ਹਿੰਦੂਤਵ ਨੂੰ ਜੇ.ਐਨ.ਯੂ. ਦੀ ਵੰਗਾਰ

ਬੂਟਾ ਸਿੰਘ
ਫੋਨ: +91-94634-74342
ਮੁਲਕ ਦੀ ਸਭ ਤੋਂ ਵੱਕਾਰੀ ਅਤੇ ਆਹਲਾ ਮਿਆਰੀ ਵਿਦਿਅਕ ਸੰਸਥਾ ਜੇ.ਐਨ.ਯੂ. ਇਸ ਵਕਤ ਵਿਦਿਆਰਥੀ ਸੰਘਰਸ਼ ਕਾਰਨ ਸੁਰਖੀਆਂ ਵਿਚ ਹੈ। ਸੱਤਾ ਧਿਰ ਅਨੁਸਾਰ ਇਹ ਦੇਸ਼ਧ੍ਰੋਹੀ ‘ਟੁਕੜੇ-ਟੁਕੜੇ ਗੈਂਗ’ ਦਾ ਖਤਰਨਾਕ ਅੱਡਾ ਹੈ। ਪਹਿਲਾਂ ਫਰਵਰੀ 2016 ‘ਚ ਸੈਮੀਨਾਰ ਦੇ ਬਹਾਨੇ ਹਿੰਦੂਤਵ ਬ੍ਰਿਗੇਡ ਨੇ ਯੂਨੀਵਰਸਿਟੀ ਦੇ ਉਮਦਾ ਅਕਾਦਮਿਕ ਮਾਹੌਲ ਉਪਰ ਕੀਤੇ ਹਮਲੇ ਅਤੇ ਤਿੰਨ ਜ਼ਹੀਨ ਵਿਦਿਆਰਥੀ ਆਗੂਆਂ ਦੀ ਬਾਕਾਇਦਾ ਸਾਜ਼ਿਸ਼ ਤਹਿਤ ਗ੍ਰਿਫਤਾਰੀ ਨਾਲ ਇਹ ਸੰਸਥਾ ਚਰਚਾ ਵਿਚ ਆਈ ਸੀ। ਉਦੋਂ ਜੇ.ਐਨ.ਯੂ. ਦੇ ਰੌਸ਼ਨ-ਖਿਆਲ ਵਿਦਿਆਰਥੀਆਂ-ਅਧਿਆਪਕਾਂ ਨੇ ਬੌਧਿਕ ਸੰਵਾਦ ਦਾ ਮੋਰਚਾ ਖੋਲ੍ਹ ਕੇ ਸੱਤਾ ਨੂੰ ਲਾਜਵਾਬ ਕੀਤਾ। ਇਸ ਸ਼ਾਨਾਮੱਤੇ ਸੰਘਰਸ਼ ਅਤੇ ਸੰਘਰਸ਼ ਦੇ ਹੱਕ ਵਿਚ ਦੇਸ਼-ਵਿਦੇਸ਼ ‘ਚੋਂ ਉਠੀ ਵਿਆਪਕ ਇਕਮੁੱਠਤਾ ਨੇ ਜਾਅਲੀ ‘ਦੇਸ਼ਭਗਤੀ’ ਦੇ ਮਨਘੜਤ ਬਿਰਤਾਂਤ ਅਤੇ ਇਸ ਬਿਰਤਾਂਤ ਉਪਰ ਆਧਾਰਤ ਹਮਲੇ ਨੂੰ ਪਛਾੜ ਦਿੱਤਾ।

ਬਹੁ-ਪਰਤੀ ਤੇ ਬਹੁ-ਮੁਹਾਜ਼ੀ ਹਮਲਾ ਵਿਆਪਕ ਭੰਨਘੜ ਤਹਿਤ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲੰਮੇ-ਚੌੜੇ ਪ੍ਰਾਜੈਕਟ ਦਾ ਹਿੱਸਾ ਸੀ ਜੋ ਫਾਸ਼ੀਵਾਦੀ ਸਟੇਟ ਦਾ ਮਾਡਲ ਹੈ ਅਤੇ ਇਸ ਪਿੱਛੇ ਵਿਚਾਰਾਂ ਦੀ ਆਜ਼ਾਦੀ ਤੇ ਵੰਨ-ਸਵੰਨਤਾ ਨੂੰ ਕੁਚਲਣ ਤੇ ਅਕਾਦਮਿਕ ਸੰਸਥਾਵਾਂ ਦੇ ਰਚਨਾਤਮਕ ਤੇ ਆਲੋਚਨਾਤਮਕ ਮਾਹੌਲ ਨੂੰ ਖਤਮ ਕਰਨ ਦਾ ਖਾਸ ਮਨੋਰਥ ਕੰਮ ਕਰ ਰਿਹਾ ਸੀ।
