ਨਵਜੋਤ ਸਿੰਘ ਸਿੱਧੂ ਭੁੱਲ ਗਿਆ ਆਪਣਾ ਪਿਛੋਕੜ!

ਡਾ. ਗੁਲਾਮ ਮੁਸਤਫਾ ਡੋਗਰ ਯੂ. ਕੇ.
ਫੋਨ: 00447878132208
ਲਿਪੀਅੰਤਰ: ਜੇ. ਐਸ਼ ਭੱਟੀ
ਫੋਨ:+91-7986037268
ਕੁਝ ਅਰਸਾ ਪਹਿਲਾਂ ਨਵਜੋਤ ਸਿੰਘ ਸਿੱਧੂ ਜਦੋਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਮੌਕੇ ਸਹੁੰ ਚੁਕ ਰਸਮ ‘ਤੇ ਪਾਕਿਸਤਾਨ ਗਏ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਜਨਰਲ ਕਮਰ ਜਾਵੇਦ ਬਾਜਵਾ ਨਾਲ ਹੋਈ। ਦੋਹਾਂ ਨੇ ਜੱਫੀ ਪਾਈ, ਜੋ ਭਾਰਤ ਵਿਚ ਬੜੀ ਮਸ਼ਹੂਰ ਹੋਈ। ਲੋਕਾਂ ਬੜਾ ਵਿਰੋਧ ਵੀ ਕੀਤਾ। ਜੱਫੀ ਪਾਉਣ ਤੋਂ ਇਲਾਵਾ ਸ਼ ਸਿੱਧੂ ਨੇ ਕਿਹਾ, “ਮੇਰਾ ਤੁਹਾਡੇ ਨਾਲ ਜੱਟ ਹੋਣ ਦੇ ਨਾਤੇ ਵੀ ਇਕ ਰਿਸ਼ਤਾ ਬਣਦਾ ਹੈ।”

ਮੈਂ ਹੈਰਾਨ-ਪ੍ਰੇਸ਼ਾਨ ਹੋਇਆ ਕਿ ਨਵਜੋਤ ਪੜ੍ਹਿਆ-ਲਿਖਿਆ ਬੰਦਾ ਹੈ, ਤੇ ਸਾਰੀ ਦੁਨੀਆਂ ਘੁੰਮੀ ਹੈ ਉਸ ਨੇ, ਪਰ ਉਹ ਆਪਣਾ ਪਿਛੋਕੜ ਕਿਵੇਂ ਭੁਲ ਗਿਆ! ਕੀ ਨਵਜੋਤ ਸਿੱਧੂ ਨੂੰ ਇਹ ਨਹੀਂ ਪਤਾ ਕਿ ਉਹ ਜੱਟ ਹੈ ਜਾਂ ਰਾਜਪੂਤ? ਬਾਬਾ ਬੁੱਲ੍ਹੇ ਸ਼ਾਹ ਨੇ ਠੀਕ ਹੀ ਫੁਰਮਾਇਆ ਹੈ,
ਬੁੱਲ੍ਹੇ ਸ਼ਾਹ ਅਸਮਾਨੀਂ ਉਡਦੀਆਂ ਫੜਦਾਂ,
ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ।
ਮੈਨੂੰ ਲੱਗਦਾ ਹੈ ਕਿ ਸਿਆਸੀ ਰੁਝੇਵਿਆਂ ਵਿਚ ਫਸੇ ਸਿੱਧੂ ਨੇ ਆਪਣਾ ਧਿਆਨ ਇਸ ਪਾਸੇ ਨਹੀਂ ਕੀਤਾ ਕਿ ਉਨ੍ਹਾਂ ਦਾ ਪਿਛੋਕੜ ਅਸਲ ਵਿਚ ਕੀ ਹੈ? ਜੋ ਸਿਆਸੀ ਆਗੂ ਆਪਣੇ ਹਲਕੇ ਦੇ ਲੋਕਾਂ ਦਾ ਪਿਛੋਕੜ ਨਹੀਂ ਜਾਣਦਾ, ਉਸ ਦਾ ਕਾਮਯਾਬ ਹੋਣਾ ਬੜਾ ਮੁਸ਼ਕਿਲ ਹੁੰਦਾ ਹੈ; ਪਰ ਜੇ ਕੋਈ ਨੇਤਾ ਆਪਣੇ ਲੋਕਾਂ ਦੇ ਪਿਛੋਕੜ ਭੁੱਲਣ ਤੋਂ ਇਲਾਵਾ ਆਪਣਾ ਹੀ ਪਿਛੋਕੜ ਭੁੱਲ ਜਾਵੇ, ਫਿਰ ਤਾਂ ਸਰਿਆ ਹੀ ਸਮਝੋ। ਇਨ੍ਹਾਂ ਰਾਜ ਨੇਤਾਵਾਂ ਨੇ ਲੋਕਾਂ ਦਾ ਆਗੂ ਰਹਿਬਰ ਬਣਦਾ ਹੁੰਦਾ ਹੈ, ਤੇ ਜੇ ਉਨ੍ਹਾਂ ਕੋਲ ਜਾਣਕਾਰੀ ਪੂਰੀ ਨਾ ਹੋਵੇ-ਲੋਕਾਂ ਜਾਂ ਆਪਣੇ ਬਾਰੇ, ਤਾਂ ਇਹ ਲਾਜ਼ਮੀ ਗੱਲ ਹੈ ਕਿ ਉਹ ਲੋਕਾਂ ਨੂੰ ਕਿਸੇ ਗਲਤ ਪਾਸੇ ਲੈ ਜਾਣਗੇ।
ਮੈਂ ਕਾਫੀ ਅਰਸੇ ਤੋਂ ਸੋਚ ਰਿਹਾ ਸਾਂ ਕਿ ਸਿੱਧੂ ਸਾਹਿਬ ਦੀ ਖਿਦਮਤ ਵਿਚ ਬੇਨਤੀ ਕਰ ਕੇ ਉਨ੍ਹਾਂ ਦਾ ਪਿਛੋਕੜ ਦੱਸਿਆ ਜਾਵੇ ਕਿ ਉਹ ਜੱਟ ਨਹੀਂ, ਪਰ ਪੱਕੇ ਪੀਠੇ ਭੱਟੀ ਰਾਜਪੂਤ ਹਨ।
ਸਿੱਧੂ ਸਾਹਿਬ ਦਾ ਪਿਛੋਕੜ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ ਕਿ ਇਨ੍ਹਾਂ ਦਾ ਬਜੁਰਗ, ਵੱਡਾ ਵਡੇਰਾ, ਜਿਸ ਦਾ ਨਾਂ ਰਾਵਲ ਜੈਸਲ ਸੀ, ਜਿਸ ਦੇ ਦੋ ਪੁੱਤਰ ਸਨ-ਵੱਡਾ ਸਭਲ ਭਾਨ ਤੇ ਛੋਟਾ ਰਾਹੋ ਹੇਮ। ਰਾਹੋ ਹੇਮ ਨੂੰ ਹੇਮ ਵੀ ਕਿਹਾ ਜਾਂਦਾ ਸੀ, ਤੇ ਇਹ ਬੰਦਾ ਪਹਿਲੀ ਵਾਰ ਜੈਸਲਮੇਰ ਤੋਂ ਸੰਨ 1185 ਵਿਚ ਭੱਟੀਆਨਾ ਆਇਆ। ਉਦੋਂ ਇਸ ਇਲਾਕੇ ਵਿਚ ਹਕੂਮਤ ਰਾਏ ਕਥੂਰਾ ਪ੍ਰਿਥਵੀ ਰਾਜ ਦੀ ਸੀ, ਜੋ ਚੌਹਾਨ ਰਾਜਪੂਤ ਸੀ।
ਉਸ ਵਕਤ ਕਾਨੂੰਨ ਇਸ ਤਰ੍ਹਾਂ ਦਾ ਸੀ ਕਿ ਜਿਸ ਦੀ ਲਾਠੀ ਉਸ ਦੀ ਭੈਂਸ। ਜੋ ਤਾਕਤਵਾਰ ਹੁੰਦਾ, ਕਬਜਾ ਕਰ ਲੈਂਦਾ। ਦੂਜੇ ਇਲਾਕੇ ਦੇ ਲੋਕ ਵੀ ਇਹੀ ਕਰਦੇ ਸਨ। ਲੋਕ ਦੋ ਹਿੱਸਿਆਂ ਵਿਚ ਵੰਡੇ ਹੋਏ ਸਨ। ਇਕ ਹਿੱਸਾ ਉਹ ਜੋ ਲੋਕਾਂ ਨੂੰ ਲੁਟਦੇ ਸਨ ਤੇ ਦੂਜਾ ਉਹ ਜੋ ਲੁੱਟੇ ਜਾਣ ਲਈ ਤਿਆਰ ਹੁੰਦੇ ਸਨ। ਰਾਹੋ ਹੇਮ ਨੇ ਵੀ ਲੁੱਟਣ ਦਾ ਕੰਮ ਸ਼ੁਰੂ ਕੀਤਾ ਤੇ ਆਪਣੇ ਇਲਾਕੇ ਵਿਚ ਆਉਂਦੇ ਜਾਂਦੇ ਕਾਫਲੇ ਲੁਟ ਕੇ ਆਪਣਾ ਗੁਜ਼ਾਰਾ ਕੀਤਾ।
1192-93 ਵਿਚ ਸ਼ੁਹਾਬੂਦੀਨ ਗੋਰੀ ਨੇ ਹਮਲਾ ਕੀਤਾ ਤੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ। ਉਸ ਪਿਛੋਂ ਉਨ੍ਹੇ ਦਿੱਲੀ ‘ਤੇ ਕਬਜਾ ਕਰ ਲਿਆ। ਸੰਨ 1199 ਵਿਚ ਉਸ ਨੂੰ ਪਤਾ ਲੱਗਾ ਕਿ ਰਾਹੋ ਹੇਮ ਨੇ ਭੱਟੀਆਨੇ ਵਿਚ ਬੜੀ ਲੁਟਮਾਰ ਸ਼ੁਰੂ ਕੀਤੀ ਹੋਈ ਹੈ। ਉਸ ਨੇ ਰਾਹੋ ਹੇਮ ਨੂੰ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਕਿ ਉਸ ਨੂੰ ਲੁਟਮਾਰ ਕਰਨ ਕਰਕੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਰਾਹੋ ਹੇਮ ਨੇ ਕਿਹਾ ਕਿ ਉਸ ਨੇ ਲੁਟਮਾਰ ਛੱਡੀ ਹੋਈ ਹੈ, ਤੇ ਜੇ ਉਸ ਨੂੰ ਭੱਟੀਆਨੇ ਦਾ ਹੁਕਮਰਾਨ ਬਣਾ ਦਿੱਤਾ ਜਾਵੇ, ਤਾਂ ਉਹ ਗੋਰੀ ਨੂੰ ਲਗਾਨ ਇਕੱਠਾ ਕਰਕੇ ਦਏਗਾ, ਤੇ ਜੇ ਨਾ ਬਣਾਇਆ ਤਾਂ ਉਹ ਲੁਟਮਾਰ ਜਾਰੀ ਰਖੇਗਾ। ਇਸ ‘ਤੇ ਗੋਰੀ ਨੇ ਫੁਰਮਾਨ ਜਾਰੀ ਕਰਕੇ ਰਾਹੋ ਹੇਮ ਨੂੰ ਭੱਟੀਆਨੇ ਦਾ ਹੁਕਮਰਾਨ ਲਾ ਦਿੱਤਾ।
