ਗੁਰੂ ਨਾਨਕ ਦੇ ਬੁਨਿਆਦੀ ਸਿਧਾਂਤ ਅਤੇ ਸੰਸਥਾਵਾਂ

ਪ੍ਰੋ. ਬਲਕਾਰ ਸਿੰਘ ਪਟਿਆਲਾ
ਫੋਨ: +91-93163-01328
ਸਿੱਖ-ਕੈਨਵਸ ‘ਤੇ ਜੋ ਕੁਝ ਕਿਸੇ ਨੂੰ ਜਿਸ ਤਰ੍ਹਾਂ ਵੀ ਨਜ਼ਰ ਆਉਂਦਾ ਹੈ, ਉਹ ਸਭ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਦੇ ਪ੍ਰਗਟਾਵਿਆਂ ਦਾ ਹੀ ਰੰਗ ਹੈ। ‘ਸੀ’ ਤੋਂ ‘ਹੈ’ ਤੱਕ ਦੀ ਯਾਤਰਾ ਵਿਚ ‘ਨੂੰ’ ਅਤੇ ‘ਦੀ’ ਨਾਲ ਜੁੜੀਆਂ ਸਮੱਸਿਆਵਾਂ ਦੀਆਂ ਪੈੜਾਂ ਵੱਖ ਵੱਖ ਕਿਸਮ ਦੀ ਸਿਆਸਤ ਵੱਲ ਜਾਂਦੀਆਂ ਵੇਖੀਆਂ ਤੇ ਸਮਝੀਆਂ ਜਾ ਸਕਦੀਆਂ ਹਨ। ਇਨ੍ਹਾਂ ਦਾ ਪ੍ਰਭਾਵ ਜਿਸ ਤਰ੍ਹਾਂ ਸਿੱਖ ਧਰਮ ਦੇ ਸਿਧਾਂਤਾਂ ਅਤੇ ਸੰਸਥਾਵਾਂ ‘ਤੇ ਪਿਆ ਹੈ, ਉਸ ਨੂੰ ਅਕਾਦਮਿਕ ਸੁਰ ਵਿਚ ਸਮਝਣ ਦੇ ਯਤਨ ਬਹੁਤ ਘੱਟ ਹੋਏ ਹਨ। ਇਸੇ ਕਰਕੇ ਗੁਰੂ ਨਾਨਕ ਵਲੋਂ ਸਿਧਾਂਤ ਅਤੇ ਸੰਸਥਾਵਾਂ ਪ੍ਰਸੰਗਕ ਉਖਾੜ ਦਾ ਸ਼ਿਕਾਰ ਹੋਈਆਂ ਨਜ਼ਰ ਆ ਰਹੀਆਂ ਹਨ।

ਧਰਮ ਚਿੰਤਨ ਬਾਰੇ ਪੜ੍ਹਦਿਆਂ-ਲਿਖਦਿਆਂ ਮੇਰੀ ਸਮਝ ਇਹ ਬਣ ਗਈ ਹੈ ਕਿ ਜਿਸ ਧਰਮ ਦੀ ਅਕਾਦਮਿਕਤਾ ਕਮਜ਼ੋਰ ਹੋਣ ਦੇ ਰਾਹ ਪੈ ਜਾਵੇ, ਉਸ ਧਰਮ ਵਿਚ ਘੁਸਪੈਠ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ। ਕਿਸੇ ਕਿਸਮ ਦੀ ਘੁਸਪੈਠ ਅਤੇ ਅਪਹਰਣ ਨੂੰ ਸੁਜੱਗਤਾ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਲਈ ਗੁਰੂ-ਕਾਲ ਵਿਚ ਭਾਈ ਗੁਰਦਾਸ ਨੂੰ ਸਿੱਖ ਅਕਾਦਮਿਕਤਾ ਲਈ ਉਚੇਚ ਨਾਲ ਤਿਆਰ ਕੀਤਾ ਗਿਆ ਸੀ ਅਤੇ ਇਸੇ ਦੀ ਨਿਰੰਤਰਤਾ ਵਿਚ ਦਸਮ ਪਾਤਸ਼ਾਹ ਹਜ਼ੂਰ ਦੇ 52 ਕਵੀਆਂ ਨੂੰ ਗਿਣਿਆ ਜਾ ਸਕਦਾ ਹੈ। ਉਸ ਵੇਲੇ 52 ਕਵੀਆਂ ਵਿਚੋਂ ਜੋ ਕੋਈ ਪੰਜਾਬੀ ਲਿਪੀ ਨਹੀਂ ਸੀ ਜਾਣਦਾ, ਉਸ ਨਾਲ ਸਹਾਇਕ ਵਜੋਂ ਸਿੱਖ ਨੂੰ ਲਾਇਆ ਜਾਂਦਾ ਸੀ।
ਗੁਰੂ ਕਾਲ ਅਤੇ ਮਿਸਲ ਕਾਲ ਵਿਚਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਕਰੀਬ ਇਕ ਦਹਾਕੇ (1708-1716) ਦਾ ਸਮਾਂ ਲਹੂ ਵੀਟਵੇਂ ਸੰਘਰਸ਼ ਦਾ ਸਮਾਂ ਸੀ ਅਤੇ ਇਸ ਵਿਚ ਕੁਝ ਵੀ ਸੰਭਾਲ ਕੇ ਰੱਖ ਸਕਣ ਦੀਆਂ ਚੇਤੰਨ ਸੰਭਾਵਨਾਵਾਂ ਮਨਫੀ ਹੁੰਦੀਆਂ ਗਈਆਂ। ਉਸ ਹਾਲਤ ਵਿਚ ਵੀ ਖਾਲਸਾ-ਮਾਤਾ ਅਤੇ ਭਾਈ ਮਨੀ ਸਿੰਘ ਦੀ ਅਗਵਾਈ ਵਿਚ ਕਿਸੇ ਨਾ ਕਿਸੇ ਸੁਰ ਵਿਚ ਸਿੱਖ ਅਕਾਦਮਿਕਤਾ ਰੁਮਕਦੀ ਰਹੀ ਅਤੇ ਸੰਭਾਲਣਯੋਗ ਨੂੰ ਸੰਭਾਲਦੀ ਰਹੀ। ਮਿਸਲ ਕਾਲ (1718-1799) ਵਿਚ ਇਸ ਪਾਸੇ ਧਿਆਨ ਦੇਣ ਦੀ ਸੰਭਾਵਨਾ ਨਾਂਹ ਵਰਗੀ ਹੀ ਸੀ। ਫਿਰ ਵੀ ਨਾਨਕ ਪੰਥੀਆਂ (ਉਦਾਸੀ ਅਤੇ ਨਿਰਮਲੇ ਆਦਿ) ਵਲੋਂ ਕੁਝ ਨਾ ਕੁਝ ਸਿੱਖ ਅਕਾਦਮਿਕਤਾ ਦੀ ਸੁਰ ਵਿਚ ਹੁੰਦਾ ਰਿਹਾ ਅਤੇ ਇਹੀ ਉਸ ਸਮਕਾਲ ਦੀ ਪ੍ਰਾਪਤੀ ਹੋ ਗਿਆ। ਸਿੱਖ ਰਾਜ (1799-1849) ਵੇਲੇ ਵੀ ਸਿੱਖ ਅਕਾਦਮਿਕਤਾ ਵੱਲ ਧਿਆਨ ਬਹੁਤ ਘਟ ਦਿੱਤਾ ਗਿਆ ਸੀ। ਕਾਲੋਨੀਅਲ ਹਕੂਮਤ ਦੀ ਆਮਦ ਨਾਲ ਵੱਖ ਵੱਖ ਕਾਰਨਾਂ ਕਰਕੇ ਜੋ ਕੁਝ ਵੀ ਲਿਖਿਆ ਗਿਆ ਪ੍ਰਾਪਤ ਹੈ, ਉਸ ਵਿਚੋਂ ਪੰਥਕਤਾ ਗੁੰਮ ਕਰਨ ਦੀ ਸਿਆਸਤ ਕਿਸੇ ਨਾ ਕਿਸੇ ਰੂਪ ਵਿਚ ਹੁੰਦੀ ਰਹੀ ਸੀ। ਇਹੀ ਸਮਾਂ ਸੀ ਜਦੋਂ ਇਸ ਵਿਚੋਂ ਨਿਕਲਣ ਦੀ ਅਕਾਦਮਿਕ ਕੋਸ਼ਿਸ਼ ਸਿੰਘ ਸਭਾ ਲਹਿਰ ਰਾਹੀਂ ਸਿੱਖ ਅਕਾਦਮਿਕਤਾ ਦੀ ਪਰੰਪਰਕ ਨਿਰੰਤਰਤਾ ਵਿਚ ਹੋਈ ਅਤੇ ਸਿੱਖ ਅਕਾਦਮਿਕਤਾ ਦੇ ਰੋਲ ਮਾਡਲ ਵਜੋਂ ਭਾਈ ਵੀਰ ਸਿੰਘ ਤੇ ਪ੍ਰੋ. ਪੂਰਨ ਸਿੰਘ ਸਥਾਪਤ ਹੋ ਗਏ ਸਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਮ ਅਤੇ ਸਭਿਆਚਾਰ ਨੂੰ ਨਾਲ ਲਏ ਬਿਨਾ ਕਿਸੇ ਕਿਸਮ ਦੀ ਸਿਆਸਤ ਨਹੀਂ ਹੋ ਸਕਦੀ। ਇਸੇ ਕਰਕੇ ਸਿਆਸਤ ਦੇ ਪੈਰੋਂ ਹੋਣ ਵਾਲੇ ਨੁਕਸਾਨ ਸਭ ਤੋਂ ਪਹਿਲਾਂ ਧਰਮ ਅਤੇ ਸਭਿਆਚਾਰ ਨੂੰ ਹੀ ਹੁੰਦੇ ਹਨ। ਗੁਰੂ ਨਾਨਕ ਦੇਵ ਨੇ ਧਰਮ ਅਤੇ ਸਭਿਆਚਾਰ ਨੂੰ ਨਾਲ ਲੈ ਕੇ ਤੁਰਨ ਦੀਆਂ ਜੋ ਵਿਧੀਆਂ ਸਾਹਮਣੇ ਲਿਆਂਦੀਆਂ ਸਨ, ਉਹੀ ਸਿੱਖ ਧਰਮ ਵਜੋਂ ਸਥਾਪਤ ਹੋ ਗਈਆਂ ਸਨ/ਹਨ। ਇਸੇ ਦੀ ਅਕਾਦਮਿਕਤਾ ਨਾਲ ਜੁੜੀ ਹੋਈ ਸੀ, ਸਿੰਘ ਸਭਾ ਲਹਿਰ। ਕਿਸੇ ਵੀ ਸਮੇਂ ਦੀ ਹਕੂਮਤ ਨੂੰ ਪ੍ਰਾਪਤ ਸਮਾਜਕ ਸਰੋਕਾਰਾਂ ਨੂੰ ਸਿਆਸੀ ਸੁਰ ਵਿਚ ਵਰਤਣ ਤੋਂ ਨਹੀਂ ਰੋਕਿਆ ਜਾ ਸਕਦਾ। ਹਾਂ! ਰੋਕਣ ਦੀ ਸਿਆਸਤ ਕੀਤੀ ਜਾ ਸਕਦੀ ਹੈ। ਇਸ ਨਾਲ ਜੁੜੇ ਸੱਚ ਨੂੰ ਸਾਹਮਣੇ ਲਿਆਉਣ ਦੀਆਂ ਲਿਖਤੀ ਵਿਧਾਵਾਂ ਨੂੰ ਹੀ ਅਕਾਦਮਿਕਤਾ ਕਿਹਾ ਜਾ ਰਿਹਾ ਹੈ। ਇਸ ਨਾਲ ਸਾਹਮਣੇ ਆਉਣ ਵਾਲੇ ਸਿਧਾਂਤ ਅਤੇ ਸਿੱਖਿਆਵਾਂ ਦੀ ਨੀਂਹ ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਅਧਿਆਤਮ+ਨੈਤਿਕਤਾ ਵਜੋਂ ਰੱਖ ਦਿੱਤੀ ਸੀ। ਅਧਿਆਤਮ ਨੂੰ ਸਮਾਜਕਤਾ ਵਿਚ ਉਤਾਰਨ ਨਾਲ ਹੀ ਨੈਤਿਕਤਾ ਦੀ ਭੂਮਿਕਾ ਅਰੰਭ ਹੋ ਸਕਦੀ ਹੈ। ਅਜਿਹਾ ਗੁਰੂ ਨਾਨਕ ਦੇਵ ਤੋਂ ਪਹਿਲਾਂ ਇਸ ਤਰ੍ਹਾਂ ਹੋਇਆ ਹੋਵੇ, ਮੇਰੇ ਧਿਆਨ ਵਿਚ ਨਹੀਂ ਹੈ।
ਕਹਿਣਾ ਇਹ ਚਾਹੁੰਦਾ ਹਾਂ ਕਿ ਬਾਬੇ ਨਾਨਕ ਦੀ ਆਮਦ ਨਾਲ ਇਕ ਪਾਸੇ ਆਮ ਬੰਦੇ ਦੇ ਧਰਮ ਦੀ ਨੀਂਹ ਰੱਖੀ ਗਈ ਸੀ ਅਤੇ ਦੂਜੇ ਪਾਸੇ ਕਿਸੇ ਵੀ ਵਰਤਮਾਨ/ਸਮਕਾਲ ਨੂੰ ਲੋੜੀਂਦਾ ਧਰਮ ਚਿੰਤਨ ਸਥਾਪਤ ਹੋ ਗਿਆ ਸੀ। ਆਮ ਬੰਦੇ ਨੂੰ ਧਰਮ ਵਿਚ ਇਹ ਖੁਲ੍ਹ ਦਿੱਤੀ ਗਈ ਸੀ ਕਿ ਉਹ ਸਿੱਖ ਹੋਏ ਬਿਨਾ ਵੀ ਸਿੱਖ ਹੋ ਸਕਦਾ ਹੈ। ਇਸ ਦੀ ਸ਼ੁਰੂਆਤ ਭਾਈ ਮਰਦਾਨੇ ਤੋਂ ਕਰ ਲਈ ਗਈ ਸੀ। ਇਸੇ ਸੁਰ ਵਿਚ ਭਾਈ ਨੰਦ ਲਾਲ ਅਤੇ ਭਾਈ ਕਨ੍ਹਈਆ ਨੂੰ ਅੰਮ੍ਰਿਤ ਛਕਣ ਲਈ ਨਹੀਂ ਸੀ ਕਿਹਾ ਗਿਆ। ਮੋਢੀ ਗੁਰੂ ਵੱਲੋਂ ਦਿੱਤੀ ਗਈ ਇਸੇ ਖੁਲ੍ਹ ਦਾ ਪ੍ਰਗਟਾਵਾ ਲੋਕ ਮਾਨਸਿਕਤਾ ਵਿਚ ਉਨ੍ਹਾਂ ਦੀ ਪਛਾਣ ‘ਜਗਤ ਗੁਰ ਬਾਬਾ’ ਵਜੋਂ ਸਥਾਪਤ ਹੋ ਗਈ ਸੀ। ਇਸ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਕਿ ਬਾਬਾ ਜੀ ਜਿਸ ਤਰ੍ਹਾਂ ਬਾਣੀ ਰਾਹੀਂ ਗੁਰਮਤਿ ਦੇ ਦੂਤ ਪੈਦਾ ਕਰ ਰਹੇ ਸਨ, ਉਸ ਤਰ੍ਹਾਂ ਅੰਧ ਆਸਥਾ ਪੈਦਾ ਨਹੀਂ ਸਨ ਕਰ ਰਹੇ। ਇਸ ਵਿਚ ਆਸਥਾ ਨਾਲੋਂ ਚੇਤਨਾ+ਨੈਤਿਕਤਾ ਨੂੰ ਪਹਿਲ ਮਿਲ ਜਾਂਦੀ ਹੈ। ਇਸੇ ਕਰਕੇ ਧਰਮਸਾਲ ਅਰਥਾਤ ਗੁਰਦੁਆਰੇ ਵਿਚ ਜਾਣ ਵਾਲਿਆਂ ਵਾਸਤੇ ਉਹੋ ਜਿਹਾ ਕੋਈ ਬੰਧਨ ਨਹੀਂ ਸੀ, ਜਿਹੋ ਜਿਹਾ ਮੰਦਿਰਾਂ ਅਤੇ ਮਸੀਤਾਂ ਵਿਚ ਜਾਣ ਵਾਲਿਆਂ ਵਾਸਤੇ ਸੀ/ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਸਿਧਾਂਤ ਅਤੇ ਸੰਸਥਾ ਪ੍ਰਾਪਤ ਦੀ ਨਿਰੰਤਰਤਾ ਵਿਚ ਹੋਣ ਦੀਆਂ ਸੰਭਾਵਨਾਵਾਂ ਵਿਚੋਂ ਨਿਕਲ ਕੇ ਸੁਤੰਤਰ ਤੇ ਵਿਲੱਖਣ ਧਰਮ ਵਜੋਂ ਸਥਾਪਤ ਹੋ ਗਏ ਸਨ।
ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਸੰਸਥਾ ਨਾਲ ਜੁੜੇ ਹੋਏ ਵਰਤਾਰਿਆਂ ਨੂੰ ਜਿਸ ਤਰ੍ਹਾਂ ਸਿੱਖਾਂ ਤੱਕ ਸੀਮਿਤ ਕਰਕੇ ਸਿੱਖ ਸੰਸਥਾਵਾਂ ਜਾਂ ਪੰਥਕ ਸੰਸਥਾਵਾਂ ਵਜੋਂ ਵਰਤਮਾਨ ਵਿਚ ਵੇਖਿਆ ਜਾਣ ਲੱਗ ਪਿਆ ਹੈ, ਉਸ ਦੀ ਪੁਸ਼ਟੀ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਨਾਲ ਨਹੀਂ ਕੀਤੀ ਜਾ ਸਕਦੀ। ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਖਾਂ ਤੱਕ ਸੀਮਿਤ ਕਰਕੇ ਵੇਖਾਂਗੇ ਤਾਂ “ਜਗਤ ਜਲੰਦਾ ਰਖਿ ਲੈ…” ਦੀ ਸਿੱਖ ਜਿੰਮੇਵਾਰੀ ਵੱਲ ਪਿੱਠ ਕਰ ਰਹੇ ਹੋਵਾਂਗੇ? ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੇ ਸਿਧਾਂਤ ਵਿਚ ਗੁਰਸਿੱਖ ਦੀ ਵਰਤੋਂ ਹੋਈ ਹੈ ਅਤੇ ਸਿੱਖ ਸਾਹਿਤ ਵਿਚ ਇਸੇ ਸੁਰ ਵਿਚ ਗੁਰ-ਚੇਲਾ ਦੀ ਵਰਤੋਂ ਮਿਲ ਜਾਂਦੀ ਹੈ। ਸਿੱਖ ਅਕਾਦਮੀਸ਼ਨਾਂ ਦਾ ਫਰਜ਼ ਬਣਦਾ ਹੈ ਕਿ ਸਮਕਾਲੀ ਜਗਿਆਸਾ ਨੂੰ ਨਾਲ ਲੈ ਕੇ ਤੁਰਨ ਵਾਸਤੇ ਗੁਰਸਿੱਖ ਦਾ ਲੋੜੀਂਦਾ ਅਕਾਦਮਿਕ ਉਸਾਰ ਗੁਰਬਾਣੀ ਦੇ ਹਵਾਲੇ ਨਾਲ ਸਾਹਮਣੇ ਲਿਆਈਏ। ਅਜਿਹਾ ਕਰਾਂਗੇ ਤਾਂ ਸਮਝਾ ਸਕਾਂਗੇ ਕਿ ਗੁਰੂ ਅਤੇ ਸਿੱਖ ਦਾ ਉਹੀ ਰਿਸ਼ਤਾ ਹੈ, ਜੋ ਗੁਰੂ ਤੇ ਅਕਾਲ ਪੁਰਖ ਦਾ ਹੈ। ਤਾਂ ਤੇ ਗੁਰੂ ਦੀਆਂ ਸਿੱਖਿਆਵਾਂ ਵਿਚ ਵਿਸ਼ਵਾਸ ਰੱਖਣ ਦੀ ਖੁਲ੍ਹ ਕਿਸੇ ਵੀ ਜਗਿਆਸੂ ਗੁਰਸਿੱਖ ਨੂੰ ਹੋ ਸਕਦੀ ਹੈ। ਗੁਰਸਿੱਖ ਹੋਣ ਦੀ ਗਵਾਹੀ ਭਰਦਿਆਂ ਭਾਈ ਗੁਰਦਾਸ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਨੇ ਆਪਣਾ ਸਿੱਖ ਬਣਾਇਆ ਸੀ ਅਤੇ ਉਸੇ ਸੁਰ (ਜੋਤਿ+ਜੁਗਤਿ) ਵਿਚ ਗੁਰਸਿਖ ਹੋਣ ਦੇ ਗਵਾਹ ਗੁਰੂ ਸਾਹਿਬਾਨ ਹੋ ਗਏ ਸਨ:
ਸਤਿਗੁਰ ਨਾਨਕ ਦੇਉ ਆਪੁ ਉਪਾਇਆ।
ਗੁਰ ਅੰਗਦੁ ਗੁਰ ਸਿਖੁ ਬਬਾਣੇ ਆਇਆ।
ਗੁਰ ਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ।
ਰਾਮਦਾਸੁ ਗੁਰ ਸਿਖੁ ਗੁਰ ਸਦਵਾਇਆ।
ਗੁਰ ਅਰਜਨੁ ਗੁਰ ਸਿਖੁ ਪਰਗਟੀ ਆਇਆ।
ਗੁਰ ਸਿਖੁ ਹਰਿ ਗੋਵਿੰਦੁ ਨ ਲੁਕੈ ਲੁਕਾਇਆ।
(ਪਹਿਲੀ ਪਉੜੀ, ਵਾਰ 20ਵੀਂ)
ਸਿੱਖ, ਜੇ ਕੋਈ ਸਜੇ ਤਾਂ ਮੇਰੇ ਲਈ ਬਹੁਤ ਅਹਿਮ ਹੈ, ਪਰ ਸਿੱਖ ਜੇ ਕੋਈ ਹੋਣਾ ਚਾਹੇ ਤਾਂ ਉਹ ਵੀ ਮੇਰੇ ਲਈ ਓਨਾ ਹੀ ਅਹਿਮ ਹੋਣਾ ਚਾਹੀਦਾ ਹੈ। ਅਜਿਹੇ ਜਗਿਆਸੂ ਨਾਨਕ ਨਾਮਲੇਵਾ ਕਹਾਉਂਦੇ ਰਹੇ ਸਨ ਅਤੇ ਵਰਤਮਾਨ ਵਿਚ ਸਿਆਸੀ ਦਖਲ ਨਾਲ ਰੋਕ ਦਿੱਤੇ ਜਾਣ ਦੇ ਬਾਵਜੂਦ ਕਹਾ ਰਹੇ ਹਨ। ਬਾਬਾ ਜੀ ਦੇ 550ਵੇਂ ਵਰ੍ਹੇ ਨੂੰ ਮਨਾਉਣ ਵਾਲਿਆਂ ਨੇ ਇਹ ਨਤੀਜਾ ਸਾਹਮਣੇ ਲੈ ਆਂਦਾ ਹੈ ਕਿ ਸਜੇ ਹੋਏ ਸਿੱਖਾਂ ਨਾਲੋਂ ਨਾਨਕ ਨਾਮਲੇਵਿਆਂ ਦੀ ਗਿਣਤੀ ਚਾਰ ਗੁਣਾ ਹੈ। ਇਹ ਧਿਆਨ ਵਿਚ ਰੱਖਾਂਗੇ ਤਾਂ ਸਭ ਨੂੰ ਨਾਲ ਲੈ ਕੇ ਤੁਰ ਸਕਣ ਦੀਆਂ ਸਿੱਖ ਸੰਭਾਵਨਾਵਾਂ ਦੀ ਅਕਾਦਮਿਕਤਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਸਥਾਪਤ ਕਰ ਸਕਾਂਗੇ। ਲਏ ਜਾ ਰਹੇ ਵਿਸ਼ੇ ਦਾ ਸਾਰ ਮੈਨੂੰ ਇਸ ਤਰ੍ਹਾਂ ਵੀ ਸਮਝ ਆਇਆ ਹੈ।
ਇਹ ਸਾਰ ਮੇਰੇ ਲਈ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਗਲੋਬਲ ਪ੍ਰਸੰਗ ਵਿਚ ਪੈਦਾ ਹੋ ਗਏ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਗੁਰੂ ਨਾਨਕ ਦਾ ਇਹ ਸਿਧਾਂਤ ਮਾਨਤਾ ਨੂੰ ਲੋੜੀਂਦਾ ਹੈ। ਇਸ ਦਾ ਰਾਹ ਜੇ ਸੰਸਥਾਵਾਂ ਰੋਕਦੀਆਂ ਲੱਗਦੀਆਂ ਹੋਣ ਤਾਂ ਇਸ ਬਾਰੇ ਬਾਣੀ ਦੀ ਅਗਵਾਈ ਵਿਚ ਅਕਾਦਮਿਕ ਸੁਰ ਵਿਚ ਸੰਵਾਦ ਛੇੜੇ ਜਾਣ ਦੀ ਲੋੜ ਹੈ। ਇਸੇ ਨੂੰ ਸਿੱਖ ਅਕਾਦਮਿਕਤਾ ਕਹਿ ਰਿਹਾਂ। ਅਜਿਹਾ ਨਹੀਂ ਕਰਾਂਗੇ ਤਾਂ ਸਿੱਖ ਸੰਸਥਾਵਾਂ ਨੂੰ ਸਿਆਸੀ ਅਪਹਰਣ ਤੋਂ ਨਹੀਂ ਬਚਾ ਸਕਾਂਗੇ। ਇਸ ਦੇ ਨਾਲ ਹੀ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸੰਸਥਾ ਦਾ ਅਪਹਰਣ ਹੋ ਸਕਦਾ ਹੈ, ਸਿਧਾਂਤ ਦਾ ਅਪਹਰਣ ਨਹੀਂ ਹੋ ਸਕਦਾ। ਸੰਸਥਾ ਵਿਚ ਸਿਧਾਂਤ ਨਾਲੋਂ ਪ੍ਰਬੰਧਨ ਨੂੰ ਪਹਿਲ ਪ੍ਰਾਪਤ ਹੋ ਜਾਂਦੀ ਹੈ। ਪ੍ਰਬੰਧਨ ਵਿਚ ਨੈਤਿਕਤਾ ਲੋੜ ਮੁਤਾਬਕ ਹੀ ਕਾਇਮ ਰਹਿ ਸਕਦੀ ਹੈ। ਸੰਸਥਾ ਨੂੰ ਜਦੋਂ ਪ੍ਰਬੰਧਨ ਤੱਕ ਮਹਿਦੂਦ ਕਰ ਦੇਵਾਂਗੇ ਤਾਂ ਇਸ ਨਾਲ ਸਿਧਾਂਤ ਨਾਲੋਂ ਟੁੱਟਣਾ ਲਾਜ਼ਮੀ ਹੋ ਜਾਵੇਗਾ।
ਗੁਰਦੁਆਰਾ ਐਕਟ 1925 ਨਾਲ ਇਹੀ ਕੁਝ ਹੋ ਰਿਹਾ ਹੈ। ਸਿੱਖ ਸੰਸਥਾ ਵਿਚ ਪ੍ਰਬੰਧਕ ਨੂੰ ਸੇਵਾਦਾਰ ਪ੍ਰਵਾਨ ਕੀਤਾ ਗਿਆ ਹੈ ਅਤੇ ਸੇਵਾਦਾਰੀ ਵਿਚ ਅਹੁਦੇ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ। ਅਹੁਦੇ ਦੇ ਅਧਿਕਾਰ ਨਾਲ ਸਿਧਾਂਤ ਵਿਚ ਅਹੁਦੇਦਾਰੀ ਦਾ ਦਖਲ ਰੋਕਿਆ ਨਹੀਂ ਜਾ ਸਕਦਾ ਅਤੇ ਇਸ ਹਾਲਤ ਵਿਚ ਅਹੁਦੇ ਦੀ ਨੈਤਿਕਤਾ ਦਾ ਗੁਆਚ ਜਾਣਾ ਲਾਜ਼ਮ ਹੋ ਜਾਂਦਾ ਹੈ। ਅਹੁਦੇ ਦੇ ਅਧਿਕਾਰ ਵਿਚ ਅਹੁਦਾ ਦੇਣ ਅਤੇ ਅਹੁਦਾ ਲੈਣ ਦੀ ਸਿਆਸਤ ਸ਼ਾਮਲ ਹੋ ਜਾਂਦੀ ਹੈ। ਇਸ ਦੇ ਨਤੀਜਿਆਂ ਦੀ ਹੋਣੀ ਇਸ ਵੇਲੇ ਸਿੱਖ ਸੰਸਥਾਵਾਂ ਵਿਚ ਸਿਖਰ ‘ਤੇ ਹੈ ਅਤੇ ਇਸ ਨਾਲ ਸਿਧਾਂਤ ਦਾ ਅਮਲ ਅਤੇ ਅਮਲ ਦਾ ਸਿਧਾਂਤ ਇਕ ਦੂਜੇ ਦੀ ਸਮਾਨੰਤਰਤਾ ਵਿਚ ਆ ਗਏ ਹਨ। ਨਤੀਜਨ ਸਿਧਾਂਤ ਅਤੇ ਸੰਸਥਾ ਵੀ ਸਮਾਨੰਤਰਤਾ ਵਿਚ ਆ ਗਏ ਹਨ। ਇਸ ਵੱਲ ਪਿੱਠ ਕੀਤਿਆਂ ਜਾਂ ਮੈਨੂੰ ਕੀ? ਸਮਝਿਆਂ ਨਹੀਂ ਸਰਨਾ। ਇਸ ਕਰਕੇ ਇਸ ਵਿਚੋਂ ਲੈਣ ਯੋਗ ਨੂੰ ਲੈਣ ਅਤੇ ਛੱਡਣ ਯੋਗ ਨੂੰ ਛੱਡਣ ਦੇ ਸਹਿਜ ਮਾਡਲ ਨੂੰ ਆਮ ਸਿੱਖ ਦੀ ਸੋਝੀ ਵਿਚ ਉਤਾਰਨਾ ਪਵੇਗਾ।
ਇਸ ਭੂਮਿਕਾ ਨੂੰ ਨਿਭਾਉਣ ਦੀ ਜਿੰਮੇਵਾਰੀ ਸਿੱਖ ਅਕਾਦਮਿਕਤਾ ਦੀ ਹੈ ਅਤੇ ਸਿੱਖ ਅਕਾਦਮਿਕਤਾ ਆਪਣੀ ਭੂਮਿਕਾ ਕਿਉਂ ਨਹੀਂ ਨਿਭਾ ਪਾ ਰਹੀ, ਇਸ ਬਾਰੇ ਸੰਵਾਦ ਰਚਾਉਣਾ ਚਾਹੀਦਾ ਹੈ। ਇਸ ਬਾਰੇ ਸੋਚਾਂਗੇ ਤਾਂ ਲਏ ਜਾ ਰਹੇ ਵਿਸ਼ੇ ਦੀ ਅਕਾਦਮਿਕਤਾ ਉਸਾਰ ਸਕਾਂਗੇ। ਆਪਣੀ ਅਕਾਦਮਿਕ ਜਿੰਮੇਵਾਰੀ ਨਾਲ ਨਹੀਂ ਨਿਭਾਂਗੇ ਤਾਂ ਉਹੀ ਗਲਤੀ ਕਰ ਰਹੇ ਹੋਵਾਂਗੇ, ਜਿਸ ਤੋਂ ਬਚ ਸਕਣ ਦੇ ਗੁਰਮਤਿ ਮਾਡਲ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਸੀ ਅਤੇ ਜਿਸ ਦੀ ਧੁਰੋਹਰ ਸ਼ਬਦ-ਗੁਰੂ ਅਰਥਾਤ ਗੁਰੂ ਗ੍ਰੰਥ ਸਾਹਿਬ ਇਸ ਪਾਸੇ ਸੋਚਣ ਵਾਲਿਆਂ ਦੇ ਸਦਾ ਅੰਗ-ਸੰਗ ਹਨ।
ਸਿੱਖ ਧਰਮ ਵਿਚ ਸਿਧਾਂਤ ਜੋਤਿ+ਜੁਗਤਿ ਅਤੇ ਗ੍ਰੰਥ+ਪੰਥ ਹੈ ਅਤੇ ਸੰਸਥਾ ਬਾਣੀ+ਰਹਿਤ ਅਤੇ ਗ੍ਰੰਥ+ਗੁਰਦੁਆਰਾ ਹੈ। ਇਸ ਦੀਆਂ ਰੋਲ ਮਾਡਲ ਸੰਸਥਾਵਾਂ ਹਰਿਮੰਦਰ ਸਾਹਿਬ+ਅਕਾਲ ਤਖਤ ਸਾਹਿਬ ਹਨ। ਜਮ੍ਹਾਂ ‘ਨੂੰ’ ਅਤੇ ‘ਦੀ’ ਇਹ ਦੱਸਣ ਲਈ ਵਰਤ ਲਏ ਹਨ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਜੋ ਕੁਝ ਇਕ ਦੂਜੇ ਦੀ ਪੂਰਕਤਾ ਵਿਚ ਹੈ ਅਤੇ ਰਹਿਣਾ ਚਾਹੀਦਾ ਹੈ, ਉਸ ਦੀ ਜੇ ਕਿਸੇ ਵੀ ਕਾਰਨ ਇਕਹਿਰੀ ਵਰਤੋਂ ਕਰਾਂਗੇ ਤਾਂ ਗੜਬੜ ਪੈਦਾ ਕਰ ਰਹੇ ਹੋਵਾਂਗੇ। ਸੋਚੋ! ਜੇ ਪ੍ਰਸੰਗ ਨੂੰ ਸਮਝੇ ਬਿਨਾ ਵਰਤੋਂ ਕਰਨ ਦੀ ਚੋਣ ਚੇਤਨਾ ਦੀ ਥਾਂ ਅਨਾੜੀਆਂ ਦੇ ਹੱਥਾਂ ਵਿਚ ਆ ਜਾਵੇ ਤਾਂ ਸਿਧਾਂਤ ਉਤੇ ਸੰਸਥਾ ਉਸੇ ਤਰ੍ਹਾਂ ਹਾਵੀ ਹੋ ਜਾਵੇਗੀ, ਜਿਸ ਤਰ੍ਹਾਂ ਸਿਆਸਤ ਨੂੰ ਠੀਕ ਬੈਠਦਾ ਹੋਵੇਗਾ। ਇਹ ਕਿਸ ਨੂੰ ਨਹੀਂ ਪਤਾ ਕਿ ਬਾਣੀ ਨਾਲੋਂ ਬਾਣੇ ਨਾਲ ਨਿਭਣਾ ਸੌਖਾ ਹੁੰਦਾ ਹੈ। ਇਸੇ ਨੂੰ ਸਿਆਸਤ ਕਹਿ ਰਿਹਾਂ। ਸਿਆਸਤ ਦਾ ਰਾਹ ਇਜਾਰੇਦਾਰੀਆਂ ਅਤੇ ਦੁਕਾਨਦਾਰੀਆਂ ਵੱਲ ਜਾਂਦਾ ਹੈ। ਇਹ ਵਰਤਾਰਾ ਪੂਰਕਤਾ ਉਤੇ ਭਾਵੁਕਤਾ ਦੇ ਹਾਵੀ ਹੋ ਜਾਣ ਦਾ ਹੈ। ਇਸ ਨੂੰ ‘ਮੈਂ ਗੁਰੂ ਦਾ ਹਾਂ’ ਦੀ ਗੁਰਮਤਿ ਤੋਂ ‘ਗੁਰੂ ਮੇਰਾ ਹੈ’ ਦੀ ਸਿਆਸਤ ਵਾਂਗ ਵੀ ਸਮਝਿਆ ਜਾ ਸਕਦਾ ਹੈ। ਇਸ ਦਾ ਹਾਸਲ ਸਿਆਸਤ ਦਰ ਸਿਆਸਤ ਹੀ ਹੋ ਸਕਦੀ ਹੈ ਅਤੇ ਇਹੀ ਸਿੱਖ ਭਾਈਚਾਰੇ ਦੀ ਹੋਣੀ ਹੋ ਗਿਆ ਹੈ।
ਸਿਆਸਤ ਸਿਧਾਂਤ ਨੂੰ ਮਾਧਿਅਮ ਮੰਨ ਕੇ ਤੁਰਦੀ ਹੈ ਅਤੇ ਸੰਸਥਾ ਨੂੰ ਸਿਆਸੀ ਪ੍ਰਾਪਤੀ ਸਮਝਦੀ ਹੈ; ਪਰ ਸਿਧਾਂਤ ਨੂੰ ਤਾਂ ਮਾਧਿਅਮ ਦਾ ਕੋਈ ਬੰਧਨ ਨਹੀਂ ਹੁੰਦਾ। ਸੈਮੀਨਾਰਾਂ ਵਿਚ ਇਸ ਦਾ ਆਲੋਚਨਾਤਮਕ ਉਸਾਰ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਇਸ ਦਾ ਮਾਧਿਅਮ ਸੰਵਾਦ ਹੋਣਾ ਚਾਹੀਦਾ ਹੈ। ਸਿਆਸਤ ਕੀ ਕਰ ਸਕਦੀ ਹੈ? ਇਸ ਦੀ ਮਿਸਾਲ ਇਹ ਦੇਣਾ ਚਾਹੁੰਦਾ ਹਾਂ ਕਿ ਸਿਆਸਤ ਨੇ 1947 ਵਿਚ ਪੰਜਾਬ ਦੇ ਦੋ ਟੋਟੇ ਕਰ ਦਿੱਤੇ ਸਨ। ਇਸ ਦੇ ਨਤੀਜੇ ਅਜੇ ਤੱਕ ਜੜ੍ਹਾਂ ਵਾਲੇ ਫੋੜੇ ਵਾਂਗ ਚਸਕ ਰਹੇ ਹਨ। ਉਹ ਤਾਂ ਬੇਗਾਨਿਆਂ ਨੇ ਕੀਤਾ ਸੀ। ਆਪਣਿਆਂ ਨੇ ਦੋ ਦਹਾਕਿਆਂ (1966) ਵਿਚ ਪੰਜਾਬ ਦੇ ਤਿੰਨ ਟੋਟੇ ਕਰ ਦਿੱਤੇ ਹਨ ਅਤੇ ਵਾਹਗੇ ਤੋਂ ਅੰਬਾਲੇ ਤੱਕ ਸੁੰਗੜ ਗਏ ਇਸੇ ਖਿੱਤੇ (ਪੰਜਾਬੀ ਸੂਬੇ) ਨੂੰ ਪਤਾ ਨਹੀਂ ਕੀ ਦਾ ਕੀ ਕਹੀ ਜਾ ਰਹੇ ਹਨ? ਕੌਣ ਕਿਸ ਨੂੰ ਪੁੱਛੇ ਕਿ ਸਿਆਸਤ ਦੀ ਇਸ ਗੁਰਮਤਿ ਵਿਰੋਧੀ ਇੱਲਤ ਨਾਲ ਸਿੱਖ ਅਕਾਦਮੀਸ਼ਨ ਕਿਉਂ ਤੇ ਕਿਵੇਂ ਸੰਤੁਸ਼ਟ ਹੋਈ ਬੈਠੇ ਹਨ? ਇੱਲਤ ਨੂੰ ਸਿਆਸੀ ਸੰਕੇਤ ਵਾਂਗ ਵਰਤ ਰਿਹਾ ਹਾਂ। ਇਸ ਦਾ ਬਾਣੀ ਪ੍ਰਸੰਗ ਬਰਾਸਤਾ ਸਮਾਜਕਤਾ ਇਸ ਤਰ੍ਹਾਂ ਪ੍ਰਾਪਤ ਹੈ:
ਮਲਾਰ ਕੀ ਵਾਰ ਮ. 1, ਸਲੋਕ ਮ. 2
ਨਾਉ ਫਕੀਰੈ ਪਾਤਿਸਾਹ ਮੂਰਖ ਪੰਡਿਤੁ ਨਾਉ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੈ ਥਾਉ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥
ਇਸ ਤੋਂ ਅਗਲਾ ਸਲੋਕ ਮ. 1 “ਰਾਜੇ ਸੀਹ ਮੁਕਦਮ ਕੁਤੇ…” ਵਾਲਾ ਹੈ। ਅਕਾਦਮਿਕ ਸੁਰ ਵਿਚ ਕਲਜੁਗੀ ਵਰਤਾਰਿਆਂ ਦੀ ਪ੍ਰਧਾਨ ਸੁਰ ਸਿਆਸਤ ਹੋ ਗਈ ਹੈ ਅਤੇ ਇਸ ਦੇ ਨਤੀਜੇ ਸਿਧਾਂਤ ਅਤੇ ਸੰਸਥਾ ਨੂੰ ਵੀ ਭੁਗਤਣੇ ਪੈ ਰਹੇ ਹਨ। ਇਸ ਹਾਲਤ ਵਿਚ ਇਹ ਸੋਚਣਾ ਪਵੇਗਾ ਕਿ 21ਵੀਂ ਸਦੀ ਵਿਚ ਮਿਲੇ ਜਾਗ੍ਰਿਤੀ-ਮਾਧਿਅਮਾਂ ਅਤੇ ਖੁਲ੍ਹ-ਵਿਧੀਆਂ ਦਾ ਲਾਹਾ ਲੈ ਕੇ ਸਿੱਖ ਅਕਾਦਮਿਕਤਾ ਉਸਾਰਾਂਗੇ ਤਾਂ ਸਮਝ ਸਕਾਂਗੇ ਕਿ ਇਕ ਸਿੱਖ ਸੰਤ ਦੂਜੇ ਸਿੱਖ ਸੰਤ ਨਾਲ ਦੁਸ਼ਮਣਾਂ ਵਾਂਗ ਲੜ ਰਿਹਾ ਹੈ ਤਾਂ ਇਸ ਦਾ ਫੈਸਲਾ ਕੋਈ ਤੀਜਾ ਸੰਤ ਕਿਵੇਂ ਕਰ ਸਕਦਾ ਹੈ? ਇਹ ਮਾਮਲਾ ਅਕਾਦਮਿਕ ਹੈ ਅਤੇ ਇਸ ‘ਤੇ ਫੈਸਲੇ ਦੀ ਗੱਲ ਵੀ ਅਕਾਦਮੀਸ਼ਨਾਂ ਨੂੰ ਹੀ ਕਰਨੀ ਚਾਹੀਦੀ ਹੈ। ਇਸ ਮਸਲੇ ‘ਤੇ ਬਾਬਰੀ ਮਸਜਿਦ ਦੇ ਮਸਲੇ ਵਾਂਗ ਕਿਉਂ ਨਹੀਂ ਬੋਲਿਆ ਜਾ ਸਕਦਾ? ਸੋਚਣਾ ਚਾਹੀਦਾ ਹੈ ਕਿ ਆਧੁਨਿਕਤਾ ਦਾ ਲਾਭ ਸਿੱਖ ਅਕਾਦਮਿਕਤਾ ਨੂੰ ਕਿਉਂ ਨਹੀਂ ਹੋਇਆ? ਪੰਜਾਬੀ ਚੇਤਨਾ ਨੂੰ ਸਿੱਖ ਅਕਾਦਮਿਕਤਾ ਨਾਲ ਨਿਭਣ ਤੋਂ ਕੌਣ ਅਤੇ ਕਿਵੇਂ ਰੋਕਦਾ ਰਿਹਾ ਹੈ?
ਇਸ ਪਾਸੇ ਪੰਜਾਬੀ ਅਕਾਦਮਿਕਤਾ ਅਤੇ ਸਿੱਖ ਅਕਾਦਮਿਕਤਾ ਨੂੰ ਇਕ ਦੂਜੇ ਦੀ ਪੂਰਕਤਾ ਵਿਚ ਤੋਰ ਕੇ ਹੀ ਲੋੜੀਂਦੀ ਸੇਧ ਵਿਚ ਤੁਰਿਆ ਜਾ ਸਕਦਾ ਹੈ। ਇਸ ਦੀਆਂ ਪੈੜਾਂ ਗੁਰੂ ਨਾਨਕ ਦੇਵ ਜੀ ਨੇ ਧਰਮ ਅਤੇ ਸਭਿਆਚਾਰ ਨੂੰ ਇਕੱਠਿਆਂ ਤੋਰ ਕੇ ਪਾ ਦਿੱਤੀਆਂ ਸਨ। ਇਸ ਪਾਸੇ ਸੰਵਾਦ ਰਚਾ ਕੇ ਹੀ ਤੁਰਿਆ ਜਾ ਸਕਦਾ ਹੈ। ਇਹੋ ਜਿਹਾ ਇਕ ਕਦਮ ਸੰਤ ਸੁੱਚਾ ਸਿੰਘ ਦੀ ਅਗਵਾਈ ਵਿਚ ਜਵੱਦੀ ਕਲਾਂ ਲੁਧਿਆਣਾ ਵਿਖੇ ਹੋਇਆ ਸੀ। ਨਤੀਜੇ ਚੰਗੇ ਨਿਕਲੇ ਸਨ। 550ਵੀਂ ਸ਼ਤਾਬਦੀ ‘ਤੇ ਇਸੇ ਸੁਰ ਵਿਚ ਯਤਨ ਡੇਰਾ ਬਾਬਾ ਨਾਨਕ ਵਿਖੇ ਨਵੰਬਰ ਦੇ ਦੂਜੇ ਹਫਤੇ ਵਿਚ ਪੰਜਾਬ ਸਰਕਾਰ ਦੀ ਅਗਵਾਈ ਵਿਚ ਹੋ ਚੁਕਾ ਹੈ। ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਰਹੀ ਹੈ। ਇਹੋ ਜਿਹੇ ਮਾਡਲਾਂ ਨੂੰ ਸਿਆਸੀ ਸ਼ਿਕੰਜਿਆਂ ਵਿਚ ਕੱਸ ਕੇ ਨਹੀਂ ਵੇਖਣਾ ਚਾਹੀਦਾ, ਕਿਉਂਕਿ ਇਹ ਯਤਨ ਤਾਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਸੰਸਥਾ ਦੇ ਇਰਦ-ਗਿਰਦ ਹੀ ਕੀਤੇ ਜਾ ਰਹੇ ਹਨ ਤੇ ਕਰਦੇ ਰਹਿਣਾ ਚਾਹੀਦਾ ਹੈ।