ਇਸ ਦਾ ਪਹਿਲਾ ਸੰਕੇਤ ਨੋਬੇਲ ਜੇਤੂ ਅਮਰਿਤਆ ਸੇਨ ਦੇ ਨਾਲੰਦਾ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਸਾਹਮਣੇ ਆਇਆ। ਫਿਰ ਆਈ.ਆਈ.ਟੀ., ਐਫ਼ਟੀ.ਆਈ.ਆਈ., ਐਚ.ਸੀ.ਯੂ., ਬੀ.ਐਚ.ਯੂ., ਭਾਵ ਇਕ ਪਿੱਛੋਂ ਇਕ ਕੇਂਦਰੀ ਯੂਨੀਵਰਸਿਟੀਆਂ ਅਤੇ ਹੋਰ ਆਹਲਾ ਮਿਆਰੀ ਸੰਸਥਾਵਾਂ ਇਸ ਹਮਲੇ ਦਾ ਨਿਸ਼ਾਨਾ ਬਣਦੀਆਂ ਗਈਆਂ। ਇਸੇ ਸਿਲਸਿਲੇ ਤਹਿਤ ਹੁਣ ਜੇ.ਐਨ.ਯੂ. ਉਪਰ ਨਵੇਂ ਹੋਸਟਲ ਮੈਨੂਅਲ ਰਾਹੀਂ ਤਰਕਹੀਣ ਬੋਝ ਥੋਪਿਆ ਗਿਆ ਹੈ ਜੋ ਆਰਥਿਕ ਤੌਰ ‘ਤੇ ਨਿਤਾਣੇ ਅਤੇ ਸਾਧਨਹੀਣ ਹਿੱਸਿਆਂ ਨੂੰ ਉਚੇਰੀ ਵਿਦਿਆ ਤੋਂ ਵਾਂਝੇ ਕਰਨ ਅਤੇ ਗਿਆਨ ਉਪਰ ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗ ਦਾ ਗਲਬਾ ਮੁੜ ਸਥਾਪਤ ਕਰਨ ਦੇ ਖਾਸ ਸਮਾਜਿਕ ਪ੍ਰਾਜੈਕਟ ਦਾ ਹਿੱਸਾ ਹੈ।
ਉਂਜ, ਹੁਣ ਅਵਾਮ ਨੂੰ ਗਿਆਨ ਤੋਂ ਵਾਂਝੇ ਕਰਨ ਲਈ ਕੰਨਾਂ ਵਿਚ ਸਿੱਕਾ ਢਾਲ ਕੇ ਪਾਉਣ ਦੇ ‘ਪੁਰਾਤਨ ਸੁਨਹਿਰੀ ਯੁਗ’ ਵਾਲੇ ਕੁੱਢਰ ਬ੍ਰਾਹਮਣਵਾਦੀ ਜ਼ੁਲਮ ਖੁੱਲ੍ਹੇਆਮ ਕਰਨੇ ਮੁਸ਼ਕਿਲ ਹਨ, ਇਸ ਲਈ ਅਦਿਖ ਸੂਖਮ ਤਕਨੀਕ ਈਜਾਦ ਕਰ ਲਈ ਗਈ ਹੈ। ਜੇ.ਐਨ.ਯੂ. ਦੇ ਵਿਦਿਆਰਥੀ ਹਮਲੇ ਪਿਛਲੇ ਖਤਰਨਾਕ ਮਨੋਰਥ ਨੂੰ ਬਾਖੂਬੀ ਸਮਝਦੇ ਹਨ। ਇਸੇ ਲਈ, ਉਨ੍ਹਾਂ ਨੇ ਅੰਸ਼ਕ ਰਾਹਤ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਉਹ ਵਿਦਿਆਰਥੀਆਂ ਉਪਰ ਅਸਹਿ ਆਰਥਿਕ ਬੋਝ ਪਾਉਣ ਵਾਲੇ ਨਵੇਂ ਹੋਸਟਲ ਮੈਨੂਅਲ ਨੂੰ ਪੂਰੀ ਤਰ੍ਹਾਂ ਰੱਦ ਕਰਾਉਣ ਅਤੇ ਸਾਰਿਆਂ ਦੀ ਪਹੁੰਚ ਵਿਚ ਸਸਤੀ ਵਿਦਿਆ ਮੁਹੱਈਆ ਕਰਵਾਏ ਜਾਣ ਦੀ ਮੰਗ ਉਪਰ ਦ੍ਰਿੜ ਹਨ।
ਇਹ ਸੰਘਰਸ਼ ਵਰਤਮਾਨ ਲਈ ਨਹੀਂ, ਮੁਲਕ ਦੇ ਭਵਿਖ ਲਈ ਲੜਿਆ ਰਿਹਾ ਹੈ। ਇਸੇ ਕਾਰਨ, ਪਾਰਲੀਮੈਂਟ ਵੱਲ ‘ਮਹਾਂ ਮਾਰਚਾਂ’ ਵਿਚ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ-ਅਧਿਆਪਕਾਂ ਦੇ ਨਾਲ-ਨਾਲ ਸਮਾਜ ਦੇ ਹੋਰ ਜਾਗਰੂਕ ਲੋਕ ਵੀ ਸ਼ਾਮਲ ਹੋ ਰਹੇ ਹਨ। ਨਵੀਂ ‘ਕੌਮੀ ਵਿਦਿਆ ਨੀਤੀ’ ਤਹਿਤ ਵਿਦੇਸ਼ੀ ਯੂਨੀਵਰਸਿਟੀਆਂ ਖੋਲ੍ਹਣ ਦੀ ਸਿਫਾਰਸ਼ ਅਤੇ ਕਾਰਪੋਰੇਟ ਯੂਨੀਵਰਸਿਟੀਆਂ ਦੇ ਕਾਰੋਬਾਰੀ ਹਿਤ ਲਈ ਸਰਕਾਰੀ ਸਰਪ੍ਰਸਤੀ ਵਾਲੇ ਉਚ-ਵਿਦਿਅਕ ਢਾਂਚੇ ਨੂੰ ਖਤਮ ਕਰਨ ਦੀ ਤਿਆਰੀ ਆਦਿ ਵੱਡੇ ਮੁੱਦਿਆਂ ਦੀ ਚਰਚਾ ਜੇ.ਐਨ.ਯੂ. ਦੇ ਮੁੱਦਿਆਂ ਦੇ ਜ਼ਰੀਏ ਬਾਖੂਬੀ ਹੋ ਰਹੀ ਹੈ।
ਦਰਅਸਲ, ਇਹ ਸੰਘਰਸ਼ ਇਸ ਲਈ ਹੈ ਤਾਂ ਕਿ ਵਿਦਿਅਕ ਸੰਸਥਾਵਾਂ ਦੇ ਨਾਂ ਹੇਠ ਕਾਰਪੋਰੇਟ ਹੱਟੀਆਂ ਖੋਲ੍ਹਣ ਅਤੇ ਵਾਂਝੇ ਹਿੱਸਿਆਂ ਨੂੰ ਐਜੂਕੇਸ਼ਨ ਲੋਨ ਦੀ ‘ਸਹੂਲਤ’ ਨਾਲ ਦਬਾਉਣ ਵਾਲੇ ਸਿੱਖਿਆ ਮਾਡਲ ਦੀਆਂ ਪੈਰੋਕਾਰ ਤਾਕਤਾਂ ਜੇ.ਐਨ.ਯੂ. ਦੇ ਸਸਤੀ ਵਿਦਿਆ ਦੇ ਮਾਡਲ ਨੂੰ ਤਬਾਹ ਕਰਨ ਦੀ ਆਪਣੀ ਖਤਰਨਾਕ ਸੋਚ ਨੂੰ ਅੰਜਾਮ ਦੇਣ ਵਿਚ ਕਾਮਯਾਬ ਨਾ ਹੋ ਜਾਣ। ਇਨ੍ਹਾਂ ਦੀ ਸਥਾਨਕ ਜਾਪਦੀ ਮੰਗ ਦਾ ਘੇਰਾ ਸਿੱਖਿਆ ਦੇ ਹੱਕ ਦੀ ਅਮਲਦਾਰੀ ਯਕੀਨੀ ਬਣਾਉਣ ਅਤੇ ਸਦੀਵੀ ਵਾਂਝੇਪਣ ਤੋਂ ਪੀੜਤ ਹਿੱਸਿਆਂ ਨੂੰ ਸਮਾਜੀ ਨਿਆਂ ਦੇਣ ਲਈ ਹਰ ਸੂਬੇ ਵਿਚ ਜੇ.ਐਨ.ਯੂ. ਤਰਜ਼ ‘ਤੇ ਸਸਤੀ ਵਿਦਿਆ ਦੇਣ ਦੀ ਮੰਗ ਤਕ ਵਿਸ਼ਾਲ ਹੈ। ਇਸ ਸੰਘਰਸ਼ ਦੇ ਕੇਂਦਰ ਵਿਚ ਵਿਦਿਆ ਨੂੰ ਪੈਸੇ ਦੇ ਜ਼ੋਰ ਖਰੀਦੀ ਜਾਣ ਵਾਲੀ ਮੰਡੀ ਦੀ ਵਸਤੂ ਬਣਾਏ ਜਾਣ ਦੀ ਸੱਤਾ ਦੀ ਧੁੱਸ ਅਤੇ ਧੌਂਸ ਨੂੰ ਰੋਕ ਕੇ ਬੁਨਿਆਦੀ ਮਨੁੱਖੀ ਹੱਕ ਨੂੰ ਮਹਿਫੂਜ਼ ਕਰਨ ਅਤੇ ਇਸ ਤੋਂ ਵੀ ਅੱਗੇ ਸਮਾਜੀ ਨਿਆਂ ਲੈਣ ਦਾ ਸਵਾਲ ਹੈ।
