ (ਅਤਿ ਰਹੱਸਵਾਦੀ) ਵਜੋਂ ਚਿੰਨ੍ਹਤ ਕਰ ਸਕਦੇ ਹਾਂ; ਜਿਵੇਂ ਲੁਭਾਉਣੀ ਕਾਮੁਕਤਾ, ਨਾਟਕੀ ਯਥਾਰਥ, ਤੀਬਰ ਭਾਵਨਾਵਾਂ ਅਤੇ ਗਤੀ ਜੋ ਬਰੋਕ ਕਲਾ ਦੇ ਵਿਖਿਆਤ ਕਲਾਕਾਰ ਜਿਓਵਾਨਨੀ ਲਾਰੈਂਜੋ ਬਰਨੀਨੀ ਦੀ ਕਲਾ ਵਿਚ ਉਭਰਵੇਂ ਰੂਪ ਵਿਚ ਮੌਜੂਦ ਸੀ।
ਜਿਵੇਂ; ਕੀ ਮੁੜ-ਸੁਰਜੀਤੀ ਅੰਦੋਲਨ ਦੀ ਕਲਾ ਵਿਚ ਗਹਿਰਾਈ ਅਤੇ ਸਮਾਨਅੰਤਰ ਪ੍ਰਸੰਗ ਵਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ ਪਰ ਇਸ ਵਿਚ ਉਚਤਮ ਯਥਾਰਥ ਦੇ ਬਾਵਜੂਦ ਹਾਵ-ਭਾਵਾਂ ਦੀ ਕਮੀ ਰੜਕਦੀ ਸੀ। ਬਰੋਕ ਕਲਾ ਵਿਚ ਹਾਵ-ਭਾਵ ਬਹੁਤ ਪ੍ਰਧਾਨ ਸਨ; ਮਸਲਨ, ਬਰਨੀਨੀ ਦੀ ਬਣਾਈ ਡੇਵਿਡ ਦੀ ਮੂਰਤੀ ਵਿਚ ਮਾਇਕਲਐਂਜਲੋ ਦੇ ਡੇਵਿਡ ਨਾਲੋਂ ਹਾਵ-ਭਾਵ ਜ਼ਿਆਦਾ ਹਨ ਪਰ ਬਰੋਕ ਚਿੱਤਰਕਾਰੀ ਵਿਚ ਬਹੁ ਪਾਸਾਰੀ ਆਭਾਸ ਦੇ ਨਾਲ-ਨਾਲ ਨਾਟਕੀ ਰੌਸ਼ਨੀ ਇਨ੍ਹਾਂ ਨੂੰ ਰੰਗਮੰਚੀ ਦਿੱਖ ਵੀ ਦਿੰਦੀ ਸੀ, ਜਾਂ ਕਿਹਾ ਜਾ ਸਕਦਾ ਹੈ ਕਿ ਰਹੱਸਮਈ ਪ੍ਰਭਾਵ ਹੈ ਜੋ ਮੁੜ-ਸੁਰਜੀਤੀ ਅੰਦੋਲਨ ਦੇ ਚਿੱਤਰਾਂ ਜਿਹਾ ਗੰਭੀਰ ਅਸਰ ਨਹੀਂ ਪਾਉਂਦਾ ਸੀ।
ਕੈਥੋਲਿਕ ਮਤ ਦੇ ਥਾਪੜੇ ਦੇ ਬਾਵਜੂਦ ਬਰੋਕ ਕਲਾ ਦੀ ਚਰਚਾ ਆਪਣੇ ਸਮਕਾਲੀ ਸਮੇਂ ਵਿਚ ਇੰਨੀ ਜ਼ਿਆਦਾ ਨਹੀਂ ਹੋਈ। ਕਾਫੀ ਸਮੇਂ ਬਾਅਦ ਇਸ ਨੂੰ ਗੌਲਿਆ ਗਿਆ ਅਤੇ ਇਸ ਦੀ ਤੁਲਨਾ ਮੁੜ-ਸੁਰਜੀਤੀ ਅੰਦੋਲਨ ਦੀ ਕਲਾ ਨਾਲ ਕੀਤੀ ਗਈ। ਬਰੋਕ ਕਲਾ ਨੂੰ ਭਾਵੇਂ ਕੈਥੋਲਿਕ ਮਤ ਦੀ ਸਾਖ ਕਲਾ ਵਿਚ ਮੁੜ ਸਥਾਪਤ ਕਰਨ ਦੀ ਮੁਹਿੰਮ ਵਜੋਂ ਹੀ ਜਾਣਿਆ ਜਾਂਦਾ ਹੈ ਪਰ ਸਮਾਂ ਪਿਛਲਖੁਰੀ ਨਹੀਂ ਮੁੜਦਾ; ਸਮਾਜ ਅਤੇ ਸਭਿਆਚਾਰ ਲਗਾਤਾਰ ਅਗਾਂਹ ਵਲ ਹੀ ਵਧਦਾ ਹੈ, ਭਾਵੇਂ ਇਸ ਦੀ ਚਾਲਕ ਸ਼ਕਤੀ ਦੀ ਅਗਵਾਨੂੰ ਸਮਾਜਿਕ-ਸਿਆਸੀ ਕ੍ਰਾਂਤੀ ਹੋਵੇ ਜਾਂ ਫਿਰ ਸਹਿਜ ਵਿਕਾਸ ਪਰ ਇਸ ਦਾ ਅਸਰ ਸਮਾਜ ਅਤੇ ਸਭਿਆਚਰ ਵਿਚ ਲਗਾਤਾਰ ਦਿਸਦਾ ਹੈ। ਇਹ ਅਸੀਂ ਬਰੋਕ ਕਲਾ ਵਿਚ ਵੀ ਮਹਿਸੂਸ ਕਰ ਸਕਦੇ ਹਾਂ ਕਿਉਂਕਿ ਇਸ ਵਿਚ ਸਿਰਫ ਧਾਰਮਿਕ ਵਿਸ਼ਵਾਸ ਨਾਲ ਸੰਬਧਿਤ ਕਲਾ ਸਿਰਜਣਾ ਹੀ ਨਹੀਂ ਹੋਈ ਸਗੋਂ ਮੁੜ-ਸੁਰਜੀਤੀ ਅੰਦੋਲਨ ਦੀ ਕਲਾ ਤੋਂ ਅਗਾਂਹ ਸਾਧਾਰਨ ਜਨ ਜੀਵਨ, ਧਰਤ-ਦ੍ਰਿਸ਼ (ਲਅਨਦਸਚਅਪe), ਵਿਗਿਆਨ, ਖਗੋਲ ਵਿਗਿਆਨ ਅਤੇ ਇਲਾਜ ਪ੍ਰਣਾਲੀ ਵਿਚ ਹੋ ਰਹੇ ਨਵੇਂ ਤਜਰਬਿਆਂ ਨੂੰ ਵੀ ਚਿੱਤਰਿਆ ਗਿਆ।
ਬਰੋਕ ਕਲਾ ਇਤਾਲਵੀ ਪ੍ਰਭਾਵਸ਼ਾਲੀ ਵਰਗ ਅਤੇ ਕੈਥੋਲਿਕ ਮਤ ਦੀਆਂ ਹੱਦਬੰਦੀਆਂ ਤੋਂ ਬਾਹਰ ਯੂਰਪ ਦੇ ਬਹੁਤੇ ਦੇਸ਼ਾਂ ਵਿਚ ਵੀ ਪਨਪੀ, ਜਿਥੇ ਨਵੀਂ ਵਪਾਰੀ ਜਮਾਤ ਪੈਦਾ ਹੋ ਚੁੱਕੀ ਸੀ ਜੋ ਕੈਥੋਲਿਕ ਮਤ ਦੇ ਮਧਯੁਗੀ ਪ੍ਰਤੀਕਿਰਿਆਵਾਦੀ ਵਿਸ਼ਵਾਸਾਂ ਦੀ ਬਜਾਇ ਪ੍ਰਗਤੀਵਾਦੀ ਸੀ। ਜਿਥੇ ਇਤਾਲਵੀ ਸਪੈਨਿਸ਼ ਬਰੋਕ ਦੇ ਕਲਾਕਾਰਾਂ ਨੂੰ ਕੈਥੋਲਿਕ ਮਤ ਦੀ ਜੈ-ਜੈਕਾਰ ਕਰਨ ਲਈ ਹੱਲਾਸ਼ੇਰੀ ਦੇ ਰਿਹਾ ਸੀ, ਉਥੇ ਡਚ, ਫਰਾਂਸੀਸੀ, ਜਰਮਨ ਬਰੋਕ ਕਲਾਕਾਰਾਂ ਨੂੰ ਨਵ-ਪ੍ਰਗਤੀਸ਼ੀਲ ਵਪਾਰੀ ਵਰਗ ਹੁਲਾਰਾ ਦੇ ਰਿਹਾ ਸੀ। ਇਸੇ ਸਮੇਂ ਵਿਗਿਆਨ ਆਪਣੇ ਆਧੁਨਿਕ ਮੁਹਾਂਦਰੇ ਵਲ ਪੁਲਾਂਘ ਪੁੱਟ ਰਿਹਾ ਸੀ।
ਇਤਾਲਵੀ ਵਿਗਿਆਨੀ ਅਤੇ ਦਾਰਸ਼ਨਿਕ ਗਲੀਲਿਓ ਗਲੀਲੀ ਵੀ ਗਣਿਤ, ਖਗੋਲ ਅਤੇ ਭੌਤਿਕ ਵਿਗਿਆਨ ਬਾਰੇ ਆਪਣੇ ਤਜਰਬੇ ਕਰ ਰਹੇ ਸਨ, ਭਾਵੇਂ ਦੂਰਬੀਨ ਦੀ ਖੋਜ ਕਾਫੀ ਪਹਿਲਾਂ ਹੀ ਹੋ ਚੁੱਕੀ ਸੀ ਪਰ ਗਲੀਲਿਓ ਨੇ ਉਸ ਸਮੇਂ ਦੀ ਅਤਿ ਆਧੁਨਿਕ ਦੂਰਬੀਨ ਬਣਾ ਕੇ ਸੌਰ-ਮੰਡਲ ਅਤੇ ਅਤੇ ਗ੍ਰਹਿਆਂ ਬਾਰੇ ਆਪਣਾ ਨਵਾਂ ਸਿਧਾਂਤ ਦਿੱਤਾ। ਇਹ ਕੈਥੋਲਿਕ ਗ੍ਰੰਥਾਂ ਦੀ ਧਰਤੀ, ਸੌਰ-ਮੰਡਲ ਅਤੇ ਬ੍ਰਹਿਮੰਡ ਬਾਰੇ ਕਲਪਨਾ ਦੇ ਉਲਟ ਸੀ ਜਿਸ ਤੋਂ ਖਿਝ ਕੇ ਗਲੀਲਿਓ ਨੂੰ ਕੈਦ ਕਰ ਲਿਆ ਗਿਆ। ਇਸੇ ਤਰ੍ਹਾਂ ਭਾਫ ਇੰਜਨ, ਥਰਮਾਮੀਟਰ, ਕਾਗਜ਼ ਆਦਿ ਹੋਰ ਕਈ ਮੁਖ ਖੋਜਾਂ ਵੀ ਹੋ ਚੁੱਕੀਆਂ ਸਨ। ਇਉਂ ਸਮਾਜ ਅਤੇ ਸਭਿਆਚਾਰ ਉਪਰ ਸਾਹਿਤ, ਕਲਾ ਅਤੇ ਵਿਗਿਆਨ ਦਾ ਰਲਵਾਂ ਪ੍ਰਭਾਵ ਦਿਸਦਾ ਸੀ।
ਖਿਲਾਅ ਵਿਚ ਕਿਉਂਕਿ ਕੁਝ ਨਹੀਂ ਵਾਪਰਦਾ, ਸਮਾਜ ਅੰਦਰ ਵਾਪਰਦੇ ਹਰ ਵਰਤਾਰੇ ਦੀਆਂ ਤੰਦਾਂ ਇਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਇਹ ਬੜਾ ਕੁਦਰਤੀ ਹੈ ਕਿ ਜਦੋਂ ਜਦੋਂ ਵੀ ਮਾਨਵ ਸਮਾਜ ਵਿਚ ਪੁਰਾਤਨ ਮਾਨਦੰਡਾਂ ਨੂੰ ਰੱਦ ਕੇ ਨਵੇਂ ਵਿਚਾਰ ਆਉਂਦੇ ਹਨ ਤਾਂ ਹਰ ਖੇਤਰ ਵਿਚ ਇਸ ਦੀ ਅਗਾਂਹਵਧੂ ਝਲਕ ਦਿਸਦੀ ਹੈ ਅਤੇ ਖੜੋਤ ਤੇ ਪਿਛਲਮੋੜੇ ਦੇ ਸਮੇਂ ਵਿਚ ਸਾਹਿਤ, ਕਲਾ ਅਤੇ ਬੌਧਿਕਤਾ ਦੇ ਖੇਤਰ ਵਿਚ ਭਰਮ ਭੁਲੇਖੇ ਅਤੇ ਸਤਹੀਪਣੇ ਦੀ ਭਰਮਾਰ ਹੁੰਦਾ ਹੈ। ਸੋ, ਬਰੋਕ ਕਲਾ ਅੰਦੋਲਨ ਉਪਰ ਵੀ ਪਿਛਾਖੜੀ ਅਤੇ ਆਧੁਨਿਕਤਾਵਾਦ ਵਿਚ ਚੱਲ ਰਹੀ ਖਿਚੋਤਾਣ ਦੀ ਝਲਕ ਸਾਫ ਦਿਸਦੀ ਹੈ।