ਸ਼ਿਕਾਗੋ (ਬਿਊਰੋ): ਸ਼ਿਕਾਗੋ ਦੇ ਸਿੱਖ ਸੀਨੀਅਰ ਸਿਟੀਜਨਾਂ ਦੀ ਮਹੀਨੇਵਾਰ ਮੀਟਿੰਗ ਵਿਚ ਇਸ ਵਾਰ ਵਸੀਅਤ ਅਤੇ ਟਰੱਸਟ ਬਾਰੇ ਚਰਚਾ ਹੋਈ, ਜੋ ਵਕੀਲ ਨਵਰੀਤ ਕੌਰ ਹੈਨੇਗਨ ਨੇ ਕੀਤੀ। ਬੀਬੀ ਹੈਨੇਗਨ ਲੰਬਾਰਡ ਏਰੀਏ ਦੇ ਸਕੂਲ ਡਿਸਟ੍ਰਿਕਟ 45 ਦੇ ਬੋਰਡ ਮੈਂਬਰ ਵੀ ਹਨ। ਉਹ ਠਾਕਰ ਸਿੰਘ ਬਸਾਤੀ ਦੀ ਵੱਡੀ ਪੁੱਤਰੀ ਹੈ, ਜੋ ਗੁਰਦੁਆਰਾ ਪੈਲਾਟਾਈਨ ਦੀ ਛਤਰ-ਛਾਇਆ ਹੇਠ ਵੱਡੀ ਹੋਈ। ਸਟੇਜ ਤੋਂ ਸ਼ਬਦ ਕੀਰਤਨ ਅਤੇ ਪੰਜਾਬੀ ਗੀਤ ਗਾਉਂਦੀ ਰਹੀ ਹੈ। ਉਹ ਬੈਡਮਿੰਟਨ ਦੀ ਸਟੇਟ ਚੈਂਪੀਅਨ ਰਹੀ ਅਤੇ ਵਾਇਲਿਨ ਦੀ ਮਾਹਰ ਹੈ।
ਨਵਰੀਤ ਕੌਰ ਨੇ ਦੱਸਿਆ ਕਿ ਬਹੁਤੇ ਲੋਕ ਵਸੀਅਤ ਬਣਾਉਣ ਲਈ ਆਲਸੀ ਹਨ। ਸੋਚਦੇ ਹਨ ਕਿ ਮੇਰੇ ਕੋਲ ਕਿਹੜੀ ਜਾਇਦਾਦ ਹੈ, ਨਾਲੇ ਮਰਨ ਉਪਰੰਤ ਭਾਰਤ ਵਾਂਗ ਆਪ-ਮੁਹਾਰੇ ਸਭ ਕੁਝ ਬੱਚਿਆਂ ਵਿਚ ਵੰਡਿਆ ਜਾਵੇਗਾ, ਜਦੋਂਕਿ ਅਮਰੀਕਾ ਵਿਚ ਅਜਿਹਾ ਨਹੀਂ ਹੁੰਦਾ। ਖਾਸ ਤੌਰ ‘ਤੇ ਇਲੀਨਾਏ ਪ੍ਰੋਬੇਟ ਸਟੇਟ ਹੈ, ਜੇ ਵਸੀਅਤ ਨਹੀਂ ਤਾਂ ਕੋਰਟ ਫੈਸਲਾ ਕਰਦੀ ਹੈ, ਜਿਸ ਲਈ ਉਹ ਪਹਿਲਾਂ ਆਪਣਾ ਟੈਕਸ ਕੱਢਦੇ ਹਨ, ਫਿਰ ਪਿਛੇ ਰਹੇ ਜੀਵਨ ਸਾਥੀ ਨੂੰ ਅੱਧ ਅਤੇ ਅੱਧ ਬੱਚਿਆਂ ਵਿਚ ਵੰਡਿਆ ਜਾਂਦਾ ਹੈ; ਭਾਵੇਂ ਬੱਚੇ ਨਾਲ ਤੁਹਾਡੀ ਬਣਦੀ ਹੈ, ਭਾਵੇਂ ਨਹੀਂ। ਫਿਰ ਬੱਚਿਆਂ ਦੀ ਸਹਿਮਤੀ ਤੋਂ ਬਿਨਾ ਤੁਸੀਂ ਕੁਝ ਵੇਚ-ਖਰੀਦ ਨਹੀਂ ਸਕਦੇ।
ਜ਼ਰੂਰੀ ਨਹੀਂ, ਜਾਇਦਾਦ ਲਈ ਹੀ ਵਸੀਅਤ ਬਣਾਉਣੀ ਹੈ। ਜੇ ਕਿਸੇ ਐਕਸੀਡੈਂਟ ਦਾ ਪੈਸਾ ਮਿਲੇ ਜਾਂ ਲਾਟਰੀ ਆਦਿ ਨਿਕਲ ਆਵੇ ਤਾਂ ਕਾਨੂੰਨ ਮੁਤਾਬਿਕ ਵੰਡ ਹੁੰਦੀ ਹੈ। ਰਿਹਾਇਸ਼, ਬੈਂਕ ਖਾਤੇ, ਕਰਜ਼ੇ, ਜੋ ਤੁਹਾਡੀ ਜਾਇਦਾਦ ਹੈ, ਉਹ ਆਮ ਤੌਰ ‘ਤੇ ਬੈਂਕਾਂ ਦੇ ਨਾਂ ਹੁੰਦੇ ਹਨ ਤੇ ਨਾਲ ਹੀ ਸਾਂਝੇ ਖਾਤੇ ਦੇ ਨਾਂ। ਇਹ ਸਭ ਲਿਖੇ ਮੁਤਾਬਕ ਹੀ ਹੁੰਦਾ ਹੈ। ਜੇ ਕੁਝ ਲਿਖਿਆ ਨਹੀਂ ਤਾਂ ਮਰਜ਼ੀ ਕੋਰਟ ਦੀ ਚਲਦੀ ਹੈ।
ਵਸੀਅਤ ਅਤੇ ਟਰੱਸਟ ਤੁਹਾਡੀਆਂ ਲਿਖਤੀ ਹਦਾਇਤਾਂ ਹਨ ਕਿ ਵੰਡ ਕਿਵੇਂ ਹੋਵੇਗੀ। ਇਸ ਤੋਂ ਬਿਨਾ ਬੈਂਕ ਖਾਤੇ ਆਦਿ ਚਲਾਉਣ ‘ਤੇ ਪਾਬੰਦੀ ਲੱਗ ਸਕਦੀ ਹੈ, ਜਿਸ ਕਰਕੇ ਪਿਛੇ ਰਹਿ ਗਏ ਸਾਥੀ ਦਾ ਜੀਵਨ ਔਖਾ ਹੋ ਜਾਂਦਾ ਹੈ। ਕੋਰਟ ਵਿਚ 1000 ਡਾਲਰ ਦਾ ਬਾਂਡ ਭਰਨਾ ਪਏਗਾ, ਵਕੀਲ ਕਰਨਾ ਪਵੇਗਾ ਤੇ ਖੂਬ ਖਰਚੇ ਹੋਣਗੇ। ਗਹਿਣਿਆਂ ਆਦਿ ਪਿਛੇ ਝਗੜੇ ਹੋ ਸਕਦੇ ਹਨ, ਜਦੋਂ ਕਿ ਵਸੀਅਤ/ਟਰੱਸਟ ਵਿਚ ਤੁਸੀਂ ਇਹ ਲਿਖ ਸਕਦੇ ਹੋ ਕਿ ਕਿਸ ਨੂੰ ਕਿਹੜੀ ਚੀਜ਼ ਮਿਲੇਗੀ। ਟਰੱਸਟ ਹਰ ਇਕ ਲਈ ਜ਼ਰੂਰੀ ਨਹੀਂ। ਜੇ ਵਸੀਅਤ/ਟਰੱਸਟ ਬਣਾਏ ਹੋਣ ਤਾਂ ਬਾਂਡ ਨਹੀਂ ਭਰਨਾ ਪੈਂਦਾ, ਨਹੀਂ ਤਾਂ ਅਖਬਾਰਾਂ ਵਿਚ ਇਸ਼ਤਿਹਾਰ ਦੇਣੇ ਪੈਂਦੇ ਹਨ ਤੇ ਵਕਤ ਲੱਗ ਸਕਦਾ ਹੈ। ਜੇ ਕੋਈ ਚੁਣੌਤੀ ਦੇ ਦੇਵੇ ਤਾਂ ਤਾਣਾ ਹੋਰ ਵੀ ਉਲਝ ਸਕਦਾ ਹੈ। ਇਹ ਨੋਟਿਸ ਲਾਅ ਬੁਲੈਟਿਨ ਵਿਚ ਵੀ ਦਿੱਤੇ ਜਾਂਦੇ ਹਨ, ਜਿਥੋਂ ਅਖਬਾਰਾਂ ਪ੍ਰਕਾਸ਼ਿਤ ਕਰ ਦਿੰਦੀਆਂ ਹਨ।
ਅਮਰੀਕਾ ਦੀ ਬਣੀ ਵਸੀਅਤ ਇੰਡੀਆ ਵਿਚ ਵੀ ਕੰਮ ਆ ਸਕਦੀ ਹੈ। ਵੈਸੇ ਚੰਗੀ ਗੱਲ ਇਹ ਹੈ ਕਿ ਉਥੇ ਜਾ ਕੇ ਖੁਦ ਬਣਵਾਈ ਜਾਵੇ; ਨਹੀਂ ਤਾਂ ਭਾਰਤੀ ਕੌਂਸਲੇਟ ਜਾ ਕੇ ਮੋਹਰ ਲਵਾ ਸਕਦੇ ਹੋ। ਵਸੀਅਤ ਕੋਰਟ ਵਿਚ ਜਮਾਂ ਹੋਣ ਪਿਛੋਂ ਪਬਲਿਕ ਡਾਕੂਮੈਂਟ ਬਣ ਜਾਂਦੀ ਹੈ, ਗੁਪਤ ਨਹੀਂ ਰਹਿੰਦੀ। ਸੋ ਸ਼ਬਦਾਵਲੀ ਸੋਚ-ਸਮਝ ਕੇ ਲਿਖਣੀ ਚਾਹੀਦੀ ਹੈ। ਜਿਵੇਂ ਜੇ ਹੀਰਿਆਂ ਦਾ ਜ਼ਿਕਰ ਕਰ ਦਿਓ ਤਾਂ ਗਲਤ ਨਜ਼ਰਾਂ ‘ਚ ਆ ਸਕਦੀ ਹੈ। ਵਸੀਅਤ ਵਿਚ ਕਿਸੇ ਨੂੰ ਜਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਵੰਡ ਇਸ ਤਰ੍ਹਾਂ ਕਰਨੀ ਹੈ। ਇਉਂ ਕਰਕੇ ਦੁਰਵਰਤੋਂ ‘ਤੇ ਕਾਬੂ ਰੱਖ ਸਕਦੇ ਹੋ ਅਤੇ ਪਰਿਵਾਰਕ ਝਗੜੇ ਘਟ ਸਕਦੇ ਹਨ। ਇਲੀਨਾਏ ਵਿਚ ਦੋ ਗਵਾਹ ਚਾਹੀਦੇ ਹਨ, ਜੋ ਪਰਿਵਾਰਕ ਮੈਂਬਰ ਨਾ ਹੋਣ। ਜੋ ਲੋੜ ਪਵੇ ਤਾਂ ਕੋਰਟ ਜਾ ਕੇ ਗਵਾਹੀ ਦੇ ਸਕਦੇ ਹੋਣ।
ਵਸੀਅਤ/ਟਰੱਸਟ ਲਈ ਜ਼ਰੂਰੀ ਹੈ ਕਿ ਬਣਾਉਣ ਵਾਲੇ ਦੀ ਦਿਮਾਗੀ ਹਾਲਤ ਸਹੀ ਹੋਵੇ, ਉਹ ਕਿਸੇ ਦਬਾਅ ਹੇਠ ਨਾ ਹੋਵੇ। ਇਸ ਤਹਿਤ ਤੁਸੀਂ ਕਿਸੇ ਨੂੰ ਬੇਦਖਲ ਵੀ ਕਰ ਸਕਦੇ ਹੋ। ਅੱਛਾ ਹੁੰਦਾ ਹੈ, ਜੇ ਨਾਲ ਵਜ੍ਹਾ ਵੀ ਲਿਖੀ ਜਾਵੇ। ਇਹ ਵੀ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਵਸੀਅਤ ਮਿਲਣੀ ਹੈ, ਜੇ ਕਿਤੇ ਉਹ ਸਰਕਾਰੀ ਇਮਦਾਦ ‘ਤੇ ਹਨ, ਜਿਵੇਂ ਵੈਲਫੇਅਰ ਆਦਿ, ਤਾਂ ਉਨ੍ਹਾਂ ਦੀ ਇਹ ਆਮਦਨ ਦਾ ਹਿੱਸਾ ਨਾ ਬਣੇ। ਵਸੀਅਤ ਵਿਚ ਤੁਸੀਂ ਇਹ ਹਦਾਇਤ ਲਿਖ ਸਕਦੇ ਹੋ।
ਵਸੀਅਤ ਦਾ ਖਰਚਾ ਸ਼ੁਰੂ ਵਿਚ ਘੱਟ ਹੁੰਦਾ ਹੈ, ਪਰ ਮੌਤ ਤੋਂ ਬਾਅਦ ਕੋਰਟ ਦੇ ਖਰਚੇ ਦੇਣੇ ਪੈਂਦੇ ਹਨ। ਵਕੀਲ ਕਰਨਾ ਪੈਂਦਾ ਹੈ। ਚੰਗਾ ਹੁੰਦਾ ਹੈ ਜੇ ਮਕਾਨ, ਕਾਰ, ਬੈਂਕ ਖਾਤੇ ਸਾਂਝੇ ਨਾਂਵਾਂ ‘ਤੇ ਖੋਲ੍ਹੇ ਜਾਣ ਅਤੇ ਨਾਲ ਲਿਖਿਆ ਜਾਵੇ ਕਿ ਮੌਤ ਤੋਂ ਬਾਅਦ ਸਾਰੀ ਮਲਕੀਅਤ ਪਿਛੇ ਬਚੇ ਸਾਥੀ ਦੀ ਹੈ। ਵਸੀਅਤ ਵਿਚ ਤੁਸੀਂ ਕਿਸੇ ਦੋਸਤ, ਰਿਸ਼ਤੇਦਾਰ, ਸੰਸਥਾ ਦਾ ਨਾਂ ਵੀ ਲਿਖ ਸਕਦੇ ਹੋ ਕਿ ਮੌਤ ਉਪਰੰਤ ਇਨ੍ਹਾਂ ਨੂੰ ਇਹ ਕੁਝ ਦਿੱਤਾ ਜਾਵੇ। ਵਸੀਅਤ 5-7 ਸੌ ਡਾਲਰ ਵਿਚ ਬਣ ਜਾਂਦੀ ਹੈ। ਟਰੱਸਟ ਘੱਟੋ-ਘੱਟ ਦੋ-ਢਾਈ ਹਜ਼ਾਰ ਡਾਲਰ ਵਿਚ ਬਣਦਾ ਹੈ। ਮਾਲਕ-ਤੀਵੀਂ ਦੋਹਾਂ ਦੀ ਅਲੱਗ-ਅਲੱਗ ਬਣਦੀ ਹੈ। ਅੱਜ ਕੱਲ੍ਹ ਇਕ ਹੋਰ ਖਾਤਾ 401 ਦਾ ਹੈ, ਉਸ ਵਿਚ ਵੀ ਸਾਵਧਾਨੀ ਨਾਲ ਹਿੱਸੇਦਾਰਾਂ ਦੇ ਨਾਂ ਲਿਖ ਦੇਣੇ ਚਾਹੀਦੇ ਹਨ। ਟਰੱਸਟ ਦੇ ਮਾਲਕ ਜਿਉਂਦੇ ਜੀਅ ਤੁਸੀਂ ਹੋ, ਭਾਵੇਂ ਇਹ ਕੋਰਟ ਵਿਚ ਦਾਖਲ ਕੀਤਾ ਜਾਂਦਾ ਹੈ, ਪਰ ਤਬਦੀਲ ਕਰ ਸਕਦੇ ਹੋ। ਹੱਥ ਲਿਖਤ ਵੀ ਕੰਮ ਕਰ ਸਕਦੀ ਹੈ। ਟਰੱਸਟ ਮੁਤਾਬਕ ਖਾਤਾ ਬੰਦ ਕਰਨ ਦੀ ਮੁਨਿਆਦ ਦੋ ਸਾਲ ਹੈ, ਜੋ ਕਿਸੇ ਦਾ ਕੋਈ ਬਕਾਇਆ ਟਰੱਸਟ ਵਾਲੇ ਨੇ ਦੇਣਾ, ਉਹ ਵੀ ਬਰਾਬਰ ਹਿਸਿਆਂ ਵਿਚੋਂ ਦੇਣਾ ਪਵੇਗਾ, ਜਿਵੇਂ ਮੈਡੀਕਲ ਬਿਲ ਆਦਿ। ਟਰੱਸਟ ਵਿਚ ਇਹ ਹਦਾਇਤ ਵੀ ਕਰ ਸਕਦੇ ਹੋ ਕਿ ਸਾਰਾ ਹਿੱਸਾ ਇਕਦਮ ਦੀ ਥਾਂ ਇੰਨੇ ਇੰਨੇ ਸਾਲ ਬਾਅਦ ਇਨ੍ਹਾਂ ਇਨ੍ਹਾਂ ਨੂੰ ਦਿੱਤਾ ਜਾਵੇ; ਜਿਵੇਂ ਬੱਚਿਆਂ ਦੀ ਉਮਰ 18 ਸਾਲ ‘ਤੇ ਇੰਨਾ, 30 ਸਾਲ ‘ਤੇ ਇੰਨਾ ਤਾਂ ਕਿ ਉਹ ਸਾਰੀ ਪੂੰਜੀ ਇਕਦਮ ਬਰਬਾਦ ਨਾ ਕਰਨ। ਪੋਤੇ ਪੋਤੀਆਂ, ਦੋਹਤੇ-ਦੋਹਤੀਆਂ ਦੇ ਨਾਂ ਵੀ ਪਾਏ ਜਾ ਸਕਦੇ ਹਨ, ਜਿਸ ਨੂੰ ਸਪਰਿੰਗਿੰਗ ਟਰੱਸਟ ਕਿਹਾ ਜਾਂਦਾ ਹੈ ਕਿ ਜੇ ਉਹ ਕਾਲਜ ਪੜ੍ਹਦੇ ਹਨ ਤਾਂ ਇਨ੍ਹਾਂ ਨੂੰ ਪੈਸਾ ਇੱਦਾਂ ਦਿੱਤਾ ਜਾਵੇ।
