ਕਰਤਾਰਪੁਰ ਲਾਂਘਾ: ਭਾਰਤ ਹੁਣ ਰਤਾ ਵਡੱਪਣ ਦਿਖਾਵੇ

ਸੰਜੀਵ ਪਾਂਡੇ
ਫੋਨ: +91-94170-05113
ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਸਮੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਿਚ ਜੋ ਕੁਝ ਕਿਹਾ, ਉਸ ਨੂੰ ਸੁਣ ਕੇ ਲੋਕ ਹੈਰਾਨ ਸਨ। ਇਮਰਾਨ ਨੇ ਭਾਰਤੀ ਵਫਦ ਦਾ ਖੁਦ ਸਵਾਗਤ ਕੀਤਾ ਜੋ ਵੱਡੀ ਗੱਲ ਹੈ, ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵਾਂ ਮੁਲਕਾਂ ਦੇ ਰਿਸ਼ਤੇ ਕਸ਼ਮੀਰ ਮੁੱਦੇ ਕਾਰਨ ਬਹੁਤ ਖਰਾਬ ਹਨ। ਇਸ ਦੇ ਬਾਵਜੂਦ ਦੋਵੇਂ ਮੁਲਕ ਅੱਗੇ ਆਏ, ਲਾਂਘੇ ਸਬੰਧੀ ਇਕਰਾਰਨਾਮਾ ਕੀਤਾ ਅਤੇ ਲਾਂਘਾ ਚਾਲੂ ਵੀ ਹੋ ਗਿਆ।

ਲਾਂਘੇ ਦਾ ਵਿਰੋਧ ਕਰਨ ਵਾਲੇ ਵੀ ਦੋਵਾਂ ਮੁਲਕਾਂ ਵਿਚ ਹਨ। ਪਾਕਿਸਤਾਨ ਦੇ ਕੱਟੜਪੰਥੀ, ਖਾਸਕਰ ਮੌਲਾਨਾ ਫਜ਼ਲੁਰ ਰਹਿਮਾਨ ਵਰਗੇ ਇਮਰਾਨ ਖਾਨ ਉਤੇ ਨਿਸ਼ਾਨੇ ਸੇਧ ਰਹੇ ਸਨ। ਭਾਰਤ ਵਿਚ ਵੀ ਇਕ ਵਰਗ ਕਰਤਾਰਪੁਰ ਲਾਂਘੇ ਨੂੰ ਪਾਕਿਸਤਾਨੀ ਨਿਜ਼ਾਮ ਦਾ ਖਤਰਨਾਕ ਮਨਸੂਬਾ ਦੱਸ ਰਿਹਾ ਸੀ। ਇਨ੍ਹਾਂ ਵਿਚ ਕੁਝ ਸਿਆਸਤਦਾਨ ਵੀ ਸ਼ਾਮਲ ਸਨ। ਅਜਿਹੇ ਇਕ ਵਰਗ ਦੀ ਰਾਇ ਹੈ ਕਿ ਪਾਕਿਸਤਾਨ ਵਲੋਂ ਲਾਂਘੇ ਦਾ ਇਸਤੇਮਾਲ ਭਾਰਤ ਖਿਲਾਫ ਸਰਗਰਮੀਆਂ ਲਈ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਲਾਂਘੇ ਪਿੱਛੇ ਪਾਕਿਸਤਾਨੀ ਫੌਜ ਦਾ ਦਿਮਾਗ ਹੈ ਅਤੇ ਇਸ ਰਾਹੀਂ ਪਾਕਿਸਤਾਨ ਦੁਨੀਆਂ ਭਰ ਦੇ ਸਿੱਖਾਂ ਵਿਚ ਭਾਰਤ ਵਿਰੋਧੀ ਪ੍ਰਚਾਰ ਕਰੇਗਾ।
