ਸਿਆਸੀ ਚੌਧਰਪੁਣੇ ‘ਚੋਂ ਉਭਰਦਾ ‘ਨਵਾਂ ਲੋਕਤੰਤਰ’

-ਜਤਿੰਦਰ ਪਨੂੰ
ਇਹ ਗੱਲ ਅਸੀਂ ਸੁਣੀ ਹੋਈ ਹੈ ਕਿ 1422 ਵਿਚ ਜਦੋਂ ਫਰਾਂਸ ਵਿਚ ਬਾਦਸ਼ਾਹ ਚਾਰਲਸ-5ਵਾਂ ਮਰਿਆ ਤਾਂ ਇਸ ਦਾ ਐਲਾਨ ਕਰਨ ਵਾਲੇ ਬੰਦੇ ਨੇ ਦੋ ਗੱਲਾਂ ਏਦਾਂ ਕਹੀਆਂ ਸਨ, ‘ਰਾਜਾ ਮਰ ਗਿਆ, ਰਾਜਾ ਜ਼ਿੰਦਾਬਾਦ।’ ਇਹ ਗੱਲ ਕਹਿਣ ਦਾ ਭਾਵ ਸੀ ਕਿ ਕੱਲ੍ਹ ਤੱਕ ਜੋ ਰਾਜਾ ਰਾਜ ਕਰਦਾ ਸੀ, ਉਹ ਤਾਂ ਮਰ ਗਿਆ, ਪਰ ਨਵਾਂ ਰਾਜਾ ਬਣ ਗਿਆ ਹੈ, ਉਸ ਦੀ ਜ਼ਿੰਦਾਬਾਦ ਕਰਨ ਨੂੰ ਤਿਆਰ ਹੋ ਜਾਓ। ਪਿਛੋਂ ਇਹ ਨਾਅਰਾ ਕਈ ਰਾਜਿਆਂ ਦੇ ਵੇਲੇ ਲੱਗਦਾ ਰਿਹਾ ਤੇ ਫਿਰ ਦੂਜੀ ਸੰਸਾਰ ਜੰਗ ਦਾ ਅੰਤਲਾ ਪੜਾਅ ਆ ਗਿਆ।

ਪਹਿਲੀ ਸੰਸਾਰ ਜੰਗ ਪਿੱਛੋਂ ਲੀਗ ਆਫ ਨੇਸ਼ਨਜ਼ ਨਾਂ ਦੀ ਜਥੇਬੰਦੀ ਬਣਾਈ ਗਈ ਸੀ, ਜੋ ਕਿਸੇ ਹੋਰ ਵੱਡੀ ਜੰਗ ਨੂੰ ਲੱਗਣ ਤੋਂ ਰੋਕਣ ਦਾ ਫਰਜ਼ ਨਿਭਾਉਣ ਵਿਚ ਅਸਫਲ ਰਹੀ ਸੀ ਤੇ ਜਦੋਂ ਦੂਜੀ ਸੰਸਾਰ ਜੰਗ ਮੁੱਕੀ ਤਾਂ ਲੀਗ ਆਫ ਨੇਸ਼ਨਜ਼ ਤੋੜ ਕੇ ਇਸ ਦੀ ਥਾਂ ਯੁਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ. ਐਨ. ਓ.) ਕਾਇਮ ਕੀਤੀ ਗਈ ਸੀ। ਇਸ ਪਿਛੋਂ ਲੀਗ ਆਫ ਨੇਸ਼ਨਜ਼ ਬਣਾਉਣ ਵਾਲਿਆਂ ਵਿਚੋਂ ਇੱਕ ਵਿਦਵਾਨ ਰਾਬਰਟ ਸੇਸਿਲ ਨੂੰ ਜਦੋਂ ਇਸ ਤਬਦੀਲੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਹੋ ਗੱਲ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਕਹੀ ਸੀ: ‘ਲੀਗ ਆਫ ਨੇਸ਼ਨਜ਼ ਇਜ਼ ਡੈਡ, ਲੌਂਗ ਲਿਵ ਯੁਨਾਈਟਿਡ ਨੇਸ਼ਨਜ਼’, ਜਿਸ ਦਾ ਮਤਲਬ ਇਹ ਸੀ ਕਿ ਲੀਗ ਆਫ ਨੇਸ਼ਨਜ਼ ਤਾਂ ਮਰ ਗਈ, ਅੱਗੋਂ ਲਈ ਯੁਨਾਈਟਿਡ ਨੇਸ਼ਨਜ਼ ਜ਼ਿੰਦਾਬਾਦ। ਇਹੋ ਜਿਹੀ ਗੱਲ ਅੱਜ ਭਾਰਤੀ ਲੋਕਤੰਤਰ ਬਾਰੇ ਵੀ ਕਹਿਣ ਨੂੰ ਕਿਸੇ ਦਾ ਜੀਅ ਕਰ ਸਕਦਾ ਹੈ ਤੇ ਇਸ ਵਿਚ ਕਿਸੇ ਹੈਰਾਨੀ ਨਹੀਂ ਹੋਣੀ ਚਾਹੀਦੀ।
ਅਸੀਂ ਪਿਛਲੇ ਮਹੀਨੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਂਦੀਆਂ ਤੇ ਨਤੀਜੇ ਨਿਕਲਦੇ ਵੇਖੇ ਤਾਂ ਉਸ ਪਿਛੋਂ ਸਰਕਾਰ ਬਣਾਉਣ ਲਈ ਚੋਣ-ਗੱਠਜੋੜ ਦੀਆਂ ਦੋ ਧਿਰਾਂ ਭਾਜਪਾ ਤੇ ਸ਼ਿਵ ਸੈਨਾ ਵਾਲਿਆਂ ਨੂੰ ਲੜਦੇ ਵੀ ਵੇਖਿਆ। ਦੋਹਾਂ ਵਿਚਾਲੇ ਲੜਾਈ ਰਾਜਨੀਤਕ ਮੁੱਦਿਆਂ ਜਾਂ ਸਿਧਾਂਤਕ ਸਵਾਲਾਂ ਬਾਰੇ ਨਹੀਂ, ਸਗੋਂ ਇਸ ਗੱਲ ਬਾਰੇ ਸੀ ਕਿ ਮੁੱਖ ਮੰਤਰੀ ਕਿਸ ਦਾ ਹੋਵੇ ਅਤੇ ਅੰਤ ਵਿਚ ਗੱਲ ਟੁੱਟਣ ਨਾਲ ਵੱਖੋ-ਵੱਖ ਰਾਹੇ ਪੈ ਗਏ ਸਨ। ਜਦੋਂ ਇਨ੍ਹਾਂ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾ ਹੋ ਸਕੀ ਤਾਂ ਸ਼ਿਵ ਸੈਨਾ ਨੇ ਕਾਂਗਰਸ ਅਤੇ ਐਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨਾਲ ਗੱਠਜੋੜ ਕਰ ਕੇ ਸਾਂਝੀ ਸਰਕਾਰ ਬਣਾਉਣ ਦੀ ਕੋਸ਼ਿਸ਼ ਅਰੰਭ ਕੀਤੀ। ਕਈ ਦਿਨ ਇਸ ਬਾਰੇ ਗੱਲਬਾਤ ਹੁੰਦੀ ਰਹੀ ਤੇ ਸ਼ੁੱਕਰਵਾਰ ਸ਼ਾਮ ਜਦੋਂ ਸਾਰਾ ਕੁਝ ਤੈਅ ਹੋ ਗਿਆ ਕਿ ਸਰਕਾਰ ਦੀ ਅਗਵਾਈ ਸ਼ਿਵ ਸੈਨਾ ਦਾ ਪ੍ਰਧਾਨ ਊਧਵ ਠਾਕਰੇ ਕਰੇਗਾ ਅਤੇ ਉਸ ਨਾਲ ਸਹਿਯੋਗੀ ਧਿਰਾਂ ਵਜੋਂ ਕਾਂਗਰਸ ਤੇ ਸ਼ਿਵ ਸੈਨਾ ਵਾਲੇ ਮੰਤਰੀ ਜੋੜੇ ਜਾਣਗੇ ਤਾਂ ਰਾਤੋ-ਰਾਤ ਸਾਰੀ ਬਾਜ਼ੀ ਪਲਟ ਕੇ ਭਾਜਪਾ ਨੇ ਆਪਣੀ ਸਰਕਾਰ ਮੁੜ ਬਣਾ ਲਈ।