ਸੰਘਰਸ਼ ਦਾ ਇਕ ਹੋਰ ਮੁੱਖ ਸਰੋਕਾਰ ਮਨੁੱਖੀ ਸ਼ਖਸੀਅਤ ਦੇ ਨਿਖਾਰ ਅਤੇ ਬੌਧਿਕ ਵਿਕਾਸ ਲਈ ਲਾਜ਼ਮੀ ਜਮਹੂਰੀ ਸਪੇਸ ਦੀ ਰਾਖੀ ਦਾ ਸਵਾਲ ਹੈ। ਪੰਜ ਸਾਲਾਂ ਵਿਚ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਉਪਰ 66 ਅਰਬ ਰੁਪਏ ਖਰਚਣ ਵਾਲੀ ਸੱਤਾਧਾਰੀ ਧਿਰ ਅਗਰ ਜੇ.ਐਨ.ਯੂ. ਦੀ ਸਸਤੀ ਪੜ੍ਹਾਈ ਨੂੰ ਸਰਕਾਰੀ ਫੰਡਾਂ ਦੀ ਬਰਬਾਦੀ ਦੱਸ ਰਹੀ ਹੈ ਤਾਂ ਉਨ੍ਹਾਂ ਦੇ ਵਿਰੋਧ ਦੇ ਕਾਰਨਾਂ ਨੂੰ ਸਮਝਣਾ ਮੁਸ਼ਕਿਲ ਨਹੀਂ। ਇਸ ਧਿਰ ਨੂੰ ਅਸਲ ਔਖ ਨਾਗਰਿਕਾਂ ਦੇ ਟੈਕਸਾਂ ਦੇ ਪੈਸੇ ਦੀ ਵਰਤੋਂ ਨੂੰ ਲੈ ਕੇ ਨਹੀਂ ਸਗੋਂ ਸਥਾਪਤੀ ਦੀ ਫਿਰਕੂ ਵਿਚਾਰਧਾਰਾ ਨੂੰ ਬੌਧਿਕ ਚੁਣੌਤੀ ਦੇਣ ਅਤੇ ਸਵਾਲ ਕਰਨ ਦੀ ਜਾਚ ਤੇ ਜਿਊਣ ਦਾ ਸਲੀਕਾ ਸਿਖਾਉਣ ਵਾਲੇ ਅਕਾਦਮਿਕ ਮਾਹੌਲ ਤੋਂ ਹੈ।
ਇਸ ਧਿਰ ਦਾ ਘੱਟੋ-ਘੱਟ ਜਮਹੂਰੀ ਮੁੱਲਾਂ ਅਤੇ ਮੁਲਕ ਦੀ ਸੱਭਿਆਚਾਰਕ ਵੰਨ-ਸਵੰਨਤਾ ਵਿਚ ਵੀ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਦੀ ਸੋਚ ਆਜ਼ਾਦ, ਰਚਨਾਤਮਕ ਫਿਜ਼ਾ ਵਾਲੀਆਂ ਮਿਆਰੀ ਵਿਦਿਅਕ ਅਤੇ ਖੋਜ ਸੰਸਥਾਵਾਂ ਨੂੰ ਤਬਾਹ ਕਰਕੇ ਕੁੰਭ ਮੇਲਿਆਂ, ਅਯੁੱਧਿਆ ਵਿਚ ਦੀਪਮਾਲਾ ਅਤੇ ਭਗਵਾਨ ਰਾਮ ਦੀਆਂ ਮੂਰਤੀਆਂ ਉਪਰ ਦਹਿ-ਹਜ਼ਾਰਾਂ ਕਰੋੜ ਰੁਪਏ ਖਰਚ ਕੇ ਹਨੇਰਗਰਦੀ ਫੈਲਾਉਣ ਦੀ ਹੈ। ਜਿਸ ਵਿਚ ਪ੍ਰੋਫੈਸਰਾਂ ਦੀ ਕਾਬਲੀਅਤ ਦਾ ਪੈਮਾਨਾ ਵਿਸ਼ੇ ਉਪਰ ਪਕੜ ਅਤੇ ਮੁਹਾਰਤ ਨਹੀਂ ਸਗੋਂ ਉਨ੍ਹਾਂ ਦਾ ਧਾਰਮਿਕ ਪਿਛੋਕੜ ਹੈ। ਆਪਣੇ ਧਰਮਤੰਤਰੀ ਰਾਜ ਦੇ ਸੁਪਨੇ ਨੂੰ ਅੰਜਾਮ ਦੇਣ ਲਈ ਨਾਗਰਿਕਾਂ ਦੇ ਟੈਕਸਾਂ ਦਾ ਪੈਸਾ ਪਾਣੀ ਵਾਂਗ ਰੋੜਣ ਅਤੇ ਆਪਣੇ ਹਿੰਦੂਤਵ-ਕਾਰਪੋਰੇਟ ਪ੍ਰਾਜੈਕਟ ਲਈ ਕਾਰਪੋਰੇਟਾਂ ਤੋਂ ਬੇਮਿਸਾਲ ‘ਦਾਨ’ ਹਾਸਲ ਕਰਨ ਵਾਲੀ ਅਤਿਅੰਤ ਪਿਛਾਂਹਖਿੱਚੂ ਧਿਰ ਇਹ ਇਜਾਜ਼ਤ ਕਿਉਂ ਦੇਵੇਗੀ ਕਿ ਵਿਗਿਆਨਕ ਸੋਚ ਅਤੇ ਜਮਹੂਰੀ ਸੰਵਾਦ ਨੂੰ ਪ੍ਰਫੁੱਲਤ ਕਰਨ ਵਾਲੀਆਂ ਸੰਸਥਾਵਾਂ ਸੱਤਾ ਲਈ ਵੰਗਾਰ ਬਣੀਆਂ ਰਹਿਣ। ਉਹ ਕਿਉਂ ਚਾਹੁਣਗੇ ਕਿ ਵਾਂਝੇ ਹਿੱਸਿਆਂ ਲਈ ਸਸਤੀ ਸਿੱਖਿਆ ਅਤੇ ਨਿਤਾਣੇ ਹਿੱਸਿਆਂ ਦੀ ਕੁਦਰਤੀ ਕਾਬਲੀਅਤ ਨੂੰ ਖੰਭ ਲਾਉਣ ਵਾਲਾ ਰਚਨਾਤਮਕ ਮਾਹੌਲ ਸਲਾਮਤ ਰਹੇ।
ਲਿਹਾਜ਼ਾ ਜੇ.ਐਨ.ਯੂ. ਤਰੱਕੀਪਸੰਦ ਜਮਹੂਰੀ ਨਜ਼ਰੀਏ ਅਤੇ ਸਮਾਜ ਦੇ ਵਿਕਾਸ ਨੂੰ ਪੁੱਠਾ ਗੇੜਾ ਦੇਣ ਵਾਲੀਆਂ ਤਾਕਤਾਂ ਦਰਮਿਆਨ ਗਹਿਗੱਚ ਸੰਘਰਸ਼ ਦਾ ਮੋਹਰੀ ਮੁਹਾਜ਼ ਹੈ। ਜੇ.ਐਨ.ਯੂ. ਸੱਤਾਧਾਰੀ ਧਿਰ ਨੂੰ ਇਸ ਕਰਕੇ ਵੀ ਜ਼ਿਆਦਾ ਚੁਭਦੀ ਹੈ, ਕਿਉਂਕਿ ਇਥੇ ਦੇ ਨਿਆਰੇ ਬੌਧਿਕ ਅਤੇ ਖਰੇ ਜਮਹੂਰੀ ਮਾਹੌਲ ਅੰਦਰ ਪੈਸੇ ਅਤੇ ਸੱਤਾ ਦੇ ਜ਼ੋਰ ਵਿਦਿਆਰਥੀ ਚੋਣਾਂ ਨੂੰ ਅਗਵਾ ਕਰ ਲੈਣ ਦੀ ਇਜਾਜ਼ਤ ਨਹੀਂ ਹੈ ਜਿਸ ਦੇ ਕਾਰਨ ਉਨ੍ਹਾਂ ਦੇ ਕਥਿਤ ਵਿਦਿਆਰਥੀ ਵਿੰਗ ਨੂੰ ਚੋਣਾਂ ਵਿਚ ਵਾਰ-ਵਾਰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਸਥਾ ਦੀ ਦਾਖਲਾ ਨੀਤੀ ਧਰਮਤੰਤਰੀ ਰਾਜ ਦੇ ਪ੍ਰਾਜੈਕਟ ਨਾਲ ਟਕਰਾਉਂਦੀ ਹੈ। ਰਚਨਾਤਮਕ ਮਨੁੱਖੀ ਦਿਮਾਗਾਂ ਨੂੰ ਸਮਾਜੀ ਸੂਝ, ਰਾਜਨੀਤਕ ਚੇਤਨਾ ਅਤੇ ਮਨੁੱਖੀ ਸਰੋਕਾਰਾਂ ਤੋਂ ਕੋਰਾ ਹਜੂਮ ਬਣਾਉਣ ਦੇ ਸਿਆਸੀ ਏਜੰਡੇ ਵਾਲਿਆਂ ਅਤੇ ਮਿਆਰੀ ਖੋਜ ਨੂੰ ਰਾਸ਼ਟਰ ਵਿਰੋਧੀ ਮੰਨਣ ਵਾਲਿਆਂ ਨੂੰ ਇਹ ਗਵਾਰਾ ਨਹੀਂ ਕਿ ਇਕ ਯੂਨੀਵਰਸਿਟੀ ਸੱਤਾ ਦੇ ਐਨ ਨੱਕ ਹੇਠ ਬੇਹੱਦ ਜ਼ਹੀਨ ਤੇ ਕਾਬਿਲ ਅਕਾਦਮਿਕ, ਅਫਸਰ, ਸਿਆਸਤਦਾਨ ਪੈਦਾ ਕਰੇ। ਇਕ ਉਚ ਵਿਦਿਅਕ ਸੰਸਥਾ ਵਿਦਿਆਰਥੀਆਂ ਦੇ ਪੜ੍ਹ-ਲਿਖ ਕੇ ਕੁਛ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਜ਼ਰੀਆ ਕਿਉਂ ਬਣੇ ਜਿਸ ਦੀ ਦਾਖਲਾ ਨੀਤੀ ਸਾਡੇ ਸਮਾਜ ਦੇ ਵਜੂਦ-ਸਮੋਈਆਂ ਬਹੁਪੱਖੀ ਨਾਬਰਾਬਰੀਆਂ ਦੇ ਮੱਦੇਨਜ਼ਰ ਪਛੜੇ ਅਤੇ ਵਾਂਝੇ ਹਿੱਸਿਆਂ ਦੇ ਵਿਦਿਆਰਥੀਆਂ ਨੂੰ ਤਰਜੀਹੀ ਅਧਾਰ ‘ਤੇ ਪੜ੍ਹਾਈ ਕਰਾਉਣ ਦੀ ਹੈ ਜਿਸ ਦੀ ਬੌਧਿਕ ਸੰਵਾਦ ਅਤੇ ਵੰਨ-ਸਵੰਨੀ ਖੋਜ ਦੀ ਜਮਹੂਰੀ ਫਿਜ਼ਾ ਵਿਦਿਆਰਥੀਆਂ ਨੂੰ ਦੁਨੀਆ ਅਤੇ ਸਮਾਜ ਨੂੰ ਸਮਝਣ ਦੀ ਜਾਚ ਸਿਖਾਉਂਦੀ ਹੈ।
ਖੁੱਲ੍ਹੇ ਬਹਿਸ-ਮੁਬਾਹਿਸੇ ਦੇ ਮਾਹੌਲ ਵਿਚ ਵਿਦਿਆਰਥੀਆਂ ਦੇ ਆਜ਼ਾਦ ਖਿਆਲ ਮੌਲਦੇ ਅਤੇ ਵਿਗਸਦੇ ਹਨ ਜਿਨ੍ਹਾਂ ਨੂੰ ਸੱਤਾਧਾਰੀ ਧਿਰ ਦਾ ਵਿਦਿਅਕ ਸੰਸਥਾਵਾਂ ਨੂੰ ਅੰਨ੍ਹੇ ਭਗਤ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਿਚ ਬਦਲਣ ਦਾ ਹਿੰਦੂ ਰਾਸ਼ਟਰਵਾਦੀ ਪ੍ਰਾਜੈਕਟ ਮਨਜ਼ੂਰ ਨਹੀਂ ਹੈ। ਯੂਨੀਵਰਸਿਟੀ ਕੈਂਪਸਾਂ ਦਾ ਐਸਾ ਰਚਨਾਤਮਕ ਮਾਹੌਲ ਕੁਲ ਆਲਮ ਵਿਚ ਫਾਸ਼ੀਵਾਦੀ ਤਾਕਤਾਂ ਦੇ ਹਮੇਸ਼ਾ ਨਿਸ਼ਾਨੇ ‘ਤੇ ਰਿਹਾ ਹੈ। ਸਾਡੇ ਇਥੇ ਭਗਵੇਂ ਫਾਸ਼ੀਵਾਦ ਦੀ ਪੈੜਚਾਲ ਵੀ.ਸੀ. ਵਲੋਂ ਵਿਦਿਆਰਥੀਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਲਈ ਕੈਂਪਸ ਅੰਦਰ ਫੌਜੀ ਟੈਂਕ ਲਗਾਉਣ ਦੀਆਂ ਸਲਾਹਾਂ ਦੇਣ ਅਤੇ ਮਨੁੱਖੀ ਵਸੀਲਿਆਂ ਦੀ ਸਾਬਕਾ ਮੰਤਰੀ ਵੱਲੋਂ 40 ਕੇਂਦਰੀ ਯੂਨੀਵਰਸਿਟੀਆਂ ਉਪਰ ਵੱਡੇ-ਵੱਡੇ ਰਾਸ਼ਟਰੀ ਝੰਡੇ ਲਹਿਰਾਉਣ ਦੇ ਆਦੇਸ਼ ਦੇਣ ਵਰਗੇ ਕਦਮਾਂ ਵਿਚ ਸਾਫ ਸੁਣੀ ਜਾ ਸਕਦੀ ਹੈ।
