ਲਸ਼ਕਰ ਦੀ ਚੜ੍ਹਾਈ ਤੇ ਉਤਰਾਈ

ਬਲਜੀਤ ਬਾਸੀ
ਪੰਜਾਬੀ ਵਿਚ ਅੱਜ ਕਲ੍ਹ ਲਸ਼ਕਰ ਸ਼ਬਦ ਬਹੁਤਾ ਕਰਕੇ ਇੱਕ ਦਹਿਸ਼ਤਗਰਦ ਜਥੇਬੰਦੀ ਲਸ਼ਕਰੇ-ਤਾਇਬਾ ਦੇ ਨਾਂ ਵਿਚ ਹੀ ਲਿਖਿਆ ਜਾਂ ਬੋਲਿਆ ਮਿਲਦਾ ਹੈ। ਪਾਕਿਸਤਾਨ ਆਧਾਰਤ ਇਹ ਜਥੇਬੰਦੀ ਪਹਿਲਾਂ ਅਫਗਾਨਿਸਤਾਨ ਨੂੰ ਸੋਵੀਅਤ ਰੂਸ ਤੋਂ ਮੁਕਤ ਕਰਾਉਣ ਤੇ ਹੁਣ ਭਾਰਤੀ ਕਸ਼ਮੀਰ ਨੂੰ ਪਾਕਿਸਤਾਨ ਵਿਚ ਮਿਲਾਉਣ ਲਈ ਦਹਿਸ਼ਤਗਰਦ ਕਾਰਵਾਈਆਂ ਕਰਦੀ ਹੈ। ਲਸ਼ਕਰੇ-ਤਾਇਬਾ ਦਾ ਅਰਥ ਹੈ, ਨੇਕਾਂ ਦੀ ਸੈਨਾ। ਫਾਰਸੀ ਤੱਯਬ ਦਾ ਮਤਲਬ ਹੁੰਦਾ ਹੈ-ਨੇਕ, ਪਵਿੱਤਰ ਤੇ ਲਸ਼ਕਰ, ਜੋ ਅਸੀਂ ਵਿਚਾਰਨ ਜਾ ਰਹੇ ਹਾਂ, ਇਥੇ ਸੈਨਾ ਦਾ ਅਰਥਾਵਾਂ ਹੈ। ਲੌਅ ਲਸ਼ਕਰ ਜਾਂ ਲਾਮ ਲਸ਼ਕਰ ਜੁੱਟਾਂ ਵਿਚ ਵੀ ਲਸ਼ਕਰ ਖੂਬ ਝਲਕਦਾ ਹੈ।

ਫਾਰਸੀ ਵਲੋਂ ਆਇਆ ਇਹ ਸ਼ਬਦ ਸਾਡੀਆਂ ਅੱਖਾਂ ਸਾਹਮਣੇ ਕਿਸੇ ਲੜਾਕੂ ਮੁਹਿੰਮ ਲਈ ਤੁਰੀ, ਕਾਫਲੇ ਵਾਂਗ ਕਵਾਇਦ ਕਰਦੀ ਚੱਲ ਸੋ ਚੱਲ ਸੈਨਾ ਦਾ ਬਿੰਬ ਲਿਆਉਂਦਾ ਹੈ। ਇਸ ਲਸ਼ਕਰ ਵਿਚ ਸੈਨਾ ਤੋਂ ਇਲਾਵਾ ਹਾਥੀ ਘੋੜੇ, ਸਾਜੋ.ਸਮਾਨ, ਅਸਲਾ, ਰਸਦ ਤੇ ਇਨ੍ਹਾਂ ਦੀ ਸੰਭਾਲ ਵਿਚ ਨਿਰੰਤਰ ਜੁਟੇ ਰੱਖਿਅਕ ਵੀ ਸ਼ਾਮਿਲ ਹੁੰਦੇ ਹਨ। ਉਂਜ ਪੰਜਾਬੀ ਵਿਚ ਇਹ ਸ਼ਬਦ ਫੌਜ, ਸੈਨਾ, ਕਟਕ, ਛਾਉਣੀ ਤੋਂ ਬਿਨਾ ਕਿਸੇ ਮਹਤਵਾਕਾਂਖੀ ਵਿਅਕਤੀ ਦੇ ਪਿਛੇ ਲੱਗੀ ਲਾਮਡੋਰੀ ਲਈ ਤੇ ਹੋਰ ਤਾਂ ਹੋਰ ਲੋਕਾਂ ਦੀ ਵਹੀਰ, ਹੇੜ, ਜਮਘਟੇ, ਭੀੜਭਾੜ ਆਦਿ ਦੇ ਅਰਥਾਂ ਵਿਚ ਵਰਤਿਆ ਮਿਲਦਾ ਹੈ। ਕਿਸੇ ਨੇਕ ਕੰਮ ਲਈ ਇਕੱਠੇ ਲੋਕਾਂ ਨੂੰ ਲੋਕਾਂ ਦਾ ਲਸ਼ਕਰ ਕਿਹਾ ਜਾਂਦਾ ਹੈ। ਫਾਰਸੀ ਵਿਚ ਲਸ਼ਕਰ ਸ਼ਬਦ ਨਾਲ ਅਨੇਕਾਂ ਸੰਯੁਕਤ ਸ਼ਬਦ ਬਣੇ ਮਿਲਦੇ ਹਨ ਜਿਵੇਂ ਸਰ ਲਸ਼ਕਰ: ਫੌਜ ਦਾ ਆਗੂ; ਰਾਹਨੁਮਾਈ ਲਸ਼ਕਰ: ਫੌਜ ਦਾ ਗਾਈਡ; ਬਰਕੀ ਲਸ਼ਕਰ: ਤਲਵਾਰ; ਲਸ਼ਕਰ ਸ਼ਿਕਨ: ਫੌਜਾਂ ਹਰਾਉਣ ਵਾਲਾ; ਲਸ਼ਕਰ ਗਾਹ: ਛਾਉਣੀ, ਫੌਜ ਦਾ ਡੇਰਾ ਜਾਂ ਪੜਾਅ ਆਦਿ।
ਉਰਦੂ ਜ਼ਬਾਨ ਨੂੰ ਲਸ਼ਕਰੀ ਬੋਲੀ ਜਾਂ ਨਿਰਾ ਲਸ਼ਕਰੀ ਵੀ ਕਿਹਾ ਜਾਂਦਾ ਹੈ। ਯਾਦ ਰਹੇ, ਉਰਦੂ ਸ਼ਬਦ ਵਿਚਲਾ ਉਰਦ ਤੁਰਕ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਮਤਲਬ ਫੌਜ ਹੁੰਦਾ ਹੈ। ਸਮਝਿਆ ਜਾਂਦਾ ਹੈ ਕਿ ਉਰਦੂ ਭਾਸ਼ਾ ਫੌਜਾਂ ਵਿਚ ਉਤਰੀ ਭਾਰਤੀ ਭਾਸ਼ਾਵਾਂ ਤੇ ਅਰਬੀ ਫਾਰਸੀ ਭਾਸ਼ਾਵਾਂ ਬੋਲਦੇ ਫੌਜੀਆਂ ਦੇ ਮੇਲ ਨਾਲ ਬਣੀ। ਲਸ਼ਕਰ ਦਾ ਇਕ ਅਰਥ ਫੌਜੀ ਹਮਲਾ ਜਾਂ ਚੜ੍ਹਾਈ ਵੀ ਹੋ ਗਿਆ ਹੈ। ਲਸ਼ਕਰ ਰਾਜਿਆਂ, ਬਾਦਸ਼ਾਹਾਂ ਪਾਸ ਹੀ ਹੋ ਸਕਦਾ ਹੈ, ਇਸ ਲਈ ਇਹ ਸ਼ਬਦ ਰਾਜਾ ਵੀ ਬਣ ਬੈਠਾ ਹੈ। ਕਬੀਰ ਜੀ ਨੇ ਪਰਮਾਤਮਾ ਨੂੰ ਇਹ ਸੰਗਿਆ ਦਿੱਤੀ, ‘ਗਗਨ ਮੰਡਲ ਮਹਿ ਲਸਕਰੁ ਕਰੈ ਸੋ ਸੁਰਤਾਨੁ ਛਤ੍ਰੁ ਸਿਰਿ ਧਰੈ॥’ ਗੁਰੂ ਨਾਨਕ ਨੇ ਇਹ ਸ਼ਬਦ ਫੌਜ ਦੇ ਅਰਥਾਂ ਵਿਚ ਵਰਤਿਆ ਹੈ, ‘ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ॥’ ਅਤੇ ‘ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ॥’ ਸੂਫੀ ਤੇ ਕਿੱਸਾ ਕਾਵਿ ਵਿਚ ਵੀ ਇਸ ਸ਼ਬਦ ਦੀ ਟੋਹ ਹੈ। ਬੁਲ੍ਹੇ ਸ਼ਾਹ ਦੀ ਤਸਦੀਕ ਹੈ,
ਕਿੱਥੇ ਮੀਰ ਮਲਕ ਸੁਲਤਾਨਾਂ
ਸੱਭੇ ਛਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ
ਲਸ਼ਕਰ ਦਾ ਜਿਨਾਂ ਸ਼ੁਮਾਰ ਨਹੀਂ,
ਉਠ ਜਾਗ ਘੁਰਾੜੇ ਮਾਰ ਨਹੀਂ।
ਲਸਕਰ ਇੱਕ ਤਰ੍ਹਾਂ ਫੌਜਾਂ ਦਾ ਹੀ ਡੇਰਾ ਹੈ, ਇਸ ਲਈ ਇਹ ਸ਼ਬਦ ਛਾਉਣੀ ਦੇ ਅਰਥ ਵੀ ਧਾਰ ਗਿਆ। ਗਵਾਲੀਅਰ ਦੇ ਸਿੰਧੀਆ ਪਰਿਵਾਰ ਨੇ ਗਵਾਲੀਅਰ ਸ਼ਹਿਰ ਤੋਂ ਥੋੜ੍ਹਾ ਹਟਵੇਂ ਥਾਂ ‘ਤੇ ਇਕ ਛਾਉਣੀ ਬਣਾਈ ਸੀ, ਜਿਸ ਦਾ ਨਾਂ ਹੀ ਲਸ਼ਕਰ ਵਜੋਂ ਪ੍ਰਚਲਿਤ ਹੋਇਆ। ਅੱਜ ਲਸ਼ਕਰ ਨਾਂ ਦਾ ਇਹ ਇੱਕ ਵੱਖਰਾ ਸ਼ਹਿਰ ਹੈ। ਲਸ਼ਕਰ ਤੋਂ ਬਣੇ ਲਸ਼ਕਰੀ ਦਾ ਅਰਥ ਫੌਜੀ ਹੈ, ਪਰ ਇਹ ਇਕ ਉਪ ਨਾਂ ਅਤੇ ਖਾਸ ਨਾਂ ਵਜੋਂ ਵੀ ਵਰਤਿਆ ਮਿਲਦਾ ਹੈ। ਪੰਜਾਬ ਵਿਚ ਦੋਰਾਹਾ ਨੇੜੇ ਇਕ ਸਰਾਏ ਲਸ਼ਕਰੀ ਖਾਨ ਹੈ। ਇਹ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਪੈਂਦੀ ਹੈ। ਇਹ 1667 ਈ. ਵਿਚ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿਚ ਮੁਗਲ ਫੌਜ ਦੇ ਜਨਰਲ ਲਸ਼ਕਰੀ ਖਾਨ ਨੇ ਬਣਾਈ ਸੀ।
ਇਥੇ ਇਕ ਸ਼ਬਦ ਲਾਸਕਰ (ਲਅਸਚਅਰ) ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ, ਜੋ ਇਸੇ ਲਸ਼ਕਰ ਦਾ ਹੀ ਯੂਰਪੀ ਰੁਪਾਂਤਰ ਹੈ, ਪਰ ਇਤਿਹਾਸਕ ਤੌਰ ‘ਤੇ ਕੁਝ ਵੱਖਰੇ ਅਰਥ ਵਜੋਂ ਇਸਤੇਮਾਲ ਹੋਇਆ ਹੈ। 16ਵੀਂ-17ਵੀਂ ਸਦੀ ਵਿਚ ਯੂਰਪੀ ਸ਼ਕਤੀਆਂ ਦਾ ਦੱਖਣੀ ਏਸ਼ੀਆ, ਅਰਬ, ਪ੍ਰਸ਼ਾਂਤ ਮਹਾਸਾਗਰ ਦੇ ਦੇਸ਼ਾਂ ਅਤੇ ਅਫਰੀਕਾ ਉਤੇ ਵਪਾਰਕ ਤੇ ਸਿਆਸੀ ਗਲਬਾ ਹੋ ਗਿਆ। ਭਾਰਤ ਵਿਚ ਮੁੱਖ ਤੌਰ ‘ਤੇ ਪੁਰਤਗੀਜ਼ਾਂ ਅਤੇ ਅੰਗਰੇਜ਼ਾਂ ਨੇ ਆਪਣੇ ਪੈਰ ਜਮਾਏ। ਸੁਹਲ ਤੇ ਠੰਡ ਦੇ ਗਿੱਝੇ ਗੋਰੇ ਜਹਾਜੀ ਨਾ ਤਾਂ ਇਸ ਖਿੱਤੇ ਦੇ ਗਰਮ ਜਲਵਾਯੂ ਅਤੇ ਸਮੁੰਦਰਾਂ ਦੇ ਗਰਮ ਪਾਣੀਆਂ ਨੂੰ ਝੱਲ ਸਕਦੇ ਸਨ ਤੇ ਨਾ ਹੀ ਸਮੁੰਦਰੀ ਮਾਰਗਾਂ ਦੀਆਂ ਹੋਰ ਦੁਸ਼ਵਾਰੀਆਂ। ਬੀਮਾਰ ਹੋਏ ਕਈ ਰਸਤੇ ਵਿਚ ਤੇ ਕਈ ਟਿਕਾਣਿਆਂ ‘ਤੇ ਪਹੁੰਚ ਕੇ ਦਮ ਤੋੜ ਜਾਂਦੇ ਸਨ। ਇਸ ਲਈ ਉਨ੍ਹਾਂ ਨੂੰ ਆਪਣੇ ਜਹਾਜਾਂ ਲਈ ਇਸ ਖਿੱਤੇ ਦੇ ਹੀ ਮਾਹਰ ਜਹਾਜੀਆਂ ਦੀ ਲੋੜ ਪ੍ਰਤੀਤ ਹੋਈ ਤਾਂ ਦੇਸੀ ਮਲਾਹਾਂ ਤੋਂ ਬਿਨਾ ਹੋਰ ਹਰ ਤਰ੍ਹਾਂ ਦੇ ਕੰਮ ਜਿਵੇਂ ਮਿਸਤਰੀ, ਰਸੋਈਆ, ਸਮਾਨ ਢੋਣ ਵਾਲਾ ਕੁਲੀ, ਕੋਲੇ ਦੇ ਝੋਕੇ ਆਦਿਕ ਕੰਮ ਕਰਨ ਲਈ ਇਸ ਖਿੱਤੇ ਦੇ ਲੋਕਾਂ ਨੂੰ ਭਰਤੀ ਕਰ ਲਿਆ ਗਿਆ। ਇਹ ਲੋਕ ਰਸਤੇ ਵਿਚ ਸਮੁੰਦਰੀ ਡਾਕੂਆਂ ਤੋਂ ਵੀ ਬਚਾਅ ਕਰਦੇ ਸਨ। ਇਹ ਕੰਮ ਲਸ਼ਕਰ ਯਾਨਿ ਫੌਜੀ ਤੋਂ ਵੱਧ ਹੋਰ ਕੌਣ ਕਰ ਸਕਦਾ ਸੀ। ਪੁਰਤਗੀਜ਼ ਜਹਾਜ ਮਾਲਕਾਂ ਨੇ ਪਹਿਲਾਂ ਪਹਿਲ ਭਾਰਤ ਦੇ ਗੋਆ ਤੇ ਹੋਰ ਬਸਤੀਆਂ ਵਿਚ ਜਿਨ੍ਹਾਂ ਫੌਜੀਆਂ ਤੋਂ ਅਜਿਹਾ ਕੰਮ ਕਰਵਾਇਆ, ਉਨ੍ਹਾਂ ਲਈ ਲਾਸ਼ਕਰ ਸ਼ਬਦ ਦੀ ਵਰਤੋਂ ਕੀਤੀ। ਸ੍ਰੀਲੰਕਾ ਦੀਆਂ ਭਾਸ਼ਾਵਾਂ-ਤਾਮਿਲ ਤੇ ਸਿਨਹਾਲੀ ਵਿਚ ਲਸ਼ਕਰ ਸ਼ਬਦ ਦਾ ਲਸਕਾਰਿਨ ਜਿਹਾ ਰੁਪਾਂਤਰ ਹੈ। ਸ੍ਰੀਲੰਕਾ ਦੇ ਇਨ੍ਹਾਂ ਲਸਕਾਰਿਨਾਂ ਨੇ 16ਵੀਂ ਸਦੀ ਦੇ ਅਰੰਭ ਵਿਚ ਪੁਰਤਗੀਜ਼ਾਂ ਵਲੋਂ ਕਈ ਲੜਾਈਆਂ ਲੜੀਆਂ ਸਨ। ਪੁਰਤਗੀਜ਼ਾਂ ਨੇ ਸ੍ਰੀਲੰਕਾ ਦੇ ਇਸੇ ਲਾਸਕਾਰਿਨ ਸ਼ਬਦ ਨੂੰ ਆਪਣੇ ਲਹਿਜੇ ਅਨੁਸਾਰ ਲਾਸਕਰ ਉਚਾਰਿਆ ਤੇ ਦੇਸੀ ਲਸ਼ਕਰਾਂ ਲਈ ਵਰਤਿਆ। ਫਿਰ ਇਹੋ ਸ਼ਬਦ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਵੀ ਵਰਤਣਾ ਸ਼ੁਰੂ ਕਰ ਦਿੱਤਾ। ਫੌਜੀਆਂ ਅਤੇ ਮਲਾਹਾਂ ਤੋਂ ਇਲਾਵਾ ਇਹ ਸ਼ਬਦ ਦੇਸੀ ਨੌਕਰਾਂ ਲਈ ਵੀ ਵਰਤਿਆ ਜਾਣ ਲੱਗਾ।
ਜਹਾਜੀਆਂ ਵਜੋਂ ਭਾਵੇਂ ਲਾਸ਼ਕਰਾਂ ਦਾ ਤੋਰੀ ਫੁਲਕਾ ਚਲਦਾ ਰਿਹਾ, ਪਰ ਇਨ੍ਹਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ। ਇਹ ਵਿਚਾਰੇ ਇਕ ਤਰ੍ਹਾਂ ਨਾਲ ਬੰਧਕ ਮਜ਼ਦੂਰ ਹੀ ਸਨ। ਨੌਕਰੀ ਦੇਣ ਸਮੇਂ ਉਨ੍ਹਾਂ ਤੋਂ ਸਖਤ ਸ਼ਰਤਾਂ ਵਾਲੇ ਬਾਂਡ ਭਰਾਏ ਜਾਂਦੇ। ਸਮੁੰਦਰੀ ਜਹਾਜਾਂ ਵਿਚ ਇਨ੍ਹਾਂ ਤੋਂ ਹਰ ਤਰ੍ਹਾਂ ਦੇ ਘਟੀਆ ਅਤੇ ਔਖੇ ਕੰਮ ਕਰਵਾਏ ਜਾਂਦੇ। ਇਨ੍ਹਾਂ ਦੀ ਤਨਖਾਹ ਗੋਰੇ ਸਹਿਕਰਮੀਆਂ ਦੀ ਤਨਖਾਹ ਨਾਲੋਂ ਵੀਹਵਾਂ ਹਿੱਸਾ ਹੁੰਦੀ ਸੀ। ਖਾਣਾ ਘਟੀਆ ਤਾਂ ਹੁੰਦਾ ਹੀ ਸੀ, ਢਿੱਡ ਭਰਵਾਂ ਵੀ ਨਹੀਂ ਸੀ ਦਿੱਤਾ ਜਾਂਦਾ। ਸਮਾਂ ਬੀਤਣ ਨਾਲ ਭਾਰਤ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲਾਸਕਰ ਬਰਤਾਨੀਆ ਜਾਣ ਲੱਗੇ। ਲੰਡਨ ਵਿਚ ਟੋਪੀਆਂ, ਪਗੜੀਆਂ ਤੇ ਪਜਾਮਾ ਪਹਿਨਣ ਵਾਲੇ ਇਨ੍ਹਾਂ ਅਜੂਬਿਆਂ ਨਾਲ ਨਸਲੀ ਵਿਤਕਰਾ ਹੁੰਦਾ। ਉਨ੍ਹਾਂ ਨੂੰ ਰਹਿਣ ਲਈ ਜਗਹ ਨਹੀਂ ਸੀ ਦਿੱਤੀ ਜਾਂਦੀ, ਉਨ੍ਹਾਂ ਦੇ ਪੈਸੇ ਖੋਹ ਲਏ ਜਾਂਦੇ। ਉਹ ਅਕਸਰ ਕਈ ਖੈਰਾਇਤੀ ਰਿਹਾਇਸ਼ਾਂ ਵਿਚ ਰਹਿੰਦੇ। ਉਨ੍ਹਾਂ ਨੂੰ ਅੰਗਰੇਜ਼ੀ ਬੋਲਣ ਦੀ ਵੀ ਸਮੱਸਿਆ ਆਉਂਦੀ। ਉਤੋਂ ਗੋਰੇ ਸ਼ਿਕਾਇਤਾਂ ਕਰਦੇ ਕਿ ਸਾਨੂੰ ਛੱਡ ਕੇ ਇਨ੍ਹਾਂ ਘਟੀਆ ਏਸ਼ੀਅਨਾਂ ਨੂੰ ਜਹਾਜਾਂ ਵਿਚ ਨੌਕਰੀਆਂ ਕਿਉਂ ਦਿੱਤੀਆਂ ਹਨ? ਪਰ ਉਨ੍ਹਾਂ ਨੂੰ ਸਮਝਾਇਆ ਜਾਂਦਾ ਕਿ ਇਨ੍ਹਾਂ ਵਰਗਾ ਗੁਲਾਮਾਨਾ ਕੰਮ ਤੁਸੀਂ ਨਹੀਂ ਕਰ ਸਕਦੇ। ਇਹ ਸਮੁੰਦਰ ਦੀ ਘੋਰ ਗਰਮੀ ਵਾਲੇ ਇਲਾਕੇ ਵਿਚ ਜਹਾਜ ਦੇ ਇੰਜਣਾਂ ਵਿਚ ਕੋਲਾ ਝੋਕ ਸਕਦੇ ਹਨ, ਇਨ੍ਹਾਂ ਜਿੰਨਾ ਮਿਹਨਤੀ, ਸਿਰੜੀ ਤੇ ਵਫਾਦਾਰ ਕੋਈ ਨਹੀਂ ਹੋ ਸਕਦਾ। ਕਿੱਡੀ ਵਿਡੰਬਨਾ ਹੈ ਕਿ ਇੱਕ ਪਾਸੇ ਲਸ਼ਕਰ ਰਾਜੇ ਦੀ ਪਦਵੀ ਧਾਰ ਲੈਂਦੇ ਹਨ ਤੇ ਦੂਜੇ ਪਾਸੇ ਨਿਰੇ ਗੁਲਾਮ! ਅਸਲ ਵਿਚ ਤਾਂ ਦੁਨੀਆਂ ਭਰ ਵਿਚ ਜਿੱਥੇ ਜਿੱਥੇ ਯੂਰਪੀ ਗੋਰੇ ਗਏ, ਉਥੇ ਉਥੇ ਦੀ ਭਾਸ਼ਾ ਵਿਚ ਇਹ ਸ਼ਬਦ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਹੈ।
ਲਸ਼ਕਰ ਸ਼ਬਦ ਦੀ ਵਿਉਤਪਤੀ ਬਾਰੇ ਕੋਈ ਇਕ ਮਤ ਨਹੀਂ ਮਿਲਦਾ। ਵਧੇਰੇ ਭੰਬਲਭੂਸਾ ਇਸ ਗੱਲ ਦਾ ਹੈ ਕਿ ਕੀ ਇਹ ਮੁਢਲੇ ਤੌਰ ‘ਤੇ ਅਰਬੀ ਦਾ ਸ਼ਬਦ ਹੈ ਜਾਂ ਫਾਰਸੀ ਦਾ! ਇੱਕ ਮਤ ਅਨੁਸਾਰ ਇਹ ਫਾਰਸੀ ਦਾ ਹੀ ਮੂਲ ਸ਼ਬਦ ਹੈ, ਜਿਸ ਦਾ ਮਧਕਾਲੀ ਫਾਰਸੀ ਵਿਚ ਲਸ਼ਕਲ ਜਿਹਾ ਰੂਪ ਸੀ, ਜੋ ਅੱਗੇ ਜਾ ਕੇ ਲਸ਼ਕਰ ਬਣਿਆ। ਅਰਬੀ ਵਾਲਿਆਂ ਨੇ ਇਸ ਦੀ ਮੁਢਲੀ ਧੁਨੀ ‘ਲ’ ਨੂੰ ਅਰਬੀ ਆਰਟੀਕਲ ‘ਅਲ’ ਸਮਝਦਿਆਂ ਇਸ ਨੂੰ ਖਾਰਜ ਕਰ ਦਿੱਤਾ ਤੇ ਸ਼ਬਦ ਰਹਿ ਗਿਆ ਅਸਕਰ, ਜੋ ਅਰਬੀ ਅਤੇ ਫਾਰਸੀ ਭਾਸ਼ਾਵਾਂ ਵਿਚ ਫੌਜ, ਸੈਨਾ ਜਾਂ ਕਟਕ ਲਈ ਵਰਤਿਆ ਮਿਲਦਾ ਹੈ। ਇਸ ਸ਼ਬਦ ਦੇ ਹੋਰ ਅਰਥ ਬਣੇ ਸਮੂਹ, ਇਕੱਠ, ਮਹੈਣ। ਇਰਾਨ ਦੇ ਕੁਝ ਨਗਰਾਂ ਦਾ ਨਾਂ ਵੀ ਅਸਕਰ ਹੈ। ਉਸਮਾਨੀ ਸੈਨਾ ਨੂੰ ‘ਅਸਕਰੀ ਇਸਲਾਮ’ ਕਿਹਾ ਜਾਂਦਾ ਸੀ, ਅਰਥਾਤ ਜੋ ਇਸਲਾਮ ਦੀ ਖਾਤਰ ਲੜਦੀ ਸੀ। ਕਈ ਮੁਸਲਮਾਨ ਨਾਂਵਾਂ ਵਿਚ ਅਸਕਰ ਸ਼ਬਦ ਆਉਂਦਾ ਹੈ। ਇਰਾਨ, ਕੇਂਦਰੀ ਏਸ਼ੀਆ ਤੇ ਹੋਰ ਮੁਸਲਮਾਨ ਆਬਾਦੀ ਵਾਲੇ ਦੇਸ਼ਾਂ ਵਿਚ ਅਸਕਰ ਨਾ ਦੇ ਕਈ ਨਗਰ ਅਤੇ ਵਿਅਕਤੀ ਨਾਂ ਹਨ। ਕੁਰੂਕਸ਼ੇਤਰ ਦੇ ਇਕ ਪਿੰਡ ਦਾ ਮੁਢ ਅਸਕਰ ਅਲੀ ਨਾਂ ਦੇ ਫਕੀਰ ਤੋਂ ਬਝਿਆ ਦੱਸਿਆ ਜਾਂਦਾ ਹੈ। ਅਫਰੀਕੀ ਦੇਸ਼ਾਂ ਦੇ ਯੂਰਪੀ ਆਬਾਦੀਆਂ ਦੇ ਸਥਾਨਕ ਫੌਜੀਆਂ ਲਈ ਵੀ ਅਸਕਰੀ ਸ਼ਬਦ ਵਰਤਿਆ ਮਿਲਦਾ ਹੈ। ਫਲਸਤੀਨ ਵਿਚ ਇਕ ਸ਼ਰਨਾਰਥੀ ਕੈਂਪ ਦਾ ਨਾਂ ਅਸਕਰ ਹੈ।
ਲਸ਼ਕਰ ਸ਼ਬਦ ਦੀ ਦੂਜੀ ਵਿਆਖਿਆ ਅਨੁਸਾਰ ਅਰਬੀ ਅਸਕਰ ਦੇ ਅੱਗੇ ਅਰਬੀ ਆਰਟੀਕਲ ਅਲ ਲੱਗ ਕੇ ਬਣੇ ‘ਅਲਅਸਕਰ’ ਬਣਿਆ, ਜੋ ਫਾਰਸੀ ਵਿਚ ਆ ਕੇ ਹੌਲੀ ਹੌਲੀ ਲਸ਼ਕਰ ਦਾ ਰੂਪ ਧਾਰ ਗਿਆ। ਅਜਿਤ ਵਡਨੇਰਕਰ ਕੁਝ ਹੋਰ ਪਿੱਛੇ ਗਿਆ ਹੈ। ਉਸ ਅਨੁਸਾਰ ਇਸ ਸ਼ਬਦ ਦੀ ਮੁਢੀ ਹਿਬਰੂ ‘ਸਿਖਰ’ ਹੈ। ਬਾਈਬਲ ਵਿਚ ਸਮਾਰੀਆ ਖੇਤਰ ਵਿਚਲੇ ਸਿਖਰ ਨਾਂ ਦੇ ਇਕ ਕਸਬੇ ਦਾ ਜ਼ਿਕਰ ਆਉਂਦਾ ਹੈ। ਇਸ ਸ਼ਬਦ ਨੇ ਵਿਗੜ ਕੇ ਇਸਖਰ ਦਾ ਰੂਪ ਧਾਰਿਆ। ਇਹ ਸ਼ਬਦ ਹੋਰ ਅੱਗੇ ਹਿਬਰੂ ਅਰਬੀ ਦੀ ਵਿਚਲੀ ਕੜੀ ਅਰਮਾਇਕ ਭਾਸ਼ਾ ਵਿਚ ਦਾਖਲ ਹੋਇਆ ਤਾਂ ਇਸ ਨੇ ਬਸਤੀ ਜਾਂ ਘਿਰੇ ਹੋਏ ਥਾਂ ਦਾ ਅਰਥ ਗ੍ਰਹਿਣ ਕੀਤਾ। ਫਿਰ ਅਰਬੀ ਵਿਚ ਆ ਕੇ ਇਹ ਸਮੂਹ, ਸੰਗਠਨ ਦਾ ਅਰਥਾਵਾਂ ਬਣਿਆ ਤੇ ਅਖੀਰ ਫੌਜ ਬਣ ਕੇ ਸਾਹ ਲਿਆ।