ਸਵਾਲ ਹੈ: ਕੀ ਮਹਿਜ਼ ਇਸ ਸ਼ੱਕ ਦੇ ਆਧਾਰ ‘ਤੇ ਤੁਸੀਂ ਅਮਨ ਅਮਲ ਨੂੰ ਹੀ ਰੋਕ ਦੋਵੇਗੇ? ਕੀ ਆਈ.ਐਸ਼ਆਈ. ਕੋਲ ਭਾਰਤ ਵਿਚ ਘੁਸਪੈਠ ਲਈ ਪੰਜਾਬ ਹੀ ਜ਼ਰੀਆ ਹੈ? ਜਵਾਬ ਵਿਚ ਤੁਸੀਂ ਆਖ ਸਕਦੇ ਹੋ ਕਿ ਅਜਿਹੇ ਸਵਾਲ ਉਠਾਉਣ ਵਾਲੇ ਉਹ ਲੋਕ ਹਨ ਜਿਹੜੇ ਅਮਨ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਵਾਲੇ ਹਨ। ਜੋ ਸਰਹੱਦ ‘ਤੇ ਅਮਨ ਨਹੀਂ, ਤਣਾਅ ਚਾਹੁੰਦੇ ਹਨ ਜਿਸ ਵਿਚ ਉਨ੍ਹਾਂ ਦੇ ਆਪਣੇ ਹਿੱਤ ਹਨ ਕਿਉਂਕਿ ਸਰਹੱਦ ਤੇ ਤਣਾਅ ਰਹੇਗਾ ਤਾਂ ਹਥਿਆਰਾਂ ਦਾ ਕਾਰੋਬਾਰ ਚੱਲੇਗਾ।
ਇਸ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਪਾਕਿਸਤਾਨੀ ਨਿਜ਼ਾਮ ਵਿਚ ਇਸ ਵੇਲੇ ਦੋ ਤਰ੍ਹਾਂ ਦੀ ਸੋਚ ਵਾਲੇ ਲੋਕ ਹਨ। ਇਕ ਜੋ ਲੰਮੇ ਸਮੇਂ ਤੋਂ ਜਾਰੀ ਤਣਾਅ ਤੋਂ ਤੰਗ ਹਨ ਅਤੇ ਅਮਨ ਚਾਹੁੰਦੇ ਹਨ ਤਾਂ ਕਿ ਮੁਲਕ ਦੀ ਮਾਲੀ ਹਾਲਤ ਸੁਧਰੇ। ਪਾਕਿਸਤਾਨ ਦਾ ਇਕ ਵਰਗ ਲਗਾਤਾਰ ਬਦਅਮਨੀ ਚਾਹੁੰਦਾ ਹੈ। ਪਾਕਿਸਤਾਨੀ ਫੌਜ ਦੇ ਅੰਦਰ ਵੀ ਹਥਿਆਰ ਲਾਬੀ ਦੀ ਜ਼ੋਰਦਾਰ ਘੁਸਪੈਠ ਹੈ ਜੋ ਸ਼ਾਂਤੀ ਨਹੀਂ ਚਾਹੁੰਦੀ ਤੇ ਲਾਂਘੇ ਦੇ ਪ੍ਰਾਜੈਕਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਭਾਰਤ ਵਿਚ ਕਦੇ ਵੀ ਪਾਕਿਸਤਾਨ ਦੀ ਪੱਛਮੀ ਸਰਹੱਦ ਦਾ ਸਹੀ ਵਿਸ਼ਲੇਸ਼ਣ ਨਹੀਂ ਹੁੰਦਾ। ਜੇ ਪੂਰਬੀ ਸਰਹੱਦ ਤੇ ਪਾਕਿਸਤਾਨ ਦੇ ਭਾਰਤ ਨਾਲ ਮਾੜੇ ਰਿਸ਼ਤੇ ਹਨ ਤਾਂ ਇਸ ਦੀ ਲਹਿੰਦੇ ਪਾਸੇ ਵਾਲੀ ਸਰਹੱਦ ਤੇ ਅਫਗਾਨਿਸਤਾਨ ਨਾਲ ਮਾੜੇ ਰਿਸ਼ਤੇ ਵੀ ਪਾਕਿਸਤਾਨ ਲਈ ਫਿਕਰ ਵਾਲੀ ਗੱਲ ਹੈ। ਪਾਕਿਸਤਾਨ ਲਈ ਜਿੰਨੀ ਵੱਡੀ ਚੁਣੌਤੀ ਚੜ੍ਹਦੀ ਸਰਹੱਦ ‘ਤੇ ਹੈ, ਓਨੀ ਹੀ ਲਹਿੰਦੀ ਸਰਹੱਦ ‘ਤੇ ਹੈ। ਦਰਅਸਲ ਪਾਕਿਸਤਾਨ ਦੇ ਹਾਲਾਤ ਨੂੰ ਘੋਖਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਦਾ ਗੁਆਂਢੀ ਅਫਗਾਨਿਸਤਾਨ ਵੀ ਹੈ ਜੋ ਇਸ ਦੇ ਪੱਛਮ ਵਿਚ ਹੈ। ਪੱਛਮ ਵਿਚ ਪਾਕਿਸਤਾਨ ਦਾ ਇਕ ਹੋਰ ਗੁਆਂਢੀ, ਇਰਾਨ ਵੀ ਹੈ ਅਤੇ ਇਨ੍ਹਾਂ ਦੋਵਾਂ ਨਾਲ ਪਾਕਿਸਤਾਨ ਦੇ ਰਿਸ਼ਤੇ ਕਾਫੀ ਸਮੇਂ ਤੋਂ ਖਰਾਬ ਹਨ। ਇਰਾਨ ਨਾਲ ਮਾੜੇ ਸਬੰਧਾਂ ਦਾ ਕਾਰਨ ਪਾਕਿਸਤਾਨ ਦਾ ਸੁੰਨੀ ਬਹੁਗਿਣਤੀ ਅਤੇ ਇਰਾਨ ਦਾ ਸ਼ੀਆ ਬਹੁਗਿਣਤੀ ਮੁਲਕ ਹੋਣਾ ਹੈ। ਸਾਊਦੀ ਅਰਬ ਨਾਲ ਪਾਕਿਸਤਾਨ ਦੀ ਨਜ਼ਦੀਕੀ ਨੇ ਕਦੇ ਵੀ ਉਸ ਦੇ ਇਰਾਨ ਨਾਲ ਰਿਸ਼ਤੇ ਨਹੀਂ ਸੁਧਰਨ ਦਿੱਤੇ। ਇਸੇ ਕਾਰਨ ਬਲੋਚਿਸਤਾਨ ਦੀ ਸਰਹੱਦ ਤੋਂ ਪਾਕਿਸਤਾਨੀ ਤੇ ਇਰਾਨੀ ਫੌਜਾਂ ਦੀਆਂ ਝੜਪਾਂ ਦੀਆਂ ਖਬਰਾਂ ਆਉਂਦੀਆਂ ਹਨ। ਭਾਰਤੀ ਮੀਡੀਆ ਪਾਕਿਸਤਾਨ ਦੀ ਪੂਰਬੀ ਸਰਹੱਦ ‘ਤੇ ਹੋਣ ਵਾਲੀ ਗੋਲੀਬਾਰੀ ਦੀਆਂ ਤਾਂ ਸੁਰਖੀਆਂ ਬਣਾਉਂਦਾ ਹੈ ਪਰ ਪੱਛਮੀ ਸਰਹੱਦ ਦੀਆਂ ਖਬਰਾਂ ਨੂੰ ਤਵੱਜੋ ਨਹੀਂ ਦਿੰਦਾ; ਜਦੋਂਕਿ ਪਾਕਿਸਤਾਨ ਦੀ ਪੱਛਮੀ ਸਰਹੱਦ ਕਾਫੀ ਸਮੇਂ ਤੋਂ ਅਸ਼ਾਂਤ ਹੈ। ਅਫਗਾਨਿਸਤਾਨ ਦੀ ਅੰਦਰੂਨੀ ਹਾਲਤ ਅਤੇ ਲੰਮੇ ਸਮੇਂ ਤੋਂ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਤਣਾਅ ਕਾਰਨ ਪਾਕਿਸਤਾਨ ਦੇ ਵਿਕਾਸ ‘ਤੇ ਮਾੜਾ ਅਸਰ ਪੈ ਰਿਹਾ ਹੈ।
ਇੰਝ ਵੀ ਨਹੀਂ ਕਿ ਪਾਕਿਸਤਾਨੀ ਨਿਜ਼ਾਮ ਆਪਣੀ ਪੱਛਮੀ ਸਰਹੱਦ ਦੀਆਂ ਚੁਣੌਤੀਆਂ ਤੋਂ ਬੇਖਬਰ ਹੈ ਅਤੇ ਭਾਰਤ ਦਾ ਮਹਿਜ਼ ਹਊਆ ਖੜ੍ਹਾ ਕਰਦੀ ਹੈ। ਹਕੀਕਤ ਤਾਂ ਇਹ ਹੈ ਕਿ ਪਾਕਿਸਤਾਨੀ ਨਿਜ਼ਾਮ ਪੱਛਮੀ ਸਰਹੱਦ ਦੀਆਂ ਚੁਣੌਤੀਆਂ ਤੋਂ, ਪਾਕਿਸਤਾਨ ਦੇ ਜਨਮ ਸਮੇਂ ਤੋਂ ਹੀ ਚੌਕਸ ਹੈ, ਕਿਉਂਕਿ ਅਫਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਰਹੇ ਹਾਕਮ ਸ਼ੁਰੂ ਤੋਂ ਹੀ ਪਾਕਿਸਤਾਨ ਵਿਰੋਧੀ ਸੋਚ ਵਾਲੇ ਸਨ। ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਧੀਆ ਰਿਸ਼ਤੇ ਸਿਰਫ ਤਾਲਿਬਾਨ ਦੇ ਦੌਰ ਦੌਰਾਨ ਰਹੇ, ਕਿਉਂਕਿ ਤਾਲਿਬਾਨ ਹਕੂਮਤ ਚਲਾਉਣ ਵਾਲੇ ਉਹੋ ਮੁਜਾਹਿਦੀਨ ਸਨ ਜਿਹੜੇ ਪਹਿਲਾਂ ਸੋਵੀਅਤ ਫੌਜ ਖਿਲਾਫ ਲੜ ਚੁੱਕੇ ਸਨ ਅਤੇ ਉਨ੍ਹਾਂ ਦੀ ਟਰੇਨਿੰਗ ਪਾਕਿਸਤਾਨ ਦੇ ਦਿਉਬੰਦੀ ਮਦਰੱਸਿਆਂ ਵਿਚ ਹੋਈ ਸੀ।
ਦੂਜੇ ਪਾਸੇ ਪਾਕਿਸਤਾਨ ਹਮੇਸ਼ਾ ਚਾਹੁੰਦਾ ਹੈ ਕਿ ਕਾਬੁਲ ਵਿਚ ਉਸ ਦੀ ਹਮਾਇਤੀ ਸਰਕਾਰ ਹੋਵੇ, ਜਦੋਂਕਿ ਅਫਗਾਨਿਸਤਾਨ ਦੀ ਬਹੁਗਿਣਤੀ 1893 ਵਿਚ ਬਣਾਈ ਗਈ ਡਿਊਰੰਡ ਲਕੀਰ (ਪਾਕਿਸਤਾਨ ਤੇ ਅਫਗਾਨਿਸਤਾਨ ਦੀ ਮੌਜੂਦਾ ਸਰਹੱਦ) ਨੂੰ ਨਹੀਂ ਮੰਨਦੀ, ਜਿਸ ਰਾਹੀਂ ਬ੍ਰਿਟਿਸ਼ ਇੰਡੀਆ ਤੇ ਅਫਗਾਨਿਸਤਾਨ ਨੂੰ ਅੱਡ ਕੀਤਾ ਗਿਆ। ਅਫਗਾਨਿਸਤਾਨ ਅੱਜ ਵੀ ਡਿਊਰੰਡ ਲਕੀਰ ਤੋਂ ਪੂਰਬ ਵਲ ਦੀ (ਪਾਕਿਸਤਾਨ ਵਿਚਲੀ) ਪਖਤੂਨ ਆਬਾਦੀ ਉਤੇ ਆਪਣਾ ਹੱਕ ਜਤਾਉਂਦਾ ਹੈ।