ਰਾਉ ਜੋਧਾ, ਰਾਹੋ ਹੇਮ ਦਾ ਪੁੱਤਰ ਸੀ ਤੇ ਇਸ ਦੀ ਸ਼ਾਦੀ ਰਾਜਾ ਫਤਿਹਪਾਲ ਦੀ ਪੁੱਤਰੀ ਨਾਲ ਹੋਈ। ਇਸ ਦੀਆਂ 14 ਬੀਵੀਆਂ ਸਨ, ਜਿਨ੍ਹਾਂ ਤੋਂ ਉਸ ਦੇ 14 ਪੁੱਤਰ ਸਨ। ਹੋ ਸਕਦਾ ਹੈ ਕਿ ਕਿਸੇ ਇਕ ਬੀਬੀ ਵਿਚੋਂ 2 ਹੋਣ, ਤੇ ਕਿਸੇ ਵਿਚੋਂ ਕੋਈ ਇਕ ਵੀ ਨਾ ਹੋਵੇ। ਬਾਟੇ ਰਾਓ ਇਨ੍ਹਾਂ 14 ਵਿਚੋਂ ਇਕ ਸੀ, ਤੇ ਇਹ ਆਪਣੇ ਭਰਾਵਾਂ ਵਿਚ ਬਹੁਤ ਮਸ਼ਹੂਰ ਸੀ। ਬਾਟੇ ਰਾਓ ਵਿਚੋਂ ਇਸ ਖਾਨਦਾਨ ਦੀਆਂ ਮੌਜੂਦਾ ਤਿੰਨ ਸ਼ਾਖਾਵਾਂ ਚੱਲੀਆਂ-ਸਿੱਧੂ, ਬਰਾੜ ਤੇ ਮਹਿਰਾਜ। ਬਾਟੇ ਰਾਓ ਦੇ ਪੁੱਤਰ ਦਾ ਨਾਂ ਅਨੰਦ ਰਾਓ ਸੀ। ਇਸ ਅਨੰਦ ਰਾਓ ਤੱਕ ਇਨ੍ਹਾਂ ਦਾ ਪਿਛੋਕੜ ਜੈਸਲਮੇਰ ਦੇ ਰਾਜਪੂਤਾਂ ਨਾਲ ਰਿਹਾ, ਪਰ ਇਕ ਐਸਾ ਕੰਮ ਹੋਇਆ ਕਿ ਜਿਸ ਪਿਛੋਂ ਇਨ੍ਹਾਂ ਦਾ ਸਬੰਧ ਜੈਸਲਮੇਰ ਦੇ ਰਾਜਪੂਤਾਂ ਨਾਲੋਂ ਟੁੱਟ ਗਿਆ।
ਨਵਜੋਤ ਸਿੱਧੂ ਨੂੰ ਅਸੀਂ ਇਥੇ ਦੱਸਣਾ ਚਾਹੁੰਦੇ ਹਾਂ ਕਿ ਜੈਸਲਮੇਰ ਦੇ ਭੱਟੀ ਰਾਜਪੂਤਾਂ ਦਾ ਇਨ੍ਹਾਂ ਦੇ ਖਾਨਦਾਨ ਨਾਲ ਰਿਸ਼ਤਾ ਕਿਵੇਂ ਟੁੱਟਾ, ਤੇ ਇਹ ਏ-ਕਲਾਸ ਰਾਜਪੂਤਾਂ ਤੋਂ ਜੱਟ ਕਿਵੇਂ ਬਣੇ? ਹੋ ਸਕਦਾ ਹੈ ਇਹ ਜਾਣਕਾਰੀ ਨਵਜੋਤ ਸਿੱਧੂ ਤੋਂ ਇਲਾਵਾ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗਿਆਨ ਵਿਚ ਵੀ ਵਾਧਾ ਕਰੇ। ਜਿਹੜੇ ਉਚ ਸ਼੍ਰੇਣੀ ਦੇ ਰਾਜਪੂਤ ਸਨ, ਉਹ ਜੱਟਾਂ ਵਿਚ ਕਿਵੇਂ ਤਬਦੀਲ ਹੋਏ? ਬਾਟੇ ਰਾਓ ਨੂੰ ਰੱਬ ਨੇ ਇਕ ਪੋਤਰਾ ਅਨੰਦ ਰਾਓ ਵਿਚੋਂ ਦਿੱਤਾ ਯਾਨਿ ਅਨੰਦ ਰਾਓ ਦਾ ਬੇਟਾ, ਇਸ ਦਾ ਨਾਂ ਮਾਂ-ਬਾਪ ਨੇ ਖੇਵਟ ਰਾਓ ਰੱਖਿਆ। ਉਨ੍ਹਾਂ ਵੇਲਿਆਂ ਵਿਚ ਰਾਜਪੂਤ ਜੱਟਾਂ ਨੂੰ ਆਪਣੇ ਬਰਾਬਰ ਨਹੀਂ ਸਨ ਮੰਨਦੇ ਅਤੇ ਉਹ ਹੁਕਮਰਾਨ ਵੀ ਸਨ ਤੇ ਇਸ ਵਾਸਤੇ ਉਹ ਆਪਣੇ ਆਪ ਨੂੰ ਏ-ਗਰੇਡ ਯਾਨਿ ਉਚ ਸ਼੍ਰੇਣੀ ਦੇ ਲੋਕ ਸਮਝਦੇ ਸਨ, ਤੇ ਜੱਟਾਂ ਨੂੰ ਬੀ-ਗਰੇਡ ਦੇ ਲੋਕ ਸਮਝਦੇ ਸਨ। ਉਸ ਵਕਤ ਇਹ ਵੀ ਰਿਵਾਜ਼ ਸੀ ਕਿ ਰਾਜਪੂਤ ਤਿੰਨ ਕੰਮ ਨਹੀਂ ਸੀ ਕਰਦੇ, ਤੇ ਜੋ ਰਾਜਪੂਤ ਇਨ੍ਹਾਂ ਤਿੰਨਾਂ ਵਿਚੋਂ ਕੋਈ ਇਕ ਕੰਮ ਕਰਦਾ ਸੀ, ਉਸ ਨੂੰ ਉਹ ਰਾਜਪੂਤਾਂ ਵਿਚੋਂ ਕੱਢ ਦਿੰਦੇ ਸਨ। ਉਨ੍ਹਾਂ ਨੂੰ ਉਹ ਬੀ-ਗਰੇਡ ਦੇ ਰਾਜਪੂਤ ਸਮਝਦੇ ਸਨ। ਵਿਧਵਾ ਧੀ ਦੀ ਸ਼ਾਦੀ, ਹਲ ਦੀ ਜੰਗੀ ਨੂੰ ਹੱਥ ਲਾਉਣਾ ਤੇ ਗੈਰ ਬਰਾਦਰੀ ਵਿਚ ਸ਼ਾਦੀ ਕਰਨੀ। ਅਨੰਦ ਰਾਓ ਦੇ ਬੇਟੇ ਖੇਵਟ ਰਾਓ ਨੇ ਵੀ ਇਹੋ ਕੰਮ ਕੀਤਾ।