ਇਕ ਪਰਚਾ ਟਰਾਂਸਫਰ ਆਨ ਡੈਥ ਅਖਵਾਉਂਦਾ ਹੈ, ਜਿਸ ਦਾ ਮਤਲਬ ਹੈ, ਮਰਨ ਉਪਰੰਤ ਇਹ ਵਸਤਾਂ ਇੱਦਾਂ ਦੇ ਦਿੱਤੀਆਂ ਜਾਣ ਜਿਵੇਂ ਘਰ ਆਦਿ। ਦੂਜਾ ਅੱਜ ਕੱਲ੍ਹ ਲੋੜੀਂਦਾ ਕਾਰਜ ਹੈਲਥਕੇਅਰ ਪਾਵਰ ਆਫ ਅਟਾਰਨੀ ਹੈ, ਜਿਸ ਵਿਚ ਤੁਸੀਂ ਕਿਸੇ ਨੂੰ ਨਾਮਜ਼ਦ ਕਰਦੇ ਹੋ, ਹਦਾਇਤਾਂ ਲਿਖ ਦਿੰਦੇ ਹੋ ਕਿ ਜੇ ਮੈਨੂੰ ਹੋਸ਼ੋ-ਹਵਾਸ ਨਾ ਰਹਿਣ ਜਾਂ ਮੈਂ ਫੈਸਲਾ ਕਰਨ ਦੇ ਅਸਮਰਥ ਹੋਵਾਂ ਤਾਂ ਇਹ ਸ਼ਖਸ ਮੇਰੇ ਲਈ ਫੈਸਲਾ ਕਰੇਗਾ। ਕਈ ਵਾਰ ਹਾਲਾਤ ਠੀਕ ਨਾ ਹੋਣ ਕਰਕੇ ਇਕ ਤੋਂ ਵੱਧ ਨਾਂ ਵੀ ਲਿਖ ਸਕਦੇ ਹੋ। ਤੁਹਾਡੇ ਆਖਰੀ ਦਿਨ ਕਿਥੇ ਅਤੇ ਕਿਵੇਂ ਗੁਜ਼ਰਨ, ਇਹ ਵੀ ਲਿਖਵਾ ਸਕਦੇ ਹੋ। ਅਜਕਲ ਫਿਊਨਰਲ ਹੋਮ ਵੀ ਇਹ ਪੇਪਰ ਮੰਗਦੇ ਹਨ, ਨਹੀਂ ਤਾਂ ਉਨ੍ਹਾਂ ਨੂੰ ਕੋਰਟ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਐਚ. ਆਈ. ਪੀ. ਏ. ਇਕ ਹੋਰ ਜ਼ਰੂਰੀ ਕਾਨੂੰਨ ਹੈ, ਜੋ ਦਸਤਖਤਾਂ ਬਿਨਾ ਇਲਾਜ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ। ਇਸ ਤਹਿਤ ਤੁਸੀਂ ਹਦਾਇਤਾਂ ਲਿਖ ਸਕਦੇ ਹੋ ਕਿ ਤੁਹਾਡਾ ਆਖਰੀ ਵਕਤ ਕਿਵੇਂ ਪੂਰਾ ਹੋਵੇ।
ਸਮਾਗਮ ਦੇ ਅਖੀਰ ਵਿਚ ਸੁਰਿੰਦਰਪਾਲ ਸਿੰਘ ਕਾਲੜਾ ਨੇ ਬੀਬੀ ਨਵਰੀਤ ਕੌਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋੜ ਪੈਣ ‘ਤੇ ਉਨ੍ਹਾਂ ਨੂੰ ਫਿਰ ਬੁਲਾਵਾਂਗੇ। ਨਵਰੀਤ ਦੀ ਇਸ ਵਿਸ਼ੇ ‘ਤੇ ਇਹ ਦੂਜੀ ਵਾਰੀ ਸੀ।