ਪਾਕਿਸਤਾਨੀ ਫੌਜ ਲਈ ਸਭ ਤੋਂ ਵੱਡੀ ਚੁਣੌਤੀ ਅਫਗਾਨ ਸਰਹੱਦ ਹੈ ਜੋ 2400 ਕਿਲੋਮੀਟਰ ਲੰਮੀ ਹੈ। ਅਫਗਾਨਿਸਤਾਨ ਵਿਚੋਂ ਤਾਲਿਬਾਨ ਹਕੂਮਤ ਦੇ ਖਾਤਮੇ ਤੋਂ ਬਾਅਦ ਇਸ ਸਰਹੱਦ ਉਤੇ ਪਾਕਿਸਤਾਨ ਨੂੰ ਕਈ ਵੰਗਾਰਾਂ ਦਾ ਸਾਹਮਣਾ ਕਰਨਾ ਪਿਆ। ਇਕ ਚੁਣੌਤੀ ਪਾਕਿਸਤਾਨੀ ਤਾਲਿਬਾਨ ਤੋਂ ਮਿਲੀ ਜੋ ਸਰਹੱਦ ਦੇ ਦੋਹੀਂ ਪਾਸਿਉਂ ਦਹਿਸ਼ਤੀ ਅਪਰੇਸ਼ਨ ਚਲਾਉਂਦੇ ਰਹੇ ਹਨ। ਇਸੇ ਤਰ੍ਹਾਂ ਪਠਾਣਾਂ ਦੇ ਕਈ ਕਬੀਲਿਆਂ ਦੀ ਆਪਸੀ ਖਹਿਬਾਜ਼ੀ ਵੀ ਪਾਕਿਸਤਾਨ ਲਈ ਵੱਡੀ ਸਮੱਸਿਆ ਹੈ। ਪਾਕਿਸਤਾਨ-ਅਫਗਾਨਿਸਤਾਨ ਸਰਹੱਦ ‘ਤੇ 2007 ਤੋਂ ਹੁਣ ਤੱਕ 40 ਦੇ ਕਰੀਬ ਜ਼ੋਰਦਾਰ ਝੜਪਾਂ ਹੋਈਆਂ। ਪਿਛਲੇ ਮਹੀਨੇ ਹੀ ਪਾਕਿਸਤਾਨੀ ਅਤੇ ਅਫਗਾਨ ਫੌਜਾਂ ਦਰਮਿਆਨ ਗੋਲੀਬਾਰੀ ਕਾਰਨ ਤਿੰਨ ਮੌਤਾਂ ਹੋਈਆਂ। ਅਫਗਾਨ ਫੌਜ ਦਾ ਦੋਸ਼ ਸੀ ਕਿ ਪਾਕਿਸਤਾਨੀ ਫੌਜ ਉਨ੍ਹਾਂ ਦੇ ਇਲਾਕੇ ਵਿਚ ਫੌਜੀ ਚੌਕੀ ਬਣਾ ਰਹੀ ਸੀ।
ਜਿਵੇਂ ਪਾਕਿਸਤਾਨ ਦੀ ਪੂਰਬੀ ਸਰਹੱਦ ਉਤੇ ਕਸ਼ਮੀਰ ਵਿਚ ਅਸਲ ਕੰਟਰੋਲ ਲਕੀਰ ‘ਤੇ ਭਾਰਤੀ ਅਤੇ ਪਾਕਿਸਤਾਨੀ ਫੌਜਾਂ ਦੀ ਗੋਲੀਬਾਰੀ ਹੁੰਦੀ ਹੈ, ਉਵੇਂ ਹੀ ਪੱਛਮੀ ਸਰਹੱਦ ਤੇ ਪਾਕਿਸਤਾਨੀ ਅਤੇ ਅਫਗਾਨ ਫੌਜਾਂ ਦਰਮਿਆਨ ਹੁੰਦੀ ਹੈ। ਅਫਗਾਨਿਸਤਾਨ ਵਲ ਸਰਗਰਮ ਕਈ ਲੜਾਕੇ ਗਰੁੱਪ ਵੀ ਪਾਕਿਸਤਾਨੀ ਫੌਜ ‘ਤੇ ਹਮਲੇ ਕਰ ਦਿੰਦੇ ਹਨ। ਦਰਅਸਲ ਇਸ ਇਲਾਕੇ ਵਿਚ ਮੁਕਾਮੀ ਲੜਾਕਿਆਂ ਤੇ ਪਖਤੂਨ ਕਬੀਲਿਆਂ ਦਰਮਿਆਨ ਕਾਰੋਬਾਰ ਨੂੰ ਲੈ ਕੇ ਅਕਸਰ ਝੜਪਾਂ ਹੁੰਦੀਆਂ ਹਨ ਜਿਸ ਦੌਰਾਨ ਪਾਕਿਸਤਾਨੀ ਫੌਜ ਵੀ ਅਹਿਮ ਕਿਰਦਾਰ ਨਿਭਾਉਂਦੀ ਹੈ।
