ਗੁਲਜ਼ਾਰ ਸਿੰਘ ਸੰਧੂ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਦਿਨਾਂ ਵਿਚ ਅਈਯੱਪਾ ਨਾਂ ਦੇ ਇਕ ਮਿਥਿਹਾਸਕ ਦੇਵਤੇ ਦੇ ਕਿੱਸੇ ਵੀ ਪੜ੍ਹਨ-ਸੁਣਨ ਨੂੰ ਮਿਲੇ। ਪੰਜਾਬੀ ਪਾਠਕਾਂ ਲਈ ਗੁਰੂ ਨਾਨਕ ਦੀ ਜੀਵਨੀ ਤੇ ਸਿਖਿਆਵਾਂ ਜਾਣਕਾਰੀ ਦੀਆਂ ਮੁਥਾਜ ਨਹੀਂ। ਅਈਯੱਪਾ ਭਾਰਤ ਦੇ ਦੱਖਣ ਵਿਚ ਪੈਂਦੇ ਰਾਜਾਂ ਦਾ ਦੇਵਤਾ ਹੈ। ਇਸ ਦੇ ਅਨੇਕਾਂ ਮੰਦਿਰ ਹਨ, ਪਰ ਸਭ ਤੋਂ ਪ੍ਰਸਿੱਧ ਮੰਦਿਰ ਕੇਰਲਾ ਦੀਆਂ ਸਾਬਰੀਮਾਲਾ ਪਹਾੜੀਆਂ ਉਤੇ ਸਥਿਤ ਹੈ। ਹਰ ਵਰ੍ਹੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਨੰਗੇ ਪੈਰੀਂ ਤੁਰ ਕੇ ਇਸ ਦੇ ਦਰਸ਼ਨਾਂ ਲਈ ਜਾਂਦੇ ਹਨ।
ਯਾਤਰੀਆਂ ਦੀ ਗਿਣਤੀ ਪੱਖੋਂ ਇਹ ਮੰਦਿਰ ਦੁਨੀਆਂ ਦੇ ਵੱਡੇ ਸਥਾਨਾਂ ਵਿਚ ਗਿਣਿਆ ਜਾਂਦਾ ਹੈ। ਇਸ ਦੇ ਦਰਵਾਜੇ 10 ਤੋਂ 50 ਵਰ੍ਹੇ ਦੀਆਂ ‘ਉਪਜਾਊ’ ਔਰਤਾਂ ਤੋਂ ਬਿਨਾ ਹਰ ਉਮਰ ਦੇ ਮਰਦਾਂ-ਔਰਤਾਂ ਲਈ ਖੁਲ੍ਹੇ ਹਨ। ਉਪਜਾਊ ਸ਼ਬਦ ਉਨ੍ਹਾਂ ਔਰਤਾਂ ਲਈ ਵਰਤਿਆ ਗਿਆ ਹੈ, ਜੋ ਆਪਣਾ ਮਾਸਕ ਧਰਮ ਨਿਭਾ ਰਹੀਆਂ ਹੁੰਦੀਆਂ ਹਨ। ਉਨ੍ਹਾਂ ਦਾ ਉਪਜਾਊ ਹੋਣਾ ਹੀ ਮਹਾਂ ਰੁਕਾਵਟ ਹੈ। ਇਹ ਕਿਹੋ ਜਿਹਾ ਜਤ ਸਤ ਹੈ, ਜੋ ਉਪਜਾਊ ਔਰਤ ਦੀ ਹਾਜ਼ਰੀ ਵਿਚ ਭੰਗ ਹੋ ਜਾਂਦਾ ਹੈ?
ਉਘੇ ਵਿਗਿਆਨੀ ਤੇ ਕਾਨੂੰਨਦਾਨ ਇਸ ਧਾਰਨਾ ਨਾਲ ਸਹਿਮਤ ਨਹੀਂ। ਇਸ ਦੀ ਛਾਣ ਬੀਣ ਕਰਦਿਆਂ 28 ਸਤੰਬਰ 2019 ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲੇ ਅਨੁਸਾਰ ਇਹ ਧਾਰਨਾ ਸਮਾਜਕ ਵਿਕਾਸ ਦੇ ਅਨੁਕੂਲ ਨਹੀਂ। ਉਰਦੂ ਅਖਾਣ ‘ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਾ ਕਰਤੇ’ ਇਸ ਰੂੜ੍ਹੀਵਾਦੀ ਧਾਰਨਾ ਉਤੇ ਪੂਰਾ ਉਤਰਦਾ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਇਕ ਹੋਰ ਬੈਂਚ ਨੇ ਇਸ ਰੋਲ ਘਚੋਲੇ ਨੂੰ ਅੱਗੇ ਪਾਉਂਦਿਆਂ ਹੁਣ ਸੱਤ ਮੈਂਬਰੀ ਬੈਂਚ ਦੇ ਗਲ ਪਾ ਦਿੱਤਾ ਹੈ। ਇਹ ਧਾਰਨਾ ਇੰਨੀ ਗਲਤ ਹੈ ਕਿ ਵਡੇਰੇ ਬੈਂਚ ਦੇ ਗਲ ਪਾਉਣ ਵਾਲੀ ਜਸਟਿਸ ਗੋਗੋਈ ਦੀ ਸੋਚ ਵੀ ਸ਼ੰਕਾ ਦੇ ਘੇਰੇ ਵਿਚ ਆ ਗਈ ਹੈ। ਇਹ ਧਾਰਨਾ ਔਰਤ ਦੀ ਗੁਣਵਤਾ ਤੇ ਸ਼ਕਤੀ ਨੂੰ ਘਟਾਉਂਦੀ ਹੈ, ਜਿਸ ਬਾਰੇ ਸਿੱਖੀ ਮਰਿਆਦਾ ਨੂੰ ਉਜਾਗਰ ਕਰਦੀ ਆਸਾ ਦੀ ਵਾਰ ਸਪਸ਼ਟ ਹੈ,
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣ ਵੀਆਹੁ॥
ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥
ਭੰਡਿ ਮੁਆ ਭੰਡੁ ਭਾਲੀਐ
ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਸਮਝ ਨਹੀਂ ਆਉਂਦੀ ਕਿ ਅਈਯੱਪਾ ਨੂੰ ਪੂਜਣ ਵਾਲੇ ਉਨ੍ਹਾਂ ਦਾ ਸਦੀਵੀ ਸਾਥ ਦੇਣ ਵਾਲੀ ਔਰਤ ਨਾਲ ਵਿਤਕਰਾ ਕਿਉਂ ਕਰਦੇ ਹਨ। ਇਨ੍ਹੀਂ ਦਿਨੀਂ ਸਬਰੀਮਾਲਾ ਪਹੁੰਚੀ ਇੱਕ ਬਾਰਾਂ ਸਾਲ ਦੀ ਬੱਚੀ ਨੂੰ ਮੰਦਿਰ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆਂ ਤਾਂ ਉਸ ਦਾ ਰੋਣ ਨਿਕਲ ਗਿਆ। ਜੇ ਕੋਈ ਉਸ ਵੇਲੇ ਗੁਰੂ ਸਾਹਿਬ ਤੋਂ ਪਿੱਛੋਂ ਸਿੱਖੀ ਮਰਿਆਦਾ ਵਿਚ ਆਈਆਂ ਕੁਰੀਤੀਆਂ ਤੋਂ ਜਾਣੂ ਹੁੰਦਾ ਤਾਂ ਉਸ ਬੱਚੀ ਨੂੰ ਵਰਾਉਣ ਵਾਸਤੇ ਹਰਿਮੰਦਰ ਸਾਹਿਬ ਦਾ ਪ੍ਰਮਾਣ ਦੇ ਸਕਦਾ ਸੀ, ਜਿੱਥੇ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਮੁੱਕਮਲ ਮਨਾਹੀ ਹੈ। ਹੈ ਕੋਈ ਰੂੜ੍ਹੀਵਾਦ ਦਾ ਹੱਲ।