ਪਟਿਆਲੇ ਦੇ ਆਸੇ-ਪਾਸੇ ਗਿੱਲ ਜੱਟਾਂ ਦੀ ਕਾਫੀ ਅਬਾਦੀ ਸੀ, ਤੇ ਖੇਵਟ ਰਾਓ ਨੂੰ ਗਿੱਲ ਗੋਤ ਦੇ ਜੱਟਾਂ ਦੀ ਇਕ ਕੁੜੀ ਪਸੰਦ ਆ ਗਈ, ਤੇ ਉਸ ਨੇ ਉਸ ਕੁੜੀ ਨਾਲ ਸ਼ਾਦੀ ਕਰ ਲਈ। ਇਸ ਪਿਛੋਂ ਜੈਸਲਮੇਰ ਦੇ ਰਾਜਪੂਤ, ਜੋ ਭੱਟੀ ਰਾਜਪੂਤ ਸਨ, ਉਨ੍ਹਾਂ ਨੇ ਅਨੰਦ ਰਾਓ ਤੇ ਉਸ ਦੇ ਪੁੱਤਰ ਖੇਵਟ ਰਾਓ ਦਾ ਸਮਾਜਕ ਬਾਈਕਾਟ ਕਰ ਦਿੱਤਾ। ਉਸ ਪਿਛੋਂ ਉਨ੍ਹਾਂ ਨਾਲ ਰਿਸ਼ਤੇਦਾਰੀ ਕਦੀ ਨਹੀਂ ਕੀਤੀ। ਉਨ੍ਹਾਂ ਦਾ ਰਿਸ਼ਤਾ ਜੈਸਲਮੇਰ ਨਾਲ ਵੀ ਟੁੱਟ ਗਿਆ ਤੇ ਬਾਕੀ ਭੱਟੀ ਰਾਜਪੂਤਾਂ ਨਾਲ ਵੀ। ਇਹ ਪਰਿਵਾਰ ਏ-ਗਰੇਡ ਰਾਜਪੂਤਾਂ ਤੋਂ ਬੀ-ਗਰੇਡ ਰਾਜਪੂਤ ਹੋ ਗਏ। ਜਿਹੜੇ ਰਾਜਪੂਤ ਸਨ, ਉਹ ਬੜੇ ਗੁੱਸੇ ਤੇ ਤਨਜ ਨਾਲ ਖੇਵਟ ਰਾਓ ਨੂੰ ਖੋਟ ਰਾਓ ਕਹਿੰਦੇ, ਜਿਸ ਦਾ ਮਤਲਬ ਸੀ ਕਿ ਅਨੰਦ ਰਾਓ ਦੇ ਬੇਟੇ ਖੇਵਟ ਰਾਓ ਨੇ ਜੱਟਾਂ ਵਿਚ ਸ਼ਾਦੀ ਕਰਕੇ ਰਾਜਪੂਤਾਂ ਦੇ ਖੂਨ ਵਿਚ ਖੋਟ ਸ਼ਾਮਿਲ ਕਰ ਦਿੱਤਾ ਹੈ।
ਖੇਵਟ ਰਾਓ ਨੂੰ ਰੱਬ ਨੇ ਇੱਕ ਪੁੱਤਰ ਦਿੱਤਾ, ਜਿਸ ਦਾ ਨਾਂ ਉਨ੍ਹਾਂ ਸਿੱਧੂ ਰੱਖਿਆ। ਉਸ ਵਕਤ ਤੇ ਹੁਣ ਵੀ ਲੋਕ ਸਾਧੂ ਨਾਂ ਵੀ ਰੱਖਦੇ ਹਨ। ਖਿਆਲ ਇਹੋ ਹੈ ਕਿ ਉਸ ਦਾ ਨਾਂ ਸਾਧੂ ਹੋਵੇ, ਜੋ ਬਾਅਦ ‘ਚ ਵਿਗੜ ਕੇ ਸਿੱਧੂ ਹੋ ਗਿਆ ਹੋਵੇ; ਪਰ ਸਾਧੂ ਦਾ ਮਤਲਬ ਰੱਬ ਦਾ ਬੰਦਾ, ਅੱਲ੍ਹਾ ਦਾ ਬੰਦਾ ਹੁੰਦਾ ਹੈ।
ਸਿੱਧੂ ਨੂੰ ਰੱਬ ਨੇ ਬੜੀ ਔਲਾਦ ਦਿਤੀ ਤੇ ਉਸ ਦੇ ਵੱਡੇ ਪੁੱਤਰ ਦਾ ਨਾਂ ਸੀ ਬੂਰਾ। ਬੂਰੇ ਨੂੰ ਰੱਬ ਨੇ ਇਕ ਪੁੱਤਰ ਦਿਤਾ, ਜਿਸ ਦਾ ਨਾਂ ਬਰਾੜ ਰੱਖਿਆ ਗਿਆ, ਜਿਸ ਤੋਂ ਭੱਟੀ ਰਾਜਪੂਤਾਂ ਦਾ ਇਕ ਹੋਰ ਖਾਨਦਾਨ ‘ਬਰਾੜ’ ਤੁਰ ਪਿਆ। ਕਿਉਂਕਿ ਇਕ ਤੋਂ ਵੱਧ ਵਿਆਹ ਕਰਨ ਕਰਕੇ ਔਲਾਦ ਵੱਧ ਸੀ। ਬਰਾੜ ਦੀ 26ਵੀ ਪੁਸ਼ਤ ਵਿਚੋਂ ਇਕ ਬੱਚਾ ਪੈਦਾ ਹੋਇਆ, ਜਿਸ ਦਾ ਨਾਂ ਮਹਿਰਾਜ ਰੱਖਿਆ ਗਿਆ।
ਮਹਿਰਾਜ ਦੇ ਦੋ ਪੁੱਤਰ ਸਨ-ਕਪੂਰ ਤੇ ਜੋਧਾ। ਕਪੂਰ ਨੇ ਦੋ ਪਿੰਡ, ਇਕ ਕੋਟਕਪੂਰਾ ਤੇ ਦੂਜਾ ਡੱਲਾ ਤਲਵੰਡੀ ਆਬਾਦ ਕੀਤੇ ਅਤੇ ਜੋਧੇ ਨੇ ਕੋਟ ਸਮਰਵਾਲਾ ਆਬਾਦ ਕੀਤਾ। ਮਹਿਰਾਜ ਦੇ ਜਮਾਨੇ ਤੱਕ ਇਹ ਖਾਨਦਾਨ ਬਠਿੰਡਾ, ਫਿਰੋਜਪੁਰ ਤੇ ਫਰੀਦਕੋਟ ਦੇ ਆਸੇ-ਪਾਸੇ ਵਸਦਾ ਸੀ। ਇਨ੍ਹਾਂ ਦੀ ਮਾਲੀ ਹਾਲਤ ਬੜੀ ਕਮਜ਼ੋਰ ਹੋ ਚੁਕੀ ਸੀ, ਤੇ ਇਨ੍ਹਾਂ ਨੇ ਫਿਰ ਆਪਣੇ ਪਿਉ-ਦਾਦੇ ਵਾਲਾ ਕੰਮ ਲੁਟ-ਖਸੁਟ ਸ਼ੁਰੂ ਕਰ ਦਿੱਤਾ। ਇਹ ਖਾਨਾਬਦੋਸ਼ ਵਾਲੀ ਜ਼ਿੰਦਗੀ ਬਤੀਤ ਕਰਦੇ ਸਨ। ਮਹਿਰਾਜ ਨੇ ਆਪਣੇ ਸਮੇਂ ਵੇਲੇ ਖਾਨਾਬਦੋਸ਼ ਦੀ ਜ਼ਿੰਦਗੀ ਛੱਡ ਕੇ ਮੁੜ ਪਿੰਡ ਆਬਾਦ ਕਰਕੇ ਰਹਿਣਾ ਸ਼ੁਰੂ ਕਰ ਦਿਤਾ। ਮਹਿਰਾਜ ਨੇ ਪਿੰਡ ਬੇਦੋਵਾਲੀ ਆਬਾਦ ਕੀਤਾ, ਇਸ ਦੇ ਪੋਤਰੇ ਸੱਤੋ ਤੇ ਪੱਖੋ ਪਿੰਡ ਬੇਦੋਵਾਲੀ ਵਿਚ ਰਹੇ। ਪੱਖੋ ਦੇ ਪੁੱਤਰ ਮੋਹਣ ਨੇ ਉਸ ਇਲਾਕੇ ਦੇ ਭੁੱਲਰ ਜੱਟਾਂ ਨੂੰ ਕੁਟਮਾਰ ਕੇ, ਉਥੋਂ ਉਨ੍ਹਾਂ ਨੂੰ ਦੌੜਾ ਦਿੱਤਾ ਤੇ ਉਨ੍ਹਾਂ ਦੀ ਜਮੀਨਾਂ ‘ਤੇ ਕਬਜ਼ਾ ਕਰ ਲਿਆ। ਉਸ ਨੇ ਆਪਣੇ ਦਾਦੇ ਦੇ ਨਾਂ ‘ਤੇ ਪਿੰਡ ਮਹਿਰਾਜ ਵਸਾਇਆ।
ਇਹ ਮੁਗਲ ਬਾਦਸ਼ਾਹ ਸ਼ਾਹਜਹਾਨ ਵੇਲੇ ਦੀ ਗੱਲ ਹੈ ਕਿ ਉਸ ਇਲਾਕੇ ਦੇ ਮੁਸਲਮਾਨ ਭੱਟੀ ਰਾਜਪੂਤਾਂ ਦਾ ਕੋਟਕਪੂਰੇ ਦੇ ਸਿੱਧੂਆਂ ਨਾਲ ਝਗੜਾ ਸ਼ੁਰੂ ਹੋ ਗਿਆ। ਸਿੱਧੂਆਂ ਨਾਲ ਮੋਹਨ ਚੰਦ ਨੇ ਆਪਣੀ ਬਰਾਦਰੀ ਸਮਝ ਕੇ ਮੁਸਲਮਾਨ ਭੱਟੀਆਂ ‘ਤੇ ਹਮਲਾ ਕਰ ਦਿਤਾ, ਪਰ ਬਦਕਿਸਮਤੀ ਨਾਲ ਮੋਹਨ ਚੰਦ ਆਪਣੇ ਪੁੱਤਰ ਰੂਪ ਚੰਦ ਤੇ ਕੁਲ ਚੰਦ ਨਾਲ ਮਾਰਿਆ ਗਿਆ।
ਫੂਲ ਚੰਦ 1619 ਵਿਚ ਪੈਦਾ ਹੋਇਆ ਸੀ। ਉਸ ਬਾਰੇ ਇਹ ਪੱਕਾ ਨਹੀਂ ਕਿ ਉਹ ਬੇਦੋਵਾਲੀ ਪੈਦਾ ਹੋਇਆ ਜਾਂ ਮਹਿਰਾਜ ਵਿਚ। ਇਸ ਫੂਲ ਚੰਦ ਦੇ ਨਾਂ ‘ਤੇ ਹੀ ਇਨ੍ਹਾਂ ਤਿੰਨ ਰਿਆਸਤਾਂ ਨੂੰ ਫੂਲਕੀਆਂ ਰਿਆਸਤ ਕਿਹਾ ਜਾਂਦਾ ਹੈ। ਉਨ੍ਹੀਂ ਦਿਨੀਂ ਸ਼ਾਹਜਹਾਨ ਨੇ ਇਨ੍ਹਾਂ ਨੂੰ ਲਗਾਨ ਇਕੱਠਾ ਕਰਨ ਦਾ ਫੁਰਮਾਨ ਦਿੱਤਾ ਹੋਇਆ ਸੀ। ਸਈਅਦ ਅਬਦਲ ਲਤੀਫ ਆਪਣੀ ਕਿਤਾਬ ‘ਤਾਰੀਖੇ ਪੰਜਾਬ’ ਵਿਚ ਲਿਖਦੇ ਹਨ ਕਿ ਫੂਲ ਚੰਦ, ਰਾਓ ਜੈਸਲ ਦੀ ਤੀਜੀ ਪੁਸ਼ਤ ਵਿਚੋਂ ਸੀ। ਉਹ ਰੂਪ ਚੰਦ ਦੀ ਦੂਜੀ ਪਤਨੀ ਅੰਬੀ ਦਾ ਪੁੱਤਰ ਸੀ। ਫੂਲ ਚੰਦ ਆਪਣੇ ਪਿਉ ਦਾ ਬਦਲਾ ਮੁਸਲਮਾਨ ਭੱਟੀ ਰਾਜਪੂਤਾਂ ਤੋਂ ਲੈਣਾ ਚਾਹੁੰਦਾ ਸੀ। ਉਹ ਸਮਾਂ ਜਲਦੀ ਆ ਗਿਆ, ਜਦੋਂ ਕੋਟਕਪੂਰੇ ਦੇ ਸਿੱਧੂਆਂ ਨੇ ਮੁਸਲਮਾਨ ਭੱਟੀਆਂ ‘ਤੇ ਇਕ ਵਾਰ ਫਿਰ ਹਮਲਾ ਕਰ ਦਿੱਤਾ। ਰੂਪ ਚੰਦ ਆਪਣੇ ਚਾਚੇ ਚੰਦੂ ਉਰਫ ਕਾਲੇ ਨਾਲ ਉਸ ਜੰਗ ਵਿਚ ਲੜਿਆ ਤੇ ਆਪਣੇ ਮੁਖਾਲਫ ਹਜਾਤਖਾਨ ਭੱਟੀ ਦੇ ਕਈ ਰਿਸ਼ਤੇਦਾਰ ਕਤਲ ਕੀਤੇ। ਇਸੇ ਦੌਰਾਨ ਕਸੂਰ ਦੇ ਨਵਾਬ ਈਸਾ ਖਾਨ ਨੇ ਨਵੇਂ ਵਸਾਏ ਪਿੰਡ ਫੂਲ ਨੂੰ ਲੁਟ ਲਿਆ, ਪਰ ਫੂਲ ਚੰਦ ਨੇ ਵਾਪਿਸ ਹਮਲਾ ਕਰਕੇ ਈਸਾ ਖਾਨ ਤੇ ਦੱਲਾ ਖਾਨ ਨੂੰ ਸ਼ਿਕਸਤ ਦਿੱਤੀ। ਉਸ ਵਕਤ ਦੱਲਾ ਬਰਾੜ ਨਾਂ ਦਾ ਆਦਮੀ ਤਲਵੰਡੀ ਦਾ ਰਹਿਣ ਵਾਲਾ ਸੀ, ਤੇ ਉਹ ਮੁਸਲਮਾਨ ਭੱਟੀਆਂ ਦੇ ਇਲਾਕਿਆਂ ਵਿਚ ਲੁਟਮਾਰ ਕਰਦਾ ਰਹਿੰਦਾ ਸੀ। ਭੱਟੀਆਂ ਨੇ ਇਕ ਵਾਰੀ ਦੱਲਾ ਬਰਾੜ ‘ਤੇ ਹਮਲਾ ਕਰਨ ਦੀ ਤਿਆਰੀ ਕੀਤੀ, ਪਰ ਦੱਲਾ ਬਰਾੜ ਨੇ ਫੂਲ ਚੰਦ ਨਾਲ ਮਿਲ ਕੇ ਭੱਟੀਆਂ ‘ਤੇ ਹਮਲਾ ਕਰ ਦਿੱਤਾ ਤੇ ਹਜਾਤ ਖਾਨ ਭੱਟੀ ਦੇ ਭਤੀਜੇ ਮੁਹੱਬਤ ਖਾਨ ਭੱਟੀ ਤੇ ਮਹਿਬੂਬ ਖਾਨ ਭੱਟੀ ਨੂੰ ਕਤਲ ਕਰ ਦਿੱਤਾ। ਫੂਲ ਚੰਦ ਦੀਆਂ ਦੋ ਬੀਵੀਆਂ ਸਨ ਤੇ ਉਸ ਦੇ ਛੇ ਪੁੱਤਰ ਸਨ, ਜਿਨ੍ਹਾਂ ਦੇ ਨਾਂ ਸਨ-ਤਿਲੋਕਾ, ਰਾਮਾ, ਚੰਦੂ, ਕਥੂ, ਜਧਤੂ ਤੇ ਤਖਤਮਲ। ਇਨ੍ਹਾਂ ਵਿਚੋਂ ਰਾਮਾ ਚੰਦ ਤੇ ਤਿਲੋਕਾ ਚੰਦ ਬੜੇ ਵਧੇ ਹੋਏ ਆਗੂ ਬੰਦੇ ਸਨ।
ਭੱਟੀ ਰਾਜਪੂਤਾਂ ਤੋਂ ਸਿੱਧੂ ਜੱਟ ਬਣਨ ਵਾਲੇ ਇਸ ਟੱਬਰ ਦੀ ਲੜਾਈ ਆਪਣੇ ਖੂਨੀ ਰਿਸ਼ਤੇ ਮੁਸਲਮਾਨ ਭੱਟੀ ਰਾਜਪੂਤਾਂ ਨਾਲ ਹਮੇਸ਼ਾ ਰਹੀ। ਇਹ ਉਨ੍ਹਾਂ ਦੇ ਇਲਾਕੇ ਖੋਹੰਦੇ ਰਹੇ, ਕਤਲੋਗਾਰਤ ਕਰਦੇ ਰਹੇ ਤੇ ਅੱਗੇ ਜਾ ਕੇ ਉਹ ਭੱਟੀ ਖਾਨਦਾਨ ਬਿਲਕੁਲ ਖਤਮ ਹੋ ਗਿਆ। ਕਿਉਂਕਿ ਮੁਸਲਮਾਨ ਭੱਟੀਆਂ ਦੇ ਬੜੇ ਬੰਦੇ ਮਾਰੇ ਗਏ। ਜਦੋਂ ਪਟਿਆਲਾ ਰਿਆਸਤ ਬਣੀ ਤਾਂ ਉਨ੍ਹਾਂ ਦੇ ਇਲਾਕੇ ਇਸ ਰਿਆਸਤ ਵਿਚ ਆ ਗਏ। ਇਕ ਦਫਾ ਇਨ੍ਹਾਂ ਨੇ ਇਕ ਹਸਨ ਖਾਨ ਭੱਟੀ ‘ਤੇ ਹਮਲਾ ਕਰ ਦਿੱਤਾ ਤੇ ਉਥੇ ਵੀ ਉਨ੍ਹਾਂ ਦੀ ਬੜੀ ਕਤਲੋਗਾਰਤ ਕੀਤੀ। ਰਾਜਾ ਚੰਦ ਨੇ ਇਕ ਵਾਰ ਕੋਈ ਸਮਾਨ ਲੁਟ ਕੇ ਆਉਂਦੇ ਡਾਕੂਆਂ ‘ਤੇ ਹਮਲਾ ਕਰਕੇ ਮਾਲ ਅਸਬਾਵ ਸਭ ਖੋਹ ਲਿਆ। ਇਸ ਕੋਲ ਇੰਨਾ ਮਾਲ ਆ ਗਿਆ ਕਿ ਇਹ ਆਪਣੇ ਭਰਾ ਤਿਲੋਕੇ ਤੋਂ ਬੜਾ ਅਮੀਰ ਹੋ ਗਿਆ।
ਰਾਮਾ ਚੰਦ ਦੇ ਪੰਜ ਪੁੱਤਰ ਸਨ-ਆਲਾ, ਦੁਤੋ, ਬਖਤਾਮਲ, ਸੋਭਾ ਤੇ ਲੱਦਾ। ਆਲਾ ਉਹੋ ਸੀ, ਜੋ ਪਿਛੋਂ ਫੂਲਕੀਆਂ ਮਿਸਲ ਦਾ ਸਰਬਰਾਹ ਬਣਿਆ ਤੇ ਪਟਿਆਲਾ ਰਿਆਸਤ ਦੀ ਬੁਨਿਆਦ ਰੱਖੀ।
ਬਾਬਾ ਆਲਾ ਸਿੰਘ ਨੇ ਪਟਿਆਲਾ ਰਿਆਸਤ ਇਕੱਲਿਆਂ ਨਹੀਂ ਸੀ ਬਣਾਈ। ਰਿਆਸਤ ਬਣਾਉਣ ਵਿਚ ਇਸ ਨਾਲ ਇਕ ਮੁਸਲਮਾਨ ਸਰਦਾਰ ਲੱਖਣਾ ਡੋਗਰ ਵੀ ਸ਼ਾਮਿਲ ਸੀ। ਲੱਖਣਾ ਡੋਗਰ ਪਿੰਡ ਡਸਕਾ, ਪਟਿਆਲਾ ਰਿਆਸਤ ਦਾ ਰਹਿਣ ਵਾਲਾ ਸੀ। ਇਸ ਬਜੁਰਗ ਲੱਖਣਾ ਡੋਗਰ ਦਾ ਸਬੰਧ ਮੇਰੇ ਖਾਨਦਾਨ ਨਾਲ ਸੀ। ਪਟਿਆਲਾ ਰਿਆਸਤ ਦੀ ਬੁਨਿਆਦ ਉਦੋਂ ਬੱਝੀ, ਜਦੋਂ 1722 ਦੇ ਲਗਭਗ ਇਨ੍ਹਾਂ ਦੋਹਾਂ ਨੇ 85 ਪਿੰਡਾਂ ‘ਤੇ ਕਬਜਾ ਕਰ ਲਿਆ। ਉਸ ਵਕਤ ਪੰਜਾਬ ਵਿਚ ਸਿੱਖਾ ਦਾ ਜ਼ੋਰ ਸੀ। ਨਵੀਂ ਕਾਇਮ ਕੀਤੀ ਇਸ ਰਿਆਸਤ ਨੂੰ ਚਲਾਉਣ ਵਾਸਤੇ ਕੋਈ ਤਰੀਕਾਕਾਰ ਚਾਹੀਦਾ ਸੀ। ਲੱਖਣਾ ਡੋਗਰ ਨੇ ਹਕੂਮਤ ਚਲਾਉਣ ਵਾਸਤੇ ਇਕ ਫਾਰਮੂਲਾ ਦਿੱਤਾ, ਜੋ ਪਟਿਆਲੇ ਦੇ ਲੋਕਾਂ ਨੂੰ ਅਜੇ ਤੱਕ ਯਾਦ ਏ, ‘ਬੈਠਾ ਰਾਜ ਤੇਰਾ ਤੇ ਖਲੋਤਾ ਰਾਜ ਮੇਰਾ।’ ਮਤਲਬ ਸੀ, ਆਲਾ ਸਿੰਘ ਬੈਠ ਕੇ ਗੱਦੀ ‘ਤੇ ਰਾਜ ਕਰੇ ਅਤੇ ਫੌਜ ਦੀ ਕਮਾਂਡ ਲੱਖਣਾ ਡੋਗਰ ਕੋਲ ਰਹੇ, ਤੇ ਇਸ ਤਰ੍ਹਾਂ ਹੀ ਹੋਇਆ। 1722 ਤੋਂ 1850 ਤਕ ਇਸ ਰਿਆਸਤ ਦੀ ਫੌਜ ਦੇ ਸੈਨਾਪਤੀ ਲੱਖਣਾ ਡੋਗਰ ਦੀ ਔਲਾਦ ਵਿਚੋਂ ਹੀ ਆਉਂਦੇ ਰਹੇ।
1947 ਤਕ ਇਹ ਖਾਨਦਾਨ ਮਿਲ ਕੇ ਹਕੂਮਤ ਕਰਦੇ ਰਹੇ, ਪਰ ਡੋਗਰਾਂ ਦਾ ਅਮਲ ਦਸਤ 1850 ਪਿਛੋਂ ਘੱਟ ਹੋ ਗਿਆ ਤੇ ਉਹ ਪਟਿਆਲੇ ਦੀ ਫੌਜ ਦੇ ਕਮਾਂਡਰ ਨਾ ਰਹੇ। ਦੂਜੇ ਆਲਾ ਸਿੰਘ ਦੀ ਨਸਲ ਦੇ ਅੱਗੋਂ ਰਾਜੇ ਆਏ। ਆਲਾ ਸਿੰਘ ਪਿਛੋਂ ਅਮਰ ਸਿੰਘ, ਸਾਹਿਬ ਸਿੰਘ, ਕਰਮ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਆਇਆ ਅਤੇ ਉਸ ਪਿਛੋਂ ਯਾਦਵਿੰਦਰ ਸਿੰਘ ਆਇਆ ਤੇ ਅੱਜ ਵੀ ਪੰਜਾਬ ਦੀ ਗੱਦੀ ਉਸੇ ਖਾਨਦਾਨ ਕੋਲ ਹੀ ਹੈ। ਹੁਣ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ।
ਦੂਜੇ ਪਾਸੇ ਲੱਖਣਾ ਡੋਗਰ ਪਟਿਆਲਾ ਰਿਆਸਤ ਦਾ ਪਹਿਲਾ ਕਮਾਂਡਰ-ਇਨ-ਚੀਫ ਸੀ। ਉਨ੍ਹਾਂ ਦੇ ਮਰਨ ਪਿਛੋਂ ਉਸ ਦੀ ਔਲਾਦ ਵਿਚੋਂ ਹੀ ਅਗਲੇ ਨੂੰ ਕਮਾਂਡਰ ਬਣਾਇਆ ਜਾਂਦਾ ਸੀ। ਲੱਖਣਾ ਡੋਗਰ ਜੰਗੇ ਸਿਆਹਲਬਾਹ ਦੀ ਜੰਗ ਵਿਚ ਮਾਰਿਆ ਗਿਆ, ਜੋ ਰਿਆਸਤ ਮਨੀ ਮਾਜਰਾ ਦੇ ਰਾਜਾ ਗਰੀਬ ਦਾਸ ਦੇ ਖਿਲਾਫ ਲੜੀ ਗਈ ਸੀ। ਲੱਖਣਾ ਡੋਗਰ ਜਦੋਂ ਇਕ ਜੰਗ ਵਿਚ ਮਾਰਿਆ ਗਿਆ ਤਾਂ ਉਸੇ ਪਿਛੋਂ ਹੀ ਸਦਰਦੀਨ ਡੋਗਰ ਨੂੰ ਕਮਾਂਡਰ ਬਣਾਇਆ ਗਿਆ, ਜੋ ਕਿੱਲਾ ਭਰੀਆਂ ਦੀ ਜੰਗ ਵਿਚ ਸਾਹਿਬ ਸਿੰਘ ਤੇ ਸਾਹਿਬ ਕੌਰ ਦੋਹਾਂ ਭੈਣ-ਭਰਾਵਾਂ ਦੇ ਦਰਮਿਆਨ ਹੁੰਦੀ ਜੰਗ ਵਿਚ ਸੁਲਾਹ ਕਰਾਉਂਦਿਆਂ ਮਾਰਿਆ ਗਿਆ। ਉਸ ਦੀ ਮੌਤ ਪਿਛੋਂ ਕਾਇਮ ਦੀਨ ਡੋਗਰ, ਜੋ ਇਕ ਜੰਗ ਵਿਚ ਮਾਰਿਆ ਗਿਆ ਅਤੇ ਉਸ ਪਿਛੋਂ ਸੈਦਾ ਡੋਗਰ ਕਮਾਂਡਰ ਬਣਿਆ। ਸੈਦਾ ਡੋਗਰ ਬਾਰੇ ਪਟਿਆਲਾ ਰਿਆਸਤ ਵਿਚ ਇਕ ਸ਼ੇਅਰ ਬੜਾ ਮਸ਼ਹੂਰ ਸੀ,
ਇਕ ਮੂਰਖ ਜੱਟ ਧਨੌਲੇ ਦਾ,
ਜਿਨ੍ਹੇ ਘੋੜਾ ਰੋਕਿਆ ਸੈਦੇ ਦਾ।
ਕੀ ਭਰੋਟਾ ਕੱਖਾਂ ਦਾ,
ਹੁਣ ਸ਼ਹਿਰ ਲੁਟਾ ਲਿਆ ਲੱਖਾਂ ਦਾ।