ਪਾਕਿਸਤਾਨ ਨੇ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਨੂੰ ਜਿਵੇਂ ਵਿਕਸਤ ਕੀਤਾ ਹੈ, ਉਸ ਦੀ ਸਿਫਤ ਹੋਣੀ ਚਾਹੀਦੀ ਹੈ। ਕਰਤਾਰਪੁਰ ਗੁਰਦੁਆਰਾ ਸਾਹਿਬ ਅਤੇ ਇਸ ਦੇ ਚੌਗ਼ਿਰਦੇ ਨੂੰ ਖੂਬਸੂਰਤ ਬਣਾਉਣ ਦਾ ਕੰਮ ਪਾਕਿਸਤਾਨੀ ਫੌਜ ਨੇ ਪਿਛਲੇ ਦਸ ਮਹੀਨਿਆਂ ਦੇ ਰਿਕਾਰਡ ਸਮੇਂ ਅੰਦਰ ਕੀਤਾ। ਇਹ ਕੰਮ ਕਿਸੇ ਸਿਵਲ ਮਹਿਕਮੇ ਨੂੰ ਨਹੀਂ ਦਿੱਤਾ ਗਿਆ ਤੇ ਖੁਦ ਫੌਜ ਨੇ ਕੀਤਾ। ਬਿਨਾ ਸ਼ੱਕ ਲਾਂਘਾ ਖੁਲ੍ਹਵਾਉਣ ਵਿਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਦੀ ਅਹਿਮ ਭੂਮਿਕਾ ਰਹੀ ਹੈ। ਲਾਂਘੇ ਵਿਚ ਬਾਜਵਾ ਦੀ ਸਰਗਰਮੀ ਕਾਰਨ ਹੀ ਇਸ ਪ੍ਰਾਜੈਕਟ ਨੂੰ ਆਈ.ਐਸ਼ਆਈ. ਦਾ ਮਨਸੂਬਾ ਦੱਸਿਆ ਜਾ ਰਿਹਾ ਹੈ ਪਰ ਇੰਝ ਬਾਜਵਾ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਬਹੁਤ ਜਲਦਬਾਜ਼ੀ ਹੋਵੇਗੀ।
ਜਨਰਲ ਬਾਜਵਾ ਨੂੰ ਭਾਵੇਂ ਕਲੀਨ ਚਿੱਟ ਨਾ ਦਿੱਤੀ ਜਾਵੇ, ਕਿਉਂਕਿ ਉਹ ਜਿਸ ਫੌਜ ਦਾ ਮੁਖੀ ਹੈ, ਉਸ ਦਾ ਰਵੱਈਆ ਹਮੇਸ਼ਾ ਭਾਰਤ ਖਿਲਾਫ ਰਿਹਾ ਹੈ ਪਰ ਉਸ ਦਾ ਬਾਜਵਾ ਡੌਕਟਰਿਨ (ਸਿਧਾਂਤ) ਹਕੀਕਤ ਹੈ। ਇਸ ਡੌਕਟਰਿਨ ਵਿਚ ਉਸ ਨੇ ਉਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਦੀ ਤਰਜ਼ ‘ਤੇ ਭਾਰਤ ਨਾਲ ਵਪਾਰ ਦੀ ਵਕਾਲਤ ਕੀਤੀ ਹੈ। ਬਾਜਵਾ ਦੀ ਪਤਨੀ ਦਾ ਅਹਿਮਦੀਆ ਮੁਸਲਿਮ ਪਰਿਵਾਰ ਤੋਂ ਹੋਣਾ ਵੀ ਸੱਚਾਈ ਹੈ। ਬਾਜਵਾ ਦੇ ਪਿਤਾ ਵੀ ਬਾਅਦ ਵਿਚ ਅਹਿਮਦੀਆ ਬਣ ਗਏ ਸਨ, ਜਦੋਂਕਿ ਅਹਿਮਦੀਆ ਭਾਈਚਾਰੇ ਨੂੰ ਪਾਕਿਸਤਾਨ ਵਿਚ ਗੈਰਮੁਸਲਿਮ ਕਰਾਰ ਦਿੱਤਾ ਗਿਆ ਹੈ। ਇਸ ਕਾਰਨ ਬਾਜਵਾ ਤੇ ਸ਼ੱਕ ਕਰਨਾ ਫਿਲਹਾਲ ਗਲਤ ਹੋਵੇਗਾ।
ਪਾਕਿਸਤਾਨੀ ਫੌਜ ਅਸਲ ਵਿਚ ਦਹਿਸ਼ਤੀ ਜਥੇਬੰਦੀਆਂ- ਇਸਲਾਮੀ ਸਟੇਟ, ਅਲ ਕਾਇਦਾ ਤੇ ਤਾਲਿਬਾਨ ਦੀਆਂ ਭਵਿਖੀ ਚੁਣੌਤੀਆਂ ਦਾ ਅੰਦਾਜ਼ਾ ਲਾ ਚੁੱਕੀ ਹੈ। ਇਨ੍ਹਾਂ ਤਿੰਨਾਂ ਦਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਮਜ਼ਬੂਤ ਨੈੱਟਵਰਕ ਹੈ। ਅਫਗਾਨ ਸਰਹੱਦ ਦਾ ਭੂਗੋਲ ਵੀ ਪਹਾੜੀ ਅਤੇ ਬਹੁਤ ਬਿਖੜਾ ਹੋਣ ਕਾਰਨ ਚੁਣੌਤੀਪੂਰਨ ਹੈ। ਇਸੇ ਕਾਰਨ ਪਾਕਿਸਤਾਨ ਇਸ ਤੋਂ ਪੂਰੀ ਤਰ੍ਹਾਂ ਖਬਰਦਾਰ ਹੈ ਤੇ ਇਸ ਦੇ ਫੌਜੀ ਬਜਟ ਦਾ ਵੱਡਾ ਹਿੱਸਾ ਅਫਗਾਨ ਸਰਹੱਦ ਤੇ ਲੱਗਦਾ ਹੈ। ਅਫਗਾਨਿਸਤਾਨ ‘ਤੇ ਅਮਰੀਕੀ ਹਮਲੇ ਤੋਂ ਬਾਅਦ ਇਸ ਸਰਹੱਦ ਉਤੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ।
ਇਰਾਨ ਸਰਹੱਦ ਵੀ ਪਾਕਿਸਤਾਨ ਲਈ ਹਮੇਸ਼ਾ ਪ੍ਰੇਸ਼ਾਨੀ ਵਾਲੀ ਰਹੀ ਹੈ। ਪਾਕਿਸਤਾਨ ਫੌਜ ਦੀਆਂ ਕੁੱਲ ਨੌਂ ਕੋਰਾਂ ਵਿਚੋਂ ਛੇ ਪੂਰਬੀ ਸਰਹੱਦ ਦੀ ਸੁਰੱਖਿਆ ਲਈ ਹਨ ਅਤੇ ਦੋ ਅਫਗਾਨਿਸਤਾਨ ਸਰਹੱਦ ਦੇਖਦੀਆਂ ਹਨ। ਪਾਕਿਸਤਾਨੀ ਫੌਜ ਦੀ ਗਿਆਰ੍ਹਵੀਂ ਕੋਰ ਖਾਸਕਰ ਅਫਗਾਨ ਸਰਹੱਦ ਲਈ ਹੈ। ਇਸ ਦਾ ਗਠਨ 70ਵਿਆਂ ਵਿਚ ਕੀਤਾ ਗਿਆ ਜੋ ਅਫਗਾਨ ਸਰਹੱਦ ਦੇ ਨਾਲ ਹੀ ਖੈਬਰ-ਪਖਤੂਨਖਵਾ ਸੂਬੇ ਵਿਚ ਤਾਲਿਬਾਨ ਸਣੇ ਕਈ ਦਹਿਸ਼ਤੀ ਤਨਜ਼ੀਮਾਂ ਨਾਲ ਲੜ ਰਹੀ ਹੈ। ਇਸੇ ਤਰ੍ਹਾਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਸਥਿਤ ਬਾਰ੍ਹਵੀਂ ਕੋਰ ਇਰਾਨ ਅਤੇ ਅਫਗਾਨ ਸਰਹੱਦ ਦੀ ਸੁਰੱਖਿਆ ਦੇ ਨਾਲ ਹੀ ਬਲੋਚ ਬਾਗੀਆਂ ਨਾਲ ਜੂਝਦੀ ਹੈ।
ਪਾਕਿਸਤਾਨੀ ਫੌਜ ਦੇ ਇਕ ਵੱਡੇ ਹਿੱਸੇ ਨੂੰ ਸਮਝ ਆ ਗਿਆ ਹੈ ਕਿ ਮੁਲਕ ਦੀਆਂ ਦੋਵੇਂ- ਚੜ੍ਹਦੀ ਤੇ ਲਹਿੰਦੀ ਸਰਹੱਦਾਂ ਉਤੇ ਲਗਾਤਾਰ ਤਣਾਅ ਕਾਰਨ ਪਾਕਿਸਤਾਨ ਦੀ ਮਾਲੀ ਹਾਲਤ ਖਰਾਬ ਹੋਈ ਹੈ। ਮੁਲਕ ਵਿਚ ਸਰਗਰਮ ਦਹਿਸ਼ਤੀ ਗਰੁੱਪਾਂ ਨੇ ਵੀ ਅਰਥਚਾਰੇ ਨੂੰ ਭਾਰੀ ਸੱਟ ਮਾਰੀ। ਦਹਿਸ਼ਤੀ ਹਮਲਿਆਂ ਵਿਚ ਇਕ ਲੱਖ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਮੁਲਕ ਉਤੇ 100 ਅਰਬ ਡਾਲਰ ਦਾ ਵਿਦੇਸ਼ੀ ਕਰਜ਼ ਹੈ। ਚੀਨ-ਪਾਕਿਸਤਾਨ ਆਰਥਿਕ ਲਾਂਘੇ (ਕੌਰੀਡੋਰ) ਦਾ ਪਹਿਲਾ ਗੇੜ ਪੂਰਾ ਹੋਣ ਵਾਲਾ ਹੈ ਪਰ ਪਾਕਿਸਤਾਨ ਦੀ ਮਾਲੀ ਹਾਲਤ ਖਾਸ ਨਹੀਂ ਸੁਧਰੀ, ਕਿਉਂਕਿ ਮੁਲਕ ਦੀਆਂ ਸਰਹੱਦਾਂ ਤੇ ਬਦਅਮਨੀ ਹੈ। ਆਰਥਿਕ ਲਾਂਘਾ ਦੋਵਾਂ ਸਰਹੱਦਾਂ ਰਾਹੀਂ ਵਪਾਰ ਦਾ ਰਾਹ ਆਸਾਨ ਹੋਣ ‘ਤੇ ਹੀ ਸਫਲ ਹੋ ਸਕੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕਰਤਾਰਪੁਰ ਲਾਂਘਾ ਭਵਿਖ ਵਿਚ ਖੇਤਰੀ ਆਰਥਿਕ ਖੁਸ਼ਹਾਲੀ ਦਾ ਕਾਰਨ ਬਣੇਗਾ।