ਹਿੰਦੂਤਵੀ ਧਿਰ ਜਿਸ ਦੇ ਆਪਣੇ ਪੁਰਖਿਆਂ ਦੀ ਭੂਮਿਕਾ ਕਦੇ ਵੀ ਦੇਸ਼ਭਗਤ ਨਹੀਂ ਰਹੀ, ਸੱਤਾ ਦੀ ਧੌਂਸ ਨਾਲ ਇਹ ਤੈਅ ਕਰ ਰਹੀ ਹੈ ਕਿ ਕੌਣ ਰਾਸ਼ਟਰਵਾਦੀ ਹੈ ਅਤੇ ਕੌਣ ਦੇਸ਼ਧ੍ਰੋਹੀ। ਇਕ ਪ੍ਰਮੁੱਖ ਯੂਨੀਵਰਸਿਟੀ ਜੋ ਜਮਹੂਰੀ ਮੁੱਲਾਂ ਅਤੇ ਅਕਾਦਮਿਕ ਮਿਆਰਾਂ ਦਾ ਮੁਜੱਸਮਾ ਹੈ ਅਤੇ ਜਿਸ ਦੇ ਸ਼ਾਨਦਾਰ ਖੁੱਲ੍ਹੇ ਅਕਾਦਮਿਕ ਮਾਹੌਲ ਨੇ ਦੇਸ਼ ਤੇ ਦੁਨੀਆ ਨੂੰ ਉਚਕੋਟੀ ਦੇ ਬੁੱਧੀਜੀਵੀ, ਚਿੰਤਕ, ਪੱਤਰਕਾਰ ਅਤੇ ਸਿਆਸੀ ਕਾਰਕੁਨ ਦਿੱਤੇ, ਉਸ ਨੂੰ ਸੱਤਾਧਾਰੀ ਪਾਰਟੀ ਦੇ ਆਗੂ ‘ਦਹਿਸ਼ਤਗਰਦਾਂ, ਮਾਓਵਾਦੀਆਂ ਦਾ ਅੱਡਾ’ ਅਤੇ ਕੈਂਪਸ ਦੀਆਂ ਸੰਘਰਸ਼ਸ਼ੀਲ ਔਰਤਾਂ ਨੂੰ ‘ਵੇਸਵਾਵਾਂ ਤੋਂ ਵੀ ਭੈੜੀਆਂ’ ਕਹਿ ਕੇ ਉਸ ਪ੍ਰਤੀ ਘਿਰਣਾ ਹੀ ਨਹੀ ਫੈਲਾ ਰਹੇ ਸਗੋਂ ਮੁਲਕ ਦੀ ਸੂਝ ਦਾ ਅਪਮਾਨ ਵੀ ਕਰ ਰਹੇ ਹਨ। ਸ੍ਰੀ ਸ੍ਰੀ ਰਵੀਸ਼ੰਕਰ ਅਤੇ ਰਾਮਦੇਵ ਵਰਗੇ ਹਿੰਦੂਤਵੀ ਕਾਰੋਬਾਰੀ ਸਾਧ ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਨਕਸਲਵਾਦ ਦੀ ਜੰਮਣ-ਭੋਇੰ ਕਰਾਰ ਦੇ ਕੇ ਆਪਣੀ ਨਫਰਤ ਦੀ ਖੁੱਲ੍ਹੀ ਨੁਮਾਇਸ਼ ਲਗਾਉਂਦੇ ਦੇਖੇ ਜਾ ਸਕਦੇ ਹਨ।
ਨੌਜਵਾਨਾਂ ਲਈ ਸਮਾਜਿਕ ਵਿਕਾਸ ਵਿਚ ਆਪਣੀ ਭੂਮਿਕਾ ਨਿਭਾਉਣਾ ਤਦ ਹੀ ਸੰਭਵ ਹੈ ਜੇ ਉਹ ਸਮਾਜੀ ਸਰੋਕਾਰਾਂ ਨਾਲ ਬਾਵਸਤਾ ਹਨ ਅਤੇ ਰਾਜਨੀਤਕ ਤੌਰ ‘ਤੇ ਸੁਚੇਤ ਹਨ। ਜੇ.ਐਨ.ਯੂ. ਦੇ ਵਿਦਿਆਰਥੀ ਅਕਸਰ ਹੀ ਸਥਾਨਕ ਮੁੱਦਿਆਂ ਤੋਂ ਲੈ ਕੇ ਆਲਮੀ ਸਿਆਸਤ ਤਕ ਸੰਵਾਦ ਰਚਾਉਂਦੇ ਤੇ ਸੰਘਰਸ਼ ਵਿਚ ਜੁਟੇ ਦੇਖਦੇ ਜਾ ਸਕਦੇ ਹਨ। ਹਿੰਦੂਤਵੀ ਤਾਕਤਾਂ ਪੜ੍ਹਾਈ ਅਤੇ ਖੋਜ ਦੇ ਆਜ਼ਾਦ ਸਭਿਆਚਾਰ ਨੂੰ ਖਤਮ ਕਰਕੇ ‘ਗੁਰੂ-ਚੇਲਾ ਮਾਡਲ’ ਥੋਪਣਾ ਚਾਹੁੰਦੀਆਂ ਹਨ। ਇਸੇ ਲਈ, ਜੇ.ਐਨ.ਯੂ. ਘਿਨਾਉਣੇ ਲੱਚਰ ਬਿਰਤਾਂਤ ਦੇ ਮੁੱਖ ਨਿਸ਼ਾਨੇ ‘ਤੇ ਹੈ ਕਿਉਂਕਿ ਇਸ ਸੰਸਥਾ ਦੀਆਂ ਕੰਧਾਂ ਉਪਰ ਉਕਰੇ ਬੋਲ ਅਤੇ ਚਿੱਤਰ ਵੀ ਸੱਤਾ ਨੂੰ ਸਵਾਲ ਖੜ੍ਹੇ ਕਰਦੇ ਹਨ। ਕੈਂਪਸ ਦੇ ਵਿਦਿਆਰਥੀਆਂ ਦਾ ‘ਪੁਲੀਟੀਕਲ’ ਹੋਣਾ ਸਾਵਰਕਰ-ਗੌਡਸੇ ਦੇ ਭਗਤਾਂ ਲਈ ਵੱਡੀ ਪ੍ਰੇਸ਼ਾਨੀ ਹੈ। ਇਕ ਭਾਜਪਾ ਆਗੂ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਜਦ ਤਕ ਜੇ.ਐਨ.ਯੂ. ਵਰਗੀ ਸੰਸਥਾ ਰਹੇਗੀ, ਹਿੰਦੂ ਰਾਸ਼ਟਰ ਦਾ ਬਣਨਾ ਮੁਸ਼ਕਿਲ ਹੈ।
ਇਤਿਹਾਸ ਗਵਾਹ ਹੈ ਕਿ ਫਾਸ਼ੀਵਾਦੀ ਤਾਕਤਾਂ ਹਮੇਸ਼ਾ ਦੇਸ਼ਭਗਤੀ ਦਾ ਮਖੌਟਾ ਪਾ ਕੇ ਜਮਹੂਰੀ ਸਪੇਸ ਅਤੇ ਬੌਧਿਕ ਸੰਵਾਦ ਨੂੰ ਕੁਚਲਦੀਆਂ ਹਨ ਅਤੇ ਆਪਣੀ ਤਰਕਹੀਣ ਵਿਚਾਰਧਾਰਾ ਨੂੰ ਸਮਾਜ ਉਪਰ ਥੋਪਦੀਆਂ ਹਨ। ਜੇ.ਐਨ.ਯੂ. ਅਤੇ ਹੋਰ ਉਚ-ਵਿਦਿਅਕ ਸੰਸਥਾਵਾਂ ਦੀ ਸੰਵਾਦ ਦੀ ਜਮਹੂਰੀ ਸਪੇਸ ਫਾਸ਼ੀਵਾਦੀਆਂ ਨੂੰ ਬਹੁਤ ਚੁਭਦੀ ਹੈ ਅਤੇ ਉਹ ਲੰਮੇ ਸਮੇਂ ਤੋਂ ਇਸ ਨੂੰ ਖਤਮ ਕਰਨ ਲਈ ਜ਼ਮੀਨ ਤਿਆਰ ਕਰਦੇ ਆ ਰਹੇ ਹਨ। ਜਿਵੇਂ ਉਲੂ ਚਾਨਣ ਤੋਂ ਤ੍ਰਭਕਦਾ ਹੈ, ਇਵੇਂ ਤਰਕਹੀਣ ਦਿਮਾਗ ਹਮੇਸ਼ਾਂ ਤਰਕ ਤੋਂ ਭੈਅਭੀਤ ਰਹਿੰਦਾ ਹੈ। ਜੇ.ਐਨ.ਯੂ. ਸੰਘਰਸ਼ ਦੇ ਇਸ ਮਹੱਤਵ ਦੇ ਮੱਦੇਨਜ਼ਰ ਬੇਬੁਨਿਆਦ ਇਲਜ਼ਾਮਤਰਾਸ਼ੀ, ਕੂੜ, ਧੌਂਸ ਤੇ ਧੱਕੇਸ਼ਾਹੀ ਦਾ ਵਿਰੋਧ ਕਰਨਾ ਅਤੇ ਜਮਹੂਰੀ ਮੁੱਲਾਂ ਦੀ ਰਾਖੀ ਲਈ ਜੇ.ਐਨ.ਯੂ. ਦੇ ਹੱਕ ਵਿਚ ਡੱਟਣਾ ਅੱਜ ਵਕਤ ਦਾ ਤਕਾਜ਼ਾ ਵੀ ਹੈ ਅਤੇ ਹਰ ਇਨਸਾਫਪਸੰਦ ਦਾ ਫਰਜ਼ ਵੀ।