ਉਸ ਪਿਛੋਂ ਕਾਲਾ ਡੋਗਰ ਬਣਿਆ। 1845 ਵਿਚ ਮੁਦਕੀ ਦੀ ਲੜਾਈ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਹੋਈ। ਉਸ ਵਿਚ ਪਟਿਆਲਾ ਫੌਜ ਦਾ ਕਮਾਂਡਰ-ਇਨ-ਚੀਫ ਕਾਲਾ ਡੋਗਰ ਸੀ। ਪਟਿਆਲਾ ਰਿਆਸਤ ਦੀ ਫੌਜ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਕਾਲੇ ਪਿਛੋਂ ਫਿਰ ਕਰੀਮ ਬਖਸ਼ ਡੋਗਰ ਹੋਇਆ, ਇਸ ਤਰ੍ਹਾਂ ਪਟਿਆਲਾ ਰਿਆਸਤ ਦੇ ਸੱਤ ਕਮਾਂਡਰ-ਇਨ-ਚੀਫ ਲੱਖਣਾ ਡੋਗਰ ਦੀ ਔਲਾਦ ਵਿਚੋਂ ਰਹੇ।
1947 ਵਿਚ ਪੰਜਾਬ ਦੀ ਵੰਡ ਵੇਲੇ ਪਿੰਡ ਡਸਕੇ ਦੇ ਡੋਗਰਾਂ ਨੂੰ ਘੇਰ ਕੇ, ਇਨ੍ਹਾਂ ‘ਤੇ ਬਾਕਾਇਦਾ ਹਮਲੇ ਕੀਤੇ ਗਏ। ਡੋਗਰਾਂ ਦੀ ਪਟਿਆਲਾ ਰਿਆਸਤ ਵਿਚ ਸੱਤ ਸੌ ਮੁਰੱਬਾ ਜਮੀਨ ਸੀ। ਉਨ੍ਹਾਂ ਨੂੰ ਜਾਇਦਾਦ ਖੋਹ ਕੇ ਕੱਢਿਆ ਗਿਆ। ਉਸ ਵੇਲੇ ਦੀ ਪਟਿਆਲਾ ਰਿਆਸਤ ਦਾ ਰਾਜਾ ਯਾਦਵਿੰਦਰ ਸਿੰਘ ਖੁਦ ਡਸਕੇ ਆਇਆ ਤੇ ਉਨ੍ਹਾਂ ਡੋਗਰਾਂ ਨੂੰ ਮਿਲਿਆ। ਉਸ ਨੇ ਆਪਣੀ ਫੌਜ ਦਿੱਤੀ, ਤੇ ਫੌਜ ਦੀ ਨਿਗਰਾਨੀ ਵਿਚ ਰੇਲ ਗੱਡੀ ਵਿਚ ਬੈਠ ਕੇ ਪਾਕਿਸਤਾਨ ਆ ਗਏ। ਅੱਜ ਕੱਲ ਲੱਖਣਾ ਡੋਗਰ ਦਾ ਖਾਨਦਾਨ ਸ਼ੇਖੂਪੁਰਾ ਦੇ ਪਿੰਡ ਕੱਕੜ ਗਿੱਲ ਤੇ ਨਾਲ ਲਗਦੇ ਕੁਝ ਹੋਰ ਪਿੰਡਾਂ ਵਿਚ ਵਸਦੇ ਹਨ। ਕੁਝ ਖਾਨਦਾਨ ਮੁਜੱਫਰਗੜ੍ਹ ਵਿਚ ਵਸਦੇ ਹਨ। ਹੁਣ ਵੀ ਉਨ੍ਹਾਂ ਦਾ ਰਾਜਨੀਤੀ ਵਿਚ ਰੋਹਬ ਦਾਬ ਹੈ, ਉਨ੍ਹਾਂ ਵਿਚੋਂ ਮੱਖਤੂਮ ਡੋਗਰ ਪੰਜਾਬ ਅਸੈਂਬਲੀ ਦਾ ਮੈਂਬਰ ਰਿਹਾ ਤੇ ਇਸ ਵਕਤ ਇਰਫਾਨ ਡੋਗਰ ਨੈਸ਼ਨਲ ਅਸੈਂਬਲੀ ਦਾ ਐਮ. ਪੀ. ਹੈ।
ਨਵਜੋਤ ਸਿੱਧੂ ਦੀ ਖਿਦਮਤ ਵਿਚ ਇਹ ਗੱਲ ਵੀ ਰੱਖਣੀ ਚਾਹੁੰਦਾ ਹਾਂ ਕਿ ਭੱਟੀ ਰਾਜਪੂਤ ਆਬਾਦੀ ਦੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਟੱਬਰ ਹੈ ਤੇ ਭੱਟੀਆਂ ਦੀ 90% ਆਬਾਦੀ ਮੁਸਲਿਮ ਹੈ। ਭੱਟੀਆਂ ਦਾ ਸਭ ਤੋਂ ਵੱਡਾ ਗੜ੍ਹ ਜਿਲਾ ਲਾਹੌਰ ਤੇ ਇਸ ਦੇ ਨਾਲ ਲਗਦੇ ਇਲਾਕੇ ਹਨ। ਲਾਹੌਰ ਦਾ ਭਾਟੀ ਗੇਟ ਅਸਲ ਵਿਚ ਭੱਟੀ ਗੇਟ ਹੀ ਹੈ। ਪੰਜਾਬ ਦਾ ਸੂਰਮਾ ਪਿੰਡੀ ਭੱਟੀਆਂ ਦਾ ਦੁੱਲਾ ਭੱਟੀ ਵੀ ਨਵਜੋਤ ਸਿੱਧੂ ਦੇ ਵਡਕਿਆਂ ਵਿਚ ਸ਼ਾਮਿਲ ਹੈ। ਪਾਕਿਸਤਾਨ ਦੇ ਜਿਲਾ ਸਰਗੋਧਾ ਤੇ ਖੁਸ਼ਆਬ ਤੋਂ ਲੈ ਕੇ ਲਾਹੌਰ ਦੇ ਤੋਂ ਲੰਘਦਿਆਂ ਬਠਿੰਡੇ ਤੱਕ ਭੱਟੀਆਂ ਦਾ ਵਤਨ ਹੈ। ਭੱਟੀ ਸਿਰਫ ਇਸ ਇਲਾਕੇ ਵਿਚ ਹੀ ਨਹੀਂ, ਸਗੋਂ ਇਹ ਸੂਬਾ ਸਿੰਧ ਦੇ ਸ਼ਹਿਰ ਕਰਾਚੀ ਤੱਕ ਫੈਲੇ ਹੋਏ ਹਨ। ਭੱਟੀਆਂ ਤੇ ਸਿੱਖ ਮਤ ਦੀ ਬੜੀ ਪੁਰਾਣੀ ਸਾਂਝ ਹੈ, ਜੋ ਰਾਏ ਭੋਇੰ ਦੀ ਤਲਵੰਡੀ ਦੇ ਵਸਨੀਕ ਰਾਏ ਬੁਲਾਰ ਭੱਟੀ ਤੋਂ ਸ਼ੁਰੂ ਹੋਈ ਸੀ।