ਕਰਤਾਰਪੁਰ ਲਾਂਘਾ ਤੇ ਸਿੰਧੀ ਮਰਿਆਦਾ: ਇੰਦੌਰ ਦੇ ਭਾਜਪਾ ਸੰਸਦ ਮੈਂਬਰ ਸੰਕਾਰ ਲਾਲਵਾਨੀ ਨੇ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਹੈ। ਇਸ ਮੰਗ ਨੇ ਮੈਨੂੰ ਸਿੰਧੀ ਸਿੱਖਾਂ ਦੀ ਨਾਨਕ ਲੇਵਾ ਧਾਰਨਾ ਚੇਤੇ ਕਰਵਾ ਦਿੱਤੀ ਹੈ। ਛੇ ਦਹਾਕੇ ਪਹਿਲਾਂ ਭਾਰਤੀ ਖੇਤੀਬਾੜੀ ਖੋਜ ਕੌਂਸਲ ਵਿਚ ਕੰਮ ਕਰਦਿਆਂ ਮੇਰੀ ਆਪਣੇ ਸਹਿਕਰਮੀ ਲਾਲ ਕਰਮਚੰਦਾਨੀ ਨਾਲ ਏਨੀ ਮਿੱਤਰਤਾ ਹੋ ਗਈ ਕਿ ਅਸੀਂ ਦੋਹਾਂ ਨੇ ਕਿਸੇ ਵੱਡੀ ਅਸਾਮੀ ਲਈ ਸਰਵਿਸ ਕਮਿਸ਼ਨ ਅੱਗੇ ਪੇਸ਼ ਹੋਣਾ ਹੁੰਦਾ ਤਾਂ ਮੈਂ ਲਾਲ ਦੇ ਘਰ ਹੀ ਡੇਰਾ ਲਾ ਲੈਂਦਾ। ਤੁਰਨ ਤੋਂ ਪਹਿਲਾਂ ਦਾਦਾ (ਲਾਲ ਦੇ ਪਿਤਾ) ਨੇ ਸਾਨੂੰ ਦੋਹਾਂ ਨੂੰ ਹਦਾਇਤ ਕਰਨੀ ਕਿ ਪੂਜਾ ਕੋਨੇ ਵਿਚ ਰੱਖੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਨਤਮਸਤਕ ਹੋਏ ਬਿਨਾ ਘਰੋਂ ਨਹੀਂ ਨਿਕਲਣਾ। ਦਾਦਾ ਇਸ ਗੱਲ ਦੀ ਚਿੰਤਾ ਨਹੀਂ ਸੀ ਕਰਦੇ ਕਿ ਚੋਣ ਕਰਨ ਵਾਲੇ ਮੈਨੂੰ ਚੁਣਦੇ ਸਨ ਜਾਂ ਦਾਦਾ ਦੇ ਆਪਣੇ ਬੇਟੇ ਨੂੰ। ਦਾਦਾ ਦਾ ਮੱਤ ਸੀ ਕਿ ਅੰਤਿਮ ਫੈਸਲਾ ਤਾਂ ਗੁਰੂ ਸਾਹਿਬ ਨੇ ਕਰਨਾ ਹੈ। ਨਾਨਕ ਲੇਵਾ ਸਿੰਧੀਆਂ ਦੀ ਇਹ ਮਰਿਆਦਾ ਮਾਤ ਪਾਉਣ ਵਾਲੀ ਹੈ।
ਅੰਤਿਕਾ: ਸੁਰਜੀਤ ਪਾਤਰ
ਇਹ ਲਾਂਘਾ ਮੇਰੀ ਅੱਖੀਆਂ ਦੀ ਲੋਅ
ਇਹ ਲਾਂਘਾ ਤੇਰੇ ਮਿਲਣ ਦੀ ਸੋਅ
ਇਹ ਲਾਂਘਾ ਨਿਹੁੰ ਦੀ ਖੁਸ਼ਬੋ
ਇਹ ਲਾਂਘਾ ਮੇਰੀ ਅਰਜੋ।
ਇਸ ਲਾਂਘੇ ਤੇ ਚੰਨ ਦੀਆਂ ਰਿਸ਼ਮਾਂ
ਕਰਦੀਆਂ ਰੋਜ਼ ਕਸੀਦਾ
ਨੀਲਾ ਅੰਬਰ ਮੋਤੀਆਂ ਜੜੇ
ਚੰਦੋਏ ਵਰਗਾ ਕੀਹਦਾ।
ਇਸ ਲਾਂਘੇ ਦੇ ਜਗਦੇ ਤਾਰੇ
ਪਿਆਰ ਦੇ ਹਰਫਾਂ ਵਰਗੇ
ਲੰਘਣ ਏਥੋਂ ਪੌਣ ਦੇ ਬੁਲੇ
ਤੂੰ ਹੀ ਤੂੰ ਹੀ ਕਰਦੇ।
ਇਸ ਲਾਂਘੇ ਨੂੰ ਸਿਜਦਾ ਕਰਦੀਆਂ
ਸੂਰਜ ਦੀਆਂ ਸੁਆਵਾਂ
ਇਸ ਲਾਂਘੇ ਨੂੰ ਛਾਂਵਾਂ ਕਰਦੀਆਂ
ਮਾਂਵਾਂ ਦੀਆਂ ਦੁਆਵਾਂ।