ਬਹੁਤ ਸਾਰੇ ਲੋਕ ਇਸ ਨਾਲ ਹੈਰਾਨ ਹੋ ਗਏ ਕਿ ਏਦਾਂ ਰਾਜ-ਪਲਟੇ ਵਰਗੀ ਚਾਲਾਕੀ ਭਾਜਪਾ ਵਾਲਿਆਂ ਨੇ ਕਿਵੇਂ ਕੀਤੀ, ਪਰ ਅਸੀਂ ਇਸ ਨਾਲ ਹੈਰਾਨ ਨਹੀਂ ਹੋਏ। ਇੱਕ ਦਿਨ ਪਹਿਲਾਂ ਜਦੋਂ ਸਾਰੇ ਮੀਡੀਏ ਨੇ ਇਹ ਖਬਰ ਦਿੱਤੀ ਕਿ ਸਾਂਝੇ ਮੋਰਚੇ ਦੀ ਸਰਕਾਰ ਬਣ ਜਾਣੀ ਹੈ, ਅਸੀਂ ਇਕੱਲੇ ਇਹ ਕਹਿਣ ਵਾਲੇ ਸਾਂ ਕਿ ਇਸ ਖੇਡ ਨੂੰ ਪਲਟ ਕੇ ਭਾਜਪਾ ਆਪਣੀ ਸਰਕਾਰ ਬਣਾ ਸਕਦੀ ਹੈ ਤੇ ਤਰੀਕਾ ਇਹੋ ਹੋਵੇਗਾ ਕਿ ਮੋਰਚੇ ਦੀਆਂ ਧਿਰਾਂ-ਸ਼ਿਵ ਸੈਨਾ, ਕਾਂਗਰਸ ਅਤੇ ਐਨ. ਸੀ. ਪੀ. ਦੇ ਵਿਧਾਇਕ ਟੁੱਟ ਕੇ ਭਾਜਪਾ ਨਾਲ ਜਾ ਜੁੜਨਗੇ। ਹੋਇਆ ਵੀ ਇਹੋ ਹੈ। ਸ਼ਰਦ ਪਵਾਰ ਦਾ ਸਕਾ ਭਤੀਜਾ ਅਤੇ ਮਹਾਰਾਸ਼ਟਰ ਵਿਚ ਕਾਂਗਰਸ ਨਾਲ ਸਾਂਝੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਰਹਿ ਚੁਕਾ ਅਜੀਤ ਪਵਾਰ ਰਾਤੋ-ਰਾਤ ਆਪਣੇ ਨਾਲ 22 ਵਿਧਾਇਕ ਲੈ ਕੇ ਭਾਜਪਾ ਨਾਲ ਜਾ ਜੁੜਿਆ ਅਤੇ ਸਨਿਚਰਵਾਰ ਸਵੇਰ ਹੋਣ ਤੱਕ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਡਿਪਟੀ ਮੁੱਖ ਮੰਤਰੀ ਜਾ ਬਣਿਆ ਹੈ।
ਸਾਡੇ ਕਿਆਫੇ ਦੇ ਪਿੱਛੇ ਕੁਝ ਕਾਰਨ ਸਨ। ਪਹਿਲਾ ਤਾਂ ਮਹਾਰਾਸ਼ਟਰ ਦੀਆਂ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਪਰਿਆ ਘਟਨਾਕ੍ਰਮ ਸੀ। 23 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ, 19 ਨੂੰ ਚੋਣ ਪ੍ਰਚਾਰ ਬੰਦ ਕਰਨਾ ਸੀ, ਪਰ ਉਸ ਤੋਂ ਦੋ ਦਿਨ ਪਹਿਲਾਂ ਐਨ. ਸੀ. ਪੀ. ਵਿਚ ਸ਼ਰਦ ਪਵਾਰ ਤੋਂ ਦੂਜੇ ਨੰਬਰ ਦਾ ਆਗੂ ਗਿਣਿਆ ਜਾਂਦਾ ਪ੍ਰਫੁੱਲ ਪਟੇਲ ਅਚਾਨਕ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੇ ਸੱਦ ਕੇ ਪੁੱਛਗਿੱਛ ਅਰੰਭ ਦਿੱਤੀ ਸੀ। ਇਸ ਦਾ ਅਰਥ ਇਹ ਸੀ ਕਿ ਉਸ ਨੂੰ ਸਭ ਤੋਂ ਵੱਧ ਅਹਿਮ ਆਖਰੀ ਦੋ ਦਿਨ ਚੋਣ ਪ੍ਰਚਾਰ ਨਹੀਂ ਕਰਨ ਦੇਣਾ।
ਭਾਜਪਾ ਦੀ ਚਾਲ ਇਸ ਤੋਂ ਦਿੱਸ ਪਈ ਸੀ ਕਿ ਉਹ ਕਰਨਾਟਕਾ ਵਾਂਗ ਖਿਲਾਰਾ ਪੈਣ ਤੋਂ ਪਹਿਲਾਂ ਹਰ ਹਾਲਤ ਮਹਾਰਾਸ਼ਟਰ ਵਿਚ ਸਰਕਾਰ ਦੀ ਕਮਾਨ ਸਾਂਭਣ ਲਈ ਹਰ ਹੱਦ ਤੱਕ ਜਾ ਸਕਦੀ ਹੈ। ਉਹ ਹੱਦ ਇਥੋਂ ਤੱਕ ਵੀ ਜਾ ਸਕਦੀ ਸੀ, ਜਿੱਥੋਂ ਤੱਕ ਪਹੁੰਚ ਗਈ ਹੈ। ਦੂਜਾ ਮਾਮਲਾ ਸ਼ਰਦ ਪਵਾਰ ਦੇ ਆਪਣੇ ਭਤੀਜੇ ਅਜੀਤ ਪਵਾਰ ਦਾ ਸੀ। ਉਹ ਪਹਿਲਾਂ ਕਾਂਗਰਸੀ ਮੁੱਖ ਮੰਤਰੀ ਦੇ ਨਾਲ ਡਿਪਟੀ ਮੁੱਖ ਮੰਤਰੀ ਰਹਿ ਚੁਕਾ ਸੀ ਤੇ ਉਦੋਂ ਕੀਤੇ ਇੱਕ ਵੱਡੇ ਸਿੰਜਾਈ ਘੋਟਾਲੇ ਦਾ ਦਾਗੀ ਸੀ। ਬਹੁਤੇ ਲੋਕ ਨਹੀਂ ਸੀ ਜਾਣਦੇ ਕਿ ਉਸੇ ਰਾਜ ਵਿਚ ਇੱਕ ਕੋਆਪਰੇਟਿਵ ਬੈਂਕ ਦਾ ਘੋਟਾਲਾ ਵੀ ਹੋਇਆ ਸੀ ਅਤੇ 25 ਹਜ਼ਾਰ ਕਰੋੜ ਦੇ ਉਸ ਘੋਟਾਲੇ ਵਿਚ ਅਜੀਤ ਪਵਾਰ ਦੇ ਨਾਲ ਸ਼ਰਦ ਪਵਾਰ ਦਾ ਨਾਂ ਵੀ ਆਉਂਦਾ ਸੀ।
ਚੱਲਦੀ ਚੋਣ ਮੁਹਿੰਮ ਦੌਰਾਨ ਇੱਕ ਦਿਨ ਅਚਾਨਕ ਇਨਫੋਰਸਮੈਂਟ ਵਾਲਿਆਂ ਨੇ ਜਾਂਚ ਕਰਨ ਦੇ ਨਾਂ ‘ਤੇ ਅਜੀਤ ਪਵਾਰ ਨੂੰ ਘੇਰ ਲਿਆ ਤੇ ਘੇਰਿਆ ਇਸ ਤਰ੍ਹਾਂ ਕਿ ਉਹ ਪ੍ਰੈਸ ਵਾਲਿਆਂ ਸਾਹਮਣੇ ਰੋਂਦਾ ਹੋਇਆ ਇਹ ਕਹਿਣ ਲੱਗ ਪਿਆ ਸੀ ਕਿ ਮੈਨੂੰ ਸਿਆਸਤ ਦੇ ਕਾਰਨ ਤੰਗ ਕੀਤਾ ਜਾ ਰਿਹਾ ਹੈ, ਮੈਂ ਸਿਆਸਤ ਤੋਂ ਸੰਨਿਆਸ ਹੀ ਲੈ ਲੈਣਾ ਹੈ। ਫਿਰ ਉਹ ਚੋਣਾਂ ਲਈ ਕਿਸੇ ਪਾਸੇ ਪ੍ਰਚਾਰ ਵੀ ਕਰਨ ਨਹੀਂ ਸੀ ਜਾਂਦਾ, ਪਰ ਚੋਣਾਂ ਪਿੱਛੋਂ ਜਦੋਂ ਕਾਂਗਰਸ ਅਤੇ ਐਨ. ਸੀ. ਪੀ. ਵੱਲੋਂ ਸ਼ਿਵ ਸੈਨਾ ਨਾਲ ਸਾਂਝੀ ਸਰਕਾਰ ਦੀ ਗੱਲ ਚੱਲੀ ਤਾਂ ਹਰ ਬੈਠਕ ਵਿਚ ਵੇਖਿਆ ਜਾਣ ਲੱਗਾ ਸੀ। ਇਹੋ ਨਹੀਂ, ਉਹ ਹਰ ਬੈਠਕ ਦੇ ਬਾਅਦ ਇਸ ਤਰ੍ਹਾਂ ਦੇ ਹਾਸੇ-ਠੱਠੇ ਦੇ ਰੌਂਅ ਵਿਚ ਬੋਲਦਾ ਹੁੰਦਾ ਸੀ ਕਿ ਉਸ ਵਿਚੋਂ ਕਿਸੇ ਗੁੱਝੀ ਚਾਲ ਦੀ ਬੋਅ ਆਉਂਦੀ ਸੀ। ਉਸ ਬੋਅ ਵਿਚਲੀ ਰਮਜ਼ ਭਾਜਪਾ ਲੀਡਰਾਂ ਦੇ ਇਸ ਦਾਅਵੇ ਤੋਂ ਸਮਝ ਆਉਂਦੀ ਸੀ ਕਿ ਜਿਸ ਨੇ ਬੈਠਕਾਂ ਕਰਨੀਆਂ ਹਨ, ਕਰਦੇ ਰਹਿਣ, ਸਰਕਾਰ ਅਸੀਂ ਹੀ ਬਣਾਉਣੀ ਹੈ। ਅਸਲ ਵਿਚ ਉਹ ਪਹਿਲਾਂ ਹੀ ਸ਼ਰਦ ਪਵਾਰ ਦੇ ਇਸ ਭ੍ਰਿਸ਼ਟਾਚਾਰੀ ਭਤੀਜੇ ਨੂੰ ਆਪਣੇ ਹੱਥਾਂ ਵਿਚ ਲੈ ਚੁਕੇ ਸਨ।
ਆਪਾਂ ਫਿਰ ਇੱਕ ਵਾਰ ਉਸੇ ਨਾਅਰੇ ‘ਰਾਜਾ ਮਰ ਗਿਆ, ਰਾਜਾ ਜ਼ਿੰਦਾਬਾਦ’ ਵੱਲ ਆਈਏ। ਇੱਕ ਵਾਰੀ ਭਾਜਪਾ ਨੇ ਉਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾਈ ਸੀ ਤੇ ਜਦੋਂ ਨਿਭ ਨਾ ਸਕੀ ਤਾਂ ਮਾਇਆਵਤੀ ਸਰਕਾਰ ਦਾ ਤਖਤ ਪਲਟ ਕੇ ਆਪਣੀ ਸਰਕਾਰ ਬਣਾਈ ਸੀ। ਉਦੋਂ ਭਾਜਪਾ ਕੋਲ ਬਹੁ-ਸੰਮਤੀ ਜੋਗੇ ਵਿਧਾਇਕ ਨਹੀਂ ਸਨ। ਭਾਜਪਾ ਨੇ ਉਦੋਂ ਦੂਜੀਆਂ ਪਾਰਟੀਆਂ ਵਿਚ ਕੁੰਡੀ ਪਾ ਕੇ ਉਨ੍ਹਾਂ ਦੇ ਬੰਦੇ ਆਪਣੇ ਵੱਲ ਖਿੱਚੇ ਤੇ ਫਿਰ ਬਸਪਾ ਤੋਂ ਖਿੱਚੇ ਵਿਧਾਇਕਾਂ ਦੀ ਇੱਕ ‘ਲੋਕਤੰਤਰੀ ਬਸਪਾ’ ਅਤੇ ਕਾਂਗਰਸ ਵਿਚੋਂ ਕੁੰਡੀ ਨਾਲ ਖਿੱਚੇ ਵਿਧਾਇਕਾਂ ਦੀ ‘ਲੋਕਤੰਤਰੀ ਕਾਂਗਰਸ’ ਅਤੇ ਕੁਝ ਹੋਰ ਏਦਾਂ ਦੇ ਡੰਗ-ਟਪਾਊ ‘ਲੋਕਤੰਤਰੀ’ ਧੜੇ ਬਣਾ ਕੇ ਵਕਤ ਸਾਰ ਲਿਆ ਸੀ।
ਮਦਾਰੀ ਵਾਲੇ ਏਦਾਂ ਦੇ ਕਰਤੱਵ ਵਿਖਾਉਣ ਵਿਚ ਭਾਜਪਾ ਆਗੂ ਬਹੁਤ ਮਾਹਰ ਹਨ। ਉਹ ਇੱਕ ਪਾਸੇ ਕਿਸੇ ਰਾਜ ਦੇ ਲੋਕਤੰਤਰ ਦਾ ਬਸਤਾ ਸਮੇਟਦੇ ਤੇ ਦੂਜੇ ਪਾਸੇ ਉਸੇ ਰਾਜ ਵਿਚ ਇੱਕ ਨਵੀਂ ‘ਲੋਕਤੰਤਰੀ’ ਧਿਰ ਖੜੀ ਕਰਨ ਪਿੱਛੋਂ ਨਾਅਰਾ ਲਾ ਦਿੰਦੇ ਹਨ ਕਿ ਲੋਕਤੰਤਰ ਜ਼ਿੰਦਾ ਹੈ। ਇਸ ਵਾਰੀ ਇਹੋ ਖੇਡ ਮਹਾਂਰਾਸ਼ਟਰ ਵਿਚ ਖੇਡੀ ਜਾ ਰਹੀ ਹੈ। ਜਿਵੇਂ ਰਾਜਾ ਮਰ ਗਿਆ ਅਤੇ ਰਾਜਾ ਜ਼ਿੰਦਾਬਾਦ ਦਾ ਮਤਲਬ ਹੈ ਕਿ ਰਾਜਾ ਹੀ ਮਰਿਆ ਹੈ, ਨਵੀਂ ਸ਼ਕਲ-ਸੂਰਤ ਵਾਲਾ ਰਾਜਾ ਮਿਲ ਗਿਆ ਹੈ ਅਤੇ ਜਿਵੇਂ ਕਦੀ ਲੀਗ ਆਫ ਨੇਸ਼ਨਜ਼ ਮਰ ਗਈ ਅਤੇ ਲੀਗ ਦੇ ਨਵੇਂ ਰੂਪ ਵਿਚ ਯੂ. ਐਨ. ਓ. ਪੈਦਾ ਹੋਈ ਸੀ, ਏਦਾਂ ਹੀ ਭਾਰਤੀ ਲੋਕਾਂ ਨੂੰ ਵੀ ਲੋਕਤੰਤਰ ਮਰ ਗਿਆ ਮੰਨਣ ਦੀ ਥਾਂ ਨਵੀਂ ਕਿਸਮ ਦਾ ਲੋਕਤੰਤਰ ਉਭਰਦਾ ਮਹਿਸੂਸ ਕਰਨਾ ਚਾਹੀਦਾ ਹੈ। ਕਦੇ ਇਹ ਮਹਿਸੂਸ ਹੋ ਸਕਦਾ ਹੈ ਅਤੇ ਕੁਝ ਲੋਕਾਂ ਦੇ ਮਨ ਨੂੰ ਦੁਖੀ ਕਰ ਸਕਦਾ ਹੈ ਕਿ ਭਾਰਤ ਵਿਚ ਆਹ ਕੁਝ ਵੀ ਹੋਣਾ ਸੀ, ਪਰ ਸੱਚਾਈ ਤਾਂ ਸੱਚਾਈ ਹੈ ਤੇ ਸੱਚਾਈ ਇਹੋ ਹੈ ਕਿ ‘ਨਵਾਂ ਲੋਕਤੰਤਰ’ ਵਾਰੀ-ਵਾਰੀ ਹਰ ਰਾਜ ਵਿਚ ਪੈਦਾ ਹੋਈ ਜਾ ਰਿਹਾ